Home ਰਾਸ਼ਟਰੀ ਖ਼ਬਰਾਂ ‘ਕੋਕਾ ਘੜਵਾ ਦੇ’ ਗਾ ਕੇ ਹਿੱਟ ਹੋਈ ਗਾਇਕਾ ਜੋ 35 ਰੁਪਏ ਦੀ...

‘ਕੋਕਾ ਘੜਵਾ ਦੇ’ ਗਾ ਕੇ ਹਿੱਟ ਹੋਈ ਗਾਇਕਾ ਜੋ 35 ਰੁਪਏ ਦੀ ਪਹਿਲੀ ਕਮਾਈ ਤੋਂ ਵੱਡੀ ਮਕਬੂਲੀਅਤ ਤੱਕ ਪਹੁੰਚੀ

1
0

Source :- BBC PUNJABI

ਸਰਵਜੀਤ ਕੌਰ

‘ਕੋਕਾ ਘੜਵਾ ਦੇ ਮਾਹੀਆ.. ਵੇ ਹਾਣੀਆ…’

ਸਰਵਜੀਤ ਕੌਰ ਦਾ ਗਾਇਆ ਗੀਤ ਕੋਕਾ ਇੰਨਾ ਮਕਬੂਲ ਹੋਇਆ ਸੀ ਕਿ ਇਹੀ ਉਨ੍ਹਾਂ ਦੀ ਪਛਾਣ ਬਣ ਗਿਆ।

ਲੋਕ ਅੱਜ ਵੀ ਉਨ੍ਹਾਂ ਦੇ ਦੂਰਦਰਸ਼ਨ ਉੱਤੇ ਪ੍ਰਗਰਾਮਾਂ ਵਿਚਲੇ ਉਨ੍ਹਾਂ ਦੇ ਵੱਖਰੇ ਅਤੇ ਦਮਦਾਰ ਅੰਦਾਜ਼ ਨੂੰ ਯਾਦ ਕਰਦੇ ਹਨ।

ਸਰਵਜੀਤ ਕੌਰ ਦੀ ਉਮਰ ਕਰੀਬ 70 ਸਾਲ ਹੋ ਗਈ ਹੈ ਪਰ ਉਨ੍ਹਾਂ ਦਾ ਅੰਦਾਜ਼ ਹਾਲੇ ਵੀ ਜਵਾਨ ਹੈ।

ਕਈ ਹਿੱਟ ਗੀਤ ਗਾਏ

ਸਰਵਜੀਤ

ਤਸਵੀਰ ਸਰੋਤ, Amit Sharma Productions

ਉਨ੍ਹਾਂ ਦਾ ਪਹਿਲਾ ਰਿਕਾਰਡ ਐਚ.ਐਮ.ਵੀ ਕੰਪਨੀ ਤੋਂ ‘ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ’ ਸਾਲ 1982 ਵਿੱਚ ਆਇਆ।

ਉਨ੍ਹਾਂ ਨੇ ਜ਼ਿਆਦਾਤਰ ਸੋਲੋ ਗੀਤ ਹੀ ਗਾਏ ਹਨ। ਇਨ੍ਹਾਂ ਵਿੱਚ ਸਰਵਜੀਤ ਕੌਰ ਜੀ ਦੀ ਗਾਈ ‘ਘੋੜੀ’ ਨੇ ਬੇਮਿਸਾਲ ਮਕਬੂਲੀਅਤ ਹਾਸਿਲ ਕੀਤੀ।

ਇਸ ਤੋਂ ਇਲਾਵਾ ਉਨ੍ਹਾਂ ਦੇ ਗਾਏ ਮਿਰਜ਼ਾ, ਕੋਕਾ, ਮਿਨੀ ਮਿਨੀ ਬੀਣ ਜਿਹੇ ਅਨੇਕਾਂ ਗੀਤ ਸ੍ਰੋਤਿਆਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ।

ਸਰਵਜੀਤ ਕੌਰ ਨੇ ਕਈ ਪੰਜਾਬੀ ਫ਼ਿਲਮੀ ਗੀਤਾਂ ਵਿੱਚ ਵੀ ਅਵਾਜ਼ ਦਿੱਤੀ। ਫ਼ਿਲਮਾਂ ਲਈ ਉਨ੍ਹਾਂ ਨੇ ਗੁਰਦਾਸ ਮਾਨ ਸਮੇਤ ਕਈ ਹੋਰ ਗਾਇਕਾਂ ਨਾਲ ਦੁਗਾਣੇ ਵੀ ਗਾਏ ਹਨ।

ਦੁਗਾਣਿਆਂ ਵੱਲ ਕਿਉਂ ਨਹੀਂ ਮੁੜੇ ਸਰਵਜੀਤ

ਸਰਵਜੀਤ ਕੌਰ

ਤਸਵੀਰ ਸਰੋਤ, Amit Sharma Productions

ਸਰਵਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸੋਲੋ ਗਾਇਕ ਵਜੋਂ ਹੀ ਖੁਦ ਨੂੰ ਪੇਸ਼ ਕੀਤਾ ਕਿਉਂਕਿ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਸਟੇਜ ‘ਤੇ ਕਿਸੇ ਪੁਰਸ਼ ਗਾਇਕ ਨਾਲ ਗਾਉਣਾ ਪਸੰਦ ਨਹੀਂ ਸੀ।

ਉਹ ਕਹਿੰਦੇ ਹਨ, “ਮੈਨੂੰ ਕਿਸੇ ਦੇ ਮੂੰਹ ਨਾਲ ਮੂੰਹ ਜੋੜ ਕੇ ਗਾਉਣਾ ਚੰਗਾ ਨਹੀਂ ਸੀ ਲਗਦਾ।”

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਗੀਤਾਂ ਦੇ ਬੋਲਾਂ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੇ ਸਨ।

ਉਹ ਦੱਸਦੇ ਹਨ, “ਕਈ ਵਾਰ ਦੁਗਾਣਿਆਂ ਵਿੱਚ ਅਜਿਹਾ ਵੀ ਹੋ ਜਾਂਦਾ ਸੀ ਕਿ ਮੈਂ ਆਪਣੇ ਬੋਲ ਰਿਕਾਰਡ ਕਰ ਦਿੱਤੇ, ਪਰ ਸਾਥੀ ਪੁਰਸ਼ ਗਾਇਕ ਦੇ ਬੋਲ ਕੀ ਹਨ ਇਹ ਪਤਾ ਨਹੀਂ ਸੀ ਹੁੰਦਾ, ਕਈ ਵਾਰ ਲੜਕੇ ਦੇ ਬੋਲ ਸ਼ਰਾਬ ਬਾਰੇ ਨਿਕਲ ਆਉਂਦੇ ਸੀ ਫਿਰ ਉਸ ਵੇਲੇ ਕੋਈ ਕੀ ਕਰ ਸਕਦਾ ਹੈ।”

ਜਦੋਂ ਫੈਨ ਨੇ ਆਟੋਗ੍ਰਾਫ ਲੈਣ ਲਈ ਹੱਥ ਅੱਗੇ ਕਰ ਦਿੱਤਾ

ਸਰਵਜੀਤ ਕੌਰ ਨੇ ਇੱਕ ਸਮੇਂ ਵਿੱਚ ਚੰਗਾ ਸਟਾਰਡਮ ਦੇਖੀ ਹੈ। ਰਿਕਾਰਡਾਂ ਅਤੇ ਜਲੰਧਰ ਦੂਰਦਰਸ਼ਨ ਜ਼ਰੀਏ ਉਨ੍ਹਾਂ ਦੇ ਗੀਤਾ ਨੂੰ ਖ਼ਾਸ ਪਛਾਣ ਮਿਲੀ।

ਉਹ ਕਹਿੰਦੇ ਹਨ ਕਿ ਅੱਜ-ਕੱਲ੍ਹ ਜਿਵੇਂ ਲੋਕ ਪਸੰਦੀਦਾ ਕਲਾਕਾਰਾਂ ਨਾਲ ਸੈਲਫੀਆਂ ਲੈਂਦੇ ਹਨ, ਉਸ ਵੇਲੇ ਆਟੋਗਰਾਫ਼ ਲੈੰਦੇ ਸਨ।

ਇੱਕ ਕਿੱਸਾ ਯਾਦ ਕਰਦਿਆਂ ਉਨ੍ਹਾਂ ਦੱਸਿਆ, “ਮੈਂ ਲੁਧਿਆਣੇ ਸੀ, ਕੁਝ ਸਰਦਾਰ ਵੀਰ ਆ ਕੇ ਕਹਿਣ ਲੱਗੇ ਕਿ ਰੁਮਾਲ ‘ਤੇ ਆਟੋਗਰਾਫ ਦੇ ਦਿਓ। ਮੈਂ ਕਿਹਾ ਰੁਮਾਲ ‘ਤੇ ਕਿਵੇਂ। ਫਿਰ ਉਨ੍ਹਾਂ ਨੇ ਨੋਟ ਕੱਢ ਲਿਆ।”

ਉਨ੍ਹਾਂ ਅੱਗੇ ਦੱਸਿਆ, “ਮੈਂ ਕਿਹਾ ਕਰੰਸੀ ‘ਤੇ ਵੀ ਨਹੀਂ ਦੇ ਸਕਦੀ। ਫਿਰ ਉਹ ਕਹਿੰਦੇ ਚਲੋ ਹੱਥ ’ਤੇ ਹੀ ਦੇ ਦਿਓ। ਮੈਂ ਹੱਥ ‘ਤੇ ਆਟੋਗਰਾਫ ਦਿੱਤਾ ਅਤੇ ਉਹ ਕਹਿਣ ਲੱਗੇ ਕਿ ਹੁਣ ਅਸੀਂ ਹੱਥ ਧੋਣਾ ਨਹੀਂ।”

ਸਰਵਜੀਤ ਕੌਰ

ਤਸਵੀਰ ਸਰੋਤ, Amit Sharma Productions

ਬੇਸ਼ਕੀਮਤੀ ਤੋਹਫ਼ਾ ਮਿਲਣ ਦਾ ਕਿੱਸਾ

ਉਸ ਦੌਰ ਦਾ ਇੱਕ ਹੋਰ ਕਿੱਸਾ ਸਰਵਜੀਤ ਕੌਰ ਸੁਣਾਉਂਦੇ ਹਨ ਜੋ ਕਿ ਉਨ੍ਹਾਂ ਦੇ ਬੈਂਗਲੌਰ (ਹੁਣ ਬੰਗਲੁਰੂ) ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਪ੍ਰੋਗਰਾਮ ਲਾਉਣ ਵੇਲੇ ਦਾ ਹੈ।

ਉਹ ਦੱਸਦੇ ਹਨ, “ਕਿਸੇ ਦੇਸ਼ ਦੇ ਅੰਬੈਸਡਰ ਆਏ ਹੋਏ ਸਨ। ਮੇਰਾ ਲੋਕ ਗਾਇਕੀ ਦਾ ਪ੍ਰੋਗਰਾਮ ਸੀ ਪਰ ਉਨ੍ਹਾਂ ਨੇ ਮੈਨੂੰ ਗ਼ਜ਼ਲ ਦੀ ਫ਼ਰਮਾਇਸ਼ ਕੀਤੀ।”

ਉਨ੍ਹਾਂ ਦੱਸਿਆ, “ਮੈਂ ਗ਼ਜ਼ਲ ਸੁਣਾਈ, ਉਹ ਬਹੁਤ ਖੁਸ਼ ਹੋਏ। ਉਨ੍ਹਾਂ ਸਟੇਜ ‘ਤੇ ਸਫੇਦ ਕੱਪੜੇ ਵਿੱਚ ਢਕ ਕੇ ਤੋਹਫ਼ਾ ਭੇਜਿਆ ਅਤੇ ਦੱਸਿਆ ਕਿ ਉਹ ਆਪਣੀ ਪਤਨੀ ਲਈ ਜਪਾਨ ਤੋਂ ਸੁੱਚੇ ਮੋਤੀਆਂ ਦੀ ਮਾਲਾ ਲੈ ਕੇ ਆਏ ਸਨ, ਜੋ ਕਿ ਪ੍ਰਸ਼ੰਸਾ ਵਜੋਂ ਮੈਨੂੰ ਦੇਣਾ ਚਾਹੁੰਦੇ ਹਨ।”

ਸਰਵਜੀਤ ਕਹਿੰਦੇ ਹਨ ਕਿ ਸਰੋਤਿਆਂ ਦਾ ਅਜਿਹਾ ਪਿਆਰ ਉਨ੍ਹਾਂ ਨੂੰ ਬਹੁਤ ਹੌਸਲਾ ਦਿੰਦਾ ਸੀ।

ਸਰਵਜੀਤ ਕੌਰ

‘ਜਿੰਨੀਆਂ ਜ਼ਿੰਮੇਵਾਰੀਆਂ ਸੀ ਨਿਭਾ ਨਾ ਸਕੀ’

ਸਰਵਜੀਤ ਕੌਰ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡਾਂਡੂਪੁਰ ਵਿੱਚ 15 ਅਕਤੂਬਰ 1954 ਨੂੰ ਹੋਇਆ ਸੀ।

ਉਨ੍ਹਾਂ ਦੇ ਪਿਤਾ ਕ੍ਰਿਸ਼ਨ ਲਾਲ ਫ਼ੌਜ ਵਿੱਚ ਨੌਕਰੀ ਕਰਦੇ ਸੀ। ਸਰਵਜੀਤ ਦੇ ਮਾਂ ਦਾ ਨਾਮ ਅੰਬੋ ਸੀ। ਸਰਵਜੀਤ ਕੌਰ ਦੇ ਤਿੰਨ ਭਰਾ ਅਤੇ ਤਿੰਨ ਭੈਣਾਂ ਸਨ।

ਉਨ੍ਹਾਂ ਦੇ ਬਚਪਨ ਵਿੱਚ ਹੀ ਪਰਿਵਾਰ ਜਲੰਧਰ ਆ ਕੇ ਰਹਿਣ ਲੱਗ ਗਿਆ ਸੀ।

ਉਹ ਜਲੰਧਰ ਕੈਂਟ ਦੇ ਇੱਕ ਸਕੂਲ ਵਿੱਚ ਹੀ ਪੜ੍ਹਾਈ ਕਰਦੇ ਸੀ, ਪਰ ਘਰੇਲੂ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਵਿੱਚੋਂ ਹੀ ਛੱਡਣੀ ਪੈ ਗਈ ਸੀ।

ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਗਾਇਕੀ ਵਿੱਚ ਭੇਜਣ ਦੇ ਇੱਛੁਕ ਸਨ।

ਉਨ੍ਹਾਂ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਸਟੇਸ਼ਨ ਤੋਂ ਗਾਉਣਾ ਸ਼ੁਰੂ ਕਰ ਦਿੱਤਾ।

ਉਹ ਦੱਸਿਆ ਕਿ ਪਿਤਾ ਦੀ ਸੋਚ ਸੀ ਕਿ ਉਨ੍ਹਾਂ ਦੀ ਧੀ ਨਰਿੰਦਰ ਬੀਬਾ ਜੀ ਵਾਂਗ ਨਾਮ ਬਣਾਏਗੀ।

ਉਨ੍ਹਾਂ ਦੱਸਿਆ ਕਿ ਉਹ ਛੋਟੇ ਹੁੰਦੇ ਰੇਡੀਓ ਜ਼ਰੀਏ ਹਿੰਦੀ ਫ਼ਿਲਮੀ ਗੀਤ ਸੁਣਿਆ ਕਰਦੇ ਸੀ ਅਤੇ ਸਕੂਲ ਵਿੱਚ ਵੀ ਗਾਇਆ ਕਰਦੇ ਸੀ।

ਸਰਵਜੀਤ ਕੌਰ ਨੇ ਦੱਸਿਆ ਕਿ ਇਸ ਖੇਤਰ ਵਿੱਚ ਆਉਣ ਬਾਅਦ ਉਨ੍ਹਾਂ ਨੇ ਫਿਰ ਸੰਗੀਤ ਬਾਰੇ ਸਿੱਖਿਆ।

ਸਰਵਜੀਤ ਕੌਰ

ਉਹ ਦੱਸਦੇ ਹਨ, “ਜਿੰਨੀਆਂ ਪਰਿਵਾਰਕ ਜ਼ਿੰਮੇਵਾਰੀਆਂ ਸੀ ਉਹ ਮੇਰੇ ਤੋਂ ਨਿਭਾਈਆਂ ਨਹੀਂ ਗਈਆਂ, ਕਿਉਂਕਿ ਜ਼ਿੰਮੇਵਾਰੀਆਂ ਪੈਸਿਆਂ ਨਾਲ ਨਿਭਦੀਆਂ ਹਨ ਅਤੇ ਪੈਸਾ ਉਸ ਵੇਲੇ ਗਾਇਕੀ ਵਿੱਚ ਜ਼ਿਆਦਾ ਹੈ ਨਹੀਂ ਸੀ। ਨਾ ਜ਼ਿਆਦਾ ਪੈਸੇ ਦਿੰਦੇ ਸੀ ਅਤੇ ਨਾ ਹੀ ਮੈਨੂੰ ਮੰਗਣੇ ਆਉਂਦੇ ਸੀ।”

ਸਰਵਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਸਕੂਲ ਦੇ ਫੰਕਸ਼ਨ ਵਿੱਚ ਗਾਉਂਦਿਆਂ ਸੁਣਿਆ ਅਤੇ ਇੱਕ ਸਰਕਾਰੀ ਗਰੁਪ ਨਾਲ ਜੁੜਨ ਵਿੱਚ ਮਦਦ ਕੀਤੀ ਤਾਂ ਕਿ ਪਰਿਵਾਰ ਦੀ ਕੁਝ ਆਰਥਿਕ ਮਦਦ ਹੋ ਸਕੇ।

ਉਨ੍ਹਾਂ ਦੱਸਿਆ ਕਿ ਗਰੁੱਪ ਵਾਲੇ ਉਨ੍ਹਾਂ ਨੂੰ 35 ਰੁਪਏ ਦਿੰਦੇ ਸਨ।

ਇੱਕ ਕਿੱਸਾ ਯਾਦ ਕਰਦਿਆਂ ਸਰਵਜੀਤ ਕੌਰ ਕਹਿੰਦੇ ਹਨ, “ਇੱਕ ਵਾਰ ਮੈਨੂੰ ਰੇਡੀਓ ਤੋਂ 35 ਰੁਪਏ ਮਿਲੇ ਅਤੇ ਮੈਂ ਬਹੁਤ ਖੁਸ਼ ਹੋਈ। ਫਿਰ ਸੋਚੀਏ ਕਿ ਹੁਣ 35 ਰੁਪਏ ਵਿੱਚ ਕੀ ਕਰੀਏ, ਫਿਰ ਪਾਪਾ ਜੀ ਤੋਂ ਹੋਰ 10 ਰੁਪਏ ਲਏ ਅਤੇ ਇੱਕ ਸੂਟ ਲਿਆ।”

ਇਹ ਵੀ ਪੜ੍ਹੋ-

ਜਦੋਂ ਫ਼ਿਰੌਤੀ ਲਈ ਧਮਕੀਆਂ ਮਿਲਦੀਆਂ

ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਲਈ ਇਸ ਖੇਤਰ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਸਰਵਜੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਡਾ ਸਮਾਜ ਮਰਦ ਪ੍ਰਧਾਨ ਹੈ, ਉਸੇ ਤਰ੍ਹਾਂ ਹੀ ਗਾਇਕੀ ਖੇਤਰ ਵੀ ਹੈ।

ਉਨ੍ਹਾਂ ਕਿਹਾ ਕਿ ਮਹਿਲਾ ਗਾਇਕ ਹੋਣ ਕਰਕੇ ਕਈ ਵਾਰ ਗਰੁਪ ਦੇ ਮਿਊਜ਼ੀਸ਼ੀਅਨ ਵੀ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਸੀ।

ਉਹ ਕਹਿੰਦੇ ਹਨ, “ਮਰਦਾਂ ਦੀ ਬਹੁ-ਗਿਣਤੀ ਵਿੱਚ ਖੜ੍ਹੇ ਹੋਣਾ ਹੀ ਬਹੁਤ ਔਖਾ ਹੈ ਮੈਂ ਤਾਂ ਸ਼ੁਕਰ ਹੀ ਕਰਦੀ ਹਾਂ ਪੰਜਾਬੀਆਂ ਦਾ ਜਿਨ੍ਹਾਂ ਨੇ ਮੈਨੂੰ ਸੁਣਿਆ, ਪਿਆਰ ਦਿੱਤਾ ਅਤੇ ਮੈਂ ਆਪਣੇ ਬੱਚੇ ਪਾਲਣ ਜੋਗੀ ਹੋ ਗਈ।”

ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਔਰਤ ਨੂੰ ਹਰ ਖੇਤਰ ਵਿੱਚ ਕੰਮ ਕਰਨ ਨਹੀਂ ਦਿੱਤਾ ਜਾਂਦਾ ਅਤੇ ਜੇ ਉਹ ਕਮਾਉਣ ਲੱਗ ਪਵੇ ਤਾਂ ਫਿਰ ਫਿਰੌਤੀਆਂ ਲਈ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ।

ਉਨ੍ਹਾਂ ਕਿਹਾ, “ਪ੍ਰੋਗਰਾਮ ਇੱਕ ਆਉਂਦਾ ਸੀ, ਫ਼ੋਨ ਕਿੰਨੇ ਆ ਜਾਂਦੇ ਸੀ। ਲੋਕਾਂ ਨੂੰ ਲਗਦਾ ਸੀ ਪਤਾ ਨਹੀਂ ਕਿੰਨਾ ਕ ਕਮਾ ਲਿਆ। ਪਰਸ ਵਿੱਚ ਕਈ ਵਾਰ ਦੋ ਹਜ਼ਾਰ ਵੀ ਨਹੀਂ ਸੀ ਹੁੰਦੇ ਅਤੇ ਫ਼ੋਨ ਛੇ ਲੱਖ ਰੁਪਏ ਦੀ ਫਿਰੌਤੀ ਦਾ ਆ ਜਾਂਦਾ ਸੀ।”

ਨਿੱਜੀ ਕਾਰਨਾਂ ਕਰਕੇ ਉਹ ਆਪਣੇ ਦੋ ਬੱਚਿਆਂ ਨਾਲ ਇਕੱਲੇ ਰਹਿੰਦੇ ਸੀ।

ਚੰਗੀ ਪੜ੍ਹਾਈ ਲਈ ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਨ ਲਈ ਡਲਹੌਜ਼ੀ ਦੇ ਬੋਰਡਿੰਗ ਸਕੂਲ ਵਿੱਚ ਭੇਜ ਦਿੱਤਾ, ਜਿਸ ਤੋਂ ਬਾਅਦ ਉਹ ਹੋਰ ਇਕੱਲੇ ਹੋ ਗਏ।

ਵੈਸੇ ਵੀ ਉਹ ਉਨ੍ਹਾਂ ਦਾ ਸੋਲੋ ਗਰੁਪ ਸੀ। ਇਸ ਲਿਹਾਜ਼ ਨਾਲ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕਰਨਾ ਪਿਆ।

ਉਹ ਦੱਸਦੇ ਹਨ ਕਿ ਕੁਝ ਕਲਾਕਾਰਾਂ ਨੇ ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਪੱਖੋਂ ਪਰੇਸ਼ਾਨ ਵੀ ਕੀਤਾ, ਜਿਨ੍ਹਾਂ ਦੇ ਨਾਮ ਦਾ ਜ਼ਿਕਰ ਉਹ ਨਹੀਂ ਕਰਨਾ ਚਾਹੁੰਦੇ।

ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਦੇ ਗਾਉਣ ਦੌਰਾਨ ਕੁਝ ਕਲਾਕਾਰ ਪਿਛਿਓਂ ਮਾਈਕ ਵੀ ਬੰਦ ਕਰਵਾ ਦਿੰਦੇ ਸੀ।

ਉਨ੍ਹਾਂ ਦੱਸਿਆ, “ਫਿਰ ਮੈਂ ਘਰ ਆ ਕੇ ਰੋਣ ਵੀ ਲੱਗ ਪੈਣਾ ਕਿ ਮੇਰੇ ਨਾਲ ਅਜਿਹਾ ਕਿਉਂ ਹੁੰਦਾ ਹੈ ? ”

ਸਰਵਜੀਤ ਕੌਰ

ਤਸਵੀਰ ਸਰੋਤ, Amit Sharma Productions

ਭਾਵੇਂ ਸਰਵਜੀਤ ਕੌਰ ਨੇ 13 ਸਾਲ ਦੀ ਉਮਰ ਤੋਂ ਹੀ ਰੇਡੀਓ ਅਤੇ ਉਸ ਤੋਂ ਬਾਅਦ ਸਟੇਜਾਂ ‘ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਉਨ੍ਹਾਂ ਦਾ ਪਹਿਲਾ ਰਿਕਾਰਡ ਸਾਲ 1982 ਵਿੱਚ ਆਇਆ।

ਇਸ ਤੋਂ ਦੋ ਸਾਲ ਬਾਅਦ ਪੰਜਾਬ ਦੇ ਹਾਲਾਤ ਨਾਜ਼ੁਕ ਹੋ ਗਏ ਅਤੇ ਉਸ ਸਮੇਂ ਦਾ ਅਸਰ ਗਾਇਕੀ ਖੇਤਰ ‘ਤੇ ਵੀ ਪਿਆ। ਸਰਵਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਵੀ ਫਿਰੌਤੀਆਂ ਲਈ ਫ਼ੋਨ ਆਉਂਦੇ ਰਹੇ ਹਨ।

ਉਹ ਕਹਿੰਦੇ ਹਨ, “ਬਾਅਦ ਵਿੱਚ ਪਤਾ ਲੱਗਿਆ ਕਿ ਉਹ ਫ਼ੋਨ ਕੋਈ ਬਾਹਰਲਾ ਨਹੀਂ ਸੀ ਕਰਦਾ, ਪਰ ਸਾਡੇ ਕਲਾਕਾਰ ਹੀ ਤੰਗ ਪ੍ਰੇਸ਼ਾਨ ਕਰਨ ਲਈ ਕਰਵਾਉਂਦੇ ਸੀ।”

ਉਨ੍ਹਾਂ ਦੱਸਿਆ ਕਿ ਉਹ ਕੁਝ ਸਮਾਂ ਡਿਪਰੈਸ਼ਨ ਦੀ ਬਿਮਾਰੀ ਤੋਂ ਵੀ ਪੀੜ੍ਹਤ ਰਹੇ।

ਉਹ ਕਹਿੰਦੇ ਹਨ, “ਕਈ ਵਾਰ ਮੈਂ ਖੁਕਦੁਸ਼ੀ ਕਰਨ ਬਾਰੇ ਵੀ ਸੋਚਿਆ ਪਰ ਫਿਰ ਮੈਂ ਖੁਦ ਨੂੰ ਸੰਭਾਲਦੀ, ਇਹ ਸੋਚ ਕੇ ਕਿ ਜੇਕਰ ਮੈਂ ਹਿੰਮਤ ਹਾਰ ਗਈ ਤਾਂ ਬੱਚਿਆਂ ਦਾ ਕੀ ਬਣੂ, ਉਸ ਵੇਲੇ ਮੁਸ਼ਕਿਲ ਸੀ ਤਾਂ ਇਹ ਖਿਆਲ ਆਉਂਦੇ ਸੀ, ਪਰ ਮੈਂ ਸਮਝਦੀ ਹਾਂ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।“

ਸਰਵਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਟਾਰ ਬਣਨਾ ਕਦੇ ਨਹੀਂ ਆਇਆ, ਬਲਕਿ ਉਨ੍ਹਾਂ ਦੀ ਚਿੰਤਾ ਸਿਰਫ਼ ਇਹੀ ਰਹਿੰਦੀ ਸੀ ਕਿ ਕੁਝ ਕਮਾਈ ਹੋ ਜਾਵੇ ਤਾਂ ਕਿ ਘਰ ਬਣਾ ਸਕਣ ਅਤੇ ਬੱਚਿਆਂ ਦਾ ਭਵਿੱਖ ਸਵਾਰ ਸਕਣ।

ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨ

ਸਰਵਜੀਤ ਕੌਰ

ਤਸਵੀਰ ਸਰੋਤ, Sarvjeet Kaur/Instagram

ਸਰਵਜੀਤ ਕੌਰ ਦੇ ਹਿੱਸੇ ਕਈ ਸਨਮਾਨ ਆਏ।

ਇਨ੍ਹਾਂ ਵਿੱਚ ਕਲਾ ਖੇਤਰ ਵਿੱਚ ਬੇਹਦ ਖ਼ਾਸ ਮੰਨਿਆ ਜਾਣ ਵਾਲਾ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਸ਼ਾਮਲ ਹੈ।

ਉਨ੍ਹਾਂ ਨੂੰ ਸਾਲ 2017 ਵਿੱਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਦਿੱਤਾ ਗਿਆ ।

ਸਰਵਜੀਤ ਕੌਰ ਦੱਸਦੇ ਹਨ, “ਜਦੋਂ ਮੈਨੂੰ ਇਸ ਐਵਾਰਡ ਲਈ ਚੁਣੇ ਜਾਣ ਦੀ ਖ਼ਬਰ ਮਿਲੀ ਤਾਂ ਮੈਂ ਆਪਣੀ ਬੇਟੀ ਦੇ ਘਰ ਸੀ।”

ਉਹ ਦੱਸਦੇ ਹਨ ਕਿ ਇਹ ਐਵਾਰਡ ਕਿੰਨਾ ਵੱਡਾ ਹੈ ਮੈਨੂੰ ਉਸ ਵੇਲੇ ਜਾਣਕਾਰੀ ਨਹੀਂ ਸੀ।

ਉਨ੍ਹਾਂ ਅੱਗੇ ਦੱਸਿਆ, “ਜਦੋਂ ਪਤਾ ਲੱਗਿਆ ਕਿ ਕਿੰਨਾ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ ਤਾਂ ਬੇਹਦ ਖੁਸ਼ੀ ਹੋਈ। ਮੈਨੂੰ ਐਵਾਰਡ ਦੇ ਨਾਮ ਦਾ ਉਚਾਰਨ ਵੀ ਨਹੀਂ ਸੀ ਆ ਰਿਹਾ, ਮੇਰੇ ਬੇਟੇ ਨੂੰ ਮੈਨੂੰ ਸਿਖਾਇਆ ਕਿ ਸੰਗੀਤ ਨਾਟਕ ਅਕੈਡਮੀ ਐਵਾਰਡ ਹੈ।”

ਇਸ ਐਵਾਰਡ ਤੋਂ ਪਹਿਲਾਂ ਵੀ ਸਰਵਜੀਤ ਕੌਰ ਨੇ ਕਾਲਾ ਸ੍ਰੀ ਐਵਾਰਡ, ਨੰਦ ਲਾਲ ਨੂਰਪੁਰੀ ਐਵਾਰਡ, ਪੰਜਾਬੀ ਭਾਸ਼ਾ ਵਿਭਾਗ ਵੱਲੋਂ ਐਵਾਰਡ ਸਮੇਤ ਕਈ ਸਨਮਾਨ ਹਾਸਿਲ ਹੋਏ।

ਸਰਵਜੀਤ ਕੌਰ

ਤਸਵੀਰ ਸਰੋਤ, Sarvjeet Kaur

ਇੰਸਟਾਗ੍ਰਾਮ ਉੱਤੇ ਵੀ ਐਕਟਿਵ

ਸਰਵਜੀਤ ਕੌਰ ਨੇ ਰੇਡੀਓ ਤੋਂ ਸ਼ੁਰੂ ਕਰ ਕੇ ਟੀਵੀ ਦਾ ਦੌਰ ਵੇਖਿਆ।

ਰਿਕਾਰਡ ਤੋਂ ਲੈ ਕੇ ਸੀਡੀ, ਕੈਸਟਾਂ ਅਤੇ ਹੁਣ ਯੂਟਿਊਬ ਜਿਹੇ ਮਾਧਿਅਮਾਂ ਦਾ ਦੌਰ ਵੇਖਿਆ ਹੈ।

ਇਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਮਸ਼ਹੂਰੀ ਦੇ ਮਾਧਿਅਮ ਹੋਰ ਸਨ ਅਤੇ ਅੱਜ ਦੇ ਸਮੇਂ ਇੰਸਟਾਗ੍ਰਾਮ, ਫੇਸਬੁੱਕ ਜਿਹੇ ਮਾਧਿਅਮ ਹਨ।

ਸਰਵਜੀਤ ਕੌਰ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਨੂੰ ਉਨ੍ਹਾਂ ਲਈ ਸਕਰਾਤਮਕ ਮੰਨਦੇ ਹਨ।

ਉਹ ਕਹਿੰਦੇ ਹਨ, “ਪਹਿਲਾਂ ਕਈ ਵਾਰ ਕੰਪਨੀਆਂ ਵਾਲਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਸੀ। ਕਈਆਂ ਨੇ ਤਾਂ ਲਾਰੇ ਹੀ ਲਾਏ। ਹੁਣ ਇਹ ਹੈ ਕਿ ਮੇਰਾ ਬੇਟਾ ਅਮਿਤ ਸ਼ਰਮਾ ਹੀ ਮੇਰੇ ਗੀਤ ਰਿਕਾਰਡ ਕਰ ਕੇ, ਵੀਡੀਓ ਤਿਆਰ ਕਰਕੇ ਯੂਟਿਊਬ ‘ਤੇ ਪਾ ਦਿੰਦਾ ਹੈ, ਸਰੋਤੇ ਸੁਣ ਲੈਂਦੇ ਹਨ। ਮੇਰੇ ਬੇਟੇ ਨੇ ਹੀ ਮੈਨੂੰ ਇੰਸਟਾਗ੍ਰਾਮ ‘ਤੇ ਵੀ ਐਕਟਿਵ ਕੀਤਾ ਹੈ।”

ਸਰਵਜੀਤ ਕੌਰ ਦੇ ਦੋ ਬੱਚੇ ਹਨ। ਬੇਟਾ ਅਮਿਤ ਸ਼ਰਮਾ ਮਿਊਜ਼ਿਕ ਅਤੇ ਵੀਡੀਓ ਪ੍ਰੋਡਕਸ਼ਨ ਦਾ ਕੰਮ ਕਰਦੇ ਹਨ। ਧੀ ਮੀਨਾਕਸ਼ੀ ਸ਼ਰਮਾ ਇੱਕ ਅਧਿਆਪਕਾ ਹੈ।

ਉਹ ਕਹਿੰਦੇ ਹਨ ਕਿ ਹਿੰਦੀ ਫ਼ਿਲਮਾਂ ਵਿੱਚ ਗਾਉਣ ਦੀਆਂ ਕਈ ਪੇਸ਼ਕਸ਼ਾਂ ਵੀ ਲਾਰੇ ਬਣ ਕੇ ਰਹਿ ਗਈਆਂ, ਪਰ ਸੋਸ਼ਲ ਮੀਡੀਆ ਜ਼ਰੀਏ ਹੁਣ ਉਹ ਆਪਣੀ ਪਸੰਦ ਦੇ ਗੀਤ ਰਿਲੀਜ਼ ਕਰਦੇ ਹਨ।

ਉਹ ਕਹਿੰਦੇ ਹਨ ਕਿ ਇੰਸਟਾਗ੍ਰਾਮ ‘ਤੇ ਐਕਟਿਵ ਹੋਣ ਬਾਅਦ ਉਸੇ ਮਾਧਿਅਮ ਨਾਲ ਸੰਪਰਕ ਕਰਕੇ ਲੋਕ ਪ੍ਰੋਗਰਾਮਾਂ ਲਈ ਵੀ ਸੱਦਣ ਲੱਗੇ ਹਨ, ਜੋ ਕਿ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ।

ਸਰਵਜੀਤ ਕੌਰ ਕਹਿੰਦੇ ਹਨ, “ਹੁਣ ਜਦੋਂ ਮੈਂ ਦੂਜਿਆਂ ਨੂੰ ਨੱਚਦਿਆਂ ਗਾਉਂਦਿਆਂ ਦੇਖਦੀ ਹਾਂ, ਤਾਂ ਮੇਰਾ ਵੀ ਜੀਅ ਕਰਦਾ ਹੈ ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਕਰਾਂ ਪਰ ਹੁਣ ਸਿਹਤ ਕਰਕੇ ਜ਼ਿਆਦਾ ਸਮਾਂ ਖੜ੍ਹੀ ਨਹੀਂ ਰਹਿ ਸਕਦੀ ਇਸ ਲਈ ਹੁਣ ਬਹਿ ਕੇ ਗਾਉਂਦੀ ਹਾਂ ਅਤੇ ਪ੍ਰੋਗਰਾਮ ਲਗਾਉਂਦੀ ਹਾਂ।”

ਇਹ ਵੀ ਪੜ੍ਹੋ-

source : BBC PUNJABI