Source :- BBC PUNJABI
ਤਸਵੀਰ ਸਰੋਤ, Getty Images
ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਯਾਨੀ ਆਈਸੀਈ ਨੇ ਅਜਿਹਾ ਵੀਜ਼ਾ ਸਕੈਮ ਹੋਣ ਦਾ ਦਾਅਵਾ ਕੀਤਾ ਹੈ ਜਿਸ ਵਿੱਚ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸ਼ਾਮਲ ਹਨ।
ਇਹ ਸਕੈਮ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਓਪੀਟੀ ਪ੍ਰੋਗਰਾਮ ਦੇ ਜ਼ਰੀਏ ਕੀਤਾ ਦੱਸਿਆ ਜਾ ਰਿਹਾ ਹੈ।
ਦਰਅਸਲ ਓਪੀਟੀ ਪ੍ਰੋਗਰਾਮ ਸੰਯੁਕਤ ਰਾਜ ਅਮਰੀਕਾ ਵਿੱਚ ਵਿਦਿਆਰਥੀ ਵੀਜ਼ਾ ‘ਤੇ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ, 12 ਮਹੀਨੇ ਜਾਂ ਕੁਝ ਮਾਮਲਿਆਂ ਵਿੱਚ 24 ਮਹੀਨੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।
ਆਈਸੀਈ ਦੇ ਅੰਤਰਿਮ ਮੁਖੀ ਟੌਡ ਲਓਨਜ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਉਨ੍ਹਾਂ ਸਾਹਮਣੇ ਅਜਿਹੇ ਹਜ਼ਾਰਾਂ ਮਾਮਲੇ ਆਏ ਹਨ ਜਿਨ੍ਹਾਂ ਵਿੱਚ ਜਾਸੂਸੀ, ਵੀਜ਼ਾ ਅਤੇ ਰੁਜ਼ਗਾਰ ਧੋਖਾਧੜੀ, ਅਤੇ ਇੱਥੋਂ ਤੱਕ ਕਿ ਬਜ਼ੁਰਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਠੱਗੀਆਂ ਵੀ ਸ਼ਾਮਲ ਹਨ।
ਉਨ੍ਹਾਂ ਮੁਤਾਬਕ, ਇਹ ਸਭ ਉਨ੍ਹਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਜੋ ਵਿਦਿਆਰਥੀ ਹੋਣ ਦੇ ਆਪਣੇ ਸਟੇਟਸ ਦੀ ਦੁਰਵਰਤੋਂ ਕਰ ਰਹੇ ਸਨ।
ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਨੇ ਆਪਣੇ ਐਕਸ ਹੈਂਡਲ ਤੇ ਪ੍ਰੈੱਸ ਕਾਨਫਰੰਸ ਦੀ ਪੋਸਟ ਸ਼ੇਅਰ ਕਰਦਿਆਂ ਕਿਹਾ, “ਵਿਦੇਸ਼ੀ ਨਾਗਰਿਕਾਂ ਵੱਲੋਂ ਅਮਰੀਕੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਕੇ ਅਮਰੀਕੀ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੀ ਧੋਖਾਧੜੀ ਵਿਰੋਧੀ ਟਾਸਕ ਫੋਰਸ ਲਈ ਇਹ ਇੱਕ ਹੋਰ ਵੱਡੀ ਕਾਮਯਾਬੀ ਹੈ।”
ਆਈਸੀਈ ਨੇ ਕੀ ਦਾਅਵਾ ਕੀਤਾ ?
ਤਸਵੀਰ ਸਰੋਤ, https://www.ice.gov/
ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਯਾਨੀ ਆਈਸੀਈ ਦੇ ਅੰਤਰਿਮ ਮੁਖੀ ਟੌਡ ਲਓਨਜ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਅਸੀਂ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਬਹੁਤ ਸ਼ੱਕੀ ਇੰਪਲੋਅਲਰਜ਼ (ਉਹ ਲੋਕ ਜੋ ਕੰਮ ਦੇ ਰਹੇ ਹਨ) ਲਈ ਕੰਮ ਕਰ ਰਹੇ ਹਨ।”
ਉਨ੍ਹਾਂ ਕਿਹਾ, “ਪਿਛਲੇ ਇੱਕ ਸਾਲ ਦੌਰਾਨ ਅਸੀਂ ਓਪੀਟੀ ਉੱਤੇ ਆਪਣੀ ਨਿਗਰਾਨੀ ਨੂੰ ਕਾਫ਼ੀ ਵਧਾਇਆ ਹੈ ਅਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਦੇਸ਼ ਭਰ ਵਿੱਚ ਧੋਖਾਧੜੀ ਦੇ ਕਈ ਮਾਮਲੇ ਮਿਲੇ ਹਨ।”
ਉਨ੍ਹਾਂ ਦੱਸਿਆ ਕਿ ਹੋਮਲੈਂਡ ਸਿਕਿਊਰਿਟੀ ਇਨਵੈਸਟੀਗੇਸ਼ਨ ਦੇ ਏਜੰਟਾਂ ਨੇ ਵਰਜੀਨੀਆ, ਟੈਕਸਾਸ, ਜਾਰਜੀਆ, ਇਲੀਨੋਇਸ, ਨਿਊਯਾਰਕ, ਨਿਊਜਰਸੀ, ਨਾਰਥ ਕੈਰੋਲੀਨਾ ਅਤੇ ਫਲੋਰਿਡਾ ਵਿੱਚ ਸ਼ੱਕੀ ਓਪੀਟੀ ਇੰਪਲੋਅਰਜ਼ ਦੀਆਂ ਕੰਮ ਦੀਆਂ ਥਾਵਾਂ ਦਾ ਦੌਰਾ ਕੀਤਾ ਹੈ।
ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਕਈ ਇੰਪਲੋਅਰਜ਼ ਵਿੱਚ ਅਜਿਹੀਆਂ ਐਨਜੀਓ ਵੀ ਸ਼ਾਮਲ ਹਨ ਜੋ ਸ਼ੱਕੀ ਗਤੀਵਿਧੀਆਂ ਦਾ ਹਿੱਸਾ ਹਨ। ਅਸੀਂ ਅਜਿਹੀਆਂ ਖਾਲੀ ਇਮਾਰਤਾਂ ਅਤੇ ਬੰਦ ਦਰਵਾਜ਼ੇ ਵੇਖੇ ਹਨ ਜਿੱਥੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ਦਾ ਦਾਅਵਾ ਕੀਤਾ ਗਿਆ ਸੀ। ਕਈ ਮਾਮਲਿਆਂ ਵਿੱਚ ਕਈ ਓਪੀਟੀ ਇੰਪਲੋਅਰਜ਼ ਇੱਕੋ ਪਤੇ ਤੋਂ ਕੰਮ ਕਰਨ ਦਾ ਦਾਅਵਾ ਕਰਦੇ ਹਨ, ਪਰ ਅਸਲ ਵਿੱਚ ਕਿਸੇ ਨੇ ਵੀ ਉਹ ਥਾਂ ਕਿਰਾਏ ‘ਤੇ ਨਹੀਂ ਲਈ ਹੁੰਦੀ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਛੋਟੇ ਰਿਹਾਇਸ਼ੀ ਪਤੇ ਵੀ ਵਰਕਸਾਈਟ (ਕੰਮ ਦੀ ਥਾਂ) ਵਜੋਂ ਦਰਸਾਏ ਹੋਏ ਮਿਲੇ ਜਿੱਥੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ਦਾ ਦਾਅਵਾ ਸੀ, ਪਰ ਉੱਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਜਦੋਂ ਕੋਈ ਦਰਵਾਜ਼ਾ ਖੋਲ੍ਹਦਾ ਵੀ ਹੈ ਤਾਂ ਉਸਦੇ ਬਿਆਨ ਇ$ਕ ਦੂਜੇ ਨਾਲ ਨਹੀਂ ਮਿਲਦੇ ਜਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਕਾਰੋਬਾਰ ਬਾਰੇ ਕੋਈ ਜਾਣਕਾਰੀ ਨਹੀਂ।
ਤਸਵੀਰ ਸਰੋਤ, Getty Images
ਉਨ੍ਹਾਂ ਅੱਗੇ ਕਿਹਾ, “ਅਸੀਂ ਵਿੱਤੀ ਗੜਬੜਾਂ ਦੇ ਸੰਕੇਤ ਵੀ ਵੇਖ ਰਹੇ ਹਾਂ। ਕਈ ਕਥਿਤ ਇੰਪਲੋਅਰਜ਼ ਵਿੱਚ ਧੋਖਾਧੜੀ ਦੇ ਸਾਫ਼ ਸੰਕੇਤ ਮਿਲੇ ਹਨ, ਜਿਵੇਂ ਕਿ ਟੈਕਸ ਬਕਾਇਆ, ਸਿਵਲ ਮਾਮਲੇ, ਕਰਜ਼ਾ ਵਸੂਲੀ ਅਤੇ ਕਾਂਟਰੈਕਟ ਦੀ ਉਲੰਘਣਾ। ਅਸੀਂ ਅਜਿਹੇ ਸ਼ੱਕੀ ਵਿੱਤੀ ਲੈਣ-ਦੇਣ ਵੀ ਵੇਖੇ ਹਨ ਜਿਨ੍ਹਾਂ ਰਾਹੀਂ ਕਈ ਦੇਸ਼ਾਂ ਵਿੱਚ ਪੈਸਾ ਭੇਜਿਆ ਜਾ ਰਿਹਾ ਸੀ।”
ਉਨ੍ਹਾਂ ਦਾ ਦਾਅਵਾ ਹੈ ਕਿ ਕਈ ਕਾਰੋਬਾਰੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਰੁਜ਼ਗਾਰ ਨਾਲ ਸਬੰਧਤ ਬੁਨਿਆਦੀ ਰਿਕਾਰਡ ਵੀ ਨਹੀਂ ਰੱਖੇ, ਜਿਸ ਨਾਲ ਟੈਕਸ ਰਿਪੋਰਟਿੰਗ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਹਨ। ਕੁਝ ਇੰਪਲੋਅਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਐੱਚਆਰ ਅਤੇ ਪੇਰੋਲ ਕਰਮਚਾਰੀ ਵਿਦੇਸ਼ ਵਿੱਚ ਬੈਠੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਓਪੀਟੀ ਰਾਹੀਂ ਕੰਮ ਕਰਨ ਦੀ ਮਨਜ਼ੂਰੀ ਤਾਂ ਲੈ ਲਈ, ਪਰ ਉਹ ਕਦੇ ਵੀ ਉਨ੍ਹਾਂ ਥਾਵਾਂ ‘ਤੇ ਕੰਮ ਕਰਨ ਨਹੀਂ ਪਹੁੰਚੇ ਜਿੱਥੇ ਉਹ ਕੰਮ ਕਰਨ ਦਾ ਦਾਅਵਾ ਕਰਦੇ ਸਨ।
ਉਨ੍ਹਾਂ ਕਿਹਾ ਕਿ ਉਹ ਚੱਲ ਰਹੀਆਂ ਜਾਂਚਾਂ ਦੇ ਜ਼ਿਆਦਾ ਵੇਰਵੇ ਸਾਂਝੇ ਨਹੀਂ ਕਰ ਸਕਦੇ, ਪਰ ਇਸ ਧੋਖਾਧੜੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ, “ਨਿਊਜਰਸੀ ਵਿੱਚ ਸਾਨੂੰ ਇੱਕ ਅਜਿਹਾ ਓਪੀਟੀ ਇੰਪਲੋਅਰ ਮਿਲਿਆ ਜਿਸਨੇ ਦਾਅਵਾ ਕੀਤਾ ਕਿ ਉਹ 150 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਰਿਹਾ ਹੈ, ਪਰ ਉਹ ਇਹੋ ਜਿਹੇ ਬੁਨਿਆਦੀ ਸਵਾਲਾਂ ਦੇ ਵੀ ਜਵਾਬ ਨਹੀਂ ਦੇ ਸਕਿਆ ਕਿ ਉਹ ਵਿਦਿਆਰਥੀ ਕੌਣ ਹਨ ਜਾਂ ਉਨ੍ਹਾਂ ਨੂੰ ਕਿਸ ਕੰਮ ਲਈ ਨੌਕਰੀ ‘ਤੇ ਰੱਖਿਆ ਗਿਆ ਸੀ।”
“ਸਾਨੂੰ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਸਿਰਫ਼ ਇੱਕ ਹੀ ਮਿਲਿਆ, ਜਿਸਨੇ ਖੁਲਾਸਾ ਕੀਤਾ ਕਿ ਉਹ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਉਸ ਦਰਜ ਕੀਤੀ ਕੰਪਨੀ ਲਈ ਕੰਮ ਨਹੀਂ ਕਰ ਰਿਹਾ ਸੀ। ਇਸ ਦੀ ਬਜਾਏ, ਉਸਨੂੰ ਭਾਰਤ ਵਿੱਚ ਆਧਾਰਿਤ ਇੱਕ ਕੰਪਨੀ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਸੀ।”
ਓਪੀਟੀ ਪ੍ਰੋਗਰਾਮ ਕੀ ਹੈ?
ਓਪੀਟੀ ਯਾਨੀ ਓਪਸ਼ਨਲ ਪ੍ਰੈਕਟਿਕਲ ਟ੍ਰੇਨਿੰਗ ਅਮਰੀਕਾ ਦਾ ਇੱਕ ਅਸਥਾਈ ਰੁਜ਼ਗਾਰ ਪ੍ਰੋਗਰਾਮ ਹੈ ਜੋ ਐੱਫ-1 ਵੀਜ਼ਾ ਧਾਰਕ ਵਿਦਿਆਰਥੀਆਂ ਲਈ ਹੁੰਦਾ ਹੈ। ਯੋਗ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਜਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੱਧ ਤੋਂ ਵੱਧ 12 ਮਹੀਨਿਆਂ ਲਈ ਓਪੀਟੀ ਪ੍ਰੋਗਰਾਮ ਜ਼ਰੀਏ ਰੁਜ਼ਗਾਰ ਦੀ ਇਜਾਜ਼ਤ ਲਈ ਅਰਜ਼ੀ ਦੇ ਸਕਦੇ ਹਨ।
ਸਾਰੇ ਓਪੀਟੀ ਰੁਜ਼ਗਾਰ ਤੁਹਾਡੇ ਮੁੱਖ ਪੜ੍ਹਾਈ ਵਾਲੇ ਵਿਸ਼ੇ ਨਾਲ ਸਿੱਧੇ ਤੌਰ ‘ਤੇ ਸਬੰਧਤ ਹੋਣੇ ਚਾਹੀਦੇ ਹਨ। ਜੇ ਤੁਸੀਂ ਇੱਕ ਐੱਫ-1 ਵਿਦਿਆਰਥੀ ਹੋ, ਤਾਂ ਤੁਸੀਂ ਦੋ ਵੱਖ-ਵੱਖ ਤਰੀਕਿਆਂ ਨਾਲ ਓਪੀਟੀ ਵਿੱਚ ਹਿੱਸਾ ਲੈਣ ਲਈ ਯੋਗ ਹੋ ਸਕਦੇ ਹੋ।
ਪਹਿਲਾ ਹੈ ਪ੍ਰੀ-ਕੰਪਲੀਸ਼ਨ ਓਪੀਟੀ ਅਤੇ ਦੂਜਾ ਹੈ ਪੋਸਟ-ਕੰਪਲੀਸ਼ਨ ਓਪੀਟੀ।
ਤੁਸੀਂ ਪ੍ਰੀ-ਕੰਪਲੀਸ਼ਨ ਓਪੀਟੀ ਲਈ ਅਰਜ਼ੀ ਉਸ ਤੋਂ ਬਾਅਦ ਦੇ ਸਕਦੇ ਹੋ ਜਦੋਂ ਤੁਸੀਂ ਇੱਕ ਪੂਰਾ ਅਕਾਦਮਿਕ ਸਾਲ ਕਿਸੇ ਕਾਲਜ, ਯੂਨੀਵਰਸਿਟੀ, ਕਨਜ਼ਰਵੇਟਰੀ ਜਾਂ ਸੈਮੀਨਰੀ ਵਿੱਚ ਕਾਨੂੰਨੀ ਤੌਰ ‘ਤੇ ਫੁੱਲ-ਟਾਈਮ ਅਧਾਰ ‘ਤੇ ਦਾਖ਼ਲ ਰਹੇ ਹੋਵੋ। ਜੇ ਤੁਹਾਨੂੰ ਇਸ ਲਈ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਕੋਰਸ ਚੱਲਣ ਦੌਰਾਨ ਤੁਸੀਂ ਹਫ਼ਤੇ ਵਿੱਚ 20 ਘੰਟੇ ਜਾਂ ਇਸ ਤੋਂ ਘੱਟ ਕੰਮ ਕਰ ਸਕਦੇ ਹੋ। ਜਦੋਂ ਕਲਾਸਾਂ ਨਹੀਂ ਚੱਲ ਰਹੀਆਂ ਹੁੰਦੀਆਂ, ਤਾਂ ਤੁਸੀਂ ਫੁੱਲ-ਟਾਈਮ ਕੰਮ ਕਰ ਸਕਦੇ ਹੋ।
ਤਸਵੀਰ ਸਰੋਤ, Getty Images
ਜਦਕਿ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ-ਕੰਪਲੀਸ਼ਨ ਓਪੀਟੀ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਹਾਨੂੰ ਪੋਸਟ-ਕੰਪਲੀਸ਼ਨ ਓਪੀਟੀ ਲਈ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਤੁਹਾਨੂੰ ਪਾਰਟ ਟਾਈਮ (ਘੱਟੋ-ਘੱਟ ਹਫ਼ਤੇ ਵਿੱਚ 20 ਘੰਟੇ) ਜਾਂ ਫੁੱਲ ਟਾਈਮ ਕੰਮ ਕਰਨਾ ਲਾਜ਼ਮੀ ਹੁੰਦਾ ਹੈ।
ਜੇ ਤੁਸੀਂ ਵਿਗਿਆਨ (Science), ਤਕਨਾਲੋਜੀ (Technology), ਇੰਜੀਨੀਅਰਿੰਗ (Engineering) ਅਤੇ ਗਣਿਤ (Mathematics) ਨਾਲ ਸਬੰਧਤ ਕੁਝ ਖਾਸ STEM ਖੇਤਰਾਂ ਵਿੱਚ ਡਿਗਰੀ ਹਾਸਲ ਕੀਤੀ ਹੈ, ਤਾਂ ਤੁਸੀਂ ਆਪਣੇ ਪੋਸਟ-ਕੰਪਲੀਸ਼ਨ ਓਪੀਟੀ ਰੁਜ਼ਗਾਰ ਅਧਿਕਾਰ ਵਿੱਚ 24 ਮਹੀਨਿਆਂ ਦੇ ਵਾਧੇ ਲਈ ਅਰਜ਼ੀ ਦੇ ਸਕਦੇ ਹੋ।
ਜੇ ਤੁਸੀਂ ਇੱਕ ਐੱਫ-1 ਵਿਦਿਆਰਥੀ ਹੋ ਅਤੇ ਤੁਸੀਂ ਸਮੇਂ ਸਿਰ ਐੱਚ1ਬੀ ਪਟੀਸ਼ਨ ਅਤੇ ਸਟੇਟਸ ਬਦਲਣ ਦੀ ਬੇਨਤੀ ਦਾਇਰ ਕੀਤੀ ਹੈ, ਅਤੇ ਐੱਚ1ਬੀ ਸਟੇਟਸ ਵਿੱਚ ਬਦਲਾਅ ਹੋਣ ਤੋਂ ਪਹਿਲਾਂ (ਜੋ ਆਮ ਤੌਰ ‘ਤੇ 1 ਅਕਤੂਬਰ ਨੂੰ ਹੁੰਦਾ ਹੈ) ਤੁਹਾਡਾ ਐੱਫ-1 ਸਟੇਟਸ ਅਤੇ ਕੰਮ ਕਰਨ ਦੀ ਮਨਜ਼ੂਰੀ ਖਤਮ ਹੋ ਰਹੀ ਹੈ, ਤਾਂ ਤੁਸੀਂ “ਕੈਪ-ਗੈਪ ਐਕਸਟੈਂਸ਼ਨ” ਲਈ ਯੋਗ ਹੋ ਸਕਦੇ ਹੋ।
ਵਿਦਿਆਰਥੀ ਇਸ ਜਾਲ ਵਿੱਚ ਕਿਵੇਂ ਫਸਦੇ ਹਨ ?

ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਸਾਫਟਵੇਅਰ ਐਂਡ ਟੈਕਨਾਲੋਜੀ ਪ੍ਰੋਫੈਸ਼ਨਲਜ਼ ਦੇ ਸੰਸਥਾਪਕ ਰਾਜੀਵ ਦਰਭਾਕਰ ਨੇ ਇਸ ਮੁੱਦੇ ‘ਤੇ ਸਾਡੇ ਨਾਲ ਗੱਲ ਕੀਤੀ।
ਉਹ ਕਹਿੰਦੇ ਹਨ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵੱਲੋਂ ਹਾਲੀਆ ਜਾਂਚ-ਪੜਤਾਲ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦਾ ਸਬੰਧ ਓਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ਪ੍ਰਣਾਲੀ ਦੇ ਦੁਰਪਯੋਗ ਰਾਹੀਂ ਸ਼ੱਕੀ ਇੰਪਲੋਇਰ ਨਾਲ ਹੋ ਸਕਦਾ ਹੈ, ਨੇ ਇੱਕ ਵਾਰ ਫਿਰ ਇੱਕ ਅਣਸੁਖਾਵੀਂ ਸੱਚਾਈ ਨੂੰ ਬੇਨਕਾਬ ਕੀਤਾ ਹੈ।
ਉਹ ਕਹਿੰਦੇ ਹਨ, “ਸਮੱਸਿਆ ਸਿਰਫ਼ ਵਿਅਕਤੀਗਤ ਧੋਖਾਧੜੀ ਦੀ ਨਹੀਂ ਹੋ ਸਕਦੀ। ਇਹ ਇੱਕ ਅਜਿਹੀ ਮਾਈਗ੍ਰੇਸ਼ਨ ਪ੍ਰਣਾਲੀ ਦਾ ਨਤੀਜਾ ਵੀ ਹੋ ਸਕਦਾ ਹੈ, ਜਿਸ ਨੇ ਲੰਬੇ ਸਮੇਂ ਤੋਂ ਅਸਪੱਸ਼ਟਤਾ, ਨਿਰਭਰਤਾ ਅਤੇ ਬੌਧਿਕ ਪੂੰਜੀ ਦੀ ਗਲੋਬਲ ਆਵਾਜਾਈ ਦੇ ਆਲੇ-ਦੁਆਲੇ ਬਣੀਆਂ ਵਪਾਰਕ ਸੰਰਚਨਾਵਾਂ ਨੂੰ ਪ੍ਰੋਤਸਾਹਿਤ ਕੀਤਾ ਹੈ।
ਉਹ ਕਹਿੰਦੇ ਹਨ ਕਿ ਓਪੀਟੀ — ਜਿਸਨੂੰ ਮੁੱਢਲੇ ਤੌਰ ‘ਤੇ ਇੱਕ ਅਸਥਾਈ ਟ੍ਰੇਨਿੰਗ ਮਕੈਨਿਜ਼ਮ ਵਜੋਂ ਤਿਆਰ ਕੀਤਾ ਗਿਆ ਸੀ, ਜੋ ਹੌਲੀ-ਹੌਲੀ ਐਚ-1ਬੀ ਵਰਕ ਵੀਜ਼ਾ ਪ੍ਰਣਾਲੀ ਵੱਲ ਜਾਣ ਵਾਲੇ ਇੱਕ ਪੁਲ ਵਿੱਚ ਤਬਦੀਲ ਹੋ ਗਿਆ।
ਇਸ ਬਦਲਾਅ ਨੇ ਬੇਹੱਦ ਦਬਾਅ ਪੈਦਾ ਕੀਤਾ।
ਵੱਡੇ ਸਿੱਖਿਆ ਕਰਜ਼ੇ, ਪਰਿਵਾਰਕ ਉਮੀਦਾਂ ਅਤੇ ਕਾਨੂੰਨੀ ਤੌਰ ‘ਤੇ ਕੰਮ ਕਰਨ ਲਈ ਬਹੁਤ ਹੀ ਸੀਮਿਤ ਸਮੇਂ ਨਾਲ ਗ੍ਰੈਜੂਏਟ ਹੋਣ ਵਾਲਾ ਵਿਦਿਆਰਥੀ ਅਚਾਨਕ ਐਸੇ ਮਜ਼ਦੂਰ ਬਾਜ਼ਾਰ ਵਿੱਚ ਦਾਖਲ ਹੋਇਆ ਜਿੱਥੇ ਉਸਦੀ ਇਮੀਗ੍ਰੇਸ਼ਨ ਸਥਿਤੀ ਲਗਾਤਾਰ ਰੁਜ਼ਗਾਰ ਵਿੱਚ ਰਹਿਣ ‘ਤੇ ਨਿਰਭਰ ਸੀ।
ਇਸ ਨਿਰਭਰਤਾ ਨੇ ਪੂਰੀ ਪ੍ਰਣਾਲੀ ਵਿੱਚ ਪ੍ਰੇਰਣਾਵਾਂ ਅਤੇ ਵਰਤਾਰਿਆਂ ਨੂੰ ਨਵਾਂ ਰੂਪ ਦੇ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



