Home ਰਾਸ਼ਟਰੀ ਖ਼ਬਰਾਂ ਸਰਕਾਰੀ ਮੁਲਾਜ਼ਮ ਤੇ ਉਸਦੀ ਪਤਨੀ ਦਹਾਕੇ ਤੱਕ ਕਈ ਬੱਚਿਆਂ ਨਾਲ ਜਿਨਸੀ ਹਿੰਸਾ...

ਸਰਕਾਰੀ ਮੁਲਾਜ਼ਮ ਤੇ ਉਸਦੀ ਪਤਨੀ ਦਹਾਕੇ ਤੱਕ ਕਈ ਬੱਚਿਆਂ ਨਾਲ ਜਿਨਸੀ ਹਿੰਸਾ ਕਰਦੇ ਰਹੇ, ਸੀਬੀਆਈ ਨੇ ਕਿਵੇਂ ਕਾਬੂ ਕੀਤੇ

16
0

Source :- BBC PUNJABI

ਰਾਮ ਭਵਨ

ਤਸਵੀਰ ਸਰੋਤ, Gaurav Gulmohar

20 ਫ਼ਰਵਰੀ, 2026 ਨੂੰ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਪੋਕਸੋ ਅਦਾਲਤ ਨੇ ਕਰੀਬ ਇੱਕ ਦਹਾਕੇ ਤੱਕ 33 ਨਾਬਾਲਗਾਂ ਨਾਲ ਜਿਨਸੀ ਹਿੰਸਾ ਕਰਨ ਦੇ ਇਲਜ਼ਾਮ ਤਹਿਤ ਰਾਮ ਭਵਨ ਅਤੇ ਉਸ ਦੀ ਪਤਨੀ ਦੁਰਗਾਵਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ।

ਅਦਾਲਤ ਨੇ ਇਸ ਨੂੰ ‘ਰੇਅਰੇਸਟ ਆਫ਼ ਦ ਰੇਅਰ’ ਸ਼੍ਰੇਣੀ ਦਾ ਅਪਰਾਧ ਮੰਨਿਆ।

ਇਸਦੇ ਨਾਲ ਹੀ ਕੋਰਟ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਸਰਵਾਈਵਰਜ਼ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਵੀ ਦਿੱਤਾ।

ਇਸ ਮਾਮਲੇ ਦੀ ਜਾਂਚ ਸੀਬੀਆਈ ਨੇ ਕੀਤੀ ਸੀ। ਸੀਬੀਆਈ ਨੇ ਸਾਲ 2020 ਵਿੱਚ ਇਸ ਕੇਸ ਵਿੱਚ ਮਾਮਲਾ ਦਰਜ ਕੀਤਾ ਸੀ।

(ਚੇਤਾਵਨੀ: ਇਸ ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)

ਸੀਬੀਆਈ ਨੂੰ ਪਹਿਲੀ ਵਾਰ ਕਿਵੇਂ ਮਿਲੀ ਜਾਣਕਾਰੀ?

ਅਦਾਲਤ

ਤਸਵੀਰ ਸਰੋਤ, Gaurav Gulmohar

ਸੀਬੀਆਈ ਨੂੰ 31 ਅਕਤੂਬਰ 2020 ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਕਿ ਚਿਤਰਕੂਟ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕੁਝ ਨਾਬਾਲਗ ਬੱਚਿਆਂ ਦਾ ਸੰਗਠਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਜਾਣਕਾਰੀ ਦੇਣ ਵਾਲੇ ਵਿਅਕਤੀ ਨੇ ਇੱਕ ਪੈਨਡਰਾਈਵ ਵੀ ਦਿੱਤੀ, ਜਿਸ ਵਿੱਚ 34 ਵੀਡੀਓ ਅਤੇ 679 ਤਸਵੀਰਾਂ ਸਨ।

ਜਾਂਚ ਏਜੰਸੀ ਨੇ ਇਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਰਾਮ ਭਵਨ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਬਾਲਗਾਂ ਨਾਲ ਜਿਨਸੀ ਹਿੰਸਾ ਕਰਦੇ ਹੋਏ ਪਾਇਆ।

ਸੀਬੀਆਈ ਨੇ ਦਿੱਲੀ ਵਿੱਚ 31 ਅਕਤੂਬਰ 2020 ਨੂੰ ਰਾਮ ਭਵਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 377, 14 ਪੋਕਸੋ ਐਕਟ ਅਤੇ 67ਬੀ ਆਈਟੀ ਐਕਟ ਵਿੱਚ ਮਾਮਲਾ ਦਰਜ ਕੀਤਾ ਅਤੇ ਦੋ ਨਵੰਬਰ 2020 ਨੂੰ ਚਿਤਰਕੂਟ ਜ਼ਿਲ੍ਹੇ ਵਿੱਚ ਆ ਕੇ ਰਾਮ ਭਵਨ ਦੀ ਜਾਂਚ ਸ਼ੁਰੂ ਕੀਤੀ।

ਸੀਬੀਆਈ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿੰਚਾਈ ਨਿਰਮਾਣ ਵਿਭਾਗ ਕਰਵੀ ਚਿਤਰਕੂਟ ਵਿੱਚ ਜੂਨੀਅਰ ਇੰਜੀਨੀਅਰ ਦੇ ਅਹੁਦੇ ‘ਤੇ ਤਾਇਨਾਤ ਰਾਮ ਭਵਨ ਦਾ ਕਾਰਜਖੇਤਰ ਚਿਤਰਕੂਟ, ਬਾਂਦਾ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਤੱਕ ਫੈਲਿਆ ਹੋਇਆ ਸੀ।

ਜਾਂਚ ਏਜੰਸੀ ਦੇ ਮੁਤਾਬਕ, ਰਾਮ ਭਵਨ ਨਾਬਾਲਗ ਬੱਚਿਆਂ ਨੂੰ ਪੜ੍ਹਾਉਣ, ਕੰਪਿਊਟਰ ਸਿਖਾਉਣ, ਮੋਬਾਈਲ ਦੇਣ ਜਾਂ ਹੋਰ ਲਾਲਚ ਦੇ ਕੇ ਘਰ ਬੁਲਾਉਂਦਾ ਸੀ।

ਉੱਥੇ ਉਨ੍ਹਾਂ ਨਾਲ ਜਿਨਸੀ ਅਪਰਾਧ ਕੀਤਾ ਜਾਂਦਾ ਸੀ ਅਤੇ ਉਸਦੀ ਵੀਡੀਓ ਬਣਾਕੇ ਆਨਲਾਈਨ ਪਲੇਟਫਾਰਮਾਂ ਡਾਰਕ ਵੈਬ, ਸਕਾਈਪ ਅਤੇ ਮੇਲ ਦੇ ਜ਼ਰੀਏ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸਾਂਝੀ ਕੀਤੀ ਜਾਂਦੀ ਸੀ।

ਸੀਬੀਆਈ ਦੇ ਸਾਬਕਾ ਪੁਲਿਸ ਅਧਿਕਾਰੀ ਅਮਿਤ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਸਾਨੂੰ 31 ਅਕਤੂਬਰ 2020 ਨੂੰ ਪਹਿਲੀ ਵਾਰ ਗੁਪਤ ਸਰੋਤਾਂ ਤੋਂ ਜਾਣਕਾਰੀ ਮਿਲੀ। ਅਸੀਂ ਦੋ ਨਵੰਬਰ 2020 ਨੂੰ ਰਾਮ ਭਵਨ ਦੇ ਘਰ ‘ਤੇ ਛਾਪਾ ਮਾਰਿਆ, ਬਿਨਾਂ ਗ੍ਰਿਫ਼ਤਾਰੀ ਦੇ ਜਾਂਚ ਕੀਤੀ ਅਤੇ ਫਿਰ ਗ੍ਰਿਫ਼ਤਾਰ ਕੀਤਾ। ਅਸੀਂ ਇਸ ਕੇਸ ਵਿੱਚ ਗ੍ਰਿਫ਼ਤਾਰੀ ਕਰਨ ਵਿੱਚ ਦੇਰੀ ਨਹੀਂ ਕੀਤੀ।”

ਵੀਡੀਓ ਕਿਉਂ ਬਣਾਉਂਦਾ ਅਪਰਾਧੀ ਸੀ?

ਰਾਮ ਭਵਨ

ਤਸਵੀਰ ਸਰੋਤ, Gaurav Gulmohar

ਸੀਬੀਆਈ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰਾਮ ਭਵਨ ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ ਅਤੇ ਉਨ੍ਹਾਂ ਦੇ ਫੋਟੋ ਅਤੇ ਵੀਡੀਓ ਬਣਾਕੇ ਈਮੇਲ ਜਾਂ ਹੋਰ ਸਾਈਟਾਂ ਰਾਹੀਂ ਦੇਸ਼-ਵਿਦੇਸ਼ ਵਿੱਚ ਭੇਜਦਾ ਸੀ।

ਸਾਬਕਾ ਸੀਬੀਆਈ ਅਧਿਕਾਰੀ ਅਤੇ ਇਸ ਮਾਮਲੇ ਦੇ ਇੰਚਾਰਜ ਰਹੇ ਅਮਿਤ ਕੁਮਾਰ ਨਾਬਾਲਗ ਬੱਚਿਆਂ ਦੇ ਅਸ਼ਲੀਲ ਫੋਟੋ ਅਤੇ ਵੀਡੀਓ ਦੀ ਵਿੱਕਰੀ ਤੋਂ ਇਨਕਾਰ ਕਰਦੇ ਹਨ।

ਅਮਿਤ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਇਸ ਮਾਮਲੇ ਵਿੱਚ ਇਹ ਗੱਲ ਮੀਡੀਆ ਵਿੱਚ ਚੱਲ ਰਹੀ ਹੈ ਕਿ ਨਾਬਾਲਗ ਬੱਚਿਆਂ ਦਾ ਵੀਡੀਓ ਰਾਮ ਭਵਨ ਡਾਰਕ ਸਾਈਟ ਰਾਹੀਂ ਵੇਚ ਰਿਹਾ ਸੀ, ਪਰ ਵੀਡੀਓ ਵੇਚੇ ਨਹੀਂ ਜਾ ਰਹੇ ਸਨ। ਟ੍ਰਾਇਲ ਵਿੱਚ ਕਿਤੇ ਵੀ ਇਹ ਗੱਲ ਸਾਹਮਣੇ ਨਹੀਂ ਆਈ। ਉਸਨੇ ਵੀਡੀਓ ਸ਼ੌਕ ਲਈ ਬਣਾਏ ਅਤੇ ਉਹ ਸਾਂਝੇ ਕੀਤੇ ਜਾ ਰਹੇ ਸਨ।”

ਅਮਿਤ ਕੁਮਾਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ “ਨਾਬਾਲਗ ਬੱਚਿਆਂ ਦੇ ਅਸ਼ਲੀਲ ਵੀਡੀਓ ਸਿਰਫ਼ ਰਾਮ ਭਵਨ ਹੀ ਨਹੀਂ ਭੇਜ ਰਿਹਾ ਸੀ, ਸਗੋਂ ਬਾਹਰੋਂ ਵੀ ਉਸਨੂੰ ਵੀਡੀਓ ਭੇਜੇ ਜਾਂਦੇ ਸਨ। ਇਹ ਦੋ-ਤਰਫ਼ਾ ਪ੍ਰਕਿਰਿਆ ਸੀ। ਉਹ ਨਾਬਾਲਗ ਬੱਚਿਆਂ ਦੇ ਵੀਡੀਓ ਯੂਰਪ ਦੇ ਲਗਭਗ ਸਾਰੇ ਦੇਸ਼ਾਂ, ਬੰਗਲਾਦੇਸ਼, ਸ੍ਰੀਲੰਕਾ ਅਤੇ ਦੇਸ਼ ਦੇ ਅੰਦਰ ਹੋਰ ਸੂਬਿਆਂ ਵਿੱਚ ਵੀ ਸਾਂਝੇ ਕਰ ਰਿਹਾ ਸੀ।”

ਸੀਬੀਆਈ ਨੂੰ ਛਾਪੇ ਦੌਰਾਨ ਘਰ ਤੋਂ ਸੈਕਸ ਟੌਇਜ਼ ਅਤੇ ਪੌਰਨੋਗ੍ਰਾਫ਼ਿਕ ਸਮੱਗਰੀ ਵੀ ਮਿਲੀ।

ਦੋਸ਼ੀ ਪਤੀ-ਪਤਨੀ ਕੌਣ ਹਨ?

ਸਿੰਜਾਈ ਵਿਭਾਗ ਦੇ ਬੋਰਡ

ਤਸਵੀਰ ਸਰੋਤ, Gaurav Gulmohar

ਜਿਨਸੀ ਸ਼ੋਸ਼ਣ ਦਾ ਦੋਸ਼ੀ 45 ਸਾਲ ਦਾ ਰਾਮ ਭਵਨ ਇੱਕ ਗਰੀਬ ਪਰਿਵਾਰ ਵਿੱਚ ਜੰਮਿਆ ਸੀ।

ਨੌਕਰੀ ਮਿਲਣ ਤੋਂ ਪਹਿਲਾਂ ਰਾਮ ਭਵਨ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚ ਚਲਾਉਂਦਾ ਸੀ। ਸਾਲ 2009 ਵਿੱਚ ਸਿੰਚਾਈ ਨਿਰਮਾਣ ਵਿਭਾਗ ਵਿੱਚ ਰਾਮ ਭਵਨ ਦੀ ਨੌਕਰੀ ਲੱਗ ਗਈ। ਰਾਮ ਭਵਨ ਮਈ 2009 ਤੋਂ ਨਵੰਬਰ 2020 ਵਿੱਚ ਗ੍ਰਿਫ਼ਤਾਰ ਹੋਣ ਤੱਕ ਨੌਕਰੀ ਵਿੱਚ ਰਿਹਾ।

ਰਾਮ ਭਵਨ ਦੀ ਪਤਨੀ ਦੁਰਗਾਵਤੀ ਇੱਕ ਗ੍ਰਿਹਣੀ ਸੀ। ਰਾਮ ਭਵਨ ਦੇ ਗੁਆਂਢੀਆਂ ਮੁਤਾਬਕ, ਦੋਵੇਂ ਮੁੱਹਲੇ ਵਿੱਚ ਲੋਕਾਂ ਨਾਲ ਬਹੁਤ ਘੱਟ ਗੱਲ ਕਰਦੇ ਸਨ।

ਰਾਮ ਭਵਨ ਦੇ ਗੁਆਂਢ ਵਿੱਚ ਰਹਿਣ ਵਾਲੇ ਸ਼ਿਵਮ ਤ੍ਰਿਪਾਠੀ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, “ਰਾਮ ਭਵਨ ਇਸ ਮੁੱਹਲੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਸੀ। ਉਸਦਾ ਵਿਵਹਾਰ ਚੰਗਾ ਸੀ। ਦਫ਼ਤਰ ਕਾਰ ‘ਚ ਜਾਂਦਾ ਸੀ ਅਤੇ ਸਿੱਧਾ ਕਮਰੇ ਵੱਲ ਜਾਂਦਾ ਸੀ ਅਤੇ ਕਮਰੇ ਤੋਂ ਸਿੱਧਾ ਦਫ਼ਤਰ ਜਾਂਦਾ ਸੀ। ਇੱਕ ਪਾਸੇ ਬੈਗ ਟੰਗੇ ਕਾਰ ਤੋਂ ਉਤਰਦਾ ਸੀ, ਕਿਤੇ ਰੁਕਦਾ ਨਹੀਂ ਸੀ। ਮੈਂ ਇੰਨਾ ਹੀ ਜਾਣਦਾ ਸੀ ਕਿ ਉਹ ਸਰਕਾਰੀ ਜੇਈ ਹੈ। ਘਰ ਵਿੱਚ ਰਾਮ ਭਵਨ ਆਪਣੀ ਪਤਨੀ ਅਤੇ ਇੱਕ ਬੱਚੇ ਨਾਲ ਰਹਿੰਦਾ ਸੀ। ਕਾਰ ‘ਚ ਇੱਕ-ਦੋ ਵਾਰ ਬੱਚਿਆਂ ਨੂੰ ਆਉਂਦੇ-ਜਾਂਦੇ ਦੇਖਿਆ ਹੈ, ਪਰ ਉਹ ਬੱਚੇ ਬਾਹਰੀ ਸਨ।”

ਬੱਚਿਆਂ ਦਾ ਜਿਨਸੀ ਸ਼ੋਸ਼ਣ

ਘਰ

ਤਸਵੀਰ ਸਰੋਤ, Gaurav Gulmohar

ਸਰਕਾਰੀ ਕਰਮਚਾਰੀ ਹੋਣ ਕਰਕੇ ਆਸ-ਪਾਸ ਵਿੱਚ ਰਾਮ ਭਵਨ ਦੀ ਛਵੀ ਇੱਕ ਸੱਜਣ ਵਿਅਕਤੀ ਦੀ ਸੀ। ਇਸ ਲਈ ਕੁਝ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਉਸਦੇ ਕੋਲ ਪੜ੍ਹਨ ਅਤੇ ਕੰਪਿਊਟਰ ਸਿੱਖਣ ਲਈ ਭੇਜਦੇ ਸਨ।

ਸਾਲ 2009 ਤੋਂ 2012 ਤੱਕ ਜਿਸ ਮਕਾਨ ਵਿੱਚ ਰਾਮ ਭਵਨ ਰਹਿੰਦਾ ਸੀ, ਉਸਦੇ ਮਾਲਕ ਦਾ ਨਾਮ ਰਾਮ ਆਸ਼ਰੇ ਗੌਤਮ ਹੈ। ਉਸ ਵੇਲੇ ਰਾਮ ਆਸ਼ਰੇ ਛੱਤੀਸਗੜ੍ਹ ਵਿੱਚ ਰਹਿੰਦੇ ਸਨ।

ਰਾਮ ਆਸ਼ਰੇ ਨੇ ਬੀਬੀਸੀ ਨੂੰ ਦੱਸਿਆ, “ਮੈਂ ਉਸਨੂੰ ਸਿੰਚਾਈ ਵਿਭਾਗ ਦੇ ਇੱਕ ਬਾਬੂ ਦੇ ਜ਼ਰੀਏ ਕਮਰਾ ਦਿੱਤਾ ਸੀ। ਜਦੋਂ ਉਹ ਇੱਥੇ ਰਹਿੰਦਾ ਸੀ, ਉਸ ਵੇਲੇ ਅਸੀਂ ਛੱਤੀਸਗੜ੍ਹ ਵਿੱਚ ਰਹਿੰਦੇ ਸੀ। ਉਸ ਨਾਲ ਸਾਡਾ ਜ਼ਿਆਦਾ ਸੰਪਰਕ ਨਹੀਂ ਸੀ। ਜਦੋਂ ਅਸੀਂ ਆਉਂਦੇ ਸੀ ਤਾਂ ਉਸਦਾ ਕਮਰਾ ਜ਼ਿਆਦਾਤਰ ਬੰਦ ਹੀ ਰਹਿੰਦਾ ਸੀ।”

ਬਾਅਦ ਵਿੱਚ ਰਾਮ ਭਵਨ ਸੁਦਾਮਾ ਪ੍ਰਸਾਦ ਵਰਮਾ ਦੇ ਘਰ ਕਿਰਾਏ ‘ਤੇ ਰਹਿਣ ਲੱਗ ਪਿਆ। ਸੁਦਾਮਾ ਪ੍ਰਸਾਦ ਵਰਮਾ ਪੇਸ਼ੇ ਨਾਲ ਡਾਕਟਰ ਹਨ ਅਤੇ ਉਨ੍ਹਾਂ ਦੇ ਪਤਨੀ ਗੀਤਾ ਵਰਮਾ ਪ੍ਰਾਈਮਰੀ ਸਕੂਲ ਵਿੱਚ ਅਧਿਆਪਕਾ ਹਨ।

ਦੂਜੇ ਘਰ ਵਿੱਚ ਵੀ ਮਕਾਨ ਮਾਲਕ ਦਿਨ ਭਰ ਘਰੇ ਨਹੀਂ ਰਹਿੰਦੇ ਸਨ। ਸਵੇਰੇ ਸੁਦਾਮਾ ਪ੍ਰਸਾਦ ਹਸਪਤਾਲ ਚਲੇ ਜਾਂਦੇ ਸਨ ਅਤੇ ਪਤਨੀ ਸਕੂਲ ਪੜ੍ਹਾਉਣ ਚਲੇ ਜਾਂਦੇ ਸਨ।

ਗੀਤਾ ਵਰਮਾ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਜ਼ਿਆਦਾ ਸਮਾਂ ਘਰ ‘ਤੇ ਨਹੀਂ ਰਹਿੰਦੇ ਸੀ। ਉਹ ਗਲੀ ਤੋਂ ਆਉਂਦਾ-ਜਾਂਦਾ ਸੀ। ਉਸਦੀ ਪਤਨੀ ਨਾਲ ਸਾਡਾ ਆਮ ਜਿਹਾ ਰਿਸ਼ਤਾ ਸੀ। ਉਸਦੇ ਘਰ ਮੁੱਹਲੇ ਦੇ ਬੱਚੇ ਆਉਂਦੇ-ਜਾਂਦੇ ਰਹਿੰਦੇ ਸਨ। ਸਾਡੇ ਨਾਲ ਉਸਦਾ ਕਦੇ ਕੋਈ ਵਿਵਾਦ ਨਹੀਂ ਹੋਇਆ ਸੀ। ਅਸੀਂ ਇਸ ਵਿਸ਼ੇ ਵਿੱਚ ਹੁਣ ਹੋਰ ਗੱਲ ਨਹੀਂ ਕਰਨੀ ਹੈ।”

ਰਾਮ ਭਵਨ ‘ਤੇ ਇਲਜ਼ਾਮ ਸੀ ਕਿ ਉਸਨੇ ਆਪਣੇ ਸਕੇ-ਸੰਬੰਧੀਆਂ ਜਾਂ ਜ਼ਿਆਦਾਤਰ ਗਰੀਬ ਅਤੇ ਦਲਿਤ ਪਰਿਵਾਰਾਂ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ।

ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਧਾਰਾ ਸਿੰਘ ਮੀਣਾ ਨੇ ਬੀਬੀਸੀ ਨੂੰ ਦੱਸਿਆ, “ਰਾਮ ਭਵਨ ਨੇ ਜਿਨ੍ਹਾਂ ਨਾਬਾਲਗ ਬੱਚਿਆਂ ਨਾਲ ਗਲਤ ਕੰਮ ਕੀਤਾ, ਉਨ੍ਹਾਂ ਵਿੱਚ ਵੱਧ ਗਿਣਤੀ ਦਲਿਤ ਪਰਿਵਾਰਾਂ ਦੇ ਬੱਚਿਆਂ ਦੀ ਹੈ।”

ਉਨ੍ਹਾਂ ਅੱਗੇ ਦੱਸਿਆ, “ਰਾਮ ਭਵਨ ਕਿਰਾਏ ਦਾ ਘਰ ਉਸੇ ਲੋਕੇਸ਼ਨ ‘ਤੇ ਲੈਂਦਾ ਸੀ, ਜਿੱਥੇ ਮਜ਼ਦੂਰ ਪਰਿਵਾਰ ਜ਼ਿਆਦਾ ਰਹਿੰਦੇ ਸਨ। ਉਹ ਬੱਚਿਆਂ ਨੂੰ ਆਪਣੇ ਘਰ ਤੱਕ ਆਪਣੀ ਮੋਟਰਸਾਈਕਲ ਅਤੇ ਕਾਰ ਨਾਲ ਲੈਕੇ ਆਉਂਦਾ ਸੀ।”

ਰਾਮ ਭਵਨ ਨੂੰ ਜਾਣਨ ਵਾਲਿਆਂ ਨੇ ਕੀ ਦੱਸਿਆ?

ਰਾਮ ਭਵਨ ਦਾ ਜੱਦੀ ਘਰ

ਤਸਵੀਰ ਸਰੋਤ, Gaurav Gulmohar

ਰਾਮ ਭਵਨ ਦੇ ਪਿੰਡ ਵਾਲੇ ਘਰ ਵਿੱਚ ਸੁੰਨ ਪੱਸਰੀ ਹੋਈ ਹੈ। ਉਸਦੇ ਘਰ ਆਉਣ-ਜਾਣ ਵਾਲਿਆਂ ਨੂੰ ਗੁਆਂਢੀ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ।

ਅਸੀਂ ਜਦੋਂ ਪਰਿਵਾਰ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮਹਿਲਾਵਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੇ ਗੁਆਂਢੀਆਂ ਨੇ ਬੀਬੀਸੀ ਨੂੰ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ‘ਤੇ ਦੱਸਿਆ, “ਰਾਮ ਭਵਨ ਇੱਥੇ ਨਹੀਂ ਰਹਿੰਦਾ ਹੈ। ਉਹ ਇੱਥੇ ਕਦੇ-ਕਦੇ ਆਉਂਦਾ ਸੀ। ਉਹ ਨਾਬਾਲਗ ਬੱਚਿਆਂ ਦਾ ਜਿਸਨੀ ਸ਼ੋਸ਼ਣ ਕਰਦਾ ਸੀ, ਇਸਦੀ ਸੂਹ ਪਹਿਲਾਂ ਕਦੇ ਨਹੀਂ ਲੱਗੀ ਸੀ।”

ਪਿੰਡ ਵਿੱਚ ਸਾਡੀ ਮੁਲਾਕਾਤ ਇੱਕ ਜਨਰਲ ਸਟੋਰ ਚਲਾਉਣ ਵਾਲੇ ਕਮਲ ਨਾਲ ਹੋਈ।

ਕਮਲ ਨੇ ਦੱਸਿਆ, “ਮੇਰੀ ਉਮਰ 55 ਸਾਲ ਤੋਂ ਵੱਧ ਹੋ ਗਈ ਹੈ। ਅੱਜ ਤੱਕ ਰਾਮ ਭਵਨ ਅਤੇ ਉਸਦਾ ਪਰਿਵਾਰ ਇੱਥੇ ਕਦੇ ਨਹੀਂ ਆਇਆ। ਅਸੀਂ ਰਾਮ ਭਵਨ ਨੂੰ ਅੱਜ ਤੱਕ ਨਹੀਂ ਵੇਖਿਆ ਹੈ। ਜਦੋਂ ਅਖ਼ਬਾਰ ਵਿੱਚ ਖ਼ਬਰ ਪੜ੍ਹੀ ਕਿ ਜਿਸਨੂੰ ਫਾਂਸੀ ਦੀ ਸਜ਼ਾ ਹੋਈ ਹੈ, ਉਹ ਸਾਡੇ ਪਿੰਡ ਦਾ ਹੈ ਤਾਂ ਅਸੀਂ ਹੱਕੇ-ਬੱਕੇ ਰਹਿ ਗਏ।”

ਅਮਿਤ ਕੁਮਾਰ - ਸਾਬਕਾ ਸੀਬੀਆਈ ਅਧਿਕਾਰੀ ਅਤੇ ਇਸ ਮਾਮਲੇ ਦੇ ਜਾਂਚ ਇੰਚਾਰਜ

ਬੀਬੀਸੀ ਨੇ ਰਾਮ ਭਵਨ ਦਾ ਅਪਰਾਧਿਕ ਇਤਿਹਾਸ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਤਵਾਲੀ ਵਿੱਚ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ।

ਰਾਮ ਭਵਨ ਦੇ ਵੱਡੇ ਭਰਾ ਰਾਜਾ ਭਈਆ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਰਾਮ ਭਵਨ, ਭਰਾਵਾਂ ਵਿੱਚ ਸਭ ਤੋਂ ਛੋਟਾ ਹੈ। ਉਸਨੇ ਬਾਂਦਾ ਤੋਂ ਪਾਲੀਟੈਕਨਿਕ ਦੀ ਪੜ੍ਹਾਈ ਕੀਤੀ ਹੈ। ਵਿਆਹ ਤੋਂ ਪਹਿਲਾਂ ਉਸਦੀ ਨੌਕਰੀ ਲੱਗ ਗਈ ਸੀ। ਉਸ ਤੋਂ ਪਹਿਲਾਂ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਉਸਦਾ ਆਸ-ਪਾਸ ਵਿੱਚ ਕਦੇ ਕਿਸੇ ਨਾਲ ਰਿਸ਼ਤਾ ਖ਼ਰਾਬ ਨਹੀਂ ਸੀ।”

ਉਨ੍ਹਾਂ ਨੇ ਇਹ ਵੀ ਦੱਸਿਆ, “ਰਾਮ ਭਵਨ ਬਹੁਤ ਘੱਟ ਬੋਲਦਾ ਸੀ। ਉਸਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ। ਉਸਦੇ ਦੋਸਤ ਬਹੁਤ ਘੱਟ ਸਨ। ਮੈਨੂੰ ਉਸਦੇ ਦੋਸਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸਦਾ ਕੋਈ ਦੋਸਤ ਇੱਥੇ ਕਦੇ ਨਹੀਂ ਆਇਆ।”

ਰਾਮ ਭਵਨ ਨਾਲ 10 ਸਾਲਾਂ ਤੱਕ ਕੰਮ ਕਰਨ ਵਾਲੇ ਦੀਪਕ ਮੌਰਿਆ ਨੇ ਬੀਬੀਸੀ ਨੂੰ ਦੱਸਿਆ, “ਉਸਦਾ (ਰਾਮ ਭਵਨ) ਵਿਵਹਾਰ ਨਾਰਮਲ ਸੀ। ਆਪਣੇ ਕੰਮ ਨਾਲ ਕੰਮ ਰੱਖਦਾ ਸੀ। ਲੋਕਾਂ ਨਾਲ ਮਿਲਦਾ-ਜੁਲਦਾ ਨਹੀਂ ਸੀ। ਅੱਗੇ ਰਹਿਣ ਵਾਲਾ ਆਦਮੀ ਨਹੀਂ ਸੀ। ਐਕਟਿਵ ਆਦਮੀ ਨਹੀਂ ਸੀ। ਫ੍ਰੈਂਡਲੀ ਬਿਲਕੁਲ ਨਹੀਂ ਸੀ। ਉਸਨੂੰ ਨਾ ਕਦੇ ਹੱਸਦੇ ਵੇਖਿਆ ਨਾ ਗੁੱਸਾ ਕਰਦੇ ਵੇਖਿਆ। ਉਸਦੇ ਵਿਵਹਾਰ ਤੋਂ ਨਹੀਂ ਲੱਗਦਾ ਸੀ ਕਿ ਉਹ ਇੰਨਾ ਘਿਨੌਣਾ ਕੰਮ ਕਰੇਗਾ। ਉਸਦੀ ਜ਼ਿੰਦਗੀ ਦਾ ਉਹ ਦੂਜਾ ਹੀ ਪਹਿਲੂ ਸੀ।”

ਸਿੰਚਾਈ ਨਿਰਮਾਣ ਵਿਭਾਗ ਦਫ਼ਤਰ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ‘ਤੇ ਦੱਸਿਆ, “ਉਹ ਹੱਸਦਾ ਨਹੀਂ ਸੀ। ਕਿਸੇ ਨਾਲ ਨਾ ਮਜ਼ਾਕ ਕਰਦਾ ਸੀ ਅਤੇ ਨਾ ਹੀ ਉਸਦਾ ਕਿਸੇ ਨਾਲ ਵਿਵਾਦ ਹੁੰਦਾ ਸੀ। ਆਉਂਦਾ ਸੀ, ਕੰਮ ਕਰਦਾ ਸੀ, ਚਲਾ ਜਾਂਦਾ ਸੀ। ਬੋਲਦਾ ਬਹੁਤ ਘੱਟ ਸੀ। ਉਦਾਸੀਨ ਕਿਸਮ ਦਾ ਆਦਮੀ ਸੀ। ਕਿਸੇ ਦੇ ਘਰ ਕਿਸੇ ਪ੍ਰੋਗਰਾਮ ਵਿੱਚ ਵੀ ਨਹੀਂ ਜਾਂਦਾ ਸੀ ਅਤੇ ਨਾ ਹੀ ਆਪਣੇ ਘਰ ਕਿਸੇ ਨੂੰ ਬੁਲਾਉਂਦਾ ਸੀ।”

ਰਾਮ ਭਵਨ ਦੀ ਪਤਨੀ ਨੂੰ ਕਿਉਂ ਮਿਲੀ ਫਾਂਸੀ ਦੀ ਸਜ਼ਾ?

ਰਾਮ ਭਵਨ ਦੀ ਪਤਨੀ ਦੁਰਗਾਵਤੀ ਇੱਕ ਘਰੇਲੂ ਔਰਤ ਸੀ। ਪਰ ਸਰਵਾਈਵਰਜ਼ ਵੱਲੋਂ ਅਦਾਲਤ ਦੇ ਸਾਹਮਣੇ ਦਿੱਤੇ ਬਿਆਨਾਂ ਤੋਂ ਪਤਾ ਲੱਗਿਆ ਕਿ ਦੁਰਗਾਵਤੀ ਉੱਥੇ ਮੌਜੂਦ ਰਹਿੰਦੀ ਸੀ, ਜਿੱਥੇ ਰਾਮ ਭਵਨ ਵੀਡੀਓ ਬਣਾਉਂਦਾ ਸੀ ਅਤੇ ਜਿਨਸੀ ਹਿੰਸਾ ਕਰਦਾ ਸੀ।

ਸੀਬੀਆਈ ਅਤੇ ਅਦਾਲਤ ਦੇ ਸਾਹਮਣੇ ਕੁਝ ਸਰਵਾਈਵਰਜ਼ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਨਾਲ ਦੁਰਗਾਵਤੀ ਵੀ ਸੰਬੰਧ ਬਣਾਉਂਦੀ ਸੀ।

ਇੱਕ ਸਰਵਾਈਵਰ ਨੇ ਬਿਆਨ ਵਿੱਚ ਦੱਸਿਆ, “ਉਹ ਰਾਮ ਭਵਨ ਦੇ ਘਰ ਦੁੱਧ ਦੇਣ ਜਾਂਦਾ ਸੀ ਅਤੇ ਉਸਦੇ ਪਿਤਾ ਉਸਨੂੰ ਰਾਮ ਭਵਨ ਦੇ ਘਰ ਲੈਪਟਾਪ ਸਿੱਖਣ ਲਈ ਭੇਜਦੇ ਸਨ। ਰਾਮ ਭਵਨ ਬੱਚਿਆਂ ਨਾਲ ਗਲਤ ਕੰਮ ਕਰਦਾ ਸੀ। ਉਸਨੇ ਉਸਦੇ ਹੋਰ ਚਾਰ ਭਰਾਵਾਂ ਨਾਲ ਵੀ ਗਲਤ ਕੰਮ ਕੀਤਾ ਅਤੇ ਉਨ੍ਹਾਂ ਦੇ ਫੋਟੋ ਅਤੇ ਵੀਡੀਓ ਬਣਾਏ।”

ਸਰਵਾਈਵਰ ਨੇ ਆਪਣੇ ਬਿਆਨ ਵਿੱਚ ਇਹ ਵੀ ਦੱਸਿਆ, ”ਜਦੋਂ ਰਾਮ ਭਵਨ ਮੇਰੇ ਨਾਲ ਗਲਤ ਕੰਮ ਕਰਦਾ ਸੀ ਤਾਂ ਦੁਰਗਾਵਤੀ ਉੱਥੇ ਹੀ ਹੁੰਦੀ ਸੀ। ਉਸਨੂੰ ਰਾਮ ਭਵਨ ਦੇ ਸਾਰੇ ਗਲਤ ਕੰਮਾਂ ਬਾਰੇ ਪਤਾ ਸੀ। ਰਾਮ ਭਵਨ ਅੰਕਲ ਗਲਤ ਕੰਮ ਕਰਨ ਦੇ ਬਦਲੇ ਮੈਨੂੰ ਪੈਸੇ ਦਿੰਦੇ ਸਨ ਅਤੇ ਦੁਰਗਾਵਤੀ ਆਂਟੀ ਖਾਣ ਲਈ ਵਧੀਆ-ਵਧੀਆ ਚੀਜ਼ਾਂ ਦਿੰਦੀ ਸੀ। ਉਨ੍ਹਾਂ ਕੋਲ ਵੀਡੀਓ ਗੇਮ ਪਲੇਅਰ ਅਤੇ ਸੀਡੀ ਵਾਲੀਆਂ ਤਿੰਨ-ਚਾਰ ਵੀਡੀਓ ਗੇਮਾਂ ਸਨ। ਉਹ ਸਾਨੂੰ ਖੇਡਣ ਲਈ ਦਿੰਦੀ ਸੀ। ਸ਼ਰਮ ਅਤੇ ਡਰ ਕਰਕੇ ਇਹ ਗੱਲ ਘਰ ਵਿੱਚ ਨਹੀਂ ਦੱਸੀ ਸੀ।”

ਸਰਵਾਈਵਰਜ਼ ਨੇ ਸੀਬੀਆਈ ਨੂੰ ਕੀ ਦੱਸਿਆ?

ਸਾਬਕਾ ਸੀਬੀਆਈ ਅਧਿਕਾਰੀ ਅਮਿਤ ਕੁਮਾਰ

ਤਸਵੀਰ ਸਰੋਤ, Gaurav Gulmohar

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸੋਕਾ ਪ੍ਰਭਾਵਿਤ ਬੁੰਦੇਲਖੰਡ ਖੇਤਰ ਦੇ ਬਾਂਦਾ, ਚਿਤਰਕੂਟ ਅਤੇ ਹਮੀਰਪੁਰ ਜ਼ਿਲ੍ਹਿਆਂ ਨਾਲ ਸੰਬੰਧਿਤ ਹੈ।

ਸਰਵਾਈਵਰਜ਼ ਦੇ ਬਿਆਨਾਂ ਤੋਂ ਸਪਸ਼ਟ ਹੈ ਕਿ ਰਾਮ ਭਵਨ ਬੱਚਿਆਂ ਨੂੰ ਲਾਲਚ ਦੇਕੇ ਉਨ੍ਹਾਂ ਨਾਲ ਜਿਨਸੀ ਹਿੰਸਾ ਕਰਦਾ ਸੀ।

ਇੱਕ ਸਰਵਾਈਵਰ ਨੇ ਅਦਾਲਤ ਵਿੱਚ ਆਪਣੇ ਬਿਆਨ ਵਿੱਚ ਦੱਸਿਆ, “ਮੈਂ ਰਾਮ ਭਵਨ ਅੰਕਲ ਨੂੰ ਜਾਣਦਾ ਹਾਂ। ਰਾਮ ਭਵਨ ਨੇ ਉਸਦੇ ਨਾਲ ਪਹਿਲੀ ਵਾਰ ਇੱਕ ਫੰਕਸ਼ਨ ਵਿੱਚ ਰਾਤ ਨੂੰ ਸੰਬੰਧ ਬਣਾਇਆ ਸੀ। ਦੁਰਗਾਵਤੀ ਆਂਟੀ ਨੇ ਜਦੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ, ਉਹ ਰਾਮ ਭਵਨ ਅੰਕਲ ਦੇ ਕਹਿਣ ‘ਤੇ ਕੀਤਾ ਸੀ। ਸੰਬੰਧ ਦੇ ਦੌਰਾਨ ਅੰਕਲ, ਆਂਟੀ ਅਤੇ ਮੈਂ ਸੀ।”

ਦੂਜੇ ਸਰਵਾਈਵਰ ਨੇ ਅਦਾਲਤ ਨੂੰ ਦੱਸਿਆ, “ਮੇਰੇ ਪਿਤਾ ਕੋਈ ਕੰਮ ਨਹੀਂ ਕਰਦੇ। ਮੰਮੀ ਖੇਤੀ ਕਰਦੀ ਹੈ। ਜਿਸ ਸਮੇਂ ਰਾਮ ਭਵਨ ਅੰਕਲ ਨਾਲ ਜਾਣ-ਪਛਾਣ ਹੋਈ ਸੀ, ਉਹ ਸੱਤ ਕਿਲੋਮੀਟਰ ਦੂਰ ਰਹਿੰਦੇ ਸਨ। ਜਦੋਂ ਰਾਮ ਭਵਨ ਅੰਕਲ ਨੇ ਪਹਿਲੀ ਵਾਰ ਗਲਤ ਕੰਮ ਕੀਤਾ ਸੀ ਤਾਂ ਕਾਫ਼ੀ ਦਰਦ ਸੀ।”

ਦਿ ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਗਲੋਬਲ ਅਧਿਐਨ ਮੁਤਾਬਕ, ਲਗਭਗ ਇੱਕ ਤਿਹਾਈ ਭਾਰਤੀ ਮਹਿਲਾਵਾਂ ਅਤੇ 10 ਵਿੱਚੋਂ ਇੱਕ ਤੋਂ ਵੱਧ ਭਾਰਤੀ ਮਰਦਾਂ ਨਾਲ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਹੋਈ ਹੈ।

ਇੱਕ ਸਰਵਾਈਵਰ ਦੀ ਮਾਂ ਨੇ ਕੀ ਦੱਸਿਆ?

ਚਿਤਰਕੂਟ

ਤਸਵੀਰ ਸਰੋਤ, Gaurav Gulmohar

ਅਸੀਂ ਇੱਕ ਨਾਬਾਲਗ ਸਰਵਾਈਵਰ ਦੀ ਮਾਂ ਨਾਲ ਮੁਲਾਕਾਤ ਕੀਤੀ।

ਸਰਵਾਈਵਰ ਦੀ ਮਾਂ ਰਾਮ ਭਵਨ ਦੇ ਘਰ ਵਿੱਚ ਸਾਫ਼-ਸਫ਼ਾਈ ਕਰਨ ਅਤੇ ਖਾਣਾ ਬਣਾਉਣ ਦਾ ਕੰਮ ਕਰਦੀ ਸੀ। ਉਨ੍ਹਾਂ ਦੇ ਮੁਤਾਬਕ, ਜਦੋਂ ਉਹ ਖਾਣਾ ਬਣਾ ਰਹੀ ਹੁੰਦੀ ਸੀ ਤਾਂ ਉਸਦੇ ਬੱਚੇ ਨਾਲ ਰਾਮ ਭਵਨ ਗਲਤ ਕੰਮ ਕਰਦਾ ਸੀ।

ਸਰਵਾਈਵਰ ਦੀ ਮਾਂ ਨੇ ਦੱਸਿਆ, “ਮੈਂ ਉਸਦੇ (ਰਾਮ ਭਵਨ) ਘਰ ਵਿੱਚ ਖਾਣਾ ਬਣਾਉਂਦੀ ਸੀ, ਇਸ ਲਈ ਮੈਨੂੰ ਹਰ ਮਹੀਨੇ ਦੋ ਹਜ਼ਾਰ ਰੁਪਏ ਮਿਲਦੇ ਸਨ। ਉਸਨੇ ਤਿੰਨ ਕਮਰਿਆਂ ਦਾ ਘਰ ਕਿਰਾਏ ‘ਤੇ ਲਿਆ ਹੋਇਆ ਸੀ। ਅੱਗੇ ਮਕਾਨ ਮਾਲਕ ਰਹਿੰਦਾ ਸੀ, ਪਿੱਛੇ ਦੀਦੀ (ਦੁਰਗਾਵਤੀ), ਰਾਮ ਭਵਨ ਅਤੇ ਇੱਕ ਬੱਚਾ ਰਹਿੰਦੇ ਸਨ।”

”ਉਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਜਿਸਨੂੰ ਰਾਮ ਭਵਨ ਪੜ੍ਹਾਉਣ ਲਈ ਆਪਣੇ ਨਾਲ ਰੱਖਦਾ ਸੀ। ਉਸ ਘਰ ਵਿੱਚ ਹਰ ਰੋਜ਼ ਨਵੇਂ-ਨਵੇਂ ਬੱਚੇ ਆਉਂਦੇ ਸਨ। ਉਹ ਆਪਣੀ ਵੱਲੋਂ ਹੀ ਬੱਚਿਆਂ ਨੂੰ ਲਿਆਉਂਦਾ ਸੀ। ਇੱਕ ਦਿਨ ਵਿੱਚ ਚਾਰ-ਚਾਰ ਬੱਚੇ ਰਹਿੰਦੇ ਸਨ। ਉਨ੍ਹਾਂ ਨੂੰ ਮਹਿੰਗੇ-ਮਹਿੰਗੇ ਮੋਬਾਈਲ ਦੇ ਕੇ ਰੱਖਦਾ ਸੀ।”

ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁਝ ਹੋਰ ਸਰਵਾਈਵਰਜ਼ ਦੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇੱਕ ਸਰਵਾਈਵਰ ਨੇ ਆਪਣੇ ਬਿਆਨ ਵਿੱਚ ਕਿਹਾ

ਰਾਮ ਭਵਨ ਨੇ ਆਪਣੇ ਬਚਾਅ ਵਿੱਚ ਕੀ ਕਿਹਾ?

ਦੋਸ਼ੀ ਰਾਮ ਭਵਨ ਨੇ ਆਪਣੇ ਬਚਾਅ ਵਿੱਚ ਆਪਣੇ ਜੀਜਾ ਰਾਮ ਨਿਰੰਜਨ ਅਤੇ ਭੈਣ ਦੇ ਵਿਚਕਾਰ ਵਿਵਾਦ ਨੂੰ ਆਧਾਰ ਬਣਾਇਆ ਹੈ।

ਉਸਦੇ ਅਨੁਸਾਰ ਜਦੋਂ ਉਹ, ਜੀਜਾ ਅਤੇ ਭੈਣ ਦੇ ਵਿਚਕਾਰ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਜੀਜਾ ਉਸ ਤੋਂ ਨਾਰਾਜ਼ ਹੋ ਗਏ। ਉਸਨੇ ਸੀਬੀਆਈ ‘ਤੇ ਵੀ ਜੀਜਾ ਰਾਮ ਨਿਰੰਜਨ ਨਾਲ ਮਿਲੀਭਗਤ ਦਾ ਇਲਜ਼ਾਮ ਲਗਾਇਆ ਹੈ।

ਰਾਮ ਭਵਨ ਨੇ ਅਦਾਲਤ ਵਿੱਚ ਆਪਣੇ ਬਿਆਨ ਵਿੱਚ ਕਿਹਾ, “ਮੈਂ ਕਦੇ-ਕਿਸੇ ਬੱਚੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ, ਨਾ ਹੀ ਉਨ੍ਹਾਂ ਦੀ ਕੋਈ ਅਸ਼ਲੀਲ ਫੋਟੋ ਜਾਂ ਵੀਡੀਓ ਬਣਾਈ ਹੈ ਅਤੇ ਨਾ ਹੀ ਮੈਂ ਇੰਟਰਨੈਟ ‘ਤੇ ਇਸਦਾ ਪ੍ਰਸਾਰਣ ਕੀਤਾ ਹੈ। ਮੇਰੇ ਰਿਸ਼ਤੇਦਾਰ ਰਾਮ ਨਿਰੰਜਨ ਨੇ ਕੁਝ ਲੋਕਾਂ ਨਾਲ ਮਿਲ ਕੇ ਮੈਨੂੰ ਝੂਠਾ ਫਸਾਇਆ ਹੈ। ਬੱਚਿਆਂ ਨੂੰ ਡਰਾ-ਧਮਕਾ ਕੇ ਮੇਰੇ ਖ਼ਿਲਾਫ਼ ਜ਼ਬਰਦਸਤੀ ਬਿਆਨ ਕਰਵਾਏ ਗਏ ਹਨ।”

ਉੱਥੇ ਹੀ ਦੁਰਗਾਵਤੀ ਨੇ ਵੀ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਨਨਾਣ ਅਤੇ ਉਸਦੇ ਪਤੀ ਦੇ ਵਿਵਾਦ ਦੀ ਗੱਲ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਮੇਰੀ ਨਨਾਣ ਰਾਮਕੁਮਾਰੀ ਦਾ ਵਿਆਹ ਰਾਮ ਨਿਰੰਜਨ ਨਾਲ ਹੋਇਆ ਸੀ। ਮੇਰੀ ਨਨਾਣ ਅਤੇ ਨਣਦੋਈ ਦੋਵੇਂ ਅਧਿਆਪਕ ਹਨ। ਦੋਵਾਂ ਵਿੱਚ ਅਕਸਰ ਵਿਵਾਦ ਹੁੰਦਾ ਸੀ। ਉਨ੍ਹਾਂ ਦੇ ਇੱਕ ਕੁੜੀ ਅਤੇ ਇੱਕ ਮੁੰਡਾ ਹੈ। ਉਨ੍ਹਾਂ ਵਿਚਕਾਰ ਵਿਵਾਦ ਸੁਲਝਾਉਣ ਲਈ ਮੈਂ ਅਤੇ ਰਾਮ ਭਵਨ ਉਨ੍ਹਾਂ ਦੇ ਘਰ ਜਾਂਦੇ ਸੀ ਪਰ ਵਿਵਾਦ ਨਹੀਂ ਸੁਲਝਿਆ ਅਤੇ ਉਹ ਸਾਡੇ ਨਾਲ ਰੰਜਿਸ਼ ਰੱਖਣ ਲੱਗ ਪਏ। ਇਸ ਕਾਰਨ ਰਾਮ ਨਿਰੰਜਨ ਨੇ ਧਮਕੀ ਦਿੱਤੀ ਸੀ ਕਿ ਮੇਰੇ ਪੜ੍ਹਾਏ ਦੋ ਬੱਚੇ ਸੀਬੀਆਈ ਦਿੱਲੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨਾਲ ਮਿਲ ਕੇ ਮੈਂ ਤੁਹਾਨੂੰ ਦੋਵਾਂ ਨੂੰ ਜੇਲ੍ਹ ਭੇਜ ਦਿਆਂਗਾ।”

ਪੋਕਸੋ ਕੋਰਟ ਦੇ ਫ਼ੈਸਲੇ ਦਾ ਅਹਿਮ ਬਿੰਦੂ

ਅਦਾਲਤ

ਤਸਵੀਰ ਸਰੋਤ, Gaurav Gulmohar

ਭਾਰਤ ਵਿੱਚ ਬੱਚਿਆਂ ਨਾਲ ਕਿਸੇ ਵੀ ਕਿਸਮ ਦੀ ਜਿਨਸੀ ਗਤੀਵਿਧੀ ਨੂੰ ਪ੍ਰੋਟੈਕਸ਼ਨ ਆਫ਼ ਚਿਲਡਰਨ ਫ੍ਰਾਮ ਸੈਕਸ਼ੁਅਲ ਔਫ਼ੈਂਸਜ਼ ਐਕਟ, 2012 (ਪੋਕਸੋ) ਦੇ ਤਹਿਤ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ।

ਇਸ ਵਿੱਚ ਸਖਤ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤੱਕ ਦੀ ਵਿਵਸਥਾ (ਖ਼ਾਸ ਮਾਮਲਿਆਂ ਵਿੱਚ) ਹੈ।

ਵਿਸ਼ੇਸ਼ ਜੱਜ ਪੋਕਸੋ ਐਕਟ ਪ੍ਰਦੀਪ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਪਤੀ-ਪਤਨੀ ਨੂੰ ਬਰਾਬਰ ਰੂਪ ‘ਚ ਦੋਸ਼ੀ ਪਾਇਆ।

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ, “ਰਾਮ ਭਵਨ ਅਤੇ ਦੁਰਗਾਵਤੀ ਨੇ ਆਪਣੇ ਕਿਰਾਏ ਦੇ ਘਰਾਂ ਵਿੱਚ ਰਹਿ ਕੇ ਇਹ ਘਿਨੌਣਾ ਅਪਰਾਧ ਲਗਭਗ 10 ਸਾਲ ਤੱਕ ਕੀਤਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਰਾਮ ਭਵਨ ਅਤੇ ਦੁਰਗਾਵਤੀ ਨੇ ਜਿਨਸੀ ਅਪਰਾਧ ਕਰਦੇ ਸਮੇਂ ਅਜਿਹੀ ਵਿਵਸਥਾ ਕਰ ਰੱਖੀ ਸੀ ਕਿ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋ ਸਕੇ।”

ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ, “ਦੋਸ਼ੀ ਰਾਮ ਭਵਨ ਅਤੇ ਦੁਰਗਾਵਤੀ ਦਾ ਇਹ ਅਪਰਾਧ ਰੇਅਰ ਆਫ਼ ਦ ਰੇਅਰੈਸਟ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਅਜਿਹੇ ਅਪਰਾਧ ਲਈ ਮੌਤ ਦੀ ਸਜ਼ਾ ਦੇਣਾ ਹੀ ਭਾਰਤੀ ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖ ਸਕਦਾ ਹੈ।”

ਬਚਾਅ ਪੱਖ ਦੇ ਵਕੀਲ ਦੀ ਦਲੀਲ ਕੀ ਹੈ?

ਵਕੀਲ ਭੂਰਾ ਪ੍ਰਸਾਦ ਨਿਸ਼ਾਦ

ਤਸਵੀਰ ਸਰੋਤ, Gaurav Gulmohar

ਦੋਸ਼ੀ ਵੱਲੋਂ ਅਦਾਲਤ ਵਿੱਚ ਮੌਜੂਦ ਵਕੀਲ ਭੂਰਾ ਪ੍ਰਸਾਦ ਨਿਸ਼ਾਦ ਨੇ ਇਸ ਮਾਮਲੇ ਨੂੰ ਝੂਠਾ ਅਤੇ ਸੀਬੀਆਈ ਦੀ ਮਿਲੀਭਗਤ ਨਾਲ ਰਚਿਆ ਗਿਆ ਦੱਸਿਆ।

ਉਨ੍ਹਾਂ ਨੇ ਅਦਾਲਤ ਵਿੱਚ ਸੀਬੀਆਈ ਵੱਲੋਂ ਪੇਸ਼ ਕੀਤੇ ਵੀਡੀਓ ਅਤੇ ਫੋਟੋ ਨੂੰ ਡੀਪਫੇਕ ਦੱਸਿਆ ਅਤੇ ਬੱਚਿਆਂ ਦੇ ਬਿਆਨਾਂ ਨੂੰ ਧਮਕਾ ਕੇ ਲਏ ਗਏ ਬਿਆਨ ਕਰਾਰ ਦਿੱਤਾ।

ਵਕੀਲ ਭੂਰਾ ਪ੍ਰਸਾਦ ਨੇ ਬੀਬੀਸੀ ਨੂੰ ਕਿਹਾ, “ਸੀਬੀਆਈ ਨੇ ਦਿੱਲੀ ਵਿੱਚ ਸਿੱਧੀ ਐਫ਼ਆਈਆਰ ਦਰਜ ਕੀਤੀ, ਜਦਕਿ ਉਸਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਪਹਿਲਾਂ ਕੇਂਦਰ ਸਰਕਾਰ ਵਿੱਚ ਅਰਜ਼ੀ ਦਿੱਤੀ ਜਾਂਦੀ ਹੈ ਅਤੇ ਸੂਬਾ ਸਰਕਾਰ ਮਨਜ਼ੂਰੀ ਦਿੰਦੀ ਹੈ। ਸੀਬੀਆਈ 31 ਅਕਤੂਬਰ 2020 ਨੂੰ ਕੇਸ ਦਰਜ ਕਰਦੀ ਹੈ ਅਤੇ 02 ਨਵੰਬਰ 2020 ਨੂੰ ਰਾਮ ਭਵਨ ਨੂੰ ਫੜ੍ਹ ਲੈਂਦੀ ਹੈ। ਸੀਬੀਆਈ ਰਿਕਵਰੀ ਕਰਦੀ ਹੈ। ਇੰਨੀ ਜਲਦੀ ਕਿਉਂ?”

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਹਾਈ ਕੋਰਟ ਤੋਂ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।

ਵਕੀਲ ਭੂਰਾ ਪ੍ਰਸਾਦ ਨੇ ਸੀਬੀਆਈ ਵੱਲੋਂ ਸਬੂਤ ਵਜੋਂ ਪੇਸ਼ ਕੀਤੇ ਵੀਡੀਓਜ਼ ਨੂੰ ਡੀਪਫੇਕ ਦੱਸਦੇ ਹੋਏ ਕਿਹਾ, “ਰਾਮਾਨੰਦ ਸਾਗਰ ਨੇ 90 ਦੇ ਦਹਾਕੇ ਵਿੱਚ ਰਾਮਾਇਣ ਸੀਰੀਅਲ ਬਣਾਇਆ ਸੀ, ਜਿਸ ਵਿੱਚ ਹਨੁੰਮਾਨ ਪਹਾੜ ਚੁੱਕ ਕੇ ਉੱਡ ਰਹੇ ਸਨ – ਕੀ ਇਹ ਅਸਲ ਵਿੱਚ ਸੰਭਵ ਹੈ? ਜੇ ਨਹੀਂ, ਤਾਂ ਇਸਦਾ ਮਤਲਬ ਹੈ ਕਿ ਐਡੀਟਿੰਗ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਪੂਰਾ ਭਰੋਸਾ ਹੈ ਕਿ ਹਾਈ ਕੋਰਟ ਤੋਂ ਸਾਨੂੰ ਇਨਸਾਫ਼ ਮਿਲੇਗਾ।”

ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਧਾਰਾ ਸਿੰਘ ਮੀਣਾ ਨੇ ਬਚਾਅ ਪੱਖ ਦੇ ਵਕੀਲ ਦੀ ਦਲੀਲ ਨੂੰ ਖਾਰਿਜ ਕਰਦੇ ਹੋਏ ਬੀਬੀਸੀ ਨੂੰ ਕਿਹਾ, “ਸਾਨੂੰ ਜੋ ਵੀਡੀਓ ਮਿਲੇ, ਅਸੀਂ ਉਨ੍ਹਾਂ ਦੀ ਫ਼ੋਰੈਂਸਿਕ ਜਾਂਚ ਕਰਵਾਈ ਅਤੇ ਸਾਰੇ ਵੀਡੀਓ ਸਹੀ ਪਾਏ ਗਏ। ਉਨ੍ਹਾਂ ਵਿੱਚ ਕੋਈ ਛੇੜਛਾੜ ਨਹੀਂ ਹੋਈ ਹੈ। ਜਿੱਥੋਂ ਤੱਕ ਦੋਸ਼ੀ ਦੇ ਰਿਸ਼ਤੇਦਾਰ ਰਾਮ ਨਿਰੰਜਨ ਵੱਲੋਂ ਪੜ੍ਹਾਏ ਬੱਚਿਆਂ ਦੇ ਸੀਬੀਆਈ ਵਿੱਚ ਹੋਣ ਦੀ ਗੱਲ ਹੈ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਦੋਸ਼ੀਆਂ ਨੇ ਕਹਾਣੀ ਬਣਾਈ ਹੈ।”

ਪ੍ਰਸ਼ਾਸਨ ਨੇ ਆਪਣੀ ਭੂਮਿਕਾ ਬਾਰੇ ਕੀ ਕਿਹਾ?

ਬਾਂਦਾ ਪੁਲਿਸ ਸੁਪਰਿਟੇਂਡੈਂਟ ਪਲਾਸ਼ ਬਾਂਸਲ

ਤਸਵੀਰ ਸਰੋਤ, Gaurav Gulmohar

ਇੰਨੇ ਲੰਬੇ ਸਮੇਂ ਤੱਕ ਨਾਬਾਲਗ ਬੱਚਿਆਂ ਨਾਲ ਜਿਨਸੀ ਹਿੰਸਾ ਕਿਉਂ ਹੁੰਦੀ ਰਹੀ? ਇਸ ਸਵਾਲ ‘ਤੇ ਚਿਤਰਕੂਟ ਦੇ ਪੁਲਿਸ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਇਹ ਮਾਮਲਾ ਸਾਲ 2020 ਤੋਂ ਪਹਿਲਾਂ ਦਾ ਹੈ। ਦੋਸ਼ੀ ਇੱਥੇ ਸਰਕਾਰੀ ਕਰਮਚਾਰੀ ਵਜੋਂ ਤਾਇਨਾਤ ਸੀ। ਸਾਡੀ ਜਾਣਕਾਰੀ ਅਨੁਸਾਰ ਉਹ ਵੀਡੀਓ ਡਾਰਕ ਵੈਬ ‘ਤੇ ਅੱਪਲੋਡ ਕਰਦਾ ਸੀ।”

“ਇੰਟਰਪੋਲ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਇਹ ਸੀਬੀਆਈ ਨਾਲ ਸਾਂਝੀ ਕੀਤੀ। ਸੀਬੀਆਈ ਨੇ ਜਾਂਚ ਕਰਕੇ ਮਾਮਲਾ ਦਰਜ ਕੀਤਾ ਅਤੇ ਸੀਬੀਆਈ ਨੇ ਹੀ ਅੱਗੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ। ਅਦਾਲਤ ਵਿੱਚ ਬਹੁਤ ਸਾਰੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ‘ਤੇ ਇਸ ਕੇਸ ਨੂੰ ਰੇਅਰੈਸਟ ਆਫ਼ ਦਿ ਰੇਅਰ ਮੰਨਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅੱਜ ਤੋਂ ਪੰਜ-ਛੇ ਸਾਲ ਪਹਿਲਾਂ ਜ਼ਿਲ੍ਹਿਆਂ ਵਿੱਚ ਸਾਈਬਰ ਥਾਣੇ ਨਹੀਂ ਸਨ, ਪਰ ਹੁਣ ਸਾਈਬਰ ਅਪਰਾਧਾਂ ਵਿੱਚ ਸਿਖਲਾਈ, ਨਿਗਰਾਨੀ ਅਤੇ ਕਾਰਵਾਈ ਹੋ ਰਹੀ ਹੈ।”

ਇਸ ਦੌਰਾਨ ਬਾਂਦਾ ਪੁਲਿਸ ਸੁਪਰਿਟੇਂਡੈਂਟ ਪਲਾਸ਼ ਬਾਂਸਲ ਨੇ ਬੀਬੀਸੀ ਨੂੰ ਦੱਸਿਆ, “ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ। ਸਬੂਤ ਇਕੱਠੇ ਕਰਨ ਦੌਰਾਨ ਵੱਡੀ ਗਿਣਤੀ ਵਿੱਚ ਪੀੜਤ ਬੱਚਿਆਂ ਦੀ ਪਛਾਣ ਕੀਤੀ ਗਈ। ਪੁਲਿਸ ਕਾਰਵਾਈ ਦੀ ਗੱਲ ਕਰੀਏ ਤਾਂ ਜੇਕਰ ਸ਼ਿਕਾਇਤ ਦਰਜ ਕੀਤੀ ਜਾਂਦੀ ਤਾਂ ਅਸੀਂ ਜਾਂਚ ਕਰਦੇ। ਅਸੀਂ ਬਿਨਾਂ ਕਿਸੇ ਸ਼ਿਕਾਇਤ ਦੇ ਕੋਈ ਕਾਰਵਾਈ ਸ਼ੁਰੂ ਨਹੀਂ ਕਰ ਸਕਦੇ।”

source : BBC PUNJABI