Home ਰਾਸ਼ਟਰੀ ਖ਼ਬਰਾਂ ਬ੍ਰਿਟੇਨ ਦੇ ਮਹਾਰਾਜਾ ਨੂੰ ਕਿਸ ਤਰੀਕੇ ਦਾ ਕੈਂਸਰ ਹੈ ਤੇ ਕਿਵੇਂ ਕੈਂਸਰ...

ਬ੍ਰਿਟੇਨ ਦੇ ਮਹਾਰਾਜਾ ਨੂੰ ਕਿਸ ਤਰੀਕੇ ਦਾ ਕੈਂਸਰ ਹੈ ਤੇ ਕਿਵੇਂ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ

1
0

Source :- BBC PUNJABI

ਕਿੰਗ ਚਾਰਲਸ

ਤਸਵੀਰ ਸਰੋਤ, Getty Images

12 ਮਿੰਟ ਪਹਿਲਾਂ

ਕਿੰਗ ਚਾਰਲਸ ਨੂੰ ਮਹਾਰਾਣੀ ਐਲਿਜ਼ਾਬੈਥ-II ਦੀ ਮੌਤ ਤੋਂ ਬਾਅਦ ਗੱਦੀ ਨਸ਼ੀਨ ਹੋਇਆਂ ਨੂੰ ਅਜੇ 18 ਮਹੀਨੇ ਹੀ ਹੋਏ ਹਨ।

ਬਕਿੰਘਮ ਪੈਲੇਸ ਨੇ ਦੱਸਿਆ ਹੈ ਕਿ ਬ੍ਰਿਟੇਨ ਦੇ ਮਹਾਰਾਜਾ ਦੇ ਕੈਂਸਰ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਮਹਾਰਾਜਾ ਦੇ ਕੈਂਸਰ ਦਾ ਪਤਾ ਹਾਲ ਹੀ ਵਿੱਚ ਉਨ੍ਹਾਂ ਦੀ ਵਧੀ ਹੋਏ ਪਰੋਸਟੇਟ ਦੇ ਇਲਾਜ ਦੌਰਾਨ ਚੱਲਿਆ। ਮਹਾਰਾਜਾ ਦਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਸਰਕਾਰੀ ਰੁਝੇਵੇਂ ਅੱਗੇ ਪਾਉਣ ਦੀ ਸਲਾਹ ਦਿੱਤੀ ਗਈ ਹੈ।

ਮਹਾਰਾਜਾ ਨੂੰ ਕਿਸ ਤਰ੍ਹਾਂ ਦਾ ਕੈਂਸਰ ਹੈ?

ਰਾਜਮਹਿਲ ਨੇ ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਮਹਾਰਾਜਾ ਨੂੰ ਕਿਸ ਕਿਸਮ ਦਾ ਕੈਂਸਰ ਹੈ ਅਤੇ ਉਨ੍ਹਾਂ ਦਾ ਇਲਾਜ ਕਿੱਥੇ ਹੋ ਰਿਹਾ ਹੈ।

ਹਾਲਾਂਕਿ ਬਕਿੰਘਮ ਪੈਲੇਸ ਨੇ ਇਹ ਜ਼ਰੂਰ ਦੱਸਿਆ ਹੈ ਕਿ ਉਨ੍ਹਾਂ ਨੂੰ ਪਰੋਸਟੈਟ ਦਾ ਕੈਂਸਰ ਨਹੀਂ ਹੈ।

ਜਦੋਂ ਉਨ੍ਹਾਂ ਦੇ ਕੈਂਸਰ ਦੀ ਪੁਸ਼ਟੀ ਹੋਈ ਤਾਂ ਕਿੰਗ ਚਾਰਲਸ ਦਾ ਇਲਾਜ ਪ੍ਰਾਈਵੇਟ ਲੰਡਨ ਕਲੀਨਿਕ ਵਿੱਚ ਚੱਲ ਰਿਹਾ ਸੀ।

ਕਿੰਗ ਦੀ ਉਮਰ ਅਤੇ ਕੌਣ ਹੈ ਉਨ੍ਹਾਂ ਦਾ ਵਾਰਸ?

ਕਿੰਗ ਚਾਰਲਸ-III 75 ਸਾਲਾਂ ਦੇ ਹਨ। ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਸਤੰਬਰ 2022 ਵਿੱਚ ਗੱਦੀ ਤੇ ਬੈਠੇ ਸਨ।

ਉਨ੍ਹਾਂ ਦੀ ਮਾਂ ਐਲਿਜ਼ਾਬੈਥ-II ਬ੍ਰਿਟੇਨ ਦੇ ਇਤਿਹਾਸ ਦੀ ਸਭ ਤੋਂ ਲੰਬਾ ਸਮਾਂ ਰਾਣੀ ਰਹੇ ਸਨ। ਉਨ੍ਹਾਂ ਦਾ ਰਾਜਕਾਲ 70 ਸਾਲ ਦਾ ਸੀ।

ਕਿੰਗ ਚਾਰਲਸ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਉਨ੍ਹਾਂ ਦੇ ਜੇਠਾ ਪੁੱਤਰ – ਵਿਲੀਅਮ – ਪ੍ਰਿੰਸ ਆਫ ਵੇਲਜ਼ ਹੋਣਗੇ। ਵਿਲੀਅਮ ਦੀ ਉਮਰ ਇਸ ਸਮੇਂ 41 ਸਾਲ ਦੀ ਹੈ।

ਕੀ ਕਿੰਗ ਦਾ ਕੈਂਸਰ ਉਨ੍ਹਾਂ ਦੇ ਵਧੇ ਹੋਏ ਪਰੋਸਟੈਟ ਦੇ ਇਲਾਜ ਨਾਲ ਜੁੜਿਆ ਹੈ?

ਪ੍ਰਈਵੇਟ ਲੰਡਨ ਕਲੀਨਿਕ

ਤਸਵੀਰ ਸਰੋਤ, Getty Images

ਕਿੰਗ ਚਾਰਲਸ ਦਾ ਹਾਲ ਹੀ ਵਿੱਚ ਵਧੇ ਹੋਏ ਪਰੋਸਟੇਟ ਲਈ ਇਲਾਜ ਕੀਤਾ ਗਿਆ ਸੀ।

ਇਸ ਦੌਰਾਨ ਉਨ੍ਹਾਂ ਲਈ “ਚਿੰਤਾ ਦੇ ਇੱਕ ਵੱਖਰੇ ਵਿਸ਼ੇ” ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਇਹ ਨਵਾਂ ਵਿਸ਼ਾ ਇੱਕ ਕਿਸਮ ਦਾ ਕੈਂਸਰ ਹੈ।

ਹੁਣ ਉਨ੍ਹਾਂ ਦਾ ਇਸ ਦੂਜੀ ਸਮੱਸਿਆ ਲਈ ਬਾਹਰੀ ਮਰੀਜ਼ ਵਜੋਂ ਇਲਾਜ ਕੀਤਾ ਜਾਵੇਗਾ।

ਕੈਂਸਰ ਕੀ ਹੈ?

ਕੈਂਸਰ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਕਿਸੇ ਹਿੱਸੇ ਵਿੱਚ ਸੈਲਾਂ ਦਾ ਆਪਹੁਦਰਾ ਵਿਭਾਜਨ ਹੋਣ ਲਗਦਾ ਹੈ।

ਇਹ ਸੈਲ ਸਰੀਰ ਦੇ ਦੂਜੇ ਤੰਤੂਆਂ ਵਿੱਚ ਵੀ ਫੈਲ ਸਕਦੇ ਹਨ। ਜਦੋਂ ਕੈਂਸਰ ਇਸ ਤਰ੍ਹਾਂ ਫੈਲਦਾ ਹੈ ਤਾਂ ਇਸ ਨੂੰ ਸਕੈਂਡਰੀ ਜਾਂ ਮੈਟਾਸਟੈਟਿਕ ਕੈਂਸਰ ਕਿਹਾ ਜਾਂਦਾ ਹੈ।

ਕੈਂਸਰ ਦਾ ਪਤਾ ਕਿਵੇਂ ਲਾਇਆ ਜਾਂਦਾ ਹੈ?

ਸ਼ੁਰੂ ਵਿੱਚ ਡਾਕਟਰ ਤੁਹਾਡੇ ਲੱਛਣਾਂ ਬਾਰੇ ਸਵਾਲ ਪੁੱਛ ਕੇ ਜਾਂਚ ਸ਼ੁਰੂ ਕਰਦੇ ਹਨ। ਇਸ ਦੌਰਾਨ ਉਹ ਕੁਝ ਟੈਸਟ ਅਤੇ ਪ੍ਰੀਖਣ ਵੀ ਕਰ ਸਕਦੇ ਹਨ।

ਇਸ ਵਿੱਚ ਖੂਨ ਦੇ ਟੈਸਟ, ਐਕਸ-ਰੇ, ਜਾਂ ਹੋਰ ਸਕੈਨ ਹੋ ਸਕਦੇ ਹਨ। ਕਦੇ- ਕਦੇ ਉਹ ਤੁਹਾਡੇ ਤੰਤੂਆਂ ਦਾ ਕੋਈ ਨਮੂਨਾ (ਬਾਇਓਪਸੀ) ਵੀ ਲੈ ਸਕਦੇ ਹਨ। ਇਸ ਨਮੂਨੇ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਜਾਂਦੀ ਹੈ।

ਅਕਸਰ ਜਦੋਂ ਮਰੀਜ਼ ਕਿਸੇ ਹੋਰ ਸਮੱਸਿਆ ਲਈ ਹਸਪਤਾਲ ਜਾਂਦੇ ਹਨ ਤਾਂ ਉਦੋਂ ਕੈਂਸਰ ਦਾ ਪਤਾ ਲਗਦਾ ਹੈ।

ਮੁੱਢਲੀ ਸਕਰੀਨਿੰਗ ਦੌਰਾਨ ਵੀ ਕੈਂਸਰ ਸਾਹਮਣੇ ਆ ਸਕਦਾ ਹੈ।

ਕੈਂਸਰ ਸਕਰੀਨਿੰਗ ਰਾਹੀਂ ਮਰੀਜ਼ ਵਿੱਚ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੈਂਸਰ ਦਾ ਸ਼ੱਕ ਹੋਣ ’ਤੇ ਹੋਰ ਟੈਸਟ ਕਰਕੇ ਸ਼ੱਕ ਦੀ ਪੁਸ਼ਟੀ ਕੀਤੀ ਜਾਂਦੀ ਹੈ।

ਪੂਰੀ ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਕੈਂਸਰ ਹੁੰਦਾ ਹੈ?

ਦੁਨੀਆਂ ਵਿੱਚ ਲਗਭਗ 200 ਕਿਸਮ ਦੇ ਵੱਖ-ਵੱਖ ਕੈਂਸਰ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਛਾਤੀ, ਫੇਫੜੇ, ਆਂਦਰ, ਗੁਦਾ ਅਤੇ ਪਰੋਸਟੇਟ ਦਾ ਕੈਂਸਰ ਸਭ ਤੋਂ ਆਮ ਕੈਂਸਰ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹੋਣ ਵਾਲੀਆਂ ਛੇ ਵਿੱਚੋਂ ਇੱਕ ਮੌਤ ਕੈਂਸਰ ਕਾਰਨ ਹੁੰਦੀ ਹੈ।

ਉਮਰ ਦੇ ਵਧਣ ਨਾਲ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸਦਾ ਕਾਰਨ ਹੈ ਕਿ ਉਮਰ ਦੇ ਵਧਣ ਨਾਲ ਸਾਡੇ ਸਰੀਰ ਦੇ ਤੰਤੂ ਵੀਵ ਕਮਜ਼ੋਰ ਹੋਣ ਲਗਦੇ ਹਨ।

ਜ਼ਿਆਦਾਤਰ ਕੈਂਸਰਾਂ ਬਾਰੇ 50 ਦੀ ਉਮਰ ਤੋਂ ਬਾਅਦ ਪਤਾ ਲਗਦਾ ਹੈ।

ਮੈਡੀਕਲ ਪੱਤਰਿਕਾ ਬੀਐਮਸੀ ਪਬਲਿਕ ਹੈਲਥ ਦੇ ਅੰਕੜਿਆਂ ਮੁਤਾਬਕ ਦੁਨੀਆਂ ਵਿੱਚ ਕੈਂਸਰ ਦੇ ਜਿੰਨੇ ਮਰੀਜ਼ਾਂ ਦੀ ਪੁਸ਼ਟੀ ਹੁੰਦੀ ਹੈ ਉਨ੍ਹਾਂ ਵਿੱਚੋਂ ਇੱਕ ਤਿਹਾਈ 75 ਸਾਲ ਤੋਂ ਵੱਡੀ ਉਮਰ ਦੇ ਲੋਕ ਹੁੰਦੇ ਹਨ।

ਕੈਂਸਰ ਦੀ ਅਲਾਮਤ ਅਮੀਰ ਦੇਸਾਂ ਦੇ ਮੁਕਾਬਲੇ ਗਰੀਬ ਦੇਸਾਂ ਵਿੱਚ ਜ਼ਿਆਦਾ ਹੈ।

ਕੈਂਸਰ ਐਟਲਸ ਮੁਤਾਬਕ— ਯੂਰਪ, ਚੀਨ ਅਤੇ ਉੱਤਰੀ ਅਮਰੀਕਾ ਦੀ ਵਸੋਂ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦੇ ਮਾਮਲੇ ਪਾਏ ਜਾਂਦੇ ਹਨ।

ਕੈਂਸਰ ਦੇ ਮੁੱਖ ਇਲਾਜ ਕਿਹੜੇ ਹਨ?

ਕੈਂਸਰ ਦੇ ਇਲਾਜ ਜਾਂ ਪ੍ਰਬੰਧਨ ਲਈ ਬਹੁਤ ਸਾਰੇ ਤਰੀਕੇ ਹਨ। ਕਿਹੜਾ ਤਰੀਕਾ ਵਰਤਿਆ ਜਾਵੇਗਾ ਇਹ ਕੈਂਸਰ ਦੀ ਕਿਸਮ ਅਤੇ ਕਿਸ ਥਾਂ ’ਤੇ ਕੈਂਸਰ ਹੈ ਉਸ ਉੱਪਰ ਨਿਰਭਰ ਕਰਦਾ ਹੈ।

ਕੁਝ ਕੈਂਸਰ ਅਪਰੇਸ਼ਨ ਕਰਕੇ ਕੱਢੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੀਮੋਥੈਰਿਪੀ ਦਵਾਈਆਂ ਵੀ ਨਾੜ ਰਾਹੀਂ ਜਾਂ ਗੋਲੀਆਂ ਦੇ ਰੂਪ ਵਿੱਚ ਕੈਂਸਰ ਸੈਲਾਂ ਨੂੰ ਨਸ਼ਟ ਕਰਨ ਲਈ ਦਿੱਤੀਆਂ ਜਾ ਸਕਦੀਆਂ ਹਨ।

ਹਾਲਾਂਕਿ ਸਾਰੇ ਇਲਾਜ ਠੀਕ ਨਹੀਂ ਕਰ ਸਕਦੇ।

ਕੈਂਸਰ ਦੇ ਇੱਕ ਨਵੇ ਇਲਾਜ ਨੇ ਵੀ ਉਮੀਦ ਜਗਾਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੀਮੋ ਥੈਰਿਪੀ ਦੇ ਮੁਕਾਬਲੇ ਵਧੇਰੇ ਰਹਿਮਸ਼ੀਲ ਹੈ। ਇਸ ਨਵੇਂ ਇਲਾਜ ਬਾਰੇ ਤੁਸੀਂ ਇਹ ਰਿਪੋਰਟ ਪੜ੍ਹ ਸਕਦੇ ਹੋ।

ਕਿੰਨੇ ਲੋਕ ਕੈਂਸਰ ਨੂੰ ਹਰਾਉਣ ਦੀ ਸੰਭਾਵਨਾ ਰੱਖਦੇ ਹਨ?

ਪਿਛਲੇ ਪੰਜਾਹ ਸਾਲਾਂ ਦੌਰਾਨ ਕੈਂਸਰ ਤੋਂ ਬਚ ਜਾਣ ਦੀ ਸੰਭਾਵਨਾ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਹਾਲਾਂਕਿ ਸੁਧਾਰ ਦੀ ਦਰ ਧੀਮੀ ਹੋਈ ਹੈ।

ਮੈਡੀਕਲ ਪਤਰਿਕਾ ਲੈਂਨਸੇਟ ਮੁਤਾਬਕ ਛਾਤੀ, ਆਂਦਰ ਜਾਂ ਪਰੋਸਟੇਟ ਕੈਂਸਰ ਵਿਕਸਤ ਹੋ ਜਾਣ ਤੋਂ ਬਾਅਦ 5 ਸਾਲ ਤੱਕ ਜੀਣ ਦੀ ਸੰਭਾਵਨਾ ਉੱਤਰੀ ਅਮਰੀਕਾ, ਆਸਟਰੇਲੀਆ, ਜਪਾਨ ਅਤੇ ਪੱਛਮੀ ਯੂਰਪ ਵਿੱਚ ਸਭ ਤੋਂ ਜ਼ਿਆਦਾ ਹੈ।

ਜਦਕਿ ਅਲਜੀਰੀਆ, ਬਰਾਜ਼ੀਲ, ਅਤੇ ਪੂਰਬੀ ਯੂਰਪ ਵਿੱਚ ਇਹ ਸੰਭਾਵਨਾ ਸਭ ਤੋਂ ਘੱਟ ਹੈ।

ਚਾਲੀ ਸਾਲ ਤੋਂ ਥੋੜ੍ਹੀ ਉਮਰ ਦੇ ਮਰੀਜ਼ਾਂ ਵਿੱਚ ਕੈਂਸਰ ਤੋਂ ਬਚ ਜਾਣ ਦੀ ਸੰਭਾਵਨਾ ਆਮ ਕਰਕੇ ਜ਼ਿਆਦਾ ਹੁੰਦੀ ਹੈ।

ਕੈਂਸਰ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜਦੋਂ ਵੀ ਤੁਹਾਨੂੰ ਆਪਣੇ ਸਰੀਰ ਵਿੱਚ ਕਿਤੇ ਵੀ ਕੁਝ ਲੱਗੇ ਜੋ ਆਮ ਵਾਂਗ ਨਹੀਂ ਹੈ, ਤਾਂ ਤੁਹਾਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ—

  • ਬਿਨਾਂ ਕਾਰਨ ਖੂਨ ਵਹਿਣਾ ਅਤੇ ਭਾਰ ਘਟਣਾ
  • ਅਜੀਬ ਜਿਹੀ ਗੰਢ ਜਾਂ ਸੋਜਿਸ਼
  • ਅਜਿਹੀ ਥਕਾਨ ਜਾਂ ਭਾਰ ਵਿੱਚ ਕਮੀ ਜਿਸ ਦਾ ਕੋਈ ਕਾਰਨ ਨਾ ਦੱਸਿਆ ਜਾ ਸਕੇ।
  • ਲਗਾਤਾਰ ਖੰਘ

ਹਾਲਾਂਕਿ ਹੋ ਸਕਦਾ ਹੈ ਕਿ ਜਿਹੜੇ ਲੱਛਣ ਤੁਹਾਨੂੰ ਨਜ਼ਰ ਆਉਣ ਉਹ ਕੈਂਸਰ ਦੇ ਨਾ ਹੋਣ। ਇਸ ਦੀ ਪੁਸ਼ਟੀ ਟੈਸਟਾਂ ਅਤੇ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ। ਕੈਂਸਰ ਦੇ ਲੱਛਣਾਂ ਬਾਰੇ ਤੁਸੀਂ ਇਹ ਵਿਸ਼ੇਸ਼ ਰਿਪੋਰਟ ਵੀ ਪੜ੍ਹ ਸਕਦੇ ਹੋ।

source : BBC PUNJABI