Home ਰਾਸ਼ਟਰੀ ਖ਼ਬਰਾਂ ‘ਮੈਂ 40 ਮਿੰਟਾਂ ਲਈ ਮਰ ਗਿਆ ਸੀ’, ਹਾਰਟ ਅਟੈਕ ਤੋਂ ਬਾਅਦ ਹੋਈਆਂ...

‘ਮੈਂ 40 ਮਿੰਟਾਂ ਲਈ ਮਰ ਗਿਆ ਸੀ’, ਹਾਰਟ ਅਟੈਕ ਤੋਂ ਬਾਅਦ ਹੋਈਆਂ ਹੋਰ ਕਈ ਬਿਮਾਰੀਆਂ ਤੋਂ ਬਚਿਆ ਸ਼ਖ਼ਸ ਹੁਣ ਇਓਂ ਜਿਉਂ ਰਿਹਾ ਜ਼ਿੰਦਗੀ

8
0

Source :- BBC PUNJABI

 ਪੈਟ੍ਰਿਕ ਚਾਰਨਲੀ

ਮੌਤ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੰਦੀ। ਪਰ ਇਸ ਵਿਅਕਤੀ ਨਾਲ ਜੋ ਵਾਪਰਿਆ, ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।

ਕਾਰਪੋਰੇਟ ਵਕੀਲ ਵਜੋਂ ਵੱਡੀਆਂ ਕੰਪਨੀਆਂ ਨਾਲ ਕੰਮ ਕਰਨ ਵਾਲੇ ਪੈਟ੍ਰਿਕ ਨੂੰ ਖਾਲ੍ਹੀ ਬੈਠਣਾ ਪਸੰਦ ਨਹੀਂ ਸੀ। ਕਰੀਅਰ ਵਿੱਚ ਕਾਮਯਾਬੀ ਦੀ ਲਗਨ ਉਨ੍ਹਾਂ ਨੂੰ ਹਰ ਵੇਲੇ ਮਸਰੂਫ਼ ਰੱਖਦੀ ਸੀ। ਉਹ ਹਮੇਸ਼ਾ ਹੋਰ ਬਿਹਤਰ ਕਰਨ ਦੀ ਦੌੜ ਵਿੱਚ ਸ਼ਾਮਲ ਰਹਿੰਦੇ ਸਨ।

2021 ਵਿੱਚ ਕੋਰੋਨਾ ਦੌਰਾਨ ਉਨ੍ਹਾਂ ਨੇ ਘੰਟਿਆਂ ਤੱਕ ਕੰਮ ਕੀਤਾ। ਇੱਕ ਦਿਨ ਸੋਫ਼ੇ ‘ਤੇ ਬੈਠਿਆਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਦੋ ਬੱਚਿਆਂ ਦੇ ਪਿਤਾ, ਸਿਰਫ਼ 39 ਸਾਲ ਦੀ ਉਮਰ ਅਤੇ ਹਾਰਟ ਅਟੈਕ।

ਉਹ ਰੋਜ਼ਾਨਾ ਵਾਂਗ ਇੱਕ ਆਮ ਸ਼ਾਮ ਸੀ। ਪੈਟ੍ਰਿਕ ਸੋਫ਼ੇ ‘ਤੇ ਬੈਠੇ ਸੌਸੇਜ ਅਤੇ ਚਿਪਸ ਖਾ ਰਹੇ ਸਨ। ਅਚਾਨਕ ਉਹ ਬੇਹੋਸ਼ ਹੋ ਗਏ।

ਜੈਨੇਟਿਕ ਕਾਰਨਾਂ ਕਰਕੇ ਉਨ੍ਹਾਂ ਦਾ ਦਿਲ ਧੜਕਣਾ ਬੰਦ ਹੋ ਗਿਆ। ਪੈਟ੍ਰਿਕ 40 ਮਿੰਟ ਲਈ ਕਲੀਨਿਕਲੀ ਮ੍ਰਿਤ ਰਹੇ। ਉਨ੍ਹਾਂ ਦੀ ਪਤਨੀ ਨੇ ਤੁਰੰਤ ਸੀਪੀਆਰ ਦੇਣਾ ਸ਼ੁਰੂ ਕੀਤਾ। 9 ਸਾਲ ਦੀ ਧੀ ਅਤੇ 7 ਸਾਲ ਦਾ ਪੁੱਤਰ ਮਦਦ ਲੈਣ ਲਈ ਬਾਹਰ ਦੌੜੇ।

ਮੈਡੀਕਲ ਟੀਮ ਵੱਲੋਂ ਇਲੈਕਟ੍ਰਿਕ ਝਟਕਿਆਂ ਦੇ ਰਾਹੀਂ ਦਿਲ ਨੂੰ ਮੁੜ ਧੜਕਾਉਣ ਦੀਆਂ ਕੋਸ਼ਿਸ਼ਾਂ ਵਾਰ-ਵਾਰ ਅਸਫ਼ਲ ਰਹੀਆਂ। ਪੈਟ੍ਰਿਕ ਨੂੰ ਜ਼ਿੰਦਾ ਰੱਖਣ ਦੀ ਉਮੀਦ ਧੁੰਦਲੀ ਪੈਂਦੀ ਜਾ ਰਹੀ ਸੀ। ਆਖ਼ਰੀ ਕੋਸ਼ਿਸ਼ ਵਜੋਂ ਮੈਡੀਕਲ ਟੀਮ ਨੇ ਐਡਰੇਨੇਲਿਨ ਦੇ ਇੰਜੈਕਸ਼ਨ ਵੀ ਲਗਾਏ।

ਪੈਟ੍ਰਿਕ ਦੱਸਦੇ ਹਨ, “ਲਗਾਤਾਰ ਕਈ ਵਾਰ ਮੈਨੂੰ ਇਲੈਕਟ੍ਰਿਕ ਝਟਕੇ ਦਿੱਤੇ ਗਏ। ਮੇਰੀ ਪਤਨੀ ਨੂੰ ਲੱਗਿਆ ਕਿ ਉਸਨੇ ਮੈਨੂੰ ਗੁਆ ਦਿੱਤਾ ਹੈ, ਪਰ ਅਚਾਨਕ ਮੇਰਾ ਦਿਲ ਦੁਬਾਰਾ ਧੜਕਣ ਲੱਗ ਪਿਆ।”

ਕਰੀਬ ਇੱਕ ਹਫ਼ਤਾ ਪੈਟ੍ਰਿਕ ਕੋਮਾ ਵਿੱਚ ਰਹੇ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਉਹ ਪਹਿਲਾਂ ਵਰਗੇ ਨਹੀਂ ਰਹੇ ਸਨ। ਦਿਮਾਗ਼ੀ ਸੱਟ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ, ਯਾਦਦਾਸ਼ਤ ਅਤੇ ਸਰੀਰਕ ਸਮਰੱਥਾ ‘ਤੇ ਗੰਭੀਰ ਅਸਰ ਪਿਆ।

ਹੁਣ ਪੈਟ੍ਰਿਕ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਸਨ, ਜਿਵੇਂ ਪਹਿਲਾਂ ਕਰਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਜ਼ਿੰਦਗੀ ਅਤੇ ਰਿਸ਼ਤਿਆਂ ਦੇ ਹੋਰ ਨੇੜੇ ਲਿਆ ਦਿੱਤਾ ਹੈ।

‘ਰੇਡੀ ਟੂ ਟਾਕ’ ਪੋਡਕਾਸਟ ਦੌਰਾਨ ਐਮਾ ਬਾਰਨੈਟ ਨਾਲ ਗੱਲ ਕਰਦਿਆਂ ਪੈਟ੍ਰਿਕ ਕਹਿੰਦੇ ਹਨ ਕਿ ਜ਼ਿੰਦਗੀ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਇਸ ਨਜ਼ਰੀਏ ਨੂੰ ਉਹ ਕਿਸੇ ਕੀਮਤ ‘ਤੇ ਨਹੀਂ ਬਦਲਣਾ ਚਾਹੁੰਦੇ, ਭਾਵੇਂ ਉਨ੍ਹਾਂ ਨੂੰ ਪੁਰਾਣੀ ਜ਼ਿੰਦਗੀ ਮੁੜ ਜਿਉਣ ਦਾ ਮੌਕਾ ਹੀ ਕਿਉਂ ਨਾ ਮਿਲੇ।

‘ਜਦੋਂ ਹੋਸ਼ ਆਇਆ ਤਾਂ ਮੈਨੂੰ ਦਿਸਣਾ ਬੰਦ ਹੋ ਗਿਆ ਸੀ’

 ਪੈਟ੍ਰਿਕ ਚਾਰਨਲੀ

ਤਸਵੀਰ ਸਰੋਤ, Patrick Charnley

“ਹੁਣ ਤੱਕ ਜੋ ਵੀ ਵਾਪਰਿਆ, ਉਸਨੂੰ ਸਵੀਕਾਰ ਕਰਨਾ ਬਹੁਤ ਹੀ ਦੁਖਦਾਈ ਸੀ।”

ਕੋਮਾ ਤੋਂ ਬਾਹਰ ਆਉਣ ਦੇ ਪਲ ਨੂੰ ਯਾਦ ਕਰਦਿਆਂ ਪੈਟ੍ਰਿਕ ਦੱਸਦੇ ਹਨ, “ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ ਤਾਂ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਮੈਂ ਜੋ ਕੁਝ ਵੀ ਮਹਿਸੂਸ ਕਰ ਰਿਹਾ ਸੀ, ਉਹ ਅਪਨਾਉਣਾ ਔਖਾ ਲੱਗ ਰਿਹਾ ਸੀ।”

ਅੱਖਾਂ ਦੀ ਰੌਸ਼ਨੀ ਚਲੀ ਜਾਣ ਕਾਰਨ ਉਨ੍ਹਾਂ ਨੂੰ ਅਜਿਹੇ ਭਰਮ ਹੋਣ ਲੱਗੇ ਜਿਨ੍ਹਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਸੀ। ਇਸ ਅਵਸਥਾ ਨੂੰ ‘ਚਾਰਲਸ ਬੋਨੇਟ ਸਿੰਡ੍ਰੋਮ’ ਕਿਹਾ ਜਾਂਦਾ ਹੈ। ਇਸ ਵਿੱਚ ਅਚਾਨਕ ਨਜ਼ਰ ਜਾਣ ‘ਤੇ ਦਿਮਾਗ਼ ਆਪਣੇ ਆਪ ਤਸਵੀਰਾਂ ਬਣਾਉਣ ਲੱਗਦਾ ਹੈ।

ਪੈਟ੍ਰਿਕ ਦੱਸਦੇ ਹਨ ਕਿ ਕੁਝ ਭਰਮ ਬੇਹੱਦ ਡਰਾਉਣੇ ਹੁੰਦੇ ਸਨ, ਜਦਕਿ ਕੁਝ ਬਹੁਤ ਸ਼ਾਂਤਮਈ ਅਤੇ ਹੈਰਾਨੀਜਨਕ ਤੌਰ ‘ਤੇ ਖੂਬਸੂਰਤ ਸਨ।

ਇੱਕ ਭਰਮ ਨੂੰ ਯਾਦ ਕਰਦਿਆਂ ਪੈਟ੍ਰਿਕ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਓਪਨ ਹਾਰਟ ਸਰਜਰੀ ਹੋ ਰਹੀ ਸੀ, ਉਸ ਸਮੇਂ ਉਨ੍ਹਾਂ ਨੂੰ ਲੱਗਿਆ ਕਿ ਇੱਕ ਅਮਰੀਕੀ ਨਰਸ ਉਨ੍ਹਾਂ ਦਾ ਕਤਲ ਕਰਨਾ ਚਾਹੁੰਦੀ ਹੈ।

ਦੂਜੇ ਪਾਸੇ, ਕੁਝ ਭਰਮ ਉਨ੍ਹਾਂ ਨੂੰ ਡੂੰਘੀ ਸ਼ਾਂਤੀ ਦਾ ਅਹਿਸਾਸ ਕਰਵਾਉਂਦੇ ਸਨ। ਇੱਕ ਭਰਮ ਉਨ੍ਹਾਂ ਨੂੰ ਅਜਿਹੀ ਸ਼ਾਂਤ ਜਗ੍ਹਾ ‘ਤੇ ਲੈ ਗਿਆ ਜਿੱਥੇ ਉਹ ਬਰਫ਼ ਨਾਲ ਢਕੇ ਪਹਾੜ ਵੇਖ ਰਹੇ ਸਨ, ਹਾਲਾਂਕਿ ਨਰਸਾਂ ਦੀ ਗੱਲਬਾਤ ਉਨ੍ਹਾਂ ਨੂੰ ਸਪਸ਼ਟ ਸੁਣਾਈ ਦੇ ਰਹੀ ਸੀ। ਅਜਿਹੇ ਭਰਮ ਉਨ੍ਹਾਂ ਨੂੰ ਸੁਰੱਖਿਆ ਅਤੇ ਸਹਿਜਤਾ ਦਾ ਅਹਿਸਾਸ ਦਿੰਦੇ ਸਨ।

ਜਿਵੇਂ-ਜਿਵੇਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਲੱਗੀ, ਡਾਕਟਰਾਂ ਨੇ ਮਹਿਸੂਸ ਕੀਤਾ ਕਿ ਨਜ਼ਰ ਜਾਣ ਦਾ ਕਾਰਨ ਦਿਮਾਗੀ ਸੱਟ ਸੀ। ਹਾਲਾਂਕਿ ਉਨ੍ਹਾਂ ਨੂੰ ਅਜੇ ਵੀ ਬਹੁਤ ਘੱਟ ਦਿਸਦਾ ਸੀ, ਜਿਵੇਂ ਕੋਈ ਟੈਲੀਸਕੋਪ ਰਾਹੀਂ ਦੇਖ ਰਿਹਾ ਹੋਵੇ।

ਸ਼ੁਰੂਆਤੀ ਬੌਧਿਕ ਟੈਸਟਾਂ ਦੌਰਾਨ ਡਾਕਟਰਾਂ ਨੇ ਯਾਦਦਾਸ਼ਤ ਅਤੇ ਸਮਝਣ ਦੀ ਸਮਰੱਥਾ ਦੇ ਮਾਮਲੇ ਵਿੱਚ ਪੈਟ੍ਰਿਕ ਨੂੰ ਸਭ ਤੋਂ ਹੇਠਲੇ 2 ਫੀਸਦ ਦੇ ਪੈਮਾਨੇ ਵਿੱਚ ਰੱਖਿਆ। ਪਹਿਲਾਂ ਨਾਲੋਂ ਹੁਣ ਕਾਫ਼ੀ ਸੁਧਾਰ ਹੈ, ਪਰ ਅਜੇ ਵੀ ਉਨ੍ਹਾਂ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਜਾਣਕਾਰੀ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਸਾਰੀਆਂ ਪਰੇਸ਼ਾਨੀਆਂ ਘਰ ਵਾਪਸੀ ‘ਤੇ ਹੋਰ ਵੀ ਜ਼ਿਆਦਾ ਮਹਿਸੂਸ ਹੋਣ ਲੱਗੀਆਂ।

‘ਮੈਂ ਹੁਣ ਜ਼ਿੰਦਗੀ ਹੋਰ ਖੁੱਲ੍ਹਕੇ ਜਿਉਂਦਾ ਹਾਂ’

 ਪੈਟ੍ਰਿਕ ਚਾਰਨਲੀ

ਅਥਾਹ ਥਕਾਵਟ ਦਾ ਮਤਲਬ ਹੈ ਕਿ ਊਰਜਾ ਬਹੁਤ ਸੋਚ-ਵਿਚਾਰ ਨਾਲ ਵਰਤਣੀ ਪੈਂਦੀ ਹੈ। ਪੈਟ੍ਰਿਕ ਕਹਿੰਦੇ ਹਨ, “ਮੈਂ ਕਦੇ ਵੀ ਸਵੇਰੇ ਉੱਠਦਿਆਂ ਊਰਜਾਮਈ ਮਹਿਸੂਸ ਨਹੀਂ ਕੀਤਾ। ਹਰ ਦਿਨ ਦੀ ਸ਼ੁਰੂਆਤ ਥਕਾਵਟ ਨਾਲ ਹੁੰਦੀ ਹੈ ਅਤੇ ਜਿਵੇਂ-ਜਿਵੇਂ ਦਿਨ ਅੱਗੇ ਵੱਧਦਾ ਹੈ, ਥਕਾਵਟ ਵੀ ਵੱਧਦੀ ਜਾਂਦੀ ਹੈ।”

ਮਾਨਸਿਕ ਤੌਰ ‘ਤੇ ਵੀ ਉਨ੍ਹਾਂ ਨੂੰ ਕਈ ਬਦਲਾਵਾਂ ਨਾਲ ਆਪਣੇ ਆਪ ਨੂੰ ਢਾਲਣਾ ਪਿਆ। ਸਿਹਤਯਾਬੀ ਦੇ ਸ਼ੁਰੂਆਤੀ ਪੜਾਅ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਰਹੀ।

ਇਹ ਡਿਪ੍ਰੈਸ਼ਨ ਨਹੀਂ ਸੀ, ਸਗੋਂ “ਪੈਥੋਲੋਜਿਕਲ ਅਪੈਥੀ” ਸੀ। ਉਹ ਆਪਣੇ ਆਪ ਨੂੰ ਇੰਝ ਮਹਿਸੂਸ ਕਰਦੇ ਸਨ ਜਿਵੇਂ ਬਿਨਾਂ ਕਿਸੇ ਮਜ਼ਬੂਤ ਆਧਾਰ ਦੇ ਸਿਰਫ਼ ਸਮੇਂ ਦੇ ਨਾਲ ਅੱਗੇ ਵਧ ਰਹੇ ਹੋਣ।

ਥੈਰੇਪੀ ਅਤੇ ਦਵਾਈਆਂ ਦੀ ਮਦਦ ਨਾਲ ਹੌਲੀ-ਹੌਲੀ ਉਹ ਜ਼ਿੰਦਗੀ ਜਿਉਣ ਲਈ ਦੁਬਾਰਾ ਪ੍ਰੇਰਿਤ ਹੋਏ। ਮਨੋਵਿਗਿਆਨੀ ਉਨ੍ਹਾਂ ਨੂੰ ਸਮਝਾਉਂਦੇ ਸਨ ਕਿ ਉਹ ਆਪਣੀ ਜ਼ਿੰਦਗੀ ਗੁਆ ਸਕਦੇ ਸਨ।

ਫਿਰ ਵੀ ਪੈਟ੍ਰਿਕ ਕਹਿੰਦੇ ਹਨ ਕਿ ਉਹ ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰਦੇ ਹਨ ਅਤੇ ਆਪਣੇ ਹਮਉਮਰ ਲੋਕਾਂ ਵਾਂਗ ਸਮਾਜ ਵਿੱਚ ਸਰਗਰਮ ਰਹਿਣ ਅਤੇ ਬੱਚਿਆਂ ਨਾਲ ਪਹਿਲਾਂ ਵਾਂਗ ਖੇਡਣ ਦੀ ਕਮੀ ਮਹਿਸੂਸ ਕਰਦੇ ਹਨ।

ਉਨ੍ਹਾਂ ਨੂੰ ਆਪਣੀ ਪਤਨੀ ਲਈ ਵੀ ਅਫ਼ਸੋਸ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੀ ਯਾਦਦਾਸ਼ਤ ਦੀ ਜ਼ਿੰਮੇਵਾਰੀ ਜਿਵੇਂ ਪਤਨੀ ਨੂੰ ਹੀ ਸੌਂਪ ਦਿੱਤੀ ਹੋਵੇ। ਉਹ ਮੰਨਦੇ ਹਨ ਕਿ ਅਸਲ ਵਿੱਚ ਉਨ੍ਹਾਂ ਦੀ ਪਤਨੀ ਹੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।

‘ਮੈਂ ਇੰਝ ਜ਼ਿੰਦਗੀ ਜਿਉਂ ਰਿਹਾ ਹਾਂ ਜਿਵੇਂ ਮੈਂ ਬਹੁਤ ਬਜ਼ੁਰਗ ਹੋ ਗਿਆ ਹਾਂ’

 ਪੈਟ੍ਰਿਕ ਚਾਰਨਲੀ

ਤਸਵੀਰ ਸਰੋਤ, Patrick Charnley

ਪੈਟ੍ਰਿਕ ਕਹਿੰਦੇ ਹਨ ਕਿ ਇਨ੍ਹਾਂ ਸਾਰੇ ਬਦਲਾਵਾਂ ਦੇ ਬਾਵਜੂਦ ਉਹ ਆਪਣੀ ਮੌਜੂਦਾ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਵੱਧ ਤਵੱਜੋ ਦਿੰਦੇ ਹਨ। ਉਨ੍ਹਾਂ ਨੇ ਆਪਣਾ ਕਰੀਅਰ ਬਦਲ ਲਿਆ ਹੈ ਅਤੇ ਹੁਣ ਲੇਖਕ ਬਣ ਗਏ ਹਨ। ਹੁਣ ਉਨ੍ਹਾਂ ਕੋਲ ਜ਼ਿੰਦਗੀ ਜਿਉਣ ਲਈ ਪਹਿਲਾਂ ਨਾਲੋਂ ਵੱਧ ਸਮਾਂ ਹੈ।

“ਮੈਂ ਹੁਣ ਜ਼ਿੰਦਗੀ ਦੀ ਰਫ਼ਤਾਰ ਹੌਲੀ ਕਰ ਲਈ ਹੈ। ਇਹ ਮੇਰੀ ਚੋਣ ਨਹੀਂ ਸੀ, ਪਰ ਲੋੜ ਬਣ ਗਈ। ਮੈਂ ਇਸ ਨਵੀਂ ਜ਼ਿੰਦਗੀ ਦੀ ਕਦਰ ਕਰਦਾ ਹਾਂ। ਹੁਣ ਮੈਂ ਆਪਣੇ ਆਸ-ਪਾਸ ਦੀ ਖੂਬਸੂਰਤੀ ਨੂੰ ਪਹਿਲਾਂ ਨਾਲੋਂ ਵੱਧ ਡੂੰਘਾਈ ਨਾਲ ਮਹਿਸੂਸ ਕਰਦਾ ਹਾਂ। ਜਦੋਂ ਜ਼ਿੰਦਗੀ ਦੀ ਰਫ਼ਤਾਰ ਮੱਧਮ ਹੋ ਜਾਂਦੀ ਹੈ, ਤਾਂ ਜੀਵਨ ਦਾ ਤਜ਼ਰਬਾ ਹੋਰ ਡੂੰਘਾ ਹੋ ਜਾਂਦਾ ਹੈ।”

ਉਨ੍ਹਾਂ ਦਾ ਜੀਵਨ ਪ੍ਰਤੀ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਉਹ ਆਪਣੀ ਹੋਂਦ ਦੀ ਕਦਰ ਕਰਦੇ ਹਨ।

ਪਰਿਵਾਰ ਨਾਲ ਉਨ੍ਹਾਂ ਦੇ ਸਬੰਧ ਵੀ ਪਹਿਲਾਂ ਨਾਲੋਂ ਕਾਫ਼ੀ ਮਜ਼ਬੂਤ ਹੋ ਗਏ ਹਨ। ਹੁਣ ਉਹ ਆਪਣੇ ਹਾਲਾਤਾਂ ‘ਤੇ ਮੁਸਕੁਰਾਉਣਾ ਸਿੱਖ ਗਏ ਹਨ।

ਪੈਟ੍ਰਿਕ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਅਸੀਂ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਏ ਹਾਂ। ਜੋ ਕੁਝ ਵੀ ਵਾਪਰਿਆ, ਉਸਨੇ ਸਾਨੂੰ ਇੱਕ-ਦੂਜੇ ਦੇ ਬੇਹੱਦ ਨੇੜੇ ਲਿਆ ਦਿੱਤਾ।”

“ਮੇਰੇ ਲਈ ਹਮੇਸ਼ਾ ਤੋਂ ਮੇਰਾ ਪਰਿਵਾਰ ਸਭ ਤੋਂ ਅਹਿਮ ਰਿਹਾ ਹੈ, ਪਰ ਹੁਣ ਮੈਂ ਪਹਿਲਾਂ ਨਾਲੋਂ ਵੱਧ ਸਮਾਂ ਪਰਿਵਾਰ ਨਾਲ ਬਿਤਾਉਂਦਾ ਹਾਂ। ਪਹਿਲਾਂ ਮੈਂ ਇੰਨਾ ਸਮਰਪਿਤ ਨਹੀਂ ਸੀ।”

ਪੈਟ੍ਰਿਕ ਨਾਲ ਜੋ ਵਾਪਰਿਆ, ਉਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੀ ਦੌੜ-ਭੱਜ ਤੋਂ ਦੂਰ ਹੋਣ ਦਾ ਮੌਕਾ ਮਿਲਿਆ।

ਪੈਟ੍ਰਿਕ ਕਹਿੰਦੇ ਹਨ, “ਬਹੁਤੇ ਲੋਕ ਸੋਚਦੇ ਹਨ ਕਿ ਉਨ੍ਹਾਂ ਕੋਲ ਜ਼ਿੰਦਗੀ ਜਿਉਣ ਦਾ ਸਮਾਂ ਨਹੀਂ। ਮੇਰੇ ਨਾਲ ਜੋ ਕੁਝ ਵੀ ਹੋਇਆ, ਮੈਂ ਉਸਨੂੰ ਬਦਲਣਾ ਨਹੀਂ ਚਾਹੁੰਦਾ।”

“ਬੇਸ਼ੱਕ ਕੁਝ ਕਮੀਆਂ ਅਤੇ ਪਾਬੰਦੀਆਂ ਹਨ, ਪਰ ਮੈਨੂੰ ਆਪਣੀ ਮੌਜੂਦਾ ਜ਼ਿੰਦਗੀ ਪਸੰਦ ਹੈ। ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਬੱਚੇ ਸਕੂਲ ਤੋਂ ਘਰ ਆਉਂਦੇ ਹਨ, ਮੈਂ ਘਰ ਹੁੰਦਾ ਹਾਂ। ਮੈਨੂੰ ਇਹ ਅਹਿਸਾਸ ਚੰਗਾ ਲੱਗਦਾ ਹੈ ਕਿ ਮੈਂ ਦੌੜ-ਭੱਜ ਵਾਲੀ ਜ਼ਿੰਦਗੀ ਤੋਂ ਦੂਰੀ ਬਣਾ ਲਈ ਹੈ ਅਤੇ ਇਹ ਦੂਰੀ ਮੈਨੂੰ ਸੁੱਖ ਦਿੰਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI