Home ਰਾਸ਼ਟਰੀ ਖ਼ਬਰਾਂ ਫ਼ਿਰੋਜ਼ਪੁਰ: ਕਥਿਤ ਬੇਅਦਬੀ ਦੀ ਘਟਨਾ ਅਤੇ ਕੁੱਟਮਾਰ ਦੇ ਸ਼ਿਕਾਰ ਮੁਲਜ਼ਮ ਦੀ ਮੌਤ...

ਫ਼ਿਰੋਜ਼ਪੁਰ: ਕਥਿਤ ਬੇਅਦਬੀ ਦੀ ਘਟਨਾ ਅਤੇ ਕੁੱਟਮਾਰ ਦੇ ਸ਼ਿਕਾਰ ਮੁਲਜ਼ਮ ਦੀ ਮੌਤ ਦੇ ਮਾਮਲੇ ‘ਚ ਹੁਣ ਤੱਕ ਕੀ-ਕੀ ਹੋਇਆ

2
0

Source :- BBC PUNJABI

ਗੁਰਦੁਆਰਾ ਬਾਬਾ ਬੀਰ ਸਿੰਘ

ਤਸਵੀਰ ਸਰੋਤ, BBC/Kuldeep Brar

  • ਲੇਖਕ, ਗਗਨਦੀਪ ਸਿੰਘ ਜੱਸੋਵਾਲ ਤੇ ਕੁਲਦੀਪ ਬਰਾੜ
  • ਰੋਲ, ਬੀਬੀਸੀ ਪੱਤਰਕਾਰ
  • 5 ਮਈ 2024, 18:37 IST

    ਅਪਡੇਟ 5 ਮਿੰਟ ਪਹਿਲਾਂ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿੱਚ ਕਥਿਤ ਬੇਅਦਬੀ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਮਗਰੋਂ ਮੌਤ ਹੋ ਗਈ।

ਮ੍ਰਿਤਕ ਵਿਅਕਤੀ ਦੀ ਪਛਾਣ 19 ਸਾਲਾ ਬਖਸੀਸ਼ ਸਿੰਘ ਵਜੋਂ ਹੋਈ ਹੈ।

ਇਹ ਘਟਨਾ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਸ਼ੁੱਕਰਵਾਰ ਦੁਪਿਹਰ ਨੂੰ ਵਾਪਰੀ ਸੀ।

ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਸ਼ੁੱਕਰਵਾਰ ਨੂੰ ਬਖਸ਼ੀਸ਼ ਸਿੰਘ ਨਾਮ ਦੇ ਵਿਅਕਤੀ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਸੀ। ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੀ ਕੇਸ ਦਰਜ ਕੀਤਾ ਹੈ।

ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ ਕਿ ਇਹ ਪਰਚਾ ਕਿਸ ਖਿਲਾਫ਼ ਕੀਤਾ ਗਿਆ ਹੈ।

ਹਾਲਾਂਕਿ ਇਸ ਘਟਨਾ ਦੀਆਂ ਜੋ ਵੀਡੀਓ ਸਾਹਮਣੇ ਆਈਆਂ ਹਨ , ਉਹਨਾਂ ਵਿੱਚ ਪਿੰਡ ਵਾਸੀ ਬਖਸ਼ੀਸ਼ ਸਿੰਘ ਦੀ ਕੁੱਟਮਾਰ ਕਰਦੇ ਦੇਖੇ ਜਾ ਸਕਦੇ ਹਨ।

ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਤਾਂ ਉਹ ਜ਼ਿੰਦਾ ਸੀ।

ਪੁਲਿਸ ਨੇ ਕੀ ਦੱਸਿਆ

ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ

ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਇੱਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਵਿੱਚ ਸ਼ਾਮਲ ਵਿਅਕਤੀ ਦੀ ਕੁੱਟਮਾਰ ਕੀਤੀ ਗਈ।

ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ, “ਬਖਸ਼ੀਸ਼ ਸਿੰਘ ਨੇ ਬੰਡਾਲਾ ਪਿੰਡ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਦੀ ਹਦੂਦ ਅੰਦਰ ਦਾਖਲ ਹੋ ਕੇ ਕਥਿਤ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਪੰਨੇ ਪਾੜ ਕੇ ਬੇਅਦਬੀ ਕੀਤੀ।”

ਡੀ ਐੱਸ ਪੀ ਸੁਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਪਿੰਡ ਵਾਸੀਆਂ ਨੇ ਕਥਿਤ ਤੌਰ ‘ਤੇ ਬੇਅਦਬੀ ਦੇ ਇਲਜ਼ਾਮ ‘ਚ ਫੜਿਆ ਅਤੇ ਕੁੱਟਮਾਰ ਵੀ ਕੀਤੀ। ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ। ਅਸੀਂ ਬੇਅਦਬੀ ਦੇ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।”

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, “ਬੇਅਦਬੀ ਦੀ ਘਟਨਾ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਪਿੰਡ ‘ਚ ਪਹੁੰਚ ਗਈ।”

ਉਨ੍ਹਾਂ ਦੱਸਿਆ ਕਿ ਮੁਲਜ਼ਮ ਬਖਸ਼ੀਸ਼ ਦੀ ਹਸਪਤਾਲ ਵਿੱਚ ਮੌਤ ਹੋਈ ਸੀ।

ਫਿਰੋਜ਼ਪੁਰ

ਤਸਵੀਰ ਸਰੋਤ, BBC/Kuldeep Brar

ਫਿਰੋਜ਼ਪੁਰ ਪੁਲਿਸ ਨੇ ਬਖਸ਼ੀਸ਼ ਸਿੰਘ ਦੇ ਖਿਲਾਫ਼ ਵਿਚ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਐੱਫਆਈਆਰ ਦਰਜ ਕੀਤੀ ਹੈ।

ਇਹ ਐੱਫਆਈਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਚੇਅਰਮੈਨ ਲਖਬੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ-

ਪੁਲਿਸ ਸ਼ਿਕਾਇਤ ਮੁਤਾਬਕ, “ਬਖਸ਼ੀਸ਼ ਦੁਪਹਿਰ 2 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਦਾਖਲ ਹੋਇਆ। ਉਸ ਸਮੇਂ ਉਸ ਕਮਰੇ ਦੇ ਅੰਦਰ ਕੋਈ ਨਹੀਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ ਅਤੇ ਪਾੜੇ ਹੋਏ ਪੰਨੇ ਲੈ ਕੇ ਬਾਹਰ ਆ ਗਿਆ।”

“ਲੰਗਰ ਹਾਲ ਵਿੱਚ ਬੈਠੇ ਕੁਝ ਵਿਅਕਤੀਆਂ ਨੇ ਉਸ ਨੂੰ ਦੇਖਿਆ ਤੇ ਉਸ ਨੇ ਦੋ ਵਾਰ ਕਿਹਾ ‘ਪ੍ਰਭੂ ਇਨ੍ਹਾਂ ਤੋਂ ਮੈਨੂੰ ਬਚਾਓ’ ਫਿਰ ਉਸਨੂੰ ਸੰਗਤਾਂ ਨੇ ਕਾਬੂ ਕਰ ਲਿਆ।”

ਲਖਵੀਰ ਸਿੰਘ ਨੇ ਕਿਹਾ, “ਅਸੀਂ ਉਸ ਨੂੰ ਜਿਉਂਦਾ ਪੁਲਿਸ ਹਵਾਲੇ ਕਰ ਦਿੱਤਾ ਸੀ। ਸਾਨੂੰ ਨਹੀਂ ਪਤਾ ਕਿ ਬਾਅਦ ਵਿਚ ਉਸ ਨਾਲ ਕੀ ਹੋਇਆ।”

ਫਿਰੋਜ਼ਪੁਰ

ਤਸਵੀਰ ਸਰੋਤ, BBC/Kuldeep Brar

ਮੌਤ ਸਬੰਧੀ ਵੀ ਮਾਮਲਾ ਦਰਜ

ਫਿਰੋਜ਼ਪੁਰ ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਮੌਤ ਸਬੰਧੀ ਮੁਕੱਦਮਾ ਦਰਜ ਕਰ ਲਿਆ ਹੈ।

ਫਿਰੋਜ਼ਪੁਰ ਦੇ ਐੱਸਪੀ (ਜਾਂਚ) ਰਣਧੀਰ ਕੁਮਾਰ ਨੇ ਕਿਹਾ, “ਸਾਰੀਆਂ ਸ਼ਿਕਾਇਤਾਂ ਸਾਡੇ ਕੋਲ ਹਨ ਅਤੇ ਇੱਕ ਕਰਾਸ ਐਫਆਈਆਰ ਦਰਜ ਕੀਤੀ ਗਈ ਹੈ।”

ਫਿਰੋਜ਼ਪੁਰ ਪੁਲਿਸ ਨੇ ਅਜੇ ਤੱਕ ਕਰਾਸ ਐਫਆਈਆਰ ਦੀ ਧਾਰਾ ਦਾ ਖੁਲਾਸਾ ਨਹੀਂ ਕੀਤਾ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਬਖਸ਼ੀਸ਼ ਦੀ ਮੌਤ ਮਾਮਲੇ ਵਿਚ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਇਸ ਨੂੰ ਕਤਲ ਦੀ ਐਫਆਈਆਰ ਵਿੱਚ ਬਦਲਿਆ ਜਾ ਰਿਹਾ ਹੈ।

ਮ੍ਰਿਤਕ ਦੇ ਪਿਤਾ ਨੇ ਕੀ ਕਿਹਾ

ਬਖਸ਼ੀਸ਼ ਦੇ ਪਿਤਾ ਲਖਵਿੰਦਰ ਸਿੰਘ

ਤਸਵੀਰ ਸਰੋਤ, BBC/Kuldeep Brar

ਬਖਸ਼ੀਸ਼ ਦੇ ਪਿਤਾ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕੁਝ ਸਾਲਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਵੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੇ ਗੁਨਾਹ ਕੀਤਾ ਸੀ ਤਾਂ ਉਸ ਨੂੰ ਪੁਲਿਸ ਨੂੰ ਫੜਾ ਦੇਣਾ ਚਾਹੀਦਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾ

ਜਥੇਦਾਰ ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, X/Giani Raghbir Singh

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਘਟਨਾ ਤੋਂ ਬਾਅਦ ਬਿਆਨ ਦਿੱਤਾ ਹੈ।

ਇਸ ਬਿਆਨ ਵਿੱਚ ਉਨ੍ਹਾਂ ਕਿਹਾ, “ਬੇਅਦਬੀ ਦੇ ਦੋਸ਼ੀ ਦੀ ਮੌਤ ‘ਕਾਨੂੰਨ ਦੁਆਰਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ’ਚ ਅਸਫ਼ਲਤਾ ਦਾ ਪ੍ਰਤੀਕਰਮ ਹੈ।”

ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਇੱਕ ਸਾਜਿਸ਼ ਦੱਸਿਆ।

ਉਨ੍ਹਾਂ ਕਿਹਾ, “ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਕਿ ਬੇਅਦਬੀ ਦੇ ਦੋਸ਼ੀ ਦੀ ਮੌਤ ਨੂੰ ਲੈ ਕੇ ਸੰਗਤ ਜਾਂ ਕਿਸੇ ਵੀ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਇ ਜਲਦ ਤੋਂ ਜਲਦ ਇਹ ਸੱਚਾਈ ਸੰਗਤ ਦੇ ਸਾਹਮਣੇ ਲਿਆਂਦੀ ਜਾਵੇ ਕਿ ਉਕਤ ਬੇਅਦਬੀ ਦੇ ਦੋਸ਼ੀ ਨੂੰ ਕਿਸ ਨੇ ਅਤੇ ਕਿਸ ਸਾਜਿਸ਼ ਤਹਿਤ ਭੇਜਿਆ।”

ਇਹ ਵੀ ਪੜ੍ਹੋ-

source : BBC PUNJABI