Home ਰਾਸ਼ਟਰੀ ਖ਼ਬਰਾਂ ਸਪਤਾਪਦੀ ਰਿਵਾਜ ਕੀ ਹਨ, ਜਿਨ੍ਹਾਂ ਤੋਂ ਬਿਨਾਂ ਅਦਾਲਤ ਨੇ ਹਿੰਦੂ ਵਿਆਹ ਨੂੰ...

ਸਪਤਾਪਦੀ ਰਿਵਾਜ ਕੀ ਹਨ, ਜਿਨ੍ਹਾਂ ਤੋਂ ਬਿਨਾਂ ਅਦਾਲਤ ਨੇ ਹਿੰਦੂ ਵਿਆਹ ਨੂੰ ਅਧੂਰਾ ਦੱਸਿਆ

1
0

Source :- BBC PUNJABI

ਹਿੰਦੂ ਕਾਨੂੰਨ ਮੁਤਾਬਕ ਵਿਆਹ

ਤਸਵੀਰ ਸਰੋਤ, Getty Images

  • ਲੇਖਕ, ਅਨਘਾ ਪਾਠਕ
  • ਰੋਲ, ਬੀਬੀਸੀ ਪੱਤਰਕਾਰ
  • 7 ਮਈ 2024, 10:36 IST

    ਅਪਡੇਟ 6 ਮਿੰਟ ਪਹਿਲਾਂ

ਮੇਰੀ ਦੋਸਤ ਗਾਇਤਰੀ ਨੇ ਮੈਨੂੰ ਇਹ ਸਵਾਲ ਪੁੱਛਿਆ, “ਤਾਂ ਇਸ ਦਾ ਮਤਲਬ ਕਿ ਮੇਰਾ ਵਿਆਹ ਗ਼ੈਰ-ਕਾਨੂੰਨੀ ਹੈ?”

ਉਸ ਦੀ ਦਿਲਚਸਪੀ ਦਾ ਕਾਰਨ ਹਿੰਦੂ ਵਿਆਹ ਬਾਰੇ ਸੁਪਰੀਮ ਕੋਰਟ ਦੀਆਂ ਤਾਜ਼ਾ ਟਿੱਪਣੀਆਂ ਸਨ।

ਅਦਾਲਤ ਨੇ ਕਿਹਾ ਹੈ ਕਿ ਹਿੰਦੂ ਵਿਆਹ ਇੱਕ ਪਵਿੱਤਰ ‘ਸੰਸਕਾਰ’ ਹੈ ਅਤੇ ਹਿੰਦੂ ਮੈਰਿਜ ਐਕਟ 1955 ਹੇਠ ਰਜਿਸਟਰ ਕਰਵਾਉਣ ਲਈ ਵਿਆਹ ‘ਉਚਿਤ ਰੀਤੀ ਰਿਵਾਜਾਂ ਮੁਤਾਬਕ ਹੋਣਾ ਚਾਹੀਦਾ ਹੈ।

35 ਸਾਲਾ ਗਾਇਤਰੀ ਦੇ ਖਿਆਲ ਅਜੋਕੇ ਸਮੇਂ ਦੇ ਹਾਣ ਦੇ ਹਨ। ਉਨ੍ਹਾਂ ਨੇ ਆਪਣੇ ਵਿਆਹ ਵੇਲੇ ‘ਕੰਨਿਆਦਾਨ’ ਦੀ ਰਸਮ ਤੋਂ ਇਨਕਾਰ ਕੀਤਾ ਸੀ, ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਉਹ ‘ਕੋਈ ਚੀਜ਼’ ਨਹੀਂ ਹੈ, ਜਿਸ ਨੂੰ ਦਾਨ ਕੀਤਾ ਜਾਵੇ।

ਸਾਡੀ ਗੱਲਬਾਤ ਨੇ ਮੈਨੂੰ ਯਾਦ ਕਰਵਾਇਆ ਕਿ ਮੇਰੀਆਂ ਭੈਣਾਂ ਦੇ ਵਿਆਹ ਦੌਰਾਨ ਅਸੀਂ ਲਾੜੇ ਵੱਲੋਂ ਆਏ ਮਹਿਮਾਨਾਂ ਦੇ ਪੈਰ ਧੋਣ ਵਾਲੀ ਰਸਮ ਨਹੀਂ ਕੀਤੀ ਸੀ।

ਕੀ ਇਸ ਦਾ ਮਤਲਬ ਹੈ ਕਿ ਇਹ ਵਿਆਹ ਗ਼ੈਰ ਕਾਨੂੰਨੀ ਹਨ?

ਹਿੰਦੂ ਕਾਨੂੰਨ ਮੁਤਾਬਕ ਵਿਆਹ

ਤਸਵੀਰ ਸਰੋਤ, Getty Images

ਸਰਲ ਸ਼ਬਦਾਂ ਵਿੱਚ ਇਸ ਦਾ ਜਵਾਬ ਹੈ, ਨਹੀਂ। ਇਸ ਦਾ ਵਿਸਥਾਰ ਜਵਾਬ ਇਸ ਲੇਖ ਦੇ ਅੰਤ ਤੱਕ ਮਿਲ ਜਾਵੇਗਾ।

ਪਰ ਪਹਿਲਾਂ ਉਸ ਮਾਮਲੇ ਦੀ ਗੱਲ ਕਰਦੇ ਹਾਂ, ਜਿਸ ਤੋਂ ਇਹ ਵਿਚਾਰ ਚਰਚਾ ਸ਼ੁਰੂ ਹੋਈ।

ਅਦਾਲਤ ਇੱਕ ਔਰਤ ਵੱਲੋਂ ਪਾਈ ਤਲਾਕ ਪਟੀਸ਼ਨ ਨੂੰ ਬਿਹਾਰ ਦੀ ਮੁਜ਼ੱਫਰਪੁਰ ਕੋਰਟ ਤੋਂ ਝਾਰਖੰਡ ਦੀ ਰਾਂਚੀ ਕੋਰਟ ਵਿੱਚ ਤਬਦੀਲ ਕਰਨ ਦੀ ਅਰਜ਼ੀ ਸੁਣ ਰਹੀ ਸੀ।

ਹਾਲਾਂਕਿ ਪਟੀਸ਼ਨ ਅਜੇ ਵਿਚਾਰ ਅਧੀਨ ਸੀ, ਉਕਤ ਔਰਤ ਅਤੇ ਉਸ ਦੇ ਸਾਥੀ ਰਹੇ ਵਿਅਕਤੀ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 142 ਤਹਿਤ ਸਾਂਝੀ ਅਰਜ਼ੀ ਦੇ ਕੇ ਵਿਵਾਦ ਹੱਲ ਕਰਨ ਦਾ ਫ਼ੈਸਲਾ ਲਿਆ।

ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਲੋੜੀਂਦੇ ਰੀਤੀ ਰਿਵਾਜ ਨਹੀਂ ਕੀਤੇ ਗਏ ਸੀ ਅਤੇ ਇਸ ਲਈ ਦੋਵਾਂ ਨੇ ਇਸ ਵਿਆਹ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਲਈ ਕੋਰਟ ਅੱਗੇ ਅਪੀਲ ਕੀਤੀ ਹੈ।

ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਮੰਨ ਕੇ ਐਲਾਨ ਕੀਤਾ ਕਿ ਵਿਆਹ ਕਾਨੂੰਨੀ ਨਹੀਂ ਸੀ। ਫ਼ੈਸਲਾ ਸੁਣਾਉਂਦਿਆਂ, ਅਦਾਲਤ ਨੇ ਕੁਝ ਟਿੱਪਣੀਆਂ ਦਿੱਤੀਆਂ।

ਉਨ੍ਹਾਂ ਵਿੱਚੋਂ ਇੱਕ ਇਹ ਸੀ ਕਿ ‘ਸਪਤਾਪਦੀ’ ਜਿਹੇ ਰੀਤੀ ਰਿਵਾਜਾਂ ਤੋਂ ਬਿਨ੍ਹਾਂ ਹੋਏ ਹਿੰਦੂ ਵਿਆਹ ਨੂੰ ਇੱਕ ਹਿੰਦੂ ਵਿਆਹ ਨਹੀਂ ਮੰਨਿਆ ਜਾਵੇਗਾ।

‘ਸਪਤਾਪਦੀ’ ਤੋਂ ਬਿਨ੍ਹਾਂ ਕੋਈ ਵੀ ਵਿਆਹ ਜਾਇਜ਼ ਨਹੀਂ ?

ਮੈਂ ਇਸ ਬਾਰੇ ਆਪਣੀ ਇਕ ਸਹਿਕਰਮੀ ਨਾਲ ਗੱਲ ਕਰ ਰਹੀ ਸੀ ਅਤੇ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਈ ਵਿਆਹ ਚਾਰ ਫੇਰਿਆਂ ਨਾਲ ਹੁੰਦੇ ਹਨ, ਜਾਂ ਲੋਕ ਕੁਝ ਰੀਤੀ ਰਿਵਾਜਾਂ ਨੂੰ ਨਹੀਂ ਅਪਣਾਉਂਦੇ ਤਾਂ ਕੀ ਇਹ ਸਾਰੇ ਵਿਆਹ ਕਾਨੂੰਨ ਦੀ ਨਜ਼ਰ ਵਿੱਚ ਜਾਇਜ਼ ਨਹੀਂ ਹਨ?

‘ਸਪਤਾਪਦੀ ਦਾ ਮਤਲਬ ਅਗਨੀ ਦੁਆਲੇ ਸੱਤ ਫੇਰੇ ਲੈਣਾ ਹੁੰਦਾ ਹੈ।

ਇੰਡੀਅਨ ਐਵੀਡੈਂਸ ਐਕਟ ਸੈਕਸ਼ਨ 144 ਮੁਤਾਬਕ, ਵਿਆਹ ਦੀ ਹਮੇਸ਼ਾ ਇੱਕ ‘ਧਾਰਨਾ’ ਹੁੰਦੀ ਹੈ।

ਵੀਨਾ ਗਾਵਡਾ, ਮੁੰਬਈ ਦੀ ਇੱਕ ਨਾਰੀਵਾਦੀ ਵਕੀਲ ਹੈ। ਉਹ ਕਹਿੰਦੇ ਹਨ, “ ਅਦਾਲਤ ਦਾ ਝੁਕਾਅ ਹਮੇਸ਼ਾ ਵਿਆਹ ਦੀ ਧਾਰਨਾ ਵੱਲ ਹੁੰਦਾ ਹੈ।ਉਦਾਹਰਨ ਵਜੋਂ, ਜੇ ਤੁਸੀਂ ਕਿਸੇ ਨਾਲ ਲੰਬੇ ਸਮੇਂ ਤੋਂ ਰਹੇ ਹੋ ਅਤੇ ਸਮਾਜ ਸਾਹਮਣੇ ਖੁਦ ਨੂੰ ਪਤੀ-ਪਤਨੀ ਦੱਸਿਆ ਹੈ, ਕਾਨੂੰਨ ਵੀ ਇਹੀ ਮੰਨੇਗਾ ਕਿ ਤੁਸੀਂ ਪਤੀ-ਪਤਨੀ ਹੋ, ਜਦੋਂ ਤੱਕ ਕੋਈ ਇੱਕ ਪਾਰਟੀ ਇਸ ਨੂੰ ਚੁਣੌਤੀ ਨਹੀਂ ਦਿੰਦੀ।”

ਉਹ ਸਮਝਾਉਂਦੀ ਹੈ ਕਿ ਜੇਕਰ ਇੱਕ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਹੋਇਆ ਹੈ ਤਾਂ ਰੀਤੀ ਰਿਵਾਜ ਪੂਰੇ ਕਰਨੇ ਪੈਣਗੇ ਅਤੇ ਮੈਰਿਜ ਸਰਟੀਫਿਕੇਟ ਲੈਣ ਲਈ ਉਨ੍ਹਾਂ ਰੀਤੀ ਰਿਵਾਜਾਂ ਦਾ ਸਬੂਤ ਪੇਸ਼ ਕਰਨਾ ਹੋਵੇਗਾ।

ਬੀਬੀਸੀ

ਵੀਨਾ ਕਹਿੰਦੀ ਹੈ, “ਸਪੈਸ਼ਲ ਮੈਰਿਜ ਐਕਟ ਦੇ ਤਹਿਤ ਰਜਿਸਟਰੇਸ਼ਨ ਹੀ ਵਿਆਹ ਹੈ। ਮੁਸਲਿਮ ਪਰਸਨਲ ਲਾਅ ਦੇ ਤਹਿਤ ਨਿਕਾਹਨਾਮਾ ਤੁਹਾਡਾ ਵਿਆਹ ਹੈ, ਇਸਾਈ ਕਾਨੂੰਨ ਤਹਿਤ ਚਰਚ ਤੁਹਾਨੂੰ ਸਰਟੀਫਿਕੇਟ ਦਿੰਦੀ ਹੈ। ਇਨ੍ਹਾਂ ਸਾਰੇ ਕੇਸਾਂ ਵਿੱਚ ਮੈਰਿਜ ਸਰਟੀਫਿਕੇਟ ਜਾਂ ਰਜਿਸਟਰੇਸ਼ਨ ਵਿਆਹ ਦਾ ਹਿੱਸਾ ਹਨ। ਜਦਕਿ, ਹਿੰਦੂ ਕਾਨੂੰਨ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਾ ਕੋਈ ਕੰਸੈਪਟ ਨਹੀਂ ਹੈ।ਇਹ ਬਾਅਦ ਵਿੱਚ ਕਾਨੂੰਨ ਤਹਿਤ ਲਿਆਂਦਾ ਗਿਆ।”

ਉਹ ਅੱਗੇ ਦੱਸਦੀ ਹੈ, “ਇੱਥੇ ਸਿਰਫ਼ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ, ਇਸ ਲਈ ਉਹ ਵਿਆਹ ਵਾਲੀਆਂ ਪਾਰਟੀਆਂ ਵਿੱਚੋਂ ਕਿਸੇ ਵੀ ਇੱਕ ਦੇ ਰੀਤੀ ਰਿਵਾਜਾਂ ਮੁਤਾਬਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਰਫ਼ ਰਜਿਸਟਰੇਸ਼ਨ ਇੱਕ ਵਿਆਹ ਦਾ ਸਬੂਤ ਨਹੀਂ ਹੋ ਸਕਦੀ, ਇਸ ਲਈ ਕਾਨੂੰਨ ਮੁਤਾਬਕ ਇੱਕ ਤਰ੍ਹਾਂ ਜੋ ਅਦਾਲਤ ਕਹਿ ਰਹੀ ਹੈ, ਕਿਸੇ ਹੱਦ ਤੱਕ ਠੀਕ ਹੈ।”

ਸਪਤਾਪਦੀ, ਕੰਨਿਆਦਾਨ ਅਤੇ ਮੰਗਲ ਸੂਤਰ ਪਹਿਨਾਉਣ ਜਿਹੇ ਰਿਵਾਜਾਂ ਨੂੰ ਅਕਸਰ ਪਛੜੇ ਵਿਚਾਰਾਂ ਵਾਲੇ ਅਤੇ ਬ੍ਰਾਹਮਣਵਾਦੀ ਪਿਤਰਸੱਤਾ ਵਿੱਚ ਯਕੀਨ ਰੱਖਣ ਵਾਲੇ ਮੰਨਿਆ ਜਾਂਦਾ ਹੈ ਕਿਉਂਕਿ ਉਹ ਔਰਤ ਨੂੰ ਕਿਸੇ ਨੂੰ ਦਿੱਤੇ ਜਾਣ ਵਾਲੀ ਚੀਜ਼ ਸਮਝਦੇ ਹਨ।

ਇਹ ਵੀ ਪੜ੍ਹੋ-

ਕਾਨੂੰਨ ਕੀ ਕਹਿੰਦਾ ਹੈ ?

ਹਿੰਦੂ ਕਾਨੂੰਨ ਮੁਤਾਬਕ ਵਿਆਹ

ਤਸਵੀਰ ਸਰੋਤ, Getty Images

ਕਾਨੂੰਨ ਇਸ ਬਾਰੇ ਸਪਸ਼ਟ ਹੈ। ਇਸ ਵਿੱਚ ਕਿਸੇ ਰਿਵਾਜ ਜਾਂ ਰਸਮ ਬਾਰੇ ਨਹੀਂ ਲਿਖਿਆ ਗਿਆ ਹੈ। ਹਿੰਦੂ ਮੈਰਿਜ ਐਕਟ 1955 ਦਾ ਸੈਕਸ਼ਨ 7 ਕਹਿੰਦਾ ਹੈ ਕਿ ਹਿੰਦੂ ਵਿਆਹ ਲਾੜੇ ਜਾਂ ਲਾੜੀ ਵਿੱਚੋਂ ਕਿਸੇ ਦੇ ਵੀ ਪਰਿਵਾਰ ਦੀਆਂ ਰਸਮਾਂ ਰਿਵਾਜਾਂ ਮੁਤਾਬਕ ਸੰਪੂਰਨ ਹੋਣਾ ਚਾਹੀਦਾ ਹੈ।

ਵੀਨਾ ਇੱਕ ਉਦਾਹਰਨ ਦਿੰਦੇ ਹਨ, “ਕਰਨਾਟਕ ਦੇ ਕਈ ਭਾਈਚਾਰਿਆਂ ਵਿੱਚ ਕਾਵੇਰੀ ਨਦੀ ਨੂੰ ਸਾਕਸ਼ੀ ਮੰਨ ਕੇ ਵਿਆਹ ਕਰਵਾਉਣ ਦੀ ਰਸਮ ਹੈ, ਕਈ ਸੂਰਜ ਨੂੰ ਸਾਕਸ਼ੀ(ਗਵਾਹ) ਮੰਨ ਕੇ ਵਿਆਹ ਕਰਵਾਉਂਦੇ ਹਨ, ਵੱਖੋ-ਵੱਖਰੀਆਂ ਰਸਮਾਂ ਹਨ ਅਤੇ ਕਾਨੂੰਨ ਵਿੱਚ ਕਿਸੇ ਖ਼ਾਸ ਰਸਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਸਿਰਫ਼ ਇਹ ਕਿਹਾ ਗਿਆ ਹੈ ਕਿ ਦੋਵਾਂ ਵਿੱਚੋਂ ਇੱਕ ਪਾਰਟੀ ਦੀਆਂ ਰਸਮਾਂ ਮੁਤਾਬਕ ਵਿਆਹ ਹੋਣਾ ਚਾਹੀਦਾ ਹੈ।”

ਰਿਵਾਜ ਦੀ ਪਰਿਭਾਸ਼ਾ ਵੀ ਹਿੰਦੂ ਮੈਰਿਜ ਐਕਟ ਦੇ ਸੈਕਸ਼ਨ 3 ਵਿੱਚ ਦਿੱਤੀ ਗਈ ਹੈ, ਇਸ ਮੁਤਾਬਕ ‘ਰਿਵਾਜ’ ਕਿਸੇ ਨਿਯਮ ਨੂੰ ਦਰਸਾਉਂਦਾ ਹੈ ਜਿਸ ਦੀ ਸਥਾਨਕ ਖੇਤਰ, ਕਬੀਲੇ ਭਾਈਚਾਰੇ, ਗਰੁੱਪ ਜਾਂ ਪਰਿਵਾਰ ਦੇ ਹਿੰਦੂਆਂ ਵਿੱਚ ਲੰਬੇ ਸਮੇਂ ਤੋਂ ਲਗਾਤਾਰ ਅਤੇ ਇਕਸਾਰ ਪਾਲਣਾ ਹੋ ਰਹੀ ਹੋਵੇ।

ਫਿਰ ਭਾਰਤ ਦੀਆਂ ਅਦਾਲਤਾਂ ‘ਸਪਤਾਪਦੀ’ ਜਿਹੇ ਰਿਵਾਜਾਂ ‘ਤੇ ਵਾਰ-ਵਾਰ ਜ਼ੋਰ ਕਿਉਂ ਦਿੰਦੀਆਂ ਹਨ?

ਬੰਗਲੁਰੂ ਦੇ ਨੈਸ਼ਨਲ ਲਾਅ ਸਕੂਲ ਵਿੱਚ ਪ੍ਰੋਫੈਸਰ ਡਾ ਸਾਰਸੂ ਥੋਮਸ ਫੈਮਿਲੀ ਲਾਅ ਵਿੱਚ ਮਾਹਰ ਹਨ। ਉਹ ਮੰਨਦੇ ਹਨ ਕਿ ਸਾਰੇ ਵਿਆਹ ਬ੍ਰਾਹਮਣਵਾਦੀ ਰੀਤੀ ਰਿਵਾਜਾਂ ਮੁਤਾਬਕ ਨਹੀਂ ਹੁੰਦੇ। ਉਹ ਅੱਗੇ ਕਹਿੰਦੇ ਹਨ, “ਪਰ ਇਹ ਸੱਚ ਹੈ ਕਿ ਅਦਾਲਤਾਂ ਅਜਿਹੇ ਬ੍ਰਾਹਮਣਵਾਦੀ ਰੀਤੀ ਰਿਵਾਜ ਲੱਭ ਰਹੀਆਂ ਹਨ।”

ਉਹ ਅੱਗੇ ਦੱਸਦੀ ਹੈ, “ਜਿੱਥੇ ਅਦਾਲਤ ਨੇ ਜ਼ੋਰ ਦਿੱਤਾ ਹੈ ਕਿ ਸਾਪਤਾਪਦੀ ਜਾਂ ਹੋਮਾ ਹੋਣਾ ਚਾਹੀਦਾ ਹੈ, ਉਹ ਮੇਰੀ ਨਜ਼ਰ ਵਿੱਚ ਸਹੀ ਕੇਸ ਨਹੀਂ ਹਨ। ਕਈ ਲੋਕਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਮੰਗਲ ਸੂਤਰ ਜਿਹੀਆਂ ਰਸਮਾਂ ਬਰਾਬਰੀ ਵਾਲੀਆਂ ਰਸਮਾਂ ਨਹੀਂ ਹਨ।”

ਪਰ ਉਹ ਇਸ ਨੂੰ ਸਪੱਸ਼ਟ ਵੀ ਕਰਦੇ ਹਨ। ਉਹ ਕਹਿੰਦੇ ਹਨ, “ਜੇ ਇਹ ਰਸਮਾਂ, ਲਾੜੇ ਅਤੇ ਲਾੜੀ ਦੋਵਾਂ ਪਰਿਵਾਰਾਂ ਦੇ ਰੀਤੀ ਰਿਵਾਜ ਹਨ, ਤਾਂ ਹਿੰਦੂ ਮੈਰਿਜ ਐਕਟ ਤਹਿਤ ਇਹ ਰਸਮਾਂ ਨਿਭਾਉਣੀਆਂ ਪੈਣਗੀਆਂ।”

ਮਿਸਾਲ ਵਜੋਂ, ਇੱਕ ਤਾਜ਼ਾ ਕੇਸ ਵਿੱਚ ਅਲਾਹਾਬਾਦ ਅਦਾਲਤ ਨੇ ਕਿਹਾ ਸੀ ਕਿ ਹਿੰਦੂ ਮੈਰਿਜ ਐਕਟ ਅਧੀਨ ਕੰਨਿਆਦਾਨ ਲਾਜ਼ਮੀ ਰਸਮ ਨਹੀਂ ਹੈ।

ਹਿੰਦੂ ਕਾਨੂੰਨ ਮੁਤਾਬਕ ਵਿਆਹ

ਤਸਵੀਰ ਸਰੋਤ, Getty images

ਰਮਾ ਸਰੋਦੇ ਪੂਣੇ ਦੀ ਇੱਕ ਵਕੀਲ ਹੈ ਅਤੇ ਮਹਿਲਾਵਾਂ ਦੇ ਹੱਕਾਂ ਦੇ ਮਾਹਰ ਹਨ। ਉਹ ਭਾਰਤੀ ਅਦਾਲਤਾਂ ਵੱਲੋਂ ਅਗਾਂਹਵਧੂ ਸੋਚ ਨੂੰ ਅਪਣਾਉਣ ਦੀ ਲੋੜ ਦਾ ਜ਼ਿਕਰ ਕਰਦੇ ਹਨ।

ਉਹ ਕਹਿੰਦੇ ਹਨ, “ਸੁਪਰੀਮ ਕੋਰਟ ਨੂੰ ਇਸ ਦੀ ਵਿਆਖਿਆ ਕਰਨ ਦੀ ਲੋੜ ਹੈ ਕਿ ਜ਼ਰੂਰੀ ਰੀਤੀ ਰਿਵਾਜ ਅਤੇ ਰਸਮਾਂ ਕੀ ਹਨ। ਕਾਨੂੰਨ 1955 ਵਿੱਚ ਪਾਸ ਹੋਇਆ ਸੀ ਅਤੇ ਸੱਚ ਹੈ ਕਿ ਉਸ ਵੇਲੇ ਇਹ ਰਿਵਾਜ ਅਹਿਮ ਸਨ ਪਰ ਹੁਣ ਸਾਨੂੰ ਆਧੁਨਿਕ ਸਮੇਂ ਮੁਤਾਬਕ ਕਾਨੂੰਨ ਨੂੰ ਸਮਝਣਾ ਪਵੇਗਾ।”

ਰਮਾ ਸਰੋਦੇ ਜ਼ੋਰ ਦੇ ਕੇ ਕਹਿੰਦੇ ਹਨ, “ਵਿਚਾਰਧਾਰਾਵਾਂ ਅਤੇ ਰਸਮਾਂ ਨੂੰ ਬਦਲਣ ਦੀ ਥਾਂ ਹੋਣੀ ਚਾਹੀਦੀ ਹੈ। ਲੋਕ ਉਹ ਰਸਮਾਂ ਕਰ ਸਕਣ ਜੋ ਉਨ੍ਹਾਂ ਮੁਤਾਬਕ ਜ਼ਰੂਰੀ ਹਨ ਅਤੇ ਉਸ ਮੁਤਾਬਕ ਵਿਆਹ ਨੂੰ ਰਜਿਸਟਰ ਕਰਵਾ ਸਕਣ। ਇੱਕ ਵਕੀਲ ਵਜੋਂ, ਵਿਆਹ ਦੀ ਰਜਿਸਟਰੇਸ਼ਨ ਮੇਰੇ ਲਈ ਬਹੁਤ ਜ਼ਰੂਰੀ ਹੈ।”

ਸਵਾਲ ਉਸ ਅਗਾਂਹਵਧੂ ਹਿੰਦੂ ਦਾ ਹੈ, ਜੋ ਪੁਰਾਣੇ ਰੀਤੀ ਰਿਵਾਜ ਨਹੀਂ ਕਰਨਾ ਚਾਹੁੰਦਾ, ਭਾਵੇਂ ਕਿ ਉਹ ਵਿਆਹ ਨੂੰ ਸੰਪੂਰਨ ਕਰਨ ਲਈ ਜ਼ਰੂਰੀ ਸਮਝੇ ਜਾਂਦੇ ਹਨ।

ਵੀਨੂ ਅਤੇ ਡਾਸਾਰਸੂ ਦੋਹੇਂ ਸਪੈਸ਼ਲ ਮੈਰਿਜ ਐਕਟ ਵੱਲ ਇਸ਼ਾਰਾ ਕਰਦੇ ਹਨ।

ਡਾ. ਸਾਰਸੂ ਕਹਿੰਦੇ ਹਨ, “ਨਵੇਂ ਕਾਨੂੰਨ ਦੀ ਕੋਈ ਲੋੜ ਨਹੀਂ ਹੈ।”

“ਅਖੀਰ ਔਰਤਾਂ ਨੂੰ ਸਹਿਣਾ ਪਵੇਗਾ। ਕਿਉਂਕਿ ਵਧੇਰੇ ਲੋਕ ਰਵਾਇਤੀ ਢੰਗ ਨਾਲ ਹੀ ਵਿਆਹ ਕਰਨਗੇ। ਤਾਂ ਇਸ ਦਾ ਮਤਲਬ ਸਿਰਫ਼ ਇਹ ਹੋਏਗਾ ਕਿ ਇਨ੍ਹਾਂ ਔਰਤਾਂ ਦਾ ਵਿਆਹ ਕਾਨੂੰਨੀ ਨਹੀਂ ਹੈ।”

ਉਹ ਅੱਗੇ ਕਹਿੰਦੇ ਹਨ,, “ਮੇਰਾ ਖਿਆਲ ਹੈ ਕਿ ਕਾਨੂੰਨ ਆਪਣੇ ਆਪ ਵਿੱਚ ਠੀਕ ਹੈ, ਅਗਾਂਹਵਧੂ ਜੋੜੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਵਾ ਸਕਦੇ ਹਨ। ਪਰ ਨਵੀਂ ਰਸਮ ਲਈ ਨਵਾਂ ਕਾਨੂੰਨ ਗਲਤ ਹੈ। ਹਾਲਾਂਕਿ, ਕਾਨੂੰਨ ਕਹਿ ਸਕਦਾ ਹੈ ਕਿ ਵਿਆਹ ਦੀ ਰਜਿਸਟਰੇਸ਼ਨ ਇਸ ਦੇ ਕਾਨੂੰਨੀ ਹੋਣ ਦੇ ਸਬੂਤ ਵਜੋਂ ਕਾਫ਼ੀ ਹੈ।”

ਹਿੰਦੂ ਕਾਨੂੰਨ ਮੁਤਾਬਕ ਵਿਆਹ

ਤਸਵੀਰ ਸਰੋਤ, Getty Images

ਵੀਨਾ ਮੁਤਾਬਕ ਅਦਾਲਤ ਨੂੰ ਅਗਾਂਹਵਧੂ ਹੋਣਾ ਚਾਹੀਦਾ ਹੈ।ਇਸ ਨੂੰ ਸਿਰਫ਼ ਲਿੰਗ ਅਧਾਰਤ ਰਸਮਾਂ ਤੋਂ ਇਨਕਾਰ ਹੀ ਨਹੀਂ ਕਰਨਾ ਚਾਹੀਦਾ ਬਲਕਿ ਇਸ ਬਾਰੇ ਵੀ ਨਿਰਣਾ ਲੈਣਾ ਚਾਹੀਦਾ ਹੈ , ਵਿਆਹ ਦੀ ਸੰਸਥਾ ਅਜੋਕੇ ਸਮੇਂ ਵਿੱਚ ਕਿੰਨੀ ਅਹਿਮ ਹੈ ਅਤੇ ਵਿਆਹ ਵਿੱਚ ਔਰਤ ਦੇ ਹੱਕਾਂ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ।

ਉਹ ਕਹਿੰਦੀ ਹੈ, “ਭਾਰਤੀ ਕਾਨੂੰਨ ਤਹਿਤ ‘ਮੈਰੀਟਲ ਰੇਪ’ ਨੂੰ ਮੰਨਿਆ ਨਹੀਂ ਜਾਂਦਾ। ਹਾਲ ਹੀ ਵਿੱਚ, ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੱਕ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਤੀ ਵੱਲੋਂ ਗੈਰ-ਕੁਦਰਤੀ ਯੌਨ ਸਬੰਧ ਅਪਰਾਧ ਨਹੀਂ ਹੈ।”

ਉਹ ਕਹਿੰਦੇ ਹਨ ਕਿ ਵਿਆਹ ਵਿੱਚ ਸਹਿਮਤੀ ਜਿਹਾ ਕੋਈ ਕੰਸੈਪਟ ਨਹੀਂ ਹੈ। ਜਿਵੇਂ ਕਿ ਜੇ ਤੁਸੀਂ ਵਿਆਹੁਤਾ ਹੋ ਤਾਂ ਤੁਸੀਂ ਸਹਿਮਤੀ ਦਿੱਤੇ ਬਿਨ੍ਹਾਂ ਸੈਕਸ ਲਈ ਸਹਿਮਤ ਹੋ। ਮੈਨੂੰ ਲਗਦਾ ਹੈ ਕਿ ਇਨ੍ਹਾਂ ਗੱਲਾਂ ਬਾਰੇ ਅਗਾਂਹਵਧੂ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ ਹੈ।”

ਵੀਨਾ ਸੁਆਲੀਆ ਲਹਿਜ਼ੇ ਵਿੱਚ ਕਹਿੰਦੇ ਹਨ, “ਇਹ ਕਹਿਣਾ ਸੌਖਾ ਹੈ ਕਿ ਵਿਆਹ ਦੋ ਬਰਾਬਰ ਸਾਥੀਆਂ ਵਿਚਕਾਰ ਹੈ, ਪਰ ਕੀ ਕਾਨੂੰਨ ਔਰਤ ਨੂੰ ਇੱਕ ਬਰਾਬਰ ਸਾਥੀ ਬਣਾਉਂਦਾ ਹੈ?”

ਜਿੱਥੋ ਤੱਕ ਮੈਨੂੰ ਯਾਦ ਹੈ, ਸਾਨੂੰ ਔਰਤਾਂ ਨੂੰ ਦੱਸਿਆ ਜਾਂਦਾ ਰਿਹਾ ਹੈ ਕਿ ‘ਕਦੋਂ’ ਵਿਆਹ ਕਰਵਾਉਣਾ ਹੈ, ‘ਕਿਸ ਨਾਲ’ ਵਿਆਹ ਕਰਵਾਉਣਾ ਅਤੇ ਅਤੇ ਜਿਵੇਂ ਕਿ ਇਹ ਵਿਚਾਰ ਚਰਚਾ ਦਰਸਾਉਂਦੀ ਹੈ, ‘ਕਿਵੇਂ’ ਵਿਆਹ ਕਰਵਾਉਣਾ ਹੈ।

ਮੈਂ ਸੋਚਦੀ ਹਾਂ, ਇਹ ਸਾਨੂੰ ਬਰਾਬਰੀ ਦੀ ਲੜਾਈ ਵਿੱਚ ਕਿੱਥੇ ਪਹੁੰਚਾਉਂਦਾ ਹੈ !

ਇਹ ਵੀ ਪੜ੍ਹੋ-

source : BBC PUNJABI