Home ਰਾਸ਼ਟਰੀ ਖ਼ਬਰਾਂ ਸੱਸੀ ਨੇ ਜਦੋਂ ਖ਼ੁਦ ਨੂੰ ਬਾਦਸ਼ਾਹ ਦੀ ਥਾਂ ਧੋਬੀ ਦੀ ਧੀ ਅਖਵਾਉਣਾ...

ਸੱਸੀ ਨੇ ਜਦੋਂ ਖ਼ੁਦ ਨੂੰ ਬਾਦਸ਼ਾਹ ਦੀ ਥਾਂ ਧੋਬੀ ਦੀ ਧੀ ਅਖਵਾਉਣਾ ਚੁਣਿਆ

6
0

Source :- BBC PUNJABI

ਸੱਸੀ-ਪੁੰਨੂ

ਤਸਵੀਰ ਸਰੋਤ, Amrit Artist Barnala/BBC

  • ਲੇਖਕ, ਨਵਦੀਪ ਕੌਰ ਗਰੇਵਾਲ
  • ਰੋਲ, ਬੀਬੀਸੀ ਸਹਿਯੋਗੀ
  • 26 ਅਪ੍ਰੈਲ 2025, 12:44 IST

    ਅਪਡੇਟ 4 ਘੰਟੇ ਪਹਿਲਾਂ

ਓੜਕ ਖ਼ੌਫ ਉਤਾਰ ਨਜੂਮੀ, ਬਾਤ ਕਹੀ ਮਨ ਭਾਣੀ

ਆਸ਼ਿਕ ਸੰਗ ਕਮਾਲ ਸੱਸੀ, ਜਦ ਹੋਗ ਜਵਾਨ ਸਿਆਣੀ

ਮਸਤ ਬੇਹੋਸ਼ ਥਲਾਂ ਵਿੱਚ ਮਰਸੀ, ਦਰਦ ਫਿਰਾਕ-ਰੰਞਾਣੀ

ਹਾਸ਼ਮ ਦਾਗ਼ ਲਗਾਉਗੁ ਕੁਲ ਨੂੰ, ਰੁਹਗੁ ਜਹਾਨ ਕਹਾਣੀ

ਹਾਸ਼ਮ ਸ਼ਾਹ, ਸੱਸੀ-ਪੁੰਨੂ ਦੇ ਕਿੱਸੇ ਦੀਆਂ ਇਨ੍ਹਾਂ ਸਤਰਾਂ ਜ਼ਰੀਏ ਮੱਧ-ਕਾਲੀ ਸਮਾਜ ਦਾ ਉਹ ਪਹਿਲੂ ਬਿਆਨ ਕਰਦੇ ਹਨ, ਜੋ ਕਿਸੇ ਨਾ ਕਿਸੇ ਰੂਪ ਵਿੱਚ ਅਜੋਕੇ ਸਮਾਜ ਵਿੱਚ ਵੀ ਨਜ਼ਰ ਆ ਜਾਂਦਾ ਹੈ।

ਇਹ ਸਤਰਾਂ ਉਸ ਵੇਲੇ ਨੂੰ ਬਿਆਨ ਕਰਦੀਆਂ ਹਨ ਜਦੋਂ ਸੱਸੀ ਦੇ ਜਨਮ ਸਮੇਂ ਜੋਤਸ਼ੀਆਂ ਵੱਲੋਂ ਮੁਟਿਆਰ ਹੋਣ ‘ਤੇ ਉਸ ਵੱਲੋਂ ਮੁਹੱਬਤ ਕਰਨ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ।

ਇਹ ਭਵਿੱਖਵਾਣੀ, ਜੰਮਦੀ ਸੱਸੀ ਨੂੰ ਸਮਾਜ ਨਾਲ ਟਕਰਾਅ ਵਿੱਚ ਖੜ੍ਹੀ ਕਰ ਦਿੰਦੀ ਹੈ ਅਤੇ ਸੱਸੀ ਦਾ ਸੰਘਰਸ਼ ਉਸ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਇਸ ਭਵਿੱਖਵਾਣੀ ਤੋਂ ਸ਼ੁਰੂ ਹੋਇਆ ਸੱਸੀ ਦਾ ਜੀਵਨ ਉਦਾਹਰਨ ਹੈ ਕਿ ਪ੍ਰੇਮ ਕਹਾਣੀਆਂ ‘ਤੇ ਅਧਾਰਿਤ ਕਿੱਸਿਆਂ ਦੀਆਂ ਨਾਇਕਾਵਾਂ ਸਿਰਫ਼ ਆਪਣੀ ਪ੍ਰੀਤ ਕਾਰਨ ਨਾਇਕਾਵਾਂ ਨਹੀਂ ਬਣੀਆਂ, ਆਪਣੇ ਲਈ ਲਏ ਉਨ੍ਹਾਂ ਫ਼ੈਸਲਿਆਂ ਨੇ ਉਨ੍ਹਾਂ ਨੂੰ ਨਾਇਕਾਵਾਂ ਬਣਾਇਆ ਜੋ ਮੱਧ-ਕਾਲ ਦੀ ਆਮ ਔਰਤ ਨਹੀਂ ਲੈ ਸਕਦੀ ਸੀ।

ਚੰਦਰਮਾ ਦੇ ਰਹੱਸ ਅਤੇ ਸੱਸੀ-ਪੁੰਨੂ ਦੇ ਕਿੱਸੇ ਦਾ ਸਬੰਧ

ਸੱਸੀ

ਤਸਵੀਰ ਸਰੋਤ, Amrit Artist Barnala/BBC

ਕਈ ਕਿੱਸਿਆਂ ਦੇ ਇਤਿਹਾਸਕ ਜਾਂ ਮਿਥਿਹਾਸਕ ਹੋਣ ਬਾਰੇ ਸਵਾਲ ਉੱਠਦੇ ਰਹਿੰਦੇ ਹਨ।

ਲੋਕ-ਧਾਰਾ ਵਿਗਿਆਨੀ ਡਾਕਟਰ ਵਣਜਾਰਾ ਸਿੰਘ ਬੇਦੀ ਦੇ ਹਵਾਲੇ ਨਾਲ ਪੰਜਾਬ ਯੁਨੀਵਰਸਿਟੀ ਤੋਂ ਰਿਟਾਇਰ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਸੱਸੀ-ਪੁੰਨੂ ਦੇ ਕਿੱਸੇ ਦਾ ਮੂਲ ਚੰਦਰਮਾ ਦੀ ਮਿੱਥ ਨੂੰ ਦੱਸਦੇ ਹਨ।

ਪ੍ਰੋਫੈਸਰ ਸਿਰਸਾ ਮੁਤਾਬਕ ਸੱਸੀ ਅਤੇ ਪੁੰਨੂ ਦੇ ਕਿੱਸੇ ਦਾ ਮੂਲ ਉਨ੍ਹਾਂ ਕਲਪਨਾਵਾਂ ਅਤੇ ਕਹਾਣੀਆਂ ਵਿੱਚੋਂ ਨਿਕਲੀਆਂ ਦੰਤ-ਕਥਾਵਾਂ ਨੇ ਜੋ ਪੂਰਵ ਇਤਿਹਾਸਕ ਯੁੱਗ ਦੇ ਮਨੁੱਖ ਨੇ ਚੰਦਰਮਾ ਦੇ ਰਹੱਸ ਨੂੰ ਸਮਝਣ ਲਈ ਕੀਤੇ ਯਤਨਾਂ ਦੌਰਾਨ ਘੜੀਆਂ।

ਇਹ ਚੰਦਰਮਾ ਦੀ ਮਿੱਥ ਉਸ ਯੁੱਗ ਵਿੱਚ ਸੁਹਾਂ ਨਦੀ ਦੇ ਕਿਨਾਰੇ ਆ ਕੇ ਵਸੇ ਆਰੀਅਨ ਲੋਕਾਂ ਵੱਲੋਂ ਘੜੇ ਜਾਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸੱਸੀ, ਸੰਸਕ੍ਰਿਤ ਦੇ ਸ਼ਬਦ ਸ਼ਸ਼ੀ ਦਾ ਪੰਜਾਬੀ ਰੂਪ ਹੈ। ਸੰਸਕ੍ਰਿਤ ਵਿੱਚ ਸ਼ਸ਼ੀ ਦਾ ਮਤਲਬ ਚੰਦਰਮਾ ਅਤੇ ਪੁੰਨਿਆਂ ਨੂੰ ਪੁੰਨੂ ਕਿਹਾ ਗਿਆ ਹੈ।

ਚੰਦਰਮਾ ਦੀ ਮਿੱਥ ਬਾਰੇ ਸਿਰਸਾ ਨੇ ਦੱਸਿਆ, “ਜਦੋਂ ਮਨੁੱਖ ਕੋਲ ਵਿਗਿਆਨਕ ਨਜ਼ਰੀਆ, ਆਧੁਨਿਕ ਸੰਚਾਰ ਜਾਂ ਤਰਕਸ਼ੀਲ ਸੋਚ ਨਹੀਂ ਸੀ ਅਤੇ ਜਦੋਂ ਮਨੁੱਖ ਇਸ ਸੰਸਾਰ ਨੂੰ ਦੇਖ ਕੇ ਹੈਰਾਨ ਹੁੰਦਾ ਸੀ, ਉਸ ਨੇ ਸੋਚਿਆ ਹੋਏਗਾ ਕਿ ਕੁਝ ਦਿਨ ਚੰਦਰਮਾ ਨਜ਼ਰ ਆਉਂਦਾ ਹੈ, ਕੁਝ ਦਿਨ ਨਜ਼ਰ ਨਹੀਂ ਆਉਂਦਾ।”

“ਤਾਂ ਉਸ ਨੇ ਚੰਦਰਮਾ ਦੇ ਇਸ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ ਕਿ ਚੰਦਰਮਾ ਕਿੱਥੇ ਜਾਂਦਾ ਹੈ ਅਤੇ ਫਿਰ ਕਿੱਥੋਂ ਆ ਜਾਂਦਾ ਹੈ।”

ਕੁਦਰਤ ਨੂੰ ਸਮਝਣ ਲਈ ਕੀਤੇ ਗਏ ਮੁੱਢਲੇ ਯਤਨਾਂ ਵਿੱਚੋਂ ਨਿਕਲੀਆਂ ਕਲਪਨਾਵਾਂ, ਕਥਾ ਕਹਾਣੀਆਂ ਤੇ ਦੰਤ ਕਥਾਵਾਂ ਦੇ ਰੂਪ ਵਿੱਚ ਸਾਹਮਣੇ ਆਈਆਂ।

ਪ੍ਰੋਫੈਸਰ ਸਿਰਸਾ ਦੱਸਦੇ ਹਨ ਕਿ ਕਿਉਂਕਿ ਦਸਮ ਗ੍ਰੰਥ ਦੇ ਚਰਿੱਤਰ 108 ਵਿੱਚ ਸੱਸੀ ਦੇ ਕਿੱਸੇ ਦੇ ਮੂਲ ਸ੍ਰੋਤਾਂ ਵੱਲ ਇਸ਼ਾਰੇ ਮਿਲਦੇ ਹਨ।

ਪੰਜਾਬੀ ਸਾਹਿਤ ਵਿੱਚ ਕਿੱਸਿਆਂ ਤੋਂ ਇਲਾਵਾ ਭਾਈ ਗੁਰਦਾਸ ਨੇ ਵੀ ਸੱਸੀ ਦਾ ਜ਼ਿਕਰ ਕੀਤਾ ਹੈ।

ਚੰਦਰਮਾ ਦੀ ਇਹ ਮਿੱਥ ਸੱਸੀ-ਪੁੰਨੂ ਦਾ ਕਿੱਸਾ ਕਿਵੇਂ ਬਣ ਗਈ?

ਇਸ ਬਾਰੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ, “ਬਹੁ-ਪ੍ਰਚਲਿਤ ਮਿੱਥਾਂ ਖ਼ਤਮ ਨਹੀਂ ਹੁੰਦੀਆਂ। ਹਰ ਯੁੱਗ ਦਾ ਮਨੁੱਖ ਆਪਣੇ ਯੁੱਗ ਦੀਆਂ ਲੋੜਾਂ ਤੇ ਪ੍ਰਸ਼ਨਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਮਿੱਥਾਂ ਤੇ ਦੰਤ ਕਥਾਵਾਂ ਵਿੱਚ ਵਾਧੇ ਘਾਟੇ ਕਰਦਾ ਹੈ।”

ਉਹ ਕਹਿੰਦੇ ਹਨ ਕਿ ਹੌਲੀ ਹੌਲੀ ਇਹੀ ਮਿੱਥਾਂ ਕਿੱਸੇ ਦਾ ਰੂਪ ਲੈ ਲੈਂਦੀਆਂ ਹਨ। ਜਦੋਂ ਹਾਸ਼ਮ ਸ਼ਾਹ ਜਾਂ ਮੱਧ-ਕਾਲ ਦੇ ਹੋਰ ਕਿੱਸਾਕਾਰ ਸੱਸੀ-ਪੁੰਨੂ ਦਾ ਕਿੱਸਾ ਰਚਦੇ ਹਨ ਤਾਂ ਉਸ ਵੇਲੇ ਦੇ ਸਮਾਜ ਦੇ ਮਸਲਿਆਂ ਨੂੰ ਇਨ੍ਹਾਂ ਕਿੱਸਿਆਂ ਵਿੱਚ ਪਰੋਂਦੇ ਹਨ।

ਦੱਸ ਦੇਈਏ ਕਿ ਸੱਸੀ ਪੁੰਨੂ ਦਾ ਕਿੱਸਾ ਰਚਣ ਵਾਲਿਆਂ ਵਿੱਚ ਬੇਸ਼ੱਕ ਅਹਿਮਦ ਯਾਰ, ਕਾਦਰਯਾਰ ਤੇ ਫ਼ਜ਼ਲ ਸ਼ਾਹ ਵੀ ਰਹੇ, ਪਰ ਹਾਸ਼ਮ ਸ਼ਾਹ ਦਾ ਕਿੱਸਾ ਸਭ ਤੋਂ ਮਕਬੂਲ ਹੋਇਆ।

ਭਾਵੇਂ, ਇਸ ਕਿੱਸੇ ਨੂੰ ਮਿੱਥ ‘ਤੇ ਅਧਾਰਿਤ ਮੰਨਿਆ ਜਾਂਦਾ ਹੈ ਜਾਂ ਕਈ ਲੋਕ ਇਨ੍ਹਾਂ ਦੇ ਇਤਿਹਾਸਕ ਨਾ ਹੋਣ ‘ਤੇ ਸਵਾਲ ਚੁੱਕਦਿਆਂ ਇਨ੍ਹਾਂ ਨੂੰ ਪੜ੍ਹਣ ਦੀ ਖ਼ਿਲਾਫ਼ਤ ਵੀ ਕਰ ਦਿੰਦੇ ਹਨ ਪਰ ਇਹ ਕਿੱਸੇ ਸਮਾਜ ਦਾ ਚਿਤਰ ਅਤੇ ਮਨੁੱਖਤਾ ਦੀ ਹੋਂਦ ਸਬੰਧੀ ਜਿਹੜੇ ਸਵਾਲਾਂ ਨੂੰ ਸਾਡੇ ਸਾਹਮਣੇ ਲਿਆਉਂਦੇ ਹਨ, ਉਹ ਇਨ੍ਹਾਂ ਨੂੰ ਇਤਿਹਾਸਕ ਜਾਂ ਮਿਥਿਹਾਸਕ ਹੋਣ ਦੀ ਬਹਿਸ ਤੋਂ ਕਿਤੇ ਉਤਾਂਹ ਲੈ ਜਾਂਦੇ ਹਨ।

ਕਿੱਸੇ ਮੁਤਾਬਕ ਜੰਮਦੀ ਸੱਸੀ ਨੂੰ ਦਰਿਆ ਵਿੱਚ ਕਿਉਂ ਰੋੜ੍ਹਿਆ ਗਿਆ ਸੀ

ਸੱਸੀ

ਤਸਵੀਰ ਸਰੋਤ, Amrit Artist Barnala/BBC

ਇਹ ਕਹਾਣੀ ਭੰਬੋਰ ਸ਼ਹਿਰ ਦੀ ਹੈ।

ਜਿੱਥੋਂ ਦੇ ਬਾਦਸ਼ਾਹ ਆਦਮ ਦੇ ਘਰ ਲੰਬਾ ਸਮਾਂ ਕੋਈ ਔਲਾਦ ਨਹੀਂ ਸੀ। ਬੇਹੱਦ ਹੀ ਸੁੱਖਾਂ-ਮੰਨਤਾਂ ਬਾਅਦ ਉਸ ਦੇ ਘਰ ਸੱਸੀ ਦੇ ਰੂਪ ਵਿੱਚ ਔਲਾਦ ਪੈਦਾ ਹੁੰਦੀ ਹੈ।

ਜਨਮ ਸਮੇਂ ਜੋਤਸ਼ੀ ਭਵਿੱਖਵਾਣੀ ਕਰਦੇ ਹਨ ਕਿ ਇਹ ਕੁੜੀ ਵੱਡੀ ਹੋ ਕੇ ਮੁਹੱਬਤ ਕਰੇਗੀ ਅਤੇ ਕੁੱਲ ਨੂੰ ਬਦਨਾਮ ਕਰੇਗੀ।

ਇਸ ਲਈ ਬਾਦਸ਼ਾਹ ਪਿਤਾ, ਗਲੇ ਵਿੱਚ ਤਵੀਤ ਪਾ ਕੇ ਉਸ ਨੂੰ ਇੱਕ ਸੰਦੂਕ ਵਿੱਚ ਰੱਖ ਕੇ ਦਰਿਆ ਵਿੱਚ ਰੋੜ੍ਹ ਦਿੰਦਾ ਹੈ।

ਦਰਿਆ ਵਿੱਚ ਰੁੜ੍ਹਦੀ ਉਹ ਬੱਚੀ ਇੱਕ ਬੇ-ਔਲਾਦ ਧੋਬੀ ਅੱਤਾ ਅਤੇ ਉਸ ਦੀ ਪਤਨੀ ਨੂੰ ਮਿਲ ਜਾਂਦੀ ਹੈ ਜਿਸ ਨੂੰ ਉਹ ਆਪਣੀ ਔਲਾਦ ਸਮਝ ਕੇ ਪਾਲਦੇ ਹਨ।

ਜਵਾਨ ਹੁੰਦੀ ਹੈ ਤਾਂ ਸੱਸੀ ਦੀ ਖੂਬਸੂਰਤੀ ਦੇ ਚਰਚੇ ਆਲੇ-ਦੁਆਲੇ ਛਿੜ ਜਾਂਦੇ ਹਨ। ਉਹੀ ਬਾਦਸ਼ਾਹ ‘ਧੋਬੀਆਂ ਦੀ ਖੂਬਸੂਰਤ ਧੀ’ ਯਾਨੀ ਸੱਸੀ ਲਈ ਵਿਆਹ ਦਾ ਪ੍ਰਸਤਾਅ ਭੇਜਦਾ ਹੈ।

ਸੱਸੀ, ਜਨਮ ਵੇਲੇ ਗਲ ਵਿੱਚ ਪਾਇਆ ਤਵੀਤ ਬਾਦਸ਼ਾਹ ਨੂੰ ਭੇਜ ਕੇ ਸੰਦੇਸ਼ ਦਿੰਦੀ ਹੈ ਕਿ ‘ਮੈਂ ਤਾਂ ਤੇਰੀ ਧੀ ਹਾਂ’।

ਇਹ ਮਹਿਸੂਸ ਕਰਦਿਆਂ ਕਿ ਮੇਰੀ ਧੀ ਇੱਕ ਧੋਬੀ ਦੇ ਘਰ ਪਲ ਰਹੀ ਹੈ, ਉਹ ਸੱਸੀ ਨੂੰ ਮਹਿਲਾਂ ਵਿੱਚ ਪਰਤਣ ਦਾ ਸੱਦਾ ਦਿੰਦਾ ਹੈ। ਪਰ ਸੱਸੀ ਇਸ ਪੇਸ਼ਕਸ਼ ਨੂੰ ਠਕੁਰਾਉਂਦੀ ਹੈ ਅਤੇ ਉਸ ਨੂੰ ਪਾਲਣ ਵਾਲੇ ਮਾਪਿਆਂ ਦੇ ਘਰ ਨੂੰ ਹੀ ਚੁਣਦੀ ਹੈ।

ਸੱਸੀ ਦਾ ਕੇਚਵ ਦੇ ਬਾਦਸ਼ਾਹ ਦੇ ਪੁੱਤਰ ਪੁੰਨੂ ਨਾਲ ਪਿਆਰ ਪੈ ਜਾਂਦਾ ਹੈ।

ਉਹ ਆਪਣੇ ਧੋਬੀ ਮਾਪਿਆਂ ਨੂੰ ਰਿਸ਼ਤੇ ਲਈ ਮਨਾ ਲੈਂਦੀ ਹੈ ਪਰ ਕਿਉਂਕਿ ਪੁੰਨੂ ਵੀ ਇੱਕ ਬਾਦਸ਼ਾਹ ਦਾ ਪੁੱਤ ਸੀ ਇਸ ਲਈ ਉਸ ਦੇ ਭਰਾ ਇਸ ਰਿਸ਼ਤੇ ਤੋਂ ਨਾਖੁਸ਼ੀ ਦਿਖਾਉਂਦੇ ਹਨ।

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ
ਇਹ ਵੀ ਪੜ੍ਹੋ-

ਸੱਸੀ-ਪੁੰਨੂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਦੋਂ ਹੀ ਰਾਤ ਨੂੰ ਸੁੱਤੀ ਪਈ ਸੱਸੀ ਕੋਲੋਂ ਪੁੰਨੂ ਦੇ ਭਰਾ, ਪੁੰਨੂ ਨੂੰ ਧੋਖੇ ਨਾਲ ਦੂਰ ਲੈ ਜਾਂਦੇ ਹਨ।

ਪੁੰਨੂ ਦੇ ਉੱਥੇ ਨਾ ਹੋਣ ਬਾਰੇ ਪਤਾ ਲੱਗਣ ‘ਤੇ ਸੱਸੀ ਪੁੰਨੂ ਨੂੰ ਲੱਭਣ ਲਈ ਮਾਰੂਥਲ ਵਿੱਚ ਭੱਜਦੀ ਹੈ। ਕਿੱਸੇ ਮੁਤਾਬਕ ਸੱਸੀ ਦੇ ਕੋਮਲ ਪੈਰਾਂ ‘ਤੇ ਮਹਿੰਦੀ ਲੱਗੀ ਹੋਈ ਹੈ ਅਤੇ ਉਹ ਨੰਗੇ ਪੈਰ ਥਲਾਂ ਦੀ ਤੱਤੀ ਰੇਤ ਉੱਤੇ ਭੱਜਦੀ ਜਾਂਦੀ ਹੈ।

ਰਸਤੇ ਵਿੱਚ ਉਸ ਨੂੰ ਇੱਕ ਆਜੜੀ ਮਿਲਦਾ ਹੈ ਜੋ ਉਸ ਉੱਤੇ ਬੁਰੀ ਨਜ਼ਰ ਰੱਖਦਾ ਹੈ, ਪਰ ਉਹ ਆਪਣੀ ਪਾਕ ਮੁਹੱਬਤ ਦਾ ਵਾਸਤਾ ਪਾ ਕੇ ਰੱਬ ਨੂੰ ਜਗ੍ਹਾ ਦੇਣ ਲਈ ਅਰਜ਼ੋਈ ਕਰਦੀ ਹੈ। ਕਿਹਾ ਗਿਆ ਹੈ ਕਿ ਧਰਤੀ ਪਾੜ ਜਾਂਦੀ ਹੈ ਅਤੇ ਸੱਸੀ ਥਲਾਂ ਵਿੱਚ ਸਮਾ ਜਾਂਦੀ ਹੈ। ਉਧਰ ਹੋਸ਼ ਆਉਣ ‘ਤੇ ਪੁੰਨੂ ਵੀ ਵਾਪਸ ਪਰਤਣ ਲਈ ਉਨ੍ਹਾਂ ਥਲਾਂ ਤੋਂ ਗੁਜ਼ਰਦਾ ਹੈ। ਆਜੜੀ ਤੋਂ ਸੱਸੀ ਦੀ ਹੋਣੀ ਬਾਰੇ ਪਤਾ ਲਗਦਾ ਹੈ ਤਾਂ ਉਹ ਵੀ ਥਲਾਂ ਵਿੱਚ ਸਮਾ ਜਾਂਦਾ ਹੈ।

ਪ੍ਰੋਫੈਸਰ ਸਿਰਸਾ ਨੇ ਸੱਸੀ-ਪੁੰਨੂ ਦੀ ਇਸ ਹੋਣੀ ਬਾਰੇ ਹਾਸ਼ਮ ਦੀ ਸਤਰਾਂ ਸੁਣਾਈਆਂ

ਖੁੱਲ੍ਹ ਗਈ ਗੋਰ, ਪਿਆ ਵਿੱਚ ਕਬਰੇ

ਫੇਰ ਮਿਲੇ ਦਿਲ ਜਾਨੀ

ਹਾਸ਼ਮ ਇਸ਼ਕ ਬਲੋਚ ਸੱਸੀ ਦਾ

ਜੱਗ ਵਿੱਚ ਰਹੇ ਕਹਾਣੀ

ਕਿਹੜੇ ਫ਼ੈਸਲੇ ਸੱਸੀ ਨੂੰ ਬਣਾਉਂਦੇ ਹਨ ਨਾਇਕ

ਸੱਸੀ

ਤਸਵੀਰ ਸਰੋਤ, Amrit Artist Barnala/BBC

ਚੰਡੀਗੜ੍ਹ ਦੇ ਸੈਕਟਰ 32 ਸਥਿਤ ਜੀਜੀਡੀਐੱਸਡੀ ਕਾਲਜ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਰਪ੍ਰੀਤ ਕੌਰ ਕਹਿੰਦੇ ਹਨ ਕਿ ਸੱਸੀ ਬੇਬਾਕ ਸੀ, ਦੁਨੀਆਂ ਤੋਂ ਪਰ੍ਹੇ ਸੀ ਕਿਉਂਕਿ ਜੋ ਫ਼ੈਸਲੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚ ਉਸ ਨੇ ਲਏ, ਉਸ ਸਮਾਜ ਦੀ ਹੋਰ ਔਰਤ ਨਹੀਂ ਸੀ ਲੈ ਸਕਦੀ।

ਉਹ ਕਹਿੰਦੇ ਹਨ ਕਿ ਸੱਸੀ ਇੱਕ ਖ਼ਾਸ ਅਤੇ ਕ੍ਰਾਂਤੀਕਾਰੀ ਔਰਤ ਸੀ ਜਿਸ ਨੇ ਆਪਣੇ ਰਸਤੇ ਆਪ ਚੁਣੇ।

ਆਪਣੀ ਫੋਕੀ ਸ਼ਾਨ ਖਾਤਰ ਜੰਮਦੀ ਸੱਸੀ ਨੂੰ ਦਰਿਆ ਵਿੱਚ ਰੋੜ੍ਹ ਦੇਣ ਵਾਲੇ ਬਾਦਸ਼ਾਹ ਪਿਤਾ ਨੂੰ ਜਦੋਂ ਧੋਬੀਆਂ ਦੇ ਘਰ ਪਲਦੀ ਧੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਵਾਪਸ ਮਹਿਲਾਂ ਵਿੱਚ ਪਰਤਣ ਦਾ ਸੱਦਾ ਦਿੰਦਾ ਹੈ।

ਪਰ ਉਹ ਪੇਸ਼ਕਸ਼ ਠੁਕਰਾ ਕੇ ਸੱਸੀ ਨੇ ਆਪਣੀ ਮਜ਼ਬੂਤ ਸ਼ਖਸੀਅਤ ਦਾ ਸਬੂਤ ਦਿੰਦੀ ਹੈ।

ਹਰਪ੍ਰੀਤ ਕੌਰ ਨੇ ਕਿਹਾ, “ਸਮਾਜ ਦੀ ਨਾਇਕਾ ਜਾਂ ਕਿੱਸਿਆਂ ਦੀ ਨਾਇਕਾ ਵਜੋਂ ਅਸੀਂ ਸੱਸੀ ਨੂੰ ਦੇਖਦੇ ਹਾਂ ਤਾਂ ਫਿਰ ਨਾਇਕਾ ਵਾਲੇ ਗੁਣ ਉਸ ਵਿੱਚ ਨਜ਼ਰ ਆਉਂਦੇ ਹਨ। ਉਹ ਬਾਦਸ਼ਾਹ ਤੋਂ ਵੀ ਨਾਬਰ ਹੋ ਜਾਂਦੀ ਹੈ।”

ਇਸ ਤੋਂ ਬਾਅਦ ਪੁੰਨੂ ਨਾਲ ਪਿਆਰ ਪੈਣ ਬਾਅਦ ਉਹ ਆਪਣੇ ਧੋਬੀ ਮਾਪਿਆਂ ਨੂੰ ਪੁੰਨੂ ਨਾਲ ਆਪਣੇ ਰਿਸ਼ਤੇ ਲਈ ਮਨਾਉਂਦੀ ਹੈ।

ਇਸ ਸਹਿਮਤੀ ਬਾਰੇ ਹਰਪ੍ਰੀਤ ਕੌਰ ਕਹਿੰਦੇ ਹਨ ਕਿ ਜਿਸ ਸਮਾਜ ਵਿੱਚ ਔਰਤ ਆਪਣੇ ਹੱਕ ਲਈ ਬੋਲ ਨਹੀਂ ਸੀ ਸਕਦੀ, ਉਸ ਸਮੇਂ ਆਪਣੀ ਮਰਜ਼ੀ ਨਾਲ ਵਿਆਹ ਦਾ ਫ਼ੈਸਲਾ ਲੈਣਾ ਬਹੁਤ ਵੱਡੀ ਗੱਲ ਸੀ।

ਭਾਵੇਂ ਸੱਸੀ ਨੂੰ ਪਾਲਣ ਵਾਲੇ ਮਾਪੇ ਰਿਸ਼ਤੇ ਲਈ ਮੰਨ ਜਾਂਦੇ ਹਨ ਪਰ ਪੁੰਨੂ ਦੇ ਭਰਾਵਾਂ ਅਤੇ ਪਰਿਵਾਰ ਨੂੰ ਸਮਾਜਿਕ ਊਚ-ਨੀਚ ਕਾਰਨ ਇਹ ਰਿਸ਼ਤਾ ਮਨਜ਼ੂਰ ਨਹੀਂ ਹੁੰਦਾ।

ਜਦੋਂ ਪੁੰਨੂ ਦੇ ਭਰਾ ਉਸ ਨੂੰ ਲੈ ਵੀ ਜਾਂਦੇ ਹਨ ਤਾਂ ਸੱਸੀ ਦੀ ਮਾਂ ਜਾਤ-ਪਾਤ ਦੀ ਸੱਚਾਈ ਉਸ ਸਾਹਮਣੇ ਪੇਸ਼ ਕਰਦੀ ਹੈ ਅਤੇ ਕਹਿੰਦੀ ਹੈ ਕਿ ‘ਧੋਬੀਆਂ ਦੀ ਧੀ’ ਹੋਣ ਕਰਕੇ ਪੁੰਨੂ ਨਾਲ ਉਸ ਦਾ ਸਾਕ ਸਿਰੇ ਨਹੀਂ ਚੜ੍ਹਿਆ।

ਪਰ ਸੱਸੀ ਉਸ ਵੇਲੇ ਵੀ ਆਪਣੇ ਬਾਦਸ਼ਾਹ ਪਿਤਾ ਦੀ ਉੱਚੀ ਜਾਤ ਦਾ ਸਹਾਰਾ ਨਹੀਂ ਲੈਂਦੀ, ਬਲਕਿ ਉਸ ਨੂੰ ਪਾਲਣ ਵਾਲੇ ਧੋਬੀ ਮਾਪਿਆਂ ਦੀ ਜਾਤ ਨੂੰ ਸਵੀਕਾਰਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਨੂੰ ਵੀ ਉਸੇ ਤਰ੍ਹਾਂ ਸਵੀਕਾਰਿਆ ਜਾਵੇ।

ਹਰਪ੍ਰੀਤ ਕੌਰ ਕਹਿੰਦੇ ਹਨ, “ਉਹ ਕਿਤੇ ਵੀ ਇਸ ਚੀਜ਼ ਦੀ ਦੁਹਾਈ ਨਹੀਂ ਦੇ ਰਹੀ ਕਿ ਮੈਂ ਤਾਂ ਸਿਰਫ਼ ਇੱਥੇ ਪਲੀ ਹਾਂ, ਕਿਸੇ ਵੀ ਪੱਖ ਤੋਂ ਕਿੱਸੇ ਵਿੱਚ ਇਹ ਚੀਜ਼ ਨਜ਼ਰ ਨਹੀਂ ਆਉਂਦੀ ਕਿ ਸੱਸੀ ਨੇ ਆਪਣੀ ਜਾਤ ਦੀ ਦੁਹਾਈ ਦਿੱਤੀ ਹੋਵੇ। ਜਾਂ ਉਹਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਮੈਂ ਤਾਂ ਉੱਚ ਜਾਤ ਦੀ ਹਾਂ ਇਸ ਲਈ ਮੈਨੂੰ ਪੁੰਨੂ ਨਾਲ ਰਹਿਣ ਦਿੱਤਾ ਜਾਵੇ।”

ਇਸ ਮੋੜ ‘ਤੇ ਸੱਸੀ ਉਸ ਸਮਾਜ ਵਿੱਚ ਜਾਤ-ਪਾਤ ਨੂੰ ਨਕਾਰਦੀ ਹੈ ਜਿੱਥੇ ਇਹ ਪਾੜ ਬਹੁਤ ਡੂੰਘਾ ਸੀ।

ਇਸ ਤੋਂ ਬਾਅਦ ਜਦੋਂ ਸੱਸੀ ਪੁੰਨੂ ਦੇ ਪਿੱਛੇ ਥਲਾਂ ਵਿੱਚ ਭੱਜਣ ਦਾ ਫ਼ੈਸਲਾ ਲੈਂਦੀ ਹਾ ਤਾਂ ਉਹਆਪਣੀ ਸ਼ਖਸੀਅਤ ਨੂੰ ਬੇਮਿਸਾਲ ਬੁਲੰਦੀ ‘ਤੇ ਲੈ ਜਾਂਦੀ ਹੈ।

ਪ੍ਰੋਫੈਸਰ ਹਰਪ੍ਰੀਤ ਕੌਰ ਮੁਤਾਬਕ,”ਜਦੋਂ ਸੱਸੀ ਘਰ ਤੋਂ ਭੱਜਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਉਹ ਨਜ਼ਰੀਆ ਤੋੜਦੀ ਹੈ ਜਿਸ ਮੁਤਾਬਕ ਔਰਤ ਚਾਰ-ਦਿਵਾਰੀ ਅੰਦਰ ਬੰਦ ਹੋ ਕੇ ਸਿਰਫ਼ ਰੋਣਾ ਜਾਣਦੀ ਹੈ।”

“ਜਦੋਂ ਉਹਦੇ ਨਾਲ ਕੁਝ ਗਲਤ ਹੁੰਦਾ ਤਾਂ ਔਰਤ ਨੂੰ ਲੱਗਦਾ ਹੈ ਕਿ ਮੈਂ ਇਸ ਸਮਾਜ ਨਾਲ ਲੜ ਨਹੀਂ ਸਕਦੀ, ਪਰ ਸੱਸੀ ਦੀ ਜਿੱਤ ਇਸੇ ਵਿੱਚ ਹੈ ਕਿ ਉਹ ਸਮਾਜ ਦੇ ਨਾਲ ਲੜਾਈ ਲੜਦੀ ਹੈ।”

ਜਦੋਂ ਸੱਸੀ ਨਾਲ ਸਭ ਕੁਝ ਘਟ ਰਿਹਾ ਸੀ ਤਾਂ ਉਹ ਜਾਣਦੀ ਸੀ ਕਿ ਬਾਦਸ਼ਾਹ ਦੀ ਧੀ ਹੈ ਅਤੇ ਧੋਬੀ ਮਾਪਿਆਂ ਦੇ ਘਰ ਪਲੀ ਹੈ।

ਇਸ ਪਹਿਲੂ ਨੂੰ ਧਿਆਨ ਵਿੱਚ ਲਿਆਉਂਦਿਆਂ ਹਰਪ੍ਰੀਤ ਕੌਰ ਮਹਿਸੂਸ ਕਰਾਉਂਦੇ ਹਨ ਕਿ ਸਭ ਕੁਝ ਜਾਣਦਿਆਂ ਹੋਇਆਂ ਸੱਸੀ ਦੀ ਮਨੋਅਵਸਥਾ ਕਿਹੋ ਜਿਹੀ ਹੋਏਗੀ।

ਪਰ ਸੱਸੀ, ਇੱਕੋ ਵੇਲੇ ਆਪਣੀ ਮਨੋਅਵਸਥਾ ਨਾਲ ਵੀ ਲੜ ਰਹੀ ਹੈ, ਸਮਾਜ ਨਾਲ ਵੀ ਲੜ ਰਹੀ ਹੈ ਅਤੇ ਪੁੰਨੂ ਦੇ ਪਰਿਵਾਰ ਨਾਲ ਵੀ ਲੜ ਰਹੀ ਹੈ।

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਕਹਿੰਦੇ ਹਨ, “ਜਦੋਂ ਸੱਸੀ ਇਹ ਚੋਣ ਕਰਦੀ ਹੈ ਕਿ ਆਪਣੇ ਪ੍ਰੇਮ ਦੀ ਖਾਤਰ ਮੌਤ ਵੀ ਚੁਣਨੀ ਪਏ ਤਾਂ ਕੋਈ ਡਰ ਨਹੀਂ, ਉਦੋਂ ਸੱਸੀ ਨਾਇਕ ਬਣਦੀ ਹੈ।”

ਅਜੋਕੀ ਔਰਤ ਸੱਸੀ ਤੋਂ ਕੀ ਪ੍ਰੇਰਨਾ ਲੈ ਸਕਦੀ ਹੈ

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ

ਕਈ ਲੋਕ ਅਕਸਰ ਮੌਜੂਦਾ ਸਮੇਂ ਕਿੱਸਿਆਂ ਬਾਰੇ ਚਰਚਾ ਨੂੰ ਬੇਲੋੜੀ ਅਤੇ ਨੌਜਵਾਨਾਂ ਨੂੰ ਵਿਗਾੜਨ ਵਾਲੀ ਦੱਸਦੇ ਹਨ। ਪਰ ਜਾਣਕਾਰ ਕਹਿੰਦੇ ਹਨ ਕਿ ਕਿੱਸੇ ਪ੍ਰੇਮ ਕਹਾਣੀਆਂ ਦੇ ਨਾਲ-ਨਾਲ ਸਮਾਜ ਦੇ ਕਈ ਪੱਖ ਸਾਡੇ ਸਾਹਮਣੇ ਪੇਸ਼ ਕਰਦੇ ਹਨ।

ਇਨ੍ਹਾਂ ਕਿੱਸਿਆਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਵੇਲਾ ਸਮਾਜ ਕਿਹੋ ਜਿਹਾ ਸੀ, ਮਨੁੱਖੀ ਹੋਂਦ ਦੇ ਕਿਹੜੇ ਵੱਡੇ ਮਸਲੇ ਸੀ, ਉਸ ਵੇਲੇ ਔਰਤ ਦੀ ਸਥਿਤੀ ਕੀ ਸੀ, ਵਗੈਰਾ ਵਗੈਰਾ।

ਅਸੀਂ ਅਜੋਕੇ ਸਮਾਜ ਲਈ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਈ ਸੌ ਸਾਲਾਂ ਬਾਅਦ ਸਮਾਜ ਕਿੰਨਾ ਕ ਬਦਲਿਆ ਹੈ।

ਅਸੀਂ ਕਿਉਂਕਿ ਸੱਸੀ ਬਾਰੇ ਚਰਚਾ ਕਰ ਰਹੇ ਹਾਂ ਜੋ ਕਿ ਮੱਧ-ਕਾਲੀ ਔਰਤ ਦੀ ਸਥਿਤੀ ਪੇਸ਼ ਕਰਦੀ ਹੈ ਤਾਂ ਮੌਜੂਦਾ ਸਮਾਜ ਵਿੱਚ ਔਰਤ ਦੀ ਹੋਂਦ ਦਾ ਜ਼ਿਕਰ ਕਰਨਾ ਬਣਦਾ ਹੈ।

ਹਰਪ੍ਰੀਤ ਕੌਰ ਮੁਤਾਬਕ ਔਰਤ, ਆਪਣੀ ਹੋਂਦ ਦੀ ਲੜਾਈ ਅੱਜ ਵੀ ਲੜ ਰਹੀ ਹੈ। ਸਮਾਜ ਅਤੇ ਧਰਮ ਨੂੰ ਇੱਕ ਪਾਸੇ ਵੀ ਰੱਖ ਕੇ ਦੇਖੀਏ ਤਾਂ ਔਰਤ ਅੱਜ ਪਰਿਵਾਰਕ ਲੜਾਈ ਲੜ ਰਹੀ ਹੈ।

ਪ੍ਰੋਫੈਸਰ ਸਿਰਸਾ ਕਹਿੰਦੇ ਹਨ ਕਿ ਮੱਧ-ਕਾਲ ਦੀ ਤਰ੍ਹਾਂ ਹੁਣ ਔਰਤ ਦੀ ਹਾਲਤ ਗੁਲਾਮੀ ਵਾਲੀ ਨਹੀਂ ਰਹੀ।

“ਲੰਬੇ ਸੰਘਰਸ਼ ਤੋਂ ਬਾਅਦ, ਚੇਤਨਾ ਤੇ ਸੂਝ ਦੇ ਗਿਆਨ ਤੋਂ ਬਾਅਦ ਅੱਜ ਔਰਤ ਨੂੰ ਮਰਦ ਦੇ ਬਰਾਬਰ ਦਾ ਜੀਅ ਕਾਨੂੰਨੀ ਤੌਰ ‘ਤੇ ਵੀ ਅਤੇ ਸਮਾਜਿਕ ਤੌਰ ‘ਤੇ ਵੀ ਸਮਝਿਆ ਜਾਣ ਲੱਗਿਆ ਹੈ। ਪਰ ਹਾਲੇ ਵੀ ਕਿਤੇ ਕਿਤੇ ਇਸ ਦੀ ਅਵੱਗਿਆ ਹੋ ਜਾਂਦੀ ਹੈ।”

ਉਹ ਕਹਿੰਦੇ ਹਨ, “ਅੱਜ ਮੱਧ-ਕਾਲ ਵਾਂਗੂ ਜਾਂ ਪੁਰਾਤਨ ਸਮਿਆਂ ਵਾਂਗੂ ਔਰਤ ਗੁਲਾਮ ਨਹੀਂ ਹੈ ਪਰ ਸੰਪੂਰਨ ਅਜ਼ਾਦੀ ਔਰਤ ਨੂੰ ਅੱਜ ਵੀ ਹਾਸਿਲ ਨਹੀਂ। ਉਦਾਹਰਨ ਵਜੋਂ ਔਰਤ ਨੂੰ ਜਾਇਦਾਦ ਦਾ ਹੱਕ ਮਿਲ ਗਿਆ ਹੈ, ਪਰ ਜਾਇਦਾਦ ਦਿੰਦਾ ਕੌਣ ਹੈ?”

ਹਰਪ੍ਰੀਤ ਕੌਰ

ਹਰਪ੍ਰੀਤ ਕੌਰ ਦਾ ਮੰਨਣਾ ਹੈ ਕਿ ਕਿ ਅੱਜ ਵੀ ਇੱਕ ਕੁੜੀ ਆਪਣੀ ਮੁਹੱਬਤ ਦੀ ਚੋਣ ਬਾਰੇ ਆਪਣੇ ਪਿਤਾ ਸਾਹਮਣੇ ਖੁੱਲ੍ਹ ਕੇ ਨਹੀਂ ਬੋਲ ਸਕਦੀ।

“ਕੁਝ ਫ਼ੀਸਦੀ ਲੋਕਾਂ ਦੀ ਸੋਚ ਵਿੱਚ ਫਰਕ ਜ਼ਰੂਰ ਆਇਆ ਹੈ, ਪਰ ਪੂਰੀ ਤਰ੍ਹਾਂ ਨਹੀਂ। ਅੱਜ ਵੀ ਕਈ ਥਾਈਂ ਧੀਆਂ ਦੇ ਰਿਸ਼ਤੇ ਕਰਨ ਲਈ ਉਨ੍ਹਾਂ ਦੀ ਪਸੰਦ ਦੀ ਬਜਾਏ, ਸਮਾਜਿਕ ਉਚ-ਨੀਚ ਅਤੇ ਜਾਤ ਪਾਤ ਦੇਖੀ ਜਾਂਦੀ ਹੈ।”

ਹਰਪ੍ਰੀਤ ਕੌਰ ਨੇ ਕਿਹਾ ਕਿ ਸਦੀਆਂ ਤੋਂ ਜਾਤ-ਪਾਤ ਦੀ ਲੜਾਈ ਲੜੀ ਜਾ ਰਹੀ ਹੈ ਅਤੇ ਗੁਰੂਆਂ-ਪੀਰਾਂ ਦੇ ਲਿਖੇ ਗ੍ਰੰਥ ਪੜ੍ਹ ਕੇ ਵੀ ਅਸੀਂ ਜਾਤ-ਪਾਤ ਦਾ ਖਹਿੜਾ ਨਹੀਂ ਛੱਡ ਰਹੇ।

ਉਨ੍ਹਾਂ ਕਿਹਾ, “ਅੱਜ ਵੀ ਅਸੀਂ ਸਮਾਜ ਦੇ ਮੱਦੇਨਜ਼ਰ ਅਜਿਹੇ ਫ਼ੈਸਲੇ ਲੈ ਲੈਂਦੇ ਹਾਂ ਜੋ ਸਾਡੇ ਆਪਣਿਆਂ ਦੇ ਲਈ ਔਖੇ ਹੋ ਜਾਂਦੇ ਹਨ। ਅੱਜ ਵੀ ਕਈ ਪਰਿਵਾਰਾਂ ਵਿੱਚ ਬੱਚਿਆਂ ਦੀ ਖੁਸ਼ੀ ਤੋਂ ਵੱਧ ਸਮਾਜ ਯਾਨੀ ‘ਲੋਕ ਕੀ ਕਹਿਣਗੇ’ ਦੀ ਪਰਵਾਹ ਕੀਤੀ ਜਾਂਦੀ ਹੈ।”

ਅਜੋਕੇ ਸਮੇਂ ਔਰਤ ਦੀ ਸਥਿਤੀ ਬਾਰੇ ਪ੍ਰੋਫੈਸਰ ਸਿਰਸਾ ਕਹਿੰਦੇ ਹਨ ਕਿ ਹਾਲੇ ਵੀ ਮਰਦ ਦੇ ਅਚੇਤ ਮਨ ਵਿੱਚ ਔਰਤ ‘ਤੇ ਦਾਬਾ ਰੱਖਣ ਦੀ ਧਾਰਨਾ ਪਈ ਹੋਈ ਹੈ।

ਉਹ ਕਹਿੰਦੇ ਹਨ,”ਅੱਜ ਵੀ ਸਮੰਤੀ ਸਮਾਜ ਦੀ ਰਹਿੰਦ ਖੂੰਹਦ ਸਾਡੇ ਮਨਾਂ ਵਿੱਚ ਪਈ ਹੈ। ਉਸ ਰਹਿੰਦ ਖੂੰਹਦ ਕਰਕੇ ਅੱਜ ਵੀ ਔਰਤ ਕਿਸੇ ਨਾ ਕਿਸੇ ਰੂਪ ਵਿੱਚ ਗੁਲਾਮ ਹੈ।”

“ਪਰ ਇਹ ਰਹਿੰਦ ਖੂੰਹਦ ਬਹੁਤ ਤੇਜ਼ੀ ਨਾਲ ਦੂਰ ਹੋਵੇਗੀ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਔਰਤ ਸਸ਼ਕਤ ਹੋ ਗਈ ਹੈ, ਗਿਆਨ ਹਾਸਿਲ ਕਰ ਰਹੀ ਹੈ, ਜਦੋਂ ਔਰਤ ਨੌਕਰੀ ਕਰਨ ਲੱਗ ਗਈ ਹੈ ਤੇ ਬਰਾਬਰ ਦਾ ਕਮਾਉਣ ਲੱਗ ਗਈ ਹੈ ਅਤੇ ਔਰਤਾਂ ਸਮਾਜਿਕ ਤੌਰ ਤੇ ਚੇਤੰਨ ਹੋ ਗਈਆਂ ਹਨ, ਕਾਨੂੰਨੀ ਹੱਕ ਮਿਲ ਗਏ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ਾਂ ਘਟਦੀਆਂ ਜ਼ਰੂਰ ਜਾਣਗੀਆਂ।”

ਹਰਪ੍ਰੀਤ ਕੌਰ ਮੰਨਦੇ ਹਨ ਕਿ ਇੱਕ ਔਰਤ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਲਈ ਪਹਿਲਾਂ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਪੈਣਾ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਜੇ ਆਪਾਂ ਸੁਤੰਤਰਤਾ, ਬੇਬਾਕੀ ਤੇ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਔਰਤ ਦੀ ਮਨੋਅਵਸਥਾ ਦੀ ਗੱਲ ਕਰੀਏ ਤਾਂ ਉਹ ਆਪਣੇ ਰਸਤੇ ਲੱਭਦੀ ਹੈ, ਤਿਆਰ ਕਰਦੀ ਹੈ।

“ਹਾਲਾਂਕਿ ਮਰਦ ਪ੍ਰਧਾਨ ਸਮਾਜ ਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਹੈ ਕਿ ਔਰਤ ਜੇ ਆਪਣੀ ਮਰਜ਼ੀ ਦੇ ਨਾਲ, ਕੋਈ ਰਸਤਾ ਅਖ਼ਤਿਆਰ ਕਰ ਰਹੀ ਹੈ ਤਾਂ ਉਹ ਸਮਾਜ ਨੂੰ ਚੁਣੌਤੀ ਜਾਂ ਸਮਾਜ ਦੇ ਪ੍ਰਤੀ ਬਗਾਵਤ ਕਰ ਰਹੀ ਹੈ।”

ਪ੍ਰੋਫੈਸਰ ਸਿਰਸਾ ਕਹਿੰਦੇ ਹਨ, “ਅੱਜ ਦੇ ਸਮੇਂ ਔਰਤ ਸੱਸੀ ਤੋਂ ਦੋ ਪ੍ਰੇਰਨਾਵਾਂ ਲੈ ਸਕਦੀ ਹੈ। ਪਹਿਲੀ ਇਹ ਕਿ ਆਪਣਾ ਹੱਕ ਲੜੇ ਬਿਨ੍ਹਾਂ ਨਹੀਂ ਮਿਲਣਾ।”

“ਦੂਜੀ ਗੱਲ ਇਹ ਕਿ, ਇਸ ਪਦਾਰਥਵਾਦੀ ਯੁੱਗ ਵਿੱਚ ਔਰਤ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸੱਸੀ ਵਾਂਗੂ ਉਸ ਘਰ ਨੂੰ ਤਿਆਗ ਦਿਓ ਜਿੱਥੇ ਤੁਹਾਡੀ ਇਨਸਾਨ ਵਜੋਂ ਕਦਰ ਨਹੀਂ, ਜਿੱਥੇ ਤੁਹਾਨੂੰ ਪੈਸੇ ਨਾਲ ਭਰਮਾਇਆ ਜਾ ਰਿਹਾ ਹੈ ਕਿ ਆਜਾ ਮਹਿਲਾਂ ਵਿੱਚ ਰਹਿ ਲੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI