Home ਰਾਸ਼ਟਰੀ ਖ਼ਬਰਾਂ ਦਿੱਲੀ ਵਿੱਚ ‘600 ਸਾਲ ਪੁਰਾਣੀ’ ਮਸਜਿਦ ਢਾਹੀ ਗਈ, ਅਨਾਥ ਬੱਚੇ ਬੇਘਰ ਹੋਏ,...

ਦਿੱਲੀ ਵਿੱਚ ‘600 ਸਾਲ ਪੁਰਾਣੀ’ ਮਸਜਿਦ ਢਾਹੀ ਗਈ, ਅਨਾਥ ਬੱਚੇ ਬੇਘਰ ਹੋਏ, ਕੀ ਪੂਰਾ ਮਾਮਲਾ

1
0

Source :- BBC PUNJABI

ਬੱਚਾ ਖੜ੍ਹਾ ਹੈ ਪਰ ਉਸਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ

ਤਸਵੀਰ ਸਰੋਤ, ANTARIKSH JAIN/BBC

ਫ਼ਵਾਦ ਦਾ ਕਹਿਣਾ ਹੈ ਕਿ ਹਰਾ ਉਨ੍ਹਾਂ ਦਾ ਪਸੰਦੀਦਾ ਰੰਗ ਹੈ।

12 ਸਾਲਾਂ ਦੇ ਫ਼ਵਾਦ (ਬੱਚਿਆਂ ਦੇ ਨਾਮ ਬਦਲ ਦਿੱਤੇ ਗਏ ਹਨ) ਨੂੰ ਮਸਜਿਦ ਦੇ ਆਸ-ਪਾਸ ਘਾਹ, ਪੱਤੇ ਅਤੇ ਰੁੱਖ ਵੇਖਣਾ ਬਹੁਤ ਹੀ ਪਸੰਦ ਹੈ।

ਉਹ ਦਿੱਲੀ ਦੀ ਉਸ ਮਸਜਿਦ ਵਿੱਚ ਪੜ੍ਹਦੇ ਵੀ ਹਨ ਅਤੇ ਉੱਥੇ ਹੀ ਰਹਿੰਦੇ ਹਨ। ਦੋ ਸਾਲ ਪਹਿਲਾਂ ਅਚਾਨਕ ਹੀ ਉਸ ਦੇ ਅੰਮੀ-ਅੱਬੂ ਦੀ ਮੌਤ ਤੋਂ ਬਾਅਦ ਦਿੱਲੀ ਦੇ ਗੁਆਂਢੀ ਸੂਬੇ ਤੋਂ ਫਵਾਦ ਨੂੰ ਇੱਥੇ ਆਉਣਾ ਪਿਆ ਸੀ।

ਦਿੱਲੀ ਵਿੱਚ ਉਨ੍ਹਾਂ ਦਾ ਘਰ ਅਖੁੰਦਜੀ ਮਸਜਿਦ ਸੀ। ਇਸ ਮਸਜਿਦ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਘੱਟੋ-ਘੱਟ 600 ਸਾਲ ਪੁਰਾਣੀ ਸੀ ਅਤੇ ਉਹ ਮਸਜਿਦ ਦੇ ਨਾਲ ਚੱਲਣ ਵਾਲੇ ਮਦਰੱਸੇ ਵਿੱਚ ਹੀ ਪੜ੍ਹਦੇ ਸਨ। ਮਦਰੱਸੇ ਦਾ ਰੰਗ ਵੀ ਹਰਾ ਸੀ। ਮਦਰੱਸੇ ਦੇ ਥੰਮ੍ਹ, ਸ਼ਤੀਰਾਂ ਅਤੇ ਅਰਕਾਂ ਵੀ ਹਰਾ ਰੰਗ ਦੀਆਂ ਸੀ।

ਇੱਕ ਨਵੇਂ ਸ਼ਹਿਰ ਵਿੱਚ ਜਾਣੀ-ਪਛਾਣੀ ਰੰਗਤ ਵੇਖ ਕੇ ਫ਼ਵਾਦ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ। ਹਾਲਾਂਕਿ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਵੇਖ ਕੇ ਉਨ੍ਹਾਂ ਨੂੰ ਰੋਣਾ ਆਉਂਦਾ ਹੈ।

30 ਜਨਵਰੀ ਨੂੰ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਮਸਜਿਦ ਉੱਤੇ ਬੁਲਡੋਜ਼ਰ ਚਲਾ ਦਿੱਤਾ ਸੀ। ਡੀਡੀਏ ਦਾ ਇਲਜ਼ਾਮ ਹੈ ਕਿ ਮਸਜਿਦ ਨੂੰ ਉਸ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਗਿਆ ਸੀ।

ਡੀਡੀਏ ਦਾ ਬਿਆਨ

ਦਿੱਲੀ ਡਿਵੈਲਪਮੈਂਟ ਅਥਾਰਟੀ ਦਾ ਬੋਰਡ

ਤਸਵੀਰ ਸਰੋਤ, SANJEEV VERMA/HINDUSTAN TIMES VIA GETTY IMAGES

ਡੀਡੀਏ ਨੇ ਮਸਜਿਦ ਦੇ ਨਾਲ ਲੱਗਦੇ ਉਸ ਮਦਰੱਸੇ ਨੂੰ ਵੀ ਢਾਹ ਦਿੱਤਾ ਸੀ, ਜਿਸ ਵਿੱਚ ਫ਼ਵਾਦ ਅਤੇ ਉਨ੍ਹਾਂ ਦੇ 25 ਹੋਰ ਸਾਥੀ ਪੜ੍ਹਦੇ ਸਨ।

ਡੀਡੀਏ ਨੇ ਨਾਜਾਇਜ਼ ਕਬਜ਼ਾ ਦੱਸ ਕੇ ਇੱਕ ਸੂਫ਼ੀ ਸੰਤ ਦੀ ਦਰਗਾਹ ਅਤੇ ਇੱਕ ਕਬਰਿਸਤਾਨ ਨੂੰ ਵੀ ਢਾਹ ਦਿੱਤਾ ਸੀ। ਇਹ ਦੋਵੇਂ ਵੀ ਮਸਜਿਦ ਦੇ ਕੰਪਲੈਕਸ ਵਿੱਚ ਮੌਜੂਦ ਸਨ।

ਇਹ ਮਸਜਿਦ ਦੱਖਣੀ ਦਿੱਲੀ ਦੇ ਮਹਿਰੌਲੀ ਦੇ 784 ਏਕੜ ਵਿੱਚ ਫੈਲੇ ਜੰਗਲਾਂ ਵਿੱਚ ਸਥਿਤ ਸੀ।

ਮਹਿਰੌਲੀ ਦਿੱਲੀ ਦੇ ਉਨ੍ਹਾਂ ਮੱਧਕਾਲੀਨ ਸ਼ਹਿਰਾਂ ਵਿੱਚੋਂ ਇੱਕ ਹੈ, ਜੋ ਕਿ ਹੁਣ ਕਿ ਹੁਣ ਉਜਾੜ ਪਏ ਹਨ। ਇਹ ਇਲਾਕਾ ਵੀ ਖੰਡਰਾਂ ਅਤੇ ਇਤਿਹਾਸਕ ਇਮਾਰਤਾਂ ਨਾਲ ਲਬਰੇਜ਼ ਹੈ, ਜੋ ਦਿੱਲੀ ਸ਼ਹਿਰ ਦੇ ਸ਼ਾਨਦਾਰ ਅਤੀਤ ਦੀ ਗਵਾਹੀ ਭਰਦੀਆਂ ਹਨ।

ਇੱਕ ਬਿਆਨ ਵਿੱਚ ਡੀਡੀਏ ਨੇ ਕਿਹਾ ਹੈ ਕਿ ਮਸਜਿਦ ਇੱਕ ‘ਗੈਰ-ਕਾਨੂੰਨੀ ਇਮਾਰਤ’ ਹੈ, ਜਿਸ ਨੂੰ ਕਿ ਕਿਸੇ ਰੋਕ-ਟੋਕ ਜਾਂ ਪਰੇਸ਼ਾਨੀ ਦੇ ਬਿਨ੍ਹਾਂ ਢਾਹਿਆ ਗਿਆ ਹੈ।

‘ਲਿਖਤੀ ਨੋਟਿਸ ਨਹੀਂ ਦਿੱਤਾ…’

ਮਹਿਰੌਲੀ ਇਲਾਕੇ ਦੇ ਬਾਹਰ ਸੁਰੱਖਿਆ

ਤਸਵੀਰ ਸਰੋਤ, SAJJAD HUSSAIN/AFP VIA GETTY IMAGES

ਜਦਕਿ ਮਸਜਿਦ ਦੇ ਇਮਾਮ ਜ਼ਾਕਿਰ ਹੁਸੈਨ ਅਤੇ ਉਨ੍ਹਾਂ ਦੇ ਵਕੀਲ ਸ਼ਮਸ ਖਵਾਜਾ ਇਸ ਤੋਂ ਇਨਕਾਰ ਕਰਦੇ ਹਨ।

ਉਹ ਕਹਿੰਦੇ ਹਨ ਕਿ ਇਹ ਜਾਇਦਾਦ ਦਿੱਲੀ ਵਿੱਚ ਇਸਲਾਮਿਕ ਜਾਇਦਾਦਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ, ਦਿੱਲੀ ਵਕਫ਼ ਬੋਰਡ ਦੀ ਸੀ।

ਜ਼ਾਕਿਰ ਹੁਸੈਨ ਦਾ ਦਾਅਵਾ ਹੈ ਕਿ ਅਧਿਕਾਰੀਆਂ ਨੇ ਮਸਜਿਦ ਅਤੇ ਮਦਰੱਸੇ ਨੂੰ ਢਾਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਵੀ ਲਿਖਤੀ ਨੋਟਿਸ ਨਹੀਂ ਦਿੱਤਾ ਸੀ।

ਉਹ ਇਹ ਇਲਜ਼ਾਮ ਵੀ ਲਗਾਉਂਦੇ ਹਨ ਕਿ ਕਬਜ਼ਾ ਹਟਾਉਣ ਦੇ ਨਾਮ ਉੱਤੇ ਕੀਤੀ ਗਈ ਇਸ ਕਾਰਵਾਈ ਵਿੱਚ ਮੁਕੱਦਸ (ਪਵਿੱਤਰ) ਕੁਰਾਨ ਦੀਆਂ ਕਾਪੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਉੱਥੈ ਰਹਿ ਰਹੇ ਅਨਾਥ ਬੱਚਿਆਂ ਨੂੰ ਉਨ੍ਹਾਂ ਦਾ ਸਮਾਨ ਤੱਕ ਬਾਹਰ ਨਹੀਂ ਕੱਢਣ ਦਿੱਤਾ ਗਿਆ। ਇੰਨਾ ਹੀ ਨਹੀਂ, ਇਹ ਦੱਸਣ ਵਾਲੇ ਦਸਤਾਵੇਜ਼ ਵੀ ਅਧਿਕਾਰੀ ਆਪਣੇ ਨਾਲ ਹੀ ਲੈ ਗਏ, ਜੋ ਇਹ ਸਾਬਤ ਕਰ ਸਕਦੇ ਸਨ ਕਿ ਮਸਜਿਦ ਗੈਰ-ਕਾਨੂੰਨੀ ਨਹੀਂ ਹੈ।

ਜ਼ਾਕਿਰ ਹੁਸੈਨ ਦਾ ਕਹਿਣਾ ਹੈ ਕਿ “ਉਨ੍ਹਾਂ ਨੇ ਇਸ ਭਿਆਨਕ ਠੰਢ ਵਿੱਚ ਸਾਨੂੰ ਸਿਰਫ ਦੁਆਵਾਂ ਦੇ ਸਹਾਰੇ ਇਸ ਖੁੱਲ੍ਹੇ ਆਸਮਾਨ ਹੇਠ ਛੱਡ ਦਿੱਤਾ ਹੈ।”

ਦਿੱਲੀ ਹਾਈ ਕੋਰਟ ਵਿੱਚ ਸੁਣਵਾਈ

ਦਿੱਲੀ ਹਾਈ ਕੋਰਟ ਦਾ ਬੋਰਡ

ਤਸਵੀਰ ਸਰੋਤ, MOHD ZAKIR /HINDUSTAN TIMES/GETTY IMAGES

ਡੀਡੀਏ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਜਿਸ ਜ਼ਮੀਨ ’ਤੇ ਮਸਜਿਦ ਬਣੀ ਹੋਈ ਸੀ, ਉਹ ਜਗ੍ਹਾ ਉਸ ਦੀ ਜਾਇਦਾਦ ਹੈ।

ਡੀਡੀਏ ਦੇ ਬਾਗ਼ਬਾਨੀ ਵਿਭਾਗ ਦੇ ਮੁੱਖ ਕਮਿਸ਼ਨਰ ਰਾਜੀਵ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ, “ਉਸ ਜਗ੍ਹਾ ਦੀ ਸਫ਼ਾਈ ਕਰਦੇ ਸਮੇਂ ਸਾਨੂੰ ਕੁਝ ਕਿਤਾਬਾਂ ਮਿਲੀਆਂ ਸਨ ਅਤੇ ਅਸੀਂ ਮਸਜਿਦ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਸਾਡੇ ਕੋਲੋਂ ਇਹ ਕਿਤਾਬਾਂ ਲੈ ਜਾਣ।”

ਇਸ ਮਾਮਲੇ ਦੀ ਸੁਣਵਾਈ ਦਿੱਲੀ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ।

ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਦਿੱਲੀ ਵਿੱਚ ਅਜਿਹੇ ‘ਕਾਫ਼ੀ ਢਾਂਚੇ’ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਜੰਗਲਾਂ ਨੂੰ ਬਹਾਲ ਕਰਨ ਦੀ ਰਾਹ ਵਿੱਚ ਨਹੀਂ ਆਉਣਾ ਚਾਹੀਦਾ ਹੈ।

ਵੀਰਵਾਰ ਨੂੰ ਅਦਾਲਤ ਨੇ ਕਿਹਾ ਕਿ ਜਿਨ੍ਹਾਂ ਇਮਾਰਤਾਂ ਨੂੰ ਭਾਰਤ ਦਾ ਪੁਰਾਤੱਤਵ ਸਰਵੇਖਣ ਵਿਭਾਗ ਮਾਨਤਾ ਦਿੰਦਾ ਹੈ , ਉਨ੍ਹਾਂ ਦੀ ਸਾਂਭ-ਸੰਭਾਲ ਕਰਦਾ ਹੈ, ਸਿਰਫ ਉਨ੍ਹਾਂ ਇਮਾਰਤਾਂ ਨੂੰ ਹੀ ਸੁਰੱਖਿਅਤ ਰੱਖਿਆ ਜਾਵੇਗਾ।

ਸੂਫ਼ੀ ਸੰਤ ਦੀ ਮਜ਼ਾਰ

ਜਿਸ ਮਸਜਿਦ ਵਿੱਚ ਫਵਾਦ ਰਹਿੰਦੇ ਸੀ ਉਸ ਦੀ ਹਰੀ ਛੱਤ ਅਤੇ ਹਿਰਾਬਾਂ ਦੇਖਣਾ ਫਵਾਦ ਨੂੰ ਬਹੁਤ ਪਸੰਦ ਸੀ

ਤਸਵੀਰ ਸਰੋਤ, MUZAMMIL SALMANI

ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਮਹਿਰੌਲੀ ਵਿੱਚ ਕਈ ਹੋਰ ਇਤਿਹਾਸਕ ਢਾਂਚਿਆਂ ਉੱਤੇ ਵੀ ਬੁਲਡੋਜ਼ਰ ਚਲਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਤਾਂ ਦਿੱਲੀ ਦੇ ਪਹਿਲੇ ਸੂਫ਼ੀ ਸੰਤ ਦੀ ਦਰਗਾਹ ਵੀ ਸੀ।

ਪੁਰਾਤੱਤਵ ਵਿਰਾਸਤ ਦੀ ਸੰਭਾਲ ਦੇ ਲਈ ਕੰਮ ਕਰਨ ਵਾਲਿਆਂ ਅਤੇ ਇਤਿਹਾਸਕਾਰਾਂ ਨੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨਾਮ ਉੱਤੇ ਕੀਤੀ ਜਾ ਰਹੀ ਇਸ ਕਾਰਵਾਈ ਨੂੰ ‘ਪਾਗਲਪਨ’ ਕਰਾਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਬਜ਼ੇ ਹਟਾਉਣ ਦੇ ਨਾਮ ਥੱਲੇ ਸ਼ਹਿਰ ਦੀ ਉਸ ਸਮੂਹਿਕ ਵਿਰਾਸਤ ਨੂੰ ਤਬਾਹ ਕੀਤਾ ਜਾ ਰਿਹਾ ਹੈ, ਜੋ ਕਿ ਇਸ ਸ਼ਹਿਰ ਦੀ ਰੂਹ ਹੈ।

ਦਿੱਲੀ ਦੇ ਜ਼ਿਆਦਾਤਰ ਕੋਨਿਆਂ ਵਿੱਚ ਇਤਿਹਾਸ ਅੱਜ ਵੀ ਜ਼ਿੰਦਾ ਹੈ। ਦਿੱਲੀ ਉੱਤੇ ਵਾਰ-ਵਾਰ ਹੋਏ ਹਮਲਿਆਂ ਅਤੇ ਸਾਰੀਆਂ ਤਬਦੀਲੀਆਂ ਦੇ ਬਾਵਜੂਦ, ਇਤਿਹਾਸ ਦੇ ਇਹ ਪੰਨੇ ਅੱਜ ਤੱਕ ਸੁਰੱਖਿਅਤ ਰਹੇ ਹਨ।

ਦਿੱਲੀ ਵਿੱਚ ਪੁਰਾਣਾ ਦੌਰ ਅੱਜ ਦੇ ਦੌਰ ਦੇ ਨਾਲ ਮਿਲ ਕੇ ਰਹਿੰਦਾ ਆਇਆ ਹੈ। ਤੁਸੀਂ ਦਿੱਲੀ ਦੇ ਕਿਸੇ ਨਵੇਂ ਚਮਕ-ਦਮਕ ਵਾਲੇ ਹਿੱਸੇ ’ਚ ਜਾਓ, ਜਿੱਥੇ ਟਾਪ ਕਲਾਸ ਪੱਬ ਅਤੇ ਰੈਸਟੋਰੈਂਟ ਹਨ।

ਦਿੱਲੀ ਦਾ ਸੰਜੇ ਵਨ

ਦਿੱਲੀ ਦੇ ਸੰਜੇ ਵਨ ਵਿੱਚ ਕਿਤੋਂ ਸੰਘਣੇ ਰੁੱਖਾਂ ਅਤੇ ਪੱਥਰਾਂ ਦੀ ਤਸਵੀਰ

ਤਸਵੀਰ ਸਰੋਤ, AFP VIA GETTY IMAGES

ਉੱਥੇ ਹੀ ਜੇਕਰ ਤੁਸੀਂ ਆਲੇ-ਦੁਆਲੇ ਨਜ਼ਰ ਦੁੜਾਓਗੇ ਤਾਂ ਸ਼ਾਇਦ ਤੁਹਾਨੂੰ ਗਲੀ ਦੇ ਕਿਸੇ ਕੋਨੇ ਤੋਂ ਝਾਤ ਮਾਰਦੀ 12ਵੀਂ ਸਦੀ ਦੀ ਇਮਾਰਤ, ਕੋਈ ਮਕਬਰਾ ਜਾਂ ਮਜ਼ਾਰ ਵੀ ਵਿਖਾਈ ਦੇ ਜਾਵੇਗਾ।

ਇਤਿਹਾਸਕਾਰ ਸੋਹੇਲ ਹਾਸ਼ਮੀ ਦਾ ਕਹਿਣਾ ਹੈ ਕਿ “ਦਿੱਲੀ ਦਾ ਬਹੁਤ ਹੀ ਅਮੀਰ ਅਤੀਤ ਰਿਹਾ ਹੈ, ਜਿਸ ਨੇ ਕਿ ਇਸ ਨੂੰ ਬਹੁਤ ਹੀ ਵਿਲੱਖਣ ਸ਼ਹਿਰ ਬਣਾਇਆ ਹੈ। ਉਸ ਦੇ ਇਸ ਇਤਿਹਾਸ ਨੂੰ ਵਿਕਾਸ ਜਾਂ ਤਰੱਕੀ ਦੇ ਵਿਰੁੱਧ ਖੜ੍ਹਾ ਕਰਨਾ ਇੱਕ ਝੂਠੀ ਦੁਚਿੱਤੀ ਪੇਸ਼ ਕਰਨਾ ਹੈ।”

ਆਲੋਚਕਾਂ ਨੇ ਉਨ੍ਹਾਂ ਸਦੀਆਂ ਪੁਰਾਣੀਆਂ ਇਮਾਰਤਾਂ ਨੂੰ ਗੈਰ-ਕਾਨੂੰਨੀ ਕਰਾਰ ਐਲਾਨੇ ਜਾਣ ਉੱਤੇ ਵੀ ਸਵਾਲ ਚੁੱਕੇ ਹਨ, ਜੋ ਕਿ ਜੰਗਲਾਂ ਅਤੇ ਆਪਣੇ ਨੇੜੇ-ਤੇੜੇ ਦੀਆਂ ਬਸਤੀਆਂ ਨਾਲੋਂ ਵੀ ਪੁਰਾਣੀਆਂ ਹਨ।

ਉਨ੍ਹਾਂ ਦਾ ਇਹ ਇਲਜ਼ਾਮ ਵੀ ਹੈ ਕਿ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਕਬਜ਼ਾ ਹਟਾਊ ਮਹਿੰਮ, ਪੱਖਪਾਤੀ ਹੈ ਅਤੇ ਇਸ ਦੇ ਜ਼ਰੀਏ ਮੁਸਲਮਾਨਾਂ ਦੀ ਸੱਭਿਆਚਾਰ ਅਤੇ ਇਤਿਹਾਸਕ ਵਿਰਾਸਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਡੀਡੀਏ ਦੇ ਅਨੁਸਾਰ ਸੰਜੇ ਵਨ ਵਿੱਚ ਜਿਨ੍ਹਾਂ 20 ਧਾਰਮਿਕ ਇਮਾਰਤਾਂ ਨੂੰ ਨਿਸ਼ਾਨਦੇਹੀ ਕਰਕੇ ਢਾਹਿਆ ਜਾਣਾ ਹੈ, ਉਨ੍ਹਾਂ ਵਿੱਚ 16 ਮੁਸਲਿਮ ਮਜ਼ਾਰਾਂ ਅਤੇ ਚਾਰ ਮੰਦਰ ਹਨ।

ਡੀਡੀਏ ਦੀ ਕਬਜ਼ੇ ਵਿਰੋਧੀ ਮੁਹਿੰਮ

ਪੁਲਿਸ ਦੀ ਮੌਜੂਦਗੀ

ਤਸਵੀਰ ਸਰੋਤ, ANANT PRAKASH/BBC

ਸੋਹੇਲ ਹਾਸ਼ਮੀ ਦਾ ਕਹਿਣਾ ਹੈ ਕਿ, “ਇਸ ਤੋਂ ਸਾਫ਼ ਤੌਰ ਉੱਤੇ ਇੱਕ ਪੈਟਰਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਭਾਰਤ ਵਰਗੇ ਦੇਸ ਦੇ ਲਈ ਬਹੁਤ ਹੀ ਚਿੰਤਾਜਨਕ ਮਿਸਾਲ ਕਾਇਮ ਕਰੇਗਾ, ਜਿੱਥੇ ਅੱਜ ਤੱਕ ਸਾਰੇ ਹੀ ਧਰਮਾਂ ਨਾਲ ਬਰਾਬਰੀ ਵਾਲਾ ਵਤੀਰਾ ਅਪਣਾਇਆ ਗਿਆ ਹੈ।”

ਜਦਕਿ ਰਾਜੀਵ ਕੁਮਾਰ ਤਿਵਾਰੀ ਦਾ ਕਹਿਣਾ ਹੈ ਕਿ ਡੀਡੀਏ ਦੀ ਕਬਜ਼ੇ ਵਿਰੋਧੀ ਮੁਹਿੰਮ ‘ਪੂਰੀ ਤਰ੍ਹਾਂ ਨਾਲ ਕਾਨੂੰਨੀ’ ਹੈ ਅਤੇ ਇਸ ਨੂੰ ਜ਼ਬਰਦਸਤੀ ਹੀ ਮਜ਼ਹਬੀ ਰੰਗ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀਡੀਏ ਨੇ ਕਈ ਵਾਰ ਸਰਕਾਰੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ।

ਇਨ੍ਹਾਂ ਵਿੱਚ ਮੰਦਰ ਵੀ ਸ਼ਾਮਲ ਰਹੇ ਹਨ ਅਤੇ ਡੀਡੀਏ ਨੇ ਜਿਸ ਦਿਨ ਮਹਿਰੌਲੀ ਦੀ ਮਸਜਿਦ ਉੱਤੇ ਬੁਲਡੋਜ਼ਰ ਚਲਾਇਆ ਸੀ, ਉਸੇ ਦਿਨ ਦਿੱਲੀ ਦੇ ਵੱਖ-ਵੱਖ ਮੁਹੱਲਿਆਂ ਵਿੱਚ 5 ਮੰਦਰਾਂ ਨੂੰ ਵੀ ਢਾਹਿਆ ਗਿਆ ਸੀ।

ਤਿਵਾਰੀ ਅੱਗੇ ਕਹਿੰਦੇ ਹਨ, “ਅਸੀਂ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ।”

ਗਰਾਫਿਕਸ ਪਲੇਟ ਜਿਸ ਉੱਤੇ ਮਹਿਰੌਲੀ ਮਸਜਿਦ ਦਾ ਇਤਿਹਾਸ ਹੈ

ਇਸ ਕਬਜ਼ੇ ਵਿਰੋਧੀ ਮੁਹਿੰਮ ਨਾਲ ਜੋ ਲੋਕ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਮਸਜਿਦ ਨੂੰ ਢਾਹੁਣ ਦੀ ਮੁਹਿੰਮ ਗਲਤ ਸੀ ਅਤੇ ਇਸ ਕਾਰਵਾਈ ਨੂੰ ਬਿਨਾਂ ਕਿਸੇ ਚੇਤਾਵਨੀ ਦੇ ਕੀਤਾ ਗਿਆ ਸੀ।

ਬੀਬੀਸੀ ਨੇ ਮਦਰੱਸੇ ਵਿੱਚ ਮੌਜੂਦ 9 ਬੱਚਿਆਂ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਸਵੇਰੇ 5 ਵਜੇ ਜਦੋਂ ਉਹ ਨਮਾਜ਼ ਅਦਾ ਕਰਨ ਲਈ ਉੱਠੇ ਤਾਂ ਉਨ੍ਹਾਂ ਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ।

ਇਨ੍ਹਾਂ ਬੱਚਿਆਂ ਵਿੱਚੋਂ ਇੱਕ ਉਮਰ ਨਾਮ ਦਾ ਬੱਚਾ ਉਸ ਦਿਨ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਉਨ੍ਹਾਂ ਨੇ ਦਰਜਨਾਂ ਪੁਲਿਸ ਵਾਲੇ, ਕੁਝ ਬੁਲਡੋਜ਼ਰ ਅਤੇ ਗੁੱਸੇ ਨਾਲ ਭਰੇ ਕੁਝ ਲੋਕਾਂ ਨੂੰ ਵੇਖਿਆ ਸੀ ਜੋ ਰੌਲਾ ਪਾ-ਪਾ ਕੇ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਬਾਹਰ ਆ ਜਾਓ।

ਇਸ ਤੋਂ ਬਾਅਦ ਮਸਜਿਦ ਦੇ ਇਮਾਮ ਜ਼ਾਕਿਰ ਹੁਸੈਨ ਭੱਜਦੇ ਹੋਏ ਅੰਦਰ ਆਏ ਅਤੇ ਉਨ੍ਹਾਂ ਨੇ ਚੀਕਦਿਆਂ ਕਿਹਾ ਕਿ, “ ਭੱਜੋ, ਭੱਜੋ। ਤੁਹਾਡੇ ਹੱਥ ਵਿੱਚ ਜੋ ਕੁਝ ਵੀ ਆਉਂਦਾ ਹੈ ਉਸ ਨੂੰ ਲੈ ਕੇ ਇੱਥੋਂ ਨਿਕਲ ਜਾਓ।”

ਮਸਜਿਦ ਨਾਲ ਲੱਗਦੇ ਕਬਰਿਸਤਾਨ ’ਚ…

ਜਿੱਥੇ ਸਦੀਆਂ ਤੋਂ ਖੜੀ ਮਸਜਿਦ ਦਾ ਫੈਲਿਆ ਹੋਇਆ ਮਲਬਾ

ਤਸਵੀਰ ਸਰੋਤ, MUZAMMIL SULEMAN

ਉਮਰ ਆਪਣੇ ਹੱਥ ਵਿੱਚ ਸਿਰਫ਼ ਇੱਕ ਸਵੈਟਰ ਅਤੇ ਆਪਣੀ ਚੱਪਲ ਲੈ ਕੇ ਹੀ ਬਾਹਰ ਵੱਲ ਨੂੰ ਭੱਜ ਸਕਿਆ ਸੀ।

ਉਮਰ ਦਾ ਦੋਸਤ ਮੁਰੀਦ ਤਾਂ ਇੰਨਾ ਵੀ ਸਮਾਨ ਨਾ ਚੁੱਕ ਸਕਿਆ ਅਤੇ ਉਹ ਨੰਗੇ ਪੈਰ ਹੀ ਬਾਹਰ ਵੱਲ ਨੂੰ ਭੱਜੇ ਸਨ।

ਪੰਜ ਹੋਰ ਬੱਚੇ ਵੀ ਸਨ ਜਿਨ੍ਹਾਂ ਦੀ ਉਮਰ 10-12 ਸਾਲ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜੈਕੇਟ ਜਾਂ ਜੁੱਤੇ ਪਾਏ ਬਿਨ੍ਹਾਂ ਹੀ ਬਾਹਰ ਨਿਕਲਣਾ ਪਿਆ ਸੀ।

ਇਨ੍ਹਾਂ ’ਚੋਂ ਇੱਕ ਬੱਚੇ ਜ਼ਫ਼ਰ ਨੇ ਦੱਸਿਆ, “ ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਮੈਂ ਆਪਣੀ ਪਲੇਟ ਆਪਣੇ ਨਾਲ ਲਿਆਉਣ ਵਿੱਚ ਸਫਲ ਰਿਹਾ ਹਾਂ।”

ਇਸ ਘਟਨਾ ਨਾਲ ਸਿਰਫ਼ ਬੱਚੇ ਹੀ ਡਰੇ ਹੋਏ ਨਹੀਂ ਹਨ ਬਲਕਿ ਇਮਾਮ ਜ਼ਾਕਿਰ ਹੁਸੈਨ ਦਾ ਪਰਿਵਾਰ ਵੀ ਸਹਿਮਿਆ ਹੋਇਆ ਹੈ।

ਇਮਾਮ ਜ਼ਾਕਿਰ ਹੁਸੈਨ, ਮਸਜਿਦ ਦੇ ਕੋਲ ਇੱਕ ਛੋਟੀ ਜਿਹੀ ਇਮਾਰਤ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਹੁਣ ਉਹ ਵੀ ਬੇਘਰ ਹੋ ਗਏ ਹਨ।

ਜ਼ਾਕਿਰ ਹੁਸੈਨ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਉਸ ਜਗ੍ਹਾ ਉੱਤੇ ਜਾਂਦੇ ਹਨ ਅਤੇ ਮਲਬੇ ਦੇ ਜਿੰਨਾਂ ਨੇੜੇ ਹੋ ਸਕੇ ਜਾਂਦੇ ਹਨ ਅਤੇ ਫਿਰ ਉਸ ਥਾਂ ਦੀ ਰੱਖਵਾਲੀ ਕਰਨ ਵਾਲੇ ਪੁਲਿਸ ਵਾਲੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੰਦੇ ਹਨ।

ਮਸਜਿਦ ਦੇ ਨਾਲ ਲੱਗਦੇ ਮਦਰੱਸੇ ਵਿੱਚ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਣ ਵਾਲੇ ਮੁਜ਼ੱਮਿਲ ਸਲਮਾਨੀ ਦਾ ਕਹਿਣਾ ਹੈ ਕਿ ਮਸਜਿਦ ਦੇ ਨਾਲ ਲੱਗਦੇ ਕਬਰਿਸਤਾਨ ਵਿੱਚ ਉਨ੍ਹਾਂ ਦੇ ਚਾਚਾ ਜੀ ਦਫ਼ਨ ਸਨ। ਉਸ ਨੂੰ ਢਾਹੇ ਜਾਣ ਤੋਂ ਬਾਅਦ ਚਾਚਾ ਜੀ ਦੀ ਕਬਰ ਉੱਤੇ ਲੱਗੇ ਯਾਦਗਾਰੀ ਲੇਖ ਦੇ ਕੁਝ ਟੁੱਕੜੇ ਹੀ ਉਨ੍ਹਾਂ ਦੇ ਹੱਥ ਲੱਗੇ ਹਨ।

ਗਰਾਫਿਕਸ ਜਿਸ ਉੱਪਰ ਮਹਿਰੌਲੀ ਮਸਜਿਦ ਬਾਰੇ ਦੋਵਾਂ ਪੱਖਾਂ ਦੀ ਸਮਰੀ ਲਿਖੀ ਹੋਈ ਹੈ

ਰਜ਼ੀਆ ਸੁਲਤਾਨਾ ਦੇ ਦੌਰ ’ਚ…

ਸਲਮਾਨੀ ਦਾ ਕਹਿਣਾ ਹੈ ਕਿ “ਲੋਕਾਂ ਨੂੰ ਸਮਝ ਨਹੀਂ ਆਉਂਦਾ। ਇਹ ਸਿਰਫ਼ ਇੱਕ ਪੁਰਾਣੀ ਮਸਜਿਦ, ਕਬਰਿਸਤਾਨ ਜਾਂ ਫਿਰ ਮਦਰੱਸਾ ਹੀ ਨਹੀਂ ਸੀ। ਇਹ ਤਾਂ ਉਨ੍ਹਾਂ ਦੀ ਪਨਾਹਗਾਹ ਸੀ।”

ਮਸਜਿਦ ਦੇ ਇਤਿਹਾਸ ਦੇ ਬਾਰੇ ਬਹੁਤੀ ਜਾਣਕਾਰੀ ਤਾਂ ਨਹੀਂ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ 13ਵੀਂ ਸਦੀ ਵਿੱਚ ਸ਼ਹਿਜ਼ਾਦੀ ਰਜ਼ੀਆ ਸੁਲਤਾਨਾ ਨੇ ਬਣਵਾਇਆ ਸੀ।

ਰਜ਼ੀਆ ਸੁਲਤਾਨਾ ਨੂੰ ਭਾਰਤੀ ਉਪ ਮਹਾਂਦੀਪ ਦੀ ਪਹਿਲੀ ਮੁਸਲਿਮ ਸ਼ਾਸਕ ਮੰਨਿਆ ਜਾਂਦਾ ਹੈ। ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਹ ਮਸਜਿਦ ਇਸ ਤੋਂ ਵੀ ਪੁਰਾਣੀ ਸੀ।

ਸੋਹੇਲ ਹਾਸ਼ਮੀ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ਲਈ ਜਿਸ ਭੂਰੇ ਪੱਥਰ ਦੀ ਵਰਤੋਂ ਕੀਤੀ ਗਈ ਸੀ, ਉਸ ਤੋਂ ਇੰਝ ਲੱਗਦਾ ਹੈ ਕਿ ਇਹ ਦਿੱਲੀ ਸਲਤਨਤ ਦੇ ਦੌਰ ਵਿੱਚ 600-700 ਸਾਲ ਪਹਿਲਾਂ ਬਣਾਈ ਗਈ ਹੋਵੇਗੀ।

ਭਾਰਤੀ ਪੁਰਾਤੱਤਵ ਸਰਵੇਖਣ ਦੇ ਰਿਕਾਰਡ ਦੱਸਦੇ ਹਨ ਕਿ ਆਖ਼ਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਦੇ ਦੌਰ ’ਚ 1853 ਵਿੱਚ ਇਸ ਮਸਜਿਦ ਦੀ ਮੁਰੰਮਤ ਕੀਤੀ ਗਈ ਸੀ।

ਇਤਿਹਾਸਕਾਰ ਰਾਣਾ ਸਫ਼ਵੀ ਦਾ ਕਹਿਣਾ ਹੈ ਕਿ ਮਸਜਿਦ ਵਿੱਚ ਖੁਦ ਬਹਾਦੁਰ ਸ਼ਾਹ ਜ਼ਫ਼ਰ ਦੇ ਹੱਥੀਂ ਲਿਖਿਆ ਇੱਕ ਪੱਥਰ ਵੀ ਲੱਗਿਆ ਹੋਇਆ ਸੀ।

ਇਤਿਹਾਸਕਾਰਾਂ ਦੇ ਦਾਅਵੇ

ਇਤਿਹਾਸਕਾਰ ਰਾਣਾ ਸਫ਼ਵੀ ਸੋਫੇ ਉੱਪਰ ਬੈਠੇ ਹਨ ਸੁਨਹਿਰੀ ਕਢਾਈ ਵਾਲੀ ਸਾੜੀ ਅਤੇ ਐਨਕਾਂ ਲਾਈਆਂ ਹੋਈਆਂ ਹਨ। ਹੱਥ ਵਿਚ ਕੋਈ ਕਿਤਾਬ ਫੜ ਕੇ ਕੈਮਰੇ ਵੱਲ ਦੇਖ ਰਹੇ ਹਨ

ਤਸਵੀਰ ਸਰੋਤ, AMAL KS/HINDUSTAN TIMES VIA GETTY IMAGES

ਵੈਸੇ ਤਾਂ ਮਸਜਿਦ ਦੇ ਜ਼ਿਆਦਾਤਰ ਹਿੱਸਿਆਂ ਦਾ ਆਧੁਨਿਕ ਦੌਰ ’ਚ ਮੁੜ ਨਿਰਮਾਣ ਕੀਤਾ ਗਿਆ ਸੀ। ਪਰ ਰਾਣਾ ਸਫ਼ਵੀ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਇਹ ਮਸਜਿਦ ਇਤਿਹਾਸ ਦਾ ਪ੍ਰਮੁੱਖ ਅੰਗ ਸੀ, ਜਿਸ ਨੂੰ ਸੰਭਾਲਿਆ ਜਾਣਾ ਚਾਹੀਦਾ ਸੀ।

ਉਹ ਸਵਾਲ ਕਰਦੇ ਹੋਏ ਕਹਿੰਦੇ ਹਨ ਕਿ “ ਜਿਹੜੀ ਮਸਜਿਦ ਆਖ਼ਰੀ ਮੁਗਲ ਬਾਦਸ਼ਾਹ ਦੇ ਲਈ ਇੰਨੀ ਅਹਿਮ ਸੀ, ਉਹ ਅੱਜ ਮਾਮੂਲੀ ਕਿਵੇਂ ਹੋ ਸਕਦੀ ਹੈ?”

ਹਾਲਾਂਕਿ ਡੀਡੀਏ ਦਾ ਕਹਿਣਾ ਹੈ ਕਿ ਉਸ ਦੇ ਕੋਲ ਇਸ ਮਸਜਿਦ ਦਾ ਕੋਈ ਰਿਕਾਰਡ ਨਹੀਂ ਹੈ।

ਰਾਜੀਵ ਕੁਮਾਰ ਤਿਵਾਰੀ ਕਹਿੰਦੇ ਹਨ ਕਿ “ ਮਸਜਿਦ ਢਾਹੇ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਕੁਝ ਇਤਿਹਾਸਕਾਰ ਉਸ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਪਰ ਉਹ ਢਾਂਚਾ ਪੁਰਾਣਾ ਤਾਂ ਬਿਲਕੁਲ ਵੀ ਨਹੀਂ ਸੀ। ਉਹ ਅੱਜ ਦੇ ਜ਼ਮਾਨੇ ਦਾ ਲੱਗ ਰਿਹਾ ਸੀ।”

ਡੀਡੀਏ ਦੇ ਅਧਿਕਾਰੀ ਰਾਜੀਵ ਕੁਮਾਰ ਤਿਵਾਰੀ ਅੱਗੇ ਕਹਿੰਦੇ ਹਨ ਕਿ “ ਜਿਨ੍ਹਾਂ ਇਮਾਰਤਾਂ ਨੂੰ ਰਾਸ਼ਟਰੀ ਮਹੱਤਵ ਹਾਸਲ ਹੈ, ਉਨ੍ਹਾਂ ਦੀ ਸਾਂਭ ਸੰਭਾਲ ਲਈ ਅਸੀਂ ਬਹੁਤ ਯਤਨ ਕੀਤੇ ਹਨ। ਪਰ ਇਸ ਮਸਜਿਦ ਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ।”

ਮਸਜਿਦ ਇਸ ਲਈ ਢਾਹੀ ਗਈ…

ਮਸਜਿਦ ਦੇ ਇਮਾਮ ਜ਼ਾਕਿਰ ਹੁਸੈਨ

ਮਹਿਰੌਲੀ ਦੇ ਲੋਕਾਂ ਲਈ ਇਹ ਮਸਜਿਦ ਉਨ੍ਹਾਂ ਦੇ ਸਮਾਜਿਕ ਜੀਵਨ ਦਾ ਇੱਕ ਹਿੱਸਾ ਸੀ।

ਇਲਾਕੇ ’ਚ ਰਹਿਣ ਵਾਲੇ ਉਸਾਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਹ ਮਸਜਿਦ ਇੱਕ ਪਨਾਹਗਾਹ ਅਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਤਣਾਅ ਤੋਂ ਬੱਚ ਕੇ ਕੁਝ ਪਲ ਸ਼ਾਂਤੀ ਨਾਲ ਬਿਤਾਉਣ ਦਾ ਇੱਕ ਠਿਕਾਨਾ ਸੀ।

ਉਸਾਮਾ ਇੱਕ ਆਰਕੀਟੈਕਟ ਹਨ ਜੋ ਕਿ ਆਪਣੇ ਖਾਲੀ ਸਮੇਂ ’ਚ ਇਸ ਇਲਾਕੇ ਦੇ ਇਤਿਹਾਸ ਦੀਆਂ ਕੜੀਆਂ ਜੋੜਦੇ ਹਨ। ਉਹ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹ ਬੱਚਿਆਂ ਨਾਲ ਮਿਲ ਕੇ ਤਿਉਹਾਰ ਮਨਾਉਂਦੇ ਸਨ ਅਤੇ ਪੂਰੇ ਦੇਸ਼ ਤੋਂ ਆਉਣ ਵਾਲੇ ਉਨ੍ਹਾਂ ਯਾਤਰੀਆਂ ਨੂੰ ਮਿਲਦੇ ਸਨ, ਜੋ ਕਿ ਇੱਥੇ ਨਮਾਜ਼ ਅਦਾ ਕਰਨ ਆਉਂਦੇ ਸਨ।

ਉਸਾਮਾ ਕਹਿੰਦੇ ਹਨ ਕਿ, “ ਵੈਸੇ ਤਾਂ ਇਹ ਮਸਜਿਦ ਜੰਗਲ ਦੇ ਅੰਦਰ ਬਣੀ ਸੀ, ਪਰ ਫਿਰ ਵੀ ਇਹ ਇੱਕ ਅਹਿਮ ਭਾਈਚਾਰਕ ਠਿਕਾਨਾ ਸੀ, ਜਿੱਥੇ ਹਰ ਵਰਗ ਦੇ ਲੋਕ ਇਕੱਠੇ ਹੁੰਦੇ ਸਨ। ਉਨ੍ਹਾਂ ਦੇ ਲਈ ਇਹ ਮਸਜਿਦ ਸਿਰਫ਼ ਇਤਿਹਾਸਕ ਹੀ ਨਹੀਂ ਬਲਕਿ ਵਿਹਾਰਕ ਰੂਪ ’ਚ ਵੀ ਬੇਸ਼ਕੀਮਤੀ ਸੀ।”

ਡੀਡੀਏ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਸਜਿਦ ਨੂੰ ਇਸ ਲਈ ਢਾਹਿਆ ਗਿਆ, ਕਿਉਂਕਿ ਇਸ ਨੂੰ ਜੰਗਲ ਦੀ ਬੇਸ਼ਕੀਮਤੀ ਜ਼ਮੀਨ ’ਤੇ ਗੈਰ ਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ।

ਸੁਰੱਖਿਅਤ ਜੰਗਲ ਦਾ ਦਰਜਾ

ਮਹਿਰੌਲੀ ਦੀ ਮਸਜਿਦ

ਸੰਜੇ ਵਨ ਦਿੱਲੀ ਦੇ ਬਾਕੀ ਰਹਿ ਰਹੇ ਹਰੇ-ਭਰੇ ਇਲਾਕਿਆਂ ’ਚੋਂ ਇੱਕ ਹੈ।

1990 ਦੇ ਦਹਾਕੇ ’ਚ ਸ਼ਹਿਰੀਕਰਨ ਦੀਆਂ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਇਸ ਨੂੰ ਸੁਰੱਖਿਅਤ ਜੰਗਲ ਦਾ ਦਰਜਾ ਦਿੱਤਾ ਗਿਆ ਸੀ। ਹਾਲ ਹੀ ਦੇ ਦਿਨਾਂ ’ਚ ਡੀਡੀਏ ਨੇ ਇਸ ਇਲਾਕੇ ’ਚ ਕਬਜ਼ੇ ਹਟਾਉਣ ਦੀ ਮੁਹਿੰਮ ਕਈ ਵਾਰ ਚਲਾਈ ਹੈ।

ਪਰ ਇਤਿਹਾਸਕਾਰ ਕਹਿੰਦੇ ਹਨ ਕਿ ਇਹ ਮਸਜਿਦ ਤਾਂ ਇਸ ਜੰਗਲ ਨੂੰ ਸੁਰੱਖਿਅਤ ਜੰਗਲ ਦਾ ਦਰਜਾ ਮਿਲਣ ਤੋਂ ਵੀ ਪਹਿਲਾਂ ਹੋਂਦ ’ਚ ਸੀ। ਅਜਿਹੀ ਸਥਿਤੀ ’ਚ ਇਸ ਨੂੰ ਨਾਜਾਇਜ਼ ਕਬਜ਼ਾ ਕਿਵੇਂ ਕਿਹਾ ਜਾ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਤੋਂ ਬਾਅਦ ਮਹਿਰੌਲੀ ਦੀ ਦੂਜੀ ਇਤਿਹਾਸਕ ਇਮਾਰਤਾਂ ’ਤੇ ਵੀ ਖ਼ਤਰਾ ਮੰਡਰਾ ਰਿਹਾ ਹੈ, ਕਿਉਂਕ ਉਨ੍ਹਾਂ ਦੀ ਹਾਲਤ ਖਸਤਾ ਹੈ ਅਤੇ ਉਨ੍ਹਾਂ ਦੇ ਰੱਖ-ਰਖਾਵ ਦੀ ਸਖ਼ਤ ਜ਼ਰੂਰਤ ਹੈ।

ਸੋਹੇਲ ਹਾਸ਼ਮੀ ਦਾ ਕਹਿਣਾ ਹੈ ਕਿ, “ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਜੰਗਲ ਬਹੁਤ ਹੀ ਜ਼ਰੂਰੀ ਹੁੰਦੇ ਹਨ, ਪਰ ਜੰਗਲਾਂ ਅਤੇ ਉਨ੍ਹਾਂ ਦੇ ਅੰਦਰ ਮੌਜੂਦ ਇਤਿਹਾਸਕ ਇਮਾਰਤਾਂ ਵਿਚਕਾਰ ਟਕਰਾਅ ਨਹੀਂ ਹੋਣਾ ਚਾਹੀਦਾ ਹੈ। ਸਾਂਭ-ਸੰਭਾਲ ਦੀ ਜ਼ਰੂਰਤ ਦੋਵਾਂ ਨੂੰ ਹੀ ਹੈ।”

ਧਾਰਮਿਕ ਕਮੇਟੀ ਤੋਂ ‘ਮਨਜ਼ੂਰੀ’

ਮਹਿਰੌਲੀ ਜੰਗਲ ਖੇਤਰ ਕੋਲ ਪੁਲਿਸ ਅਤੇ ਆਮ ਲੋਕ ਅਤੇ ਪੁਲਿਸ ਦੇ ਪੀਲੇ ਰੰਗ ਦੇ ਬੈਰੀਕੇਡ

ਤਸਵੀਰ ਸਰੋਤ, SAJJAD HUSSAIN/AFP VIA GETTY IMAGES

ਪਿਛਲੇ ਹਫ਼ਤੇ ਡੀਡੀਏ ਨੇ ਕਿਹਾ ਸੀ ਕਿ ਮਸਜਿਦ ਨੂੰ ਢਾਹੁਣ ਲਈ ਉਸ ਧਾਰਮਿਕ ਕਮੇਟੀ ਤੋਂ ‘ਮਨਜ਼ੂਰੀ’ ਮਿਲੀ ਸੀ, ਜਿਸ ਨੂੰ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਬਣਾਇਆ ਗਿਆ ਸੀ।

ਮਸਜਿਦ ਦੇ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਅਧਿਕਾਰੀਆਂ ਨੇ ਅਦਾਲਤ ਦੇ 2022 ਦੇ ਇੱਕ ਹੁਕਮ ਦੀ ਅਣਦੇਖੀ ਕੀਤੀ ਸੀ, ਜਿਸ ਵਿੱਚ ਡੀਡੀਏ ਨੂੰ ਕਿਹਾ ਗਿਆ ਸੀ ਕਿ ਉਹ ਕਬਜ਼ੇ ਹਟਾਉਣ ਦੇ ਲਈ ਕੋਈ ਵੀ ਅਜਿਹੀ ਮੁਹਿੰਮ ਚਲਾਉਣ ਤੋਂ ਪਹਿਲਾਂ, ਵਕਫ਼ ਦੀ ਮਾਲਕੀ ਵਾਲੀ ਜ਼ਮੀਨ ਦੀ ਪਛਾਣ ਕਰਕੇ ਉਸ ਦੀ ਨਿਸ਼ਾਨਦੇਹੀ ਕਰੇ।

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਮੌਜੂਦਾ ਕਾਨੂੰਨਾਂ ਨੂੰ ਇਕਪਾਸੜ ਢੰਗ ਨਾਲ ਲਾਗੂ ਕੀਤਾ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ, “ਜੇਕਰ ਡੀਡੀਏ ਜੰਗਲਾਤ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਪਹਿਲਾਂ ਤਾਂ ਉਸ ਨੂੰ ਜੰਗਲ ਦੇ ਅੰਦਰ ਰਹਿਣ ਵਾਲਿਆਂ ਦੇ ਅਧਿਕਾਰ ਸੁਨਿਸ਼ਚਿਤ ਕਰਨੇ ਚਾਹੀਦੇ ਹਨ।”

ਹਾਲਾਂਕਿ ਰਾਜੀਵ ਕੁਮਾਰ ਤਿਵਾਰੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਸ਼ੂਰੂ ਤੋਂ ਹੀ ਡੀਡੀਏ ਦੀ ਸੀ, ਇਸ ਲਈ ਇਸ ਮਾਮਲੇ ਵਿੱਚ ‘ਅਜਿਹੇ ਕਾਨੂੰਨ ਲਾਗੂ ਨਹੀਂ ਹੁੰਦੇ’ ਹਨ।

ਇਨ੍ਹਾਂ ਵਿਵਾਦਾਂ ਤੋਂ ਦੂੇ ਫ਼ਵਾਦ ਅਤੇ ਇੱਕ ਹੋਰ ਮੁੰਡਾ ਮਸਜਿਦ ਦੇ ਵਿਹੜੇ ਵਿੱਚ ਕ੍ਰਿਕਟ ਖੇਡ ਰਹੇ ਹਨ। ਹੁਣ ਇਹ ਮਸਜਿਦ ਉਨ੍ਹਾਂ ਦਾ ਨਵਾਂ ਠਿਕਾਨਾ ਹੈ।

ਉਨ੍ਹਾਂ ਨੂੰ ਇੱਥੇ ਰਹਿਣਾ ਬੁਰਾ ਨਹੀਂ ਲੱਗਦਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਵੀਂ ਥਾਂ ’ਤੇ ਹਰਿਆਲੀ ਘੱਟ ਹੈ ਅਤੇ ਉਨ੍ਹਾਂ ਤੋਂ ਬਿਨ੍ਹਾਂ ਇਹ ਜਗ੍ਹਾ ‘ਨਵੀਂ ਅਤੇ ਵੱਖਰੀ’ ਲੱਗਦੀ ਹੈ।

ਉਹ ਇਹ ਵੀ ਕਹਿੰਦੇ ਹਨ ਕਿ “ਹੋ ਸਕਦਾ ਹੈ ਕਿ ਮੈਂ ਕਿਸੇ ਹੋਰ ਰੰਗ ਨੂੰ ਪਸੰਦ ਕਰਨ ਲੱਗ ਜਾਵਾਂ’।

source : BBC PUNJABI