Home ਰਾਸ਼ਟਰੀ ਖ਼ਬਰਾਂ ਨਿੱਝਰ ਕਤਲ ਮਾਮਲੇ ‘ਚ 3 ਗ੍ਰਿਫ਼ਤਾਰੀਆਂ ਤੋਂ ਬਾਅਦ ਟਰੂਡੋ ਨੇ ਦੱਸਿਆ ਹੁਣ...

ਨਿੱਝਰ ਕਤਲ ਮਾਮਲੇ ‘ਚ 3 ਗ੍ਰਿਫ਼ਤਾਰੀਆਂ ਤੋਂ ਬਾਅਦ ਟਰੂਡੋ ਨੇ ਦੱਸਿਆ ਹੁਣ ਅੱਗੇ ਕੀ, ਭਾਰਤ ਨੇ ਵੀ ਦਿੱਤਾ ਪ੍ਰਤੀਕਰਮ

2
0

Source :- BBC PUNJABI

ਜਸਟਿਸ ਟਰੂਡੋ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਕੈਨੇਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਕੈਨੇਡੀਅਨ ਮੀਡੀਆ ਅਦਾਰੇ ਸੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਗ੍ਰਿਫ਼ਤਾਰੀਆਂ ਤੋਂ ਇੱਕ ਦਿਨ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ,‘ਕੈਨੇਡਾ ਵਿੱਚ ਕਾਨੂੰਨ ਦਾ ਰਾਜ ਹੈ’।

ਜਸਟਿਨ ਟਰੂਡੋ ਨੇ ਇਸ ਮਾਮਲੇ ’ਤੇ ਜਾਂਚ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ।

ਜ਼ਿਕਰਯੋਗ ਹੈ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਕੈਨੇਡਾ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 3 ਮਈ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਭਾਰਤੀ ਨਾਗਰਿਕ ਹਨ। ਇਹ ਤਿੰਨੇ ਹੀ ਪੰਜਾਬ ਨਾਲ ਸਬੰਧਤ ਹਨ।

ਪ੍ਰਧਾਨ ਮੰਤੀਰ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਜਸਟਿਨ ਟੂਰਡੋ ਨੇ ਕੀ ਕਿਹਾ

ਨਿੱਝਰ ਦੇ ਕਤਲ ਮਾਮਲੇ ਵਿੱਚ ਪਿਛਲੇ ਸਾਲ ਸਿਤੰਬਰ ਮਹੀਨੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀ, “ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ।”

“ਇਹ ਅਸਲ ਸਮੱਸਿਆ ਹੈ। ਇਹ ਨਿਯਮਾਂ ਨੂੰ ਮੰਨਣ ਵਾਲੀ ਵਿਸ਼ਵਵਿਆਪੀ ਵਿਵਸਥਾ, ਖੁੱਲ੍ਹੇ ਜਮਹੂਰੀ ਵਿਚਾਰਾਂ, ਅਤੇ ਪ੍ਰਭੂਸੱਤਾ ਦੇ ਸਿਧਾਂਤਾਂ ਲਈ ਇੱਕ ਸਮੱਸਿਆ ਹੈ, ਜਿਸ ਲਈ ਅਸੀਂ ਖੜੇ ਹੁੰਦੇ ਹਾਂ।”

ਪਰ ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ‘ਬੇਬੁਨਿਆਦ’ ਦੱਸਿਆ ਸੀ।

ਸੀਬੀਸੀ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਟਰੂਡੋ ਨੇ ਸਿੱਖ ਵਿਰਸੇ ਅਤੇ ਸੱਭਿਆਚਾਰ ਸਬੰਧੀ ਟੋਰਾਂਟੋ ਵਿੱਚ ਹੋ ਰਹੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ।

ਇੱਥੇ ਉਨ੍ਹਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦਾ ਹਵਾਲਾ ਦਿੰਦਿਆਂ ਕਿਹਾ, “ਇਹ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ‘ਕਾਨੂੰਨ ਦੇ ਰਾਜ’ ਵਾਲੇ ਦੇਸ਼ ਹੈ, ਜਿੱਥੇ ਨਿਆਂ ਪ੍ਰਣਾਲੀ ਅਜ਼ਾਦ ਅਤੇ ਮਜ਼ਬੂਤ ਹੈ, ਇਸ ਦੇ ਨਾਲ ਹੀ ਕੈਨੇਡਾ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਬੁਨਿਆਦੀ ਵਚਨਬੱਧਤਾ ਰੱਖਦਾ ਹੈ।”

ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ ਆਰਸੀਐੱਮਪੀ ਦੀ ਜਾਂਚ ਜਾਰੀ ਰਹੇਗੀ ਅਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਤਿੰਨ ਲੋਕਾਂ ਦੀ ਸ਼ਮੂਲੀਅਤ ਤੱਕ ਸੀਮਿਤ ਨਹੀਂ ਹੈ।”

ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਟਰੂਡੋ ਨੇ ਅੱਗੇ ਕਿਹਾ,”ਕੈਨੇਡਾ ਦੇ ਹਰ ਨਾਗਰਿਕ ਨੂੰ ਕੈਨੇਡਾ ਵਿੱਚ ਵਿਤਕਰੇ ਅਤੇ ਹਿੰਸਾ ਦੀਆਂ ਧਮਕੀਆਂ ਤੋਂ ਪਰ੍ਹੇ ਸੁਰੱਖਿਅਤ ਅਤੇ ਆਜ਼ਾਦ ਰਹਿਣ ਦਾ ਮੌਲਿਕ ਅਧਿਕਾਰ ਹੈ।”

ਦੂਜੇ ਪਾਸੇ ਕੈਨੇਡਾ ਵਿੱਚ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਸਬੰਧੀ ਭਾਰਤ ਸਰਕਾਰ ਪਹਿਲਾਂ ਵੀ ਕਈ ਵਾਰ ਚਿੰਤਾ ਜ਼ਾਹਰ ਕਰ ਚੁੱਕੀ ਹੈ। ਹਰਦੀਪ ਸਿੰਘ ਨਿੱਝਰ ਨੂੰ ਵੀ ਭਾਰਤ ਸਰਕਾਰ ਵੱਲੋਂ ‘ਅੱਤਵਾਦੀ’ ਕਰਾਰ ਦਿੱਤਾ ਗਿਆ ਸੀ।

ਜੈਸ਼ੰਕਰ

ਤਸਵੀਰ ਸਰੋਤ, ANI

ਭਾਰਤ ਸਰਕਾਰ ਦਾ ਪ੍ਰਤੀਕਰਮ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਟਰੂਡੋ ਦੇ ਬਿਆਨ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਭੂੁਨੇਸ਼ਵਰ ਵਿੱਚ ਇੱਕ ਸਮਾਗਮ ਦੌਰਾਨ ਕੈਨੇਡਾ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਬਾਰੇ ਭਾਰਤ ਦੇ ਪੱਖ਼ ਰੱਖਿਆ ਸੀ।

ਉਨ੍ਹਾਂ ਕਿਹਾ ਹੈ ਕਿ ਭਾਰਤ ਕੈਨੇਡੀਅਨ ਪੁਲਿਸ ਵੱਲੋਂ ਫੜੇ ਗਏ ਤਿੰਨ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਡੀਕ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਦੇਖੀਆਂ ਹਨ, “ਕੀ ਇਨ੍ਹਾਂ ਭਾਰਤੀਆਂ ਦਾ ਉੱਥੇ ਅਪਰਾਧਿਕ ਗਰੋਹ ਸਰਗਰਮ ਸੀ। ਅਸੀਂ ਪੁਲਿਸ ਵੱਲੋਂ ਸਾਨੂੰ ਦੱਸੇ ਜਾਣ ਦੀ ਉਡੀਕ ਕਰਾਂਗੇ”

“ਪਰ ਜਿਵੇਂ ਮੈਂ ਕਿਹਾ ਸਾਡੀ ਇੱਕ ਚਿੰਤਾ ਇਹ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਭਾਰਤ ਵਿਰੋਧੀ ਸੰਗਠਿਤ ਅਪਰਾਧ ਹੋਣ ਦਿੱਤਾ ਹੈ, ਖ਼ਾਸ ਕਰਕੇ ਪੰਜਾਬ ਵਿਰੋਧੀ, ਅਤੇ ਅਸੀਂ ਇਸ ਬਾਰੇ ਉਨ੍ਹਾਂ (ਕੈਨੇਡਾ) ਨੂੰ ਲਗਾਤਾਰ ਕਹਿੰਦੇ ਆ ਰਹੇ ਹਾਂ।”

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਕਿ (ਹਾਈ ਕਮਿਸ਼ਨ) ਗ੍ਰਿਫ਼ਤਾਰ ਕੀਤੇ ਗਏ ਤਿੰਨ ਭਾਰਤੀਆਂ ਬਾਰੇ ਕੈਨੇਡੀਅਨ ਅਧਿਕਾਰੀਆਂ ਤੋਂ ਨਿਯਮਤ ਜਾਣਕਾਰੀ ਮਿਲਣ ਦੀ ਉਮੀਦ ਕਰਦਾ ਹੈ।

ਉਨ੍ਹਾਂ ਨੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਗ੍ਰਿਫ਼ਤਾਰੀਆਂ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਦੇ ਨਤੀਜੇ ਵਜੋਂ ਹੋਈਆਂ ਹਨ। ਇਹ ਕੈਨੇਡਾ ਦਾ ਅੰਦਰੂਨੀ ਮੁੱਦਾ ਹੈ ਅਤੇ ਇਸ ਲਈ ਸਾਡੇ ਕੋਲ ਇਸ ਬਾਰੇ ਕਰਨ ਲਈ ਕੋਈ ਟਿੱਪਣੀ ਨਹੀਂ ਹੈ।”

ਗੁਰੂ ਨਾਨਕ ਸਿੱਖ ਗੁਰਦੁਆਰਾ

ਤਸਵੀਰ ਸਰੋਤ, REUTERS

ਨਿੱਝਰ ਮਾਮਲੇ ’ਚ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ

ਕੈਨੇਡਾ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 3 ਮਈ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਭਾਰਤੀ ਨਾਗਰਿਕ ਹਨ।

ਬੀਬੀਸੀ ਪੰਜਾਬੀ ਨੇ ਇਨ੍ਹਾਂ ਤਿੰਨਾਂ ਪਰਿਵਾਰਕ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ।

22 ਸਾਲਾ ਕਰਨ ਬਰਾੜ ਦਾ ਪਿਛੋਕੜ ਫ਼ਰੀਦਕੋਟ ਦਾ ਹੈ, ਜਦਕਿ ਕਰਨਪ੍ਰੀਤ ਗੁਰਦਾਸਪੁਰ ਦਾ ਜੰਮਪਲ਼ ਹੈ।

ਤੀਜਾ ਮੁਲਜ਼ਮ 22 ਸਾਲਾ ਕਮਲਪ੍ਰੀਤ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।

ਇਹ ਵੀ ਪੜ੍ਹੋ-
 ਕਰਣਪ੍ਰੀਤ , ਕਰਣ ਬਰਾੜ ਤੇ ਕਮਲਪ੍ਰੀਤ

ਤਸਵੀਰ ਸਰੋਤ, RCMP HANDOUT

ਗ੍ਰਿਫ਼ਤਾਰ ਕੀਤੇ ਤਿੰਨੋਂ ਮੁਲਜ਼ਮ ਪੰਜਾਬ ਨਾਲ ਸਬੰਧਿਤ

ਫਰੀਦਕੋਟ ਦੇ ਐਸਪੀ (ਤਫਤੀਸ਼) ਜਸਮੀਤ ਸਿੰਘ ਨੇ ਕਿਹਾ ਕਿ ਕਰਨ ਬਰਾੜ ਦਾ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।

ਹਾਲਾਂਕਿ ਕਰਨ ਦੇ ਪਿਤਾ ਉੱਤੇ ਕਥਿਤ ਧੋਖਾਧੜ੍ਹੀ ਦਾ ਇੱਕ ਕੇਸ ਦਰਜ ਹੋਇਆ ਸੀ।

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਕਰਰਨਪ੍ਰੀਤ ਸਿੰਘ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਸੁੰਡਲ ਹੈ।

ਕਰਨਪ੍ਰੀਤ ਆਮ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ ਦੁਬਈ ਵਿੱਚ ਟਰੱਕ ਵੀ ਚਲਾਉਂਦੇ ਰਹੇ ਹਨ।

ਪਿੰਡ ਦੇ ਸਰਪੰਚ ਲਵਦੀਪ ਸਿੰਘ ਅਤੇ ਕਰਨਪ੍ਰੀਤ ਸਿੰਘ ਦੇ ਚਾਚੇ ਦੇ ਪੁੱਤਰ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕਰਨਪ੍ਰੀਤ ਇੱਕ ਸਧਾਰਨ ਪਰਿਵਾਰ ਵਿੱਚ ਜੰਮਿਆ ਪਲ਼ਿਆ ਹੈ।

ਪੰਜਾਬ ਪੁਲਿਸ ਵਲੋਂ ਕੀਤੀ ਗਈ ਹੈ ਕਿ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਕਮਲਪ੍ਰੀਤ ਸਿੰਘ, ਜਲੰਧਰ ਜ਼ਿਲ੍ਹੇ ਦੇ ਨਕੋਦਰ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਂ ਨਾਲ ਸਬੰਧਤ ਹੈ।

ਕਮਲਪ੍ਰੀਤ ਸਿੰਘ ਨੇ ਨਕੋਦਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਸਾਲ 2019 ਵਿੱਚ ਆਪਣੀ +2 ਪੂਰੀ ਕੀਤੀ। ਉਸ ਤੋਂ ਬਾਅਦ ਉਹ ਐਡਮਿੰਟਨ ਵਿੱਚ ਸਟੱਡੀ ਪਰਮਿਟ ‘ਤੇ ਕੈਨੇਡਾ ਚਲਾ ਗਿਆ।

ਕਮਲਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹੈ ਕਿਉਂਕਿ ਉਸਦੇ ਪਿਤਾ ਸਤਨਾਮ ਸਿੰਘ ਦਾ ਆੜ੍ਹਤ ਦਾ ਕੰਮ ਹੈ ਤੇ ਨਾਲ ਹੀ ਉਨ੍ਹਾਂ ਕੋਲ ਪਿੰਡ ਵਿੱਚ ਚੰਗੀ ਜ਼ਮੀਨ ਵੀ ਹੈ।

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, VIRSA SINGH VALTOHA/X

ਹਰਦੀਪ ਸਿੰਘ ਨਿੱਝਰ ਕੌਣ ਸਨ?

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ।

ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ “ਸਿੱਖ ਰੈਫਰੈਂਡਮ 2020” ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ ‘ਚ ਆਸਟ੍ਰੇਲੀਆ ‘ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਸੰਤਬਰ 2023 ਟਰੂਡੋ ਭਾਰਤ ਵਿੱਚ ਜੀ20 ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਵਿੱਚ 18 ਸਤੰਬਰ ਨੂੰ ਬਿਆਨ ਦਿੱਤਾ ਕਿ ਨਿੱਝਰ ਦੇ ਕਤਲ ਪਿੱਛੇ “ਭਾਰਤ ਸਰਕਾਰ ਦਾ ਸੰਭਾਵੀ ਸੰਬੰਧ ਹੋਣ ਦੇ ਭਰੋਸੇਯੋਗ ਇਲਜ਼ਮਾਂ ਦੀ ਜਾਂਚ ਕੀਤੀ” ਜਾ ਰਹੀ ਹੈ।

ਹਾਲਾਂਕਿ ਮੋਦੀ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਗੈਰ-ਨਿਆਂਇਕ ਕਤਲਾਂ ਵਿੱਚ ਆਪਣੀ ਸ਼ਮੂਲੀਅਤ ਦੇ ਇਲਜ਼ਮਾਂ ਤੋਂ ਇਨਕਾਰ ਕੀਤਾ ਹੈ।

ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਿਕਾਂ ਦੀ ਡਿਪਲੋਮੈਟਿਕ ਇਮਿਊਨਿਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ।

ਇਸ ਕਾਰਨ ਕੈਨੇਡੀਅਨ ਸਫਾਰਤਖਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।

ਭਾਰਤ ਨੇ ਕਿਹਾ ਸੀ ਕਿ ਕੈਨੇਡਾ ਸਿੱਖ ਵੱਖਵਾਦੀਆਂ ਨੂੰ ਜੋ ਖੁੱਲ਼੍ਹ ਦੇ ਰਿਹਾ ਹੈ ਉਹ ਭਾਰਤ ਲਈ ਹੀ ਨਹੀਂ ਸਗੋਂ ਕੈਨੇਡਾ ਦੇ ਮਾਹੌਲ ਲਈ ਵੀ ਸਹੀ ਨਹੀਂ ਹੈ।

ਮਈ 2024 ਦੇ ਪਹਿਲੇ ਹਫ਼ਤੇ ਦੌਰਾਨ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਝਰ ਦੇ ਕਤਲ ਅਤੇ ਭਾਰਤ ਨਾਲ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਭਾਰਤ ਨੇ ਇਸ ਬਾਰੇ ਇਤਰਾਜ਼ ਜਤਾਇਆ।

ਤਾਜ਼ਾ ਘਟਨਾਕ੍ਰਮ ਵਿੱਚ ਕੈਨੇਡਾ ਪੁਲਿਸ ਨੇ ਨਿੱਝਰ ਦੇ ਕਤਲ ਦੇ ਸੰਬੰਧ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

source : BBC PUNJABI