Source :- BBC PUNJABI

ਤਸਵੀਰ ਸਰੋਤ, Getty Images
ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਇੱਕ ਫੌਜੀ ਆਪ੍ਰੇਸ਼ਨ ਕੀਤਾ ਸੀ।
ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਭਾਰਤ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।”
ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਤਣਾਅ ਤੋਂ ਬਾਅਦ, ਦੋਵਾਂ ਦੇਸ਼ਾਂ ਦੀ ਫੌਜੀ ਸਮਰੱਥਾਵਾਂ ‘ਤੇ ਚਰਚਾ ਸ਼ੁਰੂ ਹੋ ਗਈ ਹੈ।
ਆਓ ਜਾਣਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਕੋਲ ਕਿਹੜੀਆਂ ਮਿਜ਼ਾਇਲਾਂ ਹਨ ਅਤੇ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ਦੀ ਸਮਰੱਥਾ ਕੀ ਹੈ।

ਤਸਵੀਰ ਸਰੋਤ, Getty Images
ਭਾਰਤ ਦੀ ਅਗਨੀ-5 ਮਿਜ਼ਾਇਲ ਜ਼ਮੀਨ ਤੋਂ ਪੰਜ ਹਜ਼ਾਰ ਤੋਂ ਅੱਠ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ।
ਦੂਜੇ ਪਾਸੇ, ਪਾਕਿਸਤਾਨ ਦੀ ਸ਼ਾਹੀਨ-3 ਮਿਜ਼ਾਇਲ ਦੀ ਰੇਂਜ 2,750 ਕਿਲੋਮੀਟਰ ਹੈ।
ਭਾਰਤ ਦੀ ਹਥਿਆਰਾਂ ਦੇ ਮਾਮਲਿਆਂ ਵਿੱਚ ਰੂਸ ‘ਤੇ ਜ਼ਿਆਦਾ ਨਿਰਭਰਤਾ ਹੈ ਅਤੇ ਪਾਕਿਸਤਾਨ ਚੀਨ ‘ਤੇ ਜ਼ਿਆਦਾ ਨਿਰਭਰ ਹੈ।
ਪੱਛਮੀ ਦੇਸ਼ ਲੰਬੇ ਸਮੇਂ ਤੋਂ ਭਾਰਤ ਨੂੰ ਮਿਜ਼ਾਇਲ ਤਕਨਾਲੋਜੀ ਦੇਣ ਤੋਂ ਪਰਹੇਜ਼ ਕਰਦੇ ਰਹੇ ਹਨ, ਪਰ ਫਰਾਂਸ ਅਤੇ ਭਾਰਤ ਨੇ ਮਿਜ਼ਾਇਲ ਤਕਨਾਲੋਜੀ ‘ਤੇ ਇਕੱਠੇ ਕੰਮ ਕੀਤਾ ਹੈ।
ਇਨ੍ਹਾਂ ਵਿੱਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਇਲ ਯਾਨਿ ਕਿ ਆਈਸੀਬੀਐੱਮ ਵੀ ਸ਼ਾਮਲ ਹੈ। ਦੁਨੀਆ ਵਿੱਚ ਸਿਰਫ਼ ਸੱਤ ਦੇਸ਼ ਹਨ ਜਿਨ੍ਹਾਂ ਕੋਲ ਆਈਸੀਬੀਐੱਮ ਹਨ।

ਜਾਣੋ ਹੁਣ ਤੱਕ ਕੀ-ਕੀ ਹੋਇਆ ਹੈ…
- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਹਮਲੇ ਕੀਤੇ ਹਨ।
- ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
- ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਹੈ।
- ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ ‘ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।
- ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜ਼ਖ਼ਮੀ ਹੋ ਗਏ ਹਨ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।
- ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ‘ਗਿਣੇ-ਮਿੱਥੇ ਅਤੇ ਗ਼ੈਰ-ਭੜਕਾਊ’ ਸਨ।
- ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।
- ਪਾਕਿਸਤਾਨ ਅਤੇ ਭਾਰਤ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ।
- ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰਨ ਤੋਂ ਬਾਅਦ, ਕਈ ਏਅਰਲਾਈਨਾਂ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।

ਐਂਟੀ-ਬੈਲਿਸਟਿਕ ਮਿਜ਼ਾਇਲ ਸਿਸਟਮ
ਰੱਖਿਆ ਵਿਸ਼ਲੇਸ਼ਕ ਹੈਰਿਸਨ ਕਾਸ ਨੇ ਦਿ ਨੈਸ਼ਨਲ ਇੰਟਰੈਸਟ ਵਿੱਚ ਲਿਖਿਆ ਹੈ, “ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਐਂਟੀ-ਬੈਲਿਸਟਿਕ ਮਿਜ਼ਾਇਲ ਸਿਸਟਮ ਹੈ। ਭਾਰਤ ਦੇ ਮਿਜ਼ਾਈਲ ਰੱਖਿਆ ਪ੍ਰਣਾਲੀ ਵਿੱਚ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਹਨ। ਪਹਿਲੀ ਪ੍ਰਿਥਵੀ ਏਅਰ ਡਿਫੈਂਸ (ਪੀਏਡੀ) ਮਿਜ਼ਾਈਲ ਹੈ, ਜੋ ਜ਼ਿਆਦਾ ਉਚਾਈ ਵਾਲੇ ਮਿਜ਼ਾਈਲ ਹਮਲਿਆਂ ਨੂੰ ਰੋਕਦੀ ਹੈ ਅਤੇ ਦੂਜੀ ਐਡਵਾਂਸਡ ਏਅਰ ਡਿਫੈਂਸ (ਏਏਡੀ) ਹੈ, ਜੋ ਘੱਟ ਉਚਾਈ ਵਾਲੇ ਮਿਜ਼ਾਈਲ ਹਮਲਿਆਂ ਨੂੰ ਰੋਕਦੀ ਹੈ।”
“ਭਾਰਤ ਦੀ ਐਂਟੀ-ਬੈਲਿਸਟਿਕ ਮਿਜ਼ਾਇਲ ਪ੍ਰਣਾਲੀ ਤੋਂ ਘੱਟੋ-ਘੱਟ 5,000 ਕਿਲੋਮੀਟਰ ਦੀ ਦੂਰੀ ਤੋਂ ਆਉਣ ਵਾਲੇ ਮਿਜ਼ਾਇਲ ਹਮਲਿਆਂ ਨੂੰ ਰੋਕਣ ਦੇ ਸਮਰੱਥ ਹੋਣ ਦੀ ਉਮੀਦ ਹੈ।”
ਭਾਰਤ ਨੇ ਰੂਸ ਨਾਲ ਮਿਲ ਕੇ ਬ੍ਰਹਮੋਸ ਅਤੇ ਬ੍ਰਹਮੋਸ-2 ਹਾਈਪਰਸੋਨਿਕ ਕਰੂਜ਼ ਮਿਜ਼ਾਇਲਾਂ ਵੀ ਵਿਕਸਤ ਕੀਤੀਆਂ ਹਨ ਅਤੇ ਇਨ੍ਹਾਂ ਨੂੰ ਜ਼ਮੀਨ, ਹਵਾ, ਸਮੁੰਦਰ ਅਤੇ ਉਪ-ਸਮੁੰਦਰੀ ਪਲੇਟਫਾਰਮਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ।
ਹੈਰੀਸਨ ਕਾਸ ਕਹਿੰਦੇ ਹਨ, “ਭਾਰਤ ਕੋਲ ਰਵਾਇਤੀ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਮਿਜ਼ਾਇਲਾਂ ਦੇ ਕਈ ਬਦਲ ਹਨ। ਇਸ ਵਿੱਚ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੀ ਸਮਰੱਥਾ ਵੀ ਹੈ।”
ਦੂਜੇ ਪਾਸੇ, ਪਾਕਿਸਤਾਨ ਕੋਲ ਰਵਾਇਤੀ ਅਤੇ ਪਰਮਾਣੂ ਹਥਿਆਰਬੰਦ ਮਿਜ਼ਾਇਲਾਂ ਦੇ ਵੀ ਕਈ ਬਦਲ ਹਨ। ਕਿਹਾ ਜਾਂਦਾ ਹੈ ਕਿ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਆਪਣੀਆਂ ਮਿਜ਼ਾਇਲ ਸਮਰੱਥਾਵਾਂ ਨੂੰ ਅੱਗੇ ਵਧਾਇਆ ਹੈ।
ਪਰ ਭਾਰਤ ਦੇ ਉਲਟ, ਪਾਕਿਸਤਾਨ ਕੋਲ ਆਈਸੀਬੀਐੱਮ ਦਾ ਬਦਲ ਨਹੀਂ ਹੈ।
ਕਈ ਰੱਖਿਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਇਸ ਦੀ ਬਹੁਤੀ ਲੋੜ ਨਹੀਂ ਹੈ।
ਚੀਨ ਅਤੇ ਭਾਰਤ ਵਿਚਕਾਰ ਜੰਗ ਹੋ ਚੁੱਕੀ ਹੈ ਅਤੇ ਭਾਰਤ ਇਸ ਹਿਸਾਬ ਨਾਲ ਵੀ ਆਪਣੀ ਰੱਖਿਆ ਸਮਰੱਥਾ ਦਾ ਵਿਕਾਸ ਕਰ ਰਿਹਾ ਹੈ।
ਦੂਜੇ ਪਾਸੇ, ਪਾਕਿਸਤਾਨ ਇਸ ਵੇਲੇ ਸਿਰਫ਼ ਭਾਰਤ ਨੂੰ ਹੀ ਆਪਣਾ ਦੁਸ਼ਮਣ ਮੰਨਦਾ ਹੈ।
ਹੈਰੀਸਨ ਕਾਸ ਦਾ ਕਹਿਣਾ ਹੈ, “ਪਾਕਿਸਤਾਨ ਨੂੰ ਭਾਰਤ ਲਈ ਆਈਸੀਬੀਐੱਮ ਦੀ ਬਹੁਤੀ ਜ਼ਰੂਰਤ ਨਹੀਂ ਹੈ। ਪਾਕਿਸਤਾਨ ਦੀ ਮਿਜ਼ਾਇਲ ਸਮਰੱਥਾ ਖੇਤਰੀ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਹੈ।”

ਤਸਵੀਰ ਸਰੋਤ, Getty Images
ਪਾਕਿਸਤਾਨ ਕੋਲ ਆਈਸੀਬੀਐੱਮ ਨਹੀਂ ਹਨ
ਭਾਰਤ ਦੇ ਮਸ਼ਹੂਰ ਰੱਖਿਆ ਵਿਸ਼ਲੇਸ਼ਕ ਰਾਹੁਲ ਬੇਦੀ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਆਈਸੀਬੀਐੱਮ ਤੱਕ ਪਹੁੰਚਦਾ ਹੈ ਤਾਂ ਕੁਝ ਵੀ ਨਹੀਂ ਬਚੇਗਾ।
ਰਾਹੁਲ ਬੇਦੀ ਕਹਿੰਦੇ ਹਨ, “ਆਈਸੀਬੀਐੱਮ ਦਾ ਉਡਾਣ ਸਮਾਂ 15 ਤੋਂ 20 ਸਕਿੰਟ ਹੈ। ਆਈਸੀਬੀਐੱਮ ਇੱਕ ਰਣਨੀਤਕ ਹਥਿਆਰ ਹੈ ਅਤੇ ਭਾਰਤ ਨੇ ਇਸ ਨੂੰ ਚੀਨ ਨੂੰ ਧਿਆਨ ਵਿੱਚ ਰੱਖ ਕੇ ਵਿਕਸਤ ਕੀਤਾ ਹੈ।”
“ਪਾਕਿਸਤਾਨ ਕੋਲ ਆਈਸੀਬੀਐੱਮ ਨਹੀਂ ਹੈ। ਪਾਕਿਸਤਾਨ ਨੂੰ ਇਸ ਦੀ ਲੋੜ ਵੀ ਨਹੀਂ ਹੈ। ਪਾਕਿਸਤਾਨ ਦੀ ਪੂਰੀ ਤਿਆਰੀ ਭਾਰਤ ਨੂੰ ਲੈ ਕੇ ਹੈ ਜਦੋਂ ਕਿ ਭਾਰਤ ਦਾ ਮੁੱਖ ਧਿਆਨ ਚੀਨ ʼਤੇ ਹੈ। ਜਦੋਂ ਭਾਰਤ ਨੇ 1998 ਵਿੱਚ ਪਰਮਾਣੂ ਪ੍ਰੀਖਣ ਕੀਤੇ ਸਨ, ਤਾਂ ਅਟਲ ਬਿਹਾਰੀ ਵਾਜਪਾਈ ਨੇ ਬਿਲ ਕਲਿੰਟਨ ਨੂੰ ਲਿਖੇ ਇੱਕ ਪੱਤਰ ਵਿੱਚ ਇਹੀ ਗੱਲ ਕਹੀ ਸੀ।”
ਪਾਕਿਸਤਾਨ ਨੇ ਚੀਨ ਦੇ ਸਹਿਯੋਗ ਨਾਲ ਸ਼ਾਹੀਨ ਲੜੀ ਦੀਆਂ ਮਿਜ਼ਾਇਲਾਂ ਵਿਕਸਤ ਕੀਤੀਆਂ ਹਨ। ਪਾਕਿਸਤਾਨ ਦੀਆਂ ਸ਼ਾਹੀਨ ਮਿਜ਼ਾਈਲਾਂ ਵਿੱਚ ਛੋਟੀ, ਦਰਮਿਆਨੀ ਅਤੇ ਲੰਬੀ ਦੂਰੀ ਦੀ ਮਾਰ ਕਰਨ ਦੀ ਸਮਰੱਥਾ ਹੈ।
ਪਾਕਿਸਤਾਨ ਐਂਟੀ-ਬੈਲਿਸਟਿਕ ਮਿਜ਼ਾਇਲ ਸਿਸਟਮ ‘ਤੇ ਵੀ ਕੰਮ ਕਰ ਰਿਹਾ ਹੈ ਤਾਂ ਜੋ ਭਾਰਤ ਦੇ ਹਮਲਿਆਂ ਦਾ ਸਾਹਮਣਾ ਕੀਤਾ ਜਾ ਸਕੇ।
ਹੈਰੀਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਕੋਲ ਐੱਚਕਿਊ-9ਬੀਈ ਹੈ, ਪਰ ਭਾਰਤ ਜੇਕਰ ਬ੍ਰਹਮੋਸ ਦੀ ਵਰਤੋਂ ਕਰੇਗਾ ਹੈ ਤਾਂ ਪਾਕਿਸਤਾਨ ਲਈ ਇਸ ਨੂੰ ਰੋਕਣਾ ਆਸਾਨ ਨਹੀਂ ਹੋਵੇਗਾ।
ਪਾਕਿਸਤਾਨ ਸੰਸਦ ਵਿੱਚ ਬ੍ਰਹਮੋਸ ਸੁਪਰਸੋਨਿਕ ਮਿਜ਼ਾਇਲ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਚਿੰਤਾ ਪ੍ਰਗਟ ਕਰਦੇ ਰਹੇ ਹਨ। ਮਈ 2022 ਵਿੱਚ, ਭਾਰਤ ਨੇ ਕਿਹਾ ਕਿ ਉਸ ਦੀ ਇੱਕ ਮਿਜ਼ਾਇਲ ਗ਼ਲਤੀ ਨਾਲ ਪਾਕਿਸਤਾਨ ਵੱਲ ਦਾਗ਼ੀ ਗਈ ਸੀ।
ਉਦੋਂ ਪਾਕਿਸਤਾਨ ਦੇ ਤਤਕਾਲੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਨੇ ਕਿਹਾ ਸੀ, “ਇੱਕ ਸੁਪਰਸੋਨਿਕ ਪ੍ਰੋਜੈਕਟਾਈਲ 40 ਹਜ਼ਾਰ ਫੁੱਟ ਦੀ ਉਚਾਈ ਤੋਂ ਸਰਹੱਦ ਪਾਰ ਪਾਕਿਸਤਾਨ ਵਿੱਚ ਡਿੱਗਿਆ ਸੀ।”
“ਮਿਜ਼ਾਇਲ ਅੰਤਰਰਾਸ਼ਟਰੀ ਅਤੇ ਘਰੇਲੂ ਵਪਾਰਕ ਏਅਰਲਾਈਨਾਂ ਦੇ ਰਸਤੇ ਦੇ ਨੇੜੇ ਤੋਂ ਲੰਘੀ। ਇਹ ਬਹੁਤ ਗ਼ੈਰ-ਜ਼ਿੰਮੇਵਾਰਾਨਾ ਹੈ ਕਿ ਪਾਕਿਸਤਾਨ ਨੂੰ ਭਾਰਤ ਨੇ ਇਸ ਬਾਰੇ ਸੂਚਿਤ ਵੀ ਨਹੀਂ ਕੀਤਾ ਸੀ।”
ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਮਿਜ਼ਾਇਲ ਭਾਰਤੀ ਸਰਹੱਦ ਤੋਂ 75 ਕਿਲੋਮੀਟਰ ਦੂਰ ਮੀਆਂ ਚਾਨੂ ਨਾਮਕ ਇੱਕ ਛੋਟੇ ਜਿਹੇ ਕਸਬੇ ਵਿੱਚ ਡਿੱਗੀ ਸੀ।

ਤਸਵੀਰ ਸਰੋਤ, Getty Images
ਇਸ ਵਾਰ ਕੀ ਹੋਇਆ?
ਰਾਹੁਲ ਬੇਦੀ ਕਹਿੰਦੇ ਹਨ, “ਭਾਰਤ ਨੇ ਇਸ ਵਾਰ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਦੀ ਬਜਾਏ, ਭਾਰਤ ਨੇ ਆਪਣੇ ਹੀ ਖੇਤਰ ਤੋਂ ਹਮਲਾ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਭਾਰਤ ਨੇ ਪਾਕਿਸਤਾਨ ਦੀ ਮੁੱਖ ਭੂਮੀ ਪੰਜਾਬ ਵਿੱਚ ਹਮਲਾ ਕੀਤਾ ਹੈ।”
ਭਾਰਤ ਅਤੇ ਪਾਕਿਸਤਾਨ ਦੀ ਮਿਜ਼ਾਇਲ ਸਮਰੱਥਾ ਬਾਰੇ ਰਾਹੁਲ ਬੇਦੀ ਕਹਿੰਦੇ ਹਨ, “ਭਾਰਤ ਕੋਲ ਬੀਐੱਮਡੀ ਸੀਲਸ ਯਾਨਿ ਬੈਲਿਸਟਿਕ ਮਿਜ਼ਾਇਲ ਡਿਫੈਂਸ ਹੈ ਅਤੇ ਪਾਕਿਸਤਾਨ ਕੋਲ ਇਹ ਨਹੀਂ ਹੈ।”
“ਹਾਲਾਂਕਿ, ਬੀਐੱਮਡੀ ਹਮੇਸ਼ਾ 100 ਫੀਸਦ ਸਫ਼ਲ ਨਹੀਂ ਹੁੰਦੀ ਹੈ। ਅਸੀਂ ਇਹ ਇਜ਼ਰਾਈਲ ਵਿੱਚ ਦੇਖਿਆ ਜਿੱਥੇ ਉਨ੍ਹਾਂ ਦਾ ਆਇਰਨ ਡੋਮ ਕੁਝ ਮਾਮਲਿਆਂ ਵਿੱਚ ਅਸਫ਼ਲ ਰਿਹਾ। ਇਸ ਦੇ ਬਾਵਜੂਦ, ਬੀਐੱਮਡੀ ਸੀਲਸ ਵੱਡੇ ਹਮਲਿਆਂ ਨੂੰ ਰੋਕਣ ਵਿੱਚ ਉਪਯੋਗੀ ਹੋਣਗੇ।”
ਰਾਹੁਲ ਬੇਦੀ ਕਹਿੰਦੇ ਹਨ, “ਭਾਰਤ ਕੋਲ ਸਟ੍ਰੈਟਿਜਿਕ ਅਤੇ ਕਨਵੈਂਸ਼ਨਲ ਦੋਵੇਂ ਤਰ੍ਹਾਂ ਦੀਆਂ ਮਿਜ਼ਾਇਲਾਂ ਹਨ। ਜਿਵੇਂ ਅਗਨੀ ਇੱਕ ਸਟ੍ਰੈਟਿਜਿਕ ਮਿਜ਼ਾਇਲ ਹੈ ਅਤੇ ਬ੍ਰਹਮੋਸ ਕਨਵੈਂਸ਼ਨਲ ਹੈ।”
“ਜੇਕਰ ਅਸੀਂ ਉਨ੍ਹਾਂ ਦੀ ਤੁਲਨਾ ਪਾਕਿਸਤਾਨ ਦੀਆਂ ਗੌਰੀ ਅਤੇ ਬਾਬਰ ਨਾਲ ਕਰੀਏ, ਤਾਂ ਉਹ ਮਾਰਕ ਸਮਰੱਥਾ ਵਿੱਚ ਬਹੁਤ ਅੱਗੇ ਹਨ। ਭਾਰਤ ਦੀ ਨਿਗਰਾਨੀ ਪ੍ਰਣਾਲੀ ਵਿੱਚ ਵੀ ਹੁਣ ਸੁਧਾਰ ਹੋਇਆ ਹੈ।”
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਰਾਸ਼ਟਰੀ ਸੁਰੱਖਿਆ ਕੇਂਦਰ ਦੇ ਪ੍ਰੋਫੈਸਰ ਲਕਸ਼ਮਣ ਕੁਮਾਰ ਕਹਿੰਦੇ ਹਨ, “ਭਾਰਤ ਦਾ ਏਅਰ ਡਿਫੈਂਸ ਸਿਸਟਮ ਆਕਾਸ਼ ਅਤੇ ਐੱਸ-400 ਬਹੁਤਾ ਕੰਮ ਨਹੀਂ ਆਏਗਾ।”
“ਪਾਕਿਸਤਾਨ ਕੋਲ ਇੰਨੇ ਪ੍ਰਭਾਵਸ਼ਾਲੀ ਏਅਰ ਡਿਫੈਂਸ ਸਿਸਟਮ ਨਹੀਂ ਹਨ। ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰੇਗਾ। ਇਹ ਯਕੀਨੀ ਹੈ ਕਿ ਉਹ ਜਵਾਬ ਦੇਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI