Home ਰਾਸ਼ਟਰੀ ਖ਼ਬਰਾਂ ਮੋਗਾ ਜ਼ਿਲ੍ਹੇ ਦੇ ਇਸ ਪਿੰਡ ਵਿੱਚੋਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਰੈਲੀਆਂ...

ਮੋਗਾ ਜ਼ਿਲ੍ਹੇ ਦੇ ਇਸ ਪਿੰਡ ਵਿੱਚੋਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਰੈਲੀਆਂ ਦੀ ਸ਼ੁਰੂਆਤ ਕਿਉਂ ਕਰਦੀਆਂ ਹਨ, ‘ਪਹਿਲੀ ਪਸੰਦ’ ਦਾ ਕੀ ਹੈ ਰਾਜ਼

4
0

Source :- BBC PUNJABI

ਭਗਵੰਤ ਮਾਨ

ਤਸਵੀਰ ਸਰੋਤ, AAP Punjab

ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕਿੱਲੀ ਚਾਹਲਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਲਈ ਰੈਲੀ ਰੱਖੀ ਸੀ। ਇਹ ਅਜਿਹੀ ਪਹਿਲੀ ਰੈਲੀ ਨਹੀਂ ਸੀ, ਜਿਹੜੀ ਇਸ ਪਿੰਡ ਵਿੱਚ ਹੋਈ ਹੋਵੇ।

ਇਸ ਤੋਂ ਪਹਿਲਾਂ ਇੱਥੇ ਕਈ ਸਾਲਾਂ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਰੈਲੀਆਂ ਹੁੰਦੀਆਂ ਆ ਰਹੀਆਂ ਹਨ।

ਦਰਅਸਲ ਕਿੱਲੀ ਚਾਹਲਾਂ ਪਿੰਡ ਸਿਆਸੀ ਰੈਲੀਆਂ ਅਤੇ ਇਕੱਠ ਲਈ ਰਾਜਨੀਤਕ ਪਾਰਟੀਆਂ ਦੀ ‘ਪਹਿਲੀ ਪਸੰਦ’ ਹੈ। ਇਸ ਪਿੰਡ ਨੂੰ ਰਾਜਨੀਤਕ ਪਾਰਟੀਆਂ ਦੀ ਚੋਣ ਮੁਹਿੰਮ ਦੀ ਲਾਂਚਿੰਗ ਪੈਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰੀ ਇਸ ਪਿੰਡ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਦੌਰਾਨ ਬਹੁਤ ਵਾਰੀ ਉਸ ਨੂੰ ਜਿੱਤ ਨਸੀਬ ਹੋਈ ਸੀ।

ਰਾਜਨੀਤਿਕ ਪਾਰਟੀਆਂ ਦੀ ਪਸੰਦ ਕਿਉਂ ਹੈ ਪਿੰਡ ਕਿੱਲੀ ਚਾਹਲਾਂ

ਸਥਾਨਕ ਲੋਕਾਂ ਮੁਤਾਬਕ ਇਸ ਪਿੰਡ ਦੀ ਭੂਗੋਲਿਕ ਸਥਿਤੀ ਇਸ ਨੂੰ ਪਾਰਟੀਆਂ ਦੀ ਪਹਿਲੀ ਪਸੰਦ ਬਣਾਉਂਦੀ ਹੈ।

ਕਿੱਲੀ ਚਾਹਲਾਂ ਪਿੰਡ ਦੇ ਵਸਨੀਕ ਬਖਤੌਰ ਸਿੰਘ ਕਹਿੰਦੇ ਹਨ, “ਇਹ ਪਿੰਡ ਫ਼ਿਰੋਜ਼ਪੁਰ-ਲੁਧਿਆਣਾ ਹਾਈਵੇਅ ਉੱਤੇ ਸਥਿਤ ਹੈ ਅਤੇ ਰੈਲੀ ਜਾਂ ਸਿਆਸੀ ਇਕੱਠ ਲਈ ਲੋੜੀਂਦੀ ਜ਼ਮੀਨ ਵੀ ਆਸਾਨੀ ਨਾਲ ਮਿਲ ਜਾਂਦੀ ਹੈ।”

ਉਹ ਕਹਿੰਦੇ ਹਨ, “ਇਹ ਪਿੰਡ ਕਈ ਪਾਸਿਆਂ ਤੋਂ ਪੰਜਾਬ ਦੇ ਲਗਭਗ ਕੇਂਦਰ ਵਿੱਚ ਪੈਂਦਾ ਹੈ। ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਤੋਂ ਕਿੱਲੀ ਚਾਹਲਾਂ ਪਿੰਡ ਇੱਕੋ ਜਿਹੀ ਦੂਰੀ ਉੱਤੇ ਹੈ।”

“ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਹਿੱਸਿਆਂ, ਮਾਲਵਾ, ਮਾਝਾ ਅਤੇ ਦੁਆਬਾ, ਤੋਂ ਵੀ ਇੱਥੇ ਪੁੱਜਣਾ ਆਸਾਨ ਹੈ। ਪੰਜਾਬ ਦੇ ਸਾਰੇ ਪਾਸਿਆਂ ਤੋਂ ਇੱਥੇ ਪੁੱਜਣ ਉੱਤੇ ਲਗਭਗ ਇੱਕੋ ਜਿਹਾ ਸਮਾਂ ਲੱਗਦਾ ਹੈ।”

ਇਸੇ ਪਿੰਡ ਦੇ ਵਸਨੀਕ ਰਾਮ ਸਿੰਘ ਕਹਿੰਦੇ ਹਨ ਕਿ ਇੱਥੇ ਹਾਈਵੇਅ ਦੇ ਨਜ਼ਦੀਕ ਪਾਰਕਿੰਗ ਦਾ ਪ੍ਰਬੰਧ ਹੋ ਜਾਂਦਾ ਹੈ।

ਉਹ ਅੱਗੇ ਕਹਿੰਦੇ ਹਨ, “ਜਦੋਂ ਕੋਈ ਰੈਲੀ ਹੁੰਦੀ ਹੈ ਤਾਂ ਕਈ ਵੱਡੇ ਸਿਆਸੀ ਲੀਡਰ ਸ਼ਿਰਕਤ ਕਰਦੇ ਹਨ। ਕਈ ਵੱਡੇ ਸਿਆਸੀ ਲੀਡਰ ਹੈਲੀਕਾਪਟਰ ਰਾਹੀਂ ਸਥਾਨ ‘ਤੇ ਪੁੱਜਦੇ ਹਨ। ਹੋਰਨਾਂ ਸਥਾਨਾਂ ਉੱਤੇ ਰੈਲੀ ਦੌਰਾਨ ਹੈਲੀਕਾਪਟਰ ਦੀ ਲੈਂਡਿੰਗ ਵਾਸਤੇ ਜਗ੍ਹਾ ਨਹੀਂ ਮਿਲਦੀ। ਪਰ ਇੱਥੇ ਪਿੰਡ ਦੇ ਸਟੇਡੀਅਮ ਜਾਂ ਰੈਲੀ ਕੋਲ ਆਸਾਨੀ ਨਾਲ ਹੈਲੀਕਾਪਟਰ ਉੱਤਰ ਜਾਂਦਾ ਹੈ।”

ਰੈਲੀਆਂ ਦੀ ਸ਼ੁਰੂਆਤ ਕਿਸ ਪਾਰਟੀ ਨੇ ਕੀਤੀ

ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ

ਤਸਵੀਰ ਸਰੋਤ, Shiromani Akali Dal/YT

ਮੋਗਾ ਦੇ ਵਸਨੀਕ ਅਤੇ ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਰੱਤੀਆਂ ਪਿਛਲੇ ਕਈ ਦਹਾਕਿਆਂ ਤੋਂ ਸਿਆਸੀ ਸਰਗਰਮੀਆਂ ਨੂੰ ਕਵਰ ਕਰ ਰਹੇ ਹਨ।

ਉਹ ਕਹਿੰਦੇ ਹਨ, “ਮੋਗਾ ਜ਼ਿਲ੍ਹਾ ਇੱਕ ਤਾਂ ਪੰਜਾਬ ਦੇ ਕੇਂਦਰ ਵਿੱਚ ਹੈ। ਦੂਜਾ ਇਹ ਜ਼ਿਲ੍ਹਾ ਰਾਜਨੀਤਿਕ, ਸਮਾਜਿਕ ਅਤੇ ਕਿਸਾਨੀ ਸਰਗਰਮੀਆਂ ਦਾ ਧੁਰਾ ਰਿਹਾ ਹੈ। ਇਸ ਜ਼ਿਲ੍ਹੇ ਤੋਂ ਕਈ ਗਦਰੀ ਬਾਬੇ ਵੀ ਹੋਏ ਹਨ।”

ਉਹ ਅੱਗੇ ਕਹਿੰਦੇ ਹਨ, “ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਿੱਲੀ ਚਾਹਲਾਂ ਵਿੱਚ ਰੈਲੀ ਕੀਤੀ ਸੀ ਅਤੇ ਉਹ ਸਰਕਾਰ ਬਣਾਉਣ ਵਿੱਚ ਸਫਲ ਰਿਹਾ ਸੀ। ਉਸ ਮਗਰੋਂ ਹੋਰ ਰਾਜਨੀਤਿਕ ਪਾਰਟੀਆਂ ਵੀ ਇੱਥੇ ਰੈਲੀਆਂ ਕਰਨ ਲੱਗ ਪਈਆਂ।”

ਸ਼੍ਰੋਮਣੀ ਅਕਾਲੀ ਦਲ ਦਾ ਪਸੰਦੀਦਾ ਸਥਾਨ

ਸਾਲ 2006 ਅਤੇ 2011 ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਇਸੇ ਪਿੰਡ ਤੋਂ ਕੀਤੀ ਸੀ।

ਇੱਥੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਮਗਰੋਂ ਦੋਵੇਂ ਵਾਰੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਾਲ 2007 ਅਤੇ 2012 ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਇਆ ਸੀ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Shiromani Akali Dal/YT

ਪ੍ਰਕਾਸ਼ ਸਿੰਘ ਬਾਦਲ ਦੇ 89ਵੇਂ ਜਨਮ ਦਿਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ 8 ਦਸੰਬਰ, 2016 ਨੂੰ ਕਿੱਲੀ ਚਾਹਲਾਂ ਵਿੱਚ ਇੱਕ ਵਿਸ਼ਾਲ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਕੀਤੀ ਸੀ।

ਹਾਲਾਂਕਿ ਅਕਾਲੀ ਦਲ ਇਸ ਵਾਰ ਸਰਕਾਰ ਨਹੀਂ ਬਣਾ ਸਕਿਆ ਸੀ।

ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਸ਼੍ਰੋਮਣੀ ਅਕਾਲੀ ਦਲ ਨੇ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2021 ਵਿੱਚ ਵੀ ਕਿੱਲੀ ਚਾਹਲਾਂ ਵਿੱਚ ਰੈਲੀ ਕੀਤੀ ਸੀ। ਪਰ ਇਸ ਵਾਰ ਵੀ ਪਾਰਟੀ ਸਰਕਾਰ ਨਹੀਂ ਬਣਾ ਸਕੀ।

ਕਾਂਗਰਸ ਦੀਆਂ ਰੈਲੀਆਂ

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਕਾਂਗਰਸ ਨੇ ਕਿੱਲੀ ਚਾਹਲਾਂ ਤੋਂ ਲੋਕ ਸਭਾ ਚੋਣਾਂ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ 2019 ਵਿੱਚ ਕਿੱਲੀ ਚਾਹਲਾਂ ਵਿੱਚ ਹੋਈ ਰੈਲੀ ਨੂੰ ਸੰਬੋਧਨ ਕੀਤਾ ਸੀ।

ਇਸ ਤੋਂ ਇਲਾਵਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਕਿੱਲੀ ਚਾਹਲਾਂ ਤੋਂ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਰੋਨਾ ਦੀਆਂ ਪਾਬੰਦੀਆਂ ਕਾਰਨ ਇਹ ਰੈਲੀ ਰੱਦ ਹੋ ਗਈ ਸੀ।

‘ਆਪ’ ਦੀ ਪਹਿਲੀ ਰੈਲੀ

ਪੱਤਰਕਾਰ ਦਾ ਬਿਆਨ

16 ਫਰਵਰੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਦੀ ਸ਼ੁਰੂਆਤ ਲਈ ਇੱਥੇ ਇੱਕ ਵੱਡੀ ਰੈਲੀ ਕੀਤੀ ਹੈ।

ਇਸ ਰੈਲੀ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ ਸੀ।

ਭਗਵੰਤ ਮਾਨ ਨੇ ਪੰਜਾਬ ਵਿੱਚ ਨਸ਼ਿਆਂ ਲਈ ਪਿਛਲੀਆਂ ਸਰਕਾਰਾਂ ਉੱਪਰ ਨਿਸ਼ਾਨੇ ਸਾਧੇ ਅਤੇ ਅਗਲੇ ਪੜਾਅ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਸਕੂਲੀ ਪੱਧਰ ‘ਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਧਿਆਨ ਦੇਣ ਉੱਪਰ ਜ਼ੋਰ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI