Home ਰਾਸ਼ਟਰੀ ਖ਼ਬਰਾਂ ਓਮਾਨ ਦੇ ਨੇੜੇ ਹਮਲੇ ਤੋਂ ਬਾਅਦ ਡੁੱਬਿਆ ਭਾਰਤੀ ਜਹਾਜ਼, ਹੁਣ ਤੱਕ ਕੀ-ਕੀ...

ਓਮਾਨ ਦੇ ਨੇੜੇ ਹਮਲੇ ਤੋਂ ਬਾਅਦ ਡੁੱਬਿਆ ਭਾਰਤੀ ਜਹਾਜ਼, ਹੁਣ ਤੱਕ ਕੀ-ਕੀ ਪਤਾ ਹੈ

13
0

Source :- BBC PUNJABI

ਰਣਧੀਰ ਜੈਸਵਾਲ

ਤਸਵੀਰ ਸਰੋਤ, ANI

ਪ੍ਰਕਾਸ਼ਿਤ 2 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਓਮਾਨ ਦੇ ਤਟ ਦੇ ਨੇੜੇ ਭਾਰਤੀ ਝੰਡੇ ਵਾਲੇ ਇੱਕ ਜਹਾਜ਼ ‘ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ “ਅਸਵੀਕਾਰਯੋਗ” ਦੱਸਿਆ ਹੈ।

ਉੱਥੇ ਹੀ ਸਮੁੰਦਰੀ ਸੁਰੱਖਿਆ ਨਿਗਰਾਨੀ ਏਜੰਸੀਆਂ ਅਤੇ ਭਾਰਤ ਨੇ ਕਿਹਾ ਕਿ ਇਹ ਮਾਲਵਾਹਕ ਜਹਾਜ਼ ਡੁੱਬ ਗਿਆ ਹੈ।

ਭਾਰਤ ਨੇ ਬੁੱਧਵਾਰ ਤੜਕੇ ਹੋਏ ਇਸ ਹਮਲੇ ਬਾਰੇ ਵੱਧ ਜਾਣਕਾਰੀ ਨਹੀਂ ਦਿੱਤੀ।

ਵਿਦੇਸ਼ ਮੰਤਰਾਲੇ ਨੇ ਨਾ ਤਾਂ ਜਹਾਜ਼ ਦਾ ਨਾਮ ਦੱਸਿਆ ਅਤੇ ਨਾ ਹੀ ਇਹ ਸਪਸ਼ਟ ਕੀਤਾ ਕਿ ਭਾਰਤ ਜਹਾਜ਼ ‘ਤੇ ਹਮਲੇ ਲਈ ਕਿਸਨੂੰ ਜ਼ਿੰਮੇਵਾਰ ਮੰਨਦਾ ਹੈ।

ਪਰ ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਨੇ ਦੱਸਿਆ ਹੈ ਕਿ ਜਹਾਜ਼ ਦਾ ਨਾਮ ਹਾਜੀ ਅਲੀ ਹੈ।

ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਓਮਾਨ ਦੇ ਤਟ ਦੇ ਨੇੜੇ ਬੁੱਧਵਾਰ ਸਵੇਰੇ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹੋਇਆ ਹਮਲਾ ਅਸਵੀਕਾਰਯੋਗ ਹੈ।

ਬਿਆਨ ਵਿੱਚ ਲਿਖਿਆ ਹੈ, “ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਕਿ ਵਪਾਰਕ ਜਹਾਜ਼ਾਂ ਅਤੇ ਮਲਾਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”

ਮੰਤਰਾਲੇ ਨੇ ਅੱਗੇ ਕਿਹਾ, “ਜਹਾਜ਼ ‘ਤੇ ਮੌਜੂਦ ਸਾਰੇ ਭਾਰਤੀ ਕ੍ਰੂ ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਅਸੀਂ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ।”

ਹਾਲਾਂਕਿ, ਮੰਤਰਾਲੇ ਨੇ ਇਸ ਨਾਲ ਜੁੜੀ ਹੋਰ ਜਾਣਕਾਰੀ ਨਹੀਂ ਦਿੱਤੀ।

ਸ਼ਿਪਿੰਗ ਮੰਤਰਾਲੇ ਨੇ ਕੀ ਕਿਹਾ?

ਮੁਕੇਸ਼ ਮੰਗਲ

ਤਸਵੀਰ ਸਰੋਤ, ANI

ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਵੀ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਕਿਹਾ, “ਮੈਂ ਇੱਕ ਦੁਖਦਾਈ ਘਟਨਾ ਦੀ ਜਾਣਕਾਰੀ ਵੀ ਦੇਣਾ ਚਾਹੁੰਦਾ ਹਾਂ। ‘ਹਾਜੀ ਅਲੀ’ ਨਾਮ ਦਾ ਲੱਕੜ ਨਾਲ ਬਣਿਆ ਅਤੇ ਮੋਟਰ ਨਾਲ ਚੱਲਣ ਵਾਲਾ ਜਹਾਜ਼ ਸੋਮਾਲੀਆ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਜਾ ਰਿਹਾ ਸੀ। 13 ਮਈ 2026 ਦੀ ਸਵੇਰ ਓਮਾਨ ਦੇ ਸਮੁੰਦਰੀ ਖੇਤਰ ਵਿੱਚ ਉਸ ‘ਤੇ ਕਥਿਤ ਤੌਰ ‘ਤੇ ਹਮਲਾ ਹੋਇਆ। ਇਸ ਨਾਲ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਬਾਅਦ ਵਿੱਚ ਉਹ ਡੁੱਬ ਗਿਆ।”

ਮੁਕੇਸ਼ ਮੰਗਲ ਨੇ ਦੱਸਿਆ, “ਜਹਾਜ਼ ‘ਤੇ ਸਵਾਰ ਸਾਰੇ 14 ਕ੍ਰੂ ਮੈਂਬਰਾਂ ਨੂੰ ਓਮਾਨ ਕੋਸਟ ਗਾਰਡ ਨੇ ਸੁਰੱਖਿਅਤ ਬਚਾ ਲਿਆ ਅਤੇ ਉਨ੍ਹਾਂ ਨੂੰ ਓਮਾਨ ਦੇ ਡਿੱਬਾ ਪੋਰਟ ਪਹੁੰਚਾਇਆ ਗਿਆ ਹੈ। ਕ੍ਰੂ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ।”

ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਇਲਾਵਾ ਪਿਛਲੇ 72 ਘੰਟਿਆਂ ਵਿੱਚ ਕਿਸੇ ਵੀ ਭਾਰਤੀ ਜਹਾਜ਼ ਜਾਂ ਭਾਰਤੀ ਕ੍ਰੂ ਵਾਲੇ ਜਹਾਜ਼ ਨਾਲ ਕਿਸੇ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਅਤੇ ਹੋਰ ਜਹਾਜ਼ਾਂ ‘ਤੇ ਤਾਇਨਾਤ ਸਾਰੇ ਭਾਰਤੀ ਮਲਾਹ ਸੁਰੱਖਿਅਤ ਹਨ।

ਹੁਣ ਤੱਕ ਕੀ ਪਤਾ ਹੈ?

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, Amirhossein KHORGOOEI / ISNA / AFP via Getty Images

ਸਮਾਚਾਰ ਏਜੰਸੀ ਏਐਫਪੀ ਨੇ ਸਮੁੰਦਰੀ ਸੁਰੱਖਿਆ ਕੰਪਨੀ ਵੇਨਗਾਰਡ ਦੇ ਹਵਾਲੇ ਨਾਲ ਦੱਸਿਆ ਹੈ ਕਿ 14 ਮੈਂਬਰਾਂ ਵਾਲੇ ਇਸ ਮਾਲਵਾਹਕ ਜਹਾਜ਼ ਦਾ ਨਾਮ ਐਮਐਲਨੀ ਹਾਜੀ ਅਲੀ ਹੈ।

ਕੰਪਨੀ ਦੇ ਮੁਤਾਬਕ, ਓਮਾਨ ਦੇ ਲੀਮਾਹ ਤਟ ਦੇ ਨੇੜੇ ਇਹ ਜਹਾਜ਼ ਧਮਾਕੇ ਤੋਂ ਬਾਅਦ ਡੁੱਬ ਗਿਆ ਹੈ। ਇਹ ਜਗ੍ਹਾ ਹੋਰਮੁਜ਼ ਸਟ੍ਰੇਟ ਦੇ ਦੱਖਣ ਵਿੱਚ ਸਥਿਤ ਹੈ।

ਵੇਨਗਾਰਡ ਨੇ ਕਿਹਾ ਕਿ ਜਹਾਜ਼ ਸੋਮਾਲੀਆ ਦੇ ਵੱਖਵਾਦੀ ਖੇਤਰ ਸੋਮਾਲੀਲੈਂਡ ਦੇ ਬੇਰਬੇਰਾ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੱਕ ਪਸ਼ੂ ਲੈ ਕੇ ਜਾ ਰਿਹਾ ਸੀ।

ਇਸ ਦੌਰਾਨ ਹਾਜੀ ਅਲੀ ਨਾਮ ਦੇ ਇਸ ਜਹਾਜ਼ ‘ਤੇ “ਡਰੋਨ ਜਾਂ ਮਿਜ਼ਾਇਲ ਹਮਲੇ ਨਾਲ ਸ਼ੱਕੀ ਧਮਾਕਾ” ਹੋਇਆ।

ਵੇਨਗਾਰਡ ਦੇ ਮੁਤਾਬਕ, “ਜਹਾਜ਼ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਕ੍ਰੂ ਨੂੰ ਜਹਾਜ਼ ਛੱਡਣਾ ਪਿਆ ਅਤੇ ਇਸ ਤੋਂ ਬਾਅਦ ਜਹਾਜ਼ ਡੁੱਬ ਗਿਆ।”

ਇੰਡੀਆ ਟੁਡੇ ਦੇ ਮੁਤਾਬਕ. ਹਾਜੀ ਅਲੀ ਗੁਜਰਾਤ ਦੇ ‘ਦੇਵਭੂਮੀ ਦਵਾਰਕਾ’ ਜ਼ਿਲ੍ਹੇ ਦੇ ਸਲਾਇਆ ਬੰਦਰਗਾਹ ‘ਤੇ ਰਜਿਸਟਰਡ ਹੈ। ਇਹ ਜਹਾਜ਼ ਸਵੇਰੇ ਸਾਢੇ ਤਿੰਨ ਵਜੇ ਓਮਾਨ ਦੇ ਉੱਤਰੀ ਤਟ ਦੇ ਨੇੜੇ ਲੀਮਾ ਕੋਲੋਂ ਲੰਘ ਰਿਹਾ ਸੀ, ਤਦ ਇੱਕ ਵਿਸਫੋਟਕ ਚੀਜ਼ ਇਸ ਨਾਲ ਟਕਰਾਈ।

ਧਮਾਕੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਉਸਦਾ ਸੰਤੁਲਨ ਵਿਗੜਣ ਲੱਗਾ। ਇਸ ਤੋਂ ਬਾਅਦ ਜਹਾਜ਼ ਡੁੱਬ ਗਿਆ।

ਪਹਿਲਾਂ ਵੀ ਜਹਾਜ਼ਾਂ ‘ਤੇ ਹੋ ਚੁੱਕੇ ਹਨ ਹਮਲੇ

ਅੱਬਾਸ ਅਰਾਘਚੀ

ਤਸਵੀਰ ਸਰੋਤ, AFP via Getty Images

28 ਫ਼ਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ ਦੋ ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ ‘ਤੇ ਵੀ ਹਮਲੇ ਹੋ ਚੁੱਕੇ ਹਨ।

ਭਾਰਤ ਨੇ ਪਿਛਲੇ ਮਹੀਨੇ ਨਵੀਂ ਦਿੱਲੀ ਵਿੱਚ ਈਰਾਨ ਦੇ ਰਾਜਦੂਤ ਨੂੰ ਤਲਬ ਕੀਤਾ ਸੀ ਅਤੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਆਪਣੀ “ਗਹਿਰੀ ਚਿੰਤਾ” ਜਤਾਈ ਸੀ।

ਈਰਾਨ ਜੰਗ ਕਾਰਨ ਖਾੜੀ ਖੇਤਰ ਵਿੱਚ ਵਪਾਰਕ ਜਹਾਜ਼ਾਂ ਲਈ ਖ਼ਤਰਾ ਕਾਫ਼ੀ ਵੱਧ ਗਿਆ ਹੈ। ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕਈ ਜਹਾਜ਼ਾਂ ‘ਤੇ ਹਮਲੇ ਹੋਏ ਹਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।

28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਈਰਾਨ ਨੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਦੀ ਆਵਾਜਾਈ ‘ਤੇ ਕਾਫ਼ੀ ਹੱਦ ਤੱਕ ਰੋਕ ਲਾ ਦਿੱਤੀ ਹੈ।

ਅੱਠ ਅਪ੍ਰੈਲ ਤੋਂ ਲਾਗੂ ਨਾਜ਼ੁਕ ਜੰਗਬੰਦੀ ਦੇ ਬਾਵਜੂਦ ਅਮਰੀਕਾ ਨੇ ਈਰਾਨੀ ਬੰਦਰਗਾਹਾਂ ‘ਤੇ ਆਪਣੀ ਸਮੁੰਦਰੀ ਨਾਕਾਬੰਦੀ ਲਾਗੂ ਕਰ ਰੱਖੀ ਹੈ।

ਖਾੜੀ ਖੇਤਰ ਦੇ ਸਮੁੰਦਰੀ ਰਸਤਿਆਂ ਅਤੇ ਹੋਰਮੁਜ਼ ਸਟ੍ਰੇਟ ਵਿੱਚ ਜਾਰੀ ਰੁਕਾਵਟਾਂ ਕਾਰਨ ਤੇਲ ਅਤੇ ਗੈਸ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਵੱਧ ਰਿਹਾ ਹੈ।

ਇਸ ਨਾਲ ਭਾਰਤ ਵਰਗੇ ਊਰਜਾ ਆਯਾਤ ਕਰਨ ਵਾਲੇ ਦੇਸ਼ਾਂ ‘ਤੇ ਦਬਾਅ ਵੱਧ ਰਿਹਾ ਹੈ।

ਭਾਰਤ ਵਿੱਚ ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਇਸ ਹਮਲੇ ਦਾ ਜ਼ਿਕਰ ਨਹੀਂ ਕੀਤਾ। ਪਰ ਕਿਹਾ ਕਿ ਹੋਰਮੁਜ਼ ਸਟ੍ਰੇਟ ਉਨ੍ਹਾਂ ਸਾਰੇ ਵਪਾਰਕ ਜਹਾਜ਼ਾਂ ਲਈ ਖੁੱਲ੍ਹਾ ਹੈ, ਜੋ ਈਰਾਨੀ ਨੌਸੈਨਾ ਨਾਲ ‘ਸਹਿਯੋਗ’ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI