Source :- BBC PUNJABI
ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ‘ਤੇ ਮੱਧ-ਪੂਰਬ ਜੰਗ ਦੇ ਅਸਰ ਨੂੰ ਲੈ ਕੇ ਕਿਹਾ ਹੈ ਕਿ “ਜੇ ਹਾਲਾਤ ਤੇਜ਼ੀ ਨਾਲ ਨਹੀਂ ਬਦਲੇ ਤਾਂ ਬੀਤੇ ਕਈ ਦਹਾਕਿਆਂ ਦੀਆਂ ਪ੍ਰਾਪਤੀਆਂ ‘ਤੇ ਪਾਣੀ ਫਿਰ ਜਾਵੇਗਾ।”
ਪ੍ਰਧਾਨ ਮੰਤਰੀ ਮੋਦੀ ਆਪਣੀ ਮੌਜੂਦਾ ਪੰਜ ਦੇਸ਼ਾਂ ਦੀ ਵਿਦੇਸ਼ ਯਾਤਰਾ ਦੌਰਾਨ ਸ਼ਨੀਵਾਰ ਨੂੰ ਨੀਦਰਲੈਂਡ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੌਜੂਦਾ ਹਾਲਾਤ ਵਿੱਚ ਇੱਕ ਵਾਰ ਫਿਰ ਕਰੋਨਾ ਸੰਕਟ ਦੇ ਦੌਰ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, “ਅੱਜ ਮਨੁੱਖਤਾ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ। ਪਹਿਲਾਂ ਕਰੋਨਾ ਆਇਆ, ਫਿਰ ਜੰਗਾਂ ਸ਼ੁਰੂ ਹੋ ਗਈਆਂ ਅਤੇ ਹੁਣ ਅੱਜ ਦੀ ਐਨਰਜੀ ਕ੍ਰਾਈਸਿਸ ਹੈ। ਇਹ ਦਹਾਕਾ ਦੁਨੀਆ ਲਈ ਆਫ਼ਤਾਂ ਦਾ ਦਹਾਕਾ ਬਣਦਾ ਜਾ ਰਿਹਾ ਹੈ।”
28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ ਮੱਧ-ਪੂਰਬ ਵਿੱਚ ਜੰਗ ਸ਼ੁਰੂ ਹੋ ਗਈ ਅਤੇ ਈਰਾਨ ਨੇ ਇਲਾਕੇ ਦੇ ਇੱਕ ਮਹੱਤਵਪੂਰਨ ਸਮੁੰਦਰੀ ਮਾਰਗ ਹੋਰਮੁਜ਼ ਸਟ੍ਰੇਟ ਨੂੰ ਤਕਰੀਬਨ ਬੰਦ ਕਰ ਦਿੱਤਾ, ਜਿਸ ਨਾਲ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦਾ ਸੰਕਟ ਪੈਦਾ ਹੋ ਗਿਆ।
ਪੀਐਮ ਮੋਦੀ ਨੇ ਹੋਰ ਕੀ ਕਿਹਾ
ਆਮ ਦਿਨਾਂ ਵਿੱਚ ਹਾਰਮੁਜ਼ ਸਟ੍ਰੇਟ ਰਾਹੀਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਦਾ ਲਗਭਗ 20 ਫ਼ੀਸਦੀ ਹਿੱਸਾ ਲੰਘਦਾ ਰਿਹਾ ਹੈ। ਇਸ ਦੇ ਬੰਦ ਹੋਣ ਕਾਰਨ ਸਪਲਾਈ ‘ਤੇ ਕਾਫੀ ਬੁਰਾ ਅਸਰ ਪਿਆ।
ਇਸ ਕਾਰਨ ਮਹਿੰਗਾਈ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਕਈ ਦੇਸ਼ਾਂ ਵਿੱਚ ਊਰਜਾ ਦੀ ਖਪਤ ‘ਤੇ ਕੰਟ੍ਰੋਲ ਦੇ ਉਪਾਅ ਅਪਣਾਏ ਗਏ ਹਨ।
ਭਾਰਤ ਵਿੱਚ ਵੀ ਈਰਾਨ ਨਾਲ ਅਮਰੀਕਾ-ਇਜ਼ਰਾਈਲ ਦੀ ਜੰਗ ਦੇ ਅਸਰ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਸ ਸੰਕਟ ਦਾ ਕਾਰੋਬਾਰ ‘ਤੇ ਵੀ ਮਾੜਾ ਅਸਰ ਪਿਆ ਹੈ।
ਪੀਐੱਮ ਮੋਦੀ ਨੇ ਨੀਦਰਲੈਂਡਜ਼ ਦੇ ਹੈਗ ਵਿੱਚ ਕਿਹਾ, “ਅਸੀਂ ਸਾਰੇ ਦੇਖ ਰਹੇ ਹਾਂ ਕਿ ਜੇ ਇਹ ਹਾਲਾਤ ਤੇਜ਼ੀ ਨਾਲ ਨਹੀਂ ਬਦਲੇ ਤਾਂ ਬੀਤੇ ਕਈ ਦਹਾਕਿਆਂ ਦੀਆਂ ਉਪਲੱਬਧੀਆਂ ‘ਤੇ ਪਾਣੀ ਫਿਰ ਜਾਵੇਗਾ। ਦੁਨੀਆ ਦੀ ਬਹੁਤ ਵੱਡੀ ਆਬਾਦੀ ਮੁੜ ਗਰੀਬੀ ਦੇ ਦਲਦਲ ਵਿੱਚ ਚਲੀ ਜਾਵੇਗੀ।”
ਇਸ ਤੋਂ ਪਹਿਲਾਂ ਬੀਤੇ ਕੁਝ ਦਿਨਾਂ ਵਿੱਚ ਪੀਐੱਮ ਮੋਦੀ ਭਾਰਤ ਵਿੱਚ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਪੈਟ੍ਰੋਲ ਅਤੇ ਡੀਜ਼ਲ ਦੀ ਖਪਤ ਘੱਟ ਕਰਨ, ਪਬਲਿਕ ਟ੍ਰਾਂਸਪੋਰਟ ਅਪਣਾਉਣ, ਗ਼ੈਰ-ਜ਼ਰੂਰੀ ਵਿਦੇਸ਼ ਯਾਤਰਾਵਾਂ ਤੋਂ ਬਚਣ, ਇੱਕ ਸਾਲ ਤੱਕ ਸੋਨਾ ਨਾ ਖਰੀਦਣ, ਘਰੋਂ ਕੰਮ ਕਰਨ (ਵਰਕ ਫ੍ਰਾਮ ਹੋਮ) ਅਤੇ ਕਿਸਾਨਾਂ ਨੂੰ ਰਸਾਇਣਕ ਖਾਦ ਦੀ ਵਰਤੋਂ 50 ਫ਼ੀਸਦੀ ਤੱਕ ਘੱਟ ਕਰਨ ਦੀ ਅਪੀਲ ਕੀਤੀ ਹੈ।
ਤਸਵੀਰ ਸਰੋਤ, @narendramodi
ਪੀਐੱਮ ਮੋਦੀ ਦੀ ਲਗਾਤਾਰ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਐਤਵਾਰ ਤੇਲੰਗਾਨਾ ਦੇ ਦੌਰੇ ‘ਤੇ ਸਨ। ਸਿਕੰਦਰਾਬਾਦ ਵਿੱਚ ਪ੍ਰਬੰਧਿਤ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਕਈ ਅਪੀਲਾਂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਅਪੀਲ ਇੱਕ ਸਾਲ ਤੱਕ ਸੋਨਾ ਖ਼ਰੀਦਣ ਤੋਂ ਬਚਣ ਦੀ ਵੀ ਸੀ।
ਉਨ੍ਹਾਂ ਨੇ ਕਿਹਾ, “ਸੋਨੇ ਦੀ ਖ਼ਰੀਦ ਇੱਕ ਹੋਰ ਪੱਖ ਹੈ, ਜਿਸ ਵਿੱਚ ਵਿਦੇਸ਼ੀ ਮੁਦਰਾ ਬਹੁਤ ਖ਼ਰਚ ਹੁੰਦੀ ਹੈ। ਇੱਕ ਸਮਾਂ ਸੀ ਜਦੋਂ ਸੰਕਟ ਆਉਂਦਾ ਸੀ ਤਾਂ ਲੋਕ ਦੇਸ਼ਹਿਤ ਵਿੱਚ ਸੋਨਾ ਦਾਨ ਕਰ ਦਿੰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਹੈ, ਪਰ ਦੇਸ਼ਹਿਤ ਵਿੱਚ ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਇੱਕ ਸਾਲ ਤੱਕ ਘਰ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ, ਅਸੀਂ ਸੋਨੇ ਦੇ ਗਹਿਣੇ ਨਹੀਂ ਖ਼ਰੀਦਾਂਗੇ।”
ਤੇਲੰਗਾਨਾ ਤੋਂ ਬਾਅਦ ਸੋਮਵਾਰ ਨੂੰ ਗੁਜਰਾਤ ਵਿੱਚ ਵੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੋਨੇ ਦੀ ਖ਼ਰੀਦ ਟਾਲਣ ਅਤੇ ਤੇਲ ਦੀ ਬਚਤ ਕਰਨ।
ਤਸਵੀਰ ਸਰੋਤ, @BJP4India
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਲਗਾਤਾਰ ਅਸਥਿਰ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ। ਪਹਿਲਾਂ ਕਰੋਨਾ ਦਾ ਸੰਕਟ, ਫਿਰ ਵਿਸ਼ਵ ਆਰਥਿਕ ਚੁਣੌਤੀਆਂ ਅਤੇ ਹੁਣ ਪੱਛਮੀ ਏਸ਼ੀਆ ਵਿੱਚ ਵੱਧਦਾ ਤਣਾਅ। ਇਨ੍ਹਾਂ ਸਾਰੀਆਂ ਸਥਿਤੀਆਂ ਦਾ ਅਸਰ ਲਗਾਤਾਰ ਪੂਰੀ ਦੁਨੀਆ ‘ਤੇ ਪੈ ਰਿਹਾ ਹੈ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ।”
“ਮੈਂ ਗੁਜਰਾਤ ਵਿੱਚ ਵੀ ਆਪਣੀਆਂ ਪਿਛਲੀਆਂ ਅਪੀਲਾਂ ‘ਤੇ ਜ਼ੋਰ ਦੇ ਰਿਹਾ ਹਾਂ। ਮੇਰੀ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਹੈ ਕਿ ਜਿੱਥੇ ਸੰਭਵ ਹੋਵੇ ਪੈਟ੍ਰੋਲ-ਡੀਜ਼ਲ ਦੀ ਵਰਤੋਂ ਘੱਟ ਕਰੋ। ਮੈਟਰੋ ਦੀ ਵਰਤੋਂ ਕਰੋ, ਇਲੈਕਟ੍ਰਿਕ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਦਾ ਵੱਧ ਇਸਤੇਮਾਲ ਕਰੋ। ਕਾਰ ਪੂਲਿੰਗ ਨੂੰ ਉਤਸ਼ਾਹਿਤ ਕਰੋ।”
“ਸਰਕਾਰੀ ਅਤੇ ਨਿੱਜੀ ਦੋਵੇਂ ਦਫ਼ਤਰਾਂ ਵਿੱਚ ਵਰਚੁਅਲ ਮੀਟਿੰਗਾਂ ਅਤੇ ਵਰਕ ਫ੍ਰੋਮ ਹੋਮ ਨੂੰ ਤਰਜੀਹ ਦਿੱਤੀ ਜਾਵੇ। ਮੈਂ ਸਕੂਲਾਂ ਨੂੰ ਵੀ ਕਹਾਂਗਾ ਕਿ ਕੁਝ ਸਮੇਂ ਲਈ ਆਨਲਾਈਨ ਕਲਾਸਾਂ ਦੀ ਵਿਵਸਥਾ ਕਰਨ।”
ਉਨ੍ਹਾਂ ਕਿਹਾ, “ਖਾਣ ਵਾਲੇ ਤੇਲ ‘ਤੇ ਵੀ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖ਼ਰਚ ਹੁੰਦੀ ਹੈ ਅਤੇ ਜੇ ਅਸੀਂ ਖਾਣ ਵਾਲੇ ਤੇਲ ਦੀ ਵਰਤੋਂ ਘੱਟ ਕਰੀਏ ਤਾਂ ਇਸ ਨਾਲ ਦੇਸ਼ ਅਤੇ ਸਾਡੀ ਸਿਹਤ ਦੋਵਾਂ ਨੂੰ ਲਾਭ ਹੋਵੇਗਾ। ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਦ ਤੱਕ ਹਾਲਾਤ ਸਧਾਰਨ ਨਹੀਂ ਹੋ ਜਾਂਦੇ, ਅਸੀਂ ਸੋਨੇ ਦੀ ਖ਼ਰੀਦ ਟਾਲੀਏ।”
ਸਰਕਾਰ ਇਸ ਨੂੰ ਮੱਧ-ਪੂਰਬ ਸੰਕਟ ਦੇ ਦਰਮਿਆਨ ‘ਸਾਂਝੀ ਜ਼ਿੰਮੇਵਾਰੀ’ ਅਤੇ ‘ਲਾਂਗ ਟਰਮ ਐਨਰਜੀ ਸੁਰੱਖਿਆ’ ਵੱਲ ਇੱਕ ਕਦਮ ਦੱਸ ਰਹੀ ਹੈ। ਪਰ ਆਲੋਚਕ ਇਸ ਨੂੰ ਆਰਥਿਕ ਦਬਾਅ ਦੇ ਸੰਕੇਤ ਅਤੇ ਆਮ ਲੋਕਾਂ ‘ਤੇ ਬੋਝ ਪਾਉਣ ਦੀ ਕੋਸ਼ਿਸ਼ ਮੰਨ ਰਹੇ ਹਨ।
ਤਸਵੀਰ ਸਰੋਤ, @ANI
ਭਾਰਤ ਵਿੱਚ ਚਿੰਤਾ
ਵਿਦੇਸ਼ੀ ਮੁਦਰਾ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਭਾਰਤ ਵਿੱਚ ਵਿਰੋਧੀ ਧਿਰਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਲੋਕਾਂ ਨੂੰ ਅਪੀਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪੰਜ ਦੇਸ਼ਾਂ ਦੀ ਵਿਦੇਸ਼ ਯਾਤਰਾ ‘ਤੇ ਹਨ।
ਸ਼ਨੀਵਾਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਵਿਦੇਸ਼ ਯਾਤਰਾਵਾਂ ਤੋਂ ਬਚਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ, “ਹੁਣ ਉਹ (ਪ੍ਰਧਾਨ ਮੰਤਰੀ) ਕਿੱਥੇ ਹਨ? ਉਹ ਨੀਦਰਲੈਂਡ ਗਏ ਹੋਏ ਹਨ। ਉਹ ਤਿੰਨ-ਚਾਰ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ। ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵਿਦੇਸ਼ ਨਾ ਜਾਓ, ਫਿਰ ਵੀ ਉਹ ਖ਼ੁਦ ਵਿਦੇਸ਼ ਗਏ ਹੋਏ ਹਨ। ਪ੍ਰਧਾਨ ਮੰਤਰੀ ਖ਼ੁਦ ਵਰਕ ਫ੍ਰੋਮ ਹੋਮ ਕਿਉਂ ਨਹੀਂ ਕਰ ਸਕਦੇ?”
ਉਨ੍ਹਾਂ ਅੱਗੇ ਕਿਹਾ, “ਸੋਨਾ ਨਾ ਖ਼ਰੀਦੋ, ਵਿਦੇਸ਼ ਯਾਤਰਾ ਤੋਂ ਬਚੋ, ਘਰ ਤੋਂ ਕੰਮ ਕਰੋ। ਜੰਗ ਕਿਤੇ ਹੋਰ ਹੋ ਰਹੀ ਹੈ, ਫਿਰ ਵੀ ਪਾਬੰਦੀਆਂ ਸਾਡੇ ਹੀ ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਹਨ। ਹੋਰ ਦੇਸ਼ਾਂ ਵਿੱਚ ਪਾਬੰਦੀਆਂ ਕਿਉਂ ਨਹੀਂ ਲਗਾਈਆਂ ਗਈਆਂ? ਨੇਪਾਲ ਜਾਂ ਕਿਸੇ ਹੋਰ ਦੇਸ਼ ਨੇ ਅਜਿਹਾ ਕਿਉਂ ਨਹੀਂ ਕੀਤਾ? ਚੋਣਾਂ ਦੌਰਾਨ ਤਾਂ ਕੋਈ ਦਿੱਕਤ ਨਹੀਂ ਸੀ।”
ਉਧਰ ਈਰਾਨੀ ਸੰਸਦ ਦੇ ਨੈਸ਼ਨਲ ਸਿਕਿਓਰਿਟੀ ਕਮਿਸ਼ਨ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਕਿਹਾ ਹੈ ਕਿ ਈਰਾਨ ਨੇ ਆਪਣੀ ਰਾਸ਼ਟਰੀ ਸੰਪ੍ਰਭੁਤਾ ਅਤੇ ਅੰਤਰਰਾਸ਼ਟਰੀ ਵਪਾਰ ਸੁਰੱਖਿਆ ਦੀ ਗਾਰੰਟੀ ਤਹਿਤ ਹੋਰਮੁਜ਼ ਸਟ੍ਰੇਟ ਵਿੱਚ ਇੱਕ ਤੈਅ ਰਸਤੇ ‘ਤੇ ਟ੍ਰੈਫਿਕ ਨੂੰ ਮੈਨੇਜ ਕਰਨ ਲਈ ਇੱਕ ਪ੍ਰੋਫੈਸ਼ਨਲ ਸਿਸਟਮ ਤਿਆਰ ਕੀਤਾ ਹੈ।
ਉਨ੍ਹਾਂ ਦੇ ਮੁਤਾਬਕ ਇਸ ਸਿਸਟਮ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।
ਇਬਰਾਹਿਮ ਅਜ਼ੀਜ਼ੀ ਨੇ ਐਕਸ ‘ਤੇ ਲਿਖਿਆ, “ਇਸ ਪ੍ਰਕਿਰਿਆ ਵਿੱਚ ਸਿਰਫ਼ ਕਮਰਸ਼ੀਅਲ ਜਹਾਜ਼ਾਂ ਅਤੇ ਈਰਾਨ ਨਾਲ ਸਹਿਯੋਗ ਕਰਨ ਵਾਲਿਆਂ ਨੂੰ ਹੀ ਇਸ ਦਾ ਫ਼ਾਇਦਾ ਮਿਲੇਗਾ। ਇਸ ਸਿਸਟਮ ਤਹਿਤ ਦਿੱਤੀ ਜਾਣ ਵਾਲੀ ਖ਼ਾਸ ਸੇਵਾ ਲਈ ਲਾਜ਼ਮੀ ਫ਼ੀਸ ਲਈ ਜਾਵੇਗੀ।”
ਕੀ ਕਹਿੰਦੇ ਹਨ ਮਾਹਰ
ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅਸੀਂ ਵਿਜੇ ਸਰਦਾਨਾ ਨਾਲ ਗੱਲ ਕੀਤੀ, ਜੋ ਆਰਥਿਕ ਅਤੇ ਜਿਓ-ਪੋਲਿਟਿਕਲ ਮਾਮਲਿਆਂ ਦੇ ਜਾਣਕਾਰ ਹਨ।
ਉਨ੍ਹਾਂ ਦਾ ਕਹਿਣਾ ਹੈ, “ਭਾਰਤ ਵਿੱਚ ਕਰੀਬ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਹੈ, ਜੋ ਗਰੀਬੀ ਰੇਖਾ ਦੇ ਆਸਪਾਸ ਜਾਂ ਉਸ ਤੋਂ ਹੇਠਾਂ ਹਨ। ਜੇ ਮਹਿੰਗਾਈ ਵਧੇਗੀ ਤਾਂ ਸਰਕਾਰ ਕੋਲ ਪੈਸੇ ਨਹੀਂ ਬਚਣਗੇ ਅਤੇ ਸਰਕਾਰ ਕੋਲ ਕਈ ਵੈਲਫੇਅਰ ਯੋਜਨਾਵਾਂ ਲਈ ਪੈਸੇ ਨਹੀਂ ਬਚਣਗੇ।”
ਉਹ ਅੱਗੇ ਕਹਿੰਦੇ ਹਨ, “ਪ੍ਰਧਾਨ ਮੰਤਰੀ ਨੇ ਜੋ ਕਿਹਾ ਹੈ, ਉਹ ਨਜ਼ਰ ਆ ਰਿਹਾ ਹੈ।”
ਮੌਜੂਦਾ ਵਿਸ਼ਵ ਪੱਧਰੀ ਊਰਜਾ ਸੰਕਟ ਨੂੰ ਦੇਖਦੇ ਹੋਏ, ਈਰਾਨ ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਇਸਦੇ ਖ਼ਤਰੇ ਪ੍ਰਤੀ ਚੇਤਾਇਆ ਗਿਆ, ਊਰਜਾ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਇਨ੍ਹਾਂ ਦੀ ਰਾਸ਼ਨਿੰਗ ਵੀ ਸ਼ੁਰੂ ਕੀਤੀ ਗਈ।
ਕੀ ਭਾਰਤ ਨੇ ਹਾਲਾਤ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਦੇਰੀ ਕਰ ਦਿੱਤੀ?
ਵਿਜੇ ਸਰਦਾਨਾ ਕਹਿੰਦੇ ਹਨ, “ਭਾਰਤ ਵਿੱਚ ਹਰ ਚੀਜ਼ ਸਿਆਸੀ ਨਫ਼ਾ-ਨੁਕਸਾਨ ਦੇਖ ਕੇ ਕੀਤੀ ਜਾਂਦੀ ਹੈ। ਇੱਥੇ ਰਾਸ਼ਟਰੀ ਹਿੱਤ ਤੋਂ ਵੱਧ ਸਿਆਸੀ ਹਿੱਤ ਦੇਖਿਆ ਜਾਂਦਾ ਹੈ। ਇਸ ਮਾਮਲੇ ਵਿੱਚ ਹਰ ਪਾਰਟੀ ਜ਼ਿੰਮੇਵਾਰ ਹੈ।”
“ਜੇ ਸਾਰੇ ਦਲ ਮਿਲ ਕੇ ਇੱਕ ਲੰਬੇ ਸਮੇਂ ਦਾ ਰੋਡਮੈਪ ਬਣਾਉਣ ਅਤੇ ਫਿਰ ਜਿਸ ਦੀ ਸਰਕਾਰ ਆਵੇ, ਉਹ ਉਸ ‘ਤੇ ਅਮਲ ਕਰੇ ਤਾਂ ਹੱਲ ਲੱਭਿਆ ਜਾ ਸਕਦਾ ਹੈ।”
“ਅੱਜ ਪ੍ਰਧਾਨ ਮੰਤਰੀ ਜੋ ਕਹਿ ਰਹੇ ਹਨ ਇਹ ਖ਼ੁਦ ਉਨ੍ਹਾਂ ਦੀ ਹੀ ਦੇਣ ਹੈ। ਕੀ ਉਨ੍ਹਾਂ ਨੇ ਵਿਰੋਧੀ ਦਲਾਂ ਨਾਲ ਮਿਲ ਕੇ ਇਸ ‘ਤੇ ਚਰਚਾ ਕੀਤੀ, ਕੋਈ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਜ ਭਾਰਤ ਦੇ ਹੀ ਲੋਕ ਵਿਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ ਪਰ ਭਾਰਤ ਵਿੱਚ ਨਹੀਂ। ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਅੱਜ ਕੁਝ ਕਿਹਾ ਜਾ ਰਿਹਾ ਹੈ ਅਤੇ ਕੱਲ੍ਹ ਸਿਆਸੀ ਫ਼ਾਇਦੇ ਲਈ ਉਸ ਗੱਲ ਤੋਂ ਸਰਕਾਰ ਮੁੱਕਰ ਗਈ ਤਾਂ ਕੀ ਹੋਵੇਗਾ?”

‘ਸਾਨੂੰ ਸਮਝਣਾ ਪਵੇਗਾ ਕਿ ਜ਼ਿੰਮੇਵਾਰ ਕੌਣ ਹੈ?’
ਮੌਜੂਦਾ ਵਿਸ਼ਵ ਪੱਧਰੀ ਸੰਕਟ ਤੋਂ ਪਹਿਲਾਂ ਹੀ ਰੂਸ-ਯੂਕਰੇਨ ਜੰਗ ਦੌਰਾਨ, ਖ਼ਾਸ ਕਰਕੇ ਯੂਰਪੀ ਦੇਸ਼ਾਂ ਨੂੰ ਊਰਜਾ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਤੋਂ ਬਾਅਦ ਇਜ਼ਰਾਈਲ ਦੀ ਗਾਜ਼ਾ ਜੰਗ ਅਤੇ ਕੁਝ ਮਹੀਨੇ ਪਹਿਲਾਂ ਵੈਨੇਜ਼ੁਏਲਾ ਵਿੱਚ ਅਮਰੀਕਾ ਦਾ ਫੌਜੀ ਅਭਿਆਨ ਹੋਇਆ ਸੀ। ਜ਼ਾਹਿਰ ਹੈ ਇਹ ਸਭ ਆਮ ਘਟਨਾਵਾਂ ਨਹੀਂ ਹਨ।
ਜੀਟੀਆਰਆਈ (ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ) ਦੇ ਡਾਇਰੈਕਟਰ ਅਜੇ ਸ਼੍ਰੀਵਾਸਤਵ ਭਾਰਤ ਸਰਕਾਰ ਦੇ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਫ਼ਾਰਨ ਟਰੇਡ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ “ਈਰਾਨ ਜੰਗ, ਵੈਨੇਜ਼ੁਏਲਾ ਵਿੱਚ ਜੋ ਕੁਝ ਹੋਇਆ, ਗਾਜ਼ਾ ਜੰਗ, ਰੂਸ-ਯੂਕਰੇਨ ਜੰਗ ਇਹ ਸਭ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਸੀ। ਤੁਹਾਨੂੰ ਸਮਝਣਾ ਪਵੇਗਾ ਕਿ ਇਨ੍ਹਾਂ ਸਭ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਉਸੇ ਮੁਤਾਬਕ ਸੋਚਣਾ ਪਵੇਗਾ।”
ਤਸਵੀਰ ਸਰੋਤ, Majid Saeedi/Getty Images
ਉਹ ਕਹਿੰਦੇ ਹਨ, “ਅਮਰੀਕਾ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ‘ਤੇ ਹਮਲਾ ਕੀਤਾ, ਵੈਨੇਜ਼ੁਏਲਾ ਵਿੱਚ ਉਸੇ ਨੇ ਆਪ੍ਰੇਸ਼ਨ ਚਲਾਇਆ, ਇਜ਼ਰਾਈਲ ਨੂੰ ਉਸ ਦਾ ਸਮਰਥਨ ਹੈ ਅਤੇ ਯੂਕਰੇਨ ਨੂੰ ਵੀ ਰੂਸ ਨਾਲ ਲੜਨ ਲਈ ਅਮਰੀਕਾ ਹਥਿਆਰ ਦਿੰਦਾ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਦੁਨੀਆ ਭਰ ਵਿੱਚ ਊਰਜਾ ਅਤੇ ਹੋਰ ਵਸਤੂਆਂ ਦੀ ਸਪਲਾਈ ‘ਤੇ ਅਸਰ ਪਿਆ।”
ਅਜੇ ਸ਼੍ਰੀਵਾਸਤਵ ਅੱਗੇ ਕਹਿੰਦੇ ਹਨ, “ਹਾਲਾਂਕਿ ਕਈ ਯੂਰਪੀ ਅਤੇ ਹੋਰ ਦੇਸ਼ਾਂ ਦੇ ਉਲਟ ਸਾਡੇ ਨਾਲ ਚੰਗੀ ਗੱਲ ਇਹ ਹੈ ਕਿ ਅਸੀਂ ਕੱਚਾ ਤੇਲ ਮੰਗਵਾ ਕੇ ਉਸ ਨੂੰ ਰਿਫ਼ਾਈਨ ਕਰਦੇ ਹਾਂ, ਇਹ ਸਹੂਲਤ ਕਈ ਦੇਸ਼ਾਂ ਕੋਲ ਨਹੀਂ ਹੈ ਇਸ ਲਈ ਉਨ੍ਹਾਂ ਦਾ ਸੰਕਟ ਹੋਰ ਵੱਡਾ ਹੈ।”
ਹਾਲਾਂਕਿ ਅਜੇ ਸ਼੍ਰੀਵਾਸਤਵ ਮੰਨਦੇ ਹਨ ਕਿ ਭਾਰਤ ਆਪਣੀਆਂ 90 ਫ਼ੀਸਦੀ ਊਰਜਾ ਜ਼ਰੂਰਤਾਂ ਲਈ ਦਰਾਮਦ (ਆਯਾਤ) ‘ਤੇ ਨਿਰਭਰ ਹੈ ਅਤੇ ਇਸ ਦਾ ਵੱਡਾ ਹਿੱਸਾ ਪੱਛਮੀ ਏਸ਼ੀਆ ਤੋਂ ਆਉਂਦਾ ਹੈ, ਜਦਕਿ ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ‘ਤੇ ਪਾਬੰਦੀ ਲਾ ਦਿੱਤੀ ਹੈ, ਜੋ ਭਾਰਤ ਲਈ ਚਿੰਤਾ ਦੀ ਗੱਲ ਹੈ।
ਈਰਾਨ ਜੰਗ ਨੂੰ ਦੇਖਦੇ ਹੋਏ ਅਮਰੀਕੇ ਨੇ ਤੇਲ ਦੀ ਸਪਲਾਈ ‘ਤੇ ਅਸਰ ਨੂੰ ਘੱਟ ਕਰਨ ਲਈ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਦੀ ਛੋਟ ਦਿੱਤੀ ਸੀ, ਇਹ ਛੋਟ ਸ਼ਨੀਵਾਰ ਖ਼ਤਮ ਹੋ ਗਈ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ ਹੈ।
ਅਜੇ ਸ਼੍ਰੀਵਾਸਤਵ ਕਹਿੰਦੇ ਹਨ, “ਇਨ੍ਹਾਂ ਹਾਲਾਤਾਂ ਵਿੱਚ ਅਸੀਂ ਆਰਾਮ ਨਾਲ ਨਹੀਂ ਰਹਿ ਸਕਦੇ। ਸਾਨੂੰ ਆਪਣਾ ਊਰਜਾ ਉਤਪਾਦਨ ਵਧਾਉਣਾ ਹੋਵੇਗਾ। ਲੰਬੇ ਸਮੇਂ ਲਈ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



