Home ਰਾਸ਼ਟਰੀ ਖ਼ਬਰਾਂ ਖਾਣਾ ਬਣਾਉਣ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ, ਤੇਲ ਖਰੀਦਦੇ ਸਮੇਂ...

ਖਾਣਾ ਬਣਾਉਣ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ, ਤੇਲ ਖਰੀਦਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ

1
0

Source :- BBC PUNJABI

ਤੇਲ

ਤਸਵੀਰ ਸਰੋਤ, Getty Images

ਸਾਰੇ ਤੇਲ ਫੈਟ/ਚਰਬੀ ਅਤੇ ਕੈਲੋਰੀ ਨਾਲ ਭਰਪੂਰ ਹੁੰਦੇ ਹਨ, ਪਰ ਉਨ੍ਹਾਂ ਦੀ ਰਸਾਇਣਕ ਸੰਰਚਨਾ ਅਤੇ ਸਿਹਤ ’ਤੇ ਪ੍ਰਭਾਵ ਬਹੁਤ ਅਲੱਗ ਤਰ੍ਹਾਂ ਦੇ ਹੋ ਸਕਦੇ ਹਨ।

ਖਾਣਾ ਬਣਾਉਣ ਲਈ ਤੇਲ ਇੱਕ ਪ੍ਰਮੁੱਖ ਚੀਜ਼ ਹੈ, ਪਰ ਉਹ ਕਿੰਨੇ ਸਿਹਤਮੰਦ ਹਨ, ਇਸ ਬਾਰੇ ਬਹੁਤ ਸਾਰੀਆਂ ਵਿਵਾਦਪੂਰਨ ਜਾਣਕਾਰੀਆਂ ਉਪਲੱਬਧ ਹਨ।

ਦੁਕਾਨਾਂ ਦੀਆਂ ਸ਼ੈਲਫਾਂ ’ਤੇ ਬਹੁਤ ਸਾਰੇ ਤੇਲ ਨਜ਼ਰ ਆਉਂਦੇ ਹਨ, ਜਿਵੇਂ ਨਾਰੀਅਲ ਤੋਂ ਜੈਤੂਨ ਤੱਕ, ਗ੍ਰੀਨ ਤੋਂ ਲੈ ਕੇ ਕੈਨੋਲਾ ਤੱਕ, ਐਵੋਕਾਡੋ ਤੋਂ ਤਿਲ ਤੱਕ, ਪਰ ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਕਿਸ ਦੀ ਵਰਤੋਂ ਕਰਨੀ ਹੈ ਅਤੇ ਸਾਨੂੰ ਕਿਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

ਭੋਜਨ ਪਕਾਉਣ ਵਾਲੇ ਤੇਲ ਆਮ ਤੌਰ ’ਤੇ ਉਨ੍ਹਾਂ ਗਿਰੀਆਂ, ਬੀਜਾਂ, ਫ਼ਲਾਂ, ਪੌਦਿਆਂ ਜਾਂ ਅਨਾਜਾਂ ਤੋਂ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਮਿੱਧ ਕੇ, ਦਬਾ ਕੇ ਜਾਂ ਪ੍ਰੋਸੈਸਿੰਗ ਵਿਧੀਆਂ ਰਾਹੀਂ ਕੱਢਿਆ ਜਾਂਦਾ ਹੈ।

ਉਨ੍ਹਾਂ ਵਿੱਚ ਸੈਚੁਰੇਟਿਡ, ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਦੀ ਉੱਚ ਮਿਕਦਾਰ ਹੁੰਦੀ ਹੈ।

ਤੇਲ

ਤਸਵੀਰ ਸਰੋਤ, Getty Images

ਨਾਰੀਅਲ ਦਾ ਤੇਲ

ਪਿਛਲੇ ਦਹਾਕੇ ਵਿੱਚ ਨਾਰੀਅਲ ਤੇਲ, ਜਿਸ ਵਿੱਚ ਲਗਭਗ 90% ਸੈਚੁਰੇਟਿਡ ਫੈਟ ਹੁੰਦੀ ਹੈ, ਨਵਾਂ ‘ਸੁਪਰਫੂਡ’ ਬਣ ਗਿਆ ਹੈ।

ਇਸ ਦੀ ਇੱਕ ਸੁਪਰਫੂਡ ਵਜੋਂ ਪ੍ਰਸੰਸਾ ਕੀਤੀ ਗਈ ਹੈ। ਪਰ ਹਾਰਵਰਡ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨੀ ਇਸ ਨੂੰ ‘ਸ਼ੁੱਧ ਜ਼ਹਿਰ’ ਕਹਿੰਦੇ ਹਨ।

ਹੋਰ ਚੀਜ਼ਾਂ ਦੇ ਇਲਾਵਾ ਕਿਉਂਕਿ ਇਸ ਦੀ ਸਰੀਰ ਵਿੱਚ ਚਰਬੀ ਦੇ ਰੂਪ ਵਿੱਚ ਇਕੱਠਾ ਹੋਣ ਦੀ ਘੱਟ ਸੰਭਾਵਨਾ ਹੈ ਅਤੇ ਊਰਜਾ ਦੇ ਤੌਰ ’ਤੇ ਜ਼ਿਆਦਾ ਖਰਚ ਹੋਣ ਦੀ ਸੰਭਾਵਨਾ ਹੈ।

ਯੂਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਬਹੁਤ ਜ਼ਿਆਦਾ ਸੈਚੁਰੇਟਿਡ ਫੈਟ ਦੀ ਵਰਤੋਂ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਵਧਾਉਂਦੀ ਹੈ।

ਇਸ ਅਨੁਸਾਰ ਔਰਤਾਂ ਲਈ ਰੋਜ਼ਾਨਾ 20 ਗ੍ਰਾਮ ਅਤੇ ਪੁਰਸ਼ਾਂ ਲਈ 30 ਗ੍ਰਾਮ ਤੋਂ ਵਧ ਦੀ ਵਰਤੋਂ ਸਾਡੇ ਸਰੀਰ ਵਿੱਚ ਕੋਲੇਸਟ੍ਰੋਲ ਪੈਦਾ ਕਰਨ ਦਾ ਕਾਰਨ ਬਣਦੀ ਹੈ।

ਸਾਰੇ ਫੈਟੀ ਮੌਲੀਕਿਊਲ ਫੈਟੀ ਐਸਿਡ ਦੀਆਂ ਚੇਨਾਂ ਦੇ ਬਣੇ ਹੁੰਦੇ ਹਨ, ਜੋ ਸਿੰਗਲ (ਸੈਚੁਰੇਟਿਡ) ਜਾਂ ਡਬਲ (ਅਨਸੈਚੁਰੇਟਿਡ) ਬਾਂਡ ਨਾਲ ਇਕੱਠੇ ਰੱਖੇ ਜਾਂਦੇ ਹਨ।

ਫੈਟੀ ਐਸਿਡ ਤਿੰਨ ਕਿਸਮਾਂ ਦੇ ਹੁੰਦੇ ਹਨ: ਛੋਟੀ, ਦਰਮਿਆਨੀ ਅਤੇ ਲੰਬੀ ਚੇਨ।

ਛੋਟੀ ਅਤੇ ਦਰਮਿਆਨੀ ਚੇਨ ਵਾਲੇ ਫੈਟੀ ਐਸਿਡ ਖੂਨ ਦੇ ਪ੍ਰਵਾਹ ਵਿੱਚ ਸਮਾ ਜਾਂਦੇ ਹਨ ਅਤੇ ਊਰਜਾ ਦੇ ਸਰੋਤ ਵਜੋਂ ਵਰਤੇ ਜਾਂਦੇ ਹਨ।

ਪਰ ਲੰਬੀ-ਚੇਨ ਵਾਲੇ ਫੈਟੀ ਐਸਿਡ ਨੂੰ ਲਿਵਰ ਵਿੱਚ ਲੈ ਜਾਂਦੇ ਹਨ, ਜਿਸ ਨਾਲ ਖੂਨ ਵਿੱਚ ਕੋਲੇਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ।

ਤੇਲ

ਤਸਵੀਰ ਸਰੋਤ, Getty Images

ਮੈਸੇਚਿਉਸੇਟਸ ਵਿੱਚ ਟਫਟਸ ਯੂਨੀਵਰਸਿਟੀ ਵਿੱਚ ਪੋਸ਼ਣ ਵਿਗਿਆਨ ਅਤੇ ਨੀਤੀ ਦੀ ਪ੍ਰੋਫੈਸਰ ਐਲਿਸ ਲਿਕਟਨਸਟਾਈਨ ਕਹਿੰਦੇ ਹਨ, “ਨਾਰੀਅਲ ਦਾ ਤੇਲ ਕਈ ਸਾਲ ਪਹਿਲਾਂ ਹਰਮਨਪਿਆਰਾ ਸੀ ਜਦੋਂ ਇਸ ਦਾ ਵਿਸ਼ੇਸ਼ ਪ੍ਰਭਾਵ ਹੋਣ ਦਾ ਦਾਅਵਾ ਕੀਤਾ ਗਿਆ ਸੀ।”

“ਪਰ ਜਦੋਂ ਤੁਸੀਂ ਦੂਜੇ ਤੇਲਾਂ ਨਾਲ ਇਸ ਦੀ ਤੁਲਨਾ ਕਰਨ ਵਾਲੇ ਅਧਿਐਨਾਂ ਨੂੰ ਦੇਖਦੇ ਹੋ, ਤਾਂ ਨਤੀਜੇ ਦਰਸਾਉਂਦੇ ਹਨ ਕਿ ਇਸ ਵਿੱਚ ਸੈਚੁਰੇਟਿਡ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਤੇ ਕੋਈ ਵੀ ਕਲੀਨਿਕਲ ਟੈਸਟ ਸ਼ੁਰੂਆਤੀ ਦਾਅਵਿਆਂ ਦਾ ਸਮਰਥਨ ਨਹੀਂ ਕਰਦੇ।”

ਜ਼ਿਆਦਾਤਰ ਬੇਤਰਤੀਬੇ ਢੰਗ ਨਾਲ ਨਿਯੰਤਰਿਤ ਅਜ਼ਮਾਇਸ਼ਾਂ ਤੋਂ ਪਤਾ ਲੱਗਦਾ ਹੈ ਕਿ ਨਾਰੀਅਲ ਦਾ ਤੇਲ ਹਾਨੀਕਾਰਕ ਕੋਲੇਸਟ੍ਰੋਲ, ਘੱਟ-ਘਣਤਾ ਵਾਲੇ ਲਿਪੋਪ੍ਰੋਟੀਨ (ਐੱਲਡੀਐੱਲ) ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਨਾਲ ਜੁੜਿਆ ਹੋਇਆ ਹੈ।

ਪਰ ਇਹ ਲਾਭਦਾਇਕ ਕੋਲੇਸਟ੍ਰੋਲ, ਉੱਚ ਘਣਤਾ ਵਾਲੇ ਲਿਪੋਪ੍ਰੋਟੀਨ (ਐੱਚਡੀਐੱਲ) ਨੂੰ ਵੀ ਵਧਾਉਂਦਾ ਹੈ, ਜੋ ਕਿ ਖੂਨ ਦੇ ਪ੍ਰਵਾਹ ਵਿੱਚ ਐੱਲਡੀਐੱਲ ਨੂੰ ਹਟਾ ਦਿੰਦਾ ਹੈ।

ਬੇਤਰਤੀਬ ਨਿਯੰਤਰਿਤ ਅਜ਼ਮਾਇਸ਼ਾਂ ਦੀ 2023 ਦੀ ਸਮੀਖਿਆ ਨੇ ਸਿੱਟਾ ਕੱਢਿਆ ਕਿ ਨਾਰੀਅਲ ਤੇਲ ਦਾ ਐੱਲਡੀਐੱਲ ਮੱਖਣ ਦੀ ਤੁਲਨਾ ਵਿੱਚ ਘੱਟ ਹਾਨੀਕਾਰਕ ਪ੍ਰਭਾਵ ਦਾ ਹੁੰਦਾ ਹੈ, ਪਰ ਸੂਰਜਮੁਖੀ ਦੇ ਤੇਲ ਦਾ ਨਹੀਂ।

ਇੰਨੀ ਜ਼ਿਆਦਾ ਮਾਤਰਾ ਵਿੱਚ ਸੈਚੁਰੇਟਿਡ ਫੈਟ ਵਾਲਾ ਭੋਜਨ ਐੱਚਡੀਐੱਲ ਕੋਲੇਸਟ੍ਰੋਲ ਨੂੰ ਕਿਉਂ ਵਧਾ ਸਕਦਾ ਹੈ, ਇਸ ਦੀ ਇੱਕ ਵਿਆਖਿਆ ਇਹ ਹੈ ਕਿਉਂਕਿ ਇਸ ਵਿੱਚ ਲੌਰਿਕ ਐਸਿਡ ਦੀ ਉੱਚ ਮਾਤਰਾ ਹੁੰਦੀ ਹੈ, ਜੋ ਖੂਨ ਵਿੱਚ ਐੱਚਡੀਐੱਲ ਦੇ ਪੱਧਰ ਨੂੰ ਐੱਲਡੀਐੱਲ ਨਾਲੋਂ ਜ਼ਿਆਦਾ ਵਧਾਉਂਦਾ ਦੇਖਿਆ ਗਿਆ ਹੈ।

ਪਰ ਵਰਜੀਨੀਆ ਵਿੱਚ ਜਾਰਜ ਮੇਸਨ ਯੂਨੀਵਰਸਿਟੀ ਵਿੱਚ ਪੋਸ਼ਣ ਅਤੇ ਭੋਜਨ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਟੇਲਰ ਵਾਲੇਸ ਦਾ ਕਹਿਣਾ ਹੈ ਕਿ ਲੌਰਿਕ ਐਸਿਡ ਓਨਾ ਸਿਹਤਮੰਦ ਨਹੀਂ ਹੈ, ਜਿੰਨਾ ਕਿ ਕੁਝ ਲੋਕ ਦਾਅਵਾ ਕਰਦੇ ਹਨ।

ਇਸ ਨੂੰ ਸੀ12 (C12) ਫੈਟੀ ਐਸਿਡ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਦਾ ਅਰਥ ਹੈ ਕਿ ਇਸ ਵਿੱਚ 12 ਕਾਰਬਨ ਪਰਮਾਣੂ ਹਨ, ਅਤੇ ਇਹ ਇਸ ਨੂੰ ਮੱਧਮ-ਚੇਨ ਫੈਟੀ ਐਸਿਡ ਦੀ ਪਰਿਭਾਸ਼ਾ ਦੇ ਕਿਨਾਰੇ ’ਤੇ ਰੱਖਦਾ ਹੈ।

ਵਾਲੇਸ ਦੱਸਦੇ ਹਨ, “ਸੀ12 (C12) ਲੰਬੀ-ਚੇਨ ਫੈਟੀ ਐਸਿਡਾਂ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਮੱਧਮ-ਚੇਨ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ।”

“ਸੀ12 (C12) ਲਗਭਗ 70% ਲੰਬੀ-ਚੇਨ ਵਾਲੇ ਫੈਟੀ ਐਸਿਡ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਲਿਵਰ ਵਿੱਚ ਲਿਜਾਇਆ ਜਾਂਦਾ ਹੈ।”

ਤੇਲ

ਤਸਵੀਰ ਸਰੋਤ, Getty Images

ਲੰਬੀ-ਚੇਨ ਫੈਟੀ ਐਸਿਡ ਦੀ ਲੀਵਰ ਵਿੱਚ ਚਰਬੀ ਦੇ ਰੂਪ ਵਿੱਚ ਜਮਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਸਮੇਂ ਦੇ ਨਾਲ ਇਹ ਗ਼ੈਰ-ਅਲਕੋਹਲਿਕ ਫੈਟੀ ਲਿਵਰ ਰੋਗ ਵਰਗੀਆਂ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਇਸ ਦੀ ਬਜਾਏ, ਮਾਹਰ ਅਜਿਹਾ ਤੇਲ ਚੁਣਨ ਦੀ ਸਲਾਹ ਦਿੰਦੇ ਹਨ ਜਿਸ ਵਿੱਚ ਸੈਚੁਰੇਟਿਡ ਫੈਟ ਘੱਟ ਹੋਵੇ ਅਤੇ ਹੋਰ ਕਿਸਮਾਂ ਦੀ ਫੈਟ ਜ਼ਿਆਦਾ ਹੋਵੇ ਜੋ ਘੱਟ ਮਾਤਰਾ ਵਿੱਚ ਸਿਹਤਵਰਧਕ ਹੋਣ।

ਇਹ ਸਾਬਤ ਹੋ ਚੁੱਕਾ ਹੈ ਕਿ ਪੌਲੀਅਨਸੈਚੁਰੇਟਿਡ ਫੈਟ (ਓਮੇਗਾ 3 ਅਤੇ ਓਮੇਗਾ 6) ਅਤੇ ਮੋਨੋਅਨਸੈਚੂਰੇਟਿਡ ਫੈਟ ਕੋਲੈਸਟ੍ਰੋਲ ਨੂੰ ਘਟਾਉਂਦੇ ਹਨ ਅਤੇ ਜ਼ਰੂਰੀ ਫੈਟੀ ਐਸਿਡ ਅਤੇ ਵਿਟਾਮਿਨ ਪ੍ਰਦਾਨ ਕਰਦੇ ਹਨ।

ਇਹ ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਬਨਸਪਤੀ ਤੇਲਾਂ ਵਿੱਚ ਪਾਏ ਜਾਂਦੇ ਹਨ, ਹਾਲਾਂਕਿ ਸਹੀ ਮਾਤਰਾ ਪੌਦੇ ਅਤੇ ਇਸ ਦੇ ਉਤਪਾਦਨ ਦੌਰਾਨ ਵਰਤੀ ਜਾਣ ਵਾਲੀ ਤਕਨੀਕੀ ਪ੍ਰਕਿਰਿਆ ਦੋਵਾਂ ’ਤੇ ਨਿਰਭਰ ਕਰਦੀ ਹੈ।

ਲਿਕਟਨਸਟਾਈਨ ਕਹਿੰਦੇ ਹਨ, “ਜ਼ਿਆਦਾਤਰ ਅਧਿਐਨਾਂ ਤੋਂ ਸੰਕੇਤ ਮਿਲਦਾ ਹੈ ਕਿ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਵਾਲੇ ਭੋਜਨ ਨਾਲ ਦਿਲ ਦੀ ਬਿਮਾਰੀ ਦਾ ਜੋਖਮ ਘੱਟ ਹੁੰਦਾ ਹੈ।”

ਉਹ ਅੱਗੇ ਕਹਿੰਦੇ ਹਨ, “ਅਨਸੈਚੁਰੇਟਿਡ ਫੈਟ ਦੇ ਸਰੋਤਾਂ ਨੂੰ ਪੌਲੀਅਨਸੈਚੂਰੇਟਿਡ ਫੈਟ, ਯਾਨੀ ਮੁੱਖ ਤੌਰ ‘ਤੇ ਬਨਸਪਤੀ ਤੇਲ, ਗਿਰੀਆਂ ਅਤੇ ਬੀਜਾਂ ਨਾਲ ਬਦਲਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।”

ਉਦਾਹਰਨ ਲਈ ਇੱਕ ਅਧਿਐਨ ਵਿੱਚ ਸੈਚੁਰੇਟਿਡ ਫੈਟ ਨੂੰ ਜੈਤੂਨ ਦੇ ਤੇਲ ਨਾਲ ਬਦਲਣ ਨਾਲ ਦਿਲ ਦੀ ਬਿਮਾਰੀ ਦਾ ਜੋਖ਼ਮ ਘੱਟ ਹੋ ਗਿਆ।

ਮੱਖਣ, ਮਾਰਜਰੀਨ (ਮੱਖਣ ਦਾ ਇੱਕ ਬਦਲ), ਮੇਯੋਨੀਜ਼ ਜਾਂ ਡੇਅਰੀ ਫੈਟ ਨੂੰ ਜੈਤੂਨ ਦੇ ਤੇਲ ਨਾਲ ਬਦਲਣ ਨਾਲ ਜੋਖ਼ਮ 5% ਤੋਂ 7% ਤੱਕ ਘੱਟ ਹੋ ਗਿਆ।

ਸਾਲ 2021 ਦੇ ਜਨਸੰਖਿਆ-ਅਧਾਰਿਤ ਵਿਸ਼ਲੇਸ਼ਣ ਵਿੱਚ ਲੋਕਾਂ ਦੀ ਸਿਹਤ ਦੀ ਤੁਲਨਾ 15 ਸਾਲਾਂ ਵਿੱਚ ਉਨ੍ਹਾਂ ਦੇ ਮੱਖਣ, ਮਾਰਜਰੀਨ, ਮੱਕੀ ਦੇ ਤੇਲ, ਕੈਨੋਲਾ ਤੇਲ ਅਤੇ ਜੈਤੂਨ ਦੇ ਤੇਲ ਦੀ ਖਪਤ ਨਾਲ ਕੀਤੀ ਗਈ।

ਇਸ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਕੁੱਲ ਮਿਲਾ ਕੇ ਮੱਖਣ ਅਤੇ ਮਾਰਜਰੀਨ ਦੀ ਵਰਤੋਂ ਦੀ ਤੁਲਨਾ ਵਿੱਚ ਤੇਲ ਨਾਲ ਖਾਣਾ ਬਣਾਉਣਾ ਜ਼ਿਆਦਾ ਸਿਹਤਵਰਧਕ ਹੈ।

ਤੇਲ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਜੈਤੂਨ ਦਾ ਤੇਲ

ਅਧਿਐਨ ਦੀ ਲੇਖਿਕਾ ਅਤੇ ਬੋਸਟਨ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਟੀਐੱਚ ਚੈਨ ਸਕੂਲ ਆਫ਼ ਪਬਲਿਕ ਹੈਲਥ ਵਿੱਚ ਪੋਸ਼ਣ ਵਿਭਾਗ ਵਿੱਚ ਖੋਜ ਵਿਗਿਆਨੀ ਮਾਰਟਾ ਗੁਆਸ਼-ਫੇਰੇ ਨੇ 24 ਸਾਲਾਂ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੀ ਸਿਹਤ ਅਤੇ ਭੋਜਨ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਜਿਹੜੇ ਲੋਕ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦਾ ਸਭ ਪ੍ਰਕਾਰ ਦੇ ਜੈਤੂਨ ਦੇ ਤੇਲ ਵਿੱਚ ਦਿਲ ਦੀ ਬਿਮਾਰੀ ਦਾ ਜੋਖ਼ਮ 15% ਘੱਟ ਸੀ।

ਜੈਤੂਨ ਦੇ ਤੇਲ ਦੇ ਸਿਹਤ ਲਾਭਾਂ ਦਾ ਕਾਰਨ ਅੰਸ਼ਕ ਤੌਰ ’ਤੇ ਇਸ ਦੇ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਨੂੰ ਦਿੱਤਾ ਜਾ ਸਕਦਾ ਹੈ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਅਤੇ ਪੌਲੀਫੇਨੌਲ, ਪੌਦਿਆਂ ਤੋਂ ਪ੍ਰਾਪਤ ਸੂਖਮ ਪੌਸ਼ਟਿਕ ਤੱਤ ਹੁੰਦੇ ਹਨ।

ਗੁਆਸ਼-ਫੇਰੇ ਕਹਿੰਦੇ ਹਨ, “ਪਰ ਇਹ ਸਿਰਫ਼ ਭੋਜਨ ਵਿੱਚ ਜੈਤੂਨ ਦੇ ਤੇਲ ਨੂੰ ਸ਼ਾਮਲ ਕਰਨ ਬਾਰੇ ਨਹੀਂ ਹੈ, ਇਹ ਹੋਰ ਘੱਟ ਸਿਹਤਮੰਦ ਫੈਟ ਦੀ ਜਗ੍ਹਾ ਜੈਤੂਨ ਦੇ ਤੇਲ ਦੀ ਵਰਤੋਂ ਕਰਨ ਬਾਰੇ ਹੈ।”

ਜੈਤੂਨ ਦਾ ਤੇਲ, ਜੋ ਜੈਤੂਨ ਨੂੰ ਮਿੱਧ ਕੇ ਅਤੇ ਉਸ ਦੇ ਗੁੱਦੇ ਤੋਂ ਤੇਲ ਨੂੰ ਵੱਖ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ, ਇਸ ਨੂੰ ਬਨਸਪਤੀ ਤੇਲਾਂ ਵਿੱਚੋਂ ਸਭ ਤੋਂ ਵੱਧ ਸਿਹਤਵਧਰਕ ਮੰਨਿਆ ਜਾਂਦਾ ਹੈ।

ਖੋਜ ਵਿੱਚ ਸਾਹਮਣੇ ਆਇਆ ਕਿ ਜੈਤੂਨ ਦਾ ਤੇਲ ਦਿਲ ਦੀ ਬਿਮਾਰੀ ਅਤੇ ਟਾਈਪ-2 ਡਾਇਬਟੀਜ਼ ਨੂੰ ਰੋਕਣ ਵਿੱਚ ਫਾਇਦੇਮੰਦ ਹੋ ਸਕਦਾ ਹੈ।

ਸਾਲ 2023 ਦੇ ਅਧਿਐਨਾਂ ਦੀ ਸਮੀਖਿਆ ਵਿੱਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਜੈਤੂਨ ਦਾ ਤੇਲ ਅਲਜ਼ਾਈਮਰ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਵਿਕਾਸ ਦੇ ਜੋਖਮ ਨੂੰ ਵੀ ਸੁਧਾਰ ਸਕਦਾ ਹੈ, ਅਤੇ ਚਿੰਤਾ ਅਤੇ ਉਦਾਸੀ ਦੇ ਲੱਛਣਾਂ ਵਿੱਚ ਮਦਦ ਕਰ ਸਕਦਾ ਹੈ।

ਇਹ ਸਾਡੇ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿੱਚ ਤਬਦੀਲੀ ਲਿਆ ਸਕਦਾ ਹੈ।

ਪਰ ਖੋਜਕਰਤਾਵਾਂ ਨੇ ਸਿੱਟਾ ਕੱਢਿਆ ਕਿ ਇਨ੍ਹਾਂ ਸਬੰਧਾਂ ਦੇ ਅੰਦਰੂਨੀ ਤੰਤਰ ਨੂੰ ਸਮਝਣ ਲਈ ਸਬੂਤਾਂ ਦੀ ਘਾਟ ਹੈ।

ਜੈਤੂਨ ਤੇਲ

ਤਸਵੀਰ ਸਰੋਤ, Getty Images/BBC

ਯੂਨੀਵਰਸਿਟੀ ਆਫ ਵੈਲੇਂਸੀਆ (ਸਪੇਨ) ਦੇ ਰੋਕਥਾਮ ਮੈਡੀਸਿਨ ਅਤੇ ਜਨਤਕ ਸਿਹਤ ਵਿਭਾਗ ਦੇ ਪ੍ਰੋਫੈਸਰ ਫਰਾਂਸਿਸਕੋ ਬਾਰਬਾ ਕਹਿੰਦੇ ਹਨ, “ਜੈਤੂਨ ਦੇ ਤੇਲ ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਅਤੇ ਮਿਸ਼ਰਣ/ਯੋਗਿਕ ਗ਼ੈਰ-ਸੰਚਾਰੀ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ।”

“ਇਹ ਕਿਸੇ ਵਿਸ਼ੇਸ਼ ਵਿਧੀ ਦੁਆਰਾ ਨਹੀਂ, ਬਲਕਿ ਇਸ ਲਈ ਕਿਉਂਕਿ ਸਾਡੇ ਸਰੀਰ ਨੂੰ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ।”

ਜੈਤੂਨ ਦਾ ਤੇਲ ਮੈਡੀਟੇਰੀਅਨ ਭੋਜਨ ਦਾ ਸਮਾਨਾਰਥੀ ਹੈ, ਜੋ ਫ਼ਲਾਂ, ਸਬਜ਼ੀਆਂ ਅਤੇ ਫਲੀਆਂ ਨਾਲ ਭਰਪੂਰ ਅਤੇ ਸੈਚੁਰੇਟਿਡ ਫੈਟ ਵਿੱਚ ਘੱਟ ਹੈ ਅਤੇ ਇਸ ਦੀ ਉੱਚ ਫੈਟ ਸਮੱਗਰੀ ਦੇ ਬਾਵਜੂਦ, ਇਸ ਨਾਲ ਦਿਲ ਦੀ ਬਿਮਾਰੀ ਦਾ ਜੋਖ਼ਮ ਘੱਟ ਹੈ।

ਇਨ੍ਹਾਂ ਅਧਿਐਨਾਂ ਵਿੱਚ ਜੈਤੂਨ ਦੇ ਤੇਲ ਦੀਆਂ ਕਈ ਕਿਸਮਾਂ ਦੀ ਜਾਂਚ ਕੀਤੀ ਗਈ, ਪਰ ਕੁਝ ਖੋਜਾਂ ਵਿੱਚ ਸਾਹਮਣੇ ਆਇਆ ਕਿ ਐਕਸਟਰਾ ਵਰਜਿਨ ਜੈਤੂਨ ਦਾ ਤੇਲ ਸਭ ਤੋਂ ਵੱਧ ਸਿਹਤ ਲਾਭਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਦਿਲ ਦੀ ਬਿਮਾਰੀ ਦੇ ਸੰਭਾਵਿਤ ਘੱਟ ਜੋਖ਼ਮ ਵੀ ਸ਼ਾਮਲ ਹਨ।

ਐਕਸਟਰਾ ਵਰਜਿਨ ਜੈਤੂਨ ਦਾ ਤੇਲ ਐਂਟੀਆਕਸੀਡੈਂਟ ਅਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਕਿ ਇਹ ਐੱਲਡੀਐੱਲ ਕੋਲੇਸਟ੍ਰੋਲ ਤੋਂ ਵਧੀਆ ਢੰਗ ਨਾਲ ਬਚਾਉਂਦਾ ਹੈ।

ਜੈਤੂਨ ਦੇ ਤੇਲ ਦੀਆਂ ਹੋਰ ਕਿਸਮਾਂ ਨੂੰ ਤੇਲ ਕੱਢਣ ਤੋਂ ਬਾਅਦ ਪ੍ਰੋਸੈੱਸ ਕੀਤਾ ਜਾਂਦਾ ਹੈ, ਜਿਸ ਕਾਰਨ ਉਸ ਵਿੱਚੋਂ ਕੁਝ ਪੌਸ਼ਟਿਕ ਗੁਣ ਘੱਟ ਹੋ ਜਾਂਦੇ ਹਨ।

ਹਾਲਾਂਕਿ, ਐਕਸਟਰਾ ਵਰਜਿਨ ਜੈਤੂਨ ਦੇ ਤੇਲ ਵਿੱਚ ਸਮੋਕ ਪੁਆਇੰਟ ਘੱਟ ਹੁੰਦਾ ਹੈ, ਜਿਸ ਦਾ ਅਰਥ ਹੈ ਕਿ ਇਹ ਘੱਟ ਤਾਪਮਾਨ ‘ਤੇ ਧੂੰਆਂ ਕੱਢਣਾ ਸ਼ੁਰੂ ਕਰ ਦਿੰਦਾ ਹੈ।

ਜੈਤੂਨ ਦਾ ਤੇਲ

ਤਸਵੀਰ ਸਰੋਤ, Getty Images

ਗੁਆਸ਼-ਫੇਰੇ ਕਹਿੰਦੇ ਹਨ, “ਜੋ ਚੀਜ਼ ਮੈਡੀਟੇਰੀਅਨ ਭੋਜਨ ਨੂੰ ਹੋਰ ਕਿਸਮਾਂ ਦੇ ਸਿਹਤਮੰਦ ਭੋਜਨਾਂ ਤੋਂ ਵੱਖਰਾ ਕਰਦਾ ਹੈ ਉਹ ਜੈਤੂਨ ਦਾ ਤੇਲ ਹੈ।”

“ਜ਼ਿਆਦਾਤਰ ਹੋਰ ਹਿੱਸਿਆਂ ਵਿੱਚ ਸ਼ਾਮਲ ਗਿਰੀਆਂ, ਫ਼ਲ ਅਤੇ ਸਬਜ਼ੀਆਂ ਪੌਦਿਆਂ ਅਧਾਰਿਤ ਸਮੇਤ ਕਈ ਭੋਜਨਾਂ ਦਾ ਹਿੱਸਾ ਹਨ।”

ਹਾਲਾਂਕਿ, ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਿਹਤ ਲਾਭ ਅੰਸ਼ਕ ਰੂਪ ਨਾਲ ਜੈਤੂਨ ਦੇ ਤੇਲ ਦੀ ਬਜਾਏ ਭੋਜਨ ਦੇ ਹੋਰ ਹਿੱਸਿਆਂ ਕਾਰਨ ਹੋ ਸਕਦੇ ਹਨ।

ਸਬੂਤਾਂ ਦੀ ਸਮੀਖਿਆ ਵਿੱਚ ਸਾਹਮਣੇ ਆਇਆ ਕਿ ਮੈਡੀਟੇਰੀਅਨ ਭੋਜਨ ਤੋਂ ਸੁਤੰਤਰ ਜੈਤੂਨ ਦੇ ਤੇਲ ਦਾ ਇੱਕੋ ਇੱਕ ਲਾਭ ਲਾਭਦਾਇਕ ਐੱਚਡੀਐੱਲ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਣ ਦੀ ਇਸ ਦੀ ਸਮਰੱਥਾ ਸੀ।

ਹਾਲਾਂਕਿ, ਮੈਡੀਟੇਰੀਅਨ ਭੋਜਨ ਦੇ ਬਾਅਦ ਜੈਤੂਨ ਦੇ ਤੇਲ ਦਾ ਸੇਵਨ ਕਰਨਾ ਗਲੂਕੋਜ਼ ਦੇ ਪੱਧਰ ਵਿੱਚ ਸੁਧਾਰ ਨਾਲ ਜੁੜਿਆ ਹੋਇਆ ਸੀ, ਜੋ ਕਿ ਬਹੁਤ ਜ਼ਿਆਦਾ ਹੋਣ ’ਤੇ ਟਾਈਪ-2 ਡਾਇਬਟੀਜ਼ ਦੇ ਵਿਕਾਸ ਦੇ ਉੱਚ ਜੋਖ਼ਮ ਨਾਲ ਸਬੰਧਤ ਹੈ।

ਇਸ ਨੇ ਟ੍ਰਾਈਗਲਿਸਰਾਈਡਸ, ਖੂਨ ਵਿੱਚ ਇੱਕ ਕਿਸਮ ਦੀ ਫੈਟ ਅਤੇ ਐੱਲਡੀਐੱਲ ਕੋਲੇਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰ ਦਿੱਤਾ।

ਹਾਲ ਹੀ ਦੇ ਸਾਲਾਂ ਵਿੱਚ ਚਿੰਤਾਵਾਂ ਪੈਦਾ ਹੋਈਆਂ ਹਨ ਕਿ ਇਹ ਨੁਕਸਾਨਦੇਹ ਯੋਗਿਕਾਂ ਨੂੰ ਇਸ ਵਿੱਚ ਸ਼ਾਮਲ ਕਰ ਸਕਦਾ ਹੈ ਅਤੇ ਇਸ ਦੇ ਕੁਝ ਲਾਭ ਹੀਟਿੰਗ ਪ੍ਰਕਿਰਿਆ ਨਾਲ ਖ਼ਤਮ ਹੋ ਜਾਂਦੇ ਹਨ।

ਬਾਰਬਾ ਕਹਿੰਦੇ ਹਨ, “ਐਕਸਟਰਾ ਵਰਜਿਨ ਜੈਤੂਨ ਦਾ ਤੇਲ ਵਿਸ਼ੇਸ਼ ਤੌਰ ‘ਤੇ ਉਦੋਂ ਫਾਇਦੇਮੰਦ ਹੁੰਦਾ ਹੈ ਜਦੋਂ ਇਸ ਨੂੰ ਪਕਾਇਆ ਨਹੀਂ ਜਾਂਦਾ, ਪਰ ਪਕਾਏ ਜਾਣ ’ਤੇ ਵੀ ਇਸ ਵਿੱਚ ਮੋਨੋਸੈਚੁਰੇਟਿਡ ਫੈਟੀ ਐਸਿਡ ਦਾ ਫੀਸਦ ਜ਼ਿਆਦਾ ਹੁੰਦਾ ਹੈ।”

34 ਅਧਿਐਨਾਂ ਦੀ ਸਾਲ 2023 ਵਿੱਚ ਕੀਤੀ ਗਈ ਸਮੀਖਿਆ ਨੇ ਸਿੱਟਾ ਕੱਢਿਆ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਐਕਸਟਰਾ ਵਰਜਿਨ ਜੈਤੂਨ ਦਾ ਤੇਲ ਬਲੱਡ ਪ੍ਰੈੱਸ਼ਰ ਅਤੇ ਐੱਲਡੀਐੱਲ ਨੂੰ ਘੱਟ ਕਰਨ ਲਈ ਵਧੀਆ ਹੈ।

ਨਾਲ ਹੀ ਵੱਡੀ ਮਾਤਰਾ ਵਿੱਚ ਫੈਟ ਵਾਲੇ ਹੋਰ ਭੋਜਨ ਪਦਾਰਥਾਂ ਦੀ ਤੁਲਨਾ ਵਿੱਚ ਐੱਚਡੀਐੱਲ, ਗਲੂਕੋਜ਼ ਦੇ ਪੱਧਰਾਂ ਅਤੇ ਵਜ਼ਨ ਕੰਟਰੋਲ ਵਿੱਚ ਸੁਧਾਰ ਕਰਨ ਵਿੱਚ ਬਿਹਤਰ ਹੈ।

ਜੈਤੂਨ ਤੇਲ

ਤਸਵੀਰ ਸਰੋਤ, Getty Images

11 ਸਾਲਾਂ ਤੱਕ 12,000 ਲੋਕਾਂ ’ਤੇ ਕੀਤੇ ਗਏ ਸਾਲ 2023 ਦੇ ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਪ੍ਰਤੀ ਦਿਨ 1.5 ਚਮਚ ਐਕਸਟਰਾ ਵਰਜਿਨ ਜੈਤੂਨ ਦੇ ਦੇਲ ਦਾ ਸੇਵਨ ਕਰਨ ਨਾਲ ਮੌਤ ਦਾ ਖ਼ਤਰਾ ਇੱਕ ਤਿਹਾਈ ਘੱਟ ਹੋ ਜਾਂਦਾ ਹੈ ਅਤੇ ਦਿਲ ਦੀ ਬਿਮਾਰੀ ਨਾਲ ਮੌਤ ਦਾ ਖ਼ਤਰਾ ਅੱਧਾ ਹੋ ਜਾਂਦਾ ਹੈ।

ਹਾਲਾਂਕਿ, ਜੈਤੂਨ ਦੇ ਤੇਲ ਦੇ ਮਾਮਲੇ ਵਿੱਚ ਅਜਿਹਾ ਨਹੀਂ ਸੀ। ਪਰ ਕਿਉਂਕਿ ਇਹ ਇੱਕ ਜਨਸੰਖਿਆ ਅਧਿਐਨ ਸੀ, ਖੋਜਕਾਰ ਕਾਰਨ ਅਤੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਾਲ ਅਲੱਗ ਨਹੀਂ ਕਰ ਸਕਦੇ।

ਹਾਲੀਆ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਐਕਸਟਰਾ ਵਰਜਿਨ ਜੈਤੂਨ ਦਾ ਤੇਲ ਖਾਣਾ ਪਕਾਉਣ ਲਈ ਸੁਰੱਖਿਅਤ ਹੈ।

ਖੋਜਕਾਰਾਂ ਨੇ ਐਕਸਟਰਾ ਵਰਜਿਨ ਜੈਤੂਨ ਦੇ ਤੇਲ ਦੀ ਨਿਗਰਾਨੀ ਕਰਨ ਲਈ ਕਈ ਪ੍ਰਯੋਗ ਕੀਤੇ ਕਿਉਂਕਿ ਇਸ ਨੂੰ ਅਲੱਗ ਅਲੱਗ ਸਮੇਂ ਲਈ ਫਰਾਇੰਗ ਪੈਨ ਵਿੱਚ 120C (248F) ਅਤੇ 170C (338F) ’ਤੇ ਪਕਾਇਆ ਗਿਆ ਸੀ।

ਉਨ੍ਹਾਂ ਨੇ ਦੇਖਿਆ ਕਿ ਸਮੇਂ ਦਾ ਨਹੀਂ, ਪਰ ਤਾਪਮਾਨ ਦਾ ਤੇਲ ਦੀ ਪੌਲੀਫੇਨੋਲ ਸਮੱਗਰੀ ‘ਤੇ ਕੁਝ ਪ੍ਰਭਾਵ ਪੈਂਦਾ ਹੈ।

2011 ਵਿੱਚ ਯੂਰਪੀਅਨ ਫੂਡ ਸੇਫਟੀ ਅਥਾਰਟੀ ਨੇ ਸਿੱਟਾ ਕੱਢਿਆ ਕਿ ਜੈਤੂਨ ਦੇ ਤੇਲ ਦੇ ਨਿਰਮਾਤਾ ਦਾਅਵਾ ਕਰ ਸਕਦੇ ਹਨ ਕਿ ਇਹ ਆਕਸੀਡੇਟਿਵ ਸਟਰੈੱਸ ਨੂੰ ਘਟਾਉਂਦਾ ਹੈ।

ਆਕਸੀਡੇਟਿਵ ਸਟਰੈੱਸ ਸਰੀਰ ਵਿੱਚ ਮੁਕਤ ਕਣਾਂ (ਫ੍ਰੀ ਰੈਡੀਕਲਸ) ਅਤੇ ਐਂਟੀਆਕਸੀਡੈਂਟਾਂ ਵਿਚਕਾਰ ਇੱਕ ਅਸੰਤੁਲਨ ਹੁੰਦਾ ਹੈ।

ਇਹ ਸੈੱਲਾਂ ਅਤੇ ਐੱਲਡੀਐੱਲ ਕੋਲੇਸਟ੍ਰੋਲ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦਾ ਹੈ, ਜੋ ਉਮਰ ਵਧਾਉਣ ਵਾਲੇ ਸੈੱਲਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪ੍ਰਯੋਗ ਕਰਨ ਵਾਲੇ ਖੋਜਕਾਰ ਨੇ ਦੇਖਿਆ ਕਿ ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਐਕਸਟਰਾ ਵਰਜਿਨ ਜੈਤੂਨ ਦਾ ਤੇਲ ਅਜੇ ਵੀ ਸਿਹਤ ਸਬੰਧੀ ਦਾਅਵਿਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖਰਾ ਉਤਰਦਾ ਹੈ।

ਲਿਕਟਨਸਟਾਈਨ ਦਾ ਕਹਿਣਾ ਹੈ ਕਿ ਜੈਤੂਨ ਦੇ ਤੇਲ ਵਿੱਚ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਨਾਲ ਭਰਪੂਰ ਤੇਲ ਦੇ ਗੁਣਾਂ ਤੋਂ ਇਲਾਵਾ ਹੋਰ ਕੋਈ ਵਿਲੱਖਣ ਗੁਣ ਨਹੀਂ ਹਨ।

ਐਵੋਕਾਡੋ ਤੇਲ

ਤਸਵੀਰ ਸਰੋਤ, Getty Images

ਐਵੋਕਾਡੋ ਤੇਲ

ਤੇਲ ਮਾਰਕੀਟ ਵਿੱਚ ਨਵੇਂ ਆਏ ਐਵੋਕਾਡੋ ਤੇਲ ਵਿੱਚ ਫਾਈਟੋਕੈਮੀਕਲ ਅਤੇ ਓਲੀਕ ਐਸਿਡ ਉੱਚ ਮਾਤਰਾ ਵਿੱਚ ਹੁੰਦਾ ਹੈ।

ਇਸ ਨੂੰ ਕੋਲਡ ਪ੍ਰੈੱਸਡ ਵਿਧੀ ਦੀ ਵਰਤੋਂ ਕਰਕੇ ਫਲਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਜੈਤੂਨ ਦਾ ਤੇਲ, ਜੋ ਪੌਦੇ ਵਿੱਚ ਪਾਏ ਜਾਣ ਵਾਲੇ ਵਧੇਰੇ ਸਿਹਤਮੰਦ ਰਸਾਇਣਾਂ ਨੂੰ ਬਰਕਰਾਰ ਰੱਖਦਾ ਹੈ।

ਖੋਜਕਾਰਾਂ ਨੇ 2019 ਦੇ ਇੱਕ ਲੇਖ ਵਿੱਚ ਦੱਸਿਆ ਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਸ ਤਾਪਮਾਨ ਅਤੇ ਕਿੰਨੇ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ।

ਇਸ ਦੇ ਆਧਾਰ ‘ਤੇ ਐਵੋਕਾਡੋ ਤੇਲ ਨੂੰ ਇਸ ਦੇ ਐਂਟੀਆਕਸੀਡੈਂਟ ਅਤੇ ਫਿਨੋਲ ਸਮੱਗਰੀ ਦੇ ਕਾਰਨ ਜੈਤੂਨ ਦੇ ਤੇਲ ਦਾ ਇੱਕ ਚੰਗਾ ਵਿਕਲਪ ਮੰਨਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਇਹ ਜੈਤੂਨ ਦੇ ਤੇਲ ਨਾਲ ਕਾਫ਼ੀ ਮਿਲਦਾ ਜੁਲਦਾ ਹੈ।

ਇੱਕ ਅਧਿਐਨ ਵਿੱਚ 13 ਲੋਕਾਂ ਨੇ ਐਵੋਕਾਡੋ ਮੱਖਣ ਜਾਂ ਤੇਲ (ਖਾਸ ਤੌਰ ‘ਤੇ ਹੈਸ ਐਵੋਕਾਡੋ) ਵਾਲਾ ਉੱਚ ਚਰਬੀ ਵਾਲਾ ਨਾਸ਼ਤਾ ਖਾਧਾ।

ਖੋਜਕਾਰਾਂ ਨੇ ਫਿਰ ਉਨ੍ਹਾਂ ਦੇ ਖੂਨ ਦਾ ਵਿਸ਼ਲੇਸ਼ਣ ਕੀਤਾ ਅਤੇ ਦੇਖਿਆ ਕਿ ਜਿਨ੍ਹਾਂ ਲੋਕਾਂ ਨੇ ਤੇਲ ਦਾ ਸੇਵਨ ਕੀਤਾ, ਉਹ ਫੈਟ ਵਾਲੇ ਨਾਸ਼ਤੇ ਦੇ ਪ੍ਰਭਾਵਾਂ ਤੋਂ ਵਧੇਰੇ ਸੁਰੱਖਿਅਤ ਸਨ, ਕਿਉਂਕਿ ਉਨ੍ਹਾਂ ਕੋਲ ਕਾਰਡੀਓਮੈਟਾਬੋਲਿਕ ਸਿਹਤ ਨਾਲ ਸਬੰਧਤ ਬਿਹਤਰ ਮਾਰਕਰ ਸਨ।

ਇਹ ਦਿਲ ਦੇ ਦੌਰੇ, ਸਟ੍ਰੋਕ, ਡਾਇਬੀਟੀਜ਼, ਇੰਸੁਲਿਨ ਪ੍ਰਤੀਰੋਧ ਅਤੇ ਗ਼ੈਰ-ਅਲਕੋਹਲ ਫੈਟੀ ਲਿਵਰ ਰੋਗ ਦੇ ਘੱਟ ਜੋਖਮ ਨਾਲ ਸਬੰਧਿਤ ਹੈ।

ਹਾਲਾਂਕਿ, ਇਹ ਇੱਕ ਬਹੁਤ ਛੋਟਾ ਅਧਿਐਨ ਹੈ ਅਤੇ ਇਹ ਆਪਣੀ ਤਰ੍ਹਾਂ ਦਾ ਇਕਲੌਤਾ ਅਧਿਐਨ ਹੈ ਜੋ ਇਹ ਦਰਸਾਉਂਦਾ ਹੈ ਕਿ ਐਵੋਕਾਡੋ ਤੇਲ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਨੂੰ ਘਟਾ ਸਕਦਾ ਹੈ।

ਪਰ ਹਾਲਾਂਕਿ ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਸਿਹਤਮੰਦ ਤੇਲ ਬਦਲ ਹੈ।

ਖੋਜਕਾਰਾਂ ਨੇ ਤਰਕ ਦਿੱਤਾ ਹੈ ਕਿ ਤੇਲ ਦੀ ਗੁਣਵੱਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਐਵੋਕਾਡੋ ਕਿੰਨਾ ਪੱਕਿਆ ਹੋਇਆ ਹੈ ਅਤੇ ਇਸ ਤੋਂ ਤੇਲ ਕਿਵੇਂ ਕੱਢਿਆ ਜਾਂਦਾ ਹੈ।

ਤਿੱਲ ਦਾ ਤੇਲ

ਤਸਵੀਰ ਸਰੋਤ, Getty Images

ਤਿਲ ਦਾ ਤੇਲ

ਤਿਲ ਦਾ ਤੇਲ ਭੁੰਨੇ ਹੋਏ ਜਾਂ ਕੱਚੇ ਤਿਲਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ, ਜੋ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।

ਸਾਡੀ ਸਿਹਤ ’ਤੇ ਤਿਲ ਦੇ ਤੇਲ ਦੇ ਪ੍ਰਭਾਵਾਂ ਬਾਰੇ ਅਧਿਐਨਾਂ ਦੀ 2020 ਦੀ ਸਮੀਖਿਆ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਇਹ ਸੁਝਾਅ ਦੇਣ ਲਈ ਕੁਝ ਸਬੂਤ ਹਨ ਕਿ ਇਹ ਕੁਝ ਬਾਇਓਮਾਰਕਰਾਂ (ਸਾਡੇ ਖੂਨ ਵਿੱਚ ਉਹ ਪੱਧਰ ਜੋ ਕੁਝ ਬਿਮਾਰੀਆਂ ਦੇ ਵਿਕਾਸ ਦੇ ਜੋਖਮ ਨੂੰ ਦਰਸਾਉਂਦੇ ਹਨ) ਨੂੰ ਸੁਧਾਰ ਸਕਦਾ ਹੈ।

ਹਾਲਾਂਕਿ, ਸਬੂਤ ਬਹੁਤ ਘੱਟ ਹਨ ਅਤੇ ਹੋਰ ਅਧਿਐਨਾਂ ਦੀ ਲੋੜ ਹੈ।

ਕੈਨੋਲਾ ਤੇਲ

ਤਸਵੀਰ ਸਰੋਤ, Getty Images

ਕੈਨੋਲਾ ਤੇਲ

ਇਸੇ ਨਾਮ ਦੇ ਚਮਕਦਾਰ ਪੀਲੇ ਫੁੱਲ ਤੋਂ ਪ੍ਰਾਪਤ ਕੈਨੋਲਾ ਤੇਲ ਵਿੱਚ ਸੈਚੁਰੇਟਿਡ ਫੈਟ ਦਾ ਪੱਧਰ ਘੱਟ ਹੁੰਦਾ ਹੈ ਅਤੇ ਓਲੀਕ ਐਸਿਡ ਸਮੇਤ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਦਾ ਪੱਧਰ ਉੱਚਾ ਹੁੰਦਾ ਹੈ।

ਕੈਨੋਲਾ ਤੇਲ ਦੇ ਸਿਹਤ ਲਾਭਾਂ ‘ਤੇ ਅਧਿਐਨਾਂ ਦੀ ਸਮੀਖਿਆ ਤੋਂ ਸਿੱਟਾ ਨਿਕਲਿਆ ਕਿ ਇਹ ਹੋਰ ਉੱਚ ਫੈਟ ਵਾਲੇ ਭੋਜਨਾਂ ਪਦਾਰਥਾਂ ਦੇ ਮੁਕਾਬਲੇ ਕੋਲੇਸਟ੍ਰੋਲ ਅਤੇ ਟਾਈਪ-2 ਡਾਇਬਟੀਜ਼ ਦੇ ਵਿਕਾਸ ਦੇ ਜੋਖ਼ਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਕੁੱਲ ਮਿਲਾ ਕੇ ਇਹ ਸਾਡੇ ਭੋਜਨ ਵਿੱਚ ਇੱਕ ਸਕਾਰਾਤਮਕ ਯੋਗਦਾਨ ਹੋ ਸਕਦਾ ਹੈ।

ਹਾਲਾਂਕਿ, 2017 ਵਿੱਚ ਵਿਗਿਆਨੀਆਂ ਨੇ ਚੂਹਿਆਂ ਨੂੰ ਕੈਨੋਲਾ ਤੇਲ ਨਾਲ ਭਰਪੂਰ ਭੋਜਨ ਦਿੱਤਾ ਅਤੇ ਸਿੱਟਾ ਕੱਢਿਆ ਕਿ ਉਨ੍ਹਾਂ ਚੂਹਿਆਂ ਦੀ ਤੁਲਨਾ ਵਿੱਚ ਉਨ੍ਹਾਂ ਦਾ ਵਜ਼ਨ ਜ਼ਿਆਦਾ ਵਧ ਗਿਆ ਜੋ ਉਸ ਤੇਲ ਤੋਂ ਬਿਨਾਂ ਭੋਜਨ ਕਰਦੇ ਸਨ।

ਇਸ ਨਾਲ ਯਾਦਦਾਸ਼ਤ ਦੀ ਕਮੀ ਵੀ ਹੋ ਗਈ। ਇਸ ਅਰਥ ਵਿਚ, ਉਨ੍ਹਾਂ ਦਾ ਸਿੱਟਾ ਹੋਰ ਖੋਜ ਅਧਿਐਨਾਂ ਦਾ ਸਮਰਥਨ ਨਹੀਂ ਕਰਦਾ ਜੋ ਇਹ ਦੱਸਦੇ ਹਨ ਕਿ ਕੈਨੋਲਾ ਤੇਲ ਦਾ ਨਿਯਮਤ ਸੇਵਨ ਸਾਡੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ।

ਸਬੂਤ ਸੈਚੁਰੇਟਿਡ ਫੈਟ ਦੀ ਬਜਾਏ ਜੈਤੂਨ ਦੇ ਤੇਲ ਅਤੇ ਹੋਰ ਬਨਸਪਤੀ ਤੇਲਾਂ ਦੀ ਵਰਤੋਂ ਕਰਨ ਦਾ ਸਮਰਥਨ ਕਰਦੇ ਹਨ, ਪਰ ਸਾਡੇ ਸਮੁੱਚੇ ਤੇਲ ਦੇ ਸੇਵਨ ਨੂੰ ਸੀਮਤ ਕਰਦੇ ਹਨ।

ਉਹ ਕਹਿੰਦੇ ਹਨ, “ਇਸ ਦਾ ਸੰਦੇਸ਼ ਇਹ ਨਹੀਂ ਹੈ ਕਿ ਭੋਜਨ ਵਿੱਚ ਬਹੁਤ ਸਾਰਾ ਤੇਲ ਮਿਲਾਇਆ ਜਾਵੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਚੰਗਾ ਹੈ, ਪਰ ਇਹ ਸਾਡੇ ਭੋਜਨ ਵਿੱਚ ਬਹੁਤ ਸਾਰੀ ਕੈਲੋਰੀ ਨੂੰ ਸ਼ਾਮਲ ਕਰਦਾ ਹੈ।”

“ਇੱਕ ਵਾਰ ਜਦੋਂ ਅਸੀਂ ਸੰਤੁਲਨ ਨੂੰ ਸੈਚੁਰੇਟਿਡ ਫੈਟ ਤੋਂ ਅਨਸੈਚੁਰੇਟਿਡ ਫੈਟੀ ਐਸਿਡ ਵਿੱਚ ਬਦਲ ਦਿੰਦੇ ਹਾਂ, ਤਾਂ ਸਾਨੂੰ ਆਪਣੀ ਪਸੰਦ ਦਾ ਤੇਲ ਚੁਣਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ।”

ਇਹ ਵੀ ਪੜ੍ਹੋ-

source : BBC PUNJABI