Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਵੰਦਨਾ
- ਰੋਲ, ਬੀਬੀਸੀ ਨਿਊਜ਼
-
4 ਅਪ੍ਰੈਲ 2025, 12:24 IST
ਅਪਡੇਟ 6 ਘੰਟੇ ਪਹਿਲਾਂ
ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਮਨੋਜ ਕੁਮਾਰ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਮਨੋਜ ਕੁਮਾਰ ਦਾ ਸਿਨੇਮਾ ਜਗਤ ਦਾ ਸਫ਼ਰ ਦਹਕਿਆਂ ਲੰਬਾ ਰਿਹਾ।
9 ਅਕਤੂਬਰ, 1956 ਨੂੰ ਇੱਕ 19 ਸਾਲਾਂ ਦਾ ਨੌਜਵਾਨ ਫਿਲਮੀ ਹੀਰੋ ਬਣਨ ਦੇ ਸੁਪਨੇ ਲੈ ਕੇ ਦਿੱਲੀ ਤੋਂ ਮੁੰਬਈ ਪਹੁੰਚ ਗਿਆ ਸੀ।
ਸਾਲ 1957 ਵਿੱਚ ਆਪਣੀ ਪਹਿਲੀ ਫਿਲਮ ਫੈਸ਼ਨ ਵਿੱਚ, ਇਸ 19 ਸਾਲਾ ਨੌਜਵਾਨ ਨੂੰ 80-90 ਸਾਲ ਦੇ ਭਿਖਾਰੀ ਦਾ ਇੱਕ ਛੋਟਾ ਜਿਹਾ ਕਿਰਦਾਰ ਮਿਲਦਾ ਹੈ।
ਇਸ ਨੌਜਵਾਨ ਦਾ ਨਾਮ ਸੀ – ਹਰੀਕਿਸ਼ਨ ਗੋਸਵਾਮੀ, ਜੋ ਬਾਅਦ ਵਿੱਚ ਮਨੋਜ ਕੁਮਾਰ ਦੇ ਨਾਮ ਨਾਲ ਮਸ਼ਹੂਰ ਹੋਏ।

ਇਸ ਤੋਂ ਬਾਅਦ, ਹਰੀਕਿਸ਼ਨ ਨੇ ਕੁਝ ਹੋਰ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਮੀਨਾ ਕੁਮਾਰੀ ਵਰਗੇ ਵੱਡੇ ਸਿਤਾਰਿਆਂ ਨਾਲ ਕੁਝ ਦ੍ਰਿਸ਼ ਕਰਨ ਦਾ ਮੌਕਾ ਮਿਲਦਾ ਸੀ। ਇਹ ਸਮਾਂ ਅਜਿਹਾ ਸੀ, ਮੰਨੋ ਜਿਵੇਂ ਹਰੀਕਿਸ਼ਨ ਦੇ ਸਬਰ ਦੀ ਪਰਖ ਹੋ ਰਹੀ ਸੀ।
ਆਖ਼ਰਕਾਰ 1961 ਵਿੱਚ, ਮਨੋਜ ਕੁਮਾਰ ਨੂੰ ਫਿਲਮ ‘ਕਾਂਚ ਕੀ ਗੁੜੀਆ’ ‘ਚ ਹੀਰੋ ਵਜੋਂ ਬ੍ਰੇਕ ਮਿਲੀ।
ਅਗਲੇ ਹੀ ਸਾਲ ਵਿਜੇ ਭੱਟ ਦੀ ਫਿਲਮ ‘ਹਰਿਆਲੀ ਔਰ ਰਾਸਤਾ’ ਨੇ ਮਨੋਜ ਕੁਮਾਰ ਦੀ ਜ਼ਿੰਦਗੀ ਦਾ ਰੁਖ਼ ਹੀ ਬਦਲ ਦਿੱਤਾ।
ਤਕਰੀਬਨ 40 ਸਾਲਾਂ ਦੇ ਆਪਣੇ ਫ਼ਿਲਮੀ ਕਰੀਅਰ ਵਿੱਚ, ਮਨੋਜ ਕੁਮਾਰ ਨੇ ਨਾ ਸਿਰਫ਼ ਫਿਲਮਾਂ ਵਿੱਚ ਕੰਮ ਕੀਤਾ ਬਲਕਿ ਖ਼ੁਦ ਵੀ ਫਿਲਮਾਂ ਬਣਾਈਆਂ।

ਤਸਵੀਰ ਸਰੋਤ, Getty Images
ਭਾਰਤੀ ਮਾਲੀਆ ਸੇਵਾ ਅਧਿਕਾਰੀ ਨਿਰੂਪਮਾ ਕੋਟਰੂ ਨੇ ‘ਦਿ ਸਵਿੰਗਿੰਗ ਸੈਵਨਟੀਜ਼’ ਨਾਮ ਦੀ ਕਿਤਾਬ ਵਿੱਚ ਮਨੋਜ ਕੁਮਾਰ ‘ਤੇ ਇੱਕ ਲੇਖ ਲਿਖਿਆ ਹੈ।
ਨਿਰੂਪਮਾ ਕੋਟਰੂ ਲਿਖਦੇ ਹਨ, “ਮਨੋਜ ਕੁਮਾਰ ਨੇ ਅਦਾਕਾਰੀ ਦੇ ਨਾਲ-ਨਾਲ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਉਨ੍ਹਾਂ ਨੇ ਫਿਲਮ ਦੇ ਕੰਟੈਂਟ ਅਤੇ ਫ਼ਾਰਮ ‘ਤੇ ਲਗਾਤਾਰ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਕਹਾਣੀ ਲਿਖਣ ਦੀ ਕਲਾ ‘ਚ ਉਨ੍ਹਾਂ ਨੂੰ ਮੁਹਾਰਤ ਹਾਸਿਲ ਸੀ। ਉਹ ਜਾਣਦੇ ਸਨ ਕਿ ਭਾਰਤੀ ਭਾਵੁਕ ਹੁੰਦੇ ਹਨ, ਇਸ ਲਈ ਉਹ ਅਜਿਹੀਆਂ ਕਹਾਣੀਆਂ ਲਿਖਦੇ ਸਨ, ਜਿਨ੍ਹਾਂ ਨਾਲ ਲੋਕ ਆਸਾਨੀ ਨਾਲ ਜੁੜੇ ਹੋਏ ਮਹਿਸੂਸ ਕਰ ਸਕਦੇ ਹਨ।”
“ਹਰ ਤਰ੍ਹਾਂ ਦੇ ਦਰਸ਼ਕਾਂ ਲਈ ਕੁਝ ਨਾ ਕੁਝ ਹੁੰਦਾ ਸੀ। ਮਿਸਾਲ ਵਜੋਂ, ‘ਸ਼ੋਰ’ ਇੱਕ ਪਰਿਵਾਰ ਦੀ ਇੱਕ ਖੂਬਸੂਰਤ ਕਹਾਣੀ ਸੀ, ਜਿਸਨੇ ਮਨੋਜ ਕੁਮਾਰ ਨੂੰ ਇੱਕ ਨਿਰਦੇਸ਼ਕ ਵਜੋਂ ਸਥਾਪਿਤ ਕੀਤਾ।”
ਮਨੋਜ ਕੁਮਾਰ ਦਾ ਪਾਕਿਸਤਾਨ ਨਾਲ ਰਿਸ਼ਤਾ

ਤਸਵੀਰ ਸਰੋਤ, Getty Images
ਮਨੋਜ ਕੁਮਾਰ ਦੇ ਕਰੀਅਰ ਵਿੱਚ ਇੱਕ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ 1964 ਵਿੱਚ ਭਗਤ ਸਿੰਘ ‘ਤੇ ਆਧਾਰਿਤ ਫਿਲਮ ‘ਸ਼ਹੀਦ’ ਰਿਲੀਜ਼ ਹੋਈ। ਇੱਥੋਂ ਹੀ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਨ ਵਾਲੇ ਹੀਰੋ ਦਾ ਅਕਸ ਵੀ ਬਣਨਾ ਸ਼ੁਰੂ ਹੋਇਆ।
ਪਰ ਅੱਗੇ ਵਧਣ ਤੋਂ ਪਹਿਲਾਂ, ਮਨੋਜ ਕੁਮਾਰ ਦੇ ਅਤੀਤ ‘ਤੇ ਇੱਕ ਨਜ਼ਰ ਮਾਰਨਾ ਜ਼ਰੂਰੀ ਹੈ। ਉਨ੍ਹਾਂ ਦਾ ਬੀਤਿਆ ਸਮਾਂ ਮਨੋਜ ਕੁਮਾਰ ਦੇ ਫਿਲਮੀ ਦੁਨੀਆਂ ਦੇ ਸਫ਼ਰ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦਾ ਹੈ।
ਮਨੋਜ ਕੁਮਾਰ ਦਾ ਜਨਮ ਐਬਟਾਬਾਦ, ਹੁਣ ਦੇ ਪਾਕਿਸਤਾਨ ਵਿੱਚ ਹੋਇਆ ਸੀ। ਉਹ ਜੰਡਿਆਲਾ ਸ਼ੇਰ ਖਾਨ ਅਤੇ ਲਾਹੌਰ ਵਰਗੇ ਇਲਾਕਿਆਂ ਨਾਲ ਜੁੜੇ ਹੋਏ ਸਨ।
ਉਨ੍ਹਾਂ ਦਿਨਾਂ ਵਿੱਚ ਜਦੋਂ ਸੁਭਾਸ਼ ਚੰਦਰ ਬੋਸ ਦੇ ਆਈਐਨਏ ਨਾਲ ਜੁੜੇ ਲੋਕਾਂ ਦਾ ਮੁਕੱਦਮਾ ਦਿੱਲੀ ਵਿੱਚ ਚੱਲ ਰਿਹਾ ਸੀ, ਤਾਂ ਲਾਹੌਰ ਵਿੱਚ ਨੌਜਵਾਨ ਅਤੇ ਬੱਚੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ – “ਲਾਲ ਕਿਲ੍ਹੇ ਤੋਂ ਆਈ ਆਵਾਜ਼ – ਢਿੱਲੋਂ, ਸਹਿਗਲ, ਸ਼ਾਹਨਵਾਜ਼”।
ਮਨੋਜ ਵੀ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਰਹੇ।

ਇਸ ਦੌਰਾਨ ਦੇਸ਼ ਦੀ ਵੰਡ ਹੋ ਗਈ – ਭਾਰਤ ਅਤੇ ਪਾਕਿਸਤਾਨ। ਉਹੀ ਭਾਰਤ ਜੋ ਬਾਅਦ ਵਿੱਚ ਮਨੋਜ ਕੁਮਾਰ ਦਾ ਦੂਜਾ ਨਾਮ ਬਣ ਗਿਆ।
ਰਾਜ ਸਭਾ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਨੋਜ ਕੁਮਾਰ ਆਪਣੇ ਉਸ ਰੋਂਦੇ ਹੋਏ ਬਚਪਨ ਬਾਰੇ ਗੱਲ ਕੀਤੀ ਹੈ, ਜੋ ਲਾਹੌਰ ਤੋਂ ਵਿੱਛੜ ਗਿਆ ਸੀ।
ਮਨੋਜ ਕੁਮਾਰ ਨੇ ਝੱਲੀ ਵੰਡ ਦੀ ਪੀੜ

ਤਸਵੀਰ ਸਰੋਤ, Manoj Kumar
ਇੱਕ ਇੰਟਰਵਿਊ ਵਿੱਚ, ਮਨੋਜ ਕੁਮਾਰ ਨੇ ਵੰਡ ਦੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਸੀ, “ਵੰਡ ਤੋਂ ਬਾਅਦ ਹੋਈ ਹਿੰਸਾ ਵਿੱਚ ਮੇਰੇ ਚਾਚਾ ਮਾਰੇ ਗਏ ਸਨ। ਮੇਰੇ ਪਿਤਾ ਬਹੁਤ ਰੋਏ ਸਨ। ਪਰ ਅਗਲੇ ਦਿਨ ਜਦੋਂ ਭਾਰਤ ਆਜ਼ਾਦ ਹੋਇਆ, ਤਾਂ ਮੇਰੇ ਪਿਤਾ ਮੈਨੂੰ ਲਾਲ ਕਿਲ੍ਹੇ ‘ਤੇ ਗਏ ਅਤੇ ਨਾਅਰੇ ਲਗਾਏ। ਹੁਣ ਮੈਂ ਇਸ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ।”
“ਦਿੱਲੀ ਆਉਣ ਤੋਂ ਬਾਅਦ, ਅਸੀਂ ਇੱਕ ਸ਼ਰਨਾਰਥੀ ਕੈਂਪ ਵਿੱਚ ਰਹੇ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਮੇਰੀ ਮਾਂ ਮੇਰੇ ਭਰਾ ਨੂੰ ਜਨਮ ਦੇਣ ਵਾਲੀ ਸੀ। ਚਾਰੇ ਪਾਸੇ ਹਿੰਸਾ ਅਤੇ ਦੰਗੇ ਹੋ ਰਹੇ ਸਨ। ਸਾਇਰਨ ਵੱਜਿਆ ਅਤੇ ਹਸਪਤਾਲ ਦਾ ਸਟਾਫ] ਵੀ ਅੰਡਰਗਰਾਊਂਡ ਹੋ ਗਿਆ।”
”ਮਾਂ ਚੀਕਦੀ ਰਹੀ ਅਤੇ ਮੇਰਾ ਭਰਾ ਮਰ ਗਿਆ। ਮੈਂ ਛੋਟਾ ਹੀ ਸੀ। ਮੈਂ ਹਸਪਤਾਲ ਦੇ ਲੋਕਾਂ ਨੂੰ ਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਭਰਾ ਨੂੰ ਯਮੁਨਾ ਨੂੰ ਸਮਰਪਿਤ ਕਰ ਦਿੱਤਾ। ਪਰ ਪਿਤਾ ਨੇ ਮੈਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਕਦੇ ਵੀ ਦੰਗਿਆਂ ਜਾਂ ਮਾਰ-ਕੁੱਟ ਦਾ ਹਿੱਸਾ ਨਹੀਂ ਬਣਨਾ…”
ਭਾਰਤ ਦੇ ਇਨ੍ਹਾਂ ਹਾਲਾਤ ਦਾ ਪ੍ਰਭਾਵ ਮਨੋਜ ਕੁਮਾਰ ਦੇ ਫਿਲਮੀ ਕੰਮ ‘ਤੇ ਵੀ ਦੇਖਣ ਨੂੰ ਮਿਲਿਆ – ਮਿਸਾਲ ਵਜੋਂ, ਫਿਲਮ ‘ਸ਼ਹੀਦ’ ਬਣਨ ਦੀ ਕਹਾਣੀ।
‘ਸ਼ਹੀਦ’ ਬਣਨ ਦੀ ਕਹਾਣੀ

ਤਸਵੀਰ ਸਰੋਤ, Manoj Kumar
ਸ਼ੁਰੂ ਵਿੱਚ ਮਨੋਜ ਕੁਮਾਰ ਦਾ ਭਗਤ ਸਿੰਘ ‘ਤੇ ਫਿਲਮ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ। ਹਾਲਾਂਕਿ, ਭਗਤ ਸਿੰਘ ਉਨ੍ਹਾਂ ਦੇ ਬਚਪਨ ਦੇ ਹੀਰੋ ਸਨ ਅਤੇ ਉਹ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਇਸੇ ਖੋਜ ਵਿੱਚ ਉਹ ਦਿੱਲੀ ਅਤੇ ਅੰਮ੍ਰਿਤਸਰ ਜਾਂਦੇ ਅਤੇ ਮਦਰਾਸ ਵਿੱਚ ਹਿੰਦੂ ਅਖਬਾਰ ਦੀ ਲਾਇਬ੍ਰੇਰੀ ਵਿੱਚ ਘੰਟਿਆਂ ਬੱਧੀ ਖੋਜ ਕਰਦੇ ਰਹਿੰਦੇ।
ਇਸ ਫਿਲਮ ਨੂੰ ਸਰਵੋਤਮ ਹਿੰਦੀ ਫਿਲਮ ਅਤੇ ਕੌਮੀ ਏਕਤਾ ਲਈ ਨੈਸ਼ਨਲ ਐਵਾਰਡ ਵੀ ਮਿਲਿਆ। ਮਨੋਜ ਕੁਮਾਰ ਨੇ ਇਸ ਸਮਾਗਮ ਲਈ ਭਗਤ ਸਿੰਘ ਦੀ ਮਾਂ ਨੂੰ ਵੀ ਸੱਦਾ ਦਿੱਤਾ ਸੀ।
ਜਦੋਂ ਅਦਾਕਾਰ ਡੇਵਿਡ ਨੇ ਮੰਚ ਤੋਂ ਨੈਸ਼ਨਲ ਐਵਾਰਡ ਦਾ ਐਲਾਨ ਕੀਤਾ, ਤਾਂ ਭਗਤ ਸਿੰਘ ਦੀ ਮਾਂ ਵਿਦਿਆਵਤੀ ਨੂੰ ਬੁਲਾਇਆ ਗਿਆ ਅਤੇ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਮਨੋਜ ਕੁਮਾਰ ਨੇ ਇੱਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਕਿਵੇਂ ਇੰਦਰਾ ਗਾਂਧੀ ਨੇ ਆ ਕੇ ਭਗਤ ਸਿੰਘ ਦੀ ਮਾਂ ਦੇ ਪੈਰ ਛੂਹੇ ਸਨ।
ਫ਼ਿਲਮ ਸ਼ਹੀਦ ਤੋਂ ਉਪਕਾਰ ਤੱਕ

ਤਸਵੀਰ ਸਰੋਤ, Getty Images
ਫਿਲਮ ਸ਼ਹੀਦ ਦੀ ਸਕ੍ਰੀਨਿੰਗ ਲਈ ਦਿੱਲੀ ਵਿੱਚ ਖੁਦ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਆਏ ਸਨ।
ਆਪਣੇ ਘਰ ਵਿੱਚ ਖਾਣੇ ਦੌਰਾਨ ਸ਼ਾਸਤਰੀ ਜੀ ਨੇ ਮਨੋਜ ਨੂੰ ਕਿਹਾ ਸੀ ਕਿ ਮੇਰਾ ਇੱਕ ਨਾਅਰਾ ਹੈ ਜੈ ਜਵਾਨ, ਜੈ ਕਿਸਾਨ ਮੈਂ ਚਾਹੁੰਦਾਂ ਹਾ ਕਿ ਤੁਸੀ ਇਸ ਉੱਤੇ ਇੱਕ ਫਿਲਮ ਬਣਾਓ।
ਲਾਲ ਬਹਾਦੁ ਸ਼ਾਸਤਰੀ ਦੀ ਉਹ ਗੱਲ ਮਨੋਜ ਕੁਮਾਰ ਨੂੰ ਪਸੰਦ ਆ ਗਈ। ਦਿੱਲੀ ਤੋਂ ਸਵੇਰੇ ਜਦੋਂ ਉਹ ਟਰੇਨ ਵਿੱਚ ਬੈਠੇ ਤਾਂ ਆਪਣੇ ਨਾਲ ਕਲਮ ਤੇ ਡਾਇਰੀ ਲਈ। ਇਹ ਕਿੱਸਾ ਬਹੁਤ ਮਸ਼ਹੂਰ ਹੈ ਕਿ ਜਦੋਂ ਉਹ ਟਰੇਨ ਬੌਂਬੇ ਸੈਂਟਰਲ ਪਹੁੰਚੀ ਤਾਂ ਮਨੋਜ ਕੋਲ ਫਿਲਮ ਉਪਕਾਰ ਦੀ ਕਹਾਣੀ ਤਿਆਰ ਸੀ।
ਉੁਪਕਾਰ ਵਿੱਚ ਮਨੋਜ ਕੁਮਾਰ ਨੇ ਨਾ ਸਿਰਫ਼ ਅਦਾਕਾਰੀ ਕੀਤੀ ਬਲਕਿ ਪਹਿਲੀ ਵਾਰ ਨਿਰਦੇਸ਼ਨਾ ਵੀ ਕੀਤੀ।
ਮਹਿੰਦਰ ਕਪੂਰ ਦੀ ਅਵਾਜ਼ ਵਿੱਚ 7 ਮਿੰਟ 14 ਸਕਿੰਟ ਦਾ ਉਪਕਾਰ ਫਿਲਮ ਦਾ ਗਾਣਾ ਹੈ, ‘ਮੇਰੇ ਦੇਸ਼ ਕੀ ਧਰਤੀ’।
ਉਗਦੇ ਸੂਰਜ, ਮੰਦਰ ਦੀ ਘੰਟੀ ਅਤੇ ਤਲਾਅ ਕਿਨਾਰੇ ਪਾਣੀ ਭਰਦੇ ਲੋਕ, ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਦੇ ਸ਼ਾਟ ਤੋਂ ਸ਼ੁਰੂ ਹੁੰਦਾ ਇਹ ਗਾਣਾ ਗਾਂਧੀ, ਸੁਭਾਸ਼, ਟੈਗੋਰ, ਤਿਲਕ ਦੇ ਆਸ਼ੀਰਵਾਦ ਤੋ ਲੈ ਕੇ ਨਹਿਰੂ ਦੇ ਸਮਾਜਵਾਦ ਤੱਕ ਲੈ ਜਾਂਦਾ ਹੈ।
ਉਪਕਾਰ ਲਈ ਮਨੋਜ ਕੁਮਾਰ ਨੂੰ ਫਿਲਮ ਫੇਅਰ ਵੱਲੋਂ ਬੈਸਟ ਡਾਇਰੈਕਟਰ, ਬੈਸਟ ਫਿਲਮ ਤੇ ਬੈਸਟ ਕਹਾਣੀ ਤੇ ਸੰਵਾਦ ਲਈ ਪੁਰਸਕਾਰ ਮਿਲਿਆ ਤੇ ਨਾਲ ਹੀ ਨੈਸ਼ਨਲ ਐਵਾਰਡ ਵੀ ਮਿਲਿਆ।
ਦਿਲੀਪ ਕੁਮਾਰ ਨੇ ਜਗਾਈ ਹੀਰੋ ਬਣਨ ਦੀ ਚਾਹ

ਤਸਵੀਰ ਸਰੋਤ, Manoj Kumar
ਮਨੋਜ ਕੁਮਾਰ ਅਕਸਰ ਆਪਣੇ ਇੰਟਰਵਿਊ ਵਿੱਚ ਫਿਲਮਾਂ ਵਿੱਚ ਦਿਲਚਸਪੀ ਪੈਦਾ ਹੋਣ ਦੇ ਕਿੱਸੇ ਸੁਣਾਉਂਦੇ ਰਹੇ ਹਨ।
ਬਚਪਨ ਵਿੱਚ ਹਰਿਕ੍ਰਿਸ਼ਨ ਨੇ ਦਿਲੀਪ ਕੁਮਾਰ (1949) ਦੀ ਫਿਲਮ ‘ਸ਼ਬਦਮ ਦੇਖੀ ਸੀ। ਉਸ ਫਿਲਮ ਵਿੱਚ ਦਿਲੀਪ ਕੁਮਾਰ ਦਾ ਨਾਮ ਸੀ ਮਨੋਜ ਕੁਮਾਰ। ਬੱਸ ਬਚਪਨ ਤੋਂ ਹੀ ਉਨ੍ਹਾਂ ਨੂੰ ਫਿਲਮਾਂ ਦੀ ਦੁਨੀਆਂ ਅਤੇ ਮਨੋਜ ਕੁਮਾਰ ਨਾਮ ਦੋਵੇਂ ਪਸੰਦ ਆ ਗਏ।
ਯਾਨੀ 12-13 ਸਾਲ ਦੀ ਉਮਰ ਵਿੱਚ ਹੀ ਇਹ ਤੈਅ ਹੋ ਗਿਆ ਸੀ ਕਿ ਹੀਰੋ ਬਣਨਾ ਹੈ ਅਤੇ ਉਨ੍ਹਾਂ ਦਾ ਫਿਲਮੀ ਨਾਮ ਮਨੋਜ ਕੁਮਾਰ ਹੋਵੇਗਾ।
1962 ਦੀ ਫਿਲਮ ‘ਹਰਿਆਲੀ ਔਰ ਰਾਸਤਾ’ ਮਨੋਜ ਕੁਮਾਰ ਦੇ ਕਰੀਅਰ ਦੀ ਪਹਿਲੀ ਸਿਲਵਰ ਜੁਬਲੀ ਹਿਟ ਸੀ। ਇਸ ਵਿੱਚ ਉਨ੍ਹਾਂ ਦੇ ਨਾਲ ਮਾਲਾ ਸਿਨਹਾ ਨੇ ਕੰਮ ਕੀਤਾ ਸੀ। ਇਸ ਤੋਂ ਬਾਅਦ ਮਨੋਜ ਕੁਮਾਰ ਦੇ ਸਾਇਰਾ ਬਾਨੋ, ਵੈਜੰਤੀਮਾਲਾ, ਆਸ਼ਾ ਪਾਰੇਖ ਦੇ ਨਾਲ ਕਈ ਰੋਮਾਂਟਿਕ ਫਿਲਮਾਂ ਕੀਤੀਆਂ।
ਭਾਰਤੀਅਤਾ ਦਾ ਪੈਮਾਨਾ
ਐਕਟਿੰਗ ਦੇ ਨਾਲ-ਨਾਲ ਨਿਰਦੇਸ਼ਨ ਅਤੇ ਨਿਰਮਾਣ ਜ਼ਰੀਏ 70 ਦੇ ਦਹਾਕੇ ਵਿੱਚ ਮਨੋਜ ਕੁਮਾਰ ਦੀ ਦੂਜੀ ਪਾਰੀ ਵੀ ਚੱਲਦੀ ਰਹੀ। ਉਨ੍ਹਾਂ ਨੇ ਉਪਕਾਰ, ਪੂਰਬ ਔਰ ਪੱਛਮ, ਰੋਟੀ ਕੱਪੜਾ ਔਰ ਮਕਾਨ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਡਾਇਰੈਕਟ ਕੀਤੀਆਂ।
ਮਨੋਜ ਕੁਮਾਰ ਨੂੰ ਸੰਗੀਤ ਦੀ ਵੀ ਡੂੰਘੀ ਸਮਝ ਸੀ।
ਹਾਲਾਂਕਿ ਉਨ੍ਹਾਂ ਦੀਆਂ ਫਿਲਮਾਂ ਵਿੱਚ ਭਾਰਤੀਅਤਾ, ਔਰਤਾਂ ਅਤੇ ਦੇਸ਼ਭਗਤੀ ਦਾ ਜੋ ਪੈਮਾਨਾ ਦਿਖਾਇਆ ਗਿਆ ਉਸ ਉੱਤੇ ਸਵਾਲ ਵੀ ਉੱਠਦੇ ਰਹੇ ਹਨ।

ਤਸਵੀਰ ਸਰੋਤ, Manoj Kumar
ਮਨੋਜ ਕੁਮਾਰ ਦੀ ਫਿਲਮ ‘ਪੂਰਬ ਔਰ ਪੱਛਿਮ’ ਭਾਰਤੀਅਤਾ ਅਤੇ ਪੱਛਮ ਸੱਭਿਆਚਾਰ ਦੇ ਵਿਚਾਲੇ ਜੋ ਤੁਲਨਾ ਕਰਦੀ ਹੈ ਜਦੋਂ ਕੁੜੀ ਦੇ ਸਿਗਰਟ ਪੀਣ ਜਾਂ ਸਕਰਟ ਪਹਿਨਣ ਨੂੰ ਨੈਤਿਕਤਾ ਦੇ ਨਜ਼ਰੀਏ ਨਾਲ ਦਿਖਾਇਆ ਗਿਆ ਹੈ।
ਨਿਰੂਪਮਾ ਕੋਟਰੂ ਲਿਖਦੇ ਹਨ, “ਕਈ ਵਾਰ ਮਨੋਜ ਕੁਮਾਰ ਦੀ ਫਿਲਮਾਂ ਵਿੱਚ ਔਰਤਾਂ ਨੂੰ ਭ੍ਰਿਸ਼ਟ ਪੱਛਮੀ ਸੱਭਿਆਚਾਰ ਦੇ ਪ੍ਰਤੀਕ ਵਜੋਂ ਦਿਖਾਇਆ ਜਾਂ ਸੀ। ਇਹ ਦਿੱਕਤ ਭਰਾ ਨਜ਼ਰੀਆ ਸੀ। ਭਾਵੇਂ ਉਹ ਪੂਰਬ ਔਰ ਪੱਛਮ ਵਿੱਚ ਪੱਛਮੀ ਸੱਭਿਆਚਾਰ ਵਿੱਚ ਰਹੀ ਸਾਇਰਾ ਬਾਨੋ ਹੋਵੇ ਜਾਂ ਫਿਰ ਰੋਟੀ ਕੱਪੜਾ ਔਰ ਮਕਾਨ ਵਿੱਚ ਪੈਸਿਆਂ ਨੂੰ ਅਹਿਮੀਅਤ ਦੇਣ ਵਾਲੀ ਜ਼ੀਨਤ ਅਮਾਨ ਨੂੰ ਗੋਲਡ ਡਿਗਰ ਵਾਂਗ ਦਰਸਾਇਆ ਗਿਆ ਹੋਵੇ।
ਦੋਵੇਂ ਫਿਲਮਾਂ ਦਿਖਾਉਂਦੀਆਂ ਹਨ ਕਿ ਕਿਵੇਂ ਵਿਦੇਸ਼ ਵਿੱਚ ਰਹਿਣ ਵਾਲੇ ਸਾਇਰਾ ਆਪਣੀਆਂ ਗਲਤੀਆਂ ਸੁਧਾਰਦੇ ਹੋਏ ਸਾੜ੍ਹੀ ਪਹਿਨ ਕੇ ਇੱਕ ਭਾਰਤੀ ਮਹਿਲਾ ਬਣ ਜਾਂਦੇ ਹਨ, ਜਾਂ ਫਿਰ ਜ਼ੀਨਤ ਅਮਾਨ ਨੂੰ ਪੈਸਿਆਂ ਦੀ ਹਸਰਤ ਰੱਖਣ ਦਾ ਪਛਤਾਵਾ ਹੁੰਦਾ ਹੈ ਅਤੇ ਉਹ ਮਨੋਜ ਕੁਮਾਰ ਦੀਆਂ ਬਾਹਾਂ ਵਿੱਚ ਦਮ ਤੋੜ ਦਿੰਦੇ ਹਨ।”
“ਅੱਸੀਵਿਆਂ ਵਿੱਚ, ਮਨੋਜ ਕੁਮਾਰ ਦੀਆਂ ਫਿਲਮਾਂ ਵਿੱਚ ਔਰਤਾਂ ਦਾ ਚਿੱਤਰਣ ਹੋਰ ਵੀ ਬਦਤਰ ਹੋ ਗਿਆ ਸੀ…”
ਹਾਲਾਂਕਿ, ਐਨਆਰਆਈ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਸੰਕਲਪ ਜੋ ਉਨ੍ਹਾਂ ਨੇ ਸ਼ੁਰੂ ਕੀਤਾ ਸੀ, ਕਰਨ ਜੌਹਰ ਦੀ ਫਿਲਮ ‘ਦਿਲਵਾਲੇ ਦੁਲਹਨੀਆ..’ ਤੱਕ ਪਹੁੰਚਿਆ।
ਅਮਿਤਾਭ ਨੂੰ ਮੌਕਾ ਅਤੇ ਧਰਮਿੰਦਰ ਦੀ ਦੋਸਤੀ

ਮਨੋਜ ਕੁਮਾਰ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਅਮਿਤਾਭ ਬੱਚਨ ਨੂੰ ਮੌਕਾ ਦਿੱਤਾ।
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਨੋਜ ਕੁਮਾਰ ਨੇ ਦੱਸਿਆ ਸੀ, “ਜਦੋਂ ਲਗਾਤਾਰ ਅਸਫਲਤਾਵਾਂ ਤੋਂ ਨਿਰਾਸ਼ ਅਮਿਤਾਭ ਬੱਚਨ ਮੁੰਬਈ ਛੱਡ ਕੇ ਦਿੱਲੀ ਵਾਪਸ ਜਾਣ ਬਾਰੇ ਸੋਚ ਰਹੇ ਸਨ, ਤਾਂ ਮੈਂ ਉਨ੍ਹਾਂ ਨੂੰ ਰੋਕਿਆ ਅਤੇ ਆਪਣੀ ਫਿਲਮ ‘ਰੋਟੀ, ਕੱਪੜਾ ਔਰ ਮਕਾਨ’ ਵਿੱਚ ਮੌਕਾ ਦਿੱਤਾ। ਜਦੋਂ ਲੋਕ ਅਮਿਤਾਭ ਨੂੰ ਉਨ੍ਹਾਂ ਦੀਆਂ ਅਸਫਲਤਾਵਾਂ ਕਾਰਨ ਤਾਅਨੇ ਮਾਰ ਰਹੇ ਸਨ, ਉਦੋਂ ਵੀ ਮੈਨੂੰ ਉਨ੍ਹਾਂ ‘ਤੇ ਪੂਰਾ ਵਿਸ਼ਵਾਸ ਸੀ ਕਿ ਇੱਕ ਦਿਨ ਉਹ ਬਹੁਤ ਵੱਡੇ ਸਟਾਰ ਬਣਨਗੇ।”

ਤਸਵੀਰ ਸਰੋਤ, Manoj Kumar
ਆਪਣੇ ਦੌਰ ਦੇ ਅਦਾਕਾਰਾਂ ਨਾਲ ਮਨੋਜ ਕੁਮਾਰ ਦੇ ਦੋਸਤਾਨਾ ਸਬੰਧ ਸਨ।
‘ਧਰਮੇਂਦਰ – ਨਾਟ ਜਸਟ ਏ ਮੈਨ’ ਕਿਤਾਬ ਦੇ ਲੇਖਕ ਰਾਜੀਵ ਵਿਜੇਕਰ ਲਿਖਦੇ ਹਨ, “ਧਰਮਿੰਦਰ ਅਤੇ ਮਨੋਜ ਕੁਮਾਰ ਆਪਣੇ ਸੰਘਰਸ਼ ਦੇ ਦਿਨਾਂ ਤੋਂ ਹੀ ਪੱਕੇ ਦੋਸਤ ਸਨ। ਮਨੋਜ ਕੁਮਾਰ ਉਨ੍ਹਾਂ ਨੂੰ ਧਰਮੂ ਬੁਲਾਉਂਦੇ ਸਨ। ਸੰਘਰਸ਼ ਦੇ ਦਿਨਾਂ ਦੌਰਾਨ ਦੋਵਾਂ ਨੂੰ ਇਕੱਠੇ ਭੂਮਿਕਾਵਾਂ ਮਿਲੀਆਂ। ਧਰਮਿੰਦਰ ਨੂੰ 350 ਰੁਪਏ ਦਿੱਤੇ ਗਏ ਅਤੇ ਮਨੋਜ ਕੁਮਾਰ ਨੂੰ 450 ਰੁਪਏ ਦਿੱਤੇ ਗਏ। ਮਨੋਜ ਕੁਮਾਰ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਧਰਮਿੰਦਰ ਨੇ ਵੀ ਫਿਲਮ ਨਹੀਂ ਕੀਤੀ।”
“ਬਾਅਦ ਵਿੱਚ ਮਨੋਜ ਕੁਮਾਰ ਨੇ ਧਰਮਿੰਦਰ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ, ਘੱਟੋ-ਘੱਟ ਤੈਨੂੰ ਫਿਲਮ ਨਹੀਂ ਛੱਡਣੀ ਚਾਹੀਦੀ ਸੀ। ਤਾਂ ਧਰਮਿੰਦਰ ਦਾ ਜਵਾਬ ਸੀ – ਮੈਂ ਆਪਣੇ ਦੋਸਤ ਤੋਂ ਬਿਨਾਂ ਫਿਲਮ ਨਹੀਂ ਕਰਾਂਗਾ। ਇੱਕ ਵਾਰ ਜਦੋਂ ਧਰਮਿੰਦਰ ਨਿਰਾਸ਼ ਹੋ ਕੇ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਮੁੰਬਈ ਤੋਂ ਵਾਪਸ ਆ ਰਹੇ ਸਨ, ਤਾਂ ਮਨੋਜ ਜ਼ਿੱਦ ‘ਤੇ ਅੜ ਗਏ ਕਿ ਉਹ ਬਸ ਦੋ ਮਹੀਨੇ ਰੁਕ ਜਾਣ ਅਤੇ ਉਹ (ਮਨੋਜ) ਉਨ੍ਹਾਂ ਦਾ ਸਾਰਾ ਖਰਚਾ ਚੁੱਕਣਗੇ।”
ਇਸੇ ਕਿਤਾਬ ਵਿੱਚ, ਮਨੋਜ ਕੁਮਾਰ ਦੱਸਦੇ ਹਨ, “ਜਦੋਂ ਸਾਡੇ ਚੰਗੇ ਦਿਨ ਆਏ ਤਾਂ ਸਾਨੂੰ ਰੇਲਵੇ ਦੀ ਪਹਿਲੀ ਸ਼੍ਰੇਣੀ ਦਾ ਪਾਸ ਦਿੱਤਾ ਗਿਆ। ਮੈਂ ਅਤੇ ਧਰਮਿੰਦਰ ਵਾਰ-ਵਾਰ ਚਰਚਗੇਟ ਤੋਂ ਗੋਰੇਗਾਓਂ ਜਾਂਦੇ ਅਤੇ ਵਾਪਸ ਆਉਂਦੇ – ਇਹ ਤਿੰਨ ਦਿਨਾਂ ਤੱਕ ਚੱਲਦਾ ਰਿਹਾ।”
ਬੀਬੀਸੀ ਸਹਿਯੋਗੀ ਮਧੂ ਪਾਲ ਨਾਲ ਗੱਲਬਾਤ ਦੌਰਾਨ ਮਨੋਜ ਕੁਮਾਰ ਨੇ ਕਿਹਾ ਸੀ, “ਜਦੋਂ ਮੇਰੇ ਕਰੀਬੀ ਦੋਸਤਾਂ ਜਿਵੇਂ ਕਿ ਰਾਜ ਕਪੂਰ, ਦੇਵ ਆਨੰਦ, ਪ੍ਰਾਣ ਦੀਆਂ ਫਿਲਮਾਂ ਟੀਵੀ ‘ਤੇ ਆਉਂਦੀਆਂ ਹਨ, ਤਾਂ ਮੈਂ ਚੈਨਲ ਬਦਲ ਦਿੰਦਾ ਹਾਂ ਕਿਉਂਕਿ ਉਨ੍ਹਾਂ ਅਦਾਕਾਰਾਂ ਦੀਆਂ ਯਾਦਾਂ ਮੈਨੂੰ ਰਵਾ ਦਿੰਦੀਆਂ ਹਨ।”
‘ਵੋ ਕੌਨ ਥੀ’ ਤੋਂ ‘ਬੇਈਮਾਨ’ ਤੱਕ

ਤਸਵੀਰ ਸਰੋਤ, Manoj Kumar
ਅਦਾਕਾਰੀ ਦੀ ਗੱਲ ਕਰੀਏ ਤਾਂ ਮਨੋਜ ਕੁਮਾਰ ਨਾ ਤਾਂ ਦੇਵ ਆਨੰਦ ਵਾਂਗ ਆਪਣੇ ਸਟਾਈਲਿਸ਼ ਅਕਸ ਲਈ ਜਾਣੇ ਜਾਂਦੇ ਸਨ ਅਤੇ ਨਾ ਹੀ ਸ਼ਾਇਦ ਦਿਲੀਪ ਕੁਮਾਰ ਵਾਂਗ ਆਪਣੀ ਐਕਟਿੰਗ ਦੀ ਰੇਂਜ ਲਈ।
ਪਰ ਫਿਲਮਾਂ ਦੀ ਉਸਦੀ ਡੂੰਘੀ ਸਮਝ, ਚੰਗੀ ਕੱਦ-ਕਾਠੀ, ਬੰਦ ਗਰਦਨ ਵਾਲੇ ਕੱਪੜਿਆਂ ਅਤੇ ਟਵੀਡ ਕੋਟ ਵਾਲਾ ਉਨ੍ਹਾਂ ਦਾ ਅੰਦਾਜ਼, ਇਹ ਸਭ ਉਨ੍ਹਾਂ ਨੂੰ ਪ੍ਰਸਿੱਧੀ ਹਾਸਿਲ ਕਰਨ ਵਿੱਚ ਕੰਮ ਆਇਆ।
ਦੇਸ਼ ਭਗਤੀ ਵਾਲੀਆਂ ਫਿਲਮਾਂ ਤੋਂ ਇਲਾਵਾ ਵੀ ਮਨੋਜ ਕੁਮਾਰ ਨੇ ਬਹੁਤ ਪ੍ਰਨਾਮ ਕਮਾਇਆ।
ਸਾਲ 1968 ਵਿੱਚ ਆਈ ਫ਼ਿਲਮ ‘ਪਥਰ ਕੇ ਸਨਮ’ ਵਿੱਚ ਮਨੋਜ ਕੁਮਾਰ ਨੂੰ ਆਪਣੇ ਆਇਕਨ ਦਿਲੀਪ ਕੁਮਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਸਾਲ 1972 ਵਿੱਚ, ਉਨ੍ਹਾਂ ਨੂੰ ‘ਬੇਈਮਾਨ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
ਇੱਕ ਨਿਰਦੇਸ਼ਕ ਦੇ ਤੌਰ ‘ਤੇ, ਮਨੋਜ ਕੁਮਾਰ ਫਿਲਮਾਂ ਵਿੱਚ ਆਪਣੇ ਕਿਰਦਾਰਾਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕਰਨ ਲਈ ਵੀ ਜਾਣੇ ਜਾਂਦੇ ਸਨ।
ਹਰ ਦੂਜੀ ਫ਼ਿਲਮ ਵਿੱਚ ਇੱਕ ਭ੍ਰਿਸ਼ਟ, ਅਨੈਤਿਕ ਵਿਅਕਤੀ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਾਣ ਨੂੰ ‘ਉਪਕਾਰ’ ਵਿੱਚ ਇੱਕ ਲੱਤ ਵਾਲੇ ਮਲੰਗ ਚਾਚੇ ਦੀ ਭੂਮਿਕਾ ਵਿੱਚ ਲੈਣਾ, ਕਿਸੇ ਦੂਰਦਰਸ਼ੀ ਨਿਰਦੇਸ਼ਕ ਦਾ ਹੀ ਫੈਸਲਾ ਹੋ ਸਕਦਾ ਹੈ।
ਫਿਲਮ ਦੇ ਅੰਤ ਤੱਕ ਲੋਕ ਸੋਚਦੇ ਰਹੇ ਕਿ ਸ਼ਾਇਦ ਪ੍ਰਾਣ ਹੀ ਖਲਨਾਇਕ ਨਿਕਲਣਗੇ, ਪਰ ਅਜਿਹਾ ਕੁਝ ਨਹੀਂ ਹੋਇਆ।
ਮਨੋਜ ‘ਤੇ ਭਾਰੀ ‘ਭਾਰਤ’ ਦਾ ਅਕਸ

ਤਸਵੀਰ ਸਰੋਤ, Getty Images
ਵੱਖ-ਵੱਖ ਭੂਮਿਕਾਵਾਂ ਨਿਭਾਉਣ ਦੇ ਬਾਵਜੂਦ, ਮਨੋਜ ਕੁਮਾਰ ਦੇਸ਼ ਭਗਤ ‘ਭਾਰਤ ਕੁਮਾਰ’ ਦੇ ਅਕਸ ‘ਚ ਹੀ ਕੈਦ ਹੋ ਕੇ ਰਹਿ ਗਏ।
ਮਨੋਜ ਕੁਮਾਰ ਬਾਰੇ ਇੱਕ ਕਿੱਸਾ ਮਸ਼ਹੂਰ ਹੈ, ਜਿਸਦਾ ਜ਼ਿਕਰ ਉਨ੍ਹਾਂ ਨੇ ਕਈ ਇੰਟਰਵਿਊਜ਼ ਵਿੱਚ ਕੀਤਾ ਹੈ।
ਇੱਕ ਵਾਰ ਉਹ ਇੱਕ ਰੈਸਟੋਰੈਂਟ ਵਿੱਚ ਆਰਾਮ ਨਾਲ ਸਿਗਰਟ ਪੀ ਰਹੇ ਸਨ। ਉਸੇ ਸਮੇਂ ਇੱਕ ਕੁੜੀ ਗੁੱਸੇ ਵਿੱਚ ਆਈ ਅਤੇ ਕਿਹਾ ਕਿ ‘ਭਾਰਤ ਹੁੰਦੇ ਹੋਏ ਸਿਗਰਟ ਪੀਂਦੇ ਹੋ?’
ਉਨ੍ਹਾਂ ਆਖਰੀ ਸਫਲ ਫਿਲਮ ‘ਕ੍ਰਾਂਤੀ’ ਸੀ ਜੋ 1981 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਉਨ੍ਹਾਂ ਆਪਣੇ ਆਇਕਨ ਦਿਲੀਪ ਕੁਮਾਰ ਨੂੰ ਡਾਇਰੈਕਟ ਕੀਤਾ, ਜਿਨ੍ਹਾਂ ਦੀਆਂ ਫਿਲਮਾਂ ਨੇ ਉਨ੍ਹਾਂ ਦੇ ਮਨ ‘ਚ ਇੱਕ ਫਿਲਮ ਅਦਾਕਾਰ ਬਣਨ ਦਾ ਸੁਪਨਾ ਜਗਾਇਆ ਸੀ।
ਕਦੇ ਉਨ੍ਹਾਂ ਨੇ ਖੁਦ ਨੂੰ ਹਰੀਕਿਸ਼ਨ ਤੋਂ ਮਨੋਜ ਕੁਮਾਰ ਬਣਾਇਆ ਸੀ ਪਰ ਜਨਤਾ ਨੇ ਮਨੋਜ ਕੁਮਾਰ ਨੂੰ ਭਾਰਤ ਕੁਮਾਰ ਬਣਾ ਦਿੱਤਾ ਅਤੇ ਸਾਰੀ ਉਮਰ ਉਨ੍ਹਾਂ ‘ਤੇ ਭਾਰਤ ਕੁਮਾਰ ਦਾ ਇਹ ਅਕਸ ਹਾਵੀ ਰਿਹਾ।
ਇਹ ਉਨ੍ਹਾਂ ਦੀ ਸਫਲਤਾ ਵੀ ਸੀ ਅਤੇ ਨਾਲ ਹੀ ਇੱਕ ਕਲਾਕਾਰ ਵਜੋਂ ਇਸ ਨੇ ਉਨ੍ਹਾਂ ਦੇ ਦਾਇਰੇ ਨੂੰ ਸੀਮਤ ਕੀਤਾ ਸੀ।
ਨਿਰੂਪਮਾ ਕੋਟਰੂ ਲਿਖਦੇ ਹਨ, “ਇਸ ਦਾ ਸਿਹਰਾ ਮਨੋਜ ਕੁਮਾਰ ਨੂੰ ਦੇਣਾ ਪਵੇਗਾ ਕਿ ਉਹ ਆਪਣੀ ਆਖਰੀ ਫਿਲਮ ਤੱਕ ਸਿਨੇਮਾ ਪ੍ਰਤੀ ਸਮਰਪਿਤ ਰਹੇ – ਮਾਸੂਮ ਚਿਹਰਾ, ਪਿਆਰੀ ਅਦਾ ਅਤੇ ਦੇਸ਼ ਭਗਤੀ ਵਾਲੇ ਅਕਸ ਨੇ ਉਸਨੂੰ ਲੋਕਾਂ ਦਾ ਪਸੰਦੀਦਾ ਬਣਾਇਆ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI