Home ਰਾਸ਼ਟਰੀ ਖ਼ਬਰਾਂ ਹਮਾਸ ਗਾਜ਼ਾ ਜੰਗਬੰਦੀ ਲਈ ਤਿਆਰ ਪਰ ਇਜ਼ਰਾਈਲ ਨੇ ਸ਼ਰਤਾਂ ਨੂੰ ਕਿਹਾ ਨਾਕਾਫ਼ੀ

ਹਮਾਸ ਗਾਜ਼ਾ ਜੰਗਬੰਦੀ ਲਈ ਤਿਆਰ ਪਰ ਇਜ਼ਰਾਈਲ ਨੇ ਸ਼ਰਤਾਂ ਨੂੰ ਕਿਹਾ ਨਾਕਾਫ਼ੀ

1
0

Source :- BBC PUNJABI

ਫ਼ਲਸਤੀਨੀ

ਤਸਵੀਰ ਸਰੋਤ, Getty Images

”ਇਜ਼ਰਾਈਲ, ਹਮਾਸ ਨਾਲ ਗਾਜ਼ਾ ਜੰਗਬੰਦੀ ਦੀਆਂ ਸ਼ਰਤਾਂ ਦੀ ਆਲੋਚਨਾ ਕਰਦਾ ਹੈ, ਪਰ ਅਜੇ ਗੱਲਬਾਤ ਜਾਰੀ ਹੈ”

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਗਾਜ਼ਾ ਜੰਗਬੰਦੀ ਦਾ ਪ੍ਰਸਤਾਵ ‘ਇਜ਼ਰਾਈਲ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਪਰ੍ਹੇ’ ਹੈ ਪਰ ਗੱਲਬਾਤ ਜਾਰੀ ਰਹੇਗੀ।

ਇਸ ਤੋਂ ਪਹਿਲਾਂ ਹਮਾਸ ਨੇ ਕਿਹਾ ਸੀ ਕਿ ਉਸ ਨੇ ਕਤਰ ਅਤੇ ਮਿਸਰ ਦੇ ਸਾਲਸਾਂ ਵਲੋਂ ਪ੍ਰਸਤਾਵਿਤ ਜੰਗਬੰਦੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ।

ਹਾਲਾਂਕਿ ਜੰਗਬੰਦੀ ਦੀਆਂ ਸ਼ਰਤਾਂ ਕੀ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਵਿੱਚ ਇਜ਼ਰਾਈਲੀ ਬੰਧਕਾਂ ਨੂੰ ਛੱਡਣ ਬਦਲੇ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਫ਼ਲਸਤੀਨੀ ਕੈਦੀਆਂ ਨੂੰ ਛੱਡਣ ਦਾ ਪ੍ਰਸਤਾਵ ਹੋਣ ਦੀ ਸੰਭਾਵਨਾ ਹੈ।

ਫਲਸਤੀਨੀ ਸਮੂਹ ਦੇ ਇੱਕ ਅਧਿਕਾਰੀ ਨੇ ਕਿਹਾ, “ਗੇਂਦ ਹੁਣ ਇਜ਼ਰਾਈਲ ਦੇ ਪਾਲ਼ੇ ਵਿੱਚ ਹੈ।”

ਸੰਯੁਕਤ ਰਾਸ਼ਟਰ ਦੇ ਮੁਖੀ ਏਂਟੋਨੀਓ ਗੁਟੇਰੇਸ ਨੇ ਇਜ਼ਰਾਈਲ ਦੀ ਸਰਕਾਰ ਨੂੰ ਹਮਾਲ ਦੇ ਇੱਕ ਸਮਝੌਤੇ ਉੱਤੇ ਸਹਿਮਤ ਹੋਣ ਲਈ ‘ਹੋਰ ਕੋਸ਼ਿਸ਼ ਕਰਨ’ ਦੀ ਅਪੀਲ ਕੀਤੀ ਹੈ।

ਗੁਟੇਰੇਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਫ਼ਾਹ ਵਿੱਚ ਵੱਡੇ ਪੱਧਰ ਉੱਤੇ ਹੋਣ ਵਾਲੇ ਆਪਰੇਸ਼ਨ ਦੇ ਸੰਕੇਤ ਪਰੇਸ਼ਾਨ ਕਰਨ ਵਾਲੇ ਹਨ।

ਜੰਗ ਵਿਰ੍ਹਾਮ

ਤਸਵੀਰ ਸਰੋਤ, EPA

ਰਫ਼ਾਹ ਸਰਹੱਦ ਉੱਤੇ ਆਪਰੇਸ਼ਨ

ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਤ ਭਰ, ਦੱਖਣੀ ਗਾਜ਼ਾ ਵਿੱਚ ਰਫਾਹ ਬਾਰਡਰ ਕ੍ਰਾਸਿੰਗ ਦੇ ਨੇੜੇ ਇਜ਼ਰਾਈਲੀ ਬਲਾਂ ਅਤੇ ਟੈਂਕਾਂ ਨੂੰ ਦੇਖਿਆ ਗਿਆ।

ਇਸ ਤੋਂ ਪਹਿਲਾਂ, ਇਜ਼ਰਾਈਲ ਦੀ ਫੌਜ ਨੇ ਫਲਸਤੀਨੀਆਂ ਨੂੰ ਸ਼ਹਿਰ ਦੇ ਪੂਰਬੀ ਹਿੱਸਿਆਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਮਿਸਰ ਦੀ ਸਰਹੱਦ ‘ਤੇ ਰਫਾਹ ‘ਤੇ ਹਵਾਈ ਹਮਲੇ ਕੀਤੇ ਗਏ।

ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਵਸਨੀਕ ਇਸ ਕਾਰਵਾਈ ਨਾਲ ਪ੍ਰਭਾਵਿਤ ਹੋਏ ਹਨ ਅਤੇ ਕਈਆਂ ਨੂੰ ਸੋਮਵਾਰ ਨੂੰ ਵਾਹਨਾਂ ਵਿੱਚ ਜਾਂ ਗਧਾ-ਰੇੜੀਆਂ ਵਿੱਚ ਇੱਧਰ ਓਧਰ ਜਾਂਦੇ ਦੇਖਿਆ ਗਿਆ ਸੀ।

ਇਜ਼ਰਾਈਲ ਨੇ ਪਹਿਲਾਂ ਹੀ 14 ਲੱਖ ਲੋਕਾਂ ਦੇ ਰਿਹਾਇਸ਼ੀ ਸ਼ਹਿਰ ਵਿੱਚ ਹਮਾਸ ਦੇ ਹੋਲਡ-ਆਉਟ ਦੇ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਹੈ।

ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਪਹਿਲਾਂ ਹੀ ਇਜ਼ਰਾਈਲੀ ਹਮਲੇ ਤੋਂ ਬਚਣ ਲਈ ਗਾਜ਼ਾ ਦੇ ਦੂਜੇ ਹਿੱਸਿਆਂ ਵਿੱਚ ਸ਼ਰਨ ਲਈ ਹੋਈ ਹੈ।

ਸੋਮਵਾਰ ਦੇਰ ਰਾਤ ਨੇਤਨਯਾਹੂ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ, “ਭਾਵੇਂ ਕਿ ਹਮਾਸ ਦਾ ਪ੍ਰਸਤਾਵ ਇਜ਼ਰਾਈਲ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਦੂਰ ਹੈ, ਫ਼ਿਰ ਵੀ ਇਜ਼ਰਾਈਲ ਸਵੀਕਾਰਯੋਗ ਸ਼ਰਤਾਂ ਤੱਕ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰਖ਼ਦਿਆਂ ਵਿਚੋਲਿਆਂ ਦਾ ਇੱਕ ਵਫ਼ਦ ਭੇਜੇਗਾ।”

ਇਸ ਬਿਆਨ ਵਿੱਚ ਅੱਗੇ ਕਿਹਾ ਗਿਆ, “ਇਜ਼ਰਾਈਲ ਦੀ ਜੰਗ ਕੈਬਨਿਟ ਨੇ ਸਾਡੇ ਜੰਗ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਹਮਾਸ ‘ਤੇ ਫੌਜੀ ਦਬਾਅ ਪਾਉਣ ਲਈ ਰਫ਼ਾਹ ਆਪ੍ਰੇਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਸਾਡੇ ਬੰਧਕਾਂ ਦੀ ਰਿਹਾਈ, ਹਮਾਸ ਦੀ ਫੌਜ ਅਤੇ ਸ਼ਾਸਨ ਸਮਰੱਥਾਵਾਂ ਨੂੰ ਨਸ਼ਟ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਗਾਜ਼ਾ ਭਵਿੱਖ ਵਿੱਚ ਇਜ਼ਰਾਈਲ ਲਈ ਖ਼ਤਰਾ ਨਹੀਂ ਬਣੇਗਾ।“

ਇਸ ਤੋਂ ਪਹਿਲਾਂ ਦਿਨ ਵਿੱਚ ਹਮਾਸ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦੇ ਸਿਆਸੀ ਆਗੂ ਇਸਮਾਈਲ ਹਨੀਹ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੇ ਖ਼ੁਫ਼ੀਆ ਮੁਖੀ ਨੂੰ ‘ਇੱਕ ਜੰਗਬੰਦੀ ਸਮਝੌਤੇ ਦੇ ਪ੍ਰਸਤਾਵ ਨੂੰ ਪ੍ਰਵਾਨ’ ਕਰਨ ਬਾਰੇ ਸੂਚਿਤ ਕੀਤਾ ਹੈ।

ਇਹ ਵੀ ਪੜ੍ਹੋ-
ਜੰਗ

ਤਸਵੀਰ ਸਰੋਤ, Reuters

ਪ੍ਰਸਤਾਵ ਵਿੱਚ ਕੀ ਹੈ

ਪ੍ਰਸਤਾਵ ਤੋਂ ਜਾਣੂ ਇਕ ਸੀਨੀਅਰ ਫਲਸਤੀਨੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਹਮਾਸ ‘ਦੁਸ਼ਮਣ ਗਤੀਵਿਧੀਆਂ ਨੂੰ ਹਮੇਸ਼ਾ ਲਈ’ ਖ਼ਤਮ ਕਰਨ ਲਈ ਸਹਿਮਤ ਹੋ ਗਿਆ ਹੈ।

ਉਸ ਵਾਕਾਂਸ਼ ਨੇ ਸੰਕੇਤ ਦਿੱਤਾ ਕਿ ਹਮਾਸ ਸ਼ਾਇਦ ਆਪਣੇ ਹਥਿਆਰਬੰਦ ਸੰਘਰਸ਼ ਦੇ ਅੰਤ ਬਾਰੇ ਵਿਚਾਰ ਕਰ ਰਿਹਾ ਹੈ, ਹਾਲਾਂਕਿ ਹੋਰ ਵੇਰਵੇ ਹਾਲੇ ਸਾਹਮਣੇ ਨਹੀਂ ਆਏ ਹਨ।

ਇਹ ਸਮਝੌਤਾ ਦੋ-ਪੜਾਅ ਦੇ ਜੰਗਬੰਦੀ ਕਰਨ ਦੇ ਬਾਰੇ ਹੈ, ਹਰ ਪੜਾਅ 42 ਦਿਨਾਂ ਤੱਕ ਚੱਲੇਗਾ।

ਪਹਿਲੇ ਪੜਾਅ ਵਿੱਚ ਬੰਧਕ ਬਣਾਈਆਂ ਗਈਆਂ ਮਹਿਲਾ ਇਜ਼ਰਾਈਲੀ ਸੈਨਿਕਾਂ ਦੀ ਰਿਹਾਈ ਸ਼ਾਮਲ ਹੋਵੇਗੀ ਪਰ ਇਸ ਬਦਲੇ ਇਜ਼ਰਾਈਲੀ ਜੇਲ੍ਹਾਂ ਵਿੱਚ 50 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨਾ ਹੋਵੇਗਾ, ਜਿਨ੍ਹਾਂ ਵਿੱਚੋਂ ਕੁਝ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਇਸ ਸਮੇਂ ਦੌਰਾਨ ਇਜ਼ਰਾਈਲੀ ਫੌਜਾਂ ਗਾਜ਼ਾ ਦੇ ਅੰਦਰ ਹੀ ਰਹਿਣਗੀਆਂ। ਪਰ ਜੰਗਬੰਦੀ ਲਾਗੂ ਹੋਣ ਦੇ 11 ਦਿਨਾਂ ਦੇ ਅੰਦਰ ਇਜ਼ਰਾਈਲ ਖੇਤਰ ਦੇ ਕੇਂਦਰ ਵਿੱਚ ਆਪਣੀਆਂ ਫੌਜੀ ਸਹੂਲਤਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਸਲਾਹ ਅਲ-ਦੀਨ ਰੋਡ, ਜੋ ਮੁੱਖ ਉੱਤਰ-ਦੱਖਣ ਮਾਰਗ ਹੈ ਅਤੇ ਤੱਟਵਰਤੀ ਸੜਕ ਤੋਂ ਪਿੱਛੇ ਹਟ ਜਾਵੇਗਾ।

11 ਦਿਨਾਂ ਬਾਅਦ ਉੱਥੇ ਟਿਕ ਚੁੱਕੇ ਫਲਸਤੀਨੀਆਂ ਨੂੰ ਉੱਤਰ ਵੱਲ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਅਧਿਕਾਰੀ ਦੇ ਮੁਤਾਬਕ ਦੂਜਾ ਪੜਾਅ ‘ਸਥਾਈ ਲੰਬੇ ਸਮੇਂ ਦੀ ਸ਼ਾਂਤੀ’ ਅਤੇ ਗਾਜ਼ਾ ਦੀ ਨਾਕਾਬੰਦੀ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਨਾਲ ਮੁਕੰਮਲ ਹੋਵੇਗਾ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਕਤਰ ਅਤੇ ਮਿਸਰ ਦਰਮਿਆਨ ਸਮਝੌਤੇ ਦੀ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹਮਾਸ ਦੇ ਜਵਾਬ ਦੀ ਸਮੀਖਿਆ ਕਰ ਰਿਹਾ ਹੈ। ਇਸ ਦੇ ਨਾਲ ਹੀ ‘ਆਪਣੇ ਭਾਈਵਾਲਾਂ ਨਾਲ ਇਸ ‘ਤੇ ਚਰਚ’ ਕਰ ਰਿਹਾ ਹੈ।

ਜੰਗ ਤੇ ਬੱਚੇ

ਤਸਵੀਰ ਸਰੋਤ, Getty Images

ਜੰਗ ਦੀ ਸ਼ੁਰੂਆਤ

ਜੰਗ 7 ਅਕਤੂਬਰ ਨੂੰ ਹਮਾਸ ਦੇ ਬੰਦੂਕਧਾਰੀਆਂ ਦੇ ਦੱਖਣੀ ਇਜ਼ਰਾਈਲ ’ਤੇ ਹਮਲੇ ਨਾਲ ਸ਼ੁਰੂ ਹੋਈ ਸੀ। ਇਸ ਹਮਲੇ ਵਿੱਚ ਤਕਰੀਬਨ 1,200 ਲੋਕਾਂ ਦੀ ਮੌਤ ਹੋ ਗਈ ਸੀ ਅਤੇ 250 ਤੋਂ ਵੱਧ ਲੋਕਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ।

ਹਮਾਸ ਵਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਮੁਤਾਬਕ ਇਜ਼ਰਾਈਲੀ ਫੌਜੀ ਮੁਹਿੰਮ ਦੌਰਾਨ ਗਾਜ਼ਾ ਵਿੱਚ 34,700 ਤੋਂ ਵੱਧ ਲੋਕ ਮਾਰੇ ਗਏ ਹਨ।

ਨਵੰਬਰ ਵਿੱਚ ਇੱਕ ਸਮਝੌਤੇ ’ਤੇ ਸਹਿਮਤੀ ਹੋਈ ਸੀ ਜਿਸ ਵਿੱਚ ਇੱਕ ਹਫ਼ਤੇ ਦੀ ਜੰਗਬੰਦੀ ਦੇ ਬਦਲੇ ਵਿੱਚ ਹਮਾਸ ਨੇ 105 ਬੰਧਕਾਂ ਅਤੇ ਇਜ਼ਰਾਈਲ ਨੇ ਉੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ 240 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਸੀ।

ਇਜ਼ਰਾਈਲ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ 128 ਬੰਧਕ ਅਜੇ ਵੀ ਅਜਿਹੇ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਘੱਟੋ-ਘੱਟ 34 ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ-

source : BBC PUNJABI