Source :- BBC PUNJABI

(ਚੇਤਾਵਨੀ: ਇਸ ਲੇਖ ਵਿੱਚ ਜਿਨਸੀ ਹਮਲੇ ਦੇ ਵੇਰਵੇ ਸ਼ਾਮਲ ਹਨ)
ਯੂਕੇ ਵਿੱਚ ਇੱਕ ਆਦਮੀ ਵੱਲੋਂ ਕਈ ਔਰਤਾਂ ਨਾਲ ਬਲਾਤਕਾਰ ਕਰਨ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਅਪਰਾਧੀ ਇੱਕ ਚੀਨੀ ਨਾਗਰਿਕ ਹੈ ਜੋ ਔਰਤਾਂ ਜਾਂ ਨੌਜਵਾਨ ਕੁੜੀਆਂ ਨੂੰ ਪੀਣ ਵਾਲੇ ਪਦਾਰਥਾਂ ਵਿੱਚ ਨਸ਼ੀਲਾ ਪਦਾਰਥ ਪਿਲਾ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।
ਸ਼ੁਰੂ ਵਿੱਚ, ਪੀੜਤ ਮਹਿਲਾਵਾਂ ਉਸਦੇ ਖਿਲਾਫ ਪੁਲਿਸ ਕੋਲ ਜਾਣ ਤੋਂ ਝਿਜਕ ਰਹੀਆਂ ਸਨ, ਪਰ ਬਾਅਦ ਵਿੱਚ ਕਈ ਮਹਿਲਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ, ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਹੈ।
ਇਸ ਵਿਅਕਤੀ ਦਾ ਅਪਰਾਧ ਕਰਨ ਦਾ ਤਰੀਕਾ ਕੀ ਸੀ ਅਤੇ ਪੁਲਿਸ ਨੇ ਇਸਦੀ ਜਾਂਚ ਕਿਵੇਂ ਕੀਤੀ.. ਆਓ ਜਾਣਦੇ ਹਾਂ।
ਸੀਰੀਅਲ ਰੇਪਿਸਟ ਝੇਨਹਾਓ ਜ਼ੋਏ ਵਿਰੁੱਧ 23 ਹੋਰ ਔਰਤਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਜ਼ੇਂਹਾਓ ਜ਼ੋਏ ਇੱਕ ਚੀਨੀ ਨਾਗਰਿਕ ਹੈ, ਜੋ ਪੀਐੱਚਡੀ ਦਾ ਵਿਦਿਆਰਥੀ ਹੈ। ਪਿਛਲੇ ਮਹੀਨੇ, ਉਸ ਨੂੰ ਲੰਡਨ ਦੇ ਦੋ ਇਲਾਕਿਆਂ ਦੀਆਂ 10 ਔਰਤਾਂ ਨੂੰ ਨਸ਼ੀਲਾ ਪਦਾਰਥ ਪਿਲਾਉਣ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਮਾਮਲੇ ਦੇ ਅੰਤ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਵੀਡੀਓ ਸਬੂਤ ਹਨ। ਜ਼ੇਂਹਾਓ ਜ਼ੋਏ ਨੇ ਖੁਦ 50 ਪੀੜਤ ਔਰਤਾਂ ਦੇ ਵੀਡੀਓ ਬਣਾਏ ਸਨ, ਜੋ ਕਿ ਸਬੂਤ ਹਨ।

ਪੁਲਿਸ ਨੇ ਕਿਹਾ ਕਿ ਉਹ ਹੋਰ ਪੀੜਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਜ਼ੋਏ ਦਾ ਗਿਰੋਹ ਕਾਫ਼ੀ ਵੱਡਾ ਹੋ ਸਕਦਾ ਹੈ।
ਪਿਛਲੇ ਮਹੀਨੇ, ਦੋ ਹੋਰ ਔਰਤਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ। ਇਨ੍ਹਾਂ ਔਰਤਾਂ ਨੇ ਬੀਬੀਸੀ ਵਰਲਡ ਸਰਵਿਸ ਨਾਲ ਵੀ ਗੱਲ ਕੀਤੀ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਜ਼ੋਏ ਨੇ ਚੀਨ ਦੇ ਉਸ ਦੇ ਸ਼ਹਿਰ ਵਿੱਚ ਹੀ ਉਸ ਨਾਲ ਬਲਾਤਕਾਰ ਕੀਤਾ ਸੀ।
ਉਸਨੇ ਮਹਿਲਾ ਦੇ ਪੀਣ ਵਾਲੇ ਪਦਾਰਥ ਵਿੱਚ ਨਸ਼ੀਲੇ ਪਦਾਰਥ ਮਿਲਾਏ, ਉਹ ਬੇਹੋਸ਼ ਤਾਂ ਨਹੀਂ ਹੋਈ, ਪਰ ਉਹ ਬੋਲ ਜਾਂ ਹਿੱਲ ਨਹੀਂ ਸਕਦੀ ਸੀ।
ਇੱਕ ਹੋਰ ਔਰਤ ਨੇ ਕਿਹਾ ਕਿ ਜ਼ੋਏ ਨੇ ਉਸ ਨੂੰ ਲੰਡਨ ਵਿੱਚ ਨਸ਼ੀਲਾ ਪਦਾਰਥ ਪਿਲਾਇਆ ਸੀ। ਜਦੋਂ ਉਹ ਜਾਗੀ, ਤਾਂ ਉਸ ਨੇ ਦੇਖਿਆ ਕਿ ਜ਼ੋਏ ਉਸਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ ਅਤੇ ਨਾਲ ਹੀ ਸਾਰੀ ਹਰਕਤ ਨੂੰ ਕੈਮਰੇ ‘ਤੇ ਫਿਲਮਾ ਰਿਹਾ ਸੀ।
ਜ਼ੋਏ ਨੂੰ ਆਉਂਦੀ ਜੂਨ ਵਿੱਚ ਉਸ ਦੇ ਅਪਰਾਧਾਂ ਲਈ ਸਜ਼ਾ ਸੁਣਾਈ ਜਾਣੀ ਹੈ।
ਪੀੜਤ ਮਹਿਲਾਵਾਂ ਨੇ ਕੀ-ਕੀ ਦੱਸਿਆ

ਤਸਵੀਰ ਸਰੋਤ, Metropolitan Police
ਅਸੀਂ ਉਨ੍ਹਾਂ ਦੋ ਔਰਤਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਦੀਆਂ ਗਵਾਹੀਆਂ ਨੇ ਝੇਨਹਾਓ ਜ਼ੋਏ ਨੂੰ ਦੋਸ਼ੀ ਠਹਿਰਾਉਣ ਵਿੱਚ ਮਦਦ ਕੀਤੀ ਹੈ।
ਇੱਕ ਮਹਿਲਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ, “ਜੇ ਮੈਂ ਇਸ ਬਾਰੇ ਪਹਿਲਾਂ ਗੱਲ ਕੀਤੀ ਹੁੰਦੀ, ਤਾਂ ਸ਼ਾਇਦ ਮੇਰੇ ਤੋਂ ਬਾਅਦ ਇੰਨੀਆਂ ਔਰਤਾਂ ਉਸਦਾ ਸ਼ਿਕਾਰ ਨਾ ਹੁੰਦੀਆਂ।
ਉਨ੍ਹਾਂ ਅਤੇ ਹੋਰ ਔਰਤਾਂ ਮੁਤਾਬਕ, ਉਹ ਇਹ ਜਾਣ ਕੇ ਅਪਰਾਧੀ ਮਹਿਸੂਸ ਕਰਦੀਆਂ ਹਨ ਕਿ ਜ਼ੇਨਹਾਓ ਜ਼ੋਏ ਨੇ ਬਹੁਤ ਸਾਰੀਆਂ ਔਰਤਾਂ ਨਾਲ ਦੁਰਵਿਵਹਾਰ ਕੀਤਾ ਹੈ।
ਮੇਜ਼ ‘ਤੇ ਦੋ ਬੋਤਲਾਂ ਅਤੇ ਜ਼ੋਏ ਦਾ ਪਲਾਨ

ਤਸਵੀਰ ਸਰੋਤ, Met Police
ਇੱਕ ਔਰਤ, ਐਲਿਸ (ਬਦਲਿਆ ਹੋਇਆ ਨਾਮ) ਨੇ ਨਵੇਂ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ 2021 ਵਿੱਚ ਲੰਡਨ ਵਿੱਚ ਜ਼ੇਨਹਾਓ ਜ਼ੋਏ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ। ਪਰ ਪਿਛਲੇ ਮਹੀਨੇ ਜਦੋਂ ਜ਼ੇਨਹਾਓ ਜ਼ੋਏ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਇਆ, ਓਦੋਂ ਜਾ ਕੇ ਉਨ੍ਹਾਂ ਨੂੰ ਪੁਲਿਸ ਕੋਲ ਜਾਣ ਦੀ ਹਿੰਮਤ ਆਈ।
ਐਲਿਸ ਵੀ ਚੀਨ ਦੇ ਰਹਿਣ ਵਾਲੇ ਹਨ ਅਤੇ ਕਹਿੰਦੇ ਹਨ, “ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇਸਦੀ ਰਿਪੋਰਟ ਕਰ ਸਕਦੇ ਹੋ।”
ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਜ਼ੋਏ ਨੂੰ ਉਦੋਂ ਮਿਲੇ ਸਨ ਜਦੋਂ ਉਹ ਲੰਡਨ ਵਿੱਚ ਹੋਰ ਚੀਨੀ ਵਿਦਿਆਰਥੀ ਦੋਸਤਾਂ ਨਾਲ ਇੱਕ ਕਲੱਬ ਵਿੱਚ ਸਨ। ਇਸ ਤੋਂ ਬਾਅਦ ਉਹ ਸੋਸ਼ਲ ਮੈਸੇਜਿੰਗ ਐਪ, ਵੀਚੈਟ ‘ਤੇ ਇੱਕ ਗਰੁੱਪ ਨਾਲ ਜੁੜੇ।
ਇਸ ਤੋਂ ਥੋੜ੍ਹੀ ਦੇਰ ਬਾਅਦ, ਐਲਿਸ ਅਤੇ ਜ਼ੋਏ ਦੇ ਇੱਕ ਸਾਂਝੇ ਦੋਸਤ ਨੇ ਐਲਿਸ ਨੂੰ ਬਲੂਮਸਬਰੀ ਵਿੱਚ ਜ਼ੋਏ ਦੇ ਵਿਦਿਆਰਥੀ ਰਿਹਾਇਸ਼ ‘ਤੇ ਡ੍ਰਿੰਕਸ ਲਈ ਸੱਦਾ ਦਿੱਤਾ। ਜ਼ੋਏ ਦੀ ਇਹ ਰਿਹਾਇਸ਼ ਕਾਫੀ ਚੰਗੀ ਸੀ।
ਐਲਿਸ ਦੱਸਦੇ ਹਨ ਕਿ ਮੇਜ਼ ਉੱਤੇ ਸ਼ਰਾਬ ਦੀਆਂ ਦੋ ਬੋਤਲਾਂ ਸਨ। ਦੋਵੇਂ ਬੋਤਲਾਂ ਪਹਿਲਾਂ ਹੀ ਖੁੱਲ੍ਹੀਆਂ ਹੋਈਆਂ ਅਤੇ ਅੱਧੀਆਂ ਖਾਲੀ ਸਨ। ਐਲਿਸ ਅਤੇ ਉਨ੍ਹਾਂ ਦੀ ਸਹੇਲੀ ਨੇ ਇੱਕ ਬੋਤਲ ਵਿੱਚੋਂ ਪੀਣਾ ਸ਼ੁਰੂ ਕੀਤਾ। ਉਹ ਕਹਿੰਦੇ ਹਨ ਕਿ ਜ਼ੋਏ ਇੱਕਲਾ ਦੂਜੀ ਬੋਤਲ ਤੋਂ ਪੀ ਰਿਹਾ ਸੀ।

ਤਸਵੀਰ ਸਰੋਤ, Metropolitan Police
ਐਲਿਸ ਕਹਿੰਦੇ ਹਨ ਕਿ ਉਨ੍ਹਾਂ ਦੀ ਸਹੇਲੀ ਨੂੰ ਸ਼ਰਾਬ ਪੀਣ ਤੋਂ ਬਾਅਦ ਜ਼ਿਆਦਾ ਨਸ਼ਾ ਨਹੀਂ ਹੁੰਦਾ ਪਰ ਇਸ ਵਾਰ ਉਸ ਨੂੰ ਬਹੁਤ ਛੇਤੀ ਨਸ਼ਾ ਹੋ ਗਿਆ ਅਤੇ ਉਹ ਫਰਸ਼ ‘ਤੇ ਹੀ ਸੌਂ ਗਈ। ਐਲਿਸ ‘ਤੇ ਵੀ ਸ਼ਰਾਬ ਦਾ ਨਸ਼ਾ ਅਚਾਨਕ ਬਹੁਤ ਜ਼ਿਆਦਾ ਹੋ ਗਿਆ।
ਐਲਿਸ ਨੇ ਕਿਹਾ, “ਆਮ ਤੌਰ ‘ਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਪੀਂਦੇ ਹੋ, ਤਾਂ ਤੁਹਾਨੂੰ ਕੁਝ ਸਮੇਂ ਲਈ ਚੰਗਾ ਮਹਿਸੂਸ ਹੁੰਦਾ ਹੈ। ਪਰ ਉਸ ਰਾਤ ਮੈਨੂੰ ਬਹੁਤ ਚੱਕਰ ਆਏ ਅਤੇ ਮੈਂ ਤੁਰੰਤ ਸੌਂ ਗਈ।”
ਐਲਿਸ ਨੇ ਸਾਨੂੰ ਦੱਸਿਆ ਕਿ ਜ਼ੋਏ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਸ ਹਾਲਤ ਵਿੱਚ ਟੈਕਸੀ ਲੈ ਕੇ ਘਰ ਜਾਣਾ ਸੁਰੱਖਿਅਤ ਨਹੀਂ ਹੋਵੇਗਾ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣੇ ਬੈੱਡਰੂਮ ਵਿੱਚ ਸੌਣ ਲਈ ਕਿਹਾ।
ਐਲਿਸ ਕਹਿੰਦੇ ਹਨ ਕਿ ਉਹ ਵੀ ਇਸ ਲਈ ਮੰਨ ਗਏ ਕਿਉਂਕਿ ਉਨ੍ਹਾਂ ਦੀ ਸਹੇਲੀ ਵੀ ਫਲੈਟ ਵਿੱਚ ਹੀ ਸੀ ਇਸ ਲਈ ਉਨ੍ਹਾਂ ਨੂੰ ਡਰ ਦਾ ਅਹਿਸਾਸ ਨਹੀਂ ਹੋਇਆ।
ਜਦੋਂ ਐਲਿਸ ਨੂੰ ਜਾਗ ਆਈ…

ਐਲਿਸ ਕਹਿੰਦੇ ਹਨ ਕਿ ਅਗਲੀ ਚੀਜ਼ ਜੋ ਉਨ੍ਹਾਂ ਨੂੰ ਯਾਦ ਹੈ ਉਹ ਹੈ – ਉਨ੍ਹਾਂ ਨੂੰ ਜਾਗ ਆਈ ਤਾਂ ਜ਼ੋਏ ਆਪਣੀ ਪੈਂਟ ਉਤਾਰ ਰਿਹਾ ਸੀ।
ਉਨ੍ਹਾਂ ਕਿਹਾ, “ਮੈਂ ਉਸਨੂੰ ਤੁਰੰਤ ਰੋਕ ਦਿੱਤਾ।”
ਫਿਰ ਐਲਿਸ ਨੇ ਆਪਣੇ ਮੋਬਾਈਲ ਫੋਨ ਦੀ ਟਾਰਚ ਆਪਣੇ ਸਿਰ ਦੇ ਉੱਪਰ ਦੇਖੀ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ। ਇਹ ਦੇਖ ਕੇ ਐਲਿਸ ਬਹੁਤ ਡਰ ਗਏ।
ਐਲਿਸ ਨੇ ਕਿਹਾ ਕਿ ਉਨ੍ਹਾਂ ਨੇ ਜ਼ੋਏ ਦੇ ਬੈੱਡਰੂਮ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ “ਉਨ੍ਹਾਂ ਨੂੰ ਦਰਵਾਜ਼ੇ ਕੋਲੋਂ ਜ਼ੋਰ ਨਾਲ ਪਿੱਛੇ ਵੱਲ ਧੱਕ ਦਿੱਤਾ।”
ਜ਼ੋਏ ਨੇ ਉਨ੍ਹਾਂ ਨੂੰ ਬੈੱਡਰੂਮ ਵਿੱਚ ਢੱਕਣ ਲਈ ਇੰਨੀ ਤਾਕਤ ਵਰਤੀ ਕਿ ਐਲਿਸ ਨੂੰ “ਦੋਵੇਂ ਹੱਥਾਂ ਨਾਲ ਦਰਵਾਜ਼ੇ ਨੂੰ ਫੜ੍ਹਨਾ ਪਿਆ।”
ਐਲਿਸ ਨੇ ਸਾਨੂੰ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੇ ਜ਼ੋਏ ਨੂੰ ਧਮਕੀ ਦਿੱਤੀ ਕਿ ਉਹ ਸ਼ੋਰ ਮਚਾ ਦੇਵੇਗੀ ਅਤੇ ਫਿਰ ਜ਼ੋਏ ਨੇ ਉਨ੍ਹਾਂ ਨੂੰ ਜਾਣ ਦਿੱਤਾ। ਪਰ ਨਾਲ ਹੀ ਜ਼ੋਏ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਬਾਰੇ “ਇਸ ਬਾਰੇ ਗੱਲ ਨਾ ਕਰੇ” ਅਤੇ ਨਾ ਪੁਲਿਸ ਕੋਲ ਨਾ ਜਾਵੇ।

ਐਲਿਸ ਨੇ ਅੱਗੇ ਕਿਹਾ ਕਿ ਅਗਲੇ ਹੀ ਦਿਨ, ਜ਼ੋਏ ਨੇ ਉਸ ਨਾਲ ਵੀਚੈਟ ‘ਤੇ ਸੰਪਰਕ ਕੀਤਾ। ਪਰ ਉਸਨੇ ਪਿਛਲੀ ਰਾਤ ਦੀ ਘਟਨਾ ਦਾ ਜ਼ਿਕਰ ਨਹੀਂ ਕੀਤਾ। ਉਸਨੇ ਉਨ੍ਹਾਂ ਨੂੰ ਰਾਤ ਦੇ ਖਾਣੇ ਬਾਰੇ ਪੁੱਛਿਆ।
ਹਾਲਾਂਕਿ, ਐਲਿਸ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਦੁਬਾਰਾ ਕਦੇ ਵੀ ਜ਼ੋਏ ਦੇ ਸੰਪਰਕ ਵਿੱਚ ਨਹੀਂ ਆਏ।
ਐਲਿਸ ਨੇ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਇਸ ਘਟਨਾ ਬਾਰੇ ਦੱਸਿਆ। ਪਰ ਉਸ ਤੋਂ ਬਾਅਦ ਇਸ ਸਬੰਧੀ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ, “ਮੈਂ ਸੋਚਿਆ ਸੀ ਕਿ, ਪਹਿਲਾਂ ਤਾਂ ਸਬੂਤਾਂ ਦੀ ਲੋੜ ਹੁੰਦੀ ਹੈ। ਅਤੇ ਦੂਜਾ, ਪੁਲਿਸ ਨੂੰ ਬੁਲਾਉਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਵਾਪਰਨਾ ਚਾਹੀਦਾ ਹੈ।”
ਐਲਿਸ ਕਹਿੰਦੇ ਹਨ ਕਿ ਅਗਲੀ ਵਾਰ ਜਦੋਂ ਉਸਨੇ ਜ਼ੋਏ ਦਾ ਚਿਹਰਾ ਮੀਡੀਆ ਵਿੱਚ ਦੇਖਿਆ ਤਾਂ ਉਸ ਘਟਨਾ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਸਨ।
ਉਨ੍ਹਾਂ ਨੂੰ ਖ਼ਬਰਾਂ ਤੋਂ ਹੀ ਪਤਾ ਚੱਲਿਆ ਕਿ ਪੁਲਿਸ ਨੇ ਉਨ੍ਹਾਂ ‘ਤੇ ਇਲਜ਼ਾਮ ਲਗਾਏ ਹਨ।
ਜਿਨਸੀ ਅਪਰਾਧਾਂ ਦੀ ਰਿਪੋਰਟ ਕਰਨਾ ਵਿਦੇਸ਼ੀ ਨਾਗਰਿਕਾਂ ਲਈ ਚੁਣੌਤੀਪੂਰਨ

ਤਸਵੀਰ ਸਰੋਤ, Metropolitan Police
ਲੰਡਨ ਵਿੱਚ ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆਈ ਮਹਿਲਾ ਐਸੋਸੀਏਸ਼ਨ ਦੀ ਟਰੱਸਟੀ ਸਾਰਾਹ ਯੇਹ ਕਹਿੰਦੇ ਹਨ ਕਿ ਯੂਕੇ ਵਿੱਚ ਜਿਨਸੀ ਅਪਰਾਧਾਂ ਦੀ ਰਿਪੋਰਟ ਕਰਨਾ ਵਿਦੇਸ਼ੀ ਨਾਗਰਿਕਾਂ ਲਈ ਚੁਣੌਤੀਪੂਰਨ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਕਿਸੇ ਵੀ ਵਿਦੇਸ਼ੀ ਲਈ ਬਲਾਤਕਾਰ ਦਾ ਪੀੜਤ ਹੋਣਾ ਅਤੇ ਫਿਰ ਬ੍ਰਿਟਿਸ਼ ਕਾਨੂੰਨੀ ਪ੍ਰਣਾਲੀ ਅਤੇ ਐਨਐਚਐਸ ਵਿੱਚ ਨੈਵੀਗੇਟ ਕਰਨਾ, ਜਾਂ ਪੀੜਤਾਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਤੱਕ ਪਹੁੰਚ ਕਰਨਾ ਮੁਸ਼ਕਲ ਹੋਵੇਗਾ।”
ਉਹ ਕਹਿੰਦੇ ਹਨ ਕਿ ਅਜਿਹੇ ਲੋਕ ਸ਼ਾਇਦ ਆਪਣੇ ਅਧਿਕਾਰਾਂ ਜਾਂ ਉਨ੍ਹਾਂ ਲਈ ਉਪਲੱਬਧ ਸਰੋਤਾਂ ਨੂੰ ਨਾ ਸਮਝ ਸਕਣ।
ਨਾਲ ਹੀ ਉਹ ਆਪਣੀ ਪੜ੍ਹਾਈ ‘ਤੇ ਨਕਾਰਾਤਮਕ ਪ੍ਰਭਾਵਾਂ, ਆਪਣੇ ਆਪ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ਰਮ ਵਾਲੀ ਸਥਿਤੀ, ਅਤੇ ਸੰਭਾਵੀ ਕਾਨੂੰਨੀ ਚੁਣੌਤੀਆਂ ਬਾਰੇ ਵੀ ਚਿੰਤਤ ਹੋ ਸਕਦੇ ਹਨ।
ਉਸਨੇ ਪੁੱਛਿਆ ‘ਕੀ ਮੈਂ ਉਸਦੇ ਨਾਲ ਜੁੜਨਾ’ ਚਾਹਾਂਗਾ

ਐਲਿਸ ਨਾਲ ਵਾਪਰੀ ਉਸ ਘਟਨਾਂ ਤੋਂ ਬਾਅਦ, ਉਨ੍ਹਾਂ ਨੂੰ ਪਤਾ ਲੱਗਾ ਕਿ ਲੰਡਨ ਵਿੱਚ ਉਨ੍ਹਾਂ ਦੇ ਇੱਕ ਪੁਰਸ਼ ਮਿੱਤਰ ਸਨ ਜੋ ਕਿ ਜ਼ੋਏ ਨੂੰ ਜਾਣਦੇ ਸਨ। ਪਰ ਉਸ ਪੁਰਸ਼ ਮਿੱਤਰ ਨੇ ਵੀ ਜ਼ੋਏ ਨਾਲ ਸਾਰੇ ਸੰਪਰਕ ਤੋੜ ਦਿੱਤੇ ਸਨ ਕਿਉਂਕਿ ਉਸ ਨੂੰ ਪਤਾ ਲੱਗਾ ਕਿ ਜ਼ੋਏ ਔਰਤਾਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਨਸ਼ਾ ਮਿਲਾ ਰਿਹਾ ਸੀ।
ਉਸ ਦੋਸਤ ਜੀ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਸੁਣਿਆ ਕਿ ਜ਼ੋਏ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਉਨ੍ਹਾਂ ਨੂੰ “ਬਿਲਕੁਲ ਹੈਰਾਨੀ ਨਹੀਂ ਹੋਈ”।
ਉਨ੍ਹਾਂ ਕਿਹਾ, “ਉਸ ਸਮੇਂ ਬਹੁਤ ਸਾਰੇ ਦੋਸਤ ਸ਼ਾਇਦ ਜਾਣਦੇ ਸਨ [ਜ਼ੋਏ ਕੀ ਕਰ ਰਿਹਾ ਸੀ]। ਮੇਰਾ ਮੰਨਣਾ ਹੈ ਕਿ ਸਾਡੀਆਂ ਕੁਝ ਮਹਿਲਾ ਦੋਸਤਾਂ ਨੂੰ ਵੀ ਪਤਾ ਸੀ।”
ਜੀ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ 2022 ਵਿੱਚ ਇੱਕ ਪਾਰਟੀ ਵਿੱਚ ਗਲਤੀ ਨਾਲ ਕਿਸੇ ਹੋਰ ਦੇ ਗਲਾਸ ਤੋਂ ਡ੍ਰਿੰਕ ਪੀ ਲਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ‘ਬਹੁਤ ਅਸਿਹਜ” ਅਤੇ ”ਬਹੁਤ ਨਿੰਦਰਾ” ਮਹਿਸੂਸ ਹੋ ਰਿਹਾ ਸੀ।
ਉਸ ਵੇਲੇ ਜ਼ੋਏ ਨੇ ਜੀ ਨੂੰ ਦੱਸਿਆ ਸੀ ਕਿ ਉਸ ਨੇ ਡ੍ਰਿੰਕ ਵਿੱਚ ਕੁਝ ਮਿਲਾਇਆ ਸੀ ਅਤੇ ਇਹ ਡ੍ਰਿੰਕ ਪਾਰਟੀ ਵਿੱਚ ਮੌਜੂਦ ਇੱਕ ਮਹਿਲਾ ਲਈ ਬਣਾਈ ਸੀ।
ਜੀ ਕਹਿੰਦੇ ਹਨ ਕਿ ਜ਼ੋਏ ਨੇ ਬਾਅਦ ਵਿੱਚ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦਾ ਇੱਕ ਛੋਟਾ ਬੈਗ ਵੀ ਦਿਖਾਇਆ ਸੀ ਅਤੇ ਪੁੱਛਿਆ ਕਿ ਕੀ ਉਹ “ਉਸਦੇ ਨਾਲ ਜੁੜਨਾ” ਚਾਹੁੰਦੇ ਹਨ।
ਜੀ ਕਹਿੰਦੇ ਹਨ ਕਿ ਜ਼ੋਏ ਦੀ ਇਸ ਗੱਲ ਨੂੰ ਉਨ੍ਹਾਂ ਇਸ ਤਰ੍ਹਾਂ ਸਮਝਿਆ ਕਿ ਜ਼ੋਏ ਕੁੜੀਆਂ ਨੂੰ ਲੱਭਣ ਵਿੱਚ ਉਸਦੀ ਮਦਦ ਚਾਹੁੰਦਾ ਸੀ। ਜੀ ਕਹਿੰਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਦੋਂ ਬੀਬੀਸੀ ਨੇ ਜੀ ਤੋਂ ਪੁੱਛਿਆ ਕਿ ਉਨ੍ਹਾਂ ਨੇ ਜ਼ੋਏ ਨੂੰ ਮਿਲਣਾ ਬੰਦ ਕਿਉਂ ਨਹੀਂ ਕੀਤੇ ਅਤੇ ਉਹ ਪੁਲਿਸ ਕੋਲ ਕਿਉਂ ਨਹੀਂ ਗਏ ਤਾਂ ਜੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੇ ਬਹੁਤ ਸਾਰੇ ਆਪਸੀ ਦੋਸਤ ਸਨ, ਇਸ ਲਈ ਇਹ ਮੁਸ਼ਕਿਲ ਸੀ ਕਿ ਉਹ ਕਿਤੇ ਨਾ ਮਿਲਣ।
ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਜ਼ੋਏ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਸ ਨਾਲ ਨਾ ਘੁੰਮਣ ਕਿਉਂਕਿ “ਕਿਉਂਕਿ ਉਹ ਲੋਕਾਂ ਨੂੰ ਨਸ਼ੀਲਾ ਪਦਾਰਥ ਦੇ ਰਿਹਾ ਸੀ।”
ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਯਾਦਾਂ ਬਾਰੇ ਵੀ ਸੋਚਣਾ ਪਸੰਦ ਨਹੀਂ ਹੈ ਅਤੇ ਇਸੇ ਲਈ ਉਹ ਪੁਲਿਸ ਕੋਲ ਵੀ ਨਹੀਂ ਗਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਔਰਤਾਂ ਦੀਆਂ ਗਵਾਹੀਆਂ ਜ਼ੋਏ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਸਨ।
ਜੀ ਕਹਿੰਦੇ ਹਨ ਕਿ ਆਖਿਰ ਉਨ੍ਹਾਂ ਨੇ ਉਸ ਨਾਲ ਸਾਰੇ ਸਬੰਧ ਤੋੜ ਦਿੱਤੇ ਸਨ।
ਮੈਨੂੰ ਡਰ ਸੀ ਕਿ ਸਾਰੇ ਮੈਨੂੰ ਹੀ “ਬੇਵਕੂਫ਼” ਕਹਿਣਗੇ

ਤਸਵੀਰ ਸਰੋਤ, Metropolitan Police
ਇੱਕ ਹੋਰ ਨੌਜਵਾਨ ਮਹਿਲਾ ਹਨ – ਰੇਚਲ। ਜ਼ੋਏ ‘ਤੇ ਚੱਲੇ ਮੁਕੱਦਮੇ ਤੋਂ ਬਾਅਦ ਰੇਚਲ ਲੰਡਨ ਅਤੇ ਚੀਨ ਵਿੱਚ ਪੁਲਿਸ ਦੇ ਸੰਪਰਕ ਵਿੱਚ ਹਨ।
ਉਹ ਕਹਿੰਦੇ ਹਨ ਕਿ ਸਾਲ 2022 ਵਿੱਚ ਗੁਆਂਗਡੋਂਗ ਸੂਬੇ ‘ਚ ਉਨ੍ਹਾਂ ਦੇ ਜੱਦੀ ਸ਼ਹਿਰ ਡੋਂਗਗੁਆਨ ਵਿੱਚ ਜ਼ੋਏ ਨੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਬਲਾਤਕਾਰ ਕੀਤਾ।
ਰੇਚਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਜ਼ੋਏ ਨਾਲ ਡੇਟ ‘ਤੇ ਗਏ ਸਨ ਅਤੇ ਇਸ ਤੋਂ ਪਹਿਲਾਂ ਦੋਵੇਂ ਆਨਲਾਈਨ ਇੱਕ-ਦੂਜੇ ਦੇ ਸੰਪਰਕ ‘ਚ ਆਏ ਸਨ।।
ਰੇਚਲ ਮੁਤਾਬਕ, ਉਨ੍ਹਾਂ ਨੇ ਸੋਚਿਆ ਕਿ ਉਹ ਇੱਕ ਬਾਰ ਵਿੱਚ ਜਾ ਰਹੇ ਹਨ, ਪਰ ਉਹ ਉਸਦੇ ਘਰ ਪਹੁੰਚ ਗਏ। ਉਸ ਦਾ ਘਰ ਇੱਕ ਵੱਡਾ ਵਿਲਾ ਸੀ, ਜਿਸ ਨੂੰ ਜ਼ੋਏ ਨੇ ਆਪਣੇ ਪਰਿਵਾਰ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਵਿੱਚੋਂ ਇੱਕ ਦੱਸਿਆ ਸੀ।
ਰੇਚਲ ਦੱਸਦੇ ਹਨ ਕਿ ਜ਼ੋਏ ਨੇ ਉਨ੍ਹਾਂ ਵੱਲ ਆਪਣੀ ਪਿੱਠ ਕੀਤੀ ਅਤੇ ਫਿਰ ਉਨ੍ਹਾਂ ਨੂੰ ਹਰੇ ਰੰਗ ਦਾ ਇੱਕ ਕਾਕਟੇਲ ਦਿੱਤਾ। ਫਿਰ ਉਨ੍ਹਾਂ ਸ਼ਰਾਬ ਪੀਣ ਵਾਲੀ ਖੇਡ ਖੇਡਣੀ ਸ਼ੁਰੂ ਕੀਤੀ।
ਰੇਚਲ ਕਹਿੰਦੇ ਹਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ “ਚੱਕਰ ਆ ਰਹੇ ਸਨ”।
ਰੇਚਲ ਨੇ ਯੂਕੇ ਪੁਲਿਸ ਨੂੰ ਦੱਸਿਆ ਹੈ ਕਿ ਜ਼ੋਏ ਉਨ੍ਹਾਂ ਨੂੰ ਇੱਕ ਬੈੱਡਰੂਮ ਵਿੱਚ ਲੈ ਗਿਆ, ਉਦੋਂ ਤੱਕ ਰੇਚਲ ਬੋਲਣ ਜਾਂ ਆਪਣੇ ਸਰੀਰ ਨੂੰ ਹਿਲਾਉਣ ਵਿੱਚ ਅਸਮਰੱਥ ਹੋ ਗਏ ਸਨ, ਅਤੇ ਫਿਰ ਜ਼ੋਏ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ।
ਰੇਚਲ ਨੇ ਅਗਲੇ ਦਿਨ ਪੁਲਿਸ ਨੂੰ ਦੱਸਣ ਬਾਰੇ ਸੋਚਿਆ, ਪਰ ਫਿਰ ਅਜਿਹਾ ਨਹੀਂ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਸਹਿਮਤੀ ਨਾ ਹੋਣ ਦਾ ਸਬੂਤ ਦੇਣਾ ਬਹੁਤ ਮੁਸ਼ਕਲ ਹੋਵੇਗਾ।
ਉਨ੍ਹਾਂ ਕਿਹਾ, “ਮੇਰੇ ਲਈ ਇਹ ਸਾਬਤ ਕਰਨਾ ਮੁਸ਼ਕਲ ਹੈ ਕਿ ਮੈਂ ਪੀਣ ਲਈ ਉਸਦੇ ਘਰ ਜਾਣ ਲਈ ਤਿਆਰ ਸੀ ਅਤੇ ਇਹ ਇੱਕ ਸੰਕੇਤ ਨਹੀਂ ਸੀ ਕਿ ਮੈਂ ਸੈਕਸ ਲਈ ਸਹਿਮਤੀ ਦੇ ਰਹੀ ਸੀ।”
ਉਨ੍ਹਾਂ ਅੱਗੇ ਕਿਹਾ ਕਿ ਡੋਂਗਗੁਆਨ ਇੱਕ ਛੋਟੀ ਜਿਹੀ ਜਗ੍ਹਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਡਰ ਰਹਿੰਦਾ ਸੀ ਕਿ ਉਨ੍ਹਾਂ ਦੇ ਮਾਪੇ, ਰਿਸ਼ਤੇਦਾਰ ਅਤੇ ਦੋਸਤਾਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਹੀ “ਬੇਵਕੂਫ਼” ਕਹਿਣਗੇ।
ਅਸੀਂ ਰੇਚਲ ਦਾ ਯੂਕੇ ਪੁਲਿਸ ਨੂੰ ਦਿੱਤਾ ਬਿਆਨ ਦੇਖਿਆ ਹੈ। ਉਸ ਮੁਤਾਬਕ, ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਕਹਾਣੀ ਹੁਣ ਸੁਣੀ ਜਾਵੇ, ਤਾਂ ਜੋ ਹੋਰ ਪੀੜਤਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਕਿਉਂਕਿ ਉਹ ਚਾਹੁੰਦੇ ਹਨ ਕਿ ਜ਼ੋਏ ‘ਤੇ ਚੀਨ ਦੇ ਨਾਲ-ਨਾਲ ਯੂਕੇ ਵਿੱਚ ਵੀ ਮੁਕੱਦਮਾ ਚਲਾਇਆ ਜਾਵੇ।
ਪੁਲਿਸ ਨੂੰ ਉਮੀਦ ਹੈ ਕਿ ਹੋਰ ਔਰਤਾਂ ਅੱਗੇ ਆਉਣਗੀਆਂ

ਤਸਵੀਰ ਸਰੋਤ, Metropolitan Police
ਕਮਾਂਡਰ ਕੇਵਿਨ ਸਾਊਥਵਰਥ – ਜੋ ਮੈਟਰੋਪੋਲੀਟਨ ਪੁਲਿਸ ਵਿੱਚ ਜਨਤਕ ਸੁਰੱਖਿਆ ਦੀ ਅਗਵਾਈ ਕਰਦੇ ਹਨ, ਨੇ ਬੀਬੀਸੀ ਨੂੰ ਦੱਸਿਆ ਕਿ ਅਧਿਕਾਰੀ ਅਜੇ ਵੀ 23 ਨਵੇਂ ਸੰਭਾਵੀ ਮਾਮਲਿਆਂ ‘ਤੇ ਕੰਮ ਕਰ ਰਹੇ ਹਨ।
ਨਾਲ ਹੀ ਕੁਝ ਲੋਕ ਨਿਸ਼ਚਿਤ ਤੌਰ ‘ਤੇ ਉਨ੍ਹਾਂ ਲੋਕਾਂ ਤੋਂ ਵੱਖਰੇ ਨਜ਼ਰ ਆ ਰਹੇ ਹਨ ਜੋ ਕਿ ਜ਼ੋਏ ਤੋਂ ਜ਼ਬਤ ਕੀਤੇ ਗਏ ਵੀਡੀਓਜ਼ ਵਿੱਚ ਹਨ ਜਾਂ ਹੁਣ ਤੱਕ ਦੇ ਚਾਰਜ ਕੇਸਾਂ ਵਿੱਚ ਦਰਸਾਏ ਗਏ ਹਨ।
ਉਹ ਕਹਿੰਦੇ ਹਨ, “ਇਹ ਤੱਥ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਸਦਾ ਅਪਰਾਧੀ ਸਮੂਹ ਅਸਲ ਵਿੱਚ ਸਾਡੀ ਸਮਝ ਤੋਂ ਕਿਤੇ ਵੱਡਾ ਹੈ।”
ਉਨ੍ਹਾਂ ਕਿਹਾ ਕਿ ਦੋਸ਼ੀ ਬਲਾਤਕਾਰੀ ਲਈ ਦੂਜਾ ਮੁਕੱਦਮਾ ਤਾਂ ਦਰਜ ਨਹੀਂ ਕੀਤਾ ਗਿਆ ਹੈ ਪਰ ਸਾਹਮਣੇ ਆ ਰਹੀਆਂ ਔਰਤਾਂ ਦੀ ਸੰਖਿਆ ਨੂੰ ਦੇਖਦੇ ਹੋਏ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨਾਲ ਚਰਚਾ ਕਰਨ ਦਾ ”ਮਾਮਲਾ ਨਿਸ਼ਚਿਤ ਰੂਪ ਨਾਲ” ਜ਼ਰੂਰ ਹੈ।
‘ਉਹ ਰੋਲੈਕਸ ਘੜੀ ਪਹਿਨਦਾ ਹੈ’

ਤਸਵੀਰ ਸਰੋਤ, Social Media
ਬੀਬੀਸੀ ਨੇ ਉਨ੍ਹਾਂ ਦੋ ਪੀੜਤਾਂ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਦੀ ਪਛਾਣ ਪੁਲਿਸ ਜ਼ੋਏ ਦੇ ਮੁਕੱਦਮੇ ਤੋਂ ਪਹਿਲਾਂ ਹੀ ਕਰ ਚੁੱਕੀ ਸੀ। ਉਹ ਦੋਵੇਂ ਚੀਨੀ ਨਾਗਰਿਕ ਹਨ ਜੋ ਲੰਡਨ ਵਿੱਚ ਪੜ੍ਹ ਰਹੀਆਂ ਸਨ। ਇਹ ਮਹਿਲਾਵਾਂ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਜਾਣਦੀਆਂ ਸਨ।
ਉਨ੍ਹਾਂ ਵਿੱਚੋਂ ਇੱਕ, ਬੈਥ (ਬਦਲਿਆ ਹੋਇਆ ਨਾਮ) ਨੇ ਆਪਣੇ ਤਜਰਬੇ ਬਾਰੇ ਪੋਸਟ ਕੀਤਾ।
ਜ਼ੋਏ ਨੇ 2023 ਵਿੱਚ ਬੈਥ ਨਾਲ ਬਲਾਤਕਾਰ ਕੀਤਾ ਸੀ ਅਤੇ ਬੈਥ ਨੇ ਇਸ ਬਾਰੇ ਜਲਦੀ ਹੀ ਮੈਟਰੋਪੋਲੀਟਨ ਪੁਲਿਸ ਨੂੰ ਅਪਰਾਧ ਦੀ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ।
ਪਰ ਫਿਰ ਉਨ੍ਹਾਂ ਨੇ ਚੀਜ਼ਾਂ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਕਿਉਂਕਿ ਉਹ ਯੂਕੇ ਦੇ ਕਾਨੂੰਨ ਬਾਰੇ ਵਧੇਰੇ ਯਕੀਨ ਨਹੀਂ ਸੀ ਅਤੇ ਪੁਲਿਸ ਨਾਲ ਉਨ੍ਹਾਂ ਦੀ ਸ਼ੁਰੂਆਤੀ ਗੱਲਬਾਤ ਵੀ ਜ਼ਿਆਦਾ ਠੀਕ ਨਹੀਂ ਰਹੀ ਸੀ। ਇਸ ਲਈ ਉਹ ਇਸ ਗੱਲਬਾਤ ਤੋਂ ਬਾਅਦ ਨਿਰਾਸ਼ ਮਹਿਸੂਸ ਕਰ ਰਹੇ ਸਨ।
ਉਨ੍ਹਾਂ ਦੀ 999 ਦੀ ਕਾਲ ਵਾਲਾ ਤਜਰਬਾ ਵੀ ਚੰਗਾ ਨਹੀਂ ਰਿਹਾ ਸੀ ਕਿਉਂਕਿ ਇਸਦਾ ਅਨੁਵਾਦ ਬਹੁਤ ਮਾੜਾ ਸੀ।
ਬੈਥ ਕਹਿੰਦੇ ਹਨ, “ਉਸ ਸਮੇਂ ਮੈਨੂੰ [ਜ਼ੋਏ ਦਾ ਨਾਮ] ਨਹੀਂ ਪਤਾ ਸੀ। ਮੈਨੂੰ ਉਸਦੇ ਪਤੇ ਦੀ ਵੀ ਜਾਣਕਾਰੀ ਨਹੀਂ ਸੀ, ਮੈਂ ਸਿਰਫ ਆਮ ਜਾਣਕਾਰੀ ਦੇ ਸਕਦੀ ਸੀ।”
ਇਸੇ ਨਿਰਾਸ਼ਾ ਵਿੱਚ, ਬੈਥ ਨੇ ਸੋਸ਼ਲ ਮੀਡੀਆ ‘ਤੇ ਚੇਤਾਵਨੀ ਵਾਲੀ ਇੱਕ ਪੋਸਟ ਪਾਈ ਕਿ ਉਨ੍ਹਾਂ ਨਾਲ ਕੀ ਹੋਇਆ ਸੀ।

ਇੱਕ ਹੋਰ ਚੀਨ ਦੇ ਨਾਗਰਿਕ ਤੇ ਵਿਦਿਆਰਥਣ, “ਕਲਾਰਾ” ਕਹਿੰਦੇ ਹਨ ਕਿ ਉਨ੍ਹਾਂ ਨੂੰ “ਤੁਰੰਤ” ਪਤਾ ਲੱਗ ਗਿਆ ਕਿ ਇਹ ਉਹੀ ਆਦਮੀ ਸੀ, ਜਿਸਨੇ ਦੋ ਸਾਲ ਪਹਿਲਾਂ, ਲੰਡਨ ਦੇ ਚਾਈਨਾਟਾਊਨ ਵਿੱਚ ਇੱਕ ਰਾਤ ਬਾਹਰ ਜਾਣ ਤੋਂ ਬਾਅਦ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ ਸੀ ਅਤੇ ਬਲਾਤਕਾਰ ਕੀਤਾ ਸੀ।
ਕਲਾਰਾ ਕਹਿੰਦੇ ਹਨ ਕਿ ਬੈਥ ਦੀ ਪੋਸਟ ਵਿੱਚ ਹਰ ਵੇਰਵੇ ਉਸੇ ਆਦਮੀ ਵੱਲ ਇਸ਼ਾਰਾ ਕਰ ਰਹੇ ਸਨ: “ਉਸਦਾ ਲਹਿਜ਼ਾ ਗੁਆਂਗਡੋਂਗ ਵਾਲਾ ਹੈ, ਉਹ ਇਮਾਨਦਾਰ ਦਿਖਾਈ ਦਿੰਦਾ ਹੈ ਅਤੇ ਉਹ ਰੋਲੈਕਸ ਸਬਮਰੀਨਰ ਘੜੀ ਪਹਿਨਦਾ ਹੈ।”
ਬਸ ਫਿਰ ਕੀ ਸੀ… ਆਨਲਾਈਨ ਮਹਿਲਾਵਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਬੈਥ ਨੇ ਕਲਾਰਾ ਨੂੰ ਪੁਲਿਸ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ।
ਮਹੀਨਿਆਂ ਬਾਅਦ, ਪੁਲਿਸ ਨੇ ਬੈਥ ਨਾਲ ਸੰਪਰਕ ਕਰਕੇ ਕਿਹਾ ਕਿ ਉਹ ਮਾਮਲੇ ਦੀ ਦੁਬਾਰਾ ਜਾਂਚ ਕਰ ਰਹੇ ਹਨ। ਕਲਾਰਾ ਵੀ ਅੱਗੇ ਆਏ।
ਜ਼ੋਏ ਦੇ ਜ਼ਬਤ ਕੀਤੇ ਗਏ ਡਿਵਾਈਸਾਂ ‘ਤੇ ਪੁਲਿਸ ਨੂੰ ਬੈਥ ਦਾ ਇੱਕ ਵੀਡੀਓ ਵੀ ਮਿਲਿਆ ਸੀ।
ਉਸ ਵੇਲੇ ਪੁਲਿਸ ਨੇ ਇਸ ਗੱਲ ‘ਤੇ ਅਫਸੋਸ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਉਨ੍ਹਾਂ ਦੇ ਇਲਜ਼ਾਮਾਂ ‘ਤੇ ਧਿਆਨ ਨਹੀਂ ਦਿੱਤਾ।
ਸੀਡੀਆਰ ਸਾਊਥਵਰਥ ਕਹਿੰਦੇ ਹਨ, “ਅਸੀਂ ਅਜਿਹੀਆਂ ਸਥਿਤੀਆਂ ਤੋਂ ਬਚਣਾ ਚਾਹੁੰਦੇ ਹਾਂ ਜਿੱਥੇ ਪੀੜਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸ਼ਾਇਦ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ, ਜਾਂ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਹੈ।”
ਉਨ੍ਹਾਂ ਕਿਹਾ ਕਿ ਹੁਣ ਸਾਰੇ ਫਰੰਟ ਲਾਈਨ ਅਫਸਰਾਂ ਨੂੰ ਵਾਧੂ ਸਿਖਲਾਈ ਦਿੱਤੀ ਜਾ ਰਹੀ ਹੈ।
ਬ੍ਰਿਟਿਸ਼ ਅਤੇ ਚੀਨ ਦੇ ਅਧਿਕਾਰੀਆਂ ਨੇ ਮਿਲ ਕੇ ਕੀਤਾ ਕੰਮ

ਤਸਵੀਰ ਸਰੋਤ, Pacemaker
ਕਲਾਰਾ ਨੇ ਦੱਸਿਆ ਕਿ ਕਿਵੇਂ ਬ੍ਰਿਟਿਸ਼ ਪੁਲਿਸ ਨਾਲ ਉਨ੍ਹਾਂ ਦੀ ਸਾਰੀ ਗੱਲਬਾਤ ਬਹੁਤ ਸਕਾਰਾਤਮਕ ਰਹੀ।
ਉਹ ਕਹਿੰਦੇ ਹਨ ਕਿ ਉਹ ਮੁਕੱਦਮੇ ਲਈ ਲੰਨ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਲੱਗ ਸਕਦਾ ਸੀ। ਪਰ ਬ੍ਰਿਟਿਸ਼ ਪੁਲਿਸ ਨੇ ਉਸਦੀ ਸਹਾਇਤਾ ਲਈ ਦੋ ਅਧਿਕਾਰੀਆਂ ਨੂੰ ਹੀ ਚੀਨ ਭੇਜਿਆ ਤਾਂ ਜੋ ਉਹ ਵੀਡੀਓ ਰਾਹੀਂ ਸਬੂਤ ਦੇ ਸਕਣ।
ਸੀਡੀਆਰ ਸਾਊਥਵਰਥ ਕਹਿੰਦੇ ਹਨ, ਬ੍ਰਿਟਿਸ਼ ਅਧਿਕਾਰੀਆਂ ਨੂੰ ਚੀਨੀ ਅਧਿਕਾਰੀਆਂ ਨੇ ਸਹਾਇਤਾ ਦਿੱਤੀ ਸੀ, ਜੋ ਮੈਟ ਨਾਲ ਮਿਲ ਕੇ ਇਸ ਮਾਮਲੇ ਵਿੱਚ ਨਾਲ ਕੰਮ ਕਰ ਰਹੇ ਹਨ ਅਤੇ “ਬਹੁਤ ਸਹਿਯੋਗੀ” ਹਨ।
“ਮੈਨੂੰ ਉਮੀਦ ਹੈ ਕਿ ਇਹ ਪੀੜਤਾਂ ਅਤੇ ਬਚਣ ਵਾਲਿਆਂ ਨੂੰ, ਭਾਵੇਂ ਉਹ ਦੁਨੀਆਂ ਵਿੱਚ ਕਿਤੇ ਵੀ ਹੋਣ, ਅੱਗੇ ਆਉਣ ਲਈ ਕੁਝ ਉਤਸ਼ਾਹਿਤ ਕਰੇਗਾ।”
ਲੰਡਨ ਤੋਂ ਇਲਾਵਾ, ਜ਼ੋਏ ਨੇ 2017 ਅਤੇ 2019 ਦੇ ਵਿਚਕਾਰ ਉੱਤਰੀ ਆਇਰਲੈਂਡ ਦੀ ਰਾਜਧਾਨੀ ਬੇਲਫਾਸਟ ਵਿੱਚ ਵੀ ਪੜ੍ਹਾਈ ਕੀਤੀ ਹੈ। ਪੁਲਿਸ ਨੂੰ ਅਜੇ ਨਹੀਂ ਪਤਾ ਕਿ ਕੀ ਉਸਦੀ ਨਸ਼ੀਲੇ ਪਦਾਰਥ ਪਿਲਾ ਕੇ ਬਲਾਤਕਾਰ ਦੀ ਅਪਰਾਧਿਕ ਮੁਹਿੰਮ ਉੱਥੋਂ ਹੀ ਸ਼ੁਰੂ ਹੋ ਚੁੱਕੀ ਸੀ।
ਬੈਥ ਨੇ ਲੰਡਨ ਦੀ ਅਦਾਲਤ ਵਿੱਚ ਆਪਣਾ ਸਬੂਤ ਦਿੱਤਾ ਹੈ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅਤੇ ਕਲਾਰਾ ਹੀ ਮਹਿਜ਼ ਦੋ ਔਰਤਾਂ ਸਨ, ਜਿਨ੍ਹਾਂ ਨੇ ਜ਼ੋਏ ਨੂੰ ਦੋਸ਼ੀ ਠਹਿਰਾਉਣ ਵਿੱਚ ਮਦਦ ਕੀਤੀ ਸੀ।
ਉਹ ਕਹਿੰਦੇ ਹਨ, “ਲੰਬੇ ਸਮੇਂ ਤੋਂ ਮੈਂ ਸੋਚ ਰਹੀ ਸੀ ਕਿ ਮੈਂ ਜ਼ੋਏ ਦੇ ਖਿਲਾਫ ਕੇਸ ਦਾ ਕੋਈ ਮਹੱਤਵਪੂਰਨ ਹਿੱਸਾ ਨਹੀਂ ਸੀ।”
ਪਰ ਹੁਣ ਉਹ ਖੁਸ਼ ਹਨ ਕਿ ਉਨ੍ਹਾਂ ਗਵਾਹੀ ਦਿੱਤੀ ਅਤੇ ਹੋਰ ਔਰਤਾਂ ਨੂੰ ਵੀ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਜੇਕਰ ਤੁਹਾਡੇ ਕੋਲ ਇਸ ਰਿਪੋਰਟ ਨਾਲ ਜੁੜੀ ਕੋਈ ਜਾਣਕਾਰੀ ਹੈ, ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
ਤੁਸੀਂ ਬੀਬੀਸੀ ਪੱਤਰਕਾਰ wanqing.zhang@bbc.co.uk ਨਾਲ ਸੰਪਰਕ ਕਰ ਸਕਦੇ ਹੋ – ਜੇਕਰ ਤੁਸੀਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੇ ਸੰਪਰਕ ਵੇਰਵੇ ਵੀ ਸ਼ਾਮਲ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI