Home ਰਾਸ਼ਟਰੀ ਖ਼ਬਰਾਂ ਕੀ ਤੁਹਾਡੀ ਚਾਰਜਿੰਗ ਕੇਬਲ ਵੀ ਵਾਰ-ਵਾਰ ਖਰਾਬ ਹੋ ਜਾਂਦੀ ਹੈ, ਕਿਤੇ ਤੁਸੀਂ...

ਕੀ ਤੁਹਾਡੀ ਚਾਰਜਿੰਗ ਕੇਬਲ ਵੀ ਵਾਰ-ਵਾਰ ਖਰਾਬ ਹੋ ਜਾਂਦੀ ਹੈ, ਕਿਤੇ ਤੁਸੀਂ ਇਹ ਗਲਤੀਆਂ ਤਾਂ ਨਹੀਂ ਕਰ ਰਹੇ ?

18
0

Source :- BBC PUNJABI

ਚਾਰਜਿੰਗ ਕੇਬਲ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Serenity Strull/ BBC/ Getty Images

ਚਾਰਜਿੰਗ ਕੇਬਲ ਇੱਕ ਅਜਿਹੀ ਚੀਜ਼ ਹੈ, ਜਿਸਨੂੰ ਅਕਸਰ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਸਭ ਤੋਂ ਵੱਧ ਨਜ਼ਰਅੰਦਾਜ਼ ਕਰਦੇ ਹੋ, ਉਦੋਂ ਤੱਕ ਜਦੋਂ ਇਹ ਟੁੱਟ ਨਹੀਂ ਜਾਂਦੀ ਅਤੇ ਬਿਨਾਂ ਇਸ ਦੇ ਤੁਸੀਂ ਆਪਣਾ ਫੋਨ ਚਾਰਜ ਕਰਨ ਤੋਂ ਵਾਂਝੇ ਹੋ ਜਾਂਦੇ ਹੋ।

ਇਨ੍ਹਾਂ ਦੇ ਖਰਾਬ ਹੋਣ ਜਾਂ ਟੁੱਟਣ ਦੀ ਵਜ੍ਹਾ ਵੀ ਤੁਸੀਂ ਖੁਦ ਹੋ। ਅਜਿਹੇ ਕੁਝ ਤਰੀਕੇ ਜਾਣੋ, ਜਿਨ੍ਹਾਂ ਦੀ ਮਦਦ ਜ਼ਰੀਏ ਤੁਸੀਂ ਆਪਣੀਆਂ ਚਾਰਜਿੰਗ ਕੇਬਲਸ ਦਾ ਧਿਆਨ ਰੱਖ ਸਕਦੇ ਹੋ।

ਮਾਈਕਲ ਪੇਕਟ ਚਾਰਜਿੰਗ ਕੇਬਲਸ ‘ਤੇ ਖੂਬ ਤਜ਼ਰਬੇ ਕਰਦੇ ਹਨ। ਉਹ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਸੈਂਟਰ ਫਾਰ ਐਡਵਾਂਸਡ ਲਾਈਫ ਸਾਈਕਲ ਇੰਜੀਨਿਅਰਿੰਗ ਦੇ ਸੰਸਥਾਪਕ ਹਨ।

ਇਹ ਇੱਕ ਅਜਿਹੀ ਪ੍ਰਯੋਗਸ਼ਾਲਾ ਹੈ ਜਿੱਥੇ ਵੱਖ-ਵੱਖ ਟੈੱਕ ਕੰਪਨੀਆਂ ਆਪਣੇ ਉਤਪਾਦ ਭੇਜਦੀਆਂ ਹਨ ਤਾਂ ਜੋ ਇਹ ਜਾਣ ਸਕਣ ਕਿ ਇਹ ਕਿਉਂ ਟੁੱਟਦੇ ਹਨ। ਅਸੀਂ ਇੱਕ ਤਰ੍ਹਾਂ ਨਾਲ ‘ਇਲੈਕਟ੍ਰਾਨਿਕ ਉਪਕਰਨਾਂ ਦਾ ਮੁਰਦਾਘਰ’ ਹਾਂ।

ਉਨ੍ਹਾਂ ਦੀ ਟੀਮ ਯੂਐਸਬੀ ਕੇਬਲਸ ‘ਤੇ ਕਈ ਤਰ੍ਹਾਂ ਦੇ ਪ੍ਰਯੋਗ ਕਰਦੀ ਹੈ। ਇਨ੍ਹਾਂ ਨੂੰ ਖਿੱਚਣ, ਤੋੜਨ-ਮਰੋੜਨ ਤੋਂ ਲੈਕੇ ਲਗਾਤਾਰ ਕਾਫੀ ਸਮੇਂ ਤੱਕ ਵੱਖ-ਵੱਖ ਪਲੱਗਾਂ ‘ਚ ਇਸਤੇਮਾਲ ਕਰਨ ਤੱਕ ਅਤੇ ਇੱਥੇ ਹੀ ਬੱਸ ਨਹੀਂ, ਇਨ੍ਹਾਂ ਕੇਬਲਸ ਨੂੰ ਪਹੁੰਚੇ ਨੁਕਸਾਨ ਦਾ ਫਿਰ ਐਕਸ-ਰੇਅ ਜ਼ਰੀਏ ਅਧਿਐਨ ਕੀਤਾ ਜਾਂਦਾ ਹੈ।

ਮੈਂ ਪੇਕਟ ਨੂੰ ਇੱਕ ਬੇਹੱਦ ਸਧਾਰਨ ਸਵਾਲ ਪੁੱਛਿਆ: ਚਾਰਜਿੰਗ ਕੇਬਲ ਨੂੰ ਸੰਭਾਲਣ ਦਾ ਸਭ ਤੋਂ ਸਹੀ ਤਰੀਕਾ ਕੀ ਹੈ ?

ਮੈਂ ਆਪਣੀ ਪੂਰੀ ਜ਼ਿੰਦਗੀ ਇਹ ਮੰਨਦਾ ਰਿਹਾ ਹਾਂ ਕਿ ਚਾਰਜਿੰਗ ਕੇਬਲ ਨੂੰ ਗੋਲ ਚੱਕਰ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ ਬੱਸ ਇਹ ਚੱਕਰ ਢਿੱਲੇ ਹੋਣੇ ਚਾਹੀਦੇ ਹਨ, ਜ਼ਿਆਦਾ ਤੰਗ ਨਹੀਂ। ਕਿਉਂਕਿ ਜ਼ਿਆਦਾ ਕੱਸਣਾ ਜਾਂ ਉਲਝਾਉਣਾ ਤਾਰਾਂ ਨੂੰ ਖਰਾਬ ਕਰੇਗਾ।

ਮੇਰੇ ਤਮਾਮ ਜਾਣਕਾਰਾਂ ਦਰਮਿਆਨ ਇਹ ਤਰੀਕਾ ਆਮ ਪ੍ਰਚਲਿਤ ਹੈ ਅਤੇ ਮੈਂ ਉਮੀਦ ਕਰ ਰਿਹਾ ਸੀ ਕਿ ਮੇਰੇ ਇਸ ਤਰੀਕੇ ਨੂੰ ਸਹੀ ਸਾਬਤ ਕਰਨ ਲਈ ਕੁਝ ਵਿਗਿਆਨਕ ਤਰਕ ਮਿਲਣਗੇ।

ਪਰ ਇਸ ਦੇ ਬਿਲਕੁੱਲ ਉਲਟ ਮੈਂ ਇਹ ਜਾਣ ਕੇ ਹੈਰਾਨ ਸੀ ਕਿ ਮੈਂ ਅਤੇ ਮੇਰੇ ਵਰਗੇ ਲੱਖਾਂ ਲੋਕ ਸਾਲਾਂ ਤੋਂ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ।

ਚਾਰਜਿੰਗ ਕੇਬਲ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੇਕਟ ਦਾ ਕਹਿਣਾ ਹੈ, “ਇਹ ਬਿਲਕੁੱਲ ਮਾਇਨੇ ਨਹੀਂ ਰੱਖਦਾ। ਅਸੀਂ ਵੱਡੀਆਂ ਕੰਪਿਊਟਰ ਕੰਪਨੀਆਂ ਲਈ ਕੰਮ ਕਰ ਚੁੱਕੇ ਹਾਂ ਪਰ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਗਲਤ ਤਰੀਕੇ ਨਾਲ ਚਾਰਜਿੰਗ ਕੇਬਲ ਨੂੰ ਮੋੜਨ ਨਾਲ ਇਹ ਨੁਕਸਾਨੀ ਗਈ ਹੋਵੇ।”

ਇਹ ਬਿਆਨ ਚਾਰਜਿੰਗ ਕੇਬਲ ਨੂੰ ਲੈਕੇ ਮੇਰੇ ਵਿਚਾਰਾਂ ਨਾਲ ਮੇਲ ਨਹੀਂ ਖਾ ਰਿਹਾ ਸੀ, ਇਸ ਲਈ ਮੈਂ ਕਈ ਹੋਰ ਮਾਹਰਾਂ ਦੀ ਰਾਏ ਲਈ ਅਤੇ ਉਨ੍ਹਾਂ ਨੇ ਵੀ ਮੈਨੂੰ ਇਹੀ ਕਿਹਾ, “ਤੁਸੀਂ ਆਪਣੀਆਂ ਚਾਰਜਿੰਗ ਕੇਬਲਸ ਨੂੰ ਜਿਵੇਂ ਮਰਜ਼ੀ ਮੋੜ ਕੇ ਰੱਖੋ। ਤੁਹਾਡੀ ਚਾਰਜਿੰਗ ਕੇਬਲ ਦੇ ਖਰਾਬ ਹੋਣ ਪਿੱਛੇ ਕੁਝ ਹੋਰ ਕਾਰਨ ਹਨ। ਅਜਿਹੀਆਂ ਗਲਤੀਆਂ ਜੋ ਸ਼ਾਇਦ ਮੈਂ ਦਹਾਕਿਆਂ ਤੋਂ ਕਰਦਾ ਆ ਰਿਹਾ ਸੀ। ਕਾਸ਼ ਮੈਨੂੰ ਇਹ ਪਹਿਲਾਂ ਪਤਾ ਹੁੰਦਾ।”

ਪਰ ਚੰਗੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਉਹ ਗਲਤੀਆਂ ਦੱਸਣ ਜਾ ਰਿਹਾ ਹਾਂ ਜੋ ਸ਼ਾਇਦ ਤੁਸੀਂ ਵੀ ਕਰਦੇ ਆ ਰਹੇ ਹੋ। ਸਾਡੀਆਂ ਚਾਰਜਿੰਗ ਕੇਬਲਸ ਬਹੁਤ ਮਦਦਗਾਰ ਹੁੰਦੀਆਂ ਹਨ ਪਰ ਅਸੀਂ ਉਦੋਂ ਤੱਕ ਇਨ੍ਹਾਂ ਦੀ ਕਦਰ ਨਹੀਂ ਕਰਦੇ ਜਦੋਂ ਤੱਕ ਇਹ ਖਰਾਬ ਨਹੀਂ ਹੋ ਜਾਂਦੀਆਂ ਅਤੇ ਅਸੀਂ ਆਪਣੇ ਇਲੈਕਟ੍ਰਾਨਿਕ ਉਪਕਰਨ ਚਾਰਜ ਨਹੀਂ ਕਰ ਪਾਉਂਦੇ।

ਖਾਸ ਗੱਲ ਇਹ ਹੈ ਕਿ ਚਾਰਜਿੰਗ ਕੇਬਲ ਦਾ ਧਿਆਨ ਰੱਖਣਾ ਤੁਹਾਡੀ ਜੇਬ ਅਤੇ ਵਾਤਾਵਰਨ ਦੋਹਾਂ ਲਈ ਫਾਇਦੇਮੰਦ ਹੈ।

ਚਾਰਜਿੰਗ ਕੇਬਲ ਦੀ ਸੰਭਾਲ ਕਿਵੇਂ ਕਰੀਏ ?

ਚਾਰਜਿੰਗ ਕੇਬਲ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Serenity Strull/ BBC/ Getty Images

“ਇਸ ਦੁਨੀਆ ‘ਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ: ਇੱਕ ਉਹ ਜੋ ਆਪਣੀ ਚਾਰਜਿੰਗ ਕੇਬਲ ਨੂੰ ਖਰਾਬ ਕਰ ਦਿੰਦੇ ਹਨ ਅਤੇ ਦੂਜੇ ਉਹ ਸੰਭਾਲ ਕੇ ਰੱਖਦੇ ਹਨ”, ਇਹ ਕਹਿਣਾ ਹੈ ਆਈਫਿਕਸਇਟ (iFixit) ਦੇ ਸਹਿ-ਸੰਸਥਾਪਕ ਕਾਇਲ ਵੇਨਜ਼ ਦਾ, ਜਿਨ੍ਹਾਂ ਦੀ ਕੰਪਨੀ ਲੋਕਾਂ ਦੇ ਇਲੈਕਟ੍ਰਾਨਿਕ ਉਪਕਰਨਾਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੀ ਹੈ। “ਆਮ ਤੌਰ ‘ਤੇ ਜਦੋਂ ਕੋਈ ਵੀ ਕੇਬਲ ਖਰਾਬ ਹੁੰਦੀ ਹੈ ਤਾਂ ਉਹ ਅਕਸਰ ਉੱਥੋਂ ਹੁੰਦੀ ਹੈ ਜਿੱਥੇ ਕੇਬਲ ਅਤੇ ਪਲੱਗ ਆਪਸ ਵਿੱਚ ਮਿਲਦੇ ਹਨ।”

ਤੁਹਾਡੀ ਚਾਰਜਿੰਗ ਕੇਬਲ ਦੇ ਅੰਦਰ ਧਾਤੂ ਨਾਲ ਬਣੀਆਂ ਛੋਟੀਆਂ ਤਾਰਾਂ ਹੁੰਦੀਆਂ ਹਨ ਜੋ ਇਨਸੂਲੇਸ਼ਨ ਨਾਲ ਲਿਪਟੀਆਂ ਹੁੰਦੀਆਂ ਹਨ। ਇਸ ਦੇ ਅਖੀਰ ਵਿੱਚ ਇੱਕ ਕੁਨੈਕਟਰ ਹੁੰਦਾ ਹੈ ਜੋ ਅੱਗੇ ਪਲੱਗ ਨਾਲ ਜੁੜਿਆ ਹੁੰਦਾ ਹੈ।

ਇਹੀ ਉਹ ਜੋੜ ਹੈ ਜਿੱਥੋਂ ਕੇਬਲ ਖਰਾਬ ਹੁੰਦੀ ਹੈ। ਜਦੋਂ ਵੀ ਤੁਸੀਂ ਕੇਬਲ ਦਾ ਇਸਤੇਮਾਲ ਕਰਦੇ ਹੋ ਤਾਂ ਇਹੀ ਉਹ ਜੋੜ ਹੈ ਜਿੱਥੋਂ ਕੇਬਲ ਸਭ ਤੋਂ ਵੱਧ ਮੁੜਦੀ ਹੈ।

ਮੰਨ ਲਓ ਇੱਕ ਪੇਪਰ ਕਲਿੱਪ ਨੂੰ ਤੁਸੀਂ ਵਾਰ-ਵਾਰ ਇੱਕੋ ਥਾਂ ਤੋਂ ਮੋੜੋ ਤਾਂ ਇਹ ਟੁੱਟ ਜਾਂਦਾ ਹੈ।

ਅਮਰੀਕਾ ਸਥਿਤ ਵੋਰਸੈਸਟਰ ਪੋਲੀਟੈਕਨਿਕ ਇੰਸਟੀਚਿਊਟ ਦੇ ਮਕੈਨੀਕਲ ਐਂਡ ਮਟੀਰਿਅਲਸ ਇੰਜੀਨਿਅਰਿੰਗ ਵਿਭਾਗ ਦੇ ਮੁਖੀ ਰੋਬਰਟ ਹੇਅਰਸ ਕਹਿੰਦੇ ਹਨ, “ਮਾਈਕ੍ਰੋਸਕੋਪਿਕ ਪੱਧਰ ‘ਤੇ ਦੇਖੀਏ ਤਾਂ ਇਲਾਸਟਿਕ ਰੇਂਜ ਤੋਂ ਵੱਧ ਮੋੜਨ ਨਾਲ ਐਟਮ ਟੁੱਟ ਜਾਂਦੇ ਹਨ ਜਾਂ ਆਪਣੀ ਥਾਂ ਤੋਂ ਖਿਸਕ ਜਾਂਦੇ ਹਨ। ਜਦੋਂ ਬਹੁਤ ਸਾਰੇ ਐਟਮ ਆਪਣੀ ਥਾਂ ਤੋਂ ਖਿਸਕ ਜਾਂਦੇ ਹਨ ਅਤੇ ਇੱਕ ਸੇਧ ਵਿੱਚ ਨਹੀਂ ਰਹਿੰਦੇ- ਬਿਲਕੁੱਲ ਕਾਲੀਨ ‘ਤੇ ਪਈਆਂ ਸਿਲਵਟਾਂ ਵਾਂਗ, ਤਾਂ ਇਹ ਟੁੱਟ ਜਾਂਦਾ ਹੈ ਅਤੇ ਤੁਹਾਡਾ ਪੇਪਰ ਕਲਿੱਪ ਖਰਾਬ ਹੋ ਜਾਂਦਾ ਹੈ। ਕੇਬਲ ਅੰਦਰਲੀਆਂ ਧਾਤੂ ਨਾਲ ਬਣੀਆਂ ਤਾਰਾਂ ਵੀ ਬਿਲਕੁੱਲ ਇਸੇ ਤਰੀਕੇ ਨਾਲ ਕੰਮ ਕਰਦੀਆਂ ਹਨ।”

ਕਾਇਲ ਵੇਨਜ਼ ਦੀ ਟਿੱਪਣੀ

ਉਮੀਦ ਹੈ ਕਿ ਹੁਣ ਤੁਹਾਨੂੰ ਇਨ੍ਹਾਂ ਐਟਮਾਂ ਪ੍ਰਤੀ ਥੋੜ੍ਹੀ ਹਮਦਰਦੀ ਮਹਿਸੂਸ ਹੋਵੇਗੀ ਅਤੇ ਤੁਸੀਂ ਅਜਿਹੀਆਂ ਗਲਤੀਆਂ ਤੋਂ ਬਚੋਗੇ। ਪੇਕਟ ਕਹਿੰਦੇ ਹਨ, “ਬਹੁਤੇ ਲੋਕ, ਜਿਨ੍ਹਾਂ ‘ਚ ਮੈਂ ਵੀ ਸ਼ਾਮਿਲ ਹਾਂ, ਜਦੋਂ ਆਲਸੀ ਹੁੰਦੇ ਹਨ ਤਾਂ ਕੇਬਲ ਨੂੰ ਖਿੱਚ ਕੇ ਪਲੱਗ ਕੱਢ ਲੈਂਦੇ ਹਨ ਅਤੇ ਜੇਕਰ ਤੁਸੀਂ ਪਲੱਗ ਦੀ ਥਾਂ ਸਿੱਧਾ ਤਾਰ ਖਿੱਚਦੇ ਹੋ ਤਾਂ ਇਹ ਤਾਰ ‘ਤੇ ਹੋਰ ਦਬਾਅ ਪਾਉਂਦਾ ਹੈ।”

ਹੇਅਰਸ ਕਹਿੰਦੇ ਹਨ ਕਿ ਵੱਡੀ ਸਮੱਸਿਆ ਉਨ੍ਹਾਂ ਕੇਬਲਸ ਨਾਲ ਹੈ ਜੋ ਬਹੁਤ ਛੋਟੀਆਂ ਹੁੰਦੀਆਂ ਹਨ। ਜੇ ਤੁਸੀਂ ਕੇਬਲ ਨੂੰ ਖਿੱਚ ਕੇ ਸਾਕਟ ਤੱਕ ਪਹੁੰਚਾਉਂਦੇ ਹੋ ਤਾਂ ਤੁਸੀਂ ਉਸਨੂੰ ਨੁਕਸਾਨ ਪਹੁੰਚਾ ਰਹੇ ਹੋ। ਜੇਕਰ ਤੁਸੀਂ ਬਿਸਤਰੇ ‘ਚ ਬੈਠੇ-ਬੈਠੇ ਫੋਨ ਚਾਰਜ ਕਰਦੇ ਹੋਏ, ਵੱਖ-ਵੱਖ ਦਿਸ਼ਾ ‘ਚ ਤਾਰ ਨੂੰ ਖਿੱਚ ਰਹੇ ਹੋ ਤਾਂ ਤੁਸੀਂ ਮੁਸੀਬਤ ਨੂੰ ਸੱਦਾ ਦੇ ਰਹੇ ਹੋ।

ਵੇਨਜ਼ ਕਹਿੰਦੇ ਹਨ, “ਇੱਕ ਹੋਰ ਚੀਜ਼ ਜੋ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਫੋਨ ਨੂੰ ਚਾਰਜ ‘ਤੇ ਲਗਾ ਦਿੰਦੇ ਹਨ ਅਤੇ ਫਿਰ ਇਸਨੂੰ ਕਾਰ ਦੇ ਕੱਪ ਹੋਲਡਰ ਵਿੱਚ ਰੱਖ ਦਿੰਦੇ ਹਨ ਤਾਂ ਜੋ ਇਹ ਖੜ੍ਹਾ ਰਹੇ। ਅਜਿਹਾ ਕਰਨ ਨਾਲ ਫੋਨ ਦਾ ਸਾਰਾ ਭਾਰ ਅਤੇ ਗੱਡੀ ਚਲਾਉਂਦੇ ਸਮੇਂ ਹੋਣ ਵਾਲੀ ਹਿਲਜੁੱਲ ਦਾ ਅਸਰ ਚਾਰਜਿੰਗ ਕੇਬਲ ‘ਤੇ ਪੈਂਦਾ ਹੈ।” ਅਜਿਹਾ ਕਰਨਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਹ ਚਾਰਜਿੰਗ ਕੇਬਲ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।

ਅਸਲ ਵਿੱਚ ਲੰਬੀਆਂ ਅਤੇ ਭਾਰੀ ਤਾਰਾਂ ਨੂੰ ਕਿਵੇਂ ਲਪੇਟ ਕੇ ਰੱਖਣਾ ਹੈ, ਇਹ ਬਹੁਤ ਮਾਇਨੇ ਰੱਖਦਾ ਹੈ। ਫਿਲਮ ਜਾਂ ਆਡੀਓ ਖੇਤਰ ਨਾਲ ਜੁੜੇ ਲੋਕਾਂ ਨੂੰ ਪੁੱਛੋ। ਉਹ ਤੁਹਾਨੂੰ ਦੱਸਣਗੇ ਕਿ “ਓਵਰ-ਅੰਡਰ ਕੇਬਲ ਰੈਪਿੰਗ ਤਕਨੀਕ” ਕੀ ਹੈ ਜਿਸ ‘ਤੇ ਪ੍ਰੋਫੈਸ਼ਨਲ ਭਰੋਸਾ ਕਰਦੇ ਹਨ। ਪਰ ਵੇਨਜ਼ ਅਤੇ ਹੋਰਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਛੋਟੀਆਂ ਤਾਰਾਂ ‘ਤੇ ਲਾਗੂ ਨਹੀਂ ਹੁੰਦੀ।

ਬ੍ਰੇਡਿਡ ਤਾਰਾਂ ਦਾ ਇਸਤੇਮਾਲ ਕਰੋ

ਵੇਨਜ਼ ਕਹਿੰਦੇ ਹਨ ਕਿ ਇਹ ਗੱਲ ਠੀਕ ਹੈ ਕਿ ਤਾਰਾਂ ਨੂੰ ਤੰਗ ਤਰੀਕੇ ਨਾਲ ਲਪੇਟਣਾ ਸਹੀ ਨਹੀਂ ਹੈ ਪਰ ਜੇਕਰ ਤੁਸੀਂ ਤਾਰ ਨੂੰ ਇੱਕ ਤਿੱਖੇ ਕੋਨੇ ਤੋਂ ਨਹੀਂ ਮੋੜ ਰਹੇ ਜਾਂ ਕੁਨੈਕਟਰ ਤੋਂ ਖਿੱਚ ਨਹੀਂ ਰਹੇ ਜਾਂ ਲਪੇਟਦੇ ਸਮੇਂ ਤਾਰ ਨੂੰ ਜ਼ਿਆਦਾ ਮੋੜ ਨਹੀਂ ਰਹੇ, ਉਦੋਂ ਤੱਕ ਤਾਰ ਨੂੰ ਲਪੇਟਣ ‘ਚ ਕੋਈ ਸਮੱਸਿਆ ਨਹੀਂ ਹੈ। ਅਸਲ ਗੱਲ ਕੁਨੈਕਟਰ ਨੂੰ ਨੁਕਸਾਨ ਪਹੁੰਚਾਉਣ ਨਾਲ ਜੁੜੀ ਹੈ।

ਹੇਅਰਸ ਕਹਿੰਦੇ ਹਨ, “ਕੇਬਲ ਦੇ ਇਸ ਹਿੱਸੇ ਦਾ ਖਾਸ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਅਤੇ ਅਜਿਹਾ ਕਰਨ ਨਾਲ ਇਹ ਮੇਰੇ ਤੋਂ ਵੀ ਵੱਧ ਸਮੇਂ ਤੱਕ ਚੱਲਣਗੀਆਂ।”

ਪਰ ਇਹ ਤਾਂ ਹੀ ਸੰਭਵ ਹੈ ਜਦੋਂ ਕੇਬਲ ਦੀ ਗੁਣਵੱਤਾ ਵਧੀਆ ਹੋਵੇ। ਜਿਨ੍ਹਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਸਾਰਿਆਂ ਨੇ ਕਿਹਾ ਕਿ ਸਮੱਸਿਆ ਦਾ ਵੱਡਾ ਕਾਰਨ ਸਸਤੇ ਅਤੇ ਘੱਟ ਗੁਣਵੱਤਾ ਵਾਲੇ ਕੇਬਲ ਹਨ। ਤੁਸੀਂ ਉਹ ਸਸਤੇ ਵਿਕਲਪ ਛੱਡ ਸਕਦੇ ਹੋ ਜੋ ਕੁਝ ਪੈਸਿਆਂ ‘ਚ ਮਿਲ ਜਾਂਦੇ ਹਨ। ਮਜ਼ਬੂਤ ਅਤੇ ਵਧੀਆ ਕੇਬਲਸ ‘ਚ ਨਿਵੇਸ਼ ਕਰੋ—ਇਸ ਨਾਲ ਤੁਸੀਂ ਇਨ੍ਹਾਂ ਨੂੰ ਵਾਰ-ਵਾਰ ਬਦਲਣ ‘ਤੇ ਘੱਟ ਪੈਸੇ ਖਰਚੋਗੇ।

ਬ੍ਰੇਡਿਡ ਕੇਬਲ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਵੇਨਜ਼ ਕਹਿੰਦੇ ਹਨ, “ਤੁਸੀਂ ਬ੍ਰੇਡਿਡ ਕੇਬਲਸ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਨ੍ਹਾਂ ਵਿੱਚ ਤਾਰਾਂ ਨੂੰ ਪਲਾਸਟਿਕ ਦੀ ਥਾਂ ਮਜਬੂਤ ਕੱਪੜੇ ਜਾਂ ਨਾਇਲੋਨ ਦੀ ਜਾਲੀ ਨਾਲ ਲਪੇਟਿਆ ਜਾਂਦਾ ਹੈ। ਹੁਣ ਤਾਂ ਐਪਲ (ਇਲੈਕਟ੍ਰਾਨਿਕ ਉਪਕਰਨਾਂ ਦੀ ਕੰਪਨੀ) ਨੇ ਵੀ ਆਪਣੇ ਨਵੇਂ ਉਤਪਾਦਾਂ ‘ਚ ਬ੍ਰੇਡਿਡ ਕੇਬਲ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਲੰਬੇ ਸਮੇਂ ਤੱਕ ਚੱਲਦੀਆਂ ਹਨ।”

ਅਸਲ ਵਿੱਚ, ਇਹ ਤਮਾਮ ਗੱਲਾਂ ਛੋਟੀਆਂ ਲੱਗ ਸਕਦੀਆਂ ਹਨ। ਕੇਬਲ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਨਜ਼ਰਅੰਦਾਜ਼ ਹੋਣ ਵਾਲੀ ਤਕਨੀਕ ਹੈ। ਜਦੋਂ ਤੱਕ ਸਹੀ ਢੰਗ ਨਾਲ ਚੱਲ ਰਹੀਆਂ ਹਨ, ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਹਨ।

ਪਰ ਜੇ ਤੁਸੀਂ ਗਲਤ ਤਰੀਕੇ ਨਾਲ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਇਹ ਹੌਲੀ-ਹੌਲੀ ਖਰਾਬ ਹੋਣ ਲੱਗਦੀਆਂ ਹਨ ਅਤੇ ਆਖਿਰਕਾਰ ਫੇਲ੍ਹ ਹੋ ਜਾਂਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI