Home ਰਾਸ਼ਟਰੀ ਖ਼ਬਰਾਂ ਲੱਖਾ ਸਿਧਾਣਾ ਤੇ ਜੈਪਾਲ ਭੁੱਲਰ ਦੇ ਪਿਤਾ ਚੋਣ ਮੈਦਾਨ ‘ਚ, ਪੰਜਾਬ ‘ਚ...

ਲੱਖਾ ਸਿਧਾਣਾ ਤੇ ਜੈਪਾਲ ਭੁੱਲਰ ਦੇ ਪਿਤਾ ਚੋਣ ਮੈਦਾਨ ‘ਚ, ਪੰਜਾਬ ‘ਚ ਜੋ ‘ਗੈਂਗਸਟਰ’ ਸਿਆਸਤ ‘ਚ ਉੱਤਰੇ ਉਨ੍ਹਾਂ ਦਾ ਕੀ ਬਣਿਆ

1
0

Source :- BBC PUNJABI

ਲੱਖਾ ਸਿਧਾਣਾ, ਭੁਪਿੰਦਰ ਸਿੰਘ ਭੁੱਲਰ

ਤਸਵੀਰ ਸਰੋਤ, Getty/X

  • ਲੇਖਕ, ਗੁਰਜੋਤ ਸਿੰਘ
  • ਰੋਲ, ਬੀਬੀਸੀ ਪੱਤਰਕਾਰ
  • 25 ਅਪ੍ਰੈਲ 2024, 16:40 IST

    ਅਪਡੇਟ ਇੱਕ ਘੰਟਾ ਪਹਿਲਾਂ

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਵੱਡੇ ਸਿਆਸੀ ਚਿਹਰਿਆਂ ਵੱਲੋਂ ਰਾਤੋ-ਰਾਤ ਦਲ-ਬਦਲੀ ਲਗਾਤਾਰ ਚਰਚਾ ਵਿੱਚ ਹੈ।

ਇਸ ਦੇ ਨਾਲ ਹੀ ਕਈ ਗ਼ੈਰ-ਰਵਾਇਤੀ ਉਮੀਦਵਾਰ ਵੀ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਇਨ੍ਹਾਂ ਉਮੀਦਵਾਰਾਂ ’ਚ ਲਖਬੀਰ ਸਿੰਘ ਸਰਾਂ ਉਰਫ਼ ਲੱਖਾ ਸਿਧਾਣਾ ਅਤੇ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਵੀ ਸ਼ਾਮਲ ਹਨ।

ਲੱਖਾ ਸਿਧਾਣਾ ਨੂੰ ਮੀਡੀਆ ਹਲਕਿਆਂ ਵਿੱਚ ‘ਸਾਬਕਾ ਗੈਂਗਸਟਰ’ ਵਜੋਂ ਜਾਣਿਆ ਜਾਂਦਾ ਹੈ।

ਦੂਜੇ ਪਾਸੇ ਭੁਪਿੰਦਰ ਸਿੰਘ ਭੁੱਲਰ ਦਾ ਪੁੱਤਰ ਜੈਪਾਲ ਭੁੱਲਰ ਪੰਜਾਬ ਪੁਲਿਸ ਲਈ ਕਿਸੇ ਸਮੇਂ ‘ਮੋਸਟ ਵਾਂਟੇਡ’ ਗੈਂਗਸਟਰ ਸੀ।

ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ 2022 ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟਿਕਟਾਂ ਦਿੱਤੀਆਂ ਹਨ।

ਲੱਖਾ ਸਿਧਾਣਾ ਬਾਦਲ ਪਰਿਵਾਰ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ ਉੱਥੇ ਹੀ ਭੁਪਿੰਦਰ ਸਿੰਘ ਪੰਜਾਬ ਦੇ ਸਰਹੱਦੀ ਹਲਕੇ ਫ਼ਿਰੋਜ਼ਪੁਰ ਤੋਂ ਚੋਣ ਲੜਨਗੇ।

ਲੱਖਾ ਸਿਧਾਣਾ

ਪੰਜਾਬ ਵਿੱਚ ਇਸ ਤੋਂ ਪਹਿਲਾਂ ਵੀ ਕਥਿਤ ਗੈਂਗਸਟਰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੋਣਾਂ ਲੜ ਚੁੱਕੇ ਹਨ।

ਇਨ੍ਹਾਂ ਨਾਵਾਂ ਵਿੱਚ ਜਸਵਿੰਦਰ ਸਿੰਘ ਉਰਫ਼ ਰੌਕੀ ਫ਼ਾਜ਼ਿਲਕਾ ਦਾ ਨਾਮ ਮੋਹਰੀ ਹੈ।

ਸਿਆਸਤ ਵਿੱਚ ਐਕਟਿਵ ਰਹੇ ਹੋਰ ਕਥਿਤ ਗੈਂਗਸਟਰਾਂ ਵਿੱਚ ਕੁਲਬੀਰ ਨਰੂਆਣਾ, ਬਲਜੀਤ ਰੰਗੀ ਰਾਇਕੋਟ ਅਤੇ ਕਾਲਾ ਧਨੌਲਾ ਦਾ ਵੀ ਨਾਮ ਆਉਂਦਾ ਹੈ।

ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਸਣੇ ਭਾਰਤ ਦੇ ਹੋਰ ਸੂਬਿਆਂ ’ਚ ਵੀ ਕਈ ਕਥਿਤ ਗੈਂਗਸਟਰਾਂ ਵਲੋਂ ਚੋਣਾਂ ਲੜੀਆਂ ਤੇ ਜਿੱਤੀਆਂ ਗਈਆਂ ਹਨ।

ਉੱਤਰ ਪ੍ਰਦੇਸ਼ ਦੇ ਮੁਖ਼ਤਾਰ ਅੰਸਾਰੀ ਅਤੇ ਆਤਿਕ ਅਹਿਮਦ ਦਾ ਨਾਮ ਪਿਛਲੇ ਦਿਨੀਂ ਸੁਰਖੀਆਂ ’ਚ ਰਿਹਾ ਹੈ। ਦੋਵਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉੱਤਰੇ ਇਨ੍ਹਾਂ ਦੋ ਉਮੀਦਵਾਰਾਂ ਦਾ ਪਿਛੋਕੜ ਅਤੇ ਚੋਣਾਂ ਲੜਨ ਦਾ ਮਨੋਰਥ ਕੀ ਹੈ?

ਪੰਜਾਬ ਵਿੱਚ ਕਿਹੜੇ-ਕਿਹੜੇ ਕਥਿਤ ਗੈਂਗਸਟਰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੋਣਾਂ ਵਿੱਚ ਹਿੱਸਾ ਲੈਂਦੇ ਰਹੇ ਹਨ ਅਤੇ ਕੀ ਉਨ੍ਹਾਂ ਨੂੰ ਲੋਕਾਂ ਵੱਲੋਂ ਹਿਮਾਇਤ ਮਿਲੀ ਹੈ।

ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਸਵਾਲਾਂ ਬਾਰੇ ਚਰਚਾ ਕਰਾਂਗੇ।

‘ਮੈਂ ਨਹੀਂ ਚਾਹੁੰਦਾ ਹੋਰ ਕੋਈ ਜੈਪਾਲ ਬਣੇ’

 ਭੁਪਿੰਦਰ ਸਿੰਘ ਭੁੱਲਰ

ਤਸਵੀਰ ਸਰੋਤ, Bhupinder Singh Bhullar FB/ SAD-Asr

ਭੁਪਿੰਦਰ ਸਿੰਘ ਇੱਕ ਸਾਬਕਾ ਪੁਲਿਸ ਇੰਸਪੈਕਟਰ ਹਨ। ਉਨ੍ਹਾਂ ਦੇ ਪੁੱਤਰ ਜੈਪਾਲ ਭੁੱਲਰ ਦੀ ਜੂਨ 2021 ਵਿੱਚ ਕਲਕੱਤਾ ਵਿੱਚ ਪੰਜਾਬ ਪੁਲਿਸ ਨਾਲ ਹੋਏ ਇੱਕ ਕਥਿਤ ਮੁਕਾਬਲੇ ਵਿੱਚ ਮੌਤ ਹੋ ਗਈ ਸੀ।

ਜੈਪਾਲ ਸਿੰਘ ਭੁੱਲਰ ਦਾ ਨਾਮ ਕਤਲ, ਨਸ਼ਾ ਤਸਕਰੀ, ਚੋਰੀ ਅਤੇ ਲੁੱਟ ਦੀਆਂ ਕਈ ਵੱਡੀਆਂ ਵਾਰਦਾਤਾਂ ਵਿੱਚ ਰਿਹਾ ਹੈ।

ਪੀਟੀਆਈ ਦੀ ਖ਼ਬਰ ਮੁਤਾਬਕ ਜੈਪਾਲ ਭੁੱਲਰ ਦੇ ਖ਼ਿਲਾਫ਼ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ 40 ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ।

ਜੈਪਾਲ ਭੁੱਲਰ ਦੀ ਮੌਤ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਜਗਰਾਓਂ ਵਿੱਚ ਕਤਲ ਦੀ ਘਟਨਾ ਤੋਂ ਬਾਅਦ ਹੋਇਆ ਸੀ।

ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿੱਚ ਜੈਪਾਲ ਭੁੱਲਰ ਅਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਸ ਮਗਰੋਂ ਮੀਡੀਆ ਰਿਪੋਰਟਾਂ ਵਿੱਚ ਜੈਪਾਲ ਭੁੱਲਰ ਨੂੰ ਪੰਜਾਬ ਦਾ ‘ਮੋਸਟ ਵਾਂਟਡ’ ਗੈਂਗਸਟਰ ਕਿਹਾ ਗਿਆ ਸੀ।

ਭੁਪਿੰਦਰ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਹੱਦੀ ਇਲਾਕੇ ਫਿਰੋਜ਼ਪੁਰ ਦੀ ਖੁਸ਼ਹਾਲੀ ਲਈ ਭਾਰਤ ਪਾਕਿ ਵਿਚਾਲੇ ਵਪਾਰ ਮੁੜ ਸ਼ੁਰੂ ਹੋਣਾ ਜ਼ਰੂਰੀ ਹੈ ਜੋ ਉਨ੍ਹਾਂ ਦੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਪੁਲਿਸ ਤੰਤਰ ਸਰਕਾਰ ਦੇ ਅਧੀਨ ਕੰਮ ਕਰਦਾ ਹੈ ਤੇ ਸਰਕਾਰ ਹੀ ਇਸਦੀ ਦੁਰਵਰਤੋਂ ਨੂੰ ਨੱਥ ਪਾ ਸਕਦੀ ਹੈ।

ਪੁਲਿਸ

ਤਸਵੀਰ ਸਰੋਤ, X/ Punjab Police

ਜੈਪਾਲ ਭੁੱਲਰ ਦੇ ਪਿਤਾ ਆਪਣੇ ਪੁੱਤਰ ਦੀ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਤੋਂ ਬਾਅਦ ਇਹ ਕਹਿੰਦੇ ਰਹੇ ਹਨ ਕਿ ਸਿਸਟਮ ਨੇ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਨਹੀਂ ਆਉਣ ਦਿੱਤਾ।

ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਹਨ ਕਿ ਕੋਈ ਹੋਰ ਜੈਪਾਲ ਭੁੱਲਰ ਬਣੇ ਅਤੇ ਉਸ ਵਾਂਗ ਮਾਰਿਆ ਜਾਵੇ।

‘ਗੈਂਗਸਟਰ’ ਤੋਂ ਕਾਰਕੁਨ ਬਣਨ ਵਾਲਾ ਲੱਖਾ ਸਿਧਾਣਾ’

ਲੱਖਾ ਸਿਧਾਣਾ

ਤਸਵੀਰ ਸਰੋਤ, Getty Images

ਲੱਖਾ ਸਿਧਾਣਾ ਦਾ ਕਿਸੇ ਸਮੇਂ ਅਪਰਾਧ ਦੀ ਦੁਨੀਆਂ ਨਾਲ ਡੂੰਘਾ ਵਾਹ-ਵਾਸਤਾ ਰਿਹਾ ਹੈ।

ਇਸ ਤੋਂ ਬਾਅਦ ਉਹ ਇੱਕ ਕਾਰਕੁਨ ਵਜੋਂ ਉੱਭਰੇ, ਕਿਸਾਨ ਅੰਦੋਲਨ ਦੌਰਾਨ ਫ਼ਰਾਰ ਰਹੇ ਅਤੇ ਕਈ ਸਾਲਾਂ ਤੋਂ ਇੱਕ ਸਿਆਸਤਦਾਨ ਵਜੋਂ ਆਪਣਾ ਮੁਕਾਮ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਲੱਖਾ ਸਿਧਾਣਾ ਦੀ ਸੋਸ਼ਲ ਮੀਡੀਆ ਉੱਤੇ ਇੱਕ ਭਾਸ਼ਾਈ ਕਾਰਕੁਨ, ਸਮਾਜਿਕ ਕਾਰਕੁਨ, ਨੌਜਵਾਨ ਆਗੂ ਵਜੋਂ ਵੀ ਪਛਾਣ ਹੈ।

ਇਨ੍ਹਾਂ ਸਾਰੀਆਂ ਪਛਾਣਾਂ ਵਿੱਚੋ ਇੱਕ ਪਛਾਣ ਜਿਹੜੀ ਹੋਰ ਪਛਾਣਾਂ ਨੂੰ ਪਿੱਛੇ ਧੱਕ ਦਿੰਦੀ ਹੈ, ਉਹ ਹੈ ਇੱਕ ‘ਗੈਂਗਸਟਰ’ ਦੀ।

ਮੀਡੀਆ ਰਿਪੋਰਟਾਂ ਵਿੱਚ ਵੀ ਉਨ੍ਹਾਂ ਦੇ ਨਾਮ ਤੋਂ ਪਹਿਲਾਂ ‘ਸਾਬਕਾ ਗੈਂਗਸਟਰ’ ਜਾਂ ‘ਗੈਂਗਸਟਰ ਤੋਂ ਕਾਰਕੁਨ’ ਬਣੇ ਅਗੇਤਰ ਜੋੜਿਆ ਜਾਂਦਾ ਹੈ।

ਲੱਖਾ ਸਿਧਾਣਾ ਸਿਮਰਨਜੀਤ ਸਿੰਘ

ਤਸਵੀਰ ਸਰੋਤ, Getty Images

ਲੱਖਾ ਸਿਧਾਣਾ ਮੁਤਾਬਕ ਉਹ ਵਿਦਿਆਰਥੀ ਆਗੂ ਵਜੋਂ ਛੋਟੇ ਝਗੜਿਆਂ ਵਿੱਚ ਸ਼ਾਮਲ ਸਨ, ਪਰ ਬਾਅਦ ਵਿੱਚ ਵੱਡੇ ਮਾਮਲਿਆਂ ਵਿੱਚ ਉਲਝ ਗਏ ਅਤੇ ਫਿਰ ਗੈਂਗਸਟਰ ਬਣ ਗਏ ਸਨ।

ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਸ ਉੱਤੇ ਹਮਲਾ ਵੀ ਹੋਇਆ ਸੀ। ਕਈ ਵਾਰ ਉਹ ਜੇਲ੍ਹ ਵੀ ਗਿਆ ਪਰ ਉਸ ਨੇ ਦਾਅਵਾ ਕੀਤਾ ਕਿ ਫਿਰ ਉਸ ਨੇ ਅਪਰਾਧ ਦੀ ਦੁਨੀਆ ਛੱਡ ਦਿੱਤੀ ਸੀ।

ਲੱਖਾ ਸਿਧਾਣਾ ਉੱਤੇ ਕਿਸਾਨ ਅੰਦੋਲਨ ਦੌਰਾਨ ਜਨਵਰੀ 2021 ਵਿੱਚ ਕਿਸਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ ਉੱਤੇ ਲੈ ਕੇ ਜਾਣ ਦਾ ਇਲਜ਼ਾਮ ਲੱਗਾ ਸੀ। ਉਨ੍ਹਾਂ ‘ਤੇ ਕੇਸ ਵੀ ਦਰਜ ਹੋਇਆ ਸੀ।

ਇਸ ਤੋਂ ਪਹਿਲਾਂ ਲੱਖਾਂ ਸਿਧਾਣਾ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਵੀ ਸਾਲ 2012 ਵਿੱਚ ਚੋਣਾਂ ਲੜ ਚੁੱਕੇ ਹਨ ਪਰ ਕੋਈ ਖ਼ਾਸ ਮਾਅਰਕਾ ਨਹੀਂ ਮਾਰ ਸਕੇ ਸਨ।

ਲੱਖਾ ਸਿਧਾਣਾ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌੜ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ, ਪਰ ਉਹ ਹਾਰ ਗਏ ਸਨ।

38,000 ਤੋਂ ਵੱਧ ਵੋਟਾਂ ਹਾਸਲ ਕਰਨ ਵਾਲਾ ਰੌਕੀ ਫ਼ਾਜ਼ਿਲਕਾ

ਰੌਕੀ ਫਾਜ਼ਿਲਕਾ

ਤਸਵੀਰ ਸਰੋਤ, Rajdeep Kaur/FB

ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਜੁੜੇ ਰਹੇ ਲੋਕਾਂ ਦੇ ਚੋਣ ਲੜਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚੋਣਾਂ ਵਿੱਚ ਹੱਥ ਅਜ਼ਮਾਉਣ ਦਾ ਵਰਤਾਰਾ ਨਵਾਂ ਨਹੀਂ ਹੈ।

ਅਜਿਹੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਆਮ ਭਾਸ਼ਾ ਜਾਂ ਮੀਡੀਆ ਵੱਲੋਂ ਵੀ ‘ਗੈਂਗਸਟਰ’ ਸ਼ਬਦ ਵਰਤਿਆ ਜਾਂਦਾ ਹੈ।

ਲੱਖਾ ਸਿਧਾਣਾ ਅਤੇ ਜੈਪਾਲ ਭੁੱਲਰ ਦੇ ਪਿਤਾ ਤੋਂ ਪਹਿਲਾਂ ਜਸਵਿੰਦਰ ਸਿੰਘ ਉਰਫ਼ ਰੌਕੀ ਫ਼ਾਜ਼ਿਲਕਾ ਨਾਮ ਦਾ ਕਥਿਤ ਗੈਂਗਸਟਰ ਵੀ ਦੋ ਵਾਰੀ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰ ਰਿਹਾ ਹੈ।

ਰੌਕੀ ਫ਼ਾਜ਼ਿਲਕਾ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਫ਼ਾਜ਼ਿਲਕਾ ਤੋਂ ਸਾਲ 2012 ‘ਚ ਚੋਣ ਲੜੀ ਸੀ।

ਰੌਕੀ ਫ਼ਾਜ਼ਿਕਲਾ ਦਾ ਹਿਮਾਚਲ ਦੇ ਪ੍ਰਵਾਣੂ ਵਿੱਚ ਸਾਲ 2016 ਵਿੱਚ ਕਤਲ ਹੋ ਗਿਆ ਸੀ, ਇਸ ਕਤਲ ਦਾ ਇਲਜ਼ਾਮ ਜੈਪਾਲ ਭੁੱਲਰ ਉੱਤੇ ਲੱਗਾ ਸੀ।

ਇੰਡੀਅਨ ਐਕਸਪ੍ਰੈੱਸ ਵਿੱਚ ਮਈ 2016 ਵਿਚ ਛਪੀ ਰਿਪੋਰਟ ਮੁਤਾਬਕ ਰੌਕੀ ਫ਼ਾਜ਼ਿਲਕਾ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਵਿੱਚ ਸੀ, ਇਸ ਲਈ ਰੌਕੀ ਨੇ ਕਈ ਸਮਾਜਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਸੀ।

ਰੌਕੀ ਦੀਆਂ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਤਸਵੀਰਾਂ ਨਸ਼ਰ ਹੋਈਆਂ ਸਨ।

ਰੌਕੀ ਫਾਜਿਲਕਾ ਦੇ ਕਤਲ ਮਗਰੋਂ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਵੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਜੇਤੂ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੂੰ 39,276 ਵੋਟਾਂ ਪਈਆਂ ਸਨ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੂੰ 39,011 ਵੋਟਾਂ ਅਤੇ ਜਸਵਿੰਦਰ ਸਿੰਘ ਰੌਕੀ ਦੀ ਭੈਣ ਨੂੰ 38,135 ਵੋਟਾਂ ਪਈਆਂ ਸਨ ।

2018 ਵਿੱਚ ਰਾਜਦੀਪ ਕੌਰ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੋਏ ਅਤੇ 2019 ਵਿੱਚ ਦੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ।

ਮੂਸੇਵਾਲਾ ਦੇ ਗੀਤ ਵਿੱਚ ਆਇਆ ਕਥਿਤ ਗੈਂਗਸਟਰ ਜੋ ਦੋ ਵਾਰ ਚੋਣਾਂ ਲੜਨੋਂ ਰਹਿ ਗਿਆ

 ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, Getty Images

ਰੌਕੀ ਫ਼ਾਜ਼ਿਲਕਾ ਤੋਂ ਪਹਿਲਾਂ ਇੱਕ ਹੋਰ ਨਾਮ ਜੋ ਚੋਣਾਂ ਨੂੰ ਲੈ ਕੇ ਚਰਚਾ ਵਿੱਚ ਰਿਹਾ ਹੈ, ਉਹ ਹੈ ਫਰੀਦਕੋਟ ਜ਼ਿਲ੍ਹੇ ਦੇ ਕੋਟਪੂਰਾ ਦੇ ਪਰਭਜਿੰਦਰ ਸਿੰਘ ਬਰਾੜ ਉਰਫ ਡਿੰਪੀ ਚੰਦਭਾਨ ਦਾ।

ਇਸ ਕਥਿਤ ਗੈਂਗਸਟਰ ਦਾ ਜ਼ਿਕਰ ਮਰਹੂਮ ਪੌਪ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ‘ਮਾਲਵਾ ਬਲੌਕ’ ਵਿੱਚ ਵੀ ਕੀਤਾ ਹੈ।

ਡਿੰਪੀ ਚੰਦਭਾਨ ਨੂੰ 1991 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਾਨ ਦਲ ਦੇ ਉਮੀਦਵਾਰ ਵਜੋਂ ਟਿਕਟ ਮਿਲ ਗਈ ਸੀ, ਜਦੋਂ ਅਕਾਲੀ ਦਲ ਦੇ ਸਾਰੇ ਧੜ੍ਹਿਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਉਹ ਚੋਣਾਂ ਮੁਲਤਵੀ ਹੋ ਗਈਆਂ ਸਨ।

2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ ਸੀ।

ਡਿੰਪੀ ਚੰਦਭਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹਿੱਸਾ ਰਿਹਾ ਸੀ, ਉਸ ਦੀਆਂ ਯੂਪੀ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਵੀ ਤਸਵੀਰਾਂ ਹਨ।

ਇਹ ਵੀ ਪੜ੍ਹੋ-

ਹੋਰ ਕੌਣ-ਕੌਣ ਐਕਟਿਵ ਰਿਹਾ

ਬਠਿੰਡਾ ਦੇ ਨਰੂਆਣਾ ਪਿੰਡ ਦਾ ਕੁਲਬੀਰ ਨਰੂਆਣਾ ਇੱਕ ਕਬੱਡੀ ਖਿਡਾਰੀ ਸੀ, ਕਈ ਅਪਰਾਧਕ ਕੇਸਾਂ ਵਿੱਚ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੁਲਬੀਰ ਜੇਲ੍ਹ ਤੋਂ ਬਾਹਰ ਆ ਗਿਆ ਸੀ ਅਤੇ ਉਸ ਦੀ ਇਮੇਜ ਇੱਕ ਸਮਾਜਿਕ ਕਾਰਕੁਨ ਵਜੋਂ ਬਣਨੀ ਸ਼ੁਰੂ ਹੋ ਗਈ।

ਕੁਲਬੀਰ ਨਰੂਆਣਾ ਦੀਆਂ ਕਈ ਸਿਆਸੀ ਸ਼ਖ਼ਸੀਅਤਾਂ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਉਹ ਇੱਕ ਰੈਲੀ ਵਿੱਚ ਲੱਖਾ ਸਿਧਾਣਾ ਨਾਲ ਵੀ ਦੇਖੇ ਗਏ ਸਨ।ਕੁਲਬੀਰ ਨਰੂਆਣਾ ਰੌਕੀ ਫ਼ਾਜ਼ਿਲਕਾ ਦਾ ਵੀ ਹਮਾਇਤੀ ਸੀ।

ਕੁਲਬੀਰ ਨਰੂਆਣਾ ਨੇ ਆਪਣੀਆਂ ਵੀਡੀਓਜ਼ ਵਿੱਚ ਪੰਜਾਬੀ ਗਾਣਿਆਂ ਵਿੱਚ ਗੈਂਗਸਟਰਾਂ ਨੂੰ ‘ਗਲੋਰੀਫਾਈ’ ਕਰਨ ਵਾਲੇ ਗੀਤਾਂ ਦਾ ਵੀ ਵਿਰੋਧ ਕੀਤਾ ਸੀ।

ਕੁਲਬੀਰ ਨਰੂਆਣਾ ਦਾ ਜੁਲਾਈ 2021 ਵਿੱਚ ਕਤਲ ਹੋ ਗਿਆ ਸੀ।

ਇਸੇ ਤਰ੍ਹਾਂ ਰਾਏਕੋਟ ਦਾ ਬਲਜੀਤ ਰੰਗੀ ਵੀ ਆਪਣੇ ਇਲਾਕੇ ਵਿੱਚ ਸਿਆਸਤ ਵਿੱਚ ਐਕਟਿਵ ਰਿਹਾ ਹੈ ਅਤੇ ਹੁਣ ਸਮਾਜਿਕ ਗਤੀਵਿਧੀਆਂ ਵਿੱਚ ਵੀ ਉਨ੍ਹਾਂ ਵੱਲੋਂ ਹਿੱਸਾ ਲਿਆ ਜਾਂਦਾ ਹੈ।

‘ਵੀਰ ਚੱਕਰ’ ਜੇਤੂ ਰਹੇ ਸੱਜਣ ਸਿੰਘ ਮਾਨ ਦਾ ਪੋਤਾ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਵੀ ਆਪਣੇ ਇਲਾਕੇ ਧਨੌਲਾ, ਬਰਨਾਲਾ ਅਤੇ ਸੰਗਰੂਰ ਵਿੱਚ ਸਿਆਸਤ ਵਿੱਚ ਸਰਗਰਮ ਰਿਹਾ ਸੀ।

ਕਾਲਾ ਧਨੌਲਾ ਦੀ ਬੀਤੀ ਫਰਵਰੀ 2024 ਦੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨਾਲ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ।

‘ਦੀ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਕਾਲਾ ਧਨੌਲਾ ਨੇ 2012 ਵਿੱਚ ਜਨਤਾ ਦੇ ਮਸਲੇ ਸੁਲਝਾਉਣ ਲਈ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਉੱਤੇ ਕਈ ਅਪਰਾਧਕ ਮਾਮਲੇ ਦਰਜ ਹੋਏ ਸਨ।

2015 ਵਿੱਚ ਕਾਲਾ ਧਨੌਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਧਨੌਲਾ ਨਗਰ ਕੌਂਸਲ ਦੀਆਂ ਚੋਣਾਂ ਜਿੱਤੀਆਂ ਸਨ, ਉਸ ਵੇਲੇ ਕਾਲਾ ਧਨੌਲਾ ਜੇਲ੍ਹ ਵਿੱਚ ਸੀ।

‘ਕਥਿਤ ਗੈਂਗਸਟਰਾਂ ਦਾ ਚੋਣ ਲੜਨਾ ਪੰਜਾਬ ‘ਚ ਵੱਡਾ ਵਰਤਾਰਾ ਨਹੀਂ’

ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਹਰਜੇਸ਼ਵਰ ਪਾਲ ਕਥਿਤ ਗੈਂਗਸਟਰਾਂ ਦੇ ਚੋਣ ਲੜਨ ਨੂੰ ਪੰਜਾਬ ਵਿੱਚ ਵੱਡਾ ਵਰਤਾਰਾ ਨਹੀਂ ਮੰਨਦੇ।

ਉਹ ਦੱਸਦੇ ਹਨ ਕਿ ਪੰਜਾਬ ਵਿੱਚ ਪੁਲਿਸ ਹੋਰਨਾਂ ਸੂਬਿਆਂ ਨਾਲੋਂ ਵੱਧ ਤਾਕਤਵਰ ਰਹੀ ਹੈ ਚਾਹੇ ਉਹ ਬਸਤੀਵਾਦੀ ਦੌਰ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦਾ ਦੌਰ।

ਉਹ ਦੱਸਦੇ ਹਨ ਕਿ ਉੱਤਰ ਪ੍ਰਦੇਸ਼, ਬਿਹਾਰ ਵਿੱਚ ਮੁਖ਼ਤਾਰ ਅੰਸਾਰੀ ਸਣੇ ਹੋਰ ‘ਬਾਹੂਬਲੀ’ ਦੱਸੇ ਜਾਂਦੇ ਲੋਕ 1990ਵਿਆਂ ਸਿਆਸਤ ਵਿੱਚ ਆਉਣਾ ਸ਼ੁਰੂ ਹੋ ਗਏ ਸਨ, ਪਰ ਪੰਜਾਬ ਵਿੱਚ ਇਹ ਕਥਿਤ ਗੈਂਗਸਟਰ ਸਿਆਸਤ ਵਿੱਚ ਕਾਫੀ ਲੇਟ ਆਏ ਅਤੇ ਹੁਣ ਤੱਕ ਕੋਈ ਉਮੀਦਵਾਰ ਸਫ਼ਲ ਨਹੀਂ ਹੋਇਆ ਹੈ।

ਮੁਖ਼ਤਾਰ ਅੰਸਾਰੀ

ਤਸਵੀਰ ਸਰੋਤ, ANI

ਪ੍ਰੋਫ਼ੈਸਰ ਹਰਜੇਸ਼ਵਰ ਪਾਲ ਕਹਿੰਦੇ ਹਨ, “ਪੰਜਾਬ ਵਿੱਚ 1991 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਜ਼ਮੀਨਾਂ ਦੇ ਭਾਅ ਵਧੇ ਅਤੇ ਲੋਕਾਂ ਕੋਲ ਪੈਸਾ ਵਧਿਆ ਜਿਸ ਮਗਰੋਂ ਫ਼ਿਰੌਤੀਆਂ ਲੈਣ ਦਾ ਦੌਰ ਵਧਿਆ ਜਿਸ ਬਾਰੇ ਸਿਆਸੀ ਸ਼ਹਿ ਹੋਣ ਦੀ ਗੱਲ ਵੀ ਕਹੀ ਜਾਂਦੀ ਰਹੀ ਹੈ।”

ਉਹ ਕਹਿੰਦੇ ਹਨ ਕਿ ਹੌਲੀ-ਹੌਲੀ ਇਹ ਤੰਤਰ ਹੋਰ ਗਹਿਰਾ ਹੋ ਗਿਆ।

ਉਹ ਦੱਸਦੇ ਹਨ ਕਿ ਪੰਜਾਬ ਵਿੱਚ ਸਰਕਾਰ ਦਾ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਨਾ ਉੱਤਰ ਸਕਣ ਕਾਰਨ ਜਾਂ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦੀ ਅਸੰਤੁਸ਼ਟੀ ਕਾਰਨ ਅਜਿਹੇ ਲੋਕ ਇਸ ਖਾਲੀ ਥਾਂ ਨੂੰ ਲੈ ਲੈਂਦੇ ਹਨ।

“ਅਜਿਹੇ ਲੋਕ ਫਿਰ ਕਚਹਿਰੀਆਂ ਲਗਾਉਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਲੋਕਾਂ ਦੇ ਮਸਲੇ ਸੁਲਝਾਉਣੇ ਸ਼ੂਰੂ ਕਰ ਦਿੰਦੇ ਹਨ ਜਿਸ ਮਗਰੋਂ ਉਨ੍ਹਾਂ ਦਾ ਸਮਾਜ ਵਿੱਚ ਅਧਾਰ ਬਣਦਾ ਹੈ।”

ਗਰਾਫਿਕਸ

ਲੱਖਾ ਸਿਧਾਣਾ ਦੀ ਉਦਾਹਰਨ ਦਿੰਦਿਆਂ ਉਹ ਕਹਿੰਦੇ ਹਨ ਕਿ ਇਸ ਮਗਰੋਂ ਕੁਝ ਲੋਕ ਨਿਰੋਲ ਗੈਂਗਸਟਰ ਹੀ ਨਹੀਂ ਰਹਿੰਦੇ ਸਗੋਂ ਵਿਚਾਰਧਾਰਨਕ ਤੌਰ ਉੱਤੇ ਵੀ ਖ਼ੁਦ ਨੂੰ ਢਾਲ ਲੈਂਦੇ ਹਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਇੱਕ ਖ਼ਾਸ ਕਿਸਮ ਦੀ ਪਛਾਣ ਬਣਾਉਣ ਲਈ ਕਰਦੇ ਹਨ।

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਨਿਰੋਲ ਗੈਂਗਸਟਰ ਰਹਿੰਦਿਆਂ ਕੋਈ ਵੀ ਸਫ਼ਲ ਨਹੀਂ ਹੋਇਆ ਹੈ। ਜੈਪਾਲ ਭੁੱਲਰ ਦੇ ਪਿਤਾ ਦਾ ਸਿਆਸਤ ਰਾਹੀਂ ਇੱਕ ਸਮਾਜਿਕ ਮੁੱਦੇ ਨੂੰ ਉਭਾਰਨਾ ਸਕਾਰਾਤਮਕ ਗੱਲ ਹੈ।

‘ਪੰਜਾਬ ਵਿੱਚ ਕਥਿਤ ਗੈਂਗਸਟਰਾਂ ਦੇ ਚੋਣ ਲੜਨ ਨੂੰ ਪ੍ਰਵਾਨਗੀ ਨਹੀਂ’

ਪੰਜਾਬ ਵਿੱਚ ਕਥਿਤ ਗੈਂਗਸਟਰ ਦੱਸੇ ਜਾਂਦੇ ਲੋਕਾਂ ਦੇ ਚੋਣਾਂ ਲੜਨ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਪੰਜਾਬ ਵਿੱਚ ਇਸ ਦੀ ਲੋਕਾਂ ਵਿੱਚ ਜ਼ਿਆਦਾ ਪ੍ਰਵਾਨਗੀ ਨਹੀਂ ਹੈ।

ਉਹ ਕਹਿੰਦੇ ਹਨ, “ਯੂਪੀ ਅਤੇ ਬਿਹਾਰ ਵਿੱਚ ਕਥਿਤ ਗੈਂਗਸਟਰ ਜਿੱਤ ਵੀ ਜਾਂਦੇ ਹਨ ਪਰ ਪੰਜਾਬ ਵਿੱਚ ਨਹੀਂ ਇੱਥੇ ਇਹ ਆਪਣੇ ਬਚਾਅ ਲਈ ਚੋਣਾਂ ਵੱਲ ਰੁਖ਼ ਕਰਦੇ ਰਹੇ ਹਨ।”

“ਪੰਜਾਬ ਵਿੱਚ ਉਸ ਕਿਸਮ ਦੇ ਹੀਰੋਇਜ਼ਮ ਨੂੰ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਰਿਹਾ ਹੈ, ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਇਹ ਵਰਤਾਰਾ ਥੋੜ੍ਹ ਚਿਰਾ ਰਿਹਾ ਹੈ ਅਤੇ ਇਸ ਦਾ ਕੋਈ ਠੋਸ ਅਧਾਰ ਨਹੀਂ ਹੈ।”

ਜਸਪਾਲ ਸਿੰਘ ਸਿੱਧੂ

ਸਮਾਜਿਕ ਵਿਗਿਆਨ ਦੇ ਸਾਬਕਾ ਪ੍ਰੋਫ਼ੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ ਸ਼ੁਰੂਆਤ ਵਿੱਚ ਲੋਕਾਂ ਵੱਲੋਂ ਅਜਿਹੇ ਰਾਬਿਨਹੁੱਡ ਨੁਮਾ ਉਮੀਦਵਾਰਾਂ ਨੂੰ ਪਸੰਦ ਕਰਨ ਦਾ ਇਹ ਵੀ ਕਾਰਨ ਹੈ ਕਿ ਇਹ ਇੰਸਟੈਂਟ ਜਸਟਿਸ ਦੀ ਮੰਗ ਨੂੰ ਪੂਰਾ ਕਰਦੇ ਹਨ ਤੇ ਇੱਕ ਰਾਹਤ ਏਜੰਸੀ ਵਾਂਗ ਕੰਮ ਕਰਦੇ ਹਨ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚ ਹੁੰਦਿਆ ਹੀ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਾਲ ਵੀ ਸਿਆਸਤ ਪ੍ਰਭਾਵਿਤ ਹੋਈ ਹੈ ਪਰ ਹਾਲੇ ਤੱਕ ਇਹ ਨਹੀਂ ਸਾਹਮਣੇ ਆਇਆ ਕਿ ਇਹ ਕਿਵੇਂ ਸੰਭਵ ਹੋਇਆ।

ਇਹ ਵੀ ਪੜ੍ਹੋ-

source : BBC PUNJABI