Source :- BBC PUNJABI
ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਸਿਆਸੀ ਉਭਾਰ ਬੜੀ ਤੇਜ਼ੀ ਨਾਲ ਅਤੇ ਸੱਤਾ ਦੇ ਕੇਂਦਰ ਵਿੱਚ ਰਹਿਣ ਵਾਲੇ ਨੇਤਾ ਵਜੋਂ ਦੇਖਿਆ ਜਾ ਰਿਹਾ ਹੈ।
ਤਾਜ਼ਾ ਘਟਨਾਕਰਮ ਤੋਂ ਥੋੜਾ ਪਿਛੇ ਯਾਨੀ ਪੰਜਾਬ ਵਿੱਚ ‘ਆਪ’ ਦੇ ਸੱਤਾ ਵਿੱਚ ਆਉਣ ਵਾਲੇ ਦਿਨਾਂ ਤੋਂ ਦੇਖਦੇ ਹਾਂ।
11 ਜੁਲਾਈ 2022 ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪ੍ਰੈੱਸ ਨੋਟ ਜਾਰੀ ਹੁੰਦਾ ਹੈ, ਜਿਸ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੂਬਾ ਸਰਕਾਰ ਲਈ ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਅਧਿਕਾਰਤ ਐਲਾਨ ਕੀਤਾ ਜਾਂਦਾ ਹੈ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਰਾਘਵ ਚੱਢਾ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ‘ਲੋਕ ਹਿਤੈਸ਼ੀ ਨੀਤੀਆਂ ਅਤੇ ਯੋਜਨਾਵਾਂ’ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨਾ ਅਤੇ ਸਰਕਾਰ ਨੂੰ ਵਿੱਤੀ ਮਾਮਲਿਆਂ ਵਿੱਚ ਸਲਾਹ ਮੁਸ਼ਾਵਰਾ ਦੇਣਾ ਹੈ।
ਖ਼ੈਰ, ਇਹ ਸਲਾਹਕਾਰ ਕਮੇਟੀ ਐਲਾਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਅਤੇ ਇਹ ਅਮਲ ਵਿੱਚ ਆਈ ਹੀ ਨਹੀਂ, ਪਰ ਇਸ ਨੇ ਉਸ ਸਮੇਂ ਇਹ ਦਰਸਾ ਦਿੱਤਾ ਸੀ ਕਿ ਰਾਘਵ ਚੱਢਾ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਿੱਚ ਕਿੰਨਾ ਦਬਦਬਾ ਰੱਖਦੇ ਸਨ।
ਉਸ ਸਮੇਂ ਰਾਜਨੀਤਕ ਹਲਕਿਆਂ ਵਿੱਚ ਉਨ੍ਹਾਂ ਨੂੰ ‘ਸੁਪਰ ਸੀਐੱਮ’ ਦੇ ਤੌਰ ‘ਤੇ ਦੇਖਿਆ ਜਾਣ ਲੱਗਾ ਸੀ।
ਯਾਦ ਰਹੇ ਰਾਘਵ ਚੱਢਾ ਅਤੇ ਛੇ ਹੋਰ ਰਾਜ ਸਭਾ ਮੈਂਬਰਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਰਸਤਾ ਵੱਖ ਕਰ ਕੇ ਹੁਣ ਭਾਜਪਾ ਨਾਲ ਰਲੇਵਾਂ ਕਰ ਲਿਆ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਹੁਣ ਰਾਜ ਸਭਾ ਵਿੱਚ ਦਸ ਤੋਂ ਤਿੰਨ ਰਹਿ ਗਈ ਹੈ। ਇਹਨਾਂ ਵਿੱਚ ਪੰਜਾਬ ਤੋਂ ਸਿਰਫ਼ ਬਲਬੀਰ ਸਿੰਘ ਸੀਚੇਵਾਲ ਰਹਿ ਗਏ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਆਪਣੀ ਪੁਰਾਣੀ ਪਾਰਟੀ ਦੀ ਅਲੋਚਨਾ ਕਰਨ ਵਾਲੇ ਰਾਘਵ ਨੇ 27 ਅਪ੍ਰੈਲ ਨੂੰ ਇੱਕ ਵਾਰ ਫਿਰ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਜਿਸ ਪਾਰਟੀ ਨੂੰ ਉਹਨਾਂ ਨੇ 15 ਸਾਲ ਤੱਕ ਖ਼ੂਨ-ਪਸੀਨੇ ਨਾਲ ਸਿੰਜਿਆ, ਉਸੇ ਪਾਰਟੀ ਨੇ ਹੁਣ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਅਤੇ ਸੰਸਦ ਵਿੱਚ ਬੋਲਣ ਤੋਂ ਵੀ ਰੋਕਿਆ ਜਾ ਰਿਹਾ ਸੀ।
ਉਹਨਾਂ ਕਿਹਾ, “ਇਹ ਰਾਜਨੀਤਕ ਪਾਰਟੀ ਅੱਜ ਕੁਝ ਭ੍ਰਿਸ਼ਟ ਲੋਕਾਂ ਦੇ ਹੱਥਾਂ ਵਿੱਚ ਆ ਗਈ ਹੈ, ਜੋ ਦੇਸ਼ ਲਈ ਨਹੀਂ, ਸਗੋਂ ਆਪਣੇ ਨਿੱਜੀ ਫ਼ਾਇਦੇ ਲਈ ਕੰਮ ਕਰਦੇ ਹਨ।”
ਤਸਵੀਰ ਸਰੋਤ, ANI
ਰਾਘਵ ਚੱਢਾ ਦਾ ਰਾਜਨੀਤਕ ਉਭਾਰ
37 ਸਾਲਾ ਰਾਘਵ ਚੱਢਾ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਟੈਂਟ ਅਤੇ ਮੌਜੂਦਾ ਰਾਜ ਸਭਾ ਮੈਂਬਰ ਹਨ।
ਰਾਜਨੀਤੀ ਵਿੱਚ ਉਨ੍ਹਾਂ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਹੋਈ। ਰਾਜਨੀਤਿਕ ਮੰਚਾਂ ਅਤੇ ਟੀਵੀ ਦੀਆਂ ਬਹਿਸਾਂ ਵਿੱਚ ਰਾਘਵ ਚੱਢਾ ਪੂਰੇ ਆਤਮ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਦੀ ਗੱਲ ਰੱਖਦੇ ਸਨ ਅਤੇ ਇਸ ਤਰ੍ਹਾਂ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ‘ਚਹੇਤੇ’ ਬਣੇ ਗਏ।
ਪੰਜਾਬ ਵਿੱਚੋਂ ਰਾਜ ਸਭਾ ਲਈ ਨਾਮਜ਼ਦ ਹੋਣ ਤੋਂ ਪਹਿਲਾਂ ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ਤੋਂ ਵਿਧਾਇਕ ਵੀ ਸਨ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਭ ਤੋਂ ‘ਚਹੇਤੇ’ ਹੋਣ ਕਾਰਨ ਰਾਘਵ ਚੱਢਾ ਦੀ ਪੰਜਾਬ ਵਿੱਚ ਐਂਟਰੀ 2020 ਵਿੱਚ ਹੁੰਦੀ ਹੈ।
ਉਹਨਾਂ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ।
ਪੰਜਾਬ ਵਿੱਚ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਅਤੇ ਹੋਰ ਮਹੱਤਵਪੂਰਨ ਫ਼ੈਸਲਿਆਂ ਵਿੱਚ ਰਾਘਵ ਚੱਢਾ ਦੀ ਭੂਮਿਕਾ ਅਹਿਮ ਸੀ।
2022 ਦੀਆਂ ਵਿਧਾਨ ਸਭਾ ਚੋਣ ਵਿੱਚ ਪਾਰਟੀ ਸੂਬੇ ਦੀਆਂ 117 ਵਿਚੋਂ 92 ਸੀਟਾਂ ਜਿੱਤ ਗਈ ਅਤੇ ਇਸ ਤੋਂ ਬਾਅਦ ਰਾਘਵ ਚੱਢਾ ਦੇ ਸਿਆਸੀ ਕਰੀਅਰ ਵਿੱਚ ਤੇਜ਼ੀ ਨਾਲ ਉਭਾਰ ਆਇਆ।
ਤਸਵੀਰ ਸਰੋਤ, Getty Images
ਸਾਲ 2022 ਵਿੱਚ ਰਾਘਵ ਚੱਢਾ ਨੂੰ ‘ਆਪ’ ਵੱਲੋਂ ਛੇ ਸਾਲਾਂ ਲਈ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਇਸ ਦੇ ਨਾਲ ਹੀ ਉਹ 33 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੇ ਭਾਰਤੀ ਰਾਜ ਸਭਾ ਮੈਂਬਰ ਬਣ ਗਏ।
ਪਰ ਪੰਜਾਬ ਦੀਆਂ ਵਿਰੋਧੀਆਂ ਧਿਰਾਂ ਨੇ ਰਾਘਵ ਚੱਢਾ ਸਮੇਤ ਦਿੱਲੀ ਦੇ ਹੋਰ ਆਗੂਆਂ ਨੂੰ ਰਾਜ ਸਭਾ ਭੇਜਣ ਦਾ ਵਿਰੋਧ ਕੀਤਾ ਅਤੇ ਪੰਜਾਬੀਆਂ ਦੀ ਥਾਂ ਗੈਰ-ਪੰਜਾਬੀਆਂ ਨੂੰ ਰਾਜ ਸਭਾ ਭੇਜਣ ਦੇ ਇਲਜ਼ਾਮ ਲਗਾਏ।
ਪਾਰਟੀ ਵੱਲੋਂ ਸੰਜੇ ਸਿੰਘ ਦੀ ਥਾਂ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਵਜੋਂ ਅਹੁਦਾ ਦੇ ਕੇ ਉਨ੍ਹਾਂ ਨੂੰ ਰਾਜਨੀਤਿਕ ਤੌਰ ਉਤੇ ਹੋਰ ਮਜ਼ਬੂਤ ਕੀਤਾ ਗਿਆ।
ਰਾਜ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਰਾਘਵ ਚੱਢਾ ਖੁੱਲ੍ਹ ਕੇ ਪੰਜਾਬ ਦੀ ਸਿਆਸਤ ਵਿਚ ਵਿਚਰੇ।
ਫਿਰ ਭਾਵੇਂ ਉਹ ਮੁੱਖ ਮੰਤਰੀ ਨਾਲ ਜਨਤਕ ਮੰਚਾਂ ਉੱਤੇ ਦਿਖਾਈ ਦੇਣ ਦੀ ਗੱਲ ਹੋਵੇ ਜਾਂ ਅਫ਼ਸਰਸ਼ਾਹੀ ਦੀ, ਹਰ ਥਾਂ ਰਾਘਵ ਚੱਢਾ ਦੀ ਭੂਮਿਕਾ ਦੀ ਚਰਚਾ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਹੋਈ।
ਇਸ ਕਾਰਨ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀ ਅਲੋਚਨਾ ਕੀਤੀ।
ਬਤੌਰ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਨਾਲ ਸਬੰਧਿਤ ਕਈ ਮੁੱਦਿਆਂ ਦੀ ਸੰਸਦ ਵਿੱਚ ਗੱਲ ਕੀਤੀ। ਇਹਨਾਂ ਵਿੱਚ ਕਰਤਾਰਪੁਰ ਕੌਰੀਡੋਰ ਦੀ ਯਾਤਰਾ ਸਮੇਂ ਸ਼ਰਧਾਲੂਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ, ਪੰਜਾਬ ਦੀ ਕਿਸਾਨੀ, ਖ਼ਾਸ ਤੌਰ ਉੱਤੇ ਪਰਾਲੀ ਦਾ ਮੁੱਦਾ, ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਡਿੱਗਦਾ ਪੱਧਰ ਅਤੇ ਕੈਂਸਰ ਸਮੇਤ ਹੋਰ ਕਈ ਮੁੱਦਿਆਂ ਨੂੰ ਚੁੱਕਿਆ।
ਤਸਵੀਰ ਸਰੋਤ, Getty Images
ਪੰਜਾਬ ਦੇ ‘ਸੁਪਰ ਸੀਐੱਮ’ ਦਾ ਸਫ਼ਰ ਤੇ ਬਗਾਵਤ
ਸਾਲ 2022 ਵਿੱਚ ਰਾਘਵ ਚੱਢਾ ਨੂੰ ਸੂਬਾ ਸਰਕਾਰ ਦੀ ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਕਾਂਗਰਸ ਅਤੇ ਅਕਾਲੀ ਦਲ ਨੇ ਤਿੱਖਾ ਵਿਰੋਧ ਕੀਤਾ ਸੀ।
ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਘਵ ਚੱਢਾ ਦੀ ਤਾਰੀਫ਼ ਕਰਦੇ ਹੋਏ ਆਖਿਆ ਸੀ ਕਿ ਉਹ ਇੰਗਲੈਂਡ ਦੇ ਪੜ੍ਹੇ ਲਿਖੇ ਨੌਜਵਾਨ ਹਨ ਅਤੇ ਪੰਜਾਬ ਸਰਕਾਰ ਉਹਨਾਂ ਦੇ ਗਿਆਨ ਦਾ ਫ਼ਾਇਦਾ ਚੁੱਕਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਸਰਕਾਰ ਵੱਲੋਂ ਇੱਕ ਹੋਰ ਪ੍ਰੈਸ ਨੋਟ ਜਾਰੀ ਕੀਤਾ ਗਿਆ, ਜਿਸ ਵਿੱਚ ਇਸ ਗੱਲ ‘ਤੇ ਖ਼ਾਸ ਤੌਰ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਰਾਘਵ ਚੱਢਾ ਦਾ ਪਿਛੋਕੜ ਪੰਜਾਬ ਤੋਂ ਹੈ।
11 ਜੁਲਾਈ 2022 ਦੇ ਪ੍ਰੈੱਸ ਨੋਟ ਮੁਤਾਬਕ ਰਾਘਵ ਚੱਢਾ ਦਾ ਪਰਿਵਾਰਕ ਪਿਛੋਕੜ ਜਲੰਧਰ ਤੋਂ ਹੈ ਅਤੇ ਉਨ੍ਹਾਂ ਦਾ ਪਰਿਵਾਰ ਕੰਮਕਾਜ ਦੇ ਕਾਰਨ ਕੁਝ ਦਹਾਕੇ ਪਹਿਲਾਂ ਦਿੱਲੀ ਚਲਾ ਗਿਆ ਸੀ।
ਪ੍ਰੈੱਸ ਨੋਟ ਮੁਤਾਬਕ, “ਰਾਘਵ ਚੱਢਾ ਆਪਣੀਆਂ ਜੜਾਂ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਨੇ ਦਿੱਲੀ ਦੀ ਪੰਜਾਬੀ ਅਕੈਡਮੀ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਕੰਮ ਕੀਤਾ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ।”
ਇਸ ਤੋਂ ਨਿਯੁਕਤੀ ਤੋਂ ਬਾਅਦ ਰਾਘਵ ਚੱਢਾ ਨੂੰ ਪੰਜਾਬ ਵਿੱਚ “ਸੁਪਰ ਸੀਐੱਮ” ਕਿਹਾ ਜਾਣ ਲੱਗਾ।
ਬਕਾਇਦਾ ਚੰਡੀਗੜ੍ਹ ਦੇ ਸੈਕਟਰ ਦੋ ਸਥਿਤ 50 ਨੰਬਰ ਕੋਠੀ ਉਨ੍ਹਾਂ ਨੂੰ ਅਲਾਟ ਕੀਤੀ ਗਈ, ਜੋ ਆਮ ਤੌਰ ਉੱਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤੀ ਜਾਂਦੀ ਹੈ।
ਤਸਵੀਰ ਸਰੋਤ, Getty Images
ਰਾਘਵ ਚੱਢਾ ਅਕਸਰ ਇਸ ਕੋਠੀ ਵਿੱਚ ਰੁਕਦੇ ਸਨ ਪਰ ਪਿਛਲੇ ਕਰੀਬ ਇੱਕ ਸਾਲ ਤੋਂ ਰਾਘਵ ਚੱਢਾ ਇਸ ਕੋਠੀ ਵਿੱਚ ਰਹਿਣ ਲਈ ਨਹੀਂ ਆਏ।
ਇਹ ਕੋਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਅੰਦਾਜਨ 200 ਮੀਟਰ ਦੀ ਦੂਰੀ ਉੱਤੇ ਹੈ।
ਇਸ ਕਰਕੇ 24 ਅਪ੍ਰੈਲ 2026 ਨੂੰ ਜਦੋਂ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਰਲੇਵੇਂ ਦਾ ਐਲਾਨ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ 50 ਨੰਬਰ ਕੋਠੀ ਦਾ ਜ਼ਿਕਰ ਕੀਤਾ ਸੀ।
ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਨਾਮ ਨਾਲ ਛਾਪਣ ਦੀ ਸ਼ਰਤ ਉੱਤੇ ਦੱਸਿਆ, ”ਪੰਜਾਬ ਵਿੱਚ ਸਰਕਾਰ ਬਣਨ ਦੇ ਪਹਿਲੇ ਤਿੰਨ ਸਾਲ ਰਾਘਵ ਚੱਢਾ ਤੋਂ ਪੁੱਛੇ ਬਿਨਾਂ ਪੱਤਾ ਵੀ ਨਹੀਂ ਸੀ ਹਿੱਲਦਾ।”
ਉਨ੍ਹਾਂ ਮੁਤਾਬਕ ਅਕਸਰ ਪੰਜਾਬ ਦੇ ਸਾਰੇ ਅਹਿਮ ਫ਼ੈਸਲੇ, ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਤਬਾਦਲੇ, ਵੱਖ ਵੱਖ ਬੋਰਡਾਂ ਦੇ ਚੇਅਰਮੈਨ ਅਤੇ ਪਾਰਟੀ ਪੱਧਰ ਉੱਤੇ ਨਿਯੁਕਤੀਆਂ ਬਾਰੇ ਫੈਸਲੇ ਰਾਘਵ ਚੱਢਾ ਤੋਂ ਪੁੱਛੇ ਬਿਨਾਂ ਨਹੀਂ ਸੀ ਅਤੇ ਉਹ ‘ਸੁਪਰ ਸੀਐੱਮ’ ਵਾਂਗ ਆਗੂਆਂ ਨੂੰ ਮਿਲਦੇ ਸਨ।
ਉਨ੍ਹਾਂ ਦੱਸਿਆ ਕਿ ਪਾਰਟੀ ਆਗੂਆਂ ਸਾਹਮਣੇ ਰਾਘਵ ਚੱਢਾ ਬਹੁਤ ਘੱਟ ਅਤੇ ਲੋੜ ਮੁਤਾਬਕ ਬੋਲਦੇ ਸਨ ਅਤੇ ਅਕਸਰ ਉਹ ਲੋਕਾਂ ਕੋਲੋਂ ਦੂਰੀ ਬਣਾ ਕੇ ਰੱਖਦੇ ਸਨ। ਇਸ ਤੋਂ ਇਲਾਵਾ ਆਮ ਲੋਕਾਂ ਵਿੱਚ ਵੀ ਉਹ ਬਹੁਤ ਘੱਟ ਵਿਚਰਦੇ ਸਨ।
ਧਰਾਤਲ ਤੋਂ ਅਣਜਾਣ ਸਿਆਸਤਦਾਨ
ਰਾਘਵ ਚੱਢਾ ਦੇ ਪੰਜਾਬ ਵਿੱਚ ਉਭਾਰ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਦੀ ਸਿਆਸਤ ਨੂੰ ਸਮਝਣ ਵਾਲੇ ਸਿਆਸੀ ਜਾਣਕਾਰਾਂ ਨਾਲ ਗੱਲ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਮੁਤਾਬਕ ਰਾਘਵ ਚੱਢਾ ਅੰਗਰੇਜ਼ੀ ਬੋਲਣ ਵਾਲਾ, ਗੋਰੇ ਚਿੱਟੇ ਪਰ ਪੰਜਾਬ ਦੀ ਰਾਜਨੀਤੀ ਦੇ ਧਰਾਤਲ ਤੋਂ ਅਣਜਾਣ ਚਿਹਰਾ ਹਨ।
ਉਨ੍ਹਾਂ ਮੁਤਾਬਕ, “ਰਾਘਵ ਚੱਢਾ ਦਾ ਸਬੰਧ ਨਾ ਤਾਂ ਵਿਦਿਆਰਥੀ ਚੋਣਾਂ ਨਾਲ ਰਿਹਾ ਹੈ ਅਤੇ ਨਾ ਹੀ ਸਮਾਜਿਕ ਰਾਜਨੀਤੀ ਨਾਲ, ਸਗੋਂ ਉਹ ਵਿਅਕਤੀ ਵਿਸ਼ੇਸ਼ ਵਜੋਂ ਉਭਾਰਿਆ ਹੋਇਆ ਵਿਅਕਤੀ ਸੀ, ਇਸ ਕਰ ਕੇ ਉਸ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਸਨ।”
“ਰਾਘਵ ਚੱਢਾ ਸੋਸ਼ਲ ਮੀਡੀਆ ਦੀ ਰਾਜੀਨਤੀ ਵਾਲੇ ਹਨ ਪਰ ਧਰਾਤਲ ਦੀ ਰਾਜਨੀਤੀ ਤੋਂ ਅਣਜਾਣ ਆਗੂ ਹਨ। ਵਫ਼ਾਦਾਰ ਅਤੇ ਨੌਜਵਾਨ ਹੋਣ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਸੀ, ਕਿ ਉਹ ਉਸ ਤੋਂ ਬਾਹਰ ਨਹੀਂ ਜਾ ਸਕਦਾ, ਜਿਸ ਕਰ ਕੇ ਪੰਜਾਬ ਵਿੱਚ ਉਸ ਨੂੰ ‘ਪਾਵਰ ਫੁੱਲ’ ਬਣਾਇਆ ਗਿਆ ਸੀ।”
ਉਨ੍ਹਾਂ ਆਖਿਆ ਕਿ ਜੋ ਕੰਮ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਤੋਂ ਪੰਜਾਬ ਨੂੰ ਕੰਟ੍ਰੋਲ ਕਰਨ ਲਈ ਲਿਆ ਸੀ, ਹੋ ਸਕਦਾ ਹੈ ਕਿ ਭਾਜਪਾ ਵੀ ਉਸ ਤੋਂ ਇਹੀ ਕੰਮ ਲੇਵੇ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸੰਦੀਪ ਪਾਠਕ ਨੂੰ ਪੰਜਾਬ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਪਰ ਉਹ ਵੀ ਰਾਜਨੀਤੀ ਦੀ ਥਾਂ ਟੈਕਨੀਕਲ ਜ਼ਿਆਦਾ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂਆਂ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਵਿੱਚ ਸਿਰਫ਼ ਸੰਜੇ ਸਿੰਘ ਹੀ ਰਾਜਨੀਤਿਕ ਸਮਝ ਰੱਖਦੇ ਹਨ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਖਿਲਾਰਾ ਪਿਆ ਹੋਇਆ ਹੈ, ਉਸ ਤੋਂ ਸਪਸ਼ਟ ਹੈ ਕਿ ਇਸ ਦੇ ਆਗੂਆਂ ਵਿੱਚ ਵਿਚਾਰਧਾਰਾ ਨਹੀਂ ਹੈ।
ਉਨ੍ਹਾਂ ਮੁਤਾਬਕ, “ਪਹਿਲਾਂ ਰਾਘਵ ਚੱਢਾ ਨੂੰ ਅਥਾਹ ਸ਼ਕਤੀਆਂ ਦਿੱਤੀਆਂ ਗਈਆਂ ਅਤੇ ਹੁਣ ਉਹੀ ਵਿਅਕਤੀ ਪਾਰਟੀ ਉੱਤੇ ਇਲਜ਼ਾਮ ਲਗਾ ਰਿਹਾ ਹੈ। ਇੱਥੋਂ ਸਪਸ਼ਟ ਹੁੰਦਾ ਹੈ ਕਿ ਇਹ ਪਾਰਟੀ ਕਿੰਨੀ ਕੁ ਰਾਜਨੀਤਿਕ ਵਿਚਾਰਧਾਰਾ ਦੀ ਧਾਰਨੀ ਹੈ।”
ਪੱਤਰਕਾਰ ਜਸਪਾਲ ਸਿੱਧੂ ਦੱਸਦੇ ਹਨ, “ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੂੰ ਇਕੱਠਾ ਕਰ ਕੇ ਪਾਰਟੀ ਦਾ ਰੂਪ ਦਿੱਤਾ ਗਿਆ ਹੈ ਅਤੇ ਹੁਣ ਇਹ ਬਿਖਰਨਾ ਸ਼ੁਰੂ ਹੋ ਗਈ ਹੈ ਅਤੇ ਇਸ ਵਿੱਚ ਹੈਰਾਨੀ ਵੀ ਨਹੀਂ ਚਾਹੀਦੀ।”
ਤਸਵੀਰ ਸਰੋਤ, ANI
‘ਆਪ’ ਦੇ ਸੰਸਦ ਮੈਂਬਰਾਂ ਦਾ ਭਾਜਪਾ ‘ਚ ਅਧਿਕਾਰਤ ਤੌਰ ‘ਤੇ ਰਲੇਵਾਂ
ਰਾਜ ਸਭਾ ਦੇ ਸਪੀਕਰ ਸੀਪੀ ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਅਧਿਕਾਰਿਕ ਤੌਰ ‘ਤੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਰੇਲਵਾਂ ਸਵੀਕਾਰ ਕਰ ਲਿਆ ਹੈ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜੀਜੂ ਨੇ ਐਕਸ ਉੱਤੇ ਇਸ ਦੀ ਪੁਸ਼ਟੀ ਕੀਤੀ ਹੈ।
ਜੋ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਹਨਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਸ਼ਾਮਲ ਹਨ।
ਰਾਜ ਸਭਾ ਦੀ ਅਧਿਕਾਰਤ ਵੈੱਬਸਾਈਟ ਉੱਤੇ ਇਹ ਸੱਤ ਮੈਂਬਰ ਹੁਣ ਭਾਜਪਾ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਦਿਖਾਈ ਦੇ ਰਹੇ ਹਨ। ਇਸ ਬਦਲਾਅ ਤੋਂ ਬਾਅਦ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੀ ਗਿਣਤੀ 113 ਹੋ ਗਈ ਹੈ।
ਰਾਘਵ ਚੱਢਾ ਨੇ 24 ਅਪ੍ਰੈਲ ਨੂੰ ਛੇ ਹੋਰ ਸੰਸਦ ਮੈਂਬਰਾਂ ਨਾਲ ਆਮ ਆਦਮੀ ਪਾਰਟੀ ਛੱਡੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰਾਜ ਸਭਾ ਵਿੱਚ ‘ਆਪ’ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਵੇਗਾ।
ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਵੱਖ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਰਾਜ ਸਭਾ ਤੋਂ ਅਯੋਗ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



