Home ਰਾਸ਼ਟਰੀ ਖ਼ਬਰਾਂ ਸ਼ਿਵ ਕੁਮਾਰ ਬਟਾਲਵੀ: ਸ਼ਿਵ ਦੀ ਲੂਣਾ, ਦਰਦਮੰਦੀ ਦੀ ਨਾਰੀਵਾਦੀ ਕਵਿਤਾ

ਸ਼ਿਵ ਕੁਮਾਰ ਬਟਾਲਵੀ: ਸ਼ਿਵ ਦੀ ਲੂਣਾ, ਦਰਦਮੰਦੀ ਦੀ ਨਾਰੀਵਾਦੀ ਕਵਿਤਾ

2
0

Source :- BBC PUNJABI

  • ਡਾ. ਜਤਿੰਦਰ ਕੌਰ
  • ਬੀਬੀਸੀ ਪੰਜਾਬੀ ਲਈ
22 ਜੁਲਾਈ 2018

ਅਪਡੇਟ 32 ਮਿੰਟ ਪਹਿਲਾਂ

ਸ਼ਿਵ ਕੁਮਾਰ ਬਟਾਲਵੀ

‘ਲੂਣਾ’ ਕਾਵਿ-ਨਾਟ ਪੰਜਾਬੀ ਕਵਿਤਾ ਦੇ ਨਾਲ ਪੰਜਾਬੀ ਸਮਾਜ-ਸੱਭਿਆਚਾਰ ਦਾ ਵੀ ਹਾਸਿਲ ਹੈ। ਸ਼ਿਵ ਕੁਮਾਰ ਬਟਾਲਵੀ ਹੋਣਾ ਬਿਰਹੋਂ ਦੀ ਹੂਕ ਵਿੱਚੋਂ ਨਾਰੀਵਾਦੀ ਸੁਰ ਦਾ ਉਦੈ ਹੋਣਾ ਹੈ। ਪਰੰਪਰਾ-ਪੂਜ, ਪਿੱਤਰ-ਸੱਤਾਧਾਰੀ ਮਾਨਸਿਕਤਾ ਅਤੇ ਰੂੜ੍ਹੀਵਾਦੀ ਰਵਾਇਤਾਂ ਖ਼ਿਲਾਫ਼ ਬਗ਼ਾਵਤ ਦਾ ਐਲਾਨ-ਨਾਮਾ ਹੈ।

ਨਾਬਰੀ ਦੀ ਇਹ ਸੁਰ ਕਦੇ ਗੀਤ, ਕਦੇ ਗ਼ਜ਼ਲ ਅਤੇ ਕਦੇ ਨਜ਼ਮ ਬਣ ਉੱਭਰੀ। ਪੀੜਾਂ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਬਿਰਹਾ ਤੂੰ ਸੁਲਤਾਨ (1964) ਕਵਿ ਸੰਗ੍ਰਹਿ ਛਪ ਜਾਣ ਤੱਕ ਸ਼ਿਵ ਦੀ ਮਕਬੂਲੀਅਤ ਅਤੇ ਹੁਨਰ ਜਗ ਜ਼ਾਹਿਰ ਹੋ ਗਏ ਸਨ।

ਲੂਣਾ (1965) ਪੰਜਾਬੀ ਕਵਿਤਾ ਅਤੇ ਸ਼ਿਵ ਦਾ ਆਪਣੀ ਪਹਿਲਾਂ ਕੀਤੀ ਜਾ ਚੁੱਕੀ ਰਚਨਾ ਤੋਂ ਅਗਾਂਹ ਲੰਘ ਜਾਣ ਦਾ ਪੈਂਡਾ ਹੈ। ਸ਼ਿਵ ਨੇ ਪਰੰਪਰਾ ਵਿੱਚ ਪ੍ਰਚਲਿਤ ਕਥਾ ਨੂੰ ਨਾਰੀਵਾਦੀ ਪੈਂਤੜੇ ਤੋਂ ਨਵਿਆਇਆ।

ਮੱਧਕਾਲੀ ਪੰਜਾਬੀ ਕਿੱਸਾ ਕਾਵਿ ਵਿੱਚ ਪੂਰਨ ਭਗਤ ਦੇ ਹਵਾਲੇ ਨਾਲ ਪੇਸ਼ ਇਹ ਕਥਾ ਸ਼ਿਵ ਦੇ ਨਜ਼ਰੀਏ ਅੱਗੇ ਵੱਖਰੀ ਕਿਸਮ ਦੀ ਵੰਗਾਰ ਪੇਸ਼ ਕਰਦੀ ਹੈ।

ਸ਼ਿਵ ਨੇ ਲੂਣਾ ਦੇ ਮੁੱਢ ਵਿੱਚ ‘ਮੇਰੇ ਪਾਤਰ ਮੇਰੀ ਕਥਾ’ ਨਾਮ ਦੇ ਸਿਰਲੇਖ ਹੇਠ ਆਪ ਲਿਖਿਆ, “ਰਾਜਿਆਂ ਦੇ ਟੁਕੜਿਆਂ ‘ਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਣ ਬੈਠਦੇ ਸਨ, ਤਾਂ ਉਹ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਨੇਹ-ਕਲੰਕ ਸਿੱਧ ਕਰਦੇ ਸਨ।

ਉਨ੍ਹਾਂ ਦੀਆਂ ਰਾਣੀਆਂ ਜਾਂ ਔਲਾਦ ਨੂੰ ਮੈਲਿਆਂ ਕਹਿ ਕੇ ਆਪਣੇ ਸ੍ਰਪਰਸਤਾਂ ਦੀ ਹਉਮੈ ਨੂੰ ਤ੍ਰਿਪਤ ਕਰਦੇ ਸਨ। ਪ੍ਰਚਲਿਤ ਸਦਾਚਾਰਕ ਨਿਯਮਾਂ ਦੀ ਉਲੰਘਣਾ ਕਰਨ ਦੀ ਦਲੇਰੀ ਉਨ੍ਹਾਂ ਵਿੱਚ ਉੱਕਾ ਨਹੀਂ ਸੀ ਹੁੰਦੀ।”

ਸ਼ਿਵ ਕੁਮਾਰ ਬਟਾਲਵੀ, ਮਹਿੰਦਰ ਸਿੰਘ ਰੰਧਾਵਾ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਖੁਸ਼ਵੰਤ ਸਿੰਘ

ਤਸਵੀਰ ਸਰੋਤ, SB dugra

ਪੰਜ ਦਹਾਕੇ ਪਹਿਲਾਂ ਲਿਖੀ ਇਸ ਕਵਿਤਾ ਦੀ ਪ੍ਰਸੰਗਿਕਤਾ ਅੱਜ ਵੀ ਬਰਕਰਾਰ ਹੈ। ਸ਼ਿਵ ਨੇ ਇਸ ਵੰਗਾਰ ਨੂੰ ਕਬੂਲਿਆ, ਨਿਭਾਇਆ ਅਤੇ ‘ਮੇਰੇ ਪਾਤਰ ਮੇਰੀ ਕਥਾ’ ਵਿੱਚ ਅੱਗੇ ਲਿਖਿਆ, “ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਵੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨ। ਕਹਿੰਦੇ ਨੇ ਪੂਰਨ ਯੋਗੀ ਸੀ ਤੇ ਉਹ ਵੀ ਪੂਰਨਤਾ ਨੂੰ ਪ੍ਰਾਪਤ ਯੋਗੀ।

ਇਹ ਵੀ ਪੜ੍ਹੋ:

… ਭਾਵੇਂ ਉਹ ਰਾਮ ਹੋਵੇ ਜਾਂ ਬੁੱਧ, ਚਰਪਟ ਹੋਵੇ ਜਾਂ ਪੂਰਨ, ਤੇ ਉਨ੍ਹਾਂ ਨੂੰ ਹੋਰ ਮਹਾਨ ਦਰਸਾਉਣ ਲਈ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ।

ਇਹ ਕੁੜੀਆਂ ਬਹੁਤੀ ਵਾਰ ਨੀਵੀਆਂ ਸ਼੍ਰੇਣੀਆਂ ਦੀਆਂ ਜੰਮ ਪਲ ਹੁੰਦੀਆਂ ਸਨ ਤੇ ਉੱਚੀ ਕੁਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਡੁਲਾਉਣ, ਭਟਕਾਉਣ ਦੇ ਚਿੰਨ੍ਹ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸਨ।”

ਲੂਣਾ ਨਾਟਕ

ਤਸਵੀਰ ਸਰੋਤ, kewal dhaliwal/bbc

ਦਰਅਸਲ ਸ਼ਿਵ ਦਾ ਕਾਵਿ ਜਗਤ ਦੁਨਿਆਵੀ ਅਸਲੀਅਤ ਨਾਲ ਜੁੜਿਆ ਅਤੇ ਭਿੱਜਿਆ ਹੈ। ਕਵੀ ਦੀ ਸਮਾਜਿਕ ਜ਼ਿੰਮੇਵਾਰੀ ਉਸ ਦੀ ਸ਼ਖ਼ਸੀਅਤ ਅਤੇ ਵਜੂਦ ਦਾ ਬਾਹਰਮੁਖੀ ਪ੍ਰਗਟਾਵਾ ਹੈ।

ਜਾਤ ਅਤੇ ਜਮਾਤ ਵਿੱਚ ਵੰਡੇ ਸਮਾਜ ਦੀ ਦਰਜਾਬੰਦੀ ਵਿੱਚ ਔਰਤ ਦਾ ਸਥਾਨ ਨਿਮਾਣਾ ਅਤੇ ਦਲਿਤ ਜਾਂ ਨੀਵੀਂ ਜਾਤ ਕਾਰਨ ਹੋਰ ਵੀ ਨਿਤਾਣਾ ਹੁੰਦਾ ਹੈ।

ਸ਼ਿਵ ਨੇ ਪੰਜਾਬੀ ਸਮਾਜ ਦੀ ਇਸੇ ਦਰਜਾਬੰਦੀ ਨੂੰ ਪੇਸ਼ ਕੀਤਾ ਹੈ। ਔਰਤ ਮਨ ਦੀ ਵੇਦਨਾ, ਅਥਾਹ ਪੀੜਾ ਅਤੇ ਰੁਦਨ ਨੂੰ ਪੇਸ਼ਕਾਰੀ ਦੀ ਜੁਗਤ ਬਣਾ ਕੇ ਸ਼ਿਵ ਨੇ ਪ੍ਰਚਲਿਤ ਕਥਾ ਨੂੰ ਨਵਾਂ ਮੋੜ ਦਿੱਤਾ।

ਲੋਕ ਮਨਾਂ ਅੰਦਰ ਵਸਦੀ ਕਹਾਣੀ ਨੂੰ ਲੋਕ ਮੁਹਾਵਰੇ ਵਿੱਚ ਪੇਸ਼ ਕਰਕੇ ਉਸ ਨੇ ਲੋਕ ਮਾਨਸਿਕਤਾ ਨੂੰ ਵੀ ਬਦਲਣ ਦਾ ਉੱਦਮ ਕੀਤਾ। ਇੰਝ ਖ਼ਤਰਾ ਸਹੇੜਨ ਦਾ ਹੀਆ ਵਿਰਲਾ ਕਵੀ ਹੀ ਕਰਦਾ ਹੈ। ਉਹ ਵੀ ਉਦੋਂ ਜਦੋਂ ਉਹ ਲੋਕਾਂ ਅੰਦਰ ਖ਼ਾਸ ਕਿਸਮ ਦੀ ਕਵਿਤਾ ਕਾਰਨ ਮਕਬੂਲ ਹੋਵੇ। ਆਪਣੀ ਸ਼ੋਹਰਤ ਅਤੇ ਪ੍ਰਸਿੱਧੀ ਨੂੰ ਦਾਅ ਉੱਤੇ ਲਗਾ ਕੇ ਨਵੀਆਂ ਲੀਹਾਂ ਦਾ ਸਫ਼ੀਰ ਬਣਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਜੇ ਲੂਣਾ

ਸ਼ੂਦਰ ਦੀ ਧੀ ਹੈ

ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ?

ਨਹੀਂ ਨਹੀਂ

ਕੁਝ ਦੋਸ਼ ਨਾ ਉਸ ਦਾ …

ਦੋਸ਼ ਤਾਂ ਸਾਡੇ ਧਰਮਾਂ ਦਾ ਹੈ

ਧਰਮ,

ਜੋ ਸਾਨੂੰ ਇਹ ਕਹਿੰਦੇ ਨੇ

ਮੰਦਿਰਾਂ ਦੇ ਵਿੱਚ ਸੰਖ ਵਜਾਵੋ

ਵੱਟਿਆਂ ਦੇ ਵਿੱਚ ਸ਼ਰਧਾ ਰੱਖੋ

ਪੱਥਰਾਂ ਅੱਗੇ ਧੂਫ਼ ਧੁਖਾਵੋ

ਪਰ ਜੇ ਮਾਨਵ ਮਰਦਾ ਹੋਵੇ

ਮਰਦੇ ਮੂੰਹ ਵਿੱਚ ਬੂੰਦ ਨਾ ਪਾਵੋ …

ਤਵਾਰੀਖ਼ ਦੀ ਛਾਤੀ ਉੱਤੇ

ਰੰਗਾਂ ਵਾਲੇ ਨਾਗ ਲੜਾਵੋ (ਸਲਵਾਨ, ਲੂਣਾ)

ਇਹ ਵੀ ਪੜ੍ਹੋ:

ਲੂਣਾ ਨਾਟਕ

ਤਸਵੀਰ ਸਰੋਤ, Kewal Dhaliwal/bbc

ਲੂਣਾ ਦੀ ਆਵਾਜ਼ ਦਰਅਸਲ ਹਰ ਮਜ਼ਲੂਮ ਔਰਤ ਦੀ ਆਵਾਜ਼ ਹੈ ਜੋ ਮਰਦਾਵੇਂ ਜਬਰ ਅਤੇ ਦਾਬੇ ਦੀ ਸ਼ਿਕਾਰ ਹੈ। ਇਹ ਚੁੱਪ ਵਿੱਚੋਂ ਉੱਭਰੀ ਕੰਨ ਪਾੜਵੀਂ ਚੀਕ ਹੈ;

ਸਈਓ ਨੀ,

ਅੱਗ ਕਿਉਂ ਨਾ ਬੋਲੇ?

ਜੀਭ ਦਾ ਜੰਦਰਾ ਕਿਉਂ ਨਾ ਖੋਹਲੇ?

ਸਾਣੇ ਜੀਭ ਲਵਾ ਹਰ ਅਗਨੀ

ਮੈਂ ਚਾਹੁੰਦੀ ਹਾਂ ਉੱਚੀ ਬੋਲੇ …

ਇਹ ਮੇਰਾ,

ਵਿਸ਼ਵਾਸ ਹੇ ਈਰੇ

ਇੱਕ ਦਿਨ ਅੱਗ ਅਵੱਸ਼ ਕੂਵੇਗੀ

ਹਰ ਅੱਗ ਦੀ ਅੱਖ,

ਹੰਝੂ ਦੀ ਥਾਂ

ਬਲਦੀ ਬਾਗ਼ੀ ਰੱਤ ਸੂਵੇਗੀ …(ਲੂਣਾ)

ਲੂਣਾ ਨਾਟਕ

ਤਸਵੀਰ ਸਰੋਤ, kewal dhaliwal/bbc

ਔਰਤ ਦੀ ਵਰ ਦੀ ਆਜ਼ਾਦਾਨਾ ਚੋਣ ਦਾ ਮਸਲਾ ਉਸ ਦੀ ਹੋਂਦ ਦਾ ਮਸਲਾ ਹੈ। ਸ਼ਿਵ ਨੇ ਲੂਣਾ ਦੇ ਜ਼ਰੀਏ ਔਰਤ ਦੀ ਇਸ ਖ਼ਾਹਿਸ਼ ਦਾ ਪ੍ਰਗਟਾਵਾ ਬਾਖ਼ੂਬੀ ਕੀਤਾ ਹੈ। ਜਾਗੀਰਦਾਰੀ ਅਤੇ ਰਾਜਾਸ਼ਾਹੀ ਹੀ ਨਹੀਂ ਹਰ ਵਰਗ ਵਿੱਚ ਔਰਤ ਦੀ ਇਸ ਇੱਛਾ ਦਾ ਦਮਨ ਕੀਤਾ ਗਿਆ ਹੈ।

ਇਸ ਦੇ ਉਲਟ ਅੱਲੜ੍ਹਾਂ ਅਤੇ ਮਾਸੂਮਾਂ ਦਾ ਹਰ ਉਮਰ ਅਤੇ ਵਰਗ ਦੇ ਮਰਦਾਂ ਵੱਲੋਂ ਜਿਸਮਾਨੀ ਅਤੇ ਜਜ਼ਬਾਤੀ ਸ਼ੋਸ਼ਣ ਕੀਤਾ ਗਿਆ ਹੈ। ਇਸ ਦੇ ਖ਼ਿਲਾਫ਼ ਸ਼ਿਵ ਇੰਝ ਪੈਂਤੜਾ ਮੱਲ੍ਹਦਾ ਹੈ;

ਧਰਮੀ ਬਾਬਲ ਪਾਪ ਕਮਾਇਆ

ਲੜ ਲਾਇਆ ਮੇਰੇ ਫੁੱਲ ਕੁਮਲਾਇਆ …

ਮੈਂ ਪੂਰਨ ਦੀ ਮਾਂ

ਪੂਰਨ ਦੇ ਹਾਣ ਦੀ! …

ਸਈਓ ਨੀ

ਮੈਂ ਧੀ ਵਰਗੀ ਸਲਵਾਨ ਦੀ …

ਪਿਤਾ ਜੇ ਧੀ ਦਾ ਰੂਪ ਹੰਢਾਵੇ

ਤਾਂ ਲੋਕਾਂ ਨੂੰ ਲਾਜ ਨਾ ਆਵੇ

ਜੇ ਲੂਣਾ ਪੂਰਨ ਨੂੰ ਚਾਹਵੇ

ਚ੍ਰਿਤਰਹੀਣ ਕਹੇ ਕਿਉਂ ਜੀਭ ਜਹਾਨ ਦੀ? … (ਲੂਣਾ)

ਲੂਣਾ ਨਾਟਕ

ਤਸਵੀਰ ਸਰੋਤ, kewal dhaliwal/bbc

ਔਰਤ ਦੀ ਹੋਂਦ ਦੇ ਇਹ ਚਿਰਕਾਲੀ ਸੁਆਲ ਅੱਜ ਵੀ ਬਰਕਰਾਰ ਹਨ। ਉਸ ਦੀ ਹੋਂਦ ਦਾ ਇਹ ਮਸਲਾ ਸਿੱਧਾ-ਸਿੱਧਾ ਆਰਥਿਕ ਨਾਬਰਾਬਰੀ ਨਾਲ ਜੁੜਿਆ ਹੈ। ਜਾਇਦਾਦ ਅਤੇ ਹੋਰ ਰੁਜ਼ਗਾਰ ਦੇ ਸਾਧਨਾਂ ਤੱਕ ਉਸ ਦੀ ਨਾਂਮਾਤਰ ਰਸਾਈ ਅਤੇ ਧਨ ਦੀ ਨਾਬਰਾਬਰ ਵੰਡ ਨੇ ਉਸ ਦੀ ਹੋਣੀ ਨੂੰ ਹਰ ਵਾਰ ਹੀ ਹੋਰਨਾਂ ਦੀ ਮੁਥਾਜ ਕਰੀ ਰੱਖਿਆ;

ਇਹ ਧਰਤੀ,

ਇੱਕ ਨਗਨ ਨਪੁੰਸਕ ਬਸਤੀ ਹੈ

ਏਥੇ ਰੋਟੀ ਮਹਿੰਗੀ,

ਨਾਰੀ ਸਸਤੀ ਹੈ …

ਏਥੇ,

ਪਿਆਰ, ਮੁਹੱਬਤ ਰੋਟੀ ਦਾ ਹੀ ਨਾਂ ਹੈ

ਧਰਮ ਅਤੇ ਇਖ਼ਲਾਕ ਵੀ,

ਰੋਟੀ ਦਾ ਹੀ ਨਾਂ ਹੈ

ਅਕਲ, ਇਲਮ ਤੇ ਹੁਨਰ ਵੀ,

ਰੋਟੀ ਦਾ ਹੀ ਨਾਂ ਹੈ (ਈਰਾ, ਲੂਣਾ)

ਬਦਲਦੇ ਵਕਤ ਨਾਲ ਇਹ ਸੁਆਲ ਹੋਰ ਵੀ ਸੰਜੀਦਾ ਹੋਏ ਹਨ। ਸ਼ਿਵ ਦੇ ਹਿੱਸੇ ਔਰਤ ਮਨ ਦੀ ਤੜਪ ਨੂੰ ਸਮਝਣਾ ਅਤੇ ਉਸ ਦੀ ਖ਼ਾਮੋਸ਼ੀ ਨੂੰ ਜ਼ਬਾਨ ਦੇਣਾ ਵੀ ਆਇਆ ਹੈ। ਕਾਵਿ ਨਾਟਕ ਲੂਣਾ ਨੂੰ ਉਸ ਨੇ ਇੰਦਰਾ ਗਾਂਧੀ ਨੂੰ ਸਮਰਪਿਤ ਕੀਤਾ ਹੈ ਅਤੇ ਹਰ ਅੰਕ ਅੱਗੋਂ ਹੋਰ ਉੱਘੀਆਂ ਬੀਬੀਆਂ ਨੂੰ।

ਇਹ ਵੀ ਪੜ੍ਹੋ:

ਸ਼ਿਵ ਕੁਮਾਰ ਬਟਾਲਵੀ

ਤਸਵੀਰ ਸਰੋਤ, courtesy : Ajit

ਬੇਸ਼ੱਕ ਔਰਤਾਂ ਉਸ ਦੀਆਂ ਵਧੇਰੇ ਪ੍ਰਸ਼ੰਸਕ ਰਹੀਆਂ ਹਨ। ਇਸ ਦਾ ਸਬੱਬ ਕੁਝ ਹੋਰ ਨਾ ਹੋ ਕੇ ਉਸ ਦਾ ਔਰਤਾਂ ਲਈ ਨਿਰਛੱਲ ਮੋਹ ਅਤੇ ਔਰਤ ਪੱਖੀ ਨਜ਼ਰੀਆ ਹੈ। ਇਸ ਤੋਂ ਵੀ ਵਧੀਕ ਉਸ ਦਾ ਔਰਤ ਮਨ ਦੀਆਂ ਪਰਤਾਂ ਹੇਠ ਦਬੀਆਂ ਉਸ ਦੀ ਦੇਹ ਦੀਆਂ ਕਾਮਨਾਵਾਂ ਅਤੇ ਇੱਛਾਵਾਂ ਦੇ ਸੰਸਾਰ ਵੱਲ ਦਰਦਮੰਦੀ ਵਾਲਾ ਰਵੱਈਆ ਹੈ।

ਔਰਤ ਦੀ ਪੀੜ ਨੂੰ ਉਸ ਨੇ ਧੁਰ ਅੰਦਰ ਦੀਆਂ ਗਹਿਰਾਈਆਂ ਤੋਂ ਚਿਤਰਿਆ ਹੈ। ਸ਼ਿਵ ਨੇ ਆਪਣੇ ਲੇਖ ‘ਮੇਰੇ ਨਿੰਦਕ’ ਵਿੱਚ ਲਿਖਿਆ ਹੈ, “ਹਰ ਇੱਕ ਨੂੰ ਆਪਣਾ ਲਹੂ ਅਤੇ ਦਰਦ ਪਿਆਰਾ ਹੁੰਦਾ ਹੈ। ਮੇਰੀ ਆਵਾਜ਼ ਵਿੱਚ ਇਸਤਰੀ ਵੇਦਨਾ ਹੈ, ਏਸ ਲਈ ਹਰ ਇਸਤਰੀ ਨੂੰ ਇਹ ਆਵਾਜ਼ ਉਸ ਦੀ ਆਪਣੀ ਆਵਾਜ਼ ਅਨੁਭਵ ਹੋਣੀ ਬੜੀ ਸੁਭਾਵਿਕ ਹੈ, ਕਿਉਂ ਜੋ ਬਿਰਹਾ ਦੀ ਇਸ ਅਣ-ਮੁੱਕ ਪੀੜ ਵਿੱਚ ਕਿਸੇ ਤਰ੍ਹਾਂ ਦਾ ਮੁਲੰਮਾ ਨਹੀਂ।”

ਸ਼ਿਵ ਲਈ ਔਰਤ ਸਿਰਜਣਾ ਸ਼ਕਤੀ ਹੈ ਅਤੇ ਧਰਤੀ ਦੀ ਖ਼ੂਬਸੂਰਤੀ ਦੀ ਬੁਨਿਆਦ ਵੀ-

ਧਰਤੀ ‘ਤੇ,

ਜੋ ਕੁਝ ਸੁਹਣਾ ਹੈ

ਉਸ ਦੇ ਪਿੱਛੇ ਨਾਰ ਅਵੱਸ਼ ਹੈ

ਜੋ ਕੁਝ ਕਿਸੇ,

ਮਹਾਨ ਹੈ ਰਚਿਆ

ਉਸ ਵਿੱਚ ਨਾਰੀ ਦਾ ਹੀ ਹੱਥ ਹੈ

ਨਾਰੀ ਆਪੇ ਨਾਰਾਇਣ ਹੈ …

ਹਰ ਮੱਥੇ ਦੀ ਤੀਜੀ ਅੱਖ ਹੈ

ਨਾਰੀ ਧਰਤੀ ਦੀ ਕਵਿਤਾ ਹੈ … (ਲੂਣਾ)

ਸ਼ਿਵ ਕੁਮਾਰ ਬਟਾਲਵੀ ਔਰਤ ਦੇ ਦੁਖਾਂਤ ਨੂੰ ਸਮਝ ਅਤੇ ਮਹਿਸੂਸ ਕੇ ਹੀ ਲੂਣਾ ਦੀ ਪੀੜ ਦੀ ਪੇਸ਼ਕਾਰੀ ਸਹਿਜ ਭਾਅ ਨਾਲ ਕਰ ਸਕਿਆ ਹੈ।

(ਲੇਖਕ ਕਾਲਜ ਵਿੱਚ ਪੰਜਾਬੀ ਸਾਹਿਤ ਪੜ੍ਹਾਉਂਦੀ ਹੈ।)

ਇਹ ਵੀ ਪੜ੍ਹੋ:

source : BBC PUNJABI