Home ਰਾਸ਼ਟਰੀ ਖ਼ਬਰਾਂ ਉਹ ਮੁਲਕ, ਜਿੱਥੇ ਜਾਣ ਲਈ ਹੁਣ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ,...

ਉਹ ਮੁਲਕ, ਜਿੱਥੇ ਜਾਣ ਲਈ ਹੁਣ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ, ਪਰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

1
0

Source :- BBC PUNJABI

ਵੀਜ਼ਾ ਫ੍ਰੀ ਐਂਟਰੀ

ਤਸਵੀਰ ਸਰੋਤ, Getty Images

  • ਲੇਖਕ, ਤਨੀਸ਼ਾ ਚੌਹਾਨ
  • ਰੋਲ, ਬੀਬੀਸੀ ਪੱਤਰਕਾਰ
  • 19 ਦਸੰਬਰ 2023

    ਅਪਡੇਟ ਇੱਕ ਘੰਟਾ ਪਹਿਲਾਂ

ਈਰਾਨ ਨੇ ਭਾਰਤੀ ਸੈਲਾਨੀਆਂ ਲਈ ਵੀਜ਼ੇ ਬਾਰੇ ਵੱਡਾ ਐਲਾਨ ਕੀਤਾ ਹੈ। ਈਰਾਨ ਜਾਣ ਵਾਲੇ ਭਾਰਤੀਆਂ ਨੂੰ ਹੁਣ ਉਥੋਂ ਦਾ ਵੀਜ਼ਾ ਨਹੀਂ ਲੈਣਾ ਪਵੇਗਾ।

ਈਰਾਨੀ ਦੂਤਵਾਸ ਨੇ ਇਹ ਐਲਾਨ ਕੀਤਾ ਹੈ ਪਰ ਇਸ ਦੇ ਨਾਲ ਈਰਾਨ ਨੇ ਕੁਝ ਸ਼ਰਤਾਂ ਵੀ ਲਾਈਆਂ ਹਨ।

ਸਿਰਫ ਸੈਰ-ਸਪਾਟੇ ਲਈ ਈਰਾਨ ਜਾਣ ਵਾਲੇ ਭਾਰਤੀਆਂ ਨੂੰ ਬਿਨਾਂ ਵੀਜ਼ਾ ਦਾਖਲਾ ਦਿੱਤਾ ਗਿਆ ਹੈ, ਜਿਸ ਦੀ ਮਿਆਦ ਸਿਰਫ 15 ਦਿਨ ਹੋਵੇਗੀ ਅਤੇ ਇਸ ਨੂੰ ਵਧਾਇਆ ਨਹੀਂ ਜਾ ਸਕਦਾ।

ਇਸ ਤੋਂ ਇਲਾਵਾ, ਇਹ ਦਾਖਲਾ ਛੇ ਮਹੀਨਿਆਂ ਵਿੱਚ ਇੱਕ ਵਾਰ ਹੀ ਕੀਤਾ ਜਾ ਸਕਦਾ ਹੈ। ਈਰਾਨ ਨੇ 4 ਫਰਵਰੀ ਤੋਂ ਭਾਰਤੀਆਂ ਲਈ ਵੀਜ਼ਾ ਫਰੀ ਐਂਟਰੀ ਸ਼ੁਰੂ ਕਰ ਦਿੱਤੀ ਹੈ।

ਦਸੰਬਰ ਵਿੱਚ ਈਰਾਨ ਨੇ ਭਾਰਤ ਸਮੇਤ 33 ਦੇਸ਼ਾਂ ਲਈ ਵੀਜ਼ਾ ਮੁਕਤ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਨ੍ਹਾਂ ਵਿੱਚ ਯੂਏਈ, ਸਾਊਦੀ ਅਰਬ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਅਤੇ ਮਲੇਸ਼ੀਆ ਵਰਗੇ ਦੇਸ਼ ਸ਼ਾਮਲ ਹਨ।

ਦੁਬਈ ਦੇ ਝੰਡੇ ਉੱਪਰ ਪਿਆ ਭਾਰਤੀ ਪਾਸਪੋਰਟ ਅਤੇ ਅਮਰੀਕੀ ਡਾਲਰ

ਤਸਵੀਰ ਸਰੋਤ, Getty Images

ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਕੁਝ ਸਲਾਹ ਦੇ ਸਕਦੇ ਹਾਂ…ਅਤੇ ਜੇਕਰ ਤੁਸੀਂ ਇਸ ਵਾਰ ਵਿਦੇਸ਼ ਜਾਣ ਦਾ ਮਨ ਬਣਾ ਰਹੇ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ।

ਪਰ ਜਦੋਂ ਵੀ ਅਸੀਂ ਵਿਦੇਸ਼ ਘੁੰਮਣ ਜਾਣ ਦਾ ਸੋਚਦੇ ਹਾਂ ਤਾਂ ਪਹਿਲਾਂ ਸਵਾਲ ਤਾਂ ਇਹ ਖੜ੍ਹਾ ਹੋ ਜਾਂਦਾ ਹੈ ਕਿ ਵੀਜ਼ਾ ਦਾ ਕੀ ਕਰੀਏ।

ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ, ਉਨ੍ਹਾਂ ਦੇਸਾਂ ਬਾਰੇ ਜਿੱਥੇ ਭਾਰਤੀ ਪਾਸਪੋਰਟ ਧਾਰਕ ਵੀਜ਼ਾ ਫਰੀ ਘੁੰਮਣ ਜਾ ਸਕਦੇ ਹਨ।

ਖੁਸ਼ੀ ਦੀ ਗੱਲ ਹੈ ਕਿ ਇਸ ਲਿਸਟ ਵਿੱਚ ਕਈ ਨਵੇਂ ਨਾਮ ਜੁੜ ਗਏ ਹਨ। ਸਭ ਤੋਂ ਤਾਜ਼ਾ ਖ਼ਬਰ ਈਰਾਨ ਵੱਲੋਂ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਦੇਣ ਦਾ ਫੈਸਲਾ ਹੈ।

ਹੋਰ ਕਿਹੜੇ ਦੇਸ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਦੇ ਰਹੇ ਹਨ? ਪਰ ਇਹ ਦੇਸ ਭਾਰਤੀਆਂ ਲਈ ਇੰਨੇ ਮਿਹਰਬਾਨ ਕਿਉਂ ਹਨ? ਅਤੇ ਭਾਰਤੀ ਘੁੰਮਣ ਲਈ ਜ਼ਿਆਦਾ ਜਾ ਕਿੱਥੇ ਰਹੇ ਹਨ?

ਇਸ ਰਿਪੋਰਟ ’ਚ ਅਸੀਂ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਵਾਲੇ ਦੇਸ

ਵੀਜ਼ਾ ਫ੍ਰੀ ਐਂਟਰੀ

ਤਸਵੀਰ ਸਰੋਤ, Getty Images

ਵੀਜ਼ਾ ਫਰੀ ਐਂਟਰੀ ਯਾਨੀ ਕਿਸੇ ਦੇਸ ਵਿੱਚ ਬਿਨਾਂ ਵੀਜ਼ਾ ਲਗਵਾਏ ਦਾਖ਼ਲ ਹੋਣਾ।

ਵੀਜ਼ਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ, ਜੋ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਦੇਸ ’ਚ ਦਾਖ਼ਲ ਹੋਣ ਲਈ ਮਾਨਤਾ ਦਿੰਦਾ ਹੈ। ਵੀਜ਼ਾ ਕੁਝ ਦਿਨਾਂ, ਮਹੀਨਿਆਂ ਅਤੇ ਸਾਲਾਂ ਲਈ ਲੱਗ ਸਕਦਾ ਹੈ।

ਇਹ ਕਿਸੇ ਦੇਸ ’ਚ ਦਾਖ਼ਲ ਹੋਣ ਲਈ ‘ਬਹੁਤ ਜ਼ਰੂਰੀ’ ਮੰਨਿਆ ਜਾਂਦਾ ਹੈ।

2 ਦਰਜਨ ਤੋਂ ਵੱਧ ਅਜਿਹੇ ਦੇਸ ਹਨ, ਜਿੱਥੇ ਹੁਣ ਭਾਰਤੀ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਲਗਵਾਏ ਜਾ ਸਕਦੇ ਹਨ।

ਇਸ ਲਿਸਟ ’ਚ ਸਭ ਤੋਂ ਤਾਜ਼ਾ ਨਾਮ ਜੋ ਸ਼ਾਮਲ ਹੋਇਆ ਹੈ, ਉਹ ਹੈ ਈਰਾਨ।

ਇਸ ਤੋਂ ਪਹਿਲਾਂ ਇੱਕ-ਤੋਂ-ਬਾਅਦ-ਇੱਕ ਕਰੀਬ 5 ਨਵੇਂ ਦੇਸ਼ਾਂ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਫਰੀ ਐਂਟਰੀ ਕੀਤੀ ਹੈ।

ਇਹ 5 ਦੇਸ ਹਨ ਥਾਈਲੈਂਡ, ਸ਼੍ਰੀਲੰਕਾ, ਮਲੇਸ਼ੀਆ, ਵਿਅਤਨਾਮ ਅਤੇ ਤਾਈਵਾਨ।

ਇਸ ਤੋਂ ਪਹਿਲਾਂ ਵੀ ਕਈ ਦੇਸਾਂ ਵੱਲੋਂ ਭਾਰਤੀ ਪਾਸਪੋਰਟ ਧਾਰਕਾਂ ਲਈ ਇਹ ਸੁਵਿਧਾ ਦਿੱਤੀ ਜਾ ਰਹੀ ਹੈ।

ਵੀਜ਼ਾ ਫ੍ਰੀ ਐਂਟਰੀ

ਵੀਜ਼ਾ ਫਰੀ ਐਂਟਰੀ ਨਾਲ ਇਹ ਗੱਲਾਂ ਦਾ ਧਿਆਨ ਰੱਖਣ ਦੀ ਲੋੜ?

ਚਾਹੇ ਇਨ੍ਹਾਂ ਦੇਸਾਂ ’ਚ ਜਾਣ ਲਈ ਵੀਜ਼ਾ ਦੀ ਲੋੜ ਨਹੀਂ, ਪਰ ਵੱਖ-ਵੱਖ ਦੇਸਾਂ ਦੇ ਨਿਯਮਾਂ ਮੁਤਾਬਕ, ਇਨ੍ਹਾਂ ਦੇਸਾਂ ’ਚ ਜਾਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

‘ਪਾਸਪੋਰਟ ਇੰਡੈਕਸ’ ਮੁਤਾਬਕ ਉਹ ਗੱਲਾਂ ਕਿਹੜੀਆਂ ਹਨ, ਜਾਣ ਲਵੋ…

ਪਾਸਪੋਰਟ ਦੀ ਵੈਧਤਾ – ਪਾਸਪੋਰਟ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਤੁਹਾਡੀ ਪਛਾਣ, ਕੌਮੀਅਤ ਅਤੇ ਨਾਗਰਿਕਤਾ ਦਾ ਪ੍ਰਮਾਣ ਹੁੰਦਾ ਹੈ। ਇਸ ਨਾਲ ਤੁਸੀਂ ਦੂਜੇ ਦੇਸਾਂ ਵਿੱਚ ਦਾਖ਼ਲ ਹੋ ਸਕਦੇ ਹੋ। ਪਾਸਪੋਰਟ ’ਚ ਤੁਹਾਡੀ ਨਿੱਜੀ ਜਾਣਕਾਰੀ, ਫੋਟੋ ਅਤੇ ਯੂਆਈਐੱਨ (ਯੂਨੀਕ ਆਈਡੈਂਟੀਫਿਕੇਸ਼ਨ ਨੰਬਰ) ਹੁੰਦਾ ਹੈ।

ਕਈ ਦੇਸ ਚਾਹੁੰਦੇ ਹਨ ਕਿ ਜਦੋਂ ਤੁਸੀਂ ਉਨ੍ਹਾਂ ਦੇ ਦੇਸ ਵਿੱਚ ਦਾਖ਼ਲ ਹੁੰਦੇ ਹੋ ਤਾਂ ਘੱਟੋ-ਘੱਟ ਤੁਹਾਡਾ ਪਾਸਪੋਰਟ 6 ਮਹੀਨਿਆਂ ਲਈ ਵੈਧ ਹੋਵੇ।

ਰਹਿਣ ਦੀ ਸਮੇਂ ਸੀਮਾ – ਜਿਹੜੇ ਦੇਸ ਤੁਹਾਨੂੰ ਵੀਜ਼ਾ ਫਰੀ ਐਂਟਰੀ ਦਿੰਦੇ ਹਨ, ਉਹ ਤੁਹਾਡੇ ਰਹਿਣ ਦੀ ਸਮੇਂ ਸੀਮਾ ਜ਼ਰੂਰ ਨਿਰਧਾਰਤ ਕਰਦੇ ਹਨ। ਹਰ ਦੇਸ ਆਪੋ-ਆਪਣੇ ਹਿਸਾਬ ਨਾਲ ਇਹ ਸਮੇਂ ਸੀਮਾ ਨਿਰਧਾਰਤ ਕਰਦਾ ਹੈ। ਇਹ ਸਮੇਂ ਸੀਮਾ ਕੁਝ ਹਫ਼ਤਿਆਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਹੋ ਸਕਦੀ ਹੈ।

ਜੇਕਰ ਤੁਸੀਂ ਉਸ ਸਮੇਂ ਸੀਮਾਂ ਤੋਂ ਜ਼ਿਆਦਾ ਰਹਿੰਦੇ ਹੋ ਤਾਂ ਤੁਹਾਡੇ ’ਤੇ ਜੁਰਮਾਨਾ ਲੱਗ ਸਕਦਾ ਹੈ, ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਾਂ ਫਿਰ ਹੋਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਸਮੇਂ ਸੀਮਾ ਨੂੰ ਵਧਾਓ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਵਾਰ ਉਹ ਦੇਸ ਛੱਡ ਕੇ ਦੁਬਾਰਾ ਦਾਖ਼ਲ ਹੋਣਾ ਪਵੇਗਾ।

ਪਰ ਇਸ ਦੇ ਲਈ ਤੁਹਾਨੂੰ ਕਾਫੀ ਸਜਗ ਰਹਿਣਾ ਪਵੇਗਾ। ਹਰ ਦੇਸ ਦੇ ਦੁਬਾਰਾ ਐਂਟਰੀ ਨੂੰ ਲੈ ਕੇ ਵੀ ਵਖਰੇ ਨਿਯਮ ਹੁੰਦੇ ਹਨ।

ਬੈਂਕ ਖਾਤੇ ’ਚ ਲੋੜੀਂਦੇ ਫੰਡਜ਼ – ਕਾਫੀ ਦੇਸ ਲੋੜੀਂਦੇ ਫੰਡਾਂ ਦੀ ਸ਼ਰਤ ਰੱਖਦੇ ਹਨ ਤਾਂ ਜੋ ਤੁਹਾਨੂੰ ਯਾਤਰਾ ਵੇਲੇ ਕੰਮ ਕਰਨ ਦੀ ਲੋੜ ਨਾ ਪਵੇ। ਇਸ ਲਈ ਤੁਹਾਨੂੰ ਆਪਣੀ ਬੈਂਕ ਸਟੇਟਮੇਂਟ ਦਿਖਾਣੀ ਹੋਵੇਗੀ ਜਾਂ ਕੈਸ਼ ਰਿਜ਼ਰਵ ਜਾਂ ਵੈਧ ਕ੍ਰੈਡਿਟ ਕਾਰਡ ਦੀ ਡੀਟੇਲਜ਼ ਸਾਂਝੀਆਂ ਕਰਨੀਆਂ ਪੈਣਗੀਆਂ।

ਵਾਪਸੀ ਜਾਂ ਅੱਗੇ ਜਾਣ ਦੀ ਟਿਕਟ – ਜ਼ਿਆਦਾਤਰ ਦੇਸ ਇਹ ਵੀ ਸ਼ਰਤ ਰੱਖਦੇ ਹਨ ਕਿ ਤੁਹਾਡੇ ਕੋਲ ਵਾਪਸੀ ਜਾਂ ਅੱਗੇ ਜਾਣ ਦੀ ਟਿਕਟ ਹੋਵੇ। ਇਹ ਉਨ੍ਹਾਂ ਲਈ ਇੱਕ ਸਬੂਤ ਦੀ ਤਰ੍ਹਾਂ ਹੋਵੇਗਾ ਕਿ ਤੁਸੀਂ ਤੈਅ ਸਮੇਂ ਸੀਮਾ ਤੋਂ ਬਾਅਦ ਉਨ੍ਹਾਂ ਦਾ ਦੇਸ ਛੱਡ ਕੇ ਵਾਪਸ ਚਲੇ ਜਾਵੋਗੇ।

ਰਹਿਣ ਬਾਰੇ ਜਾਣਕਾਰੀ – ਕੁਝ ਦੇਸ ਤੁਹਾਡੇ ਕੋਲੋਂ ਤੁਹਾਡੀ ਰਹਿਣ ਬਾਰੇ ਜਾਣਕਾਰੀ ਵੀ ਮੰਗਦੇ ਹਨ। ਇਸ ਲਈ ਤੁਹਾਨੂੰ ਆਪਣੇ ਹੋਟਲ ਦੀ ਰਸੀਦ ਜਾਂ ਜਿਸ ਦੋਸਤ ਜਾਂ ਰਿਸ਼ਤੇਦਾਰ ਕੋਲ ਰਹਿ ਰਹੇ ਹੋ, ਉਸ ਕੋਲੋ ‘ਲੈਟਰ ਆਫ਼ ਇਨਵੀਟੇਸ਼ਨ’ ਦੇਣਾ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਪੂਰੀ ਯਾਤਰਾ ਦਾ ਲੇਖਾ-ਜੋਖਾ ਦੇਣਾ ਹੋਵੇਗਾ।

ਟਰੈਵਲ ਇੰਸ਼ੋਰੈਂਸ – ਹਾਲਾਂਕਿ ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦੀ ਪਰ ਇਹ ਕਾਫੀ ਲਾਹੇਵੰਦ ਸਾਬਤ ਹੁੰਦੀ ਹੈ। ਮੁਸ਼ਕਲ ਦੇ ਸਮੇਂ ’ਚ ਜਿਵੇਂ ਕਿ ਮੈਡੀਕਲ ਐਮਰਜੈਂਸੀ, ਟ੍ਰਿਪ ਕੈਨਸੇਲੇਸ਼ਨ ਅਤੇ ਸਮਾਨ ਦੇ ਚੋਰੀ ਹੋਣ ਦੇ ਹਾਲਾਤ ’ਚ ਤੁਹਾਨੂੰ ਆਰਥਿਕ ਮਦਦ ਦੇ ਸਕਦੇ ਹਨ।

ਕ੍ਰਿਮੀਨਲ ਰਿਕਾਰਡ ਚੈੱਕ – ਕਈ ਵਾਰ ਯਾਤਰੀਆਂ ਤੋਂ ਉਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਵੀ ਮੰਗਿਆਂ ਜਾਂਦਾ ਹੈ। ਕਈ ਵਾਰ ਜੇਕਰ ਕਿਸੇ ਛੋਟੇ ਮਾਮਲੇ ’ਚ ਵੀ ਤੁਹਾਡਾ ਨਾਮ ਆਇਆ ਹੋਵੇ ਤਾਂ ਤੁਹਾਡੀ ਐਂਟਰੀ ’ਤੇ ਰੋਕ ਲਗਾਈ ਜਾ ਸਕਦੀ ਹੈ।

ਕਸਟਮ ਅਤੇ ਡੈਕਲਾਰੇਸ਼ਨ – ਜਿਥੇ ਤੁਸੀਂ ਯਾਤਰਾ ਕਰਨ ਜਾ ਰਹੇ ਹੋ, ਉਸ ਦੇਸ ਦੇ ਕਸਟਮ ਅਤੇ ਡੈਕਲਾਰੇਸ਼ਨ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ। ਇਸ ਲਈ ਤੁਹਾਨੂੰ ਆਪਣੇ ਨਾਲ ਲਿਆਈ ਕੀਮਤੀ ਵਸਤੂ, ਕੈਸ਼ ਅਤੇ ਹੋਰ ਕੁਝ ਪਾਬੰਦੀਸ਼ੁਦਾ ਸਮਾਨ ਦੀ ਜਾਣਕਾਰੀ ਦੇਣੀ ਪਵੇਗੀ।

ਇਸ ਵਿੱਚ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜਦੋਂ ਵੀ ਕੋਈ ਦੇਸ ਤੁਹਾਨੂੰ ਵੀਜ਼ਾ ਫਰੀ ਐਂਟਰੀ ਦੀ ਇਜਾਜ਼ਤ ਦਿੰਦਾ ਹੈ, ਤੁਹਾਨੂੰ ਯਾਤਰੀ ਬਾਰੇ ਬਾਕੀ ਨਿਯਮਾਂ ਦੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ।

ਹਮੇਸ਼ਾ ਕਿਸੇ ਦੇਸ ’ਚ ਜਾਣ ਤੋਂ ਪਹਿਲਾਂ ਉੱਥੋਂ ਦੀ ਅੰਬੈਸੀ ਅਤੇ ਸਰਕਾਰੀ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ ਤਾਂਕਿ ਤੁਹਾਨੂੰ ਉੱਥੇ ਪਹੁੰਚ ਕੇ ਕੋਈ ਦਿੱਕਤ ਨਾ ਹੋਵੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI