Home ਰਾਸ਼ਟਰੀ ਖ਼ਬਰਾਂ ਸਮਾਜਿਕ ਬਰਾਬਰੀ ਲਈ ਜਾਣਿਆ ਜਾਂਦਾ ਇਹ ਮੁਲਕ ਕਿਵੇਂ ਅਮੀਰਾਂ ਦਾ ਗੜ੍ਹ ਬਣ...

ਸਮਾਜਿਕ ਬਰਾਬਰੀ ਲਈ ਜਾਣਿਆ ਜਾਂਦਾ ਇਹ ਮੁਲਕ ਕਿਵੇਂ ਅਮੀਰਾਂ ਦਾ ਗੜ੍ਹ ਬਣ ਗਿਆ ਹੈ

1
0

Source :- BBC PUNJABI

ਕੋਨਰਾਡ ਬਰਗਸਟ੍ਰੋਮ

ਤਸਵੀਰ ਸਰੋਤ, MADDY SAVAGE

ਸਵੀਡਨ ਨੂੰ ਸਾਰੀ ਦੁਨੀਆਂ ਵਿੱਚ ਵੱਧ ਟੈਕਸ ਅਤੇ ਸਮਾਜਿਕ ਬਰਾਬਰੀ ਲਈ ਜਾਣਿਆ ਜਾਂਦਾ ਹੈ ਪਰ ਇਹ ‘ਸੂਪਰ ਰਿੱਚ’ ਭਾਵ ਅਮੀਰ ਲੋਕਾਂ ਦੇ ਲਈ ਯੂਰਪ ਵਿੱਚ ਕੇਂਦਰ ਬਣ ਗਿਆ ਹੈ।

ਇੱਥੋਂ ਦੇ ਲਿਡਿਨਗੋ ਮਹਾਦੀਪ ‘ਤੇ ਲੱਕੜ ਦੇ ਵੱਡੇ ਲਾਲ ਅਤੇ ਪੀਲੇ ਰੰਗ ਦੇ ਵੱਡੇ ਆਕਾਰੀ ਘਰ ਉਤਰਾਈ ਵਾਲੀਆਂ ਚੱਟਾਨਾਂ ਉੱਤੇ ਬਣੇ ਹੋਏ ਹਨ, ਇੱਥੇ ਫਰਸ਼ ਤੋਂ ਲੈ ਕੇ ਛੱਤ ਤੱਕ ਖਿੜਕੀਆਂ ਵਾਲੀਆਂ ਸਫ਼ੈਦ ਰੰਗੀਆਂ ਨਵੀਆਂ ਨਕੋਰ ਹਵੇਲੀਆਂ ਦੇਖਣ ਨੂੰ ਮਿਲਦੀਆਂ ਹਨ।

ਸਟਾਕਹੋਮ ਸ਼ਹਿਰ ਦੇ ਕੇਂਦਰ ਤੋਂ ਅੱਧੇ ਘੰਟੇ ਤੋਂ ਵੀ ਘੱਟ ਦੀ ਦੂਰੀ ‘ਤੇ ਇਹ ਸਵੀਡਨ ਦੇ ਸਭ ਤੋਂ ਅਮੀਰ ਇਲਾਕਿਆਂ ਵਿੱਚੋਂ ਇੱਕ ਹੈ।

ਟਾਪੂ

ਤਸਵੀਰ ਸਰੋਤ, MADDY SAVAGE

ਕਈ ਕਾਰੋਬਾਰ ਚਲਾਉਣ ਵਾਲੇ ਉਦਯੋਗਪਤੀ ਕੋਨਰਾਡ ਬਰਗਸਟ੍ਰੋਮ ਨੇ ਆਪਣੇ ਵਾਈਨ ਸੈਲਰ ਵਿੱਚ ਲਾਈਟ ਸਵਿੱਚ ਨੂੰ ਖਿੱਚਿਆ ਤਾਂ ਕਿ ਉਹ ਉੱਥੇ ਰੱਖੀਆਂ 3,000 ਬੋਤਲਾਂ ਨੂੰ ਦਿਖਾ ਸਕੇ।

ਉਹ ਚਮਕਦਾਰ ਮੁਸਕਰਾਹਟ ਦਿੰਦੇ ਹੋਏ ਕਹਿੰਦੇ ਹਨ, ‘‘ਇਹ ਫ੍ਰੈਂਚ ਬੋਰਡੋ ਹੈ, ਇਹ ਉਹ ਚੀਜ਼ ਹੈ ਜੋ ਮੈਨੂੰ ਪਸੰਦ ਹੈ।’’

ਉੱਥੇ ਹੀ ਕਿਤੇ ਹੋਰ ਇੱਕ ਆਊਟਡੋਰ ਪੂਲ, ਰੇਨਡੀਅਰ ਚਮੜੇ ਨਾਲ ਸੁਸੱਜਿਤ ਜਿਮ ਅਤੇ ਇੱਕ ਵਰਕਸ਼ਾਪ-ਕਮ-ਨਾਈਟ ਕਲੱਬ ਹੈ, ਜਿਸ ਵਿੱਚ ਇੱਕ ਵੱਡਾ ਧਾਤ ਦਾ ਬਣਿਆ ਹੋਇਆ ਯੂਰੀਨਲ ਲਗਾਇਆ ਹੋਇਆ ਹੈ।

ਬਰਗਸਟ੍ਰੋਮ ਦੱਸਦੇ ਹਨ, ‘‘ਮੇਰੇ ਬਹੁਤ ਸਾਰੇ ਸੰਗੀਤ ਵਿੱਚ ਰੁਚੀ ਰੱਖਣ ਵਾਲੇ ਦੋਸਤ ਹਨ, ਇਸ ਲਈ ਅਸੀਂ ਬਹੁਤ ਸੰਗੀਤ ਵਜਾਉਂਦੇ ਹਾਂ।’’

ਉਨ੍ਹਾਂ ਨੇ ਆਪਣਾ ਪੈਸਾ ਹੈੱਡਫੋਨ ਅਤੇ ਸਪੀਕਰ ਕੰਪਨੀ ਸਮੇਤ ਹੋਰ ਕਾਰੋਬਾਰਾਂ ਦੀ ਸਹਿ-ਸੰਥਾਪਨਾ ਵਿੱਚ ਲਗਾਇਆ ਹੈ ਅਤੇ ਇਹ ਘਰ ਸਵੀਡਨ ਅਤੇ ਸਪੇਨ ਵਿੱਚ ਉਨ੍ਹਾਂ ਦੀ ਮਾਲਕੀ ਵਾਲੀਆਂ ਚਾਰ ਸੰਪਤੀਆਂ ਵਿੱਚੋਂ ਇੱਕ ਹੈ।

ਇੱਕ ਸਫਲ ਉਦਯੋਗਪਤੀ ਦੀ ਇਸ ਤਰ੍ਹਾਂ ਦੀ ਜੀਵਨਸ਼ੈਲੀ ਕੋਈ ਹੈਰਾਨੀਜਨਕ ਨਹੀਂ ਹੈ, ਪਰ ਵਿਸ਼ਵਵਿਆਪੀ ਨਿਰੀਖਕਾਂ ਨੂੰ ਇਸ ਗੱਲ ਨਾਲ ਹੈਰਾਨੀ ਹੋ ਸਕਦੀ ਹੈ ਕਿ ਸਵੀਡਨ ਵਿੱਚ ਕਿੰਨੇ ਲੋਕ ਬਰਗਸਟ੍ਰੋਮ ਜਿੰਨੇ ਅਮੀਰ ਹੋ ਗਏ ਹਨ ਜਾਂ ਉਨ੍ਹਾਂ ਤੋਂ ਵੀ ਜ਼ਿਆਦਾ ਅਮੀਰ ਹਨ। ਇਹ ਇੱਕ ਅਜਿਹਾ ਦੇਸ਼ ਹੈ ਜੋ ਖੱਬੇਪੱਖੀ ਰਾਜਨੀਤੀ ਲਈ ਆਲਮੀ ਪ੍ਰਸਿੱਧੀ ਰੱਖਦਾ ਹੈ।

ਹਾਲਾਂਕਿ ਮੌਜੂਦਾ ਸਮੇਂ ਇੱਥੇ ਸੱਜੇ-ਪੱਖੀ ਗੱਠਜੋੜ ਸੱਤਾ ਵਿੱਚ ਹੈ, ਪਰ ਪਿਛਲੀ ਸਦੀ ਦੇ ਜ਼ਿਆਦਾਤਰ ਸਮੇਂ ਵਿੱਚ ਦੇਸ਼ ਸੋਸ਼ਲ ਡੈਮੋਕਰੇਟ-ਅਗਵਾਈ ਵਾਲੀਆਂ ਸਰਕਾਰਾਂ ਦੁਆਰਾ ਚਲਾਇਆ ਗਿਆ ਹੈ, ਜੋ ਇੱਕ ਮਜ਼ਬੂਤ ਕਲਿਆਣਕਾਰੀ ਰਾਜ ਚਲਾਉਣ ਲਈ ਟੈਕਸਾਂ ਨਾਲ ਬਰਾਬਰ ਤਰੀਕੇ ਨਾਲ ਅਰਥਵਿਵਸਥਾ ਨੂੰ ਵਿਕਸਤ ਕਰਨ ਦੇ ਵਾਅਦੇ ਨਾਲ ਚੁਣੀਆਂ ਗਈਆਂ ਸਨ।

ਪਰ ਸਵੀਡਨ ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਅਮੀਰਾਂ ਦੀ ਸੰਖਿਆ ਵਿੱਚ ਉਛਾਲ ਆਇਆ ਹੈ।

ਹੁਣ ਬੰਦ ਹੋ ਚੁੱਕੀ ਸਵੀਡਿਸ਼ ਵਪਾਰਕ ਮੈਗਜ਼ੀਨ ‘ਵੇਕੰਸ ਅਫੇਅਰ’ ਦੁਆਰਾ ਪ੍ਰਕਾਸ਼ਿਤ ਅਮੀਰਾਂ ਦੀ ਸੂਚੀ ਅਨੁਸਾਰ, 1996 ਵਿੱਚ ਇੱਕ ਬਿਲੀਅਨ ਕ੍ਰੋਨਰ ਜਾਂ ਇਸ ਤੋਂ ਵੱਧ (ਅੱਜ ਦੀ ਐਕਸਚੇਂਜ ਦਰ ’ਤੇ ਲਗਭਗ 91 ਮਿਲੀਅਨ ਡਾਲਰ ਜਾਂ 73 ਮਿਲੀਅਨ ਪੌਂਡ) ਦੀ ਕੁੱਲ ਜਾਇਦਾਦ ਵਾਲੇ ਸਿਰਫ਼ 28 ਲੋਕ ਸਨ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੇ ਪਰਿਵਾਰਾਂ ਤੋਂ ਸਨ ਜੋ ਪੀੜ੍ਹੀਆਂ ਤੋਂ ਅਮੀਰ ਸਨ।

ਸਵੀਡਨ

ਤਸਵੀਰ ਸਰੋਤ, Getty Images

ਰੋਜ਼ਾਨਾ ਅਖਬਾਰ ‘ਆਫਟਨਬਲਾਡੇਟ’ (Aftonbladet) ਦੇ ਇਸ ਤਰ੍ਹਾਂ ਦੇ ਹੀ ਵਿਸ਼ਲੇਸ਼ਣ ਅਨੁਸਾਰ 2021 ਤੱਕ 542 ‘ਕ੍ਰੋਨਰ ਅਰਬਪਤੀ’ ਸਨ। ਉਨ੍ਹਾਂ ਕੋਲ ਦੇਸ਼ ਦੀ ਜੀਡੀਪੀ ਦੇ 70% ਦੇ ਬਰਾਬਰ ਦੀ ਦੌਲਤ ਸੀ। ਜੀਡੀਪੀ ਅਰਥਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਕੁੱਲ ਮੁੱਲ ਦਾ ਇੱਕ ਮਾਪ ਹੈ।

ਸਵੀਡਨ ਸਿਰਫ਼ 10 ਮਿਲੀਅਨ ਦੀ ਆਬਾਦੀ ਨਾਲ ਪ੍ਰਤੀ ਵਿਅਕਤੀ ‘ਡਾਲਰ ਅਰਬਪਤੀਆਂ’ ਦੇ ਮਾਮਲੇ ਵਿੱਚ ਦੁਨੀਆਂ ਦੇ ਸਭ ਤੋਂ ਉੱਚੇ ਅਨੁਪਾਤ ਵਿੱਚੋਂ ਇੱਕ ਹੈ।

ਫੋਬਰਸ ਨੇ ਆਪਣੀ 2024 ਦੀ ਅਮੀਰਾਂ ਦੀ ਸੂਚੀ ਵਿੱਚ ਇੱਕ ਅਰਬ ਡਾਲਰ ਜਾਂ ਇਸ ਤੋਂ ਵੱਧ ਸੰਪਤੀ ਵਾਲੇ 43 ਸਵੀਡਨ ਵਾਸੀਆਂ ਨੂੰ ਸੂਚੀਬੱਧ ਕੀਤਾ ਹੈ।

ਇਹ ਪ੍ਰਤੀ ਦਸ ਲੱਖ ਲੋਕਾਂ ’ਤੇ ਲਗਭਗ ਚਾਰ ਦੇ ਬਰਾਬਰ ਹੈ, ਜਦੋਂਕਿ ਅਮਰੀਕਾ ਵਿੱਚ ਪ੍ਰਤੀ ਦਸ ਲੱਖ ’ਤੇ ਲਗਭਗ ਦੋ ਲੋਕ ਹਨ (ਜਿਸ ਵਿੱਚ 813 ਅਰਬਪਤੀ ਹਨ। ਇਹ ਕਿਸੇ ਵੀ ਦੇਸ਼ ਦੀ ਤੁਲਨਾ ਵਿੱਚ ਸਭ ਤੋਂ ਵੱਧ ਹਨ, ਪਰ ਇਹ 342 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ)।

‘ਅਫਟਨਬਲਾਡੇਟ’ ਦੇ ਪੱਤਰਕਾਰ ਅਤੇ ‘ਗ੍ਰੀਡੀ ਸਵੀਡਨ’ ਨਾਮਕ ਪੁਸਤਕ ਦੇ ਲੇਖਕ ਆਂਦਰੇਅਸ ਸੇਰਵੇਂਕਾ ਜਿਸ ਵਿੱਚ ਉਨ੍ਹਾਂ ਨੇ ਸਵੀਡਨ ਦੇ ਸੁਪਰ ਅਮੀਰਾਂ ਦੇ ਨਿਰੰਤਰ ਵਾਧੇ ਦੀ ਪੜਚੋਲ ਕੀਤੀ ਹੈ, ਉਹ ਕਹਿੰਦੇ ਹਨ, ‘‘ਇਹ ਇੱਕ ਤਰ੍ਹਾਂ ਦੇ ਗੁਪਤ ਤਰੀਕੇ ਨਾਲ ਵਾਪਰਿਆ ਹੈ। ਅਜਿਹਾ ਹੋਣ ਦੇ ਬਾਅਦ ਤੱਕ ਤੁਸੀਂ ਅਸਲ ਵਿੱਚ ਇਸ ’ਤੇ ਧਿਆਨ ਨਹੀਂ ਦਿੱਤਾ ਹੈ।’’

ਆਂਦਰੇਅਸ ਸੇਰਵੇਂਕਾ

ਤਸਵੀਰ ਸਰੋਤ, MIRIAM PREIS

“ਪਰ ਸਟਾਕਹੋਮ ਵਿੱਚ, ਤੁਸੀਂ ਆਪਣੀਆਂ ਅੱਖਾਂ ਨਾਲ ਦੌਲਤ ਨੂੰ ਦੇਖ ਸਕਦੇ ਹੋ ਅਤੇ ਸਟਾਕਹੋਮ ਦੇ ਕੁਝ ਖੇਤਰਾਂ ਵਿੱਚ ਬੇਹੱਦ ਅਮੀਰ ਲੋਕਾਂ ਅਤੇ ਦੂਜੇ ਹਿੱਸਿਆਂ ਵਿੱਚ ਕਾਫ਼ੀ ਗਰੀਬ ਲੋਕਾਂ ਵਿਚਕਾਰ ਅੰਤਰ ਦੇਖ ਸਕਦੇ ਹੋ।’’

ਨਵੇਂ ਸੁਪਰ ਅਮੀਰਾਂ ਦੇ ਉਭਾਰ ਦਾ ਇੱਕ ਕਾਰਨ ਸਵੀਡਨ ਦਾ ਸੰਪੰਨ ਤਕਨੀਕੀ ਖੇਤਰ ਹੈ। ਦੇਸ਼ ਦੀ ਸਾਖ ਯੂਰਪ ਦੀ ਸਿਲੀਕਾਨ ਵੈਲੀ ਦੇ ਰੂਪ ਵਿੱਚ ਹੈ, ਜਿਸ ਨੇ ਪਿਛਲੇ ਦੋ ਦਹਾਕਿਆਂ ਵਿੱਚ 40 ਤੋਂ ਵੱਧ ਕਥਿਤ ਯੂਨੀਕੋਰਨ ਸਟਾਰਟ-ਅੱਪਸ – 1 ਬਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਕੰਪਨੀਆਂ ਤਿਆਰ ਕੀਤੀਆਂ ਹਨ।

ਸਕਾਈਪ ਅਤੇ ਸਪੋਟੀਫਾਈ ਦੀ ਸਥਾਪਨਾ ਇੱਥੇ ਕੀਤੀ ਗਈ ਸੀ, ਨਾਲ ਹੀ ਗੇਮਿੰਗ ਫਰਮਾਂ ਕਿੰਗ ਅਤੇ ਮੋਜੰਗ ਦੀ ਵੀ ਇੱਥੇ ਹੀ ਸਥਾਪਨਾ ਹੋਈ।

ਹਾਲ ਹੀ ਦੀਆਂ ਗਲੋਬਲ ਸਫਲਤਾ ਦੀਆਂ ਕਹਾਣੀਆਂ ਵਿੱਚ ਵਿੱਤੀ ਤਕਨੀਕੀ ਸਟਾਰਟ-ਅੱਪ ਟਿੰਕ, ਹੈਲਥਕੇਅਰ ਕੰਪਨੀ ਕ੍ਰਾਈ ਅਤੇ ਈ-ਸਕੂਟਰ ਕੰਪਨੀ ਵੋਈ ਸ਼ਾਮਲ ਹੈ। ਟਿੰਕ ਨੂੰ ਵੀਜ਼ਾ ਕੰਪਨੀ ਨੇ ਮਹਾਮਾਰੀ ਦੌਰਾਨ ਲਗਭਗ 2 ਅਰਬ ਡਾਲਰ ਵਿੱਚ ਖਰੀਦ ਲਿਆ ਸੀ।

ਐਪੀਸੈਂਟਰ ‘ਤੇ ਇੱਕ ਵਿਸ਼ਾਲ ਗਲਾਸ ਐਟ੍ਰਿਅਮ ਨਾਲ ਇੱਕ ਸਾਂਝਾ ਦਫ਼ਤਰ ਅਤੇ ਕਮਿਊਨਿਟੀ ਸਪੇਸ ਵਿੱਚ ਬੈਠੇ ਅਨੁਭਵੀ ਉੱਦਮੀ ਓਲਾ ਹਾਲਵਰਸਨ ਨੇ ਇਸ ਸਫਲਤਾ ਨੂੰ 1990 ਦੇ ਦਹਾਕੇ ਵਿੱਚ ਦੇਖਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਸਵੀਡਨ ਵਿੱਚ ਘਰੇਲੂ ਕੰਪਿਊਟਰਾਂ ’ਤੇ ਟੈਕਸ ਛੋਟ ਨੇ ‘‘ਸਾਨੂੰ ਸਾਰਿਆਂ ਨੂੰ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਬਹੁਤ ਤੇਜ਼ੀ ਨਾਲ ਜੋੜਿਆ ਹੈ।’’

ਸਵੀਡਨ

ਤਸਵੀਰ ਸਰੋਤ, Getty Images

ਖੁਦ ਕਈ ਕਾਰੋਬਾਰਾਂ ਦੇ ਸਹਿ-ਸੰਸਥਾਪਕ, ਉਹ ਸਟਾਰਟ-ਅੱਪ ਖੇਤਰ ਵਿੱਚ ਇੱਕ ਮਜ਼ਬੂਤ ‘ਸਹਿਯੋਗ ਦੀ ਸੰਸਕ੍ਰਿਤੀ’ ਵੱਲ ਵੀ ਇਸ਼ਾਰਾ ਕਰਦੇ ਹਨ, ਜਿਸ ਵਿੱਚ ਨਿਪੁੰਨ ਉੱਦਮੀ ਅਕਸਰ ਤਕਨੀਕੀ ਕੰਪਨੀਆਂ ਦੀ ਅਗਲੀ ਪੀੜ੍ਹੀ ਲਈ ਅਤੇ ਨਿਵੇਸ਼ਕਾਂ ਲਈ ਰੋਲ ਮਾਡਲ ਬਣ ਜਾਂਦੇ ਹਨ।

ਸਵੀਡਨ ਦਾ ਆਕਾਰ ਇਸ ਨੂੰ ਇੱਕ ਹਰਮਨਪਿਆਰਾ ਪ੍ਰੀਖਣ/ਟੈਸਟ ਬਾਜ਼ਾਰ ਵੀ ਬਣਾਉਂਦਾ ਹੈ।

ਅਹਲਵਰਸਨ ਕਹਿੰਦੇ ਹਨ, ‘‘ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਕੀ ਇਹ ਉਤਪਾਦ ਵੱਡੀ ਮਾਰਕੀਟ ਵਿੱਚ ਕੰਮ ਕਰਦਾ ਹੈ ਤਾਂ ਤੁਸੀਂ ਸੀਮਤ ਲਾਗਤ ‘ਤੇ ਅਤੇ ਆਪਣੇ ਬ੍ਰਾਂਡ ਜਾਂ ਆਪਣੇ ਸਟਾਕ ਦੀ ਕੀਮਤ ਲਈ ਬਹੁਤ ਜ਼ਿਆਦਾ ਜੋਖਮ ਉਠਾਏ ਤੋਂ ਬਿਨਾਂ ਇੱਥੇ ਚੀਜ਼ਾਂ ਨੂੰ ਅਜ਼ਮਾ ਸਕਦੇ ਹੋ।’’

ਪਰ ਸੇਰਵੇਂਕਾ ਦਾ ਤਰਕ ਹੈ ਕਿ ਇੱਥੇ ਇੱਕ ਹੋਰ ਬਿਰਤਾਂਤ ਹੈ ਜਿਸ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਮੁਦਰਾ ਨੀਤੀਆਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੇ ਦੇਸ਼ ਨੂੰ ਸੁਪਰ ਅਮੀਰਾਂ ਲਈ ਇੱਕ ਸਵਰਗ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

ਸਵੀਡਨ ਵਿੱਚ 2010 ਦੀ ਸ਼ੁਰੂਆਤ ਤੋਂ ਲੈ ਕੇ ਕੁਝ ਸਾਲ ਪਹਿਲਾਂ ਤੱਕ ਵਿਆਜ ਦਰਾਂ ਬਹੁਤ ਘੱਟ ਸਨ। ਇਸ ਨਾਲ ਪੈਸਾ ਉਧਾਰ ਲੈਣਾ ਸਸਤਾ ਹੋ ਗਿਆ, ਇਸ ਲਈ ਵਾਧੂ ਨਕਦੀ ਰੱਖਣ ਵਾਲੇ ਸਵੀਡਨ ਵਾਸੀ ਅਕਸਰ ਸੰਪਤੀ ਜਾਂ ਤਕਨੀਕੀ ਸਟਾਰਟ-ਅੱਪਸ ਵਰਗੇ ਉੱਚ ਜੋਖਮ ਵਾਲੇ ਨਿਵੇਸ਼ਾਂ ਵਿੱਚ ਨਿਵੇਸ਼ ਕਰਨਾ ਚੁਣਦੇ ਸਨ, ਸਿੱਟੇ ਵਜੋਂ ਉਨ੍ਹਾਂ ਵਿੱਚੋਂ ਕਈਆਂ ਦਾ ਮੁੱਲ ਵਧ ਜਾਂਦਾ ਸੀ।

ਸੇਰਵੇਂਕਾ ਕਹਿੰਦੇ ਹਨ, ‘‘ਅਰਬਪਤੀਆਂ ਦੀ ਗਿਣਤੀ ਵਿੱਚ ਇੰਨੇ ਵਾਧੇ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਕਈ ਸਾਲਾਂ ਤੋਂ ਸੰਪਤੀਆਂ ਦੇ ਮੁੱਲ ਵਿੱਚ ਕਾਫ਼ੀ ਜ਼ਿਆਦਾ ਮਹਿੰਗਾਈ ਦੇਖੀ ਜਾ ਰਹੀ ਹੈ।’’

ਸਵੀਡਨ

ਤਸਵੀਰ ਸਰੋਤ, Getty Images

ਹਾਲਾਂਕਿ ਸਵੀਡਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ’ਤੇ ਉਨ੍ਹਾਂ ਦੀ ਨਿੱਜੀ ਆਮਦਨ ਦੇ 50 ਫੀਸਦੀ ਤੋਂ ਵੱਧ ਟੈਕਸ ਲਗਾਇਆ ਜਾਂਦਾ ਹੈ ਜੋ ਯੂਰਪ ਵਿੱਚ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ।

ਉਹ ਦਲੀਲ ਦਿੰਦੇ ਹਨ ਕਿ ਲਗਾਤਾਰ ਸਰਕਾਰਾਂ ਭਾਵੇਂ ਉਹ ਸੱਜੇ ਜਾਂ ਖੱਬੇ ਪੱਖੀ ਹੋਣ ਨੇ ਕੁਝ ਟੈਕਸਾਂ ਨੂੰ ਇਸ ਤਰੀਕੇ ਨਾਲ ਐਡਜਸਟ ਕੀਤਾ ਹੈ ਜੋ ਅਮੀਰਾਂ ਦਾ ਪੱਖ ਪੂਰਦੇ ਹਨ।

ਦੇਸ਼ ਨੇ 2000 ਦੇ ਦਹਾਕੇ ਵਿੱਚ ਸੰਪਤੀ ਅਤੇ ਵਿਰਾਸਤੀ ਟੈਕਸਾਂ ਨੂੰ ਖਤਮ ਕਰ ਦਿੱਤਾ। ਸਟਾਕਾਂ ਤੋਂ ਹਾਸਲ ਪੈਸੇ ਅਤੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਭੁਗਤਾਨ ਕਰਨ ’ਤੇ ਟੈਕਸ ਦੀਆਂ ਦਰਾਂ ਤਨਖਾਹਾਂ ’ਤੇ ਟੈਕਸਾਂ ਦੀ ਤੁਲਨਾ ਵਿੱਚ ਬਹੁਤ ਘੱਟ ਹਨ।

ਕਾਰਪੋਰੇਟ ਟੈਕਸ ਦੀ ਦਰ ਵੀ 1990 ਦੇ ਦਹਾਕੇ ਵਿੱਚ ਲਗਭਗ 30 ਫੀਸਦ ਤੋਂ ਘੱਟ ਕੇ ਲਗਭਗ 20 ਫੀਸਦੀ ਹੋ ਗਈ ਹੈ ਜੋ ਯੂਰਪੀਅਨ ਔਸਤ ਨਾਲੋਂ ਥੋੜ੍ਹੀ ਘੱਟ ਹੈ।

ਇਹ ਵੀ ਪੜ੍ਹੋ-
ਨਿਕਲਸ ਐਡਲਬਰਥ

ਤਸਵੀਰ ਸਰੋਤ, MADDY SAVAGE

ਸੇਰਵੇਂਕਾ ਕਹਿੰਦੇ ਹਨ, ‘‘ਜੇਕਰ ਤੁਸੀਂ ਅੱਜ ਅਰਬਪਤੀ ਹੋ ਤਾਂ ਤੁਹਾਨੂੰ ਸਵੀਡਨ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਅਸਲ ਵਿੱਚ ਕੁਝ ਅਰਬਪਤੀ ਇੱਥੇ ਆ ਰਹੇ ਹਨ।’’

ਹੁਣ ਲਿਡਿੰਗੋ ਟਾਪੂ ’ਤੇ ਵਾਪਸ ਜਾਂਦੇ ਹਾਂ, ਕੋਨਰਾਡ ਬਰਗਸਟ੍ਰੋਮ ਇਸ ਗੱਲ ਨਾਲ ਸਹਿਮਤ ਹਨ ਕਿ ਸਵੀਡਨ ਵਿੱਚ ‘‘ਜੇ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰ ਰਹੇ ਹੋ ਤਾਂ ਇਸ ਲਈ ਬਹੁਤ ਹੀ ਅਨੁਕੂਲ ਟੈਕਸ ਪ੍ਰਣਾਲੀ ਹੈ।’’

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੌਲਤ ਦਾ ਸਕਾਰਾਤਮਕ ਪ੍ਰਭਾਵ ਹੈ ਕਿਉਂਕਿ ਉਨ੍ਹਾਂ ਦੇ ਕਾਰੋਬਾਰ ਅਤੇ ਘਰ ਦੂਜਿਆਂ ਲਈ ਰੁਜ਼ਗਾਰ ਪ੍ਰਦਾਨ ਕਰਦੇ ਹਨ।

‘‘ਸਾਡੇ ਕੋਲ ਇੱਕ ਨੈਨੀ, ਇੱਕ ਮਾਲੀ ਅਤੇ ਸਫ਼ਾਈ ਕਰਨ ਵਾਲੇ ਹਨ…ਅਤੇ ਇਸ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਵੀ ਮਿਲਦੀਆਂ ਹਨ। ਇਸ ਲਈ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਕਿਵੇਂ ਸਮਾਜ ਦਾ ਨਿਰਮਾਣ ਕਰ ਰਹੇ ਹਾਂ।’’

ਬਰਗਸਟ੍ਰੋਮ ਦੱਸਦੇ ਹਨ ਕਿ ਅਮੀਰ ਸਵੀਡਿਸ਼ ਉੱਦਮੀ ਅਤੇ ਨਿਵੇਸ਼ਕ ਪੂੰਜੀਪਤੀ ਵੀ ਆਪਣੇ ਪੈਸੇ ਨੂੰ ਕਥਿਤ ਰੂਪ ਨਾਲ ‘ਇੰਪੈਕਟ’ ਸਟਾਰਟ-ਅਪਸ ਵਿੱਚ ਤੇਜ਼ੀ ਨਾਲ ਲਾ ਰਹੇ ਹਨ, ਜਿਨ੍ਹਾਂ ਦਾ ਧਿਆਨ ਸਮਾਜ ਜਾਂ ਵਾਤਾਵਰਣ ਨੂੰ ਬਿਹਤਰ ਬਣਾਉਣ ’ਤੇ ਹੈ।

2023 ਵਿੱਚ ਸਵੀਡਿਸ਼ ਸਟਾਰਟ-ਅੱਪਸ ਨੂੰ ਦਿੱਤੀ ਗਈ ਸਾਰੀ ਉੱਦਮ ਪੂੰਜੀ ਫੰਡਿੰਗ ਦਾ 74 ਫੀਸਦੀ ਇੰਪੈਕਟ ਕੰਪਨੀਆਂ ਵਿੱਚ ਚਲਾ ਗਿਆ।

ਸਟਾਰਟ-ਅਪਸ ‘ਤੇ ਡੇਟਾ ਮੈਪ ਬਣਾਉਣ ਵਾਲੇ ਡੀਲਰੂਮ ਦੇ ਅੰਕੜਿਆਂ ਮੁਤਾਬਕ ਇਹ ਈਯੂ ਵਿੱਚ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ, ਅਤੇ ਯੂਰਪੀਅਨ ਔਸਤ ਤੋਂ 35% ਦੀ ਕਿਤੇ ਵੱਧ ਹੈ।

ਸ਼ਾਇਦ ਦੇਸ਼ ਦਾ ਸਭ ਤੋਂ ਉੱਚ ਪ੍ਰੋਫਾਈਲ ਇੰਪੈਕਟ ਨਿਵੇਸ਼ਕ ਨਿਕਲਸ ਐਡਲਬਰਥ ਹੈ, ਜਿਸ ਨੇ ਯੂਨੀਕੋਰਨ ਭੁਗਤਾਨ ਪਲੈਟਫਾਰਮ ‘ਕਲਰਨਾ’ ਦੀ ਸਹਿ-ਸਥਾਪਨਾ ਕੀਤੀ ਸੀ।

2017 ਵਿੱਚ, ਉਨ੍ਹਾਂ ਨੇ ਆਪਣੀ ਸੰਪਤੀ ਦੇ 130 ਮਿਲੀਅਨ ਡਾਲਰ ਦੀ ਵਰਤੋਂ ਨੌਰਸਕੇਨ ਫਾਊਂਡੇਸ਼ਨ ਨੂੰ ਸ਼ੁਰੂ ਕਰਨ ਲਈ ਕੀਤੀ, ਜੋ ਇੱਕ ਅਜਿਹਾ ਸੰਗਠਨ ਹੈ ਜੋ ਇੰਪੈਕਟ ਕੰਪਨੀਆਂ ਦਾ ਸਮਰਥਨ ਅਤੇ ਨਿਵੇਸ਼ ਕਰਦਾ ਹੈ।

ਐਡਲਬਰਥ ਕਹਿੰਦੇ ਹਨ, ‘‘ਪ੍ਰਾਈਵੇਟ ਜੈੱਟ ਜਾਂ ਅਜਿਹੀ ਕੋਈ ਵੀ ਚੀਜ਼ ਰੱਖਣ ਦੇ ਮਾਮਲੇ ਵਿੱਚ ਮੇਰੀਆਂ ਅਰਬਪਤੀਆਂ ਵਰਗੀਆਂ ਆਦਤਾਂ ਨਹੀਂ ਹਨ। ਇਹ ਮੇਰਾ ਖ਼ੁਦ ਨੂੰ ਖੁਸ਼ ਰੱਖਣ ਦਾ ਇੱਕ ਨੁਸਖਾ ਮਾਤਰ ਹੈ।’’

ਪਰ ਦੂਸਰੇ ਲੋਕਾਂ ਦਾ ਇਹ ਤਰਕ ਹੈ ਕਿ ਅਸੀਂ ਸਵੀਡਨ ਦੇ ਅਰਬਪਤੀਆਂ ਦੀ ਦੌਲਤ ਬਾਰੇ ਇੱਕ ਸੂਖਮ ਜਨਤਕ ਬਹਿਸ ਨੂੰ ਗੁਆ ਰਹੇ ਹਾਂ, ਉੱਦਮੀ ਆਪਣੀ ਦੌਲਤ ਕਿਵੇਂ ਖਰਚ ਕਰ ਰਹੇ ਹਨ, ਇਹ ਇਸ ਦੇ ਚੰਗੇ-ਬੁਰੇ ਦਵੰਧ ਤੋਂ ਪਰੇ ਹੈ।

ਓਰੇਬਰੋ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਨੇ ਸਿੱਟਾ ਕੱਢਿਆ ਹੈ ਕਿ ਸਵੀਡਿਸ਼ ਅਰਬਪਤੀਆਂ ਦਾ ਮੀਡੀਆ ਅਕਸ ਮੁੱਖ ਤੌਰ ’ਤੇ ਸਕਾਰਾਤਮਕ ਹੈ।

ਸਵੀਡਨ ਦਾ ਇੱਕ ਕਾਰੋਬਾਰੀ

ਤਸਵੀਰ ਸਰੋਤ, Getty Images

ਇਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਦੇਸ਼ ਦੀਆਂ ਬਦਲਦੀਆਂ ਆਰਥਿਕ ਨੀਤੀਆਂ ਦੇ ਸੰਦਰਭ ਵਿੱਚ ਉਨ੍ਹਾਂ ਦੀ ਦੌਲਤ ਦੀ ਸ਼ਾਇਦ ਹੀ ਕਦੇ ਵਿਆਖਿਆ ਕੀਤੀ ਗਈ ਹੋਵੇ।

ਮੀਡੀਆ ਖੋਜਕਰਤਾ ਐਕਸਲ ਵਿਕਸਟ੍ਰੋਮ ਕਹਿੰਦੇ ਹਨ, ‘‘ਜਦੋਂ ਤੱਕ ਬੇਹੱਦ-ਅਮੀਰ ਨੂੰ ਨਵਉਦਾਰਵਾਦੀ ਯੁੱਗ ਦੇ ਆਦਰਸ਼ਾਂ, ਜਿਵੇਂ ਕਿ ਸਖ਼ਤ ਮਿਹਨਤ, ਜੋਖਮ ਲੈਣਾ ਅਤੇ ਉੱਦਮੀ ਰਵੱਈਏ ਨੂੰ ਮੂਰਤੀਮਾਨ ਕਰਦੇ ਹੋਏ ਦੇਖਿਆ ਜਾਂਦਾ ਹੈ, ਉਦੋਂ ਤੱਕ ਇਸ ਦੇ ਪਿੱਛੇ ਦੀ ਅਸਮਾਨਤਾ ‘ਤੇ ਸਵਾਲ ਨਹੀਂ ਉਠਾਇਆ ਜਾਂਦਾ।’’

ਸੇਰਵੇਂਕਾ ਕਹਿੰਦੇ ਹਨ ਕਿ ਸਵੀਡਨ ਵਿੱਚ ਸੁਪਰ ਅਮੀਰਾਂ ‘ਤੇ ਟੈਕਸ ਲਗਾਉਣ ਬਾਰੇ ਬਹਿਸ ਓਨੀ ਮਜ਼ਬੂਤ ਨਹੀਂ ਹੈ ਜਿੰਨੀ ਅਮਰੀਕਾ ਵਰਗੇ ਕਈ ਹੋਰ ਪੱਛਮੀ ਦੇਸ਼ਾਂ ਵਿੱਚ ਹੁੰਦੀ ਹੈ।

ਲੇਖਕ ਕਹਿੰਦਾ ਹੈ, ‘‘ਇਹ ਇੱਕ ਤਰ੍ਹਾਂ ਦਾ ਵਿਰੋਧਾਭਾਸ ਹੈ। ਕੋਈ ਵੀ ਸੋਚ ਸਕਦਾ ਹੈ ਕਿ ਸਾਡਾ ਪਿਛੋਕੜ ਇੱਕ ਸਮਾਜਵਾਦੀ ਦੇਸ਼ ਵਜੋਂ ਦੇਖੇ ਜਾਣ ਨਾਲ ਇਹ ਸਭ ਤੋਂ ਉੱਪਰ ਹੋਵੇਗਾ।’’

‘‘ਮੈਨੂੰ ਲੱਗਦਾ ਹੈ ਕਿ ਇਸ ਦਾ ਇਸ ਤੱਥ ਨਾਲ ਕੋਈ ਸਬੰਧ ਹੈ ਕਿ ਅਸੀਂ ‘ਜੇਤੂ ਸਭ ਕੁਝ ਲੈ ਲੈਂਦੇ ਹਾਂ’ ਦੀ ਮਾਨਸਿਕਤਾ ਵਾਲਾ ਬਣ ਗਏ ਹਾਂ।

‘‘ਜੇਕਰ ਤੁਸੀਂ ਆਪਣੇ ਪੱਤੇ ਸਹੀ ਖੇਡਦੇ ਹੋ, ਤਾਂ ਤੁਸੀਂ ਅਰਬਪਤੀ ਵੀ ਬਣ ਸਕਦੇ ਹੋ… ਅਤੇ ਮੈਨੂੰ ਲੱਗਦਾ ਹੈ ਕਿ ਸਵੀਡਿਸ਼ ਮਾਨਸਿਕਤਾ ਵਿੱਚ ਇਹ ਕਾਫ਼ੀ ਮਹੱਤਵਪੂਰਨ ਤਬਦੀਲੀ ਹੈ।’’

ਸਵੀਡਨ ਦੀ ਅਮੀਰਾਂ ਦੀ ਸੂਚੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੇਸ਼ ਦੀ ਵੱਡੀ ਪਰਵਾਸੀ ਆਬਾਦੀ ਅਤੇ ਲਿੰਗ ਸਮਾਨਤਾ ਦੀ ਵਕਾਲਤ ਕਰਨ ਵਾਲੀਆਂ ਦਹਾਕਿਆਂ ਦੀਆਂ ਨੀਤੀਆਂ ਦੇ ਬਾਵਜੂਦ, ਦੇਸ਼ ਦੀ ਦੌਲਤ ਵੱਡੇ ਪੱਧਰ ‘ਤੇ ਗੋਰਿਆਂ ਦੇ ਹੱਥਾਂ ਵਿੱਚ ਕੇਂਦਰਿਤ ਹੈ।

ਨਾਈਜੀਰੀਅਨ-ਸਵੀਡਿਸ਼ ਨਾਵਲਕਾਰ ਅਤੇ ਉੱਦਮੀ ਲੋਲਾ ਅਕਿਨਮਾਡੇ ਕਹਿੰਦੇ ਹਨ, ‘‘ਹਾਂ, ਇਹ ਉਹ ਜਗ੍ਹਾ ਹੈ ਜਿੱਥੇ ਲੋਕ ਨਵਾਂ ਪੈਸਾ ਬਣਾ ਸਕਦੇ ਹਨ, ਨਵੀਂ ਦੌਲਤ ਬਣਾ ਸਕਦੇ ਹਨ, ਪਰ ਇਸ ਵਿੱਚ ਅਜੇ ਵੀ ਬਹੁਤ ਰੁਕਾਵਟਾਂ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਵਿੱਤ ਪੋਸ਼ਿਤ ਕਰਨ ਦੇ ਮਾਮਲੇ ਵਿੱਚ ਦੋਹਰੇ ਮਾਪਦੰਡ ਕਾਫ਼ੀ ਉੱਚੇ ਹਨ।’’

‘‘ਸਵੀਡਨ ਇੱਕ ਸ਼ਾਨਦਾਰ ਦੇਸ਼ ਹੈ ਜੋ ਕਈ ਤਰੀਕਿਆਂ ਨਾਲ ਮੋਹਰੀ ਦੇਸ਼ ਹੈ, ਪਰ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਸਿਸਟਮ ਤੋਂ ਬਾਹਰ ਰੱਖਿਆ ਗਿਆ ਹੈ।’’

ਇਹ ਨੀ ਪੜ੍ਹੋ-

source : BBC PUNJABI