Home ਰਾਸ਼ਟਰੀ ਖ਼ਬਰਾਂ ਜੇ ਸੱਪ ਤੁਹਾਡੀ ਵਾਸ਼ਿੰਗ ਮਸ਼ੀਨ ਜਾਂ ਗੱਡੀ ਵਿੱਚ ਵੜ ਜਾਵੇ ਤਾਂ ਕੀ...

ਜੇ ਸੱਪ ਤੁਹਾਡੀ ਵਾਸ਼ਿੰਗ ਮਸ਼ੀਨ ਜਾਂ ਗੱਡੀ ਵਿੱਚ ਵੜ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

12
0

Source :- BBC PUNJABI

ਸੱਪ

ਤਸਵੀਰ ਸਰੋਤ, Getty Images

ਪਿਛਲੇ ਹਫ਼ਤੇ ਹੈਦਰਾਬਾਦ ਦੇ ਇੱਕ ਰੈਸਟੋਰੈਂਟ ਵਿੱਚ ਫਿਸ਼ ਟੈਂਕ ਦੇ ਅੰਦਰ ਸੱਪ ਮਿਲਣ ਤੋਂ ਬਾਅਦ ‘ਫ੍ਰੈਂਡਜ਼ ਆਫ਼ ਸਨੇਕਸ ਸੋਸਾਇਟੀ’ ਦੇ ਮੈਂਬਰਾਂ ਨੂੰ ਰੈਸਕਿਊ ਲਈ ਬੁਲਾਇਆ ਗਿਆ ਸੀ।

ਸੰਸਥਾ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਸ ਰੈਸਕਿਊ ਦੀ ਵੀਡੀਓ ਸਾਂਝੀ ਕੀਤੀ। ਮੰਨਿਆ ਗਿਆ ਕਿ ਅੱਤ ਦੀ ਗਰਮੀ ਦੇ ਦੌਰਾਨ ਠੰਢੀ ਜਗ੍ਹਾ ਦੀ ਤਲਾਸ਼ ਵਿੱਚ ਸੱਪ ਇਮਾਰਤ ਦੇ ਅੰਦਰ ਆ ਗਿਆ ਅਤੇ ਫਿਸ਼ ਟੈਂਕ ਵਿੱਚ ਪਨਾਹ ਲੈ ਲਈ।

ਇਸੇ ਤਰ੍ਹਾਂ, ਪਿਛਲੇ ਜਨਵਰੀ ਵਿੱਚ ਮੁੰਬਈ ਦੇ ਅੰਧੇਰੀ ਵੈਸਟ ਸਥਿਤ ਇੱਕ ਘਰ ਦੇ ਗ੍ਰਾਊਂਡ ਫਲੋਰ ‘ਤੇ ਇੱਕ ਕੋਬਰਾ ਮਿਲਿਆ ਸੀ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਇਹ ਸੱਪ ਵਾਸ਼ਿੰਗ ਮਸ਼ੀਨ ਦੇ ਅੰਦਰ ਲੁਕਿਆ ਹੋਇਆ ਸੀ ਅਤੇ ਉਸਨੂੰ ਸ਼ਹਿਰੀ ਜੰਗਲੀ ਜੀਵ ਬਚਾਅ ਕਾਰਜ ਨਾਲ ਜੁੜੇ ਇੱਕ ਮੈਂਬਰ ਦੀ ਮਦਦ ਨਾਲ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ ਸੀ।

ਘਰਾਂ ਦੀਆਂ ਤਰੇੜਾਂ ਅਤੇ ਲੁਕੀਆਂ ਥਾਵਾਂ, ਵਾਸ਼ਿੰਗ ਮਸ਼ੀਨਾਂ, ਦੋਪਹੀਆ-ਚਾਰਪਹੀਆ ਵਾਹਨਾਂ, ਫਿਸ਼ ਟੈਂਕਾਂ ਅਤੇ ਲੰਮੇ ਸਮੇਂ ਤੋਂ ਪਏ ਸਮਾਨ ਦੇ ਢੇਰਾਂ ਹੇਠਾਂ ਸੱਪ ਮਿਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਅਜਿਹੀਆਂ ਸਥਿਤੀਆਂ ਵਿੱਚ ਸੱਪ ਨੂੰ ਵੇਖ ਕੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਡਰ ਲੱਗਣਾ ਸੁਭਾਵਿਕ ਹੈ।

ਇਸ ਲਈ ਉਸ ਡਰ ਨੂੰ ਦੂਰ ਕਰਨ ਅਤੇ ਕੁਦਰਤੀ ਵਾਤਾਵਰਣ ਬਾਰੇ ਬੁਨਿਆਦੀ ਸਮਝ ਵਿਕਸਿਤ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸੱਪ ਅਜਿਹੀਆਂ ਥਾਵਾਂ ‘ਤੇ ਕਿਉਂ ਆਉਂਦੇ ਹਨ ਅਤੇ ਜੇ ਉਹ ਨਜ਼ਰ ਆਉਣ ਤਾਂ ਕੀ ਕਰਨਾ ਚਾਹੀਦਾ ਹੈ।

ਸੱਪ ਮਨੁੱਖੀ ਬਸਤੀਆਂ ਵਿੱਚ ਕਿਉਂ ਵੜਦੇ ਹਨ?

ਸੱਪ

ਤਸਵੀਰ ਸਰੋਤ, Getty Images

ਇਸ ਸਾਲ ਦੀ ਸ਼ੁਰੂਆਤ ਵਿੱਚ ਵਾਈਲਡਲਾਈਫ ਐਂਡ ਨੇਚਰ ਕਨਜ਼ਰਵੇਸ਼ਨ ਟਰੱਸਟ ਦੇ ਖੋਜਕਾਰਾਂ ਵੱਲੋਂ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ 2022 ਤੋਂ 2024 ਦਰਮਿਆਨ ਉੱਤਰੀ ਕੋਇੰਬਟੂਰ ਵਿੱਚ ਦਰਜ 2,318 ਸੱਪ ਬਚਾਊ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਅਧਿਐਨ ਵਿੱਚ ਪਾਇਆ ਗਿਆ ਕਿ ਸੱਪ ਕੂੜੇ ਦੇ ਢੇਰਾਂ, ਘਰਾਂ ਦੇ ਕਮਰਿਆਂ, ਸਟੋਰੇਜ ਸ਼ੈਡ, ਮਸ਼ੀਨਾਂ ਅਤੇ ਸੁਰੱਖਿਅਤ ਲੁਕਣ ਵਾਲੀਆਂ ਥਾਵਾਂ ਨੂੰ ਪਨਾਹ ਵਜੋਂ ਲੱਭਦੇ ਹਨ।

ਹਾਲਾਂਕਿ, ਜੰਗਲੀ ਜੀਵ ਸਬੰਧੀ ਕਾਰਕੁਨਾਂ ਦਾ ਕਹਿਣਾ ਹੈ ਕਿ ਸੱਪ ਲੋਕਾਂ ‘ਤੇ ਹਮਲਾ ਕਰਨ ਦੇ ਮਕਸਦ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਨਹੀਂ ਆਉਂਦੇ। ਬਲਕਿ ਉਹ ਅਕਸਰ ਆਸਰਾ, ਸੁਰੱਖਿਆ, ਭੋਜਨ, ਨਮੀ ਅਤੇ ਅਨੁਕੂਲ ਤਾਪਮਾਨ ਦੀ ਤਲਾਸ਼ ਵਿੱਚ ਅਜਿਹੇ ਵਾਤਾਵਰਣ ਵਿੱਚ ਫਸ ਜਾਂਦੇ ਹਨ।

ਖਾਸ ਤੌਰ ‘ਤੇ ਗਰਮੀ, ਮਾਨਸੂਨ ਦਾ ਮੀਂਹ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਨਸ਼ਟ ਹੋਣ ਵਰਗੇ ਕਾਰਨਾਂ ਕਰਕੇ ਪਿਛਲੇ ਸਾਲਾਂ ਵਿੱਚ ਘਰਾਂ ਅੰਦਰ ਸੱਪ ਆਉਣ ਦੀਆਂ ਘਟਨਾਵਾਂ ਵਧੀਆਂ ਹਨ।

ਹਰਪੇਟੋਲੋਜਿਸਟ ਦੱਸਦੇ ਹਨ ਕਿ ਇਹੀ ਕਾਰਨ ਹੈ ਕਿ ਸੱਪ ਅਕਸਰ ਗੱਡੀਆਂ ਦੇ ਹੇਠਾਂ, ਫਿਸ਼ ਟੈਂਕਾਂ ਦੇ ਕੋਲ, ਪਾਰਕਿੰਗ ਵਾਲੇ ਇਲਾਕਿਆਂ ਵਿੱਚ, ਲੱਕੜ ਦੇ ਢੇਰਾਂ ਹੇਠਾਂ, ਫਰਿੱਜ ਦੇ ਪਿੱਛੇ ਅਤੇ ਘਰਾਂ ਦੇ ਬੇਤਰਤੀਬ ਖੂੰਜਿਆਂ ਵਿੱਚ ਮਿਲਦੇ ਹਨ।

ਜੰਗਲੀ ਜੀਵ ਪ੍ਰੇਮੀ ਅਤੇ ਸੱਪ ਬਚਾਊ ਕਾਰਕੁਨ ਸੈਮਸਨ ਕਿਰੁਬਾਕਰਣ ਕਹਿੰਦੇ ਹਨ ਕਿ ਸੱਪ ਜਾਣਬੁਝ ਕੇ ਮਨੁੱਖੀ ਬਸਤੀਆਂ ਵਿੱਚ ਨਹੀਂ ਆਉਂਦੇ ਅਤੇ “ਉਹ ਆਮ ਤੌਰ ‘ਤੇ ਮਨੁੱਖਾਂ ਨਾਲ ਟਕਰਾਅ ਹੋਣ ਤੋਂ ਬਚਣਾ ਪਸੰਦ ਕਰਦੇ ਹਨ।”

ਜੰਗਲੀ ਜੀਵ ਸਬੰਧੀ ਖੋਜਕਾਰਾਂ ਦੇ ਅਨੁਸਾਰ, ਸੱਪ ਅਜਿਹੀਆਂ ਲੁਕੀਆਂ ਥਾਵਾਂ ਨੂੰ ਪਸੰਦ ਕਰਦੇ ਹਨ, ਜਿੱਥੇ ਉਹ ਬਿਨ੍ਹਾਂ ਨਜ਼ਰ ਆਏ ਰਹਿ ਸਕਣ।

ਸੱਪ

ਤਸਵੀਰ ਸਰੋਤ, NurPhoto via Getty Images

ਪਰ ਸੈਮਸਨ ਕਿਰੁਬਾਕਰਣ ਦਾ ਕਹਿਣਾ ਹੈ ਕਿ ਕੁਦਰਤੀ ਨਿਵਾਸ ਘੱਟ ਹੋਣ ਅਤੇ ਮਨੁੱਖੀ ਬਸਤੀਆਂ ਵਿੱਚ ਮੌਜੂਦ ਢਾਂਚਿਆਂ ਵਿੱਚ ਬਹੁਤ ਸਾਰੀਆਂ ਲੁਕਣ ਵਾਲੀਆਂ ਥਾਵਾਂ ਮਿਲਣ ਕਰਕੇ ਸੱਪ ਹੁਣ ਵੱਧ ਗਿਣਤੀ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਰਹੇ ਹਨ।

ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ “ਲੰਮੇ ਸਮੇਂ ਤੱਕ ਇੱਕੋ ਥਾਂ ਖੜ੍ਹੇ ਰਹਿਣ ਵਾਲੇ ਵਾਹਨ, ਫਿਸ਼ ਟੈਂਕ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦਾ ਠੰਢਾ ਮਾਹੌਲ, ਛਾਂ ਵਾਲੀਆਂ ਅਤੇ ਲੁਕੀਆਂ ਥਾਵਾਂ ਵਾਲੇ ਸਟੋਰੇਜ ਸ਼ੈੱਡ, ਬੇਤਰਤੀਬ ਢੰਗ ਨਾਲ ਰੱਖੀ ਗਈ ਨਿਰਮਾਣ ਸਮੱਗਰੀ ਵਾਲੀਆਂ ਥਾਵਾਂ, ਨਾਰੀਅਲ ਜਾਂ ਕੂੜੇ ਦੇ ਢੇਰ ਆਦਿ ਸੱਪਾਂ ਲਈ ਆਦਰਸ਼ ਠਿਕਾਣੇ ਬਣ ਜਾਂਦੇ ਹਨ।”

ਉਨ੍ਹਾਂ ਕਿਹਾ, “ਸੱਪ ਇਨ੍ਹਾਂ ਥਾਵਾਂ ਨੂੰ ਇਸ ਲਈ ਲੱਭਦੇ ਹਨ ਕਿਉਂਕਿ ਇੱਥੇ ਉਨ੍ਹਾਂ ਨੂੰ ਅਨੁਕੂਲ ਮਾਹੌਲ ਮਿਲਦਾ ਹੈ, ਜਿਵੇਂ ਕਾਫ਼ੀ ਮਾਤਰਾ ਵਿੱਚ ਸ਼ਿਕਾਰ, ਸੁਰੱਖਿਅਤ ਨਿਵਾਸ ਅਤੇ ਸਰੀਰ ਲਈ ਉਚਿਤ ਤਾਪਮਾਨ।”

ਅਧਿਐਨ ਅਨੁਸਾਰ, ਗਰਮ ਮੌਸਮ ਵਿੱਚ ਸੱਪ ਠੰਢੀਆਂ ਅਤੇ ਛਾਂ ਵਾਲੀਆਂ ਥਾਵਾਂ ਦੀ ਤਲਾਸ਼ ਕਰਦੇ ਹਨ, ਜਦਕਿ ਠੰਢੇ ਮੌਸਮ ਵਿੱਚ ਉਹ ਗਰਮ ਅਤੇ ਆਰਾਮਦਾਇਕ ਥਾਵਾਂ ਲੱਭਦੇ ਹਨ।

ਸੈਮਸਨ ਦੇ ਅਨੁਸਾਰ, ਭੋਜਨ, ਲੁਕਣ ਦੀ ਥਾਂ ਅਤੇ ਸੁਰੱਖਿਅਤ ਨਿਵਾਸ ਦੇ ਨਾਲ-ਨਾਲ ਤਾਪਮਾਨ ਦੀਆਂ ਇਹ ਸਥਿਤੀਆਂ ਵੀ ਸੱਪਾਂ ਨੂੰ ਮਨੁੱਖੀ ਬਸਤੀਆਂ ਵੱਲ ਖਿੱਚਦੀਆਂ ਹਨ।

ਜੇ ਗੱਡੀ ਵਿੱਚ ਸੱਪ ਵੜ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਸੱਪ

ਤਸਵੀਰ ਸਰੋਤ, Getty Images

ਮਾਹਰਾਂ ਦੇ ਅਨੁਸਾਰ, ਅਜਿਹੀ ਸਥਿਤੀ ਵਿੱਚ ਸਭ ਤੋਂ ਪਹਿਲਾਂ ਘਬਰਾਹਟ ਜਾਂ ਡਰ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।

ਮਾਹਰ ਦੱਸਦੇ ਹਨ ਕਿ ਜ਼ਿਆਦਾਤਰ ਸੱਪ ਦੇ ਡੰਗਣ ਦੀਆਂ ਘਟਨਾਵਾਂ ਉਦੋਂ ਹੁੰਦੀਆਂ ਹਨ, ਜਦੋਂ ਸੱਪਾਂ ਨੂੰ ਅਚਾਨਕ ਪਰੇਸ਼ਾਨ ਕੀਤਾ ਜਾਂਦਾ ਹੈ। ਡਰ ਜਾਂ ਲੋੜ ਤੋਂ ਵੱਧ ਬਹਾਦਰੀ ਦਿਖਾਉਂਦੇ ਹੋਏ ਲੋਕ ਬਿਨ੍ਹਾਂ ਖ਼ਤਰੇ ਨੂੰ ਸਮਝੇ ਉਨ੍ਹਾਂ ਨੂੰ ਫੜਨ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹਨ।

ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੱਪ ਮਨੁੱਖਾਂ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਵਿਵਹਾਰ ਨਹੀਂ ਕਰਦੇ।

ਸਨੇਕ ਰੈਸਕਿਊ ਮਾਹਿਰ ਸੈਮਸਨ ਕਿਰੁਬਾਕਰਣ ਕਹਿੰਦੇ ਹਨ, “ਅਜਿਹੀ ਸਥਿਤੀ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਅਤੇ ਸੱਪ ਵਿਚਕਾਰ ਸੁਰੱਖਿਅਤ ਦੂਰੀ ਬਣਾਈ ਰੱਖੋ।”

ਇਸ ਤੋਂ ਇਲਾਵਾ, “ਕਦੇ ਵੀ ਸੱਪ ਨੂੰ ਛੂਹਣ ਜਾਂ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇੱਥੋਂ ਤੱਕ ਕਿ ਬਿਨ੍ਹਾਂ ਜ਼ਹਿਰ ਵਾਲੇ ਸੱਪ ਵੀ ਖ਼ਤਰਾ ਮਹਿਸੂਸ ਹੋਣ ‘ਤੇ ਆਤਮ-ਰੱਖਿਆ ਵਿੱਚ ਡੰਗ ਮਾਰ ਸਕਦੇ ਹਨ। ਬਿਨ੍ਹਾਂ ਸਿਖਲਾਈ ਵਾਲੇ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਕੋਸ਼ਿਸ਼ਾਂ ਸਿਰਫ਼ ਖ਼ਤਰਾ ਵਧਾਉਂਦੀਆਂ ਹਨ।”

ਸੈਮਸਨ ਸਲਾਹ ਦਿੰਦੇ ਹਨ ਕਿ “ਰੈਸਕਿਊ ਆਪ੍ਰੇਸ਼ਨ ਦੌਰਾਨ ਸੰਜਮ ਅਤੇ ਸ਼ਾਂਤ ਰਵੱਈਆ ਜ਼ਰੂਰੀ ਹੈ। ਇਸ ਲਈ ਮਾਹਰ ਸਨੇਕ ਰੈਸਕਿਊ ਕਰਮਚਾਰੀਆਂ ਨੂੰ ਬੁਲਾਉਣਾ ਚਾਹੀਦਾ ਹੈ ਜਾਂ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਨਾ ਦੇਣੀ ਚਾਹੀਦੀ ਹੈ। ਨਾਲ ਹੀ ਜਿਸ ਥਾਂ ਸੱਪ ਮੌਜੂਦ ਹੋਵੇ, ਉਸਨੂੰ ਤੁਰੰਤ ਆਈਸੋਲੇਟ ਕਰ ਦੇਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਉਸਦੇ ਨੇੜੇ ਨਾ ਜਾਵੇ।”

ਸੱਪ ਵਾਹਨਾਂ ਦੇ ਅੰਦਰ ਕਿਉਂ ਵੜ ਜਾਂਦੇ ਹਨ?

ਸੱਪ

ਤਸਵੀਰ ਸਰੋਤ, Hindustan Times via Getty Images

ਗੱਡੀਆਂ ਕੁਦਰਤੀ ਤੌਰ ‘ਤੇ ਕਈ ਅਜਿਹੀਆਂ ਚੀਜ਼ਾਂ ਮੁਹੱਈਆ ਕਰਵਾਉਂਦੀਆਂ ਹਨ, ਜਿਨ੍ਹਾਂ ਦੀ ਸੱਪ ਤਲਾਸ਼ ਕਰਦੇ ਹਨ।

ਸਭ ਤੋਂ ਪਹਿਲਾਂ, ਗੱਡੀਆਂ ਦਾ ਹੇਠਲਾ ਹਿੱਸਾ ਛਾਂ ਅਤੇ ਹਨ੍ਹੇਰਾ ਦਿੰਦਾ ਹੈ। ਗਰਮ ਦੁਪਹਿਰ ਵਿੱਚ ਕਾਰ ਦੇ ਹੇਠਾਂ ਦੀ ਜ਼ਮੀਨ ਆਸਪਾਸ ਦੀਆਂ ਥਾਵਾਂ ਨਾਲੋਂ ਥੋੜ੍ਹੀ ਠੰਢੀ ਹੁੰਦੀ ਹੈ। ਇਸ ਲਈ, ਤੇਜ਼ ਗਰਮੀ ਤੋਂ ਬਚਣ ਲਈ ਇਹ ਥਾਂ ਸੱਪਾਂ ਲਈ ਉਚਿਤ ਥਾਂ ਬਣ ਜਾਂਦੀ ਹੈ।

ਦੂਜਾ, ਲੰਮੇ ਸਮੇਂ ਤੱਕ ਖੜ੍ਹੀਆਂ ਗੱਡੀਆਂ ਸੱਪਾਂ ਨੂੰ ਸ਼ਿਕਾਰੀ ਜੀਵਾਂ ਅਤੇ ਇਨਸਾਨਾਂ ਤੋਂ ਸੁਰੱਖਿਆ ਵੀ ਦਿੰਦੀਆਂ ਹਨ।

ਸੈਮਸਨ ਕਿਰੁਬਾਕਰਣ - ਜੰਗਲੀ ਜੀਵ ਪ੍ਰੇਮੀ ਅਤੇ ਸੱਪ ਬਚਾਊ ਕਾਰਕੁਨ

ਸੈਮਸਨ ਕਿਰੁਬਾਕਰਣ ਕਹਿੰਦੇ ਹਨ, “ਜੇ ਕੋਈ ਉਨ੍ਹਾਂ ਨੂੰ ਦੇਖ ਲੈਂਦਾ ਹੈ, ਤਾਂ ਉਹ ਤੁਰੰਤ ਨੇੜਲੀ ਗੱਡੀ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹਨ। ਟਾਇਰਾਂ, ਐਕਸਲ ਅਤੇ ਇੰਜਣ ਦੇ ਆਲੇ-ਦੁਆਲੇ ਦੀਆਂ ਤੰਗ ਥਾਵਾਂ ਉਨ੍ਹਾਂ ਲਈ ਸੁਰੱਖਿਅਤ ਲੁਕਣ ਵਾਲੀਆਂ ਥਾਂਵਾਂ ਬਣ ਜਾਂਦੀਆਂ ਹਨ, ਜਿਸ ਨਾਲ ਉਹ ਟਕਰਾਅ ਤੋਂ ਬਚ ਸਕਦੇ ਹਨ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੱਪ ਚੂਹਿਆਂ ਵਰਗੇ ਸ਼ਿਕਾਰ ਦੀ ਤਲਾਸ਼ ਵਿੱਚ ਵੀ ਗੱਡੀਆਂ ਦੇ ਅੰਦਰ ਪਹੁੰਚ ਸਕਦੇ ਹਨ।

ਚੂਹੇ, ਛਿਪਕਲੀਆਂ ਅਤੇ ਡੱਡੂ, ਸੱਪਾਂ ਦੀਆਂ ਕਈ ਪ੍ਰਜਾਤੀਆਂ ਦਾ ਮੁੱਖ ਭੋਜਨ ਹਨ। ਇਹ ਜੀਵ ਅਕਸਰ ਪਾਰਕਿੰਗ ਖੇਤਰਾਂ, ਲੰਮੇ ਸਮੇਂ ਤੱਕ ਖੜ੍ਹੀਆਂ ਗੱਡੀਆਂ ਅਤੇ ਸਟੋਰੇਜ ਸ਼ੈੱਡ ਵਰਗੀਆਂ ਥਾਵਾਂ ‘ਤੇ ਰਹਿੰਦੇ ਹਨ। ਇਸੇ ਕਾਰਨ ਸੱਪ ਸ਼ਿਕਾਰ ਦੀ ਤਲਾਸ਼ ਵਿੱਚ ਗੱਡੀਆਂ, ਮਸ਼ੀਨਾਂ ਅਤੇ ਪਾਰਕਿੰਗ ਖੇਤਰਾਂ ਵਿੱਚ ਦਾਖਲ ਹੋ ਜਾਂਦੇ ਹਨ।

ਕੋਇੰਬਟੂਰ ਵਿੱਚ ਵਾਈਲਡਲਾਈਫ ਐਂਡ ਨੇਚਰ ਕਨਜ਼ਰਵੇਸ਼ਨ ਟਰੱਸਟ ਵੱਲੋਂ ਕੀਤੇ ਗਏ ਇੱਕ ਅਧਿਐਨ ਨੇ ਵੀ ਪੁਸ਼ਟੀ ਕੀਤੀ ਕਿ ਕੁਝ ਖਾਸ ਮੌਸਮਾਂ ਵਿੱਚ ਸੱਪ ਬਚਾਅ ਅਭਿਆਨਾਂ ਦੀ ਗਿਣਤੀ ਵਧ ਜਾਂਦੀ ਹੈ ਅਤੇ ਸੱਪ ਆਮ ਤੌਰ ‘ਤੇ ਇਨਸਾਨਾਂ ਵੱਲੋਂ ਬਣਾਈਆਂ ਅਜਿਹੀਆਂ ਆਸਰੇ ਵਾਲੀਆਂ ਥਾਵਾਂ ਅਤੇ ਮਸ਼ੀਨਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਭਾਲ਼ਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI