Home ਰਾਸ਼ਟਰੀ ਖ਼ਬਰਾਂ ਪੰਜਾਬ ਦਾ ਸਮਾਰਟ ਸਕੂਲ, ਜਿੱਥੇ ਇੱਕ ਹੀ ਵਿਦਿਆਰਥੀ ਤੇ ਇੱਕ ਹੀ ਹੈ...

ਪੰਜਾਬ ਦਾ ਸਮਾਰਟ ਸਕੂਲ, ਜਿੱਥੇ ਇੱਕ ਹੀ ਵਿਦਿਆਰਥੀ ਤੇ ਇੱਕ ਹੀ ਹੈ ਅਧਿਆਪਕ… ਕਿਵੇਂ ਚੱਲਦਾ ਹੈ ਇਹ ਸਕੂਲ

1
0

Source :- BBC PUNJABI

ਬਠਿੰਡਾ ਸਰਕਾਰੀ ਸਕੂਲ

ਤਸਵੀਰ ਸਰੋਤ, BBC/Surinder Mann

ਭਿੰਦਰ ਸਿੰਘ ਪੰਜਵੀਂ ਜਮਾਤ ਵਿੱਚ ਪੜ੍ਹਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਪੂਰੇ ਸਕੂਲ ਵਿੱਚ ਹੋਰ ਕੋਈ ਵੀ ਵਿਦਿਆਰਥੀ ਨਹੀਂ ਹੈ ਜਿਹੜਾ ਉਨ੍ਹਾਂ ਦਾ ਸਾਥੀ ਬਣੇ।

ਇਹ ਸਕੂਲ ਕਰੀਬ ਤਿੰਨ ਕਨਾਲ ਦੇ ਰਕਬੇ ਵਿੱਚ ਬਣਿਆ ਹੈ ਅਤੇ ਇਸ ਵਿੱਚ 7 ਕਮਰੇ ਹਨ।

ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਹੀ ਅਧਿਆਪਕ ਤਾਇਨਾਤ ਹੈ।

ਇਹ ਸਕੂਲ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦਾ ਹੈ।

  • ਲੇਖਕ, ਸੁਰਿੰਦਰ ਸਿੰਘ ਮਾਨ
  • ਰੋਲ, ਬੀਬੀਸੀ ਸਹਿਯੋਗੀ
  • 11 ਫ਼ਰਵਰੀ 2024, 08:56 IST

    ਅਪਡੇਟ ਇੱਕ ਘੰਟਾ ਪਹਿਲਾਂ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗਰਾਂਟ ਦੇ ਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਇਆ ਗਿਆ ਸੀ, ਪਰ ਇੱਥੋਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਭੇਜਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ।

ਅਜਿਹਾ ਵੀ ਨਹੀਂ ਹੈ ਕੇ ਇਸ ਸਕੂਲ ਵਿੱਚ ਸਹੂਲਤਾਂ ਦੀ ਕਮੀ ਹੈ। ਸਕੂਲ ਵਿੱਚ ਸਮਾਰਟ ਕਲਾਸ ਲਈ ਪ੍ਰੋਜੈਕਟਰ ਦੇ ਨਾਲ-ਨਾਲ ਲਾਇਬ੍ਰੇਰੀ ਵੀ ਹੈ।

ਸਕੂਲ ਵਿੱਚ ਖੇਡ ਮੈਦਾਨ ਵੀ ਹੈ ਪਰ ਇੱਥੇ ਭਿੰਦਰ ਦੇ ਨਾਲ ਖੇਡਣ ਲਈ ਕੋਈ ਹੋਰ ਵਿਦਿਆਰਥੀ ਨਹੀਂ ਹੈ।

ਭਿੰਦਰ ਸਿੰਘ

ਤਸਵੀਰ ਸਰੋਤ, BBC/ Surinder Mann

ਉਹ ਹੋਰਾਂ ਵਿਦਿਆਰਥੀਆਂ ਨਾਲ ਰਲ ਕੇ ਪੜ੍ਹਾਈ ਨਹੀਂ ਕਰ ਸਕਦਾ, ਇਸੇ ਲਈ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ।

ਭਿੰਦਰ ਸਿੰਘ ਕਹਿੰਦੇ ਹਨ, “ਜਦੋਂ ਮੈਡਮ ਮੈਨੂੰ ਪੜ੍ਹਾਉਂਦੇ ਹਨ ਤਾਂ ਮੈਨੂੰ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝਣੀ ਪੈਂਦੀ ਹੈ ਕਿਉਂਕਿ ਮੇਰੇ ਨਾਲ ਕੋਈ ਸਹਿਪਾਠੀ ਨਾ ਹੋਣ ਕਾਰਨ ਮੈਂ ਦੁਬਾਰਾ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਸਕਦਾ।”

ਇਸ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੀ ਹਾਜ਼ਰੀ ਲਈ ਲਗਾਏ ਗਏ ‘ਰੋਜ਼ਾਨਾ ਹਾਜ਼ਰੀ ਬੋਰਡ’ ਉੱਪਰ ਸਾਫ ਦਰਜ ਹੁੰਦਾ ਹੈ ਕਿ ਸਿਰਫ ਪੰਜਵੀ ਜਮਾਤ ਦਾ ਇੱਕ ਵਿਦਿਆਰਥੀ ਹਾਜ਼ਰ ਹੈ।

ਬੀਬੀਸੀ

ਭਿੰਦਰ ਸਿੰਘ ਕਹਿੰਦੇ ਹਨ, “ਮੇਰੇ ਮੈਡਮ ਹੀ ਮੇਰੇ ਸਹਿਪਾਠੀ ਹਨ ਅਤੇ ਨਾਲ ਹੀ ਮੇਰੇ ਖੇਡਾਂ ਦੇ ਕੋਚ ਵੀ ਹਨ। ਮੇਰੀ ਖੇਡਾਂ ਵਿੱਚ ਦਿਲਚਸਪੀ ਹੋਣ ਦੇ ਬਾਵਜੂਦ ਮੈਂ ਸਕੂਲ ਦੀ ਕਿਸੇ ਟੀਮ ਵਿੱਚ ਨਹੀਂ ਖੇਡ ਸਕਦਾ। ਮੈਂ ਸਕੂਲ ਵਿੱਚ ਫੁੱਟਬਾਲ ਖੇਡਦਾ ਹਾਂ ਪਰ ਇਕੱਲਾ ਹੀ। ਮੈਂ ਸਕੂਲੀ ਖੇਡਾਂ ਵਿੱਚ ਕੇਵਲ ਦੌੜਾਂ ਵਿੱਚ ਹੀ ਹਿੱਸਾ ਲੈ ਸਕਦਾ ਹਾਂ।”

ਇਸ ਪਿੰਡ ਦੇ ਲੋਕ ਭਾਵੇਂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਬਠਿੰਡਾ, ਗੋਨੇਆਣਾ ਮੰਡੀ ਜਾਂ ਇਲਾਕੇ ਵਿੱਚ ਬਣੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਰਹੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਸੰਸਾ ਵੀ ਹੈ ਕਿ ਕਿਧਰੇ ਬੱਚਿਆਂ ਦੀ ਕਮੀ ਕਾਰਨ ਪਿੰਡ ਦਾ ਸਕੂਲ ਬੰਦ ਹੀ ਨਾ ਹੋ ਜਾਵੇ।

ਸਕੂਲ ਦਾ ਹਾਜ਼ਰੀ ਬੋਰਡ

ਤਸਵੀਰ ਸਰੋਤ, BBC/ Surinder Mann

‘ਪੁੱਤ ਦਾ ਇਕੱਲਾਪਣ ਦੂਰ ਕਰਨ ਲਈ ਮੈਂ ਵੀ ਸਕੂਲ ਜਾਂਦਾ ਹਾਂ’

ਭਿੰਦਰ ਸਿੰਘ ਦੇ ਪਿਤਾ ਬੱਚਿਤਰ ਸਿੰਘ ਵੀ ਆਪਣੇ ਪੁੱਤਰ ਦੇ ਸਕੂਲ ਵਿੱਚ ਇਕੱਲੇਪਣ ਨੂੰ ਮਹਿਸੂਸ ਕਰਦੇ ਹਨ।

ਉਹ ਕਹਿੰਦੇ ਹਨ, “ਮੈਂ ਆਪਣੇ ਖੇਤੀ ਦੇ ਕੰਮ ਵਿੱਚੋਂ ਸਮਾਂ ਕੱਢ ਕੇ ਅਕਸਰ ਹੀ ਸਕੂਲ ਵਿੱਚ ਬੈਠਦਾ ਹਾਂ। ਇਸ ਨਾਲ ਮੇਰੇ ਪੁੱਤਰ ਦਾ ਸਕੂਲ ਵਿੱਚ ਦਿਲ ਲੱਗਿਆ ਰਹਿੰਦਾ ਹੈ। ਦੂਜਾ ਇਸ ਨਾਲ ਸਕੂਲ ਸਮੇਂ ਵਿੱਚ ਅਧਿਆਪਕ ਅਤੇ ਬੱਚੇ ਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ।”

ਉਨ੍ਹਾਂ ਦੱਸਿਆ, “ਪਰ ਮੇਰੇ ਲਈ ਹਰ ਰੋਜ਼ ਇਹ ਬਹੁਤ ਔਖਾ ਹੈ। ਮੈਂ ਖੁਦ ਪਿੰਡ ਵਿੱਚ ਜਾ ਕੇ ਕਈ ਪਰਿਵਾਰਾਂ ਨਾਲ ਸੰਪਰਕ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਪਰ ਹਾਲੇ ਤੱਕ ਮੇਰੀ ਕੋਸ਼ਿਸ਼ ਨੂੰ ਬੂਰ ਨਹੀਂ ਪਿਆ ਹੈ”।

ਭਿੰਦਰ ਸਿੰਘ ਦੇ ਪਿਤਾ ਬਚਿੱਤਰ ਸਿੰਘ

ਤਸਵੀਰ ਸਰੋਤ, BBC/ Surinder Mann

ਬਚਿੱਤਰ ਸਿੰਘ ਚਿੰਤਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਭਿੰਦਰ ਸਿੰਘ ਪੰਜਵੀਂ ਜਮਾਤ ਪਾਸ ਕਰਕੇ ਅਗਲੀ ਪੜ੍ਹਾਈ ਲਈ ਹਾਈ ਸਕੂਲ ਵਿੱਚ ਚਲਾ ਗਿਆ ਤਾਂ ਫਿਰ ਪਿੰਡ ਦੇ ਸਕੂਲ ਨੂੰ ਜਿੰਦਰਾ ਲੱਗ ਸਕਦਾ ਹੈ।

‘ਦਾਖ਼ਲੇ ਲਈ ਘਰ-ਘਰ ਗਈ’

ਸਰਬਜੀਤ ਕੌਰ

ਤਸਵੀਰ ਸਰੋਤ, BBC/ Surinder Mann

ਸਰਬਜੀਤ ਕੌਰ ਇਸ ਸਕੂਲ ਵਿੱਚ ਪਿਛਲੇ ਡੇਢ ਸਾਲ ਤੋਂ ਬਤੌਰ ਈਟੀਟੀ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ।

ਉਹ ਕਹਿੰਦੇ ਹਨ, “ਜਦੋਂ ਮੇਰੀ ਬਦਲੀ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੋਈ ਸੀ ਤਾਂ ਮੈਂ ਇੱਥੇ ਇਹ ਦੇਖ ਕੇ ਦੰਗ ਰਹਿ ਗਈ ਸੀ ਕੇ ਸਕੂਲ ਵਿੱਚ ਪੜ੍ਹਨ ਵਾਲਾ ਸਿਰਫ ਇੱਕ ਹੀ ਬੱਚਾ ਸੀ। ਮੇਰੇ ਤੋਂ ਬਗੈਰ ਸਕੂਲ ਵਿੱਚ ਕੋਈ ਹੋਰ ਕਲਰਕ ਜਾਂ ਸਫਾਈ ਸੇਵਕ ਵੀ ਨਹੀਂ ਹੈ।”

ਉਨ੍ਹਾਂ ਦੱਸਿਆ, “ਮੈਂ ਪਿਛਲਾ ਸਾਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਮੰਨੀ।”

ਇਹ ਵੀ ਪੜ੍ਹੋ-

ਕਿਉਂ ਨਹੀਂ ਆ ਰਹੇ ਹੋਰ ਬੱਚੇ?

ਪਿੰਡ ਕੋਠੇ ਦਾਨ ਸਿੰਘ ਵਾਲਾ ਦਾ ਸਰਕਾਰੀ ਸਕੂਲ

ਤਸਵੀਰ ਸਰੋਤ, BBC/ Surinder Mann

ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਨਾਲ ਲਗਦੇ ਖੇਤਾਂ ਵਿੱਚ 100 ਦੇ ਕਰੀਬ ਘਰ ਹਨ।

ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਮੁੱਖ ਤੌਰ ਤੇ ਇਹੀ ਗੱਲ ਉਭਰ ਕੇ ਸਾਹਮਣੇ ਆਈ ਕਿ ਲੋਕ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿੱਚ ਭੇਜਣ ਨੂੰ ਤਰਜੀਹ ਦਿੰਦੇ ਹਨ।

ਪਿੰਡ ਵਿੱਚ ਰਹਿੰਦੇ ਸੁਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਮਾਪਿਆਂ ਵਿੱਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਵਿਚ ਵੱਧ ਦਿਲਚਸਪੀ ਹੈ।

ਉਹ ਕਹਿੰਦੇ ਹਨ, “ਅਸਲ ਵਿੱਚ ਸਾਡੇ ਪਿੰਡ ਵਿੱਚ ਜ਼ਿਮੀਦਾਰੀ ਕਿੱਤੇ ਨਾਲ ਸਬੰਧ ਰੱਖਦੇ ਪਰਿਵਾਰਾਂ ਦੀ ਬਹੁਤਾਤ ਹੈ। ਉਹ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਰਹੇ ਹਨ।”

ਉਨ੍ਹਾਂ ਅੱਗੇ ਦੱਸਿਆ, “ਮਜ਼ਦੂਰ ਵਰਗ ਨਾਲ ਸਬੰਧਤ ਕੋਈ ਵੀ ਘਰ ਸਾਡੇ ਪਿੰਡ ਵਿੱਚ ਨਹੀਂ ਹੈ। ਇਸ ਇਲਾਕੇ ਵਿੱਚ ਜ਼ਿਆਦਾਤਰ ਮਜ਼ਦੂਰਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਜਾਂਦੇ ਹਨ। ਸਾਡੇ ਪਿੰਡ ਵਿੱਚ ਬੱਚਿਆਂ ਦੇ ਦਾਖ਼ਲ ਨਾ ਹੋਣ ਦਾ ਮੁੱਖ ਕਾਰਨ ਇਹ ਹੀ ਹੈ।”

‘ਸਫ਼ਾਈ ਅਤੇ ਮਿਡ-ਡੇ ਮੀਲ ਦੀ ਜ਼ਿੰਮੇਵਾਰੀ ਵੀ ਮੇਰੀ’

ਸਰਕਾਰੀ ਸਕੂਲ

ਤਸਵੀਰ ਸਰੋਤ, BBC/ Surinder Mann

ਸਰਬਜੀਤ ਕੌਰ ਵੀ ਸਕੂਲ ਵਿੱਚ ਇਕੱਲਾਪਣ ਹੋਣ ਦੀ ਗੱਲ ਨੂੰ ਦੁਹਰਾਉਂਦੇ ਹਨ।

ਉਨ੍ਹਾਂ ਦੱਸਿਆ, “ਜਿਸ ਦਿਨ ਭਿੰਦਰ ਸਿੰਘ ਸਕੂਲ ਨਹੀਂ ਆਉਂਦਾ ਉਸ ਦਿਨ ਮੈਨੂੰ ਇਕੱਲੀ ਨੂੰ ਹੀ ਸਕੂਲ ਵਿੱਚ ਬੈਠਣਾ ਪੈਂਦਾ ਹੈ। ਪਿਛਲੇ ਦਿਨੀਂ ਪਈ ਧੁੰਦ ਦੇ ਦਿਨਾਂ ਵਿੱਚ ਇਹ ਸਮਾਂ ਸਕੂਲ ਵਿੱਚ ਕੱਟਣਾ ਮੇਰੇ ਲਈ ਕਾਫੀ ਔਖਾ ਸਾਬਤ ਹੋਇਆ।”

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਸਰਬਜੀਤ ਕੌਰ ਕਹਿੰਦੇ ਹਨ, “ਸਕੂਲ ਵਿੱਚ ਸਮੇਂ-ਸਮੇਂ ‘ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਆਉਂਦੇ ਰਹਿੰਦੇ ਹਨ। ਅਧਿਕਾਰੀ ਹਰ ਵਾਰ ਪਿੰਡ ਦੇ ਮੁਹਤਬਰ ਲੋਕਾਂ ਨੂੰ ਮਿਲ ਕੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਭੇਜਣ ਦੀ ਅਪੀਲ ਕਰਦੇ ਹਨ।”

“ਮੇਰੀ ਡਿਊਟੀ ਵਿੱਚ ਪੜ੍ਹਾਉਣ ਤੋਂ ਇਲਾਵਾ ਸਵੇਰੇ ਸਕੂਲ ਦਾ ਮੇਨ ਗੇਟ ਅਤੇ ਕਮਰਿਆਂ ਦੇ ਜਿੰਦਰੇ ਖੋਲ੍ਹਣਾ ਵੀ ਹੈ। ਮੈਨੂੰ ਸਕੂਲ ਦੀ ਸਾਫ ਸਫਾਈ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਬੱਚੇ ਲਈ ਮਿਡ-ਡੇ-ਮੀਲ ਦੀ ਨਿਗਰਾਨੀ ਵੀ ਮੈਂ ਖ਼ੁਦ ਕਰਦੀ ਹਾਂ।”

ਸਰਕਾਰੀ ਸਕੂਲ

ਤਸਵੀਰ ਸਰੋਤ, BBC/ Surinder Mann

ਪਿੰਡ ਕੋਠੇ ਬੁੱਧ ਸਿੰਘ ਵਾਲਾ ਦਾ ਸਕੂਲੀ ਰਿਕਾਰਡ ਦੱਸਦਾ ਹੈ ਕਿ ਸਾਲ 2023 ਵਿੱਚ ਸਕੂਲ ‘ਚ ਸਿਰਫ਼ 3 ਬੱਚਿਆਂ ਨੇ ਦਾਖ਼ਲਾ ਲਿਆ ਸੀ।

ਸਰਬਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਾਖਲਿਆਂ ਤੋਂ ਕੁਝ ਸਮੇਂ ਬਾਅਦ ਹੀ 2 ਵਿਦਿਆਰਥੀ ਸਕੂਲ ਛੱਡ ਗਏ ਅਤੇ ਭਿੰਦਰ ਸਿੰਘ ਹੀ ਇਕੱਲਾ ਵਿਦਿਆਰਥੀ ਰਹਿ ਗਿਆ।

ਹੈਰਾਨੀਜਨਕ ਗੱਲ ਇਹ ਵੀ ਹੈ ਕਿ ਸੂਬੇ ਦੇ ਬਹੁਤੇ ਸਕੂਲਾਂ ਵਿੱਚ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕੇ ਬੱਚਿਆਂ ਦੀ ਗਿਣਤੀ ਦੇ ਮੁਕਾਬਲੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਪਰ ਇਸ ਪਿੰਡ ਵਿੱਚ ਅਧਿਆਪਕਾਂ ਦੀ ਘੱਟ ਸਗੋਂ ਬੱਚਿਆਂ ਦੀ ਕਮੀ ਜ਼ਿਆਦਾ ਖਟਕਦੀ ਹੈ।

ਸਿੱਖਿਆ ਵਿਭਾਗ ਕੀ ਕਰ ਰਿਹਾ

ਬੀਬੀਸੀ

ਤਸਵੀਰ ਸਰੋਤ, BBC Punjabi

ਸਕੂਲ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਬਲਾਕ ਸਿੱਖਿਆ ਅਫਸਰ ਅਤੇ ਸੈਂਟਰ ਹੈਡ ਟੀਚਰ ਦੀ ਅਗਵਾਈ ਵਾਲੀ ਸਿੱਖਿਆ ਵਿਭਾਗ ਦੀ ਇੱਕ ਟੀਮ ਨੇ ਸਕੂਲ ਦਾ ਦੌਰਾ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕੀਤੀ ਸੀ।

ਉੱਧਰ ਜ਼ਿਲ੍ਹਾ ਬਠਿੰਡਾ ਦੇ ਸਹਾਇਕ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਸਕੂਲ ਬਾਰੇ ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਭਾਵੇਂ ਭਿੰਦਰ ਸਿੰਘ ਪੰਜਵੀਂ ਪਾਸ ਕਰਕੇ ਕਿਸੇ ਹਾਈ ਸਕੂਲ ਵਿੱਚ ਚਲਾ ਜਾਵੇਗਾ ਪਰ ਸਿੱਖਿਆ ਵਿਭਾਗ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ ਕਿ ਸਾਲ 2024 ਦੇ ਵਿੱਦਿਅਕ ਸੈਸ਼ਨ ਲਈ ਨਵੇਂ ਬੱਚਿਆਂ ਦੇ ਦਾਖਲੇ ਇਸ ਸਕੂਲ ਵਿੱਚ ਕਰਵਾਏ ਜਾਣ।

ਉਨਾਂ ਦੱਸਿਆ ਕਿ ਇਸ ਗੱਲਬਾਤ ਵਿੱਚ ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਦੀ ਟੀਮ ਨੂੰ ਭਰੋਸਾ ਦਵਾਇਆ ਸੀ ਕਿ ਉਹ 2024 ਦੇ ਸਿੱਖਿਆ ਸੈਸ਼ਨ ਲਈ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਨ ਲਈ ਉਪਰਾਲਾ ਕਰਨ ਦੀ ਕੋਸ਼ਿਸ਼ ਕਰਨਗੇ।

ਸੂਬੇ ਦੇ ਸਕੂਲਾਂ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੰਬਰ 2023 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਸੂਬੇ ਵਿੱਚ 20,000 ਸਰਕਾਰੀ ਸਕੂਲਾਂ ਵਿੱਚੋਂ 3,500 ਜਾਂ ਤਾਂ ਅਧਿਆਪਕਾਂ ਤੋਂ ਬਿਨਾਂ ਚੱਲ ਰਹੇ ਸਨ ਜਾਂ ਸਿਰਫ਼ ਇੱਕ ਅਧਿਆਪਕ ਨਾਲ ਚੱਲ ਰਹੇ ਸਨ।

ਸਿੱਖਿਆ ਮੰਤਰੀ ਨੇ ਦੱਸਿਆ ਸੀ ਕਿ ਵਰਤਮਾਨ ਵਿੱਚ ਇਨ੍ਹਾਂ ਸਕੂਲਾਂ ਦੀ ਗਿਣਤੀ 600 ਤੋਂ ਵੀ ਘੱਟ ਰਹਿ ਗਈ ਹੈ।

ਸਿੱਖਿਆ ਮੰਤਰੀ ਨੇ ਅਸੈਂਬਲੀ ਨੂੰ ਦੱਸਿਆ ਕਿ ਅਧਿਆਪਕ ਰਹਿਤ ਜਾਂ ਘੱਟ ਸਟਾਫ਼ ਵਾਲੇ ਸਕੂਲਾਂ ਵਿੱਚ ਹਰ ਸਹੂਲਤ ਮੁਹੱਈਆ ਕਰਵਾ ਕੇ ਸਟਾਫ਼ ਦੀ ਕਮੀ ਦੂਰ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-

source : BBC PUNJABI