Source :- BBC PUNJABI
ਤਸਵੀਰ ਸਰੋਤ, Royal Thai Navy
-
- ਲੇਖਕ, ਮੁਹੰਮਦ ਜ਼ੁਬੈਰ ਖਾਨ, ਐ ਥੂ ਸੈਨ, ਹਯੋਜੰਗ ਕਿਮ, ਐਂਡਰਿਊ ਵੈੱਬ ਅਤੇ ਗ੍ਰੇਸ ਤਸੋਈ
- ਰੋਲ, ਬੀਬੀਸੀ ਨਿਊਜ਼ ਉਰਦੂ, ਬੀਬੀਸੀ ਨਿਊਜ਼ ਬਰਮੀਜ਼, ਬੀਬੀਸੀ ਨਿਊਜ਼ ਕੋਰੀਅਨ, ਬੀਬੀਸੀ ਵਰਲਡ ਸਰਵਿਸ
-
13 ਮਾਰਚ 2026, 11:45 IST
-
ਪੜ੍ਹਨ ਦਾ ਸਮਾਂ: 9 ਮਿੰਟ
ਖਾੜੀ ਵਿੱਚ ਤੇਲ ਟੈਂਕਰਾਂ ਅਤੇ ਮਾਲਵਾਹਕ ਜਹਾਜ਼ਾਂ ‘ਤੇ ਫਸੇ ਕਈ ਮਲਾਹਾਂ ਲਈ ਡਰੋਨ, ਕਰੂਜ਼ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ ਹੁਣ ਇੱਕ ਆਮ ਨਜ਼ਾਰਾ ਬਣ ਗਏ ਹਨ।
ਇਹ ਸਭ ਉਦੋਂ ਤੋਂ ਸ਼ੁਰੂ ਹੋਇਆ ਹੈ ਜਦੋਂ ਤੋਂ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਧਮਕੀ ਦਿੱਤੀ ਹੈ ਕਿ ਉਹ ਸਟ੍ਰੇਟ ਆਫ਼ ਹੋਰਮੁਜ਼ (ਜਲਡਮਰੂ ਮੱਧ) ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਜਹਾਜ਼ ‘ਤੇ ਗੋਲੀਬਾਰੀ ਕਰੇਗਾ।
ਆਮਿਰ ਇੱਕ ਪਾਕਿਸਤਾਨੀ ਮਲਾਹ ਹਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਤੇਲ ਟੈਂਕਰ ‘ਤੇ ਸਵਾਰ ਹਨ, ਜੋ ਉਸ ਇਲਾਕੇ ਤੋਂ ਬਾਹਰ ਨਹੀਂ ਨਿਕਲ ਸਕਦਾ।
ਉਹ ਕਹਿੰਦੇ ਹਨ, ਮੈਂ ਈਰਾਨੀ ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਨੂੰ ਘੱਟ ਉਚਾਈ ‘ਤੇ ਉੱਡਦੇ ਦੇਖਿਆ ਹੈ, ਮੈਨੂੰ ਲੜਾਕੂ ਜਹਾਜ਼ਾਂ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਪਰ ਅਸੀਂ ਇਹ ਪਛਾਣ ਨਹੀਂ ਪਾਉਂਦੇ ਕਿ ਉਹ ਕਿਸ ਦੇਸ਼ ਦੇ ਹਨ।”
ਉਨ੍ਹਾਂ ਨੂੰ ਸਭ ਤੋਂ ਵੱਧ ਡਰ ਇਸ ਗੱਲ ਦਾ ਲੱਗਦਾ ਹੈ ਕਿ ਕੋਈ ਡਰੋਨ ਜਾਂ ਮਿਜ਼ਾਈਲ ਰਸਤੇ ਵਿੱਚ ਰੋਕੇ ਜਾਣ ‘ਤੇ ਉਨ੍ਹਾਂ ਦੇ ਜਹਾਜ਼ ‘ਤੇ ਆ ਕੇ ਡਿੱਗ ਸਕਦਾ ਹੈ।
ਤਸਵੀਰ ਸਰੋਤ, Sailor provided to BBC News
ਆਮਿਰ ਦੀ ਤਰ੍ਹਾਂ ਦੀ ਇੱਕ ਬਰਮੀ ਮਲਾਹ ਹੇਨ ਵੀ ਅਜਿਹੀ ਹੀ ਸਥਿਤੀ ‘ਚ ਹਨ ਅਤੇ ਹਰ ਰੋਜ਼ ਝੜਪਾਂ ਦੇਖਦੇ ਹਨ।
ਉਹ ਕਹਿੰਦੇ ਹਨ, “ਅੱਜ ਸਵੇਰੇ ਹੀ ਦੋ ਲੜਾਕੂ ਜਹਾਜ਼ਾਂ ਨੇ ਇੱਕ-ਦੂਜੇ ‘ਤੇ ਗੋਲੀਬਾਰੀ ਕੀਤੀ, ਜਦਕਿ ਅਸੀਂ ਉਦੋਂ ਕੰਮ ਹੀ ਕਰ ਰਹੇ ਸੀ। ਅਜਿਹੇ ਵਿੱਚ ਜਹਾਜ਼ ‘ਤੇ ਲੁਕਣ ਦੀ ਕੋਈ ਖਾਸ ਥਾਂ ਨਹੀਂ ਹੁੰਦੀ, ਅਤੇ ਸਾਨੂੰ ਬੱਸ ਦੌੜ ਕੇ ਅੰਦਰ ਜਾਣਾ ਪਿਆ।”
ਇਸ ਰਿਪੋਰਟ ਵਿੱਚ ਅਸੀਂ ਆਮਿਰ ਅਤੇ ਹੇਨ ਦੇ ਨਾਮ ਬਦਲ ਦਿੱਤੇ ਹਨ। ਸਮੁੰਦਰ ਵਿੱਚ ਮੌਜੂਦ ਹੋਰ ਮਲਾਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ ਵੀ ਰਿਪੋਰਟ ਵਿੱਚ ਬਦਲੇ ਗਏ ਹਨ, ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸਮੁੰਦਰ ਵਿੱਚ ਸੁਰੱਖਿਆ
ਤਸਵੀਰ ਸਰੋਤ, Sailor provided to BBC News
ਹਾਲਾਂਕਿ ਮੱਧ ਪੂਰਬ ਵਿੱਚ ਜਹਾਜ਼ਾਂ ‘ਤੇ ਕਿੰਨੇ ਮਲਾਹ ਫਸੇ ਹੋਏ ਹਨ, ਇਸ ਦਾ ਸਹੀ ਅੰਕੜਾ ਪ੍ਰਾਪਤ ਕਰਨਾ ਮੁਸ਼ਕਿਲ ਹੈ, ਪਰ ਬੰਗਲਾਦੇਸ਼ ਮਰਚੈਂਟ ਮਰੀਨ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਅਨਮ ਚੌਧਰੀ ਦਾ ਅਨੁਮਾਨ ਹੈ ਕਿ ਇਹ ਸੰਖਿਆ ਲਗਭਗ 20,000 ਹੈ।
ਇਨ੍ਹਾਂ ਵਿੱਚੋਂ ਕੁਝ ਸਮੁੰਦਰ ਵਿੱਚ ਹਨ ਅਤੇ ਕੁਝ ਬੰਦਰਗਾਹ ‘ਤੇ ਫਸੇ ਹੋਏ ਹਨ, ਪਰ ਉਹ ਕਹਿੰਦੇ ਹਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਕਿਹੜੀ ਸਥਿਤੀ ਜ਼ਿਆਦਾ ਖਤਰਨਾਕ ਹੈ।
ਉਹ ਦੱਸਦੇ ਹਨ, “ਬੰਦਰਗਾਹ ਦੇ ਅੰਦਰ ਲੋਕਾਂ ਨੂੰ ਲੱਗ ਸਕਦਾ ਹੈ ਕਿ ਇਹ ਸੁਰੱਖਿਅਤ ਹੈ, ਪਰ ਅਜਿਹੇ ਜਹਾਜ਼ ਵੀ ਹਨ ਜਿਨ੍ਹਾਂ ‘ਤੇ ਉਸ ਵੇਲੇ ਬੰਬਾਰੀ ਹੋਈ ਜਦੋਂ ਉਹ ਲੰਗਰ ਸੁੱਟ ਕੇ ਖੜ੍ਹੇ ਸਨ।”
ਉਨ੍ਹਾਂ ਦੇ ਸੰਗਠਨ ਨੇ ਘੱਟੋ-ਘੱਟ ਸੱਤ ਅਜਿਹੇ ਜਹਾਜ਼ਾਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਬਾਰੇ ਉਸ ਦਾ ਕਹਿਣਾ ਹੈ ਕਿ ਜੰਗ ਦੇ ਦੌਰਾਨ ਹੁਣ ਤੱਕ ਉਨ੍ਹਾਂ ‘ਤੇ ਗੋਲੇ ਦਾਗੇ ਗਏ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।
ਉਹ ਦੱਸਦੇ ਹਨ ਕਿ 1 ਮਾਰਚ ਨੂੰ, ‘ਸਕਾਈਲਾਰਕ’ ਨਾਮਕ ਇੱਕ ਟੈਂਕਰ ‘ਤੇ ਸਵਾਰ ਇੱਕ ਮਲਾਹ ਮਾਰਿ ਗਿਆ ਸੀ। ਇਹ ਟੈਂਕਰ ਪਲਾਊ ਗਣਰਾਜ ਵਿੱਚ ਰਜਿਸਟਰਡ ਸੀ।
ਕੈਪਟਨ ਚੌਧਰੀ ਕਹਿੰਦੇ ਹਨ ਕਿ ਹਮਲੇ ਤੋਂ ਬਾਅਦ ਜਿਉਂਦੇ ਬਚੇ ਮਲਾਹ “ਮਾਨਸਿਕ ਤੌਰ ‘ਤੇ ਡੂੰਘੇ ਸਦਮੇ ਵਿੱਚ” ਹਨ। ਇਸ ਹਮਲੇ ਦੌਰਾਨ ਜਹਾਜ਼ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ ਸੀ ਅਤੇ ਚਾਲਕ ਦਲ ਨੂੰ ਜਹਾਜ਼ ਖਾਲੀ ਕਰਨਾ ਪਿਆ ਸੀ।
ਦੂਜੇ ਮਲਾਹ ਵੀ ਇਸ ਗੱਲ ਨਾਲ ਸਹਿਮਤ ਹਨ। ਕੈਪਟਨ ਐਮ ਮੰਸੂਰ ਸਈਦ ਤੇਲ ਦੇ ਟੈਂਕਰ ਚਲਾਉਂਦੇ ਹਨ। ਉਨ੍ਹਾਂ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਹਮਲੇ ਤੋਂ ਬਚਣ ਦੀ ਗੱਲ ਆਉਂਦੀ ਹੈ, ਤਾਂ ਬੰਦਰਗਾਹ ‘ਤੇ ਹੋਣ ਅਤੇ ਸਮੁੰਦਰ ਵਿੱਚ ਹੋਣ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ।
ਉਹ ਕਹਿੰਦੇ ਹਨ, “ਜੇ ਉਹ ਮੇਰੇ ਜਹਾਜ਼ ਨੂੰ ਨਿਸ਼ਾਨਾ ਬਣਾਉਣਾ ਚਾਹੁਣਗੇ, ਤਾਂ ਉਹ ਉਸ ਨੂੰ ਨਿਸ਼ਾਨਾ ਬਣਾ ਹੀ ਲੈਣਗੇ।”
ਉਹ ਕਹਿੰਦੇ ਹਨ, ਪਰ ਆਮ ਤੌਰ ‘ਤੇ ਵੱਡੇ ਜਹਾਜ਼ ਤੱਟ ਤੋਂ ਦੂਰ ਜ਼ਿਆਦਾ ਸੁਰੱਖਿਅਤ ਹੋ ਸਕਦੇ ਹਨ।
ਉਨ੍ਹਾਂ ਮੁਤਾਬਕ, “ਖਰਾਬ ਮੌਸਮ ਦੀ ਸਥਿਤੀ ਵਿੱਚ ਅਸੀਂ ਹਮੇਸ਼ਾ ਖੁੱਲ੍ਹੇ ਸਮੁੰਦਰ ਵੱਲ ਚਲੇ ਜਾਂਦੇ ਹਾਂ, ਜਿੱਥੇ ਸਾਡੇ ਕੋਲ ਆਜ਼ਾਦੀ ਨਾਲ ਇੱਧਰ-ਉੱਧਰ ਹੋਣ ਲਈ ਜ਼ਿਆਦਾ ਪਾਣੀ ਅਤੇ ਡੂੰਘਾਈ ਹੁੰਦੀ ਹੈ। ਬੰਦਰਗਾਹਾਂ ਅਤੇ ਤੰਗ ਪਾਣੀ ਵਾਲੀਆਂ ਥਾਵਾਂ ‘ਤੇ ਮੌਸਮ ਕਾਰਨ ਜਹਾਜ਼ ਜ਼ਮੀਨ ਨਾਲ ਜਾਂ ਬੰਦਰਗਾਹ ਦੀਆਂ ਕੰਧਾਂ ਨਾਲ ਟਕਰਾ ਸਕਦਾ ਹੈ ਅਤੇ ਇਸ ਨੂੰ ਨੁਕਸਾਨ ਪਹੁੰਚ ਸਕਦਾ ਹੈ।”
ਸਮੁੰਦਰ ਵਿੱਚ ਜਾਣਕਾਰੀ ਮਿਲਣੀ ਮੁਸ਼ਕਿਲ
ਤਸਵੀਰ ਸਰੋਤ, Reuters
ਇਸ ਖਤਰਨਾਕ ਸਥਿਤੀ ਕਾਰਨ ਮਲਾਹਾਂ ਦੇ ਪਰਿਵਾਰ ਵੀ ਵੱਡੀ ਚਿੰਤਾ ਵਿੱਚ ਹਨ।
ਕਿਉਂਕਿ ਈਰਾਨ ਵਿੱਚ ਅਧਿਕਾਰੀਆਂ ਨੇ ਜ਼ਿਆਦਾਤਰ ਲੋਕਾਂ ਲਈ ਇੰਟਰਨੈੱਟ ਅਤੇ ਫੋਨ ਨੈੱਟਵਰਕ ਬੰਦ ਕਰ ਦਿੱਤੇ ਹਨ, ਇਸ ਲਈ ਮਲਾਹਾਂ ਦੇ ਪਰਿਵਾਰਾਂ ਲਈ ਉਨ੍ਹਾਂ ਦੇ ਟਿਕਾਣੇ ਦੀ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਕਦੇ-ਕਦੇ ਇੰਟਰਨੈੱਟ ਐਕਸੈਸ ਮਿਲ ਜਾਂਦਾ ਹੈ, ਪਰ ਇਸ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ ਹੈ ਅਤੇ ਆਮ ਤੌਰ ‘ਤੇ ਇਹ ਬਹੁਤ ਘੱਟ ਸਮੇਂ ਲਈ ਹੁੰਦਾ ਹੈ।
ਅਲੀ ਅੱਬਾਸ ਦਾ ਪੁੱਤਰ ਸਟ੍ਰੇਟ ਆਫ਼ ਹੋਰਮੁਜ਼ ਦੇ ਕੋਲ ਈਰਾਨ ਦੀ ਇੱਕ ਬੰਦਰਗਾਹ ‘ਤੇ ਇੱਕ ਜਹਾਜ਼ ‘ਤੇ ਹੈ। ਉਨ੍ਹਾਂ ਨੇ ਆਖਰੀ ਵਾਰ ਆਪਣੇ ਪੁੱਤ ਨਾਲ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ, ਜਦੋਂ ਉਹ ਉਨ੍ਹਾਂ ਨੂੰ ਇੱਕ ਮਿਜ਼ਾਈਲ ਹਮਲੇ ਬਾਰੇ ਦੱਸ ਰਿਹਾ ਸੀ। ਉਨ੍ਹਾਂ ਦਾ ਪੁੱਤ ਬਚ ਗਿਆ, ਪਰ ਇੱਕ ਭਾਰਤੀ ਮਲਾਹ ਜ਼ਖਮੀ ਹੋ ਗਿਆ।
ਉਹ ਰੋਂਦੇ ਹੋਏ ਕਹਿੰਦੇ ਹਨ, “ਮੈਂ ਇਹ ਗੱਲ ਆਪਣੀ ਪਤਨੀ ਅਤੇ ਨੂੰਹ ਤੋਂ ਲੁਕਾ ਕੇ ਰੱਖੀ ਹੈ।”
ਮੰਗਲਵਾਰ ਰਾਤ ਨੂੰ, ਬੰਦਰਗਾਹ ‘ਤੇ ਇੱਕ ਹੋਰ ਜ਼ਬਰਦਸਤ ਹਮਲਾ ਹੋਇਆ ਅਤੇ ਅਲੀ ਆਪਣੇ ਪੁੱਤ ਨਾਲ ਗੱਲ ਨਹੀਂ ਕਰ ਸਕੇ ਹਨ।
ਉਹ ਭਾਵੁਕ ਹੋ ਕੇ ਕਹਿੰਦੇ ਹਨ, “ਰੱਬ ਦੇ ਵਾਸਤੇ, ਕਿਰਪਾ ਕਰਕੇ ਮੇਰੀ ਮਦਦ ਕਰੋ।”
ਅਲੀ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤ ਅਜੇ ਵੀ ਜ਼ਿੰਦਾ ਅਤੇ ਠੀਕ ਹੈ ਅਤੇ ਸੰਚਾਰ ਪ੍ਰਣਾਲੀ ਵਿੱਚ ਆਈ ਖਰਾਬੀ ਕਾਰਨ ਸੰਪਰਕ ਨਹੀਂ ਹੋ ਪਾ ਰਿਹਾ ਹੈ।
ਸੈਟੇਲਾਈਟ-ਨੈਵੀਗੇਸ਼ਨ ਵਿੱਚ ਦਿੱਕਤਾਂ

ਸਿਓ-ਜੂਨ (ਬਦਲਿਆ ਹੋਇਆ ਨਾਮ) ਇੱਕ ਕਿਸ਼ਤੀ ਦੇ ਕੈਪਟਨ ਹਨ, ਜਿਸ ਵਿੱਚ ਦੱਖਣੀ ਕੋਰੀਆ ਅਤੇ ਮਿਆਂਮਾਰ ਦੇ 20 ਤੋਂ ਜ਼ਿਆਦਾ ਕਰੂ ਮੈਂਬਰ ਹਨ। ਉਹ ਕਹਿੰਦੇ ਹਨ ਕਿ ਸੈਟੇਲਾਈਟ ਨੇਵੀਗੇਸ਼ਨ ਵਿੱਚ ਰੁਕਾਵਟ ਆ ਰਹੀ ਹੈ, ਜਿਸ ਕਰਕੇ ਹੋਰ ਵੀ ਜ਼ਿਆਦਾ ਜੋਖਮ ਪੈਦਾ ਹੋ ਰਹੇ ਹਨ।
ਉਹ ਕਹਿੰਦੇ ਹਨ, “ਜਦੋਂ ਤੋਂ ਜੰਗ ਸ਼ੁਰੂ ਹੋਈ ਹੈ, ਜੀਪੀਐਸ ਵਿੱਚ ਰੁਕ-ਰੁਕ ਕੇ ਰੁਕਾਵਟ ਆ ਰਹੀ ਹੈ, ਪਰ ਪਿਛਲੇ ਤਿੰਨ-ਚਾਰ ਦਿਨਾਂ ਵਿੱਚ ਸਥਿਤੀ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ।”
ਜਦੋਂ ਉਨ੍ਹਾਂ ਦੀ ਕਿਸ਼ਤੀ ਦੁਬਈ ਵਿੱਚ ਦਾਖਲ ਹੋਈ ਤਾਂ ਮਲਾਹਾਂ ਨੂੰ ਬਿਨਾਂ ਜੀਪੀਐਸ ਦੇ ਹੀ ਰਸਤਾ ਲੱਭਣਾ ਪਿਆ।
ਉਹ ਕਹਿੰਦੇ ਹਨ, “ਇੱਕ ਕੋਰੀਆਈ ਕਹਾਵਤ ਹੈ – ‘ਜਿਵੇਂ ਕੋਈ ਅੰਨ੍ਹਾ ਵਿਅਕਤੀ ਦਰਵਾਜ਼ੇ ਦੀ ਕੁੰਡੀ ਟੋਹ ਰਿਹਾ ਹੋਵੇ’,” ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੁਝ ਅਜਿਹੀ ਹੀ ਸਥਿਤੀ ਸੀ।
ਰਸਦ ਘੱਟ ਰਹੀ ਹੈ
ਤਸਵੀਰ ਸਰੋਤ, Sailor provided to BBC News
ਆਪਣੀ ਸੁਰੱਖਿਆ ਦੀ ਚਿੰਤਾ ਤੋਂ ਇਲਾਵਾ, ਕਈ ਮਲਾਹਾਂ ਨੂੰ ਡਰ ਹੈ ਕਿ ਪਾਣੀ ਅਤੇ ਖਾਣਾ ਜਲਦੀ ਹੀ ਖਤਮ ਹੋ ਜਾਵੇਗਾ।
ਸਿਓ-ਜੂਨ ਦੇ ਜਹਾਜ਼ ‘ਤੇ ਉਨ੍ਹਾਂ ਕੋਲ 15 ਦਿਨਾਂ ਲਈ ਉਚਿਤ ਤਾਜ਼ਾ ਖਾਣਾ ਮੌਜੂਦ ਹੈ, ਪਰ ਪੀਣ ਵਾਲਾ ਪਾਣੀ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਉਹ ਕਹਿੰਦੇ ਹਨ, “ਜਹਾਜ਼ ਸਮੁੰਦਰ ਦੇ ਪਾਣੀ ਵਿੱਚੋਂ ਨਮਕ ਹਟਾ ਕੇ ਤਾਜ਼ਾ ਪਾਣੀ ਬਣਾ ਸਕਦਾ ਹੈ, ਪਰ ਜੇਕਰ ਅਸੀਂ ਸਫ਼ਰ ਨਹੀਂ ਕਰ ਰਹੇ ਹੁੰਦੇ, ਤਾਂ ਇਹ ਮੁਸ਼ਕਿਲ ਹੋ ਜਾਂਦਾ ਹੈ।”
ਮਸੂਦ ਨਾਮ ਦੇ ਇੱਕ ਪਾਕਿਸਤਾਨੀ ਮਲਾਹ ਕਹਿੰਦੇ ਹਨ, “ਜਹਾਜ਼ ‘ਤੇ ਸਾਮਾਨ ਆਏ ਹੋਏ ਦੋ ਮਹੀਨੇ ਹੋ ਚੁੱਕੇ ਹਨ।”
ਹੇਨ ਕਹਿੰਦੇ ਹਨ ਕਿ ਜੰਗ ਤੋਂ ਪਹਿਲਾਂ ਉਨ੍ਹਾਂ ਦਾ ਜਹਾਜ਼ ਬੁਫ਼ੇ ਖਾਣਾ ਦਿੰਦਾ ਸੀ ਅਤੇ ਕਰੂ ਦੇ ਲੋਕ ਜਦੋਂ ਚਾਹੁਣ ਤਾਜ਼ਾ ਖਾਣਾ, ਜਿਵੇਂ ਅੰਡੇ ਅਤੇ ਪਾਣੀ ਲੈ ਸਕਦੇ ਸਨ।
ਪਰ ਹੁਣ ਹੇਨ ਦੇ ਜਹਾਜ਼ ‘ਤੇ ਕੋਟਾ ਸਿਸਟਮ ਲਾਗੂ ਹੈ ਅਤੇ ਉਨ੍ਹਾਂ ਨੂੰ ਰੋਜ਼ਾਨਾ ਸਿਰਫ਼ ਇੱਕ ਵਾਰ ਖਾਣਾ ਮਿਲਦਾ ਹੈ, ਜਿਸ ਵਿੱਚ ਚਾਰ ਛੋਟੇ ਮੀਟ ਦੇ ਟੁਕੜੇ ਅਤੇ ਇੱਕ ਕਟੋਰੀ ਤਲੀ ਹੋਈ ਸਬਜ਼ੀ ਹੁੰਦੀ ਹੈ। ਉਨ੍ਹਾਂ ਦੀ ਰਸਦ ਸਿਰਫ਼ ਇੱਕ ਮਹੀਨੇ ਤੱਕ ਚੱਲੇਗੀ,= ਅਤੇ ਜਹਾਜ਼ ਦੇ ਤਾਜ਼ਾ ਪਾਣੀ ਬਣਾਉਣ ਵਾਲੇ ਜਨਰੇਟਰ ਕੰਮ ਨਹੀਂ ਕਰ ਰਹੇ ਹਨ।
ਇੱਕ ਹੋਰ ਪਾਕਿਸਤਾਨੀ ਮਲਾਹ ਜ਼ੀਸ਼ਾਨ ਕਹਿੰਦੇ ਹਨ, “ਇੱਥੇ ਸਾਡੀ ਜ਼ਿੰਦਗੀ ਬਹੁਤ ਅਪਮਾਨਜਨਕ ਹੈ ਅਤੇ ਸਾਡੇ ਕੋਲ ਬਹੁਤ ਘੱਟ ਬਾਲਣ ਅਤੇ ਖਾਣਾ ਬਚਿਆ ਹੈ।”
ਆਮਿਰ ਕਹਿੰਦੇ ਹਨ, “ਇਸ ਹਾਲਤ ਵਿੱਚ ਕੋਈ ਵੀ ਖੁਸ਼ ਅਤੇ ਆਰਾਮ ਨਾਲ ਨਹੀਂ ਰਹਿ ਸਕਦਾ। ਅਸੀਂ ਖੁਦ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਉਲਝਾ ਕੇ ਰੱਖਦੇ ਹਾਂ। ਡਰਿੱਲ, ਸੁਰੱਖਿਆ ਅਤੇ ਸਿਕਿਓਰਿਟੀ ਟ੍ਰੇਨਿੰਗ।”
ਹੇਨ, ਜੋ ਜਹਾਜ਼ ‘ਤੇ ਸੀਨੀਅਰ ਇੰਜੀਨੀਅਰ ਵਜੋਂ ਕੰਮ ਕਰਦੇ ਹਨ, ਇਸ ਗੱਲ ਨਾਲ ਸਹਿਮਤ ਹਨ ਅਤੇ ਕਹਿੰਦੇ ਹਨ, “ਮੈਂ ਖੁਦ ਨੂੰ ਨਿਰਾਸ਼ ਨਹੀਂ ਹੋਣ ਦਿੰਦਾ, ਕਿਉਂਕਿ ਮੈਂ ਮਿਆਂਮਾਰ ਦੇ 20 ਹੋਰ ਕਰੂ ਮੈਂਬਰਾਂ ਦਾ ਇੰਚਾਰਜ ਹਾਂ।”
ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਉਨ੍ਹਾਂ ਨੇ ਇੱਕ ਐਮਰਜੈਂਸੀ ਨਿਕਾਸ ਯੋਜਨਾ ਵੀ ਤਿਆਰ ਕੀਤੀ ਹੈ।
ਉਨ੍ਹਾਂ ਦੱਸਿਆ, “ਮੈਂ ਆਪਣੀ ਟੀਮ ਨੂੰ ਦੱਸਿਆ ਹੈ ਕਿ ਜੇਕਰ ਕੁਝ ਹੁੰਦਾ ਹੈ ਤਾਂ ਕਿਵੇਂ ਭੱਜਣਾ ਹੈ, ਕਿੱਥੋਂ ਛਾਲ ਮਾਰਨੀ ਹੈ ਅਤੇ ਆਪਣੇ ਨਾਲ ਕੀ ਲੈ ਕੇ ਜਾਣਾ ਹੈ।”
‘ਇਨਸਾਨੀ ਜਾਨ ਦੀ ਭਰਪਾਈ ਕੋਈ ਬੀਮਾ ਨਹੀਂ ਕਰ ਸਕਦਾ’
ਤਸਵੀਰ ਸਰੋਤ, Reuters
ਭਾਵੇਂ ਮਲਾਹ ਕਿਸੇ ਸੁਰੱਖਿਅਤ ਬੰਦਰਗਾਹ ‘ਤੇ ਆਪਣੇ ਜਹਾਜ਼ਾਂ ਦੇ ਲੰਗਰ ਪਾਉਣ ਤੋਂ ਬਾਅਦ ਜ਼ਮੀਨ ‘ਤੇ ਪਹੁੰਚ ਜਾਣ, ਪਰ ਹੋ ਸਕਦਾ ਹੈ ਕਿ ਉਨ੍ਹਾਂ ਲਈ ਘਰ ਪਰਤਣਾ ਜਾਂ ਉਸ ਇਲਾਕੇ ਵਿੱਚੋਂ ਨਿਕਲਣਾ ਆਸਾਨ ਨਾ ਹੋਵੇ।
ਹਮਜ਼ਾ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤ, ਜੋ ਇੱਕ ਜਹਾਜ਼ ‘ਤੇ ਫਸਿਆ ਹੋਇਆ ਹੈ, ਉਨ੍ਹਾਂ ਮਲਾਹਾਂ ਵਿੱਚੋਂ ਹੈ ਜਿਨ੍ਹਾਂ ਨੂੰ “ਜਾਣ ਦੀ ਇਜਾਜ਼ਤ ਨਹੀਂ ਹੈ,” ਕਿਉਂਕਿ ਉਨ੍ਹਾਂ ਦੇ ਪਾਸਪੋਰਟ ਉਨ੍ਹਾਂ ਦੀਆਂ ਕੰਪਨੀਆਂ ਕੋਲ ਹਨ।
ਨਾਲ ਹੀ, ਮਲਾਹਾਂ ਨੂੰ ਡਰ ਹੁੰਦਾ ਹੈ ਕਿ ਜੇ ਉਹ ਜਹਾਜ਼ ਛੱਡ ਕੇ ਆਪਣੇ ਕੰਟਰੈਕਟ ਪੂਰੇ ਨਹੀਂ ਕਰਦੇ ਤਾਂ ਸ਼ਿਪਿੰਗ ਕੰਪਨੀਆਂ ਉਨ੍ਹਾਂ ਨੂੰ ਬਲੈਕਲਿਸਟ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਨੌਕਰੀ ਲੱਭਣ ਵਿੱਚ ਮੁਸ਼ਕਿਲ ਹੋਵੇਗੀ।
ਹਾਲਾਤ ਬਹੁਤ ਗੰਭੀਰ ਹਨ। ਆਮਿਰ ਕਹਿੰਦੇ ਹਨ ਕਿ ਉਹ ਸਿਰਫ਼ ਚੰਗੇ ਦੀ ਉਮੀਦ ਕਰ ਸਕਦੇ ਹਨ ਅਤੇ ਸਾਰੇ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰ ਸਕਦੇ ਹਨ।
ਉਹ ਸ਼ਿਪਿੰਗ ਕੰਪਨੀਆਂ ਨੂੰ ਇਹ ਵੀ ਗੁਜ਼ਾਰਿਸ਼ ਕਰਦੇ ਹਨ ਕਿ ਉਹ ਆਪਣੇ ਕਰੂ ਨੂੰ ਸਟ੍ਰੇਟ ਆਫ਼ ਹੋਰਮੁਜ਼ ਤੋਂ ਲੰਘਣ ਲਈ ਮਜਬੂਰ ਨਾ ਕਰਨ।
ਉਹ ਕਹਿੰਦੇ ਹਨ, ਇਹ ਡਰ ਕਾਲਪਨਿਕ ਹੈ, ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਆਰਥਿਕ ਦਬਾਅ ਸੁਰੱਖਿਆ ‘ਤੇ ਭਾਰੀ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਜਹਾਜ਼ ‘ਤੇ ਡਰੋਨ ਜਾਂ ਮਿਜ਼ਾਈਲ ਹਮਲਾ ਹੁੰਦਾ ਹੈ ਤਾਂ ਇਸ ਦੀ ਮਨੁੱਖੀ ਕੀਮਤ ਮਲਾਹਾਂ ਨੂੰ ਚੁਕਾਉਣੀ ਪੈਂਦੀ ਹੈ, ਜਦਕਿ ਮਾਲ ਅਤੇ ਜਹਾਜ਼ਾਂ ਦੇ ਨੁਕਸਾਨ ਦੀ ਪੂਰਤੀ ਬੀਮੇ ਨਾਲ ਹੋ ਸਕਦੀ ਹੈ।
ਉਹ ਕਹਿੰਦੇ ਹਨ, “ਇਨਸਾਨੀ ਜਾਨ ਦੀ ਭਰਪਾਈ ਕੋਈ ਵੀ ਬੀਮਾ ਨਹੀਂ ਕਰ ਸਕਦਾ।”
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਜੰਗ ਨਾਲ ਸਮੁੰਦਰੀ ਯਾਤਰਾ ਉਦਯੋਗ ਵਿੱਚ ਕਾਫ਼ੀ ਬਦਲਾਅ ਆਵੇਗਾ।
“ਇਸ ਜੰਗ ਦਾ ਤਰੀਕਾ ਅਤੇ ਮਕਸਦ ਉਸ ਤੋਂ ਬਹੁਤ ਵੱਖਰਾ ਹੈ ਜੋ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਜੋ ਦੇਖਿਆ ਹੈ। ਇਸ ਜੰਗ ਦਾ ਫ਼ਾਰਸ ਦੀ ਖਾੜੀ ਵਿੱਚ ਹੋਣ ਵਾਲੇ ਵਪਾਰ ‘ਤੇ ਲੰਬੇ ਸਮੇਂ ਤੱਕ ਅਸਰ ਰਹੇਗਾ।”
ਕੈਪਟਨ ਚੌਧਰੀ ਦਾ ਮੰਨਣਾ ਹੈ ਕਿ ਮਲਾਹ ਅਜਿਹੇ ਹਾਲਾਤਾਂ ਵਿੱਚ ਫਸ ਗਏ ਹਨ, ਜਿਨ੍ਹਾਂ ਲਈ ਉਹ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹਨ।
ਉਹ ਕਹਿੰਦੇ ਹਨ, “ਲੋਕਾਂ ਨੂੰ ਜਹਾਜ਼ਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਜਦੋਂ ਤੁਸੀਂ ਜਹਾਜ਼ ਨੂੰ ਨਿਸ਼ਾਨਾ ਬਣਾਉਂਦੇ ਹੋ, ਤਾਂ ਤੁਸੀਂ ਮਲਾਹਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹੋ, ਜੋ ਕਿ ਬੇਕਸੂਰ ਲੋਕ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



