Home ਰਾਸ਼ਟਰੀ ਖ਼ਬਰਾਂ ਨਕੋਦਰ ਗੋਲੀਕਾਂਡ : 40 ਸਾਲ ਪੁਰਾਣੀ ਉਹ ਘਟਨਾ ਜਿਸ ਦਾ ਸੱਚ ਸਾਹਮਣੇ...

ਨਕੋਦਰ ਗੋਲੀਕਾਂਡ : 40 ਸਾਲ ਪੁਰਾਣੀ ਉਹ ਘਟਨਾ ਜਿਸ ਦਾ ਸੱਚ ਸਾਹਮਣੇ ਨਹੀਂ ਆਇਆ, ਇੱਕ ਪਿਓ ਦੀ ਇਨਸਾਫ਼ ਲਈ ਲੰਬੀ ਜੱਦੋਜਹਿਦ ਦੀ ਕਹਾਣੀ

25
0

Source :- BBC PUNJABI

ਨਕੋਦਰ ਗੋਲੀਕਾਂਡ

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

“ਮੈਂ ਆਪਣੇ ਪੁੱਤਰ ਅਤੇ ਉਸ ਦੇ ਤਿੰਨ ਸਾਥੀਆਂ ਦੀ ਮੌਤ ਦੀ ਸੱਚਾਈ ਸਾਹਮਣੇ ਲਿਆਉਣ ਦੀ ਲੜਾਈ ਲੜ ਰਿਹਾ ਹਾਂ, ਪਰ ਅਜੇ ਤੱਕ ਸਫਲਤਾ ਨਹੀਂ ਮਿਲੀ, ਪਤਾ ਨਹੀਂ ਹੋਰ ਕਿੰਨਾ ਵਕਤ ਲੱਗੇਗਾ, ਇਸ ਅਰਸੇ ਦੌਰਾਨ ਸਰਕਾਰੀ ਅਧਿਕਾਰੀਆਂ ਦਾ ਜ਼ੋਰ ਇਸ ਘਟਨਾ ਨੂੰ ਛਪਾਉਣ ਵਿੱਚ ਲੱਗ ਰਿਹਾ ਅਤੇ ਮੇਰਾ 40 ਸਾਲ ਤੋਂ ਸੱਚਾਈ ਸਾਹਮਣੇ ਲਿਆਉਣ ਵਿੱਚ।”

ਇਹ ਟਿੱਪਣੀ ਬਲਦੇਵ ਸਿੰਘ ਲਿੱਤਰਾਂ ਦੀ 1986 ਵਿੱਚ ਨਕੋਦਰ ਗੋਲੀ ਕਾਂਡ ਦੇ ਸੰਦਰਭ ਵਿੱਚ ਸੀ, ਜਿਸ ਲਈ ਉਹ ਪਿਛਲੇ 40 ਸਾਲਾਂ ਤੋਂ ਲੜਾਈ ਰਹੇ ਹਨ।

ਬਲਦੇਵ ਸਿੰਘ ਲਿੱਤਰਾਂ ਜਲੰਧਰ ਜ਼ਿਲ੍ਹੇ ਦੇ ਲਿੱਤਰਾਂ ਪਿੰਡ ਦੇ ਵਸਨੀਕ ਹਨ ਅਤੇ ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿੰਦੇ ਹਨ।

ਮਾਰਚ 2026 ਵਿੱਚ ਜਦੋਂ ਉਹ ਭਾਰਤ ਆਏ ਸਨ ਤਾਂ ਬੀਬੀਸੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਇਸ ਘਟਨਾ ਬਾਰੇ ਜਾਣਿਆ।

ਇਸ ਦੇ ਨਾਲ ਦੱਸ ਦਈਏ ਕਿ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਹੈ ਕਿ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਸਬੰਧੀ ਬਿੱਲ, 2025’ ਦੀ ਪੜਚੋਲ ਲਈ ਬਣਾਈ ਗਈ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਹੀ ਨਕੋਦਰ ਗੋਲੀਕਾਂਡ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਰਿਪੋਰਟ (ਐਕਸ਼ਨ ਟੇਕਨ ਰਿਪੋਰਟ) ਦੀ ਵੀ ਜਾਂਚ ਕਰੇਗੀ।

ਚਾਰ ਫਰਵਰੀ, 1986 ਨੂੰ ਨਕੋਦਰ ਦੇ ਇੱਕ ਗੁਰਦੁਵਾਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਹੋਈ ਸੀ ਅਤੇ ਇਸ ਘਟਨਾ ਨਾਲ ਸਬੰਧਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਦੋਂ ਲੋਕਾਂ ਨੇ ਧਰਨਾ ਲਗਾਇਆ ਤਾਂ ਪੁਲਿਸ ਵੱਲੋਂ ਕਥਿਤ ਤੌਰ ‘ਤੇ ਚਲਾਈ ਗਈ ਗੋਲੀ ਵਿੱਚ ਰਵਿੰਦਰ ਸਿੰਘ ਲਿੱਤਰਾਂ ਅਤੇ ਉਸ ਦੇ ਸਾਥੀ ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਣ ਸਿੰਘ ਦੀ ਮੌਤ ਹੋ ਗਈ ਸੀ।

ਆਪਣੇ ਪੁੱਤਰ ਅਤੇ ਉਸ ਦੇ ਸਾਥੀਆਂ ਲਈ ਬਲਦੇਵ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਆਵਾਜ਼ ਬੁਲੰਦ ਕਰ ਰਹੇ ਹਨ, ਪਰ ਉਨ੍ਹਾਂ ਮੁਤਾਬਕ ਅਜੇ ਵੀ ਇਸ ਗੋਲੀ ਕਾਂਡ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਆਧੂਰੀ ਹੈ, ਕਿਉਂਕਿ ਇਸ ਘਟਨਾਕ੍ਰਮ ਨਾਲ ਸਬੰਧਤ ਸਰਕਾਰੀ ਰਿਕਾਰਡ ਹੀ ਪੀੜਤਾਂ ਨੂੰ ਅਜੇ ਤੱਕ ਮਿਲ ਨਹੀਂ ਸਕੇ।

ਪਿਛਲੇ ਦਿਨੀਂ ਪੀੜਤਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

1986 ਵਿੱਚ ਘਟਨਾ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।

1986 ਵਿੱਚ ਬੇਅਦਬੀ ਅਤੇ ਉਸ ਤੋਂ ਬਾਅਦ 2015 ਦੇ ਫ਼ਰੀਦਕੋਟ ਦੇ ਬਰਗਾੜੀ ਕਸਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਹੋਇਆ ਸੀ।

ਇਹਨਾਂ ਦੋਵੇਂ ਘਟਨਾਵਾਂ ਦਾ ਪੰਜਾਬ ਦੇ ਸਿਆਸੀ ਮੰਚਾਂ ਉੱਤੇ ਵਾਰ-ਵਾਰ ਜ਼ਿਕਰ ਹੁੰਦਾ ਹੈ, ਪਰ ਕਾਰਵਾਈ ਅਜੇ ਵੀ ਦੂਰ ਹੈ।

ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਕੋਦਰ ਗੋਲੀਕਾਂਡ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹਿੱਸਾ ਗਾਇਬ ਹੈ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਮਾਮਲੇ ਵਿੱਚ ਕੋਈ ਢੁੱਕਵੀਂ ਜਾਂਚ ਜਾਂ ਕਾਰਵਾਈ ਨਹੀਂ ਕੀਤੀ ਗਈ।

ਖ਼ਾਸ ਗੱਲ ਇਹ ਵੀ ਹੈ ਕਿ ਨਕੋਦਰ ਕਾਂਡ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਗਠਿਤ ਕੀਤੇ ਗਏ ਜੂਡੀਸ਼ੀਅਲ ਕਮਿਸ਼ਨ ਵੱਲੋਂ ਵੀ ਕੀਤੀ ਗਈ ਸੀ ਅਤੇ ਇਸ ਕਾਂਡ ਦੀ ਚਰਚਾ ਪਿਛਲੇ ਚਾਲੀ ਸਾਲ ਤੋਂ ਪੰਜਾਬ ਦੀ ਵਿਧਾਨ ਸਭਾ (15 ਜੁਲਾਈ 2025) ਅਤੇ ਸੰਸਦ ਵਿੱਚ ਹੋ ਰਹੀ ਹੈ, ਪਰ ਕਥਿਤ ਪੁਲਿਸ ਗੋਲੀ ਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਇਸ ਤੋਂ ਨਾਖੁਸ਼ ਹਨ।

ਦੂਜੇ ਪਾਸੇ ਭਾਰਤ ਦੇ ਨਾਲੋਂ ਵਿਦੇਸ਼ਾਂ ਵਿੱਚ ਸਾਕਾ ਨਕੋਦਰ ਦੀ ਚਰਚਾ ਜ਼ਿਆਦਾ ਹੈ। ਚਾਰ ਫਰਵਰੀ (ਜਿਸ ਦਿਨ ਗੋਲੀ ਕਾਂਡ ਹੋਇਆ ਸੀ) ਵਾਲੇ ਦਿਨ ਨੂੰ ਵੱਖ-ਵੱਖ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਅਤੇ ਨਗਰ ਕੌਂਸਲ ਵੱਲੋਂ ‘ਸਾਕਾ ਨਕੋਦਰ ਡੇਅ’ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ।

ਪੰਜਾਬ ਵਿਧਾਨ ਸਭਾ

ਕੀ ਹੈ ਨਕੋਦਰ ਕਾਂਡ ਦੀ ਪੂਰੀ ਘਟਨਾ

ਜਸਟਿਸ ਗੁਰਨਾਮ ਸਿੰਘ ਪੜਤਾਲੀਆਂ ਕਮਿਸ਼ਨ 1986 ਦੀ ਰਿਪੋਰਟ ਅਤੇ ਜਲੰਧਰ ਦੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ (ਸੇਵਾ ਮੁਕਤ ਪ੍ਰਿੰਸੀਪਲ ਸਕੱਤਰ) ਦਰਬਾਰਾ ਸਿੰਘ ਗੁਰੂ ਮੁਤਾਬਕ, 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਦੇ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ-ਭੇਟ ਹੋਏ ਸਨ।

ਇਸ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਜਦੋਂ ਉੱਥੇ ਪਹੁੰਚੇ ਤਾਂ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਸੀ।

ਜਸਟਿਸ ਗੁਰਨਾਮ ਸਿੰਘ ਪੜਤਾਲੀਆਂ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮਾਹੌਲ ਖ਼ਰਾਬ ਨਾ ਹੋਵੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਕੋਦਰ ਵਿੱਚ ਕਰਫ਼ਿਊ ਲੱਗਾ ਦਿੱਤਾ ਗਿਆ ਅਤੇ ਦਾਖ਼ਲ ਹੋਣ ਵਾਲੇ ਛੇ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਕੇ ਉੱਥੇ ਪੁਲਿਸ ਤੈਨਾਤ ਕਰ ਦਿੱਤੀ ਗਈ ਸੀ।

ਦਰਬਾਰਾ ਸਿੰਘ ਗੁਰੂ ਮੁਤਾਬਕ, “ਉਸ ਸਮੇਂ ਦੇ ਤਤਕਾਲੀ ਐੱਸਐੱਸਪੀ ਮਰਹੂਮ ਇਜ਼ਹਾਰ ਆਲਮ ਨੇ ਸਾਰੇ ਐਂਟਰੀ ਪੁਆਇੰਟਾਂ ਦਾ ਮੁਆਇਨਾ ਕੀਤਾ ਅਤੇ ਦੇਖਿਆ ਲੋਕ ਸ਼ਾਂਤਮਈ ਤਰੀਕੇ ਨਾਲ ਉੱਥੇ ਬੈਠੇ ਸਨ।”

ਦਰਬਾਰਾ ਸਿੰਘ ਗੁਰੂ ਨੇ ਦੱਸਿਆ, “ਚਾਰ ਫਰਵਰੀ ਨੂੰ ਜਦੋਂ ਮੈਂ ਅਤੇ ਤਤਕਾਲੀ ਐੱਸਐੱਸਪੀ ਪੁਲਿਸ ਥਾਣਾ ਨਕੋਦਰ ਵਿੱਚ ਬੈਠੇ ਸਨ ਤਾਂ ਉਨ੍ਹਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਅਤੇ ਤਤਕਾਲੀ ਐੱਸਐੱਸਪੀ (ਇਜ਼ਹਾਰ ਆਲਮ) ਨੇ ਦੱਸਿਆ ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਉਹ ਅਤੇ ਐੱਸਐੱਸਪੀ ਜਿਸ ਪਾਸੇ ਤੋਂ ਗੋਲੀ ਦੀ ਆਵਾਜ਼ ਆਈ ਸੀ, ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਚਾਰ ਨੌਜਵਾਨਾਂ ਦੇ ਗੋਲੀ ਲੱਗੀ ਹੈ। ਉਨ੍ਹਾਂ ਨੂੰ ਪੁਲਿਸ ਸਿਵਲ ਹਸਪਤਾਲ ਨਕੋਦਰ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।”

ਦਰਬਾਰਾ ਸਿੰਘ ਗੁਰੂ ਦੇ ਨਾਮ ਦਾ 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ ਵਿੱਚ ਜ਼ਿਕਰ ਹੋਇਆ ਸੀ।

ਲਿੱਤਰਾਂ ਪਿੰਡ ਦੇ ਬਲਦੇਵ ਸਿੰਘ ਮੁਤਾਬਕ ਜਿਨ੍ਹਾਂ ਚਾਰ ਨੌਜਵਾਨਾਂ ਦੀ ਮੌਤ ਪੁਲਿਸ ਦੀ ਕਥਿਤ ਗੋਲੀ ਨਾਲ ਹੋਈ ਸੀ, ਉਨ੍ਹਾਂ ਵਿੱਚ ਉਨ੍ਹਾਂ ਦਾ ਪੁੱਤਰ ਰਵਿੰਦਰ ਸਿੰਘ ਲਿੱਤਰਾਂ ਵੀ ਮੌਜੂਦ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਵਿੱਚ ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਰਾਏਪੁਰ ਚਲੂਪਰ ਵੀ ਸ਼ਾਮਲ ਸੀ।

ਕਰੀਬ 80 ਸਾਲਾ ਬਲਦੇਵ ਸਿੰਘ ਮੁਤਾਬਕ ਪੁਲਿਸ ਗੋਲੀ ਵਿੱਚ ਮਾਰੇ ਗਏ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਅਤੇ ਪੁਲਿਸ ਵੱਲੋਂ ਉਨ੍ਹਾਂ ਦਾ ਲਾਵਾਰਿਸ ਲਾਸ਼ਾਂ ਦੱਸ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀI

ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੈ ਕਿ ਪੀੜਤਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਰਵਾਈ ਦੇ ਸਬੰਧ ਵਿੱਚ ਘਟਨਾ ਦੀ ਨਿਆਂਇਕ ਜਾਂਚ ਲਈ ਉਸ ਸਮੇਂ ਨਕੋਦਰ ਵਿਖੇ ਧਰਨਾ ਵੀ ਲਗਾਇਆ ਸੀ ਪਰ 5 ਫਰਵਰੀ 1986 ਦੀ ਸ਼ਾਮ ਨੂੰ ਪੰਜਾਬ ਸਰਕਾਰ ਵੱਲੋਂ ਸਮਾਂ ਬੱਧ ਉੱਚ ਪੱਧਰੀ ਨਿਆਂਇਕ ਜਾਂਚ ਦੇ ਐਲਾਨ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ ਸੀI

ਬਾਅਦ ਵਿੱਚ ਤਤਕਾਲੀ ਬਰਨਾਲਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਤਤਕਾਲੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਦਾ ਗਠਨ ਕੀਤਾ ਸੀI

ਦਰਬਾਰਾ ਸਿੰਘ ਗੁਰੂ

ਬਲਦੇਵ ਸਿੰਘ ਮੁਤਾਬਕ, “ਆਪਣੇ ਪੁੱਤਰ ਦੀ ਲਾਸ਼ ਲੈਣ ਲਈ ਬਹੁਤ ਕੋਸ਼ਿਸ਼ ਕੀਤੀ ਅਤੇ ਸਰਕਾਰੀ ਦਰਬਾਰੇ ਪਹੁੰਚ ਵੀ ਕੀਤੀ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀI”

ਉਨ੍ਹਾਂ ਦੱਸਿਆ ਕਿ ਨਕੋਦਰ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਨੇ ਆਪਣੇ ਪੁੱਤਰ ਅਤੇ ਸਾਥੀਆਂ ਦੇ ਸਿਵੇ ਦੀਆਂ ਸਿਰਫ਼ ਦੂਰੋਂ ਲਾਟਾਂ ਹੀ ਦੇਖੀਆਂ ਸਨI

ਬਲਦੇਵ ਸਿੰਘ ਆਖਦੇ ਹਨ ਕਿ ਉਨ੍ਹਾਂ ਨੇ ਹਰ ਉਸ ਦਰਵਾਜ਼ੇ ਉੱਤੇ ਦਸਤਕ ਦਿੱਤੀ ਜਿੱਥੋਂ ਇਸ ਮਾਮਲੇ ਦੇ ਸਬੰਧ ਵਿੱਚ ਕੁਝ ਉਮੀਦ ਸੀ, ਪਰ ਹੋਇਆ ਕੁਝ ਵੀ ਨਹੀਂI

ਬਲਦੇਵ ਸਿੰਘ ਦੱਸਦੇ ਹਨ ਕਿ ਰਵਿੰਦਰ ਸਿੰਘ, ਜਿਸ ਨੂੰ ਉਹ ਪਿਆਰ ਨਾਲ ‘ਗੋਲਾ’ ਆਖਦੇ ਸਨ, ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਜਿਸ ਸਮੇਂ ਇਹ ਘਟਨਾ ਹੋਈ, ਉਸ ਵੇਲੇ ਉਹ ਖ਼ਾਲਸਾ ਕਾਲਜ ਲਾਇਲਪੁਰ ਜਲੰਧਰ ਦਾ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਉਹ ਧਾਰਮਿਕ ਵਿਚਾਰਾਂ ਦਾ ਸੀ ਅਤੇ ਖੇਡਾਂ ਨਾਲ ਉਸ ਨੂੰ ਪਿਆਰ ਸੀI

ਬਲਦੇਵ ਸਿੰਘ ਦੱਸਦੇ ਹਨ 19 ਸਾਲਾ ਰਵਿੰਦਰ ਸਿੰਘ ਬੀਮਾ ਏਜੰਟ ਦੇ ਤੌਰ ਉੱਤੇ ਵੀ ਕੰਮ ਕਰਦਾ ਸੀ ਅਤੇ ਉਸ ਵੱਲੋਂ ਕੀਤੇ ਬੀਮੇ ਦੀਆਂ ਰਸੀਦਾਂ, ਉਨ੍ਹਾਂ ਨੇ ਹੁਣ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨI

ਬਲਦੇਵ ਸਿੰਘ ਹਰ ਸਾਲ ਫ਼ਰਵਰੀ ਮਹੀਨੇ ਵਿੱਚ ਕੈਨੇਡਾ ਤੋਂ ਭਾਰਤ ਆਉਂਦੇ ਹਨ ਅਤੇ ਨਕੋਦਰ ਗੋਲੀ ਕਾਂਡ ਦੀ ਯਾਦ ਵਿੱਚ ਸਮਾਗਮ ਕਰਵਾਉਂਦੇ ਹਨ। ਇਸ ਵਿੱਚ ਉਹ ਵੱਖ-ਵੱਖ ਸਿੱਖ, ਧਾਰਮਿਕ, ਮਨੁੱਖੀ ਅਧਿਕਾਰ ਅਤੇ ਵਿਦਿਆਰਥੀ ਜਥੇਬੰਦੀਆਂ ਨਾਲ ਮਿਲ ਕੇ ਇਸ ਮਾਮਲੇ ਦੀ ਪੈਰਵੀ ਕਰਦੇ ਹਨI

ਬਲਦੇਵ ਸਿੰਘ ਦੱਸਦੇ ਹਨ, “ਇਸ ਗੋਲੀ ਕਾਂਡ ਵਿੱਚ ਮਾਰੇ ਗਏ ਬਾਕੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਪੰਜਾਬ ਛੱਡ ਕੇ ਵਿਦੇਸ਼ ਵੱਸ ਚੁੱਕੇ ਹਨI”

ਆਪਣੇ ਪਿੰਡ ਲਿੱਤਰਾਂ ਵਿਖੇ ਬੀਬੀਸੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਲਦੇਵ ਸਿੰਘ ਲਿੱਤਰਾਂ ਨੇ ਭਰੇ ਮਨ ਨਾਲ ਕਿਹਾ, “ਸਾਕਾ ਨਕੋਦਰ ਗੋਲੀ ਕਾਂਡ ਦੇ 4 ਦਹਾਕਿਆਂ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ, ਅਕਾਲੀ-ਭਾਜਪਾ, ਕਾਂਗਰਸ ਅਤੇ ‘ਆਪ’ ਪੰਜਾਬ ਵਿੱਚ ਰਾਜ ਕਰ ਚੁੱਕੀਆਂ ਹਨ, ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਇਸ ਮਾਮਲੇ ਦੀ ਅਜਿਹੀ ਪੈਰਵੀ ਨਹੀਂ ਕੀਤੀ ਕਿ ਇਸ ਦਾ ਸੱਚ ਸਾਹਮਣੇ ਆ ਸਕੇI”

“ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਅੰਮ੍ਰਿਤਸਰ ਵਿਖੇ ਸਿੱਖ ਅਜਾਇਬਘਰ ਵਿੱਚ ਲਗਵਾਇਆ ਗਿਆ ਸੀI”

ਬਲਦੇਵ ਸਿੰਘ ਲਿੱਤਰਾਂ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨI

ਬਲਦੇਵ ਸਿੰਘ ਲਿੱਤਰਾਂ

ਨਿਆਂਇਕ ਕਮਿਸ਼ਨ ਅਤੇ ਵਿਧਾਨ ਸਭਾ ਦੀ ਕਾਰਵਾਈ

ਤਤਕਾਲੀ ਬਰਨਾਲਾ ਸਰਕਾਰ ਵੱਲੋਂ ਘਟਨਾ ਦੀ ਜਾਂਚ ਲਈ ਤਤਕਾਲੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਕਮਿਸ਼ਨ ਵੀ ਗਠਿਤ ਕੀਤਾ ਗਿਆ ਜਿਸ ਨੇ ਜਾਂਚ ਕਰ ਕੇ 31 ਅਕਤੂਬਰ, 1986 ਨੂੰ ਆਪਣੀ ਰਿਪੋਰਟ ਮੁਕੰਮਲ ਕਰ ਕੇ ਸਰਕਾਰ ਨੂੰ ਸੌਂਪ ਦਿੱਤੀ ਪਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈI

ਰਿਪੋਰਟ ਦੇ ਪੈਰਾ ਨੰਬਰ 42 ਵਿੱਚ ਨਕੋਦਰ ਥਾਣੇ ਦੇ ਤਤਕਾਲੀ ਐੱਸਐੱਚਓ ਜਸਕੀਰਤ ਸਿੰਘ ਦੇ ਬਿਆਨ ਦੇ ਹਵਾਲੇ ਦਾ ਜ਼ਿਕਰ ਹੈ ਜਿਸ ਮੁਤਾਬਕ, “ਜਦੋਂ ਭੀੜ ਕਾਬੂ ਵਿੱਚ ਨਾ ਆਈ ਤਾਂ ਉਸ ਸਮੇਂ ਦੇ ਤਤਕਾਲੀ ਐੱਸਪੀ ਆਪਰੇਸ਼ਨ ਨੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨਾ ਤੋਂ ਬਾਅਦ ਨਿਯੰਤ੍ਰਿਤ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ, ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਈ ਅਤੇ ਕੁਝ ਜ਼ਖ਼ਮੀ ਹੋ ਗਏ।”

“ਬਾਅਦ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈI ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਮੁਤਾਬਕ ਅਜਿਹਾ ਹੀ ਬਿਆਨ ਤਤਕਾਲੀ ਡੀਐੱਸਪੀ ਜੀਐੱਸ ਘੁੰਮਣ ਵਲੋਂ ਵੀ ਦਿੱਤਾ ਗਿਆ ਸੀI”

ਕਰੀਬ 14 ਸਾਲ ਦੇ ਵਕਫ਼ੇ ਬਾਅਦ ਜਦੋਂ ਇਸ ਰਿਪੋਰਟ ਨੂੰ ਮਾਰਚ 2001 ਦੌਰਾਨ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਇਸ ਉੱਪਰ ਨਾ ਤਾਂ ਕੋਈ ਬਹਿਸ ਹੋਈ ਅਤੇ ਨਾ ਹੀ ਕੋਈ ਕਾਰਵਾਈ ਹੋਈI

ਬਲਦੇਵ ਸਿੰਘ ਲਿੱਤਰਾਂ ਦਾ ਕਹਿਣਾ, “ਚਾਰ ਦਹਾਕਿਆਂ ਦੇ ਬੀਤ ਜਾਣ ਤੋਂ ਬਾਅਦ ਵੀ ਨਿਆਂਇਕ ਕਮਿਸ਼ਨ ਦੀ ਪੂਰੀ ਰਿਪੋਰਟ ਹੀ ਜਨਤਕ ਨਹੀਂ ਹੋਈ।”

ਖ਼ਾਸ ਗੱਲ ਇਹ ਵੀ ਹੈ ਕਿ ਜਾਂਚ ਰਿਪੋਰਟ ਦੇ ਦੋ ਭਾਗ ਸਨ, ਜਿਸ ਵਿੱਚੋਂ ਇੱਕ ਭਾਗ ਤਾਂ ਮੌਜੂਦ ਹੈ, ਪਰ ਦੂਜਾ ਭਾਗ ਵਿਧਾਨ ਸਭਾ ਵਿਚੋਂ ਗ਼ਾਇਬ ਹੈ, ਜਿਸ ਦੀ ਪੁਸ਼ਟੀ ਵਿਧਾਨ ਸਭਾ ਦਾ ਰਿਕਾਰਡ ਵੀ ਕਰਦਾ ਹੈI

ਸਾਲ 2018 ਵਿੱਚ ਤਤਕਾਲੀ ਵਿਧਾਇਕ ਕੰਵਰ ਸੰਧੂ ਅਤੇ ਵਿਧਾਇਕ ਐੱਚਐੱਸ ਫੂਲਕਾ ਨੇ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਹਾਊਸ ਵਿੱਚ ਟੇਬਲ ਕਰਨ ਦੀ ਮੰਗ ਕੀਤੀ ਸੀI

2019 ਵਿੱਚ ਵਿਧਾਨ ਸਭਾ ਦੇ ਸਕੱਤਰੇਤ ਨੇ ਲਿਖਤੀ ਆਦੇਸ਼ ਵਿੱਚ ਦੱਸਿਆ ਸੀ, ਕਿ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਦੂਜਾ ਭਾਗ ਉਨ੍ਹਾਂ ਦੇ ਰਿਕਾਰਡ ਵਿੱਚ ਨਹੀਂ ਹੈI

15 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਨਕੋਦਰ ਕਾਂਡ ਦੇ ਮਾਮਲੇ ‘ਚ ਐਕਸ਼ਨ ਟੇਕਨ (ਕਾਰਵਾਈ) ਰਿਪੋਰਟ ਦੀ ਗੁੰਮਸ਼ੁਦਗੀ ਬਾਰੇ ਸਦਨ ਦੀ ਕਮੇਟੀ ਬਣਾਉਣ ਦੀ ਮੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਹਾਊਸ ਤੋਂ ਕੀਤੀ ਸੀI

ਗੁਰਨਾਮ ਸਿੰਘ ਜਾਂਚ ਪੜਤਾਲ ਕਮਿਸ਼ਨ ਪੰਜਾਬ

ਨਕੋਦਰ ਪੁਲਿਸ ਹਾਲੇ ਵੀ ਗੋਲੀ ਕਾਂਡ ਅਤੇ ਸਸਕਾਰ ਤੋਂ ਮੁਨਕਰ

ਤਤਕਾਲੀ ਏਡੀਸੀ ਦਰਬਾਰਾ ਸਿੰਘ ਨੇ ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਆਖਿਆ ਹੈ, “ਚਾਰ ਫਰਵਰੀ 1986 ਨੂੰ ਨਕੋਦਰ ਵਿੱਚ ਗੋਲੀ ਕਾਂਡ ਹੋਇਆ ਸੀ ਅਤੇ ਚਾਰ ਨੌਜਵਾਨਾਂ ਦੇ ਪੋਸਟ ਮਾਰਟਮ ਲਈ ਉਨ੍ਹਾਂ ਨੇ ਹੀ ਫਾਈਲ ਉੱਤੇ ਹਸਤਾਖ਼ਰ ਕੀਤੇ ਸਨI”

ਇਸ ਤੋਂ ਇਲਾਵਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੇ ਪੈਰਾ ਨੰਬਰ 50 ਵਿੱਚ ਉਸ ਸਮੇਂ ਨਕੋਦਰ ਸਿਵਲ ਹਸਪਤਾਲ ਦੇ ਡਾਕਟਰ ਪਾਲ ਸਿੰਘ ਦੇ ਹਵਾਲੇ ਨਾਲ ਮ੍ਰਿਤਕ ਨੌਜਵਾਨਾਂ ਦੇ ਪੋਸਟ ਮਾਰਟਮ ਦਾ ਵੇਰਵਾ ਦਿੱਤਾ ਗਿਆ ਹੈI

ਪਰ ਦੂਜੇ ਪਾਸੇ ਨਕੋਦਰ ਪੁਲਿਸ ਦਾ ਸਰਕਾਰੀ ਰਿਕਾਰਡ ਕਹਿੰਦਾ ਹੈ ਕਿ ਚਾਰ ਫਰਵਰੀ ਨੂੰ ਸ਼ਹਿਰ ਵਿੱਚ ਕੋਈ ਗੋਲੀ ਕਾਂਡ ਹੋਇਆ ਹੀ ਨਹੀਂI

19 ਜਨਵਰੀ 2018 ਨੂੰ ਸੂਚਨਾ ਦੇ ਅਧਿਕਾਰ ਤਹਿਤ ਦਿੱਤੇ ਲਿਖਤੀ ਜਵਾਬ ਵਿੱਚ ਡੀਐੱਸਪੀ ਸਬ ਡਵੀਜ਼ਨ ਨਕੋਦਰ ਮੁਕੇਸ਼ ਕੁਮਾਰ ਆਖਦੇ ਹਨ (ਜਵਾਬ ਦੀ ਕਾਪੀ ਬੀਬੀਸੀ ਕੋਲ) ,”ਚਾਰ ਫਰਵਰੀ 1986 ਨੂੰ ਸ਼ਹਿਰ ਵਿੱਚ ਕੋਈ ਗੋਲੀਕਾਂਡ ਹੋਇਆ ਹੀ ਨਹੀਂ ਅਤੇ ਨਾ ਹੀ ਗੋਲੀ ਲੱਗਣ ਕਾਰਨ ਕਿਸੇ ਦੀ ਮੌਤ ਹੋਈ ਹੈ।”

ਇਸ ਪੱਤਰ ਵਿੱਚ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪੰਜ ਫਰਵਰੀ 1986 ਨੂੰ ਕਿਸੇ ਵੀ ਲਵਾਰਿਸ ਲਾਸ਼ ਦਾ ਨਕੋਦਰ ਵਿੱਚ ਸਸਕਾਰ ਹੀ ਨਹੀਂ ਹੋਇਆI

ਨਗਰ ਕੌਂਸਲ ਨਕੋਦਰ ਨੇ ਵੀ ਆਰਟੀਆਈ ਰਾਹੀਂ ਜਵਾਬ ਦਿੰਦੇ ਹੋਏ ਆਖਿਆ ਸੀ, ਪੰਜ ਫਰਵਰੀ ਨੂੰ ਅਣਪਛਾਤੀਆਂ ਲਾਸ਼ਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈI

ਪਰ ਦਰਬਾਰਾ ਸਿੰਘ ਗੁਰੂ ਮੁਤਾਬਕ ਘਟਨਾ ਦੇ ਸਬੰਧ ਵਿੱਚ ਸਰਕਾਰ ਨੇ ਉਸ ਸਮੇਂ ਤਤਕਾਲੀ ਐੱਸਐੱਸਪੀ ਇਜ਼ਹਾਰ ਆਲਮ ਦਾ ਤਬਦਾਲਾ ਕੀਤਾ ਅਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਵੀ ਕੀਤਾ ਸੀ। ਇਸ ਗੱਲ ਦਾ ਵੇਰਵਾ 1986 ਦੀਆਂ ਮੀਡੀਆ ਰਿਪੋਰਟਾਂ ਤੋਂ ਵੀ ਮਿਲਦਾ ਹੈI

ਦਰਬਾਰਾ ਸਿੰਘ ਗੁਰੂ

ਤਤਕਾਲੀ ਸਰਕਾਰੀ ਅਧਿਕਾਰੀਆਂ ਦਾ ਪੱਖ ਅਤੇ ਗੋਲੀਕਾਂਡ ਦੀ ਪੁਸ਼ਟੀ

ਜਿਸ ਸਮੇਂ ਨਕੋਦਰ ਵਿੱਚ 1986 ਬੇਅਦਬੀ ਅਤੇ ਉਸ ਤੋਂ ਬਾਅਦ ਗੋਲੀ ਕਾਂਡ ਦੀ ਘਟਨਾ ਹੋਈ ਤਾਂ ਜਲੰਧਰ ਦੇ ਤਤਕਾਲੀ ਮਰਹੂਮ ਐੱਸਐੱਸਪੀ ਇਜ਼ਹਾਰ ਆਲਮ (ਸਾਬਕਾ ਡੀਜੀਪੀ) ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ (ਸਾਬਕਾ ਪ੍ਰਿੰਸੀਪਲ ਸਕੱਤਰ ) ਸਨI

ਜੁਲਾਈ 2021 ਵਿੱਚ ਇਜ਼ਹਾਰ ਆਲਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਪਤਨੀ ਫਰਜ਼ਾਨਾ ਆਲਮ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਚੁੱਕੇ ਹਨI

13 ਅਪ੍ਰੈਲ ਦੀ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੌਰਾਨ ਵੀ ਇਨ੍ਹਾਂ ਦੇ ਨਾਵਾਂ ਦਾ ਜ਼ਿਕਰ ਹੋਇਆ ਸੀ।

ਬੀਬੀਸੀ ਪੰਜਾਬੀ ਨੇ ਨਕੋਦਰ ਕਾਂਡ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ (ਸਾਬਕਾ ਪ੍ਰਿੰਸੀਪਲ ਸਕੱਤਰ ) ਨਾਲ ਗੱਲ ਕੀਤੀ ਅਤੇ ਜਾਣਿਆਂ ਆਖ਼ਰਕਾਰ ਇਹ ਘਟਨਾ ਹੋਈ ਕਿਵੇਂ ਸੀI

ਦਰਬਾਰਾ ਸਿੰਘ ਗੁਰੂ ਮੁਤਾਬਕ ਇਹ ਘਟਨਾ ਬਹੁਤ ਮੰਦਭਾਗੀ ਸੀ ਕਿਉਂਕਿ ਇਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀI

ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਰਬਾਰਾ ਸਿੰਘ ਗੁਰੂ ਨੇ ਆਖਿਆ ਕਿ ਗੋਲੀ ਉਸ ਸਮੇਂ ਦੇ ਐੱਸਪੀ ਆਪਰੇਸ਼ਨ ਦੇ ਹੁਕਮਾਂ ਉੱਤੇ ਚੱਲੀ ਸੀI

ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਮੁਤਾਬਕ ਐੱਸਪੀ ਨੇ ਗੋਲੀ ਚਲਾਉਣ ਸਬੰਧੀ ਮੈਜਿਸਟ੍ਰੇਟ ਕੋਲੋ ਵਾਇਰਲੈਸ ਉਤੇ ਕੋਈ ਹੁਕਮ ਨਹੀਂ ਸੀ ਲਿਆ, ਕਿਉਂਕਿ ਉਸ ਮੁਤਾਬਕ ਉਹ ਸੰਭਵ ਨਹੀਂ ਸੀI

ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੇ ਪੈਰਾ ਨੰਬਰ 41 ਦੇ ਮੁਤਾਬਕ ਤਤਕਾਲੀ ਐੱਸਪੀ ਨੇ ਆਪਣੇ ਬਿਆਨਾਂ ਵਿੱਚ ਆਖਿਆ ਸੀ ਕਿ ਭੀੜ ਖਿਲਰੀ ਹੋਈ ਸੀ ਅਤੇ ਉਸ ਦੀ ਸੁਰੱਖਿਆ ਬਲਾਂ ਤੋਂ ਮਹਿਜ਼ 15 ਤੋਂ 20 ਗੱਜ ਦੀ ਦੂਰੀ ਸੀ, ਜਿੱਥੋਂ ਗੋਲੀਆਂ ਚਲਾਈਆਂ ਗਈਆਂI

ਦਰਬਾਰਾ ਸਿੰਘ ਗੁਰੂ ਨੇ ਬੀਬੀਸੀ ਨੂੰ ਦੱਸਿਆ ਕਿ ਜਿਸ ਸਮੇਂ ਗੋਲੀ ਚੱਲੀ ਉਹ ਘਟਨਾ ਵਾਲੀ ਥਾਂ ਉੱਤੇ ਮੌਜੂਦ ਨਹੀਂ ਸੀ ਅਤੇ ਬਾਅਦ ਵਿੱਚ ਉਸ ਸਥਾਨ ਉੱਤੇ ਪਹੁੰਚੇ ਸਨ ਤਾਂ ਉਦੋਂ ਤੱਕ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਸੀI

ਉਨ੍ਹਾਂ ਦੱਸਿਆ ਕਿ ਚਾਰ ਨੌਜਵਾਨਾਂ ਦੀ ਪੋਸਟ ਮਾਰਟਮ ਵਾਲੀ ਫਾਈਲ ਉੱਤੇ ਹਸਤਾਖ਼ਰ ਉਨ੍ਹਾਂ ਜ਼ਰੂਰ ਕੀਤੇ ਸਨ,ਪਰ ਬਾਕੀ ਦੀ ਸਾਰੀ ਕਾਰਵਾਈ ਪੁਲਿਸ ਦੀ ਸੀI

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨਾਂ ਦੇ ਨਾਮ ਪੋਸਟ ਮਾਰਟਮ ਵਾਲੀ ਫਾਈਲ ਉੱਤੇ ਦਰਜ ਸੀ, ਤਾਂ ਉਨ੍ਹਾਂ ਆਖਿਆ, “ਇਹ ਮੈਨੂੰ ਹੁਣ ਯਾਦ ਨਹੀਂ ਹੈ ਕਿਉਂਕਿ ਘਟਨਾ ਹੁਣ ਬਹੁਤ ਪੁਰਾਣੀ ਹੋ ਚੁੱਕੀ ਹੈI”

ਉਨ੍ਹਾਂ ਦੱਸਿਆ, “ਪੋਸਟ ਮਾਰਟਮ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੁੰਦੀ ਹੈ ਕਿ ਮੌਤ ਦਾ ਕਾਰਨ ਗੋਲੀ ਹੀ ਸੀ, ਜੋ ਕਿ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਜ਼ਿਆਦਾ ਵੱਜੀਆਂ ਸਨI”

ਦਰਬਾਰਾ ਸਿੰਘ ਗੁਰੂ ਮੁਤਾਬਕ, “ਜਿਸ ਅਧਿਕਾਰੀ ਉੱਤੇ ਕਥਿਤ ਤੌਰ ਉਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਸਨ, ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ ਪਰ ਕਿਉਂਕਿ ਉਹ ਕੇਂਦਰੀ ਅਰਧ ਸੈਨਿਕ ਬਲ ਦਾ ਅਧਿਕਾਰੀ ਸੀ ਤੇ ਉਸ ਖ਼ਿਲਾਫ਼ ਕਾਰਵਾਈ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਸ਼ਾਇਦ ਬਾਹਰ ਸੀ। ਉਸ ਖ਼ਿਲਾਫ਼ ਕਾਰਵਾਈ ਨਹੀਂ ਹੋਈI”

ਬਲਦੇਵ ਸਿੰਘ ਲਿੱਤਰਾਂ

ਪੰਜਾਬ ਦੀਆਂ ਸਰਕਾਰੀ ਫਾਈਲਾਂ ‘ਚ ਗੁਆਚੇ ਨਕੋਦਰ ਗੋਲੀ ਕਾਂਡ ਨੂੰ ਵਿਦੇਸ਼ ‘ਚ ਮਾਨਤਾ

2 ਫਰਵਰੀ 1986 ਨੂੰ ਨਕੋਦਰ ਵਿੱਚ ਵਾਪਰੇ ਇਸ ਗੋਲੀ ਕਾਂਡ ਦੀ ਪੰਜਾਬ ਵਿੱਚ ਬਹੁਤ ਘੱਟ ਚਰਚਾ ਹੁੰਦੀ ਹੈ, ਪਰ ਵਿਦੇਸ਼ਾਂ ਵਿੱਚ ਇਹ ਮੁੱਦਾ ਅਜੇ ਵੀ ਗਰਮ ਹੈI

ਸੋਸ਼ਲ ਮੀਡੀਆ ਉੱਤੇ ਬਕਾਇਦਾ ਇਸ ਗੋਲੀ ਕਾਂਡ ਨਾਲ ਸਬੰਧਿਤ ਪੇਜ ਬਣੇ ਹੋਏ ਹਨ, ਜਿੱਥੇ ਇਸ ਘਟਨਾ ਦੇ ਵੇਰਵਾ ਦਰਜ ਹੁੰਦਾ ਰਹਿੰਦਾ ਹੈ।

ਚਾਰ ਫਰਵਰੀ ਭਾਵ ਜਿਸ ਦਿਨ ਇਹ ਗੋਲੀਕਾਂਡ ਹੋਇਆ ਸੀ, ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਹਰ ਸਾਲ ਯਾਦ ਕੀਤਾ ਜਾਂਦਾ ਹੈ ਅਤੇ ਇਹਨਾਂ ਦੇਸ਼ਾਂ ਦੀਆਂ ਕੁਝ ਸੂਬਾਈ ਸਰਕਾਰਾਂ (ਅਮਰੀਕਾ ਵਿੱਚ ਇੱਕ ਸੂਬੇ ਅਤੇ ਕੈਨੇਡਾ ਦੇ ਦੋ ਸੂਬਿਆਂ) ਨੇ ਇਸ ਦਿਨ ਨੂੰ ਮਾਨਤਾ ਵੀ ਦੇ ਦਿੱਤੀ ਹੈ। ਇਸ ਤਹਿਤ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ (‘ਸਾਕਾਨਕੋਦਰ ਡੇਅ’) ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਅਮਰੀਕਾ ਦੇ ਇੱਕ ਦਰਜਨਾਂ ਦੇ ਕਰੀਬ ਸ਼ਹਿਰਾਂ ਅਤੇ ਕਾਊਂਟੀਆਂ ਨੇ ਵੀ 4 ਫਰਵਰੀ 1986 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ ਹੈI

ਮ੍ਰਿਤਕ ਰਵਿੰਦਰ ਸਿੰਘ ਦੇ ਯੂਐੱਸ ਰਹਿੰਦੇ ਭਰਾ ਡਾਕਟਰ ਹਰਿੰਦਰ ਸਿੰਘ ਲਿੱਤਰਾਂ ਨੇ ਦੱਸਿਆ ਕਿ ਕੈਲੇਫੋਰਨੀਆ ਅਸੈਂਬਲੀ ਵੱਲੋਂ ਹਰ ਸਾਲ ਪੂਰੇ ਸੂਬੇ ਵਿੱਚ ਸਾਕਾ ਨਕੋਦਰ ਦਿਵਸ ਵਜੋਂ ਮਨਾਇਆ ਜਾਂਦਾ ਹੈI

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਡਾਕਟਰ ਹਰਿੰਦਰ ਸਿੰਘ ਲਿੱਤਰਾਂ ਨੇ ਦੱਸਿਆ ਕਿ ਵਿਦੇਸ਼ਾਂ ਦੇ ਗੁਰਦੁਆਰਾ ਵਿੱਚ ਸਥਾਪਿਤ ਅਜਾਇਬ ਘਰਾਂ ਵਿੱਚ ਉਨ੍ਹਾਂ ਦੇ ਭਰਾ ਅਤੇ ਸਾਥੀਆਂ ਦੀਆਂ ਤਸਵੀਰਾਂ ਬਹੁਤ ਸਮਾਂ ਪਹਿਲਾਂ ਹੀ ਲੱਗ ਗਈਆਂ ਸਨ, ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਿੱਖ ਅਜਾਇਬ ਘਰ ਵਿੱਚ ਇਹ ਤਸਵੀਰਾਂ 31 ਸਾਲ ਬਾਅਦ ਲੱਗੀਆਂI

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਕਦਰ ਹੈ ਅਤੇ ਇਸ ਲਈ ਉਹ ਵਿਸ਼ਵ ਪੱਧਰ ਉੱਤੇ ਨਕੋਦਰ ਕਾਂਡ ਬਾਰੇ ਜਾਗਰੂਕ ਮੁਹਿੰਮ ਚਲਾ ਰਹੇ ਹਨ, ਜਿਸ ਨੂੰ ਹੁੰਗਾਰਾ ਵੀ ਮਿਲ ਰਿਹਾ ਹੈI

ਹਰਪਾਲ ਸਿੰਘ ਚੀਮਾ

ਤਸਵੀਰ ਸਰੋਤ, Government of Punjab

ਪੰਜਾਬ ਸਰਕਾਰ ਦਾ ਪੱਖ

ਉਧਰ ਵਿਧਾਨ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਪੜਤਾਲੀਆ ਰਿਪੋਰਟ ਦਾ ਦੂਜਾ ਭਾਗ ਗਾਇਬ ਹੋਣ ਸਬੰਧੀ ਬੀਬੀਸੀ ਪੰਜਾਬੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਉੱਤੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸਾਕਾ ਨਕੋਦਰ ਬਹੁਤ ਮੰਦਭਾਗੀ ਘਟਨਾ ਸੀ ਅਤੇ ਪੀੜਤਾਂ ਨੇ ਪਿਛਲੇ ਦਿਨੀਂ ਉਨ੍ਹਾਂ ਨਾਲ ਚੰਡੀਗੜ ਵਿਖੇ ਮੁਲਾਕਾਤ ਕਰਕੇ ਕੇਸ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਬਾਬਤ ਕਾਨੂੰਨੀ ਰਾਏ ਲਈ ਜਾ ਰਹੀ ਹੈ ਅਤੇ ਗਾਇਬ ਹੋਈ ਰਿਪੋਰਟ ਦੀ ਜਾਂਚ ਜਾਰੀ ਹੈI

13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਨਕੋਦਰ ਕਾਂਡ ਵਿੱਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਗਠਨ ਹੋਇਆ ਸੀ। ਉਸ ਦੀ ਰਿਪੋਰਟ ਦਾ ਇੱਕ ਹਿੱਸਾ ਤਾਂ ਮਿਲ ਗਿਆ, ਪਰ ਦੂਜਾ ਹਿੱਸਾ ਅੱਜ ਤੱਕ ਗਾਇਬ ਹੈ। ਪਿਛਲੀਆਂ ਸਰਕਾਰਾਂ, ਅਕਾਲੀ ਦਲ, ਭਾਜਪਾ ਤੇ ਕਾਂਗਰਸ, ਕਿਸੇ ਨੇ ਵੀ ਨਾ ਤਾਂ ਇਸ ਰਿਪੋਰਟ ਨੂੰ ਲੱਭਣ ਲਈ ਗੰਭੀਰ ਕੋਸ਼ਿਸ਼ ਕੀਤੀ ਅਤੇ ਨਾ ਹੀ ਨਕੋਦਰ ਕਾਂਡ ਵਿੱਚ ਕੋਈ ਢੁੱਕਵੀਂ ਕਾਰਵਾਈ ਕੀਤੀ। ਸਾਲਾਂ ਤੱਕ ਇਹ ਮਾਮਲਾ ਅਣਡਿੱਠਾ ਰਿਹਾ ਅਤੇ ਇਨਸਾਫ਼ ਨਹੀਂ ਮਿਲਿਆ।”

ਦਲਜੀਤ ਸਿੰਘ ਚੀਮਾ

ਗੋਲੀਕਾਂਡ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ- ਸ਼੍ਰੋਮਣੀ ਅਕਾਲੀ ਦਲ

1986 ਵਿੱਚ ਜਿਸ ਸਮੇਂ ਘਟਨਾ ਹੋਈ ਸੀ, ਉਸ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸਰਕਾਰ ਸੀI ਉਸ ਸਮੇਂ ਦੀ ਸਰਕਾਰ ਵੱਲੋਂ ਇਸ ਦੀ ਜਾਂਚ ਵੀ ਕਰਵਾਈ ਗਈ ਸੀ ਅਤੇ ਅਤੇ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਵੀ ਹੋਈ ਪਰ ਇਸ ਉੱਤੇ ਕੋਈ ਐਕਸ਼ਨ ਨਹੀਂ ਹੋਇਆI

ਇਸ ਮੁੱਦੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ, “ਇਹ ਘਟਨਾ ਬਹੁਤ ਮੰਦਭਾਗੀ ਸੀ ਅਤੇ ਇਸ ਬਾਰੇ ਪਹਿਲਾਂ ਹੀ ਵਿਧਾਨ ਸਭਾ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਚਰਚਾ ਕਰ ਚੁੱਕੀਆਂ ਹਨ।”

“ਖ਼ਾਸ ਤੌਰ ਉੱਤੇ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੇ ਵੀ ਇਸ ਦੀ ਜਾਂਚ ਦੀ ਗੱਲ ਕਹੀ ਸੀ ਪਰ ਹੋਇਆ ਕੁਝ ਨਹੀਂ I”

ਉਨ੍ਹਾਂ ਆਖਿਆ, “ਘਟਨਾ ਸਬੰਧੀ ਜੇਕਰ ਕਿਸੇ ਕੋਲ ਪੁਖ਼ਤਾ ਸਬੂਤ ਹਨ ਤਾਂ ਉਸ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਇਸ ਉੱਤੇ ਰਾਜਨੀਤੀ ਨਹੀਂ ਬਿਲਕੁਲ ਨਹੀਂ ਹੋਣੀ ਚਾਹੀਦੀI”

ਗੁਰਦੁਆਰਾ

ਸਾਕਾ ਨਕੋਦਰ ਸਬੰਧੀ ਘਟਨਾਕ੍ਰਮ

2 ਫਰਵਰੀ 1986

ਨਕੋਦਰ (ਜਲੰਧਰ ਜ਼ਿਲ੍ਹਾ) ਦੇ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ (ਮੁਹੱਲਾ ਨਾਨਕਪੁਰਾ/ਗੁਰੂ ਨਾਨਕਪੁਰਾ) ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ-ਭੇਟ ਹੋਣ ਤੋਂ ਬਾਅਦ ਵਿੱਚ ਭਾਰੀ ਰੋਸ ਪੈਦਾ ਹੋਇਆI

ਜ਼ਿਲ੍ਹਾ ਪ੍ਰਸ਼ਾਸਨ ਨੇ ਮਾਹੌਲ ਖ਼ਰਾਬ ਨਾ ਹੋਣ ਲਈ ਨਕੋਦਰ ਵਿੱਚ ਕਰਫਿਊ ਲਗਾ ਦਿੱਤਾ ਅਤੇ ਸ਼ਹਿਰ ਦੇ 6 ਐਂਟਰੀਪੁਆਇੰਟਾਂ ‘ਤੇ ਪੁਲਿਸ ਤੈਨਾਤ ਕਰ ਦਿੱਤੀI

3 ਫਰਵਰੀ 1986

ਅਖਿਲ ਭਾਰਤੀ ਸਿੱਖ ਵਿਦਿਆਰਥੀ ਫੈਡਰੇਸ਼ਨ (ਏਆਈਐੱਸਐੱਸਐੱਫ) ਅਤੇ ਸਥਾਨਕ ਸਿੱਖ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆI

4 ਫਰਵਰੀ 1986 (ਮੁੱਖ ਗੋਲੀਕਾਂਡ ਦਿਨ)

ਸਿੱਖ ਸੰਗਤਾਂ ਅਤੇ ਏਆਈਐੱਸਐੱਸਐੱਫ ਮੈਂਬਰਾਂ ਨੇ ਮਾਰਚ ਕੀਤਾ ਤਾਂ ਜੋ ਅਗਨ-ਭੇਟ ਹੋਏ ਸਰੂਪਾਂ ਦੀਆਂ ਧਾਰਮਿਕ ਰਸਮਾਂ ਅਨੁਸਾਰ ਸਸਕਾਰ ਕਰ ਸਕਣI ਇਸ ਦੌਰਾਨ ਹੋਏ ਗੋਲੀਕਾਂਡ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈI

ਰਵਿੰਦਰ ਸਿੰਘ ਲਿੱਤਰਾਂ ( ਲਿੱਤਰਾਂ ਪਿੰਡ)

ਬਲਧੀਰ ਸਿੰਘ (ਰਾਮਗੜ੍ਹ)

ਝਿਲਮਣ ਸਿੰਘ (ਗੌਰਸੀਆਂ/ਰਾਜੋਵਾਲ ਗੌਰਸੀਆਂ)

ਹਰਮਿੰਦਰ ਸਿੰਘ (ਰਾਏਪੁਰ ਚਲੂਪਰ/ਚਾਹਲੂਪਰ)

4 ਫਰਵਰੀ 1986 (ਸ਼ਾਮ/ਰਾਤ)

ਲਾਸ਼ਾਂ ਨੂੰ ਨਕੋਦਰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕੀਤਾI ਪਰਿਵਾਰਾਂ ਨੂੰ ਲਾਸ਼ਾਂ ਨਹੀਂ ਦਿੱਤੀਆਂ ਗਈਆਂI ਬਲਦੇਵ ਸਿੰਘ (ਰਵਿੰਦਰ ਦੇ ਪਿਤਾ) ਮੁਤਾਬਕ ਉਨ੍ਹਾਂ ਨੇ ਦੂਰੋਂ ਅੰਤਿਮ ਸੰਸਕਾਰ ਹੁੰਦੇ ਦੇਖਿਆI

5 ਫਰਵਰੀ 1986

ਪੀੜਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਨੇ ਨਕੋਦਰ ਵਿੱਚ ਧਰਨਾ ਲਾਇਆ ਅਤੇ ਇਨਸਾਫ਼ ਤੇ ਨਿਆਂਇਕ ਜਾਂਚ ਦੀ ਮੰਗ ਕੀਤੀI ਸ਼ਾਮ ਨੂੰ ਤਤਕਾਲੀ ਅਕਾਲੀ ਸਰਕਾਰ (ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ) ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਧਰਨਾ ਖ਼ਤਮ ਹੋਇਆI

13 ਫਰਵਰੀ 1986

ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੂੰ ਅਧਿਕਾਰਤ ਤੌਰ ‘ਤੇ ਗਠਿਤ ਕੀਤਾ ਗਿਆI ਇਸ ਨੇ ਬੇਅਦਬੀ, ਗੋਲੀਕਾਂਡ ਅਤੇ ਲਾਸ਼ਾਂ ਦੇ ਸਸਕਾਰ ਬਾਰੇ ਜਾਂਚ ਕੀਤੀI

31 ਅਕਤੂਬਰ 1986

ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ। ਰਿਪੋਰਟ ਵਿੱਚ ਪੁਲਿਸ ਦੇ ਵਰਜ਼ਨ ਵਿੱਚ ਵਿਰੋਧਾਭਾਸ ਦੱਸੇ ਅਤੇ ਗੋਲੀਬਾਰੀ ਨੂੰ ਅਨੁਚਿਤ ਤੇ ਟਾਲਣਯੋਗ ਦੱਸਿਆ। ਰਿਪੋਰਟ ਦੇ ਦੋ ਹਿੱਸੇ ਸਨ– ਇੱਕ ਹਿੱਸਾ ਜਨਤਕ ਹੋਇਆ, ਦੂਜਾ (ਸਬੂਤ, ਬਿਆਨ) ਨਹੀਂ ਮਿਲਿਆI

ਮਾਰਚ 2001

ਰਿਪੋਰਟ ਦਾ ਇੱਕ ਹਿੱਸਾ ਪੰਜਾਬ ਵਿਧਾਨ ਸਭਾ ਵਿੱਚ ਟੇਬਲ ਕੀਤਾ ਗਿਆ, ਪਰ ਕੋਈ ਬਹਿਸ ਜਾਂ ਕਾਰਵਾਈ ਨਹੀਂ ਹੋਈI

2018–2019

ਵਿਧਾਇਕਾਂ (ਕੰਵਰ ਸੰਧੂ, ਐੱਚਐੱਸ ਫੂਲਕਾ) ਨੇ ਰਿਪੋਰਟ ਹਾਊਸ ਵਿੱਚ ਟੇਬਲ ਕਰਨ ਦੀ ਮੰਗ ਕੀਤੀ। ਵਿਧਾਨ ਸਭਾ ਸਕੱਤਰੇਤ ਨੇ ਦੱਸਿਆ ਕਿ ਦੂਜਾ ਹਿੱਸਾ ਰਿਕਾਰਡ ਵਿੱਚ ਨਹੀਂ ਹੈ। ਬਲਦੇਵ ਸਿੰਘ ਲਿੱਤਰਾਂ ਨੇ 2019 ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜੋ ਫਿਲਹਾਲ ਵਿਚਾਰ ਅਧੀਨ ਹੈI

15 ਜੁਲਾਈ 2025

ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁੰਮ ਰਿਪੋਰਟ ਲਈ ਕਮੇਟੀ ਬਣਾਉਣ ਦੀ ਮੰਗ ਕੀਤੀ ਅਤੇ ਸਦਨ ਨੇ ਇਸ ਨੂੰ ਮਨਜ਼ੂਰ ਕੀਤਾI

ਫਰਵਰੀ 2026 (40ਵੀਂ ਵਰ੍ਹੇਗੰਢ)

ਬਲਦੇਵ ਸਿੰਘ ਨੇ ਅਕਾਲ ਤਖ਼ਤ ‘ਤੇ ਅਪੀਲ ਕੀਤੀ। ਵਿਦੇਸ਼ਾਂ (ਕੈਨੇਡਾ: ਬ੍ਰੈਂਪਟਨ, ਐਡਮਿੰਟਨ; ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਆਦਿ) ਵਿੱਚ 4 ਫਰਵਰੀ ਨੂੰ ‘ਸਾਕਾ ਨਕੋਦਰ ਡੇਅ’ ਵਜੋਂ ਮਨਾਇਆ ਗਿਆI

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI