Home ਰਾਸ਼ਟਰੀ ਖ਼ਬਰਾਂ ਸੈਮ ਪਿਤਰੋਦਾ ਕੌਣ ਹਨ, ਜਿਨ੍ਹਾਂ ਦੇ ਇੱਕ ਬਿਆਨ ਨਾਲ ਹੋ ਰਹੀ ਸਿਆਸੀ...

ਸੈਮ ਪਿਤਰੋਦਾ ਕੌਣ ਹਨ, ਜਿਨ੍ਹਾਂ ਦੇ ਇੱਕ ਬਿਆਨ ਨਾਲ ਹੋ ਰਹੀ ਸਿਆਸੀ ਹਲ਼ਚਲ, ਜਾਣੋ 3 ਹੋਰ ਪੁਰਾਣੇ ਵਿਵਾਦ

1
0

Source :- BBC PUNJABI

ਸੈਮ ਪਿਤਰੋਦਾ

ਤਸਵੀਰ ਸਰੋਤ, SAM PITRODA/FACEBOOK

24 ਮਿੰਟ ਪਹਿਲਾਂ

ਕਾਂਗਰਸ ਨੇਤਾ ਸੈਮ ਪਿਤਰੋਦਾ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਅਮਰੀਕਾ ਦੇ ਵਿਰਾਸਤੀ ਟੈਕਸ ਦੀ ਵਕਾਲਤ ਕੀਤੀ ਹੈ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ‘ਤੇ ਹਮਲਾਵਰ ਰੁਖ ਅਪਣਾਇਆ ਹੈ।

ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੇ ਬਿਆਨ ਤੋਂ ਕਾਂਗਰਸ ਪਾਰਟੀ ਨੇ ਦੂਰੀ ਬਣਾ ਲਈ ਹੈ। ਸੈਮ ਪਿਤਰੋਦਾ ਨੇ ਵੀ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਹੈ।

ਸ਼ਿਕਾਗੋ ਤੋਂ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਸੈਮ ਪਿਤਰੋਦਾ ਨੇ ਕਿਹਾ, “ਅਮਰੀਕਾ ਵਿੱਚ ਵਿਰਾਸਤੀ ਟੈਕਸ ਦੀ ਪ੍ਰਣਾਲੀ ਹੈ, ਇਸਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ, ਤਾਂ ਉਸਦੀ ਮੌਤ ਤੋਂ ਬਾਅਦ ਉਸਦੇ ਬੱਚਿਆਂ ਨੂੰ ਜਾਇਦਾਦ ਦਾ ਸਿਰਫ 45 ਪ੍ਰਤੀਸ਼ਤ ਹੀ ਮਿਲੇਗੀ ਅਤੇ ਬਾਕੀ 55 ਫੀਸਦੀ ਸਰਕਾਰ ਲੈ ਲਵੇਗੀ।”

“ਇਹ ਇੱਕ ਬਹੁਤ ਹੀ ਦਿਲਚਸਪ ਕਾਨੂੰਨ ਹੈ। ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਸਮੇਂ ਦੌਰਾਨ ਦੌਲਤ ਇਕੱਠੀ ਕੀਤੀ ਅਤੇ ਹੁਣ ਜਦੋਂ ਤੁਸੀਂ ਜਾ ਰਹੇ ਹੋ, ਤਾਂ ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਪਵੇਗੀ, ਨਾ ਕਿ ਇਸ ਦਾ ਅੱਧਾ, ਜੋ ਕਿ ਮੇਰੇ ਵਿਚਾਰ ਵਿੱਚ ਚੰਗਾ ਹੈ।”

ਉਨ੍ਹਾਂ ਕਿਹਾ, ”ਤੁਸੀਂ ਭਾਰਤ ‘ਚ ਅਜਿਹਾ ਨਹੀਂ ਕਰ ਸਕਦੇ। ਜੇਕਰ ਕਿਸੇ ਦੀ ਜਾਇਦਾਦ 10 ਅਰਬ ਰੁਪਏ ਹੈ ਅਤੇ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਉਸ ਦੇ ਬੱਚੇ 10 ਅਰਬ ਰੁਪਏ ਰੱਖ ਲੈਂਦੇ ਹਨ ਅਤੇ ਜਨਤਾ ਨੂੰ ਕੁਝ ਨਹੀਂ ਮਿਲਦਾ… ਤਾਂ ਇਹ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ‘ਤੇ ਲੋਕਾਂ ਨੂੰ ਬਹਿਸ ਅਤੇ ਚਰਚਾ ਕਰਨੀ ਚਾਹੀਦੀ ਹੈ। ਮੈਂ ਨਹੀਂ ਜਾਣਾਦਾ ਇਸ ਦਾ ਨਤੀਜਾ ਕੀ ਨਿਕਲੇਗਾ ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ, ਤਾਂ ਅਸੀਂ ਨਵੀਂਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜੋ ਜਨਤਾ ਦੇ ਭਲੇ ਵਿੱਚ ਹੈ… ਨਾਕਿ ਸਿਰਫ਼ ਅਮੀਰ ਲੋਕਾਂ ਦੇ।”

ਬਿਆਨ ਤੋਂ ਛਿੜਿਆ ਵਿਵਾਦ

ਨਰਿੰਦਰ ਮੋਦੀ

ਤਸਵੀਰ ਸਰੋਤ, @BJP4INDIA/X

ਛੱਤੀਸਗੜ੍ਹ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, “ਜਦੋਂ ਤੱਕ ਤੁਸੀਂ ਜਿਉਂਦੇ ਹੋ, ਕਾਂਗਰਸ ਤੁਹਾਨੂੰ ਜ਼ਿਆਦਾ ਟੈਕਸ ਨਾਲ ਮਾਰੇਗੀ ਅਤੇ ਜਦੋਂ ਤੁਸੀਂ ਜਿਉਂਦੇ ਨਹੀਂ ਰਹੇ ਤਾਂ ਇਹ ਤੁਹਾਡੇ ਉੱਤੇ ਵਿਰਾਸਤੀ ਟੈਕਸ ਦਾ ਬੋਝ ਪਾਵੇਗੀ।”

ਉਨ੍ਹਾਂ ਨੇ ਕਿਹਾ, “ਪੂਰੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਪਣੀ ਜੱਦੀ ਜਾਇਦਾਦ ਸਮਝ ਕੇ ਆਪਣੇ ਬੱਚਿਆਂ ਨੂੰ ਦੇ ਦਿੱਤੀ, ਹੁਣ ਉਹ ਨਹੀਂ ਚਾਹੁੰਦੇ ਕਿ ਭਾਰਤੀ ਆਪਣੀ ਜਾਇਦਾਦ ਆਪਣੇ ਬੱਚਿਆਂ ਨੂੰ ਦੇਣ।”

ਪੀਐਮ ਨੇ ਕਿਹਾ, “ਹੁਣ ਕਾਂਗਰਸ ਦਾ ਕਹਿਣਾ ਹੈ ਕਿ ਉਹ ਵਿਰਾਸਤੀ ਟੈਕਸ ਲਗਾਏਗੀ, ਇਹ ਮਾਪਿਆਂ ਤੋਂ ਮਿਲੀ ਵਿਰਾਸਤ ‘ਤੇ ਵੀ ਟੈਕਸ ਲਗਾਏਗੀ। ਜੋ ਤੁਸੀਂ ਜਿਹੜੀ ਜਾਇਦਾਦ ਆਪਣੀ ਮਿਹਨਤ ਨਾਲ ਇਕੱਠੀ ਕੀਤੀ ਹੈ ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲੇਗੀ। ਕਾਂਗਰਸ ਦਾ ਪੰਜਾ ਉਹ ਵੀ ਲੁੱਟ ਲਵੇਗਾ। ਕਾਂਗਰਸ ਦਾ ਮੰਤਰ ਹੈ- ਕਾਂਗਰਸ ਦੀ ਲੁੱਟ…ਜਿੰਦਗੀ ਦੇ ਨਾਲ ਵੀ, ਜ਼ਿੰਦਗੀ ਤੋਂ ਬਾਅਦ ਵੀ।”

ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸੈਮ ਪਿਤਰੋਦਾ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ।

ਅਮਿਤ ਸ਼ਾਹ ਨੇ ਕਿਹਾ, “ਸਭ ਤੋਂ ਪਹਿਲਾਂ, (ਕਾਂਗਰਸ ਦੇ ਚੋਣ ਮਨੋਰਥ ਪੱਤਰ) ਵਿੱਚ ਸਰਵੇਖਣ, ਮਨਮੋਹਨ ਸਿੰਘ ਦਾ ਪੁਰਾਣਾ ਬਿਆਨ ਜੋ ਕਾਂਗਰਸ ਦੀ ਵਿਰਾਸਤ ਹੈ ਕਿ ‘ਸਾਡਾ ਮੰਨਣਾ ਹੈ ਕਿ ਦੇਸ਼ ਦੇ ਸਰੋਤਾਂ ‘ਤੇ ਘੱਟ ਗਿਣਤੀਆਂ ਦਾ ਪਹਿਲਾ ਹੱਕ ਹੈ’, ਅਤੇ ਹੁਣ ਕੌਣ ਨੇ ਆਪਣਾ ਮੈਨੀਫੈਸਟੋ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ, ਉਨ੍ਹਾਂ ਦਾ (ਸੈਮ ਪਿਤਰੋਦਾ) ਬਿਆਨ ਹੈ ਕਿ ਜਾਇਦਾਦ ਦੀ ਵੰਡ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।”

‘ਪਰ ਅੱਜ ਸੈਮ ਪਿਤਰੋਦਾ ਦੇ ਬਿਆਨ ਨੇ ਪੂਰੇ ਦੇਸ ਦੇ ਸਾਹਮਣੇ ਕਾਂਗਰਸ ਦਾ ਉਦੇਸ਼ ਸਪਸ਼ਟ ਕਰ ਦਿੱਤਾ ਹੈ ਕਿ ਨਿੱਜੀ ਜਾਇਦਾਦ ਦਾ ਸਰਵੇਖਣ ਕਰਕੇ, ਨਿੱਜੀ ਜਾਇਦਾਦ ਨੂੰ ਸਰਕਾਰੀ ਖਜ਼ਾਨੇ ਵਿੱਚ ਪਾ ਕੇ, ਜੋ ਉਨ੍ਹਾਂ ਨੇ ਯੂ.ਪੀ.ਏ. ਸਰਕਾਰ ਵਿੱਚ ਤੈਅ ਕੀਤਾ ਸੀ ਕਿ ਦੇਸ ਦੇ ਵਸੀਲਿਆਂ ਉੱਤੇ ਸਭ ਤੋਂ ਪਹਿਲਾ ਹੱਕ ਘੱਟ ਗਿਣਤੀਆਂ ਦਾ ਅਤੇ ਉਨ੍ਹਾਂ ਵਿੱਚੋਂ ਵੀ ਸਭ ਤੋਂ ਜ਼ਿਆਦਾ ਮੁਸਲਮਾਨਾਂ ਦਾ ਹੈ। ਉਸੇ ਤਰ੍ਹਾਂ ਇਸਦਾ ਬਟਵਾਰਾ ਕਰਨਾ ਚਾਹੁੰਦੀ ਹੈ। ਮੈਂ ਮੰਨਦਾ ਹਾਂ ਕਿ ਕਾਂਗਰਸ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚੋਂ ਇਸ ਗੱਲ ਨੂੰ ਵਾਪਸ ਲਵੇ ਜਾਂ ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਹੀ ਉਨ੍ਹਾਂ ਦਾ ਉਦੇਸ਼ ਹੈ।

ਕਾਂਗਰਸ ਨੂੰ ਦੇਣੀ ਪਈ ਸਫ਼ਾਈ

ਜੈਰਾਮ ਰਮੇਸ਼

ਤਸਵੀਰ ਸਰੋਤ, ANI

ਸੈਮ ਪਿਤਰੋਦਾ ਦੇ ਬਿਆਨ ਤੋਂ ਛਿੜੇ ਵਿਵਾਦ ਤੋਂ ਬਾਅਦ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਸੈਮ ਪਿਤਰੋਦਾ ਦੇ ਬਿਆਨ ਬਾਰੇ ਪਾਰਟੀ ਦਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ, “ਸੈਮ ਪਿਤਰੋਦਾ ਮੇਰੇ ਅਤੇ ਦੁਨੀਆ ਦੇ ਬਹੁਤ ਸਾਰੇ ਲੋਕਾਂ ਲਈ ਇੱਕ ਸਲਾਹਕਾਰ, ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਹਨ। ਉਨ੍ਹਾਂ ਨੇ ਭਾਰਤ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਨ।”

“ਪਿਤਰੋਦਾ ਜਿਨ੍ਹਾਂ ਮੁੱਦਿਆਂ ਬਾਰੇ ਬੋਲਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਉੱਤੇ ਅਜ਼ਾਦੀ ਨਾਲ ਆਪਣੇ ਵਿਚਾਰ ਰੱਖਦੇ ਹਨ। ਬੇਸ਼ੱਕ ਲੋਕਤੰਤਰ ਵਿੱਚ, ਹਰ ਵਿਅਕਤੀ ਨੂੰ ਆਪਣੇ ਨਿੱਜੀ ਵਿਚਾਰ ਰੱਖਣ ਅਤੇ ਚਰਚਾ ਕਰਨ ਦੀ ਹੈ।”

“ਇਸਦਾ ਮਤਲਬ ਇਹ ਨਹੀਂ ਹੈ ਕਿ ਪਿਤਰੋਦਾ ਦੇ ਵਿਚਾਰ ਹਮੇਸ਼ਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਿਤੀ ਨੂੰ ਬਿਆਨ ਕਰਦੇ ਹਨ। ਬਹੁਤ ਵਾਰ ਅਜਿਹਾ ਨਹੀਂ ਹੁੰਦਾ। ਉਨ੍ਹਾਂ ਦੇ ਬਿਆਨਾਂ ਨੂੰ ਸਨਸਨੀਖੇਜ਼ ਬਣਾਉਣਾ ਅਤੇ ਉਨ੍ਹਾਂ ਨੂੰ ਪ੍ਰਸੰਗ ਤੋਂ ਬਿਨਾਂ ਪੇਸ਼ ਕਰਨਾ ਨਰਿੰਦਰ ਮੋਦੀ ਦੇ ਦੁਰਭਾਵਨਾ ਅਤੇ ਨੁਕਸਾਨ ਪਹੁੰਚਾਉਣ ਵਾਲੇ ਉਸ ਚੋਣ ਪ੍ਰਚਾਰ ਤੋਂ ਧਿਆਨ ਭਟਕਾਉਣ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਜੋ ਸਿਰਫ ਝੂਠ ਅਤੇ ਜ਼ਿਆਦਾ ਝੂਠ ਦੇ ਸਹਾਰੇ ਹੈ।”

ਸੈਮ ਪਿਤਰੋਦਾ ਨੇ ਵਿਵਾਦ ‘ਤੇ ਕੀ ਕਿਹਾ?

ਸੈਮ ਪਿਤਰੋਦਾ

ਤਸਵੀਰ ਸਰੋਤ, SAM PITRODA/TWITTER

ਦੂਜੇ ਪਾਸੇ ਪਿਤਰੋਦਾ ਨੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਲਿਖਿਆ, ”ਇਹ ਬਦਕਿਸਮਤੀ ਹੈ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਬਾਰੇ ਜੋ ਕੁਝ ਮੈਂ ਨਿੱਜੀ ਤੌਰ ‘ਤੇ ਕਿਹਾ, ਉਸ ਨੂੰ ਪੀਐੱਮ ਮੋਦੀ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਧਿਆਨ ਹਟਾਉਣ ਲਈ ਗੋਦੀ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਪੀਐੱਮ ਦਾ ਮੰਗਲਸੂਤਰ ਅਤੇ ਸੋਨਾ ਖੋਹਣ ਵਾਲਾ ਬਿਆਨ ਸਪਸ਼ਟ ਤੌਰ ਉੱਤੇ ਸੱਚ ਨਹੀਂ ਹੈ।”

ਪਿਤਰੋਦਾ ਨੇ ਇਕ ਹੋਰ ਟਵੀਟ ਵਿੱਚ ਲਿਖਿਆ, “ਕਿਸ ਨੇ ਕਿਹਾ ਕਿ 55 ਫੀਸਦੀ ਜਾਇਦਾਦ ਖੋਹ ਲਈ ਜਾਵੇਗੀ? ਕਿਸ ਨੇ ਕਿਹਾ ਕਿ ਭਾਰਤ ਵਿੱਚ ਅਜਿਹਾ ਕੁਝ ਵੀ ਹੋਵੇਗਾ? ਭਾਜਪਾ ਅਤੇ ਮੀਡੀਆ ਇੰਨੇ ਘਬਰਾਏ ਕਿਉਂ ਹੋਏ ਹਨ?”

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਆਪਣੀ ਗੱਲਬਾਤ ਵਿੱਚ, ਵਿਰਾਸਤੀ ਟੈਕਸ ਦੀ ਮਿਸਾਲ ਮੈਂ ਸਿਰਫ ਅਮਰੀਕਾ ਲਈ ਦਿੱਤੀ ਸੀ। ਕੀ ਮੈਂ ਤੱਥ ਨਹੀਂ ਦੱਸ ਸਕਦਾ? ਮੈਂ ਕਿਹਾ ਕਿ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ‘ਤੇ ਚਰਚਾ ਕਰਨ ਦੀ ਲੋੜ ਹੈ। ਇਸ ਦਾ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦੀ ਨੀਤੀ ਨਾਲ ਕੋਈ ਲੈਣ-ਦੇਣ ਨਹੀਂ ਹੈ।

ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸੈਮ ਪਿਤਰੋਦਾ ਦੇ ਬਿਆਨਾਂ ਕਾਰਨ ਵਿਵਾਦ ਹੋਇਆ ਹੋਵੇ। ਪਹਿਲਾਂ ਵੀ ਕੁਝ ਮੌਕਿਆਂ ਉੱਤੇ ਅਜਿਹਾ ਹੋ ਚੁੱਕਿਆ ਹੈ। ਆਓ ਮਾਰਦੇ ਹਾਂ ਪਿਤਰੋਦਾ ਨਾਲ ਜਿੜੇ ਤਿੰਨ ਵਿਵਾਦ-

ਸੈਮ ਪਿਤਰੋਦਾ ਨਾਲ ਜੁੜੇ 3 ਵਿਵਾਦ

ਸੈਮ ਪਿਤਰੋਦਾ

ਤਸਵੀਰ ਸਰੋਤ, Getty Images

ਰਾਮ ਮੰਦਰ ਬਾਰੇ ਬਿਆਨ ਤੋਂ ਵਿਵਾਦ

ਪਿਛਲੇ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਸੈਮ ਨੇ ਅਮਰੀਕਾ ਵਿੱਚ ਬੋਲਦਿਆਂ ਰਾਮ ਮੰਦਰ ਬਾਰੇ ਟਿੱਪਣੀ ਕੀਤੀ ਸੀ।

ਸੈਮ ਪਿਤਰੋਦਾ ਨੇ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਿਹਾ ਕਿ ਰਾਮ ਮੰਦਰ ਅਤੇ ਹਨੂੰਮਾਨ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਸਕਦੇ।

ਉਨ੍ਹਾਂ ਨੇ ਕਿਹਾ, “ਸਾਨੂੰ ਬੇਰੁਜ਼ਗਾਰੀ, ਮਹਿੰਗਾਈ,ਸਿੱਖਿਆ, ਸਿਹਤ ਦੀ ਸਮੱਸਿਆ ਹੈ। ਕੋਈ ਇਨ੍ਹਾਂ ਮੁੱਦਿਆਂ ਬਾਰੇ ਗੱਲ ਨਹੀਂ ਕਰਦਾ ਪਰ ਹਰ ਕੋਈ ਰਾਮ, ਹਨੂੰਮਾਨ, ਮੰਦਰ ਬਾਰੇ ਗੱਲ ਕਰਦਾ ਹੈ। ਮੈਂ ਕਿਹਾ ਹੈ ਕਿ ਮੰਦਰ ਨੌਕਰੀਆਂ ਨਹੀਂ ਸਿਰਜਣ ਵਾਲੇ।”

ਪਿਤਰੋਦਾ ਨੇ ਕਿਹਾ ਕਿ ਮੋਦੀ ਸਰਕਾਰ ਵਿਕਾਸ ਅਤੇ ਆਰਥਿਕਤਾ ਨਾਲ ਜੁੜੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿਰਫ਼ ਧਾਰਮਿਕ ਮਾਮਲਿਆਂ ਨੂੰ ਹੀ ਉਠਾ ਰਹੀ ਹੈ।

ਉਨ੍ਹਾਂ ਕਿਹਾ ਕਿ ‘ਸਾਡੇ ਕੋਲ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ, ਸਿਹਤ ਆਦਿ ਸਮੱਸਿਆਵਾਂ ਹਨ ਪਰ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਹਰ ਕੋਈ ਰਾਮ ਮੰਦਰ ਅਤੇ ਹਨੂੰਮਾਨ ਦੀ ਗੱਲ ਕਰਦਾ ਹੈ। ਮੈਂ ਕਿਹਾ ਹੈ ਕਿ ਮੰਦਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਸਕਦੇ।

ਇਸੇ ਤਰ੍ਹਾਂ ਦਸੰਬਰ ਮਹੀਨੇ ਵਿੱਚ ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਦੇਸ ਦਾ ਅਸਲ ਮੁੱਦਾ ਨਹੀਂ ਹੈ। ਸਗੋਂ ਬੇਰੁਜ਼ਗਾਰੀ ਅਤੇ ਆਰਥਿਕਤਾ ਲੋਕਾਂ ਦੀ ਚਰਚਾ ਦਾ ਵਿਸ਼ਾ ਹੋਣੀ ਚਾਹੀਦੀ ਹੈ।

ਚੁਰਾਸੀ ਸਿੱਖ ਕਤਲੇਆਮ ਬਾਰੇ ਬਿਆਨ

1984 ਸਿੱਖ ਕਤਲੇਆਮ ਖਿਲਾਫ਼ ਮੁਜ਼ਾਹਰੇ ਦੀ ਤਸਵੀਰ

ਤਸਵੀਰ ਸਰੋਤ, AFP

ਮਈ 2019 ਵਿੱਚ ਜਦੋਂ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਮੂਲੀਅਤ ਬਾਰੇ ਸਵਾਲ ਕੀਤਾ ਗਿਆ। ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਹੋਇਆ ਤਾਂ ਹੋਇਆ, ਫਿਰ ਹੁਣ” ਹਾਲਾਂਕਿ ਇਸ ਬਿਆਨ ਵਿੱਚ ਉਨ੍ਹਾਂ ਨੇ ਮੋਦੀ ਸਰਕਾਰ ਜਿਸ ਨੂੰ ਉਦੋਂ ਸਰਕਾਰ ਵਿੱਚ ਆਇਆਂ 5 ਸਾਲ ਹੋ ਚੁੱਕੇ ਸਨ ਘੇਰਿਆ ਸੀ।

ਉਨ੍ਹਾਂ ਨੇ ਕਿਹਾ, ਹੁਣ ਕੀ ਹੈ ਚੁਰਾਸੀ ਦਾ? ਤੁਸੀਂ ਕੀ ਕੀਤਾ 5 ਸਾਲਾਂ ਵਿੱਚ ਉਸਦੀ ਗੱਲ ਕਰੋ। ਚੁਰਾਸੀ ਵਿੱਚ ਹੋਇਆ ਤਾਂ ਹੋਇਆ। ਤੁਹਾਨੂੰ ਨੌਕਰੀਆਂ ਪੈਦਾ ਕਰਨ ਲਈ ਵੋਟ ਦਿੱਤੀ ਗਈ ਸੀ। ਤੁਹਾਨੂੰ 200 ਸਮਾਰਟ ਸ਼ਹਿਰ ਬਣਾਉਣ ਲਈ ਵੋਟ ਦਿੱਤਾ ਗਿਆ ਸੀ। ਤੁਸੀਂ ਉਹ ਵੀ ਨਹੀਂ ਕੀਤਾ। ਤੁਸੀਂ ਕੁਝ ਵੀ ਨਹੀਂ ਕੀਤਾ, ਇਸ ਲਈ ਤੁਸੀਂ ਇਧਰ-ਉਧਰ ਗੱਪ ਲਾਉਂਦੇ ਹੋ।”

ਬਾਅਦ ਵਿੱਚ ਕਾਂਗਰਸ ਦੇ ਤਤਕਾਲੀ ਪ੍ਰਧਾਨ ਅਤੇ ਮੌਜੂਦਾ ਆਗੂ ਰਾਹੁਲ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੇ ਬਿਆਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹੀਦੀ ਹੈ।

ਰਾਹੁਲ ਗਾਂਧੀ ਨੇ ਕਿਹਾ, “1984 ਦਾ ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ, ਜਿਸ ਨੇ ਨਾ ਸਹਿਣ ਹੋਣ ਵਾਲਾ ਦਰਦ ਦਿੱਤਾ ਸੀ। ਮੈਂ ਮੰਨਦਾ ਹਾਂ ਕਿ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।”

“ਜੋ ਇਸ ਕਤਲੇਆਮ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤੇ ਸੋਨੀਆ ਗਾਂਧੀ ਇਸ ਬਾਰੇ ਮੁਆਫੀ ਮੰਗ ਚੁੱਕੇ ਹਨ।”

“ਅਸੀਂ ਆਪਣਾ ਸਟੈਂਡ ਸਾਫ਼ ਕਰ ਚੁੱਕੇ ਹਾਂ। ਮੈਂ ਸੈਮ ਪਿਤਰੋਦਾ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹੀਦੀ ਹੈ।”

ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਿਤਰੋਦਾ ਨੇ ਇਸ ਮਾਮਲੇ ‘ਚ ਮੁਆਫ਼ੀ ਮੰਗੀ ਅਤੇ ਕਿਹਾ ਕਿ ਜੋ ਹੋਇਆ ਉਹ ਮਾੜਾ ਸੀ। ‘ਬੁਰਾ’ ਸ਼ਬਦ ਦਾ ਅਨੁਵਾਦ ਉਸ ਸਮੇਂ ਉਸ ਦੇ ਧਿਆਨ ਵਿਚ ਨਹੀਂ ਸੀ ਆ ਸਕਿਆ।

ਪੁਲਵਾਮਾ ਹਮਲੇ ਬਾਰੇ ਵਿਵਾਦ

ਪੁਲਵਾਮਾ ਹਮਲਾ

ਤਸਵੀਰ ਸਰੋਤ, Getty Images

ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਲਈ ਪੂਰੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ।

ਉਨ੍ਹਾਂ ਨੇ ਮੁੰਬਈ ਹਮਲੇ ਲਈ ਪੂਰੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਵੀ ਗਲਤ ਦੱਸਿਆ।

ਪੁਲਵਾਮਾ ਹਮਲੇ ਬਾਰੇ ਸੈਮ ਪਿਤਰੋਦਾ ਨੇ ਕਿਹਾ, “ਮੈਨੂੰ ਹਮਲੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਹ ਕਿਸੇ ਵੀ ਤਰ੍ਹਾਂ ਦੇ ਹਮਲੇ ਵਾਂਗ ਹੈ। ਅਜਿਹਾ ਮੁੰਬਈ ਵਿੱਚ ਵੀ ਹੋਇਆ। ਅਸੀਂ ਇਸ ਵਾਰ ਪ੍ਰਤੀਕਿਰਿਆ ਦਿੱਤੀ ਅਤੇ ਕੁਝ ਜਹਾਜ਼ ਭੇਜੇ, ਪਰ ਇਹ ਸਹੀ ਤਰੀਕਾ ਨਹੀਂ ਹੈ।”

ਸੈਮ ਪਿਤਰੋਦਾ ਨੇ ਕਿਹਾ, “ਪੁਲਵਾਮਾ ਹਮਲੇ ਲਈ ਪੂਰੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ। ਕੁਝ ਲੋਕਾਂ ਦੀਆਂ ਗਲਤੀਆਂ ਦੀ ਸਜ਼ਾ ਪੂਰੇ ਦੇਸ਼ ਨੂੰ ਨਹੀਂ ਮਿਲਣੀ ਚਾਹੀਦੀ। ਇਸੇ ਤਰ੍ਹਾਂ ਮੁੰਬਈ ਵਿਚ (26/11 ਅੱਤਵਾਦੀ ਹਮਲਾ) 8 ਜਣੇ ਆ ਕੇ ਹਮਲਾ ਕਰਦੇ ਹਨ। ਇਸਦੇ ਲਈ ਅਸੀਂ ਪੂਰੇ ਦੇਸ (ਪਾਕਿਸਤਾਨ) ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਜੇਕਰ ਕੁਝ ਲੋਕ ਇੱਥੇ ਆ ਕੇ ਹਮਲਾ ਕਰਦੇ ਹਨ, ਤਾਂ ਅਸੀਂ ਇਸ ਲਈ ਕਿਸੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਮੈਂ ਨਹੀਂ ਮੰਨਦਾ ਕਿ ਇਹ ਸਹੀ ਤਰੀਕਾ ਹੈ।”

ਸੈਮ ਪਿਤਰੋਦਾ ਕੌਣ ਹਨ?

ਸਾਬਕਾ ਕੇਂਦਰੀ ਮੰਤਰੀ ਅਰਜੁਨ ਸਿੰਘ ਨਾਲ ਸੈਮ ਪਿਤਰੋਦਾ

ਤਸਵੀਰ ਸਰੋਤ, SAM PITRODA

ਰਿਪੋਰਟ ਦਾ ਇਹ ਹਿੱਸਾ ਰਿਹਾਨ ਫਜ਼ਲ ਦੀ ਰਿਪੋਰਟ ਉੱਤੇ ਅਧਾਰਿਤ ਹੈ।

ਭਾਰਤੀ ਸੂਚਨਾ ਕ੍ਰਾਂਤੀ ਦੇ ਮੋਢੀ ਮੰਨੇ ਜਾਣ ਵਾਲੇ ਸੈਮ ਪਿਤਰੋਦਾ ਦਾ ਪੂਰਾ ਨਾਂ ਸਤਿਆਨਾਰਾਇਣ ਗੰਗਾਰਾਮ ਪਿਤਰੋਦਾ ਹੈ। ਪਿਤਰੋਦਾ, 4 ਮਈ, 1942 ਨੂੰ ਤਿਤਲਾਗੜ੍ਹ, ਉੜੀਸਾ ਵਿੱਚ ਪੈਦਾ ਹੋਇਆ, ਉਹ ਇੱਕ ਭਾਰਤੀ ਖੋਜਕਾਰ, ਵਪਾਰੀ ਅਤੇ ਨੀਤੀ ਨਿਰਮਾਤਾ ਹਨ।

ਕਿਸੇ ਸਮੇਂ ਸੈਮ ਦਾ ਮਨਪਸੰਦ ਸ਼ੌਕ ਸੀ ਕਿ ਉਹ ਆਪਣੇ ਘਰ ਦੇ ਸਾਹਮਣਿਓਂ ਲੰਘਦੀ ਰੇਲਵੇ ਲਾਈਨ ਉੱਤੇ ਦਸ ਪੈਸੇ ਦਾ ਸਿੱਕਾ ਰੱਖ ਦਿੰਦੇ ਅਤੇ ਰੇਲ ਗੱਡੀ ਦੇ ਲੰਘਣ ਤੋਂ ਬਾਅਦ ਉਹ ਕੁਚਲਿਆ ਹੋਇਆ ਸਿੱਕਾ ਲੱਭ ਕੇ ਇਕੱਠਾ ਕਰ ਲੈਂਦੇ।

ਸੈਮ ਦੇ ਪਿਤਾ ਚਾਹੁੰਦੇ ਸਨ ਕਿ ਉਹ ਗੁਜਰਾਤੀ ਅਤੇ ਅੰਗਰੇਜ਼ੀ ਸਿੱਖਣ। ਇਸ ਲਈ, ਉਨ੍ਹਾਂ ਨੇ ਸੈਮ ਨੂੰ ਅਤੇ ਉਨ੍ਹਾਂ ਦੇ ਵੱਡੇ ਭਰਾ ਮਾਨੇਕ ਨੂੰ ਪਹਿਲਾਂ ਗੁਜਰਾਤ ਦੇ ਵਿਦਿਆਨਗਰ ਦੇ ਸ਼ਾਰਦਾ ਮੰਦਰ ਬੋਰਡਿੰਗ ਸਕੂਲ ਅਤੇ ਫਿਰ ਬੜੌਦਾ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਿਆ।

ਉਥੋਂ ਉਸ ਨੇ ਭੌਤਿਕ ਵਿਗਿਆਨ ਵਿੱਚ ਐੱਮ.ਐੱਸਸੀ ਦੀ ਪ੍ਰੀਖਿਆ ਅਵੱਲ ਦਰਜੇ ਵਿੱਚ ਪਾਸ ਕੀਤੀ। ਉੱਥੇ ਉਹ ਆਪਣੀ ਹੋਣ ਵਾਲੀ ਪਤਨੀ ਅਨੂ ਛਾਇਆ ਨੂੰ ਮਿਲੇ।

1974 ਵਿੱਚ, ਉਨ੍ਹਾਂ ਨੇ ਵਿਸਕੌਮ ਸਵਿਚਿੰਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜੋ ਦੁਨੀਆ ਦੀਆਂ ਪਹਿਲੀਆਂ ਡਿਜੀਟਲ ਕੰਪਨੀਆਂ ਵਿੱਚੋਂ ਇੱਕ ਹੈ। ਰੌਕਵੈਲ ਇੰਟਰਨੈਸ਼ਨਲ ਨੇ ਇਸਨੂੰ 1980 ਵਿੱਚ ਖਰੀਦਿਆ ਸੀ। ਸੈਮ ਇਸ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਬਣੇ ਅਤੇ ਇਸ ਵਿਚ ਹਿੱਸੇਦਾਰੀ ਵੀ ਹਾਸਲ ਕੀਤੀ।

ਸੈਮ ਪਿਤਰੋਦਾ

ਤਸਵੀਰ ਸਰੋਤ, SAM PITRODA

ਬਾਅਦ ਵਿੱਚ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਅਤੇ ਮੁਆਵਜ਼ੇ ਵਿੱਚ ਚਾਲੀ ਲੱਖ ਡਾਲਰ ਪ੍ਰਾਪਤ ਕੀਤੇ। ਉਹ 1980 ਵਿੱਚ ਦਿੱਲੀ ਆ ਗਏ।

ਵਾਪਸੀ ਉੱਤੇ ਉਹ ਦਿੱਲੀ ਦੇ ਸਭ ਤੋਂ ਮਹਿੰਗੇ ਹੋਟਲ ਤਾਜ ਵਿੱਚ ਰੁਕੇ ਪਰ ਇੱਥੇ ਦੇਖਿਆ ਕਿ ਦੇਸ ਵਿੱਚ ਫੋਨ ਲਾਸ਼ਾਂ ਵਾਂਗ ਪਏ ਹਨ ਅਤੇ ਕੰਮ ਨਹੀਂ ਕਰਦੇ। ਫਿਰ ਉਨ੍ਹਾਂ ਦੇ ਦੇਸ ਦੀ ਟੈਲੀਫੋਨ ਪ੍ਰਣਾਲੀ ਬਦਲਣ ਦਾ ਫੈਸਲਾ ਕੀਤਾ।

26 ਅਪ੍ਰੈਲ 1984 ਨੂੰ ਕੇਂਦਰੀ ਮੰਤਰੀ ਮੰਡਲ ਨੇ ਸੀ-ਡੌਟ ਦੀ ਸ਼ੁਰੂਆਤ ਨੂੰ ਪ੍ਰਵਾਨਗੀ ਦਿੱਤੀ। ਸੈਮ ਨੂੰ ਇੱਕ ਰੁਪਏ ਦੀ ਸਾਲਾਨਾ ਤਨਖਾਹ ‘ਤੇ ਇਸਦਾ ਮੁਖੀ ਬਣਾਇਆ ਗਿਆ ਸੀ।

ਸੈਮ ਦੱਸਦੇ ਹਨ, “ਰੂਜ਼ਵੈਲਟ ਦੇ ਸਮੇਂ ਵਿੱਚ, ਅਮਰੀਕਾ ਵਿੱਚ ਲੋਕਾਂ ਨੇ ਦੇਸ ਲਈ ਆਪਣੀਆਂ ਮੁਫਤ ਸੇਵਾਵਾਂ ਦਿੱਤੀਆਂ ਸਨ। ਇੱਥੇ ਸਾਡੇ ਦੋਸਤਾਂ, ਰਜਨੀ ਕੋਠਾਰੀ, ਆਸ਼ੀਸ਼ ਨੰਦੀ, ਧੀਰੂ ਭਾਈ ਸੇਠ, ਸਭ ਨੇ ਕਿਹਾ ਕਿ ਜੇਕਰ ਤੁਸੀਂ ਦੇਸ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਦਿਲ ਲਾ ਕੇ ਕੰਮ ਕਰੋ।”

ਗਰਾਫਿਕਸ

ਉਹ ਕਹਿੰਦੇ ਹਨ, “ਮੈਂ ਸੋਚਿਆ ਕਿ ਇਹ ਸਮਾਂ ਭਾਰਤ ਨੂੰ ਦੇਣ ਦਾ ਹੈ, ਲੈਣ ਦਾ ਨਹੀਂ। ਭਾਰਤ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਮੈਂ ਇੱਥੋਂ ਦਸ ਡਾਲਰ ਵਿੱਚ ਫਿਜ਼ਿਕਸ ਵਿੱਚ ਮਾਸਟਰਜ਼ ਕੀਤਾ ਸੀ। ਉਨ੍ਹਾਂ ਸਮਿਆਂ ਵਿੱਚ ਤਨਖਾਹ ਬਹੁਤੀ ਨਹੀਂ ਸੀ। ਦਸ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਨਾਲ ਮੈਂ ਕੀ ਕਰਦਾ?”

ਉਹ ਦੱਸਦੇ ਹਨ, “ਸ਼ੁਰੂਆਤ ਵਿੱਚ ਫਰਨੀਚਰ ਨਹੀਂ ਸੀ। ਅਸੀਂ ਛੇ ਮਹੀਨੇ ਮੰਜਿਆਂ ‘ਤੇ ਬੈਠ ਕੇ ਕੰਮ ਕੀਤਾ। ਅਸੀਂ 400 ਨੌਜਵਾਨ ਇੰਜਨੀਅਰ ਭਰਤੀ ਕੀਤੇ। ਉਨ੍ਹਾਂ ਨੂੰ ਟਰੇਨਿੰਗ ਦਿੱਤੀ ਗਈ। ਪਤਾ ਲੱਗਾ ਕਿ ਉਨ੍ਹਾਂ ਵਿੱਚ ਕੋਈ ਕੁੜੀ ਨਹੀਂ ਸੀ। ਫਿਰ ਕੁੜੀਆਂ ਨੂੰ ਲਿਆਂਦਾ ਗਿਆ।”

ਕੁਝ ਮਹੀਨਿਆਂ ਵਿੱਚ ਹੀ ਭਾਰਤ ਦੀ ਹਰ ਗਲੀ-ਮੁਹੱਲੇ ਵਿੱਚ ਪੀਲੇ ਐੱਸਟੀਡੀ ਜਾਂ ਪੀਸੀਓ ਬੂਥ ਦਿਖਾਈ ਦੇਣ ਲੱਗੇ। ਇਸ ਪੂਰੀ ਮੁਹਿੰਮ ਵਿੱਚ 20 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ, ਖਾਸ ਕਰਕੇ ਪਛੜੇ ਅਤੇ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਨੂੰ।

1990 ਦੇ ਦਹਾਕੇ ਵਿੱਚ, ਪਿਤਰੋਦਾ ਇੱਕ ਵਾਰ ਫਿਰ ਆਪਣੇ ਵਪਾਰਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਮਰੀਕਾ ਗਏ ਅਤੇ ਉੱਥੇ ਲੰਬੇ ਸਮੇਂ ਤੱਕ ਤਕਨੀਕੀ ਖੋਜ ਕਰਦੇ ਰਹੇ।

2004 ਵਿੱਚ, ਜਦੋਂ ਯੂਪੀਏ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੈਮ ਪਿਤਰੋਦਾ ਨੂੰ ਦੁਬਾਰਾ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਭਾਰਤੀ ਗਿਆਨ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ।

ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਪਿਤਰੋਦਾ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ 2009 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਿਤਰੋਦਾ 1992 ਵਿੱਚ ਸੰਯੁਕਤ ਰਾਸ਼ਟਰ ਦੇ ਸਲਾਹਕਾਰ ਵੀ ਸਨ।

source : BBC PUNJABI