Home ਰਾਸ਼ਟਰੀ ਖ਼ਬਰਾਂ ਜਗਰੂਪ ਸਿੰਘ ਕੌਣ ਸੀ, ਜਿਸ ਦੀ ਮੌਤ ਪਟਿਆਲਾ ਵਿੱਚ ਰੇਲਵੇ ਟਰੈਕ ਉੱਤੇ...

ਜਗਰੂਪ ਸਿੰਘ ਕੌਣ ਸੀ, ਜਿਸ ਦੀ ਮੌਤ ਪਟਿਆਲਾ ਵਿੱਚ ਰੇਲਵੇ ਟਰੈਕ ਉੱਤੇ ਧਮਾਕੇ ਦੀ ਕੋਸ਼ਿਸ਼ ਦੌਰਾਨ ਹੋਈ ਦੱਸੀ ਜਾ ਰਹੀ ਹੈ

6
0

Source :- BBC PUNJABI

ਜਗਰੂਪ ਸਿੰਘ

ਤਸਵੀਰ ਸਰੋਤ, sourced by Gurminder Grewal/BBC

ਪਟਿਆਲਾ ਵਿੱਚ ਸ਼ੰਭੂ ਨੇੜੇ ਰੇਲਵੇ ਟਰੈਕ ਉੱਤੇ 27 ਅਪ੍ਰੈਲ ਦੀ ਰਾਤ ਨੂੰ ਧਮਾਕੇ ਦੀ ਕੋਸ਼ਿਸ਼ ਹੋਈ। ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ ਦੱਸੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣੀ ਗਈ।

ਪੁਲਿਸ ਮੁਤਾਬਕ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦਾ ਨਾਮ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ਼ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, Gurminder Singh Grewal/BBC

ਪੁਲਿਸ ਨੇ ਦੱਸਿਆ ਹੈ ਕਿ 4 ਮੁਲਜ਼ਮਾਂ ਦੇ ਨਾਂ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਸਤਨਾਮ ਸਿੰਘ ਮ੍ਰਿਤਕ ਜਗਰੂਪ ਸਿੰਘ ਦਾ ਛੋਟਾ ਭਰਾ ਹੈ।

ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ, “ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਡਿਊਲ ਨੂੰ ਆਈਐੱਸਆਈ ਦੀ ਹਮਾਇਤ ਹੈ ਅਤੇ ਮਲੇਸ਼ੀਆ ਤੋਂ ਚਲਾਇਆ ਜਾ ਰਿਹਾ ਸੀ। ਇਸ ਨੂੰ ਖ਼ਾਲਿਸਤਾਨੀ ਪੱਖੀਆਂ ਵੱਲੋਂ ਚਲਾਇਆ ਜਾ ਰਿਹਾ ਸੀ।

“ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰੇਨੇਡ, ਦੋ 32 ਬੋਕ ਪਿਸਤੌਲ, ਆਈਡੀ ਡੇਟੋਨੇਟਰ ਅਤੇ ਟੈਕਨੀਕਲ ਸਮਾਨ ਬਰਾਮਦ ਕੀਤਾ। ਫਿਲਹਾਲ ਅਗਲੇਰੀ ਜਾਂਚ ਚੱਲੇਗੀ ਅਤੇ ਜੋ ਵੀ ਸਾਹਮਣੇ ਆਵੇਗਾ ਉਹ ਸਾਂਝਾ ਕੀਤਾ ਜਾਵੇਗਾ।”

ਜਗਰੂਪ ਸਿੰਘ ਕੌਣ ਸੀ

ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਜਗਰੂਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਲਖਵਿੰਦਰ ਸੀ।

ਪਿੰਡ ਦੇ ਲੋਕਾਂ ਮੁਤਾਬਕ ਜਗਰੂਪ ਸਿੰਘ ਨਿਹੰਗ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਅਤੇ ਘੋੜਿਆਂ ਦੀ ਸੇਵਾ ਕਰਦਾ ਸੀ। ਉਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੌਰਾਨ ਵੀ ਕੰਮ ਕੀਤਾ ਸੀ।

ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਸਵੇਰੇ ਉਸ ਵੇਲੇ ਪਰੇਸ਼ਾਨ ਹੋਇਆ ਜਦੋਂ ਪੁਲਿਸ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਆਪਣੇ ਨਾਲ ਲੈ ਗਈ ਅਤੇ ਪਰਿਵਾਰ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਉਨ੍ਹਾਂ ਨੇ ਕਿਹਾ, “ਅੱਜ ਤੱਕ ਉਸ ਦਾ ਲਾਂਬਾ ਨਹੀਂ ਆਇਆ ਸੀ। ਮੇਰੇ ਨਿੱਕੇ ਪੁੱਤ ਸਤਨਾਮ ਸਿੰਘ ਨੂੰ ਸਵੇਰੇ ਸਾਢੇ ਪੰਜ ਵਜੇ ਆ ਕੇ ਉਠਾ ਕੇ ਲੈ ਗਏ ਹਨ ਅਤੇ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਦੱਸ ਰਹੇ ਕਿ ਕਿੱਥੇ ਹੈ ਉਹ ਤੇ ਕਿੱਥੇ ਨਹੀਂ।”

“ਜਗਰੂਪ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਮਿਹਨਤ ਕਰਕੇ ਰੋਜ਼ੀ ਕਮਾਉਂਦਾ ਸੀ।”

ਬਲਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਛੋਟੇ ਪੁੱਤਰ ਸਤਨਾਮ ਸਿੰਘ ਨਾਲ ਮਿਲ ਕੇ ਪਿੰਡ ਵਿੱਚ ਆਟਾ ਚੱਕੀ ਚਲਾਉਂਦੇ ਹਨ।

ਬਲਵਿੰਦਰ ਕੌਰ, ਮ੍ਰਿਤਕ ਜਗਰੂਪ ਸਿੰਘ ਅਤੇ ਗ੍ਰਿਫ਼ਤਾਰ ਸਤਨਾਮ ਸਿੰਘ ਦੇ ਮਾਤਾ

ਤਸਵੀਰ ਸਰੋਤ, Getty Images

ਇੱਕ ਗੁਆਂਢੀ ਤਲਵੀਰ ਸਿੰਘ ਨੇ ਕਿਹਾ, “ਅਸੀਂ ਅਜੇ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰ ਸਕਦੇ। ਉਹ ਹਮੇਸ਼ਾ ਖੁਸ਼ਮਿਜਾਜ਼ ਰਹਿੰਦਾ ਸੀ ਅਤੇ ਸਭ ਨਾਲ ਪਿਆਰ ਨਾਲ ਮਿਲਦਾ ਸੀ। ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।”

ਸਰਪੰਚ ਮਨਜੀਤ ਸਿੰਘ ਨੇ ਕਿਹਾ, “ਸਾਨੂੰ ਇਸ ਮਾਮਲੇ ਬਾਰੇ ਟੀਵੀ ਚੈਨਲਾਂ ਰਾਹੀਂ ਪਤਾ ਲੱਗਾ। ਪੁਲਿਸ ਸਵੇਰੇ ਕਰੀਬ 5:30 ਵਜੇ ਉਸ ਦੇ ਘਰ ਪਹੁੰਚੀ ਅਤੇ ਉਸ ਦੇ ਛੋਟੇ ਭਰਾ ਨੂੰ ਆਪਣੇ ਨਾਲ ਲੈ ਗਈ।”

“ਉਸ ਉੱਤੇ ਪਹਿਲਾਂ ਇੱਕ ਕੇਸ ਦਰਜ ਸੀ, ਪਰ ਉਹ ਗੰਭੀਰ ਨਹੀਂ ਸੀ। ਜਗਰੂਪ ਸਿੰਘ ਨਿਹੰਗ ਸੀ ਅਤੇ ਦਲ ਪੰਥ ਨਾਲ ਜੁੜਿਆ ਹੋਇਆ ਸੀ, ਪਰ ਪਿੰਡ ਨਾਲ ਉਸ ਦੇ ਰਿਸ਼ਤੇ ਚੰਗੇ ਸਨ। ਜੇ ਉਹ ਇਸ ਵਿੱਚ ਸ਼ਾਮਲ ਹੈ ਤਾਂ ਇਹ ਗ਼ਲਤ ਹੈ ਅਤੇ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ।”

ਇੱਕ ਹੋਰ ਪਿੰਡ ਵਾਸੀ ਬਲਕਾਰ ਸਿੰਘ ਨੇ ਕਿਹਾ, “ਸਾਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਪੁਲਿਸ ਉਸ ਦੇ ਛੋਟੇ ਭਰਾ ਨੂੰ ਲੈ ਗਈ। ਉਹ ਨਿਹੰਗ ਬਾਣਾ ਪਹਿਨਦਾ ਸੀ ਅਤੇ ਘੋੜੇ ਰੱਖਦਾ ਸੀ, ਪਰ ਇਸ ਘਟਨਾ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ।”

ਪਿੰਡਵਾਸੀ ਬਲਕਾਰ ਸਿੰਘ ਅਤੇ ਮਨਜੀਤ ਸਿੰਘ

ਤਸਵੀਰ ਸਰੋਤ, Ravinder Singh Robin/BBC

ਜਗਰੂਪ ਸਿੰਘ ਬਾਰੇ ਪੁਲਿਸ ਨੇ ਕੀ ਦੱਸਿਆ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਦੱਸਿਆ, “ਜਗਰੂਪ ਸਿੰਘ ਇਸ ਮਡਿਊਲ ਦਾ ਹਿੱਸਾ ਸੀ ਅਤੇ ਧਮਾਕਾ ਸਮੱਗਰੀ ਰੱਖਣ ਦੌਰਾਨ ਧਮਾਕਾ ਹੋਣ ਨਾਲ ਉਸ ਦੀ ਮੌਤ ਹੋ ਗਈ। ਪ੍ਰਦੀਪ ਸਿੰਘ ਖਾਲਸਾ ਇਸ ਮਡਿਊਲ ਦਾ ਮੁੱਖ ਸਿਰਗਣਾ ਸੀ ਅਤੇ ਉਹ ਨੌਜਵਾਨਾਂ ਨੂੰ ਮਲੇਸ਼ੀਆ ਭੇਜ ਕੇ ਟ੍ਰੇਨਿੰਗ ਦਿਵਾਉਂਦਾ ਸੀ।”

ਪੁਲਿਸ ਨੇ ਇਹ ਵੀ ਦੱਸਿਆ, “ਜਗਰੂਪ ਸਿੰਘ ਉੱਤੇ 2024 ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ ਅਤੇ ਉਹ ਇਸ ਮਡਿਊਲ ਦੇ ਸੰਪਰਕ ਵਿੱਚ ਆਇਆ ਹੋਇਆ ਸੀ।”

ਰਾਤ ਨੂੰ ਦੁਕਾਨ ਬਾਹਰ ਜਾਂਚ ਕਰ ਰਹੇ ਸੁਰੱਖਿਆ ਬਲ

ਤਸਵੀਰ ਸਰੋਤ, Gurpreet Chawla/BBC

ਪੰਜਾਬ ਇਸੇ ਦਿਨ ਵਾਪਰੀਆਂ ਦੋ ਹੋਰ ਘਟਨਾਵਾਂ

ਪਟਿਆਲਾ ਤੋਂ ਇਲਾਵਾ ਗੁਰਦਾਸਪੁਰ ਵਿੱਚ ਦੋ ਹੋਰ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ।

ਪਹਿਲੀ ਘਟਨਾ ਮੁੱਖ ਬਜ਼ਾਰ ਵਿੱਚ ਗ੍ਰੇਨੇਡ ਨੁਮਾ ਸ਼ੱਕੀ ਜੰਤਰ ਮਿਲਣ ਦੀ ਹੈ, ਜਿਸ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਦੁਕਾਨ ਬਾਹਰ ਸੁੱਟਿਆ ਗਿਆ ਦੱਸਿਆ ਜਾ ਰਿਹਾ ਹੈ। ਸਮੇਂ ਸਿਰ ਪੁਲਿਸ ਨੂੰ ਸੂਚਨਾ ਮਿਲਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਅਤੇ ਬੰਬ ਸਕੁਐਡ ਨੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ।

ਦੂਜੀ ਘਟਨਾ ਗੁਰਦਾਸਪੁਰ ਦੇ ਪਿੰਡ ਭੋਮਾ ਵਿੱਚ ਫਾਇਰਿੰਗ ਦੀ ਹੈ, ਜਿੱਥੇ ਸੈਰ ਕਰ ਰਹੇ ਤਿੰਨ ਨੌਜਵਾਨਾਂ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਦੋਵੇਂ ਘਟਨਾਵਾਂ ਨੇ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI