Home ਰਾਸ਼ਟਰੀ ਖ਼ਬਰਾਂ ਸ਼੍ਰੋਮਣੀ ਅਕਾਲੀ ਦਲ: ਭਾਜਪਾ ਨਾਲ ਗੱਠਜੋੜ ਸਿਰੇ ਨਾ ਚੜ੍ਹਨ ਦੇ ਕੀ ਹਨ...

ਸ਼੍ਰੋਮਣੀ ਅਕਾਲੀ ਦਲ: ਭਾਜਪਾ ਨਾਲ ਗੱਠਜੋੜ ਸਿਰੇ ਨਾ ਚੜ੍ਹਨ ਦੇ ਕੀ ਹਨ ਸਿਆਸੀ ਮਾਅਨੇ, ਕਿਸ ਨੂੰ ਹੋਵੇਗਾ ਫਾਇਦਾ

1
0

Source :- BBC PUNJABI

ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, SURINDER MAAN/BBC

ਪੰਜਾਬ ਵਿੱਚ ਇਕੱਲਿਆਂ 13 ਸੀਟਾਂ ਉੱਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਕੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚੱਲ ਰਹੀਆਂ ਸਾਰੀਆਂ ਕਿਆਸ ਆਰੀਆਂ ਨੂੰ ਖ਼ਤਮ ਕਰ ਦਿੱਤਾ ਹੈ।

ਦੋਵਾਂ ਹੀ ਪਾਰਟੀਆਂ ਦੇ ਗੱਠਜੋੜ ਦੀ ਸੰਭਾਵਨਾ ਖ਼ਤਮ ਹੋਣ ’ਤੇ ਹੁਣ ਪੰਜਾਬ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ।

ਖੇਤੀ ਕਾਨੂੰਨ ਦੀ ਮੁਖ਼ਾਲਫ਼ਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ 2020 ਐੱਨਡੀਏ (ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ) ਨਾਲੋਂ ਨਾਤਾ ਤੋੜਿਆ ਲਿਆ ਸੀ ਅਤੇ ਉਸ ਤੋ ਬਾਅਦ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਤਿੰਨ ਅਤੇ ਭਾਜਪਾ ਨੂੰ ਸਿਰਫ਼ ਦੋ ਸੀਟਾਂ (ਪਠਾਨਕੋਟ ਅਤੇ ਮੁਕੇਰੀਆਂ )ਹਾਸਲ ਹੋਈਆਂ।

ਅਕਾਲੀ ਦਲ, ਭਾਜਪਾ ਦਾ ਸਭ ਤੋਂ ਪੁਰਾਣਾ ਸਹਿਯੋਗੀ ਰਿਹਾ ਹੈ ਅਤੇ ਅਕਾਲੀ ਦਲ ਦੇ ਸਰਪ੍ਰਸਤ (ਮਰਹੂਮ) ਪ੍ਰਕਾਸ਼ ਸਿੰਘ ਬਾਦਲ ਐੱਨਡੀਏ ਦੇ ਸੰਸਥਾਪਕ ਮੈਂਬਰ ਸਨ। ਦੋਵੇਂ ਪਾਰਟੀਆਂ ਨੇ ਪੰਜਾਬ ਵਿੱਚ ਕਈ ਸਾਲਾਂ ਤੱਕ ਗੱਠਜੋੜ ਤਹਿਤ ਚੋਣਾਂ ਲੜੀਆਂ ਅਤੇ ਸਫ਼ਲਤਾ ਹਾਸਲ ਕੀਤੀ।

ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, NARENDRA MODI/TWITTER

ਗੱਠਜੋੜ ਵਿੱਚ ਕਿੱਥੇ ਫਸਿਆ ਪੇਚ

ਸਿਆਸੀ ਮਾਹਿਰ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਫਿਰ ਤੋਂ ਨਾ ਹੋਣ ਦਾ ਇੱਕ ਕਾਰਨ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ (ਖਾੜਕੂਵਾਦ ਲਹਿਰ ਵਿੱਚ ਸ਼ਾਮਲ ਸਿੱਖ ਕੈਦੀਆਂ) ਦੀ ਰਿਹਾਈ ਅਤੇ ਕਿਸਾਨੀ ਮੁੱਦਿਆਂ ਦਾ ਹੱਲ ਨਾ ਹੋਣਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਵੀ ਲਗਾਇਆ ਸੀ। ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਵੀ ਸੜਕਾਂ ਉੱਤੇ ਹਨ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਮੁਹੰਮਦ ਖ਼ਾਲਿਦ ਕਹਿੰਦੇ ਹਨ, “ਜੇਕਰ ਸ਼੍ਰੋਮਣੀ ਅਕਾਲੀ ਦਲ, ਭਾਜਪਾ ਨਾਲ ਗੱਠਜੋੜ ਕਰਦਾ ਤਾਂ ਉਸ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਜ਼ਿਆਦਾ ਹੋਣਾ ਸੀ ਕਿਉਂਕਿ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਅਤੇ ਕਿਸਾਨੀ ਮੰਗਾਂ ਦਾ ਮੁੱਦਾ ਅਣਸੁਲਝਿਆ ਹੈ।”

ਡਾਕਟਰ ਖ਼ਾਲਿਦ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪੰਜਾਬ ਦੇ ਪੇਂਡੂ ਇਲਾਕਿਆਂ ਖ਼ਾਸ ਤੌਰ ਉੱਤੇ ਕਿਸਾਨੀ ਵਰਗ ਨਾਲ ਹੈ ਅਤੇ ਇਹੀ ਵਰਗ ਫ਼ਿਲਹਾਲ ਕੇਂਦਰ ਸਰਕਾਰ ਦੇ ਖ਼ਿਲਾਫ਼ ਹੈ।

ਪ੍ਰੋਫੈਸਰ ਮੁਹੰਮਦ ਖ਼ਾਲਿਦ ਦੱਸਦੇ ਹਨ ਕਿ ਜੇਕਰ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੇ ਨਾਲ ਹੱਥ ਮਿਲਾਉਂਦਾ ਤਾਂ ਉਸ ਨੂੰ ਫ਼ਾਇਦੇ ਦੀ ਥਾਂ ਵੱਡਾ ਨੁਕਸਾਨ ਝੱਲਣਾ ਪੈਣਾ ਸੀ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਦਾ ਇਤਿਹਾਸ ਮੋਰਚਿਆਂ (ਸੰਘਰਸ਼ਾਂ) ਨਾਲ ਜੁੜਦਾ ਹੈ।

ਪ੍ਰੋਫੈਸਰ ਖ਼ਾਲਿਦ ਮੁਤਾਬਕ, “ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਵਿਚਾਰਧਾਰਾ ਸ਼ੁਰੂ ਤੋਂ ਹੀ ਵੱਖੋ-ਵੱਖਰੀ ਸੀ ਪਰ ਦੋਵੇਂ ਐਂਟੀ ਕਾਂਗਰਸ ਹੋਣ ਕਰ ਕੇ ਸਿਆਸੀ ਗੱਠਜੋੜ ਲਈ ਅੱਗੇ ਆਏ। ਸਮੇਂ ਦੀ ਨਜ਼ਾਕਤ ਨੂੰ ਭਾਂਪਦੇ ਹੋਏ ਦੋਵਾਂ ਪਾਰਟੀਆਂ ਨੇ ਆਪਸ ਵਿੱਚ ਹੱਥ ਮਿਲਾ ਕੇ ਗੱਠਜੋੜ ਕੀਤਾ ਅਤੇ ਕਾਂਗਰਸ ਦੇ ਆਧਾਰ ਨੂੰ ਖ਼ਤਮ ਕਰਨ ਦੇ ਲਈ ਲੜਾਈ ਲੜੀ।”

Mohammed Khalid/FB

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੇ ਇਸ ਵਾਰ ਦੀਆਂ ਚੋਣਾਂ ਵਿੱਚ ਕੁਝ ਖ਼ਾਸ ਪੱਲੇ ਨਹੀਂ ਪਵੇਗਾ। ਭਾਜਪਾ ਦੀ ਟੇਕ ਲੋਕ ਸਭਾ ਦੀ ਥਾਂ ਵਿਧਾਨ ਸਭਾ ਚੋਣਾਂ ਉੱਤੇ ਜ਼ਿਆਦਾ ਹੈ।

ਪ੍ਰੋ. ਮੁਹੰਮਦ ਖਾਲਿਦ
ਸਿਆਸੀ ਮਾਮਲਿਆਂ ਦੇ ਮਾਹਿਰ
ਇਹ ਵੀ ਪੜ੍ਹੋ-

ਇਕੱਲਿਆਂ ਚੋਣ ਲੜਨ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ

ਭਾਜਪਾ 1998 ਤੋਂ ਬਾਅਦ ਪਹਿਲੀ ਵਾਰ ਇਕੱਲੇ ਤੌਰ ਉੱਤੇ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਉੱਤਰ ਰਹੀ ਹੈ। ਉਂਜ ਸੰਗਰੂਰ ਅਤੇ ਜਲੰਧਰ ਦੀ ਜ਼ਿਮਨੀ ਚੋਣ ਵਿਚ ਦੋਵੇਂ ਪਾਰਟੀਆਂ ਆਪਣਾ ਜ਼ੋਰ ਅਜ਼ਮਾ ਕੇ ਆਪਣਾ ਹਸ਼ਰ ਦੇਖ ਚੁੱਕੀਆਂ ਹਨ ਪਰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਕਾਲੀ ਦਲ ਤੇ ਭਾਜਪਾ ਦੇ ਰਾਹ ਵੱਖੋ ਵੱਖਰੇ ਹਨ।

ਇਸ ਤੋਂ ਪਹਿਲਾਂ ਗੱਠਜੋੜ ਦੌਰਾਨ ਅਕਾਲੀ ਦਲ 10 ਸੀਟਾਂ ਅਤੇ ਭਾਜਪਾ ਆਪਣੇ ਹਿੱਸੇ ਦੀਆਂ ਤਿੰਨ ( ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ) ਸੀਟਾਂ ਉੱਤੇ ਚੋਣ ਲੜਦੀ ਰਹੀ ਹੈ।

ਜੇਕਰ ਸਾਲ 2019 ਅਤੇ 2014 ਦੇ ਲੋਕ ਸਭਾ ਚੋਣ ਨਤੀਜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕ੍ਰਮਵਾਰ ਦੋ ਅਤੇ ਚਾਰ ਸੀਟਾਂ (2014) ’ਤੇ ਜਿੱਤ ਹਾਸਲ ਕੀਤੀ ਸੀ।

ਸਿਆਸੀ ਮਾਹਿਰਾਂ ਮੁਤਾਬਕ ਪੰਜਾਬ ਵਿਚ ਸਿੱਖ ਭਾਈਚਾਰੇ ਦੀ ਕਰੀਬ 57 ਫ਼ੀਸਦੀ ਅਤੇ ਹਿੰਦੂ ਭਾਈਚਾਰੇ ਦੀ 38 ਫ਼ੀਸਦੀ ਆਬਾਦੀ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਸ਼ਹਿਰੀ ਵੋਟਾਂ ਅਤੇ ਖ਼ਾਸ ਕਰ ਕੇ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਆਪਣੇ ਨਾਲ ਜੋੜਿਆ ਜਾਵੇ।

ਉਂਜ ਪ੍ਰੋਫੈਸਰ ਮੁਹੰਮਦ ਖ਼ਾਲਿਦ ਦਾ ਕਹਿਣਾ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੇ ਇਸ ਵਾਰ ਦੀਆਂ ਚੋਣਾਂ ਵਿੱਚ ਕੁਝ ਖ਼ਾਸ ਪੱਲੇ ਨਹੀਂ ਪਵੇਗਾ। ਬੀਜੇਪੀ ਦੀ ਟੇਕ ਲੋਕ ਸਭਾ ਦੀ ਥਾਂ ਵਿਧਾਨ ਸਭਾ ਚੋਣਾ ਉੱਤੇ ਜ਼ਿਆਦਾ ਹੈ।

ਸੁਖਬੀਰ ਸਿੰਘ ਬਾਦਲ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਆਖਦੇ ਹਨ, ਭਾਜਪਾ ਆਮ ਤੌਰ ਉੱਤੇ ਤਿੰਨ ਸੀਟਾਂ ਉੱਤੇ ਚੋਣ ਲੜਦੀ ਸੀ ਪਰ ਇਸ ਵਾਰ ਉਹ ਇਕੱਲਿਆਂ 13 ਸੀਟਾਂ ਉੱਤੇ ਚੋਣ ਲੜ ਰਹੀ ਹੈ ਅਤੇ ਇਸ ਦਾ ਫ਼ਾਇਦਾ ਉਸ ਨੂੰ ਭਵਿੱਖ ਵਿੱਚ ਹੋ ਸਕਦਾ ਹੈ।

ਉਨ੍ਹਾਂ ਆਖਿਆ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਦੂਜੇ ਨੰਬਰ ਉੱਤੇ ਰਹੀ ਅਤੇ ਇਸ ਕਰਕੇ ਉਸ ਨੂੰ ਮਿਲਣ ਵਾਲੀਆਂ ਵੋਟਾਂ ਦੀ ਫੀਸਦ ਵੱਧ ਸਕਦੀ ਹੈ ਅਤੇ ਇਸ ਦਾ ਫ਼ਾਇਦਾ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਹੋ ਸਕਦਾ ਹੈ।

ਪ੍ਰੋਫੈਸਰ ਜਗਰੂਪ ਸੇਖੋਂ ਮੁਤਾਬਕ, “ਇਸ ਵਕਤ ਭਾਜਪਾ ਕੋਲ ਪੈਸਾ ਅਤੇ ਤਾਕਤ ਦੋਵੇਂ ਹਨ ਅਤੇ ਇਸ ਕਰਕੇ ਦੂਜੀਆਂ ਪਾਰਟੀਆਂ ਦੇ ਸਿਰਕੱਢ ਆਗੂ ਰੋਜ਼ਾਨਾ ਇਸ ਵਿੱਚ ਸ਼ਾਮਲ ਹੋ ਰਹੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਲੋਕ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਸ ਦੀ ਪ੍ਰਤੱਖ ਉਦਾਹਰਨ ਹੈ।”

ਪ੍ਰੋਫੈਸਰ ਮੁਹੰਮਦ ਖ਼ਾਲਿਦ ਦੱਸਦੇ ਹਨ “ਗੱਠਜੋੜ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਵਿੱਚ ਇਸ ਵਾਰ ਚਾਰ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ) ਵਿੱਚ ਟੱਕਰ ਦੇਖਣ ਨੂੰ ਮਿਲੇਗੀ ਅਤੇ ਇਸ ਵਿਚੋਂ ਭਾਜਪਾ ਨੂੰ ਕੀ ਹਾਸਲ ਹੁੰਦਾ ਹੈ ਇਹ ਦੇਖਣਾ ਦਿਲਚਸਪ ਹੋਵੇਗਾ।”

Jagroop S Sekhon/FB

“ਇਸ ਵਕਤ ਭਾਜਪਾ ਕੋਲ ਪੈਸਾ ਤੇ ਤਾਕਤ ਦੋਵੇਂ ਹਨ, ਇਸੇ ਕਰਕੇ ਦੂਜੇ ਦਲਾਂ ਦੇ ਸਿਰਕੱਢ ਆਗੂ ਇਸ ‘ਚ ਸ਼ਾਮਲ ਹੋ ਰਹੇ ਹਨ। ਕਾਂਗਰਸ ਤੇ ‘ਆਪ’ ਦੇ ਮੌਜੂਦਾ ਲੋਕ ਸਭਾ ਮੈਂਬਰਾਂ ਦਾ ਇਸ ‘ਚ ਸ਼ਾਮਲ ਹੋਣਾ ਇਸ ਦੀ ਪ੍ਰਤੱਖ ਉਦਾਹਰਨ ਹੈ।

ਜਗਰੂਪ ਸਿੰਘ ਸੇਖੋਂ
ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ

ਭਾਜਪਾ ਨਾਲ ਗਠਜੋੜ ਖੇਤਰੀ ਪਾਰਟੀਆਂ ਨੂੰ ਕਿਵੇਂ ਪਿਆ ਮਹਿੰਗਾ

ਅਕਾਲੀ ਦਲ ਪੰਜਾਬ ਦੀ ਇੱਕੋ-ਇੱਕ ਵੱਡੀ ਖੇਤਰੀ ਪਾਰਟੀ ਹੈ। ਬਾਕੀ ਸਭ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਬਸਪਾ, ਸੀਪੀਆਈ ਤੇ ਸੀਪੀਐੱਮ ਜੋ ਪੰਜਾਬ ਵਿਚ ਵਿਚਰਦੀਆਂ ਹਨ, ਦਿੱਲੀ ਦੀ ਕੇਂਦਰੀ ਲੀਡਰਸ਼ਿਪ ਉੱਤੇ ਆਧਾਰਿਤ ਹਨ।

ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਆਖਦੇ ਹਨ, “ਭਾਜਪਾ ਨੇ ਅਕਾਲੀ ਦਲ ਨੂੰ ਪਹਿਲਾਂ ਹੀ ਕਾਫ਼ੀ ਸੀਮਤ ਕਰ ਦਿੱਤਾ ਹੈ।”

ਉਨ੍ਹਾਂ ਮੁਤਾਬਕ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਪਹਿਲਾਂ ਭਾਜਪਾ ਨੇ ਗੱਠਜੋੜ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹੀ ਸੀਮਤ ਕਰ ਕੇ ਉੱਥੇ ਆਪਣੀ ਥਾਂ ਬਣਾ ਲਈ, ਜਿਵੇਂ ਹਰਿਆਣਾ ਵਿੱਚ ਭਾਜਪਾ-ਇੰਡੀਅਨ ਨੈਸ਼ਨਲ ਲੋਕ ਦਲ ਅਤੇ ਫਿਰ ਹਰਿਆਣਾ ਦੀ ਜਨ ਨਾਇਕ ਜਨਤਾ ਪਾਰਟੀ ਨਾਲ ਗੱਠਜੋੜ, 1997 ’ਚ ਉੱਤਰ ਪ੍ਰਦੇਸ਼ ਵਿੱਚ ਬਸਪਾ ਅਤੇ ਭਾਜਪਾ ਗੱਠਜੋੜ, ਉੜੀਸਾ ਵਿੱਚ ਬੀਜੂ ਜਨਤਾ ਦਲ-ਭਾਜਪਾ ਗੱਠਜੋੜ, ਕਸ਼ਮੀਰ ਵਿੱਚ ਭਾਜਪਾ-ਪੀਡੀਪੀ ਦਾ ਗੱਠਜੋੜ ਅਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਭਾਜਪਾ ਗੱਠਜੋੜ ਆਦਿ, ਨਾਲ ਜੋ ਕੁਝ ਹੋਇਆ, ਉਹ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ।

ਪ੍ਰੋਫੈਸਰ ਸੇਖੋਂ ਮੁਤਾਬਕ ਪੰਜਾਬ ਵਿੱਚ ਆਮ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਤਹਿਤ (10 ਅਕਾਲੀ ਦਲ ਅਤੇ 3 ਭਾਜਪਾ ) ਲੋਕ ਸਭਾ ਦੀ ਚੋਣ ਲੜਦੇ ਸਨ ਪਰ ਇਸ ਵਾਰ ਅਕਾਲੀ ਦਲ 8 ਅਤੇ ਭਾਜਪਾ ਦੇ ਪੰਜ ਸੀਟਾਂ ਉੱਤੇ ਚੋਣ ਲੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਪ੍ਰੋਫੈਸਰ ਮੁਹੰਮਦ ਖ਼ਾਲਿਦ ਆਖਦੇ ਹਨ, “2019 ਦੀਆਂ ਚੋਣਾਂ ਵਿੱਚ (ਮਰਹੂਮ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਲੋਕਾਂ ਤੋਂ ਵੋਟਾਂ ਮੰਗ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਧਾਰ ਨੂੰ ਖ਼ਤਮ ਕਰ ਕੇ ਆਪਣੇ ਆਪ ਨੂੰ ਕੌਮੀ ਪਾਰਟੀ ਵਿੱਚ ਅਸਿੱਧੇ ਢੰਗ ਨਾਲ ਸ਼ਾਮਲ ਕਰ ਲਿਆ ਸੀ।”

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, Getty Images

ਸ਼੍ਰੋਮਣੀ ਅਕਾਲੀ ਦਲ -ਭਾਜਪਾ ਗੱਠਜੋੜ ਦਾ ਇਤਿਹਾਸ

ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ ਐੱਨਡੀਏ ਗੱਠਜੋੜ ਦੇ ਸਭ ਤੋਂ ਪੁਰਾਣੇ ਸਾਥੀ ਸਨ ਅਤੇ ਹੁਣ ਦੋਵਾਂ ਦੀ ਹੀ ਤੋੜ-ਵਿਛੋੜਾ ਹੋ ਚੁੱਕਿਆ ਹੈ।

ਇਨ੍ਹਾਂ ਦੀ ਸਿਆਸੀ ਸਾਂਝ ਪਹਿਲੀ ਵਾਰ 8 ਮਾਰਚ 1967 ਨੂੰ ਹੋਂਦ ਵਿੱਚ ਆਈ। ਇਸ ਸਮੇਂ ਜਨ ਸੰਘ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਬਣੀ ਸਾਂਝੇ ਮੋਰਚੇ ਦੀ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਨੂੰ ਹਮਾਇਤ ਦਿੱਤੀ ਅਤੇ ਇਸ ਦਾ ਹਿੱਸਾ ਬਣੇ। ਇਹਨਾਂ ਚੋਣਾਂ ਤੋਂ ਬਾਅਦ ਗੱਠਜੋੜ ਹੋਂਦ ਵਿੱਚ ਆਇਆ ਸੀ।

ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਜਨ ਸੰਘ ਨੇ ਪਹਿਲੀ ਵਾਰ ਫਰਵਰੀ 1969 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਕੀਤਾ ਸੀ। ਅਕਾਲੀ ਦਲ ਨੇ 65 ਸੀਟਾਂ ਅਤੇ ਜਨ ਸੰਘ ਨੇ 30 ਸੀਟਾਂ ‘ਤੇ ਚੋਣ ਲੜੀ ਸੀ।

ਜੰਨ ਸੰਘ ਦੀ ਮਦਦ ਦੇ ਨਾਲ ਹੀ 26 ਮਾਰਚ 1970 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਿਆਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਅਜਿਹਾ ਉਹ ਭਾਜਪਾ ਦੇ ਸਹਿਯੋਗ ਨਾਲ ਹੀ ਸੰਭਵ ਕਰ ਪਾਏ। ਦਿਲਚਸਪ ਗੱਲ ਹੈ ਕਿ 40 ਸਾਲ ਬਾਅਦ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਕਠੋਰ ਰਵੱਈਏ ਕਾਰਨ ਤੋੜ ਵਿਛੋੜਾ ਹੋ ਗਿਆ।

ਇਹ ਵੀ ਪੜ੍ਹੋ-

source : BBC PUNJABI