Source :- BBC PUNJABI
ਤਸਵੀਰ ਸਰੋਤ, Reuters
2 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 5 ਮਿੰਟ
ਬੰਗਲਾਦੇਸ਼ ਵਿੱਚ ਲੰਘੀ 12 ਫਰਵਰੀ ਨੂੰ ਹੋਈਆਂ ਰਾਸ਼ਟਰੀ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤੱਕ ਦੇ ਨਤੀਜਿਆਂ ਵਿੱਚ ਸਾਹਮਣੇ ਆ ਰਿਹਾ ਹੈ ਕਿ ਤਾਰਿਕ ਰਹਿਮਾਨ ਅਤੇ ਉਨ੍ਹਾਂ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਜਿੱਤ ਵੱਲ ਵਧ ਰਹੇ ਹਨ।
ਕਈ ਸਥਾਨਕ ਮੀਡੀਆ ਆਊਟਲੇਟ ਅਨੁਮਾਨ ਲਗਾ ਰਹੇ ਹਨ ਕਿ ਪਾਰਟੀ ਵੱਡੀ ਜਿੱਤ ਦਰਜ ਕਰਨ ਵੱਲ ਵਧ ਰਹੀ ਹੈ। ਜਦਕਿ ਜਮਾਤ-ਏ-ਇਸਲਾਮੀ ਦੂਜੇ ਨੰਬਰ ‘ਤੇ ਹੈ।
ਬੀਐਨਪੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਤਾਰਿਕ ਰਹਿਮਾਨ ਨੂੰ ਇਸ ਦੇ ਮੁੱਖ ਆਗੂ ਵਜੋਂ ਦੇਖਿਆ ਜਾ ਰਿਹਾ ਹੈ।
ਸਾਲ 2024 ਵਿੱਚ ਵਿਦਿਆਰਥੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੁਆਰਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਬੰਗਲਾਦੇਸ਼ ਵਿੱਚ ਇਹ ਪਹਿਲੀਆਂ ਚੋਣਾਂ ਹਨ।
ਇਸ ਦੌਰਾਨ, ਬੰਗਲਾਦੇਸ਼ ਦੀ ਸੰਸਦ ਵਿੱਚ 300 ਚੁਣੀਆਂ ਗਈਆਂ ਸੀਟਾਂ ਲਈ 2,000 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ।
ਦੱਸ ਦੇਈਏ ਕਿ ਇਸ ਵਾਰ ਬੰਗਲਾਦੇਸ਼ ਦੇ ਲੋਕਾਂ ਨੇ ਦੋ ਤਰ੍ਹਾਂ ਦੀਆਂ ਵੋਟਾਂ ਪਾਈਆਂ ਹਨ, ਇੱਕ – ਸੰਸਦ ਮੈਂਬਰਾਂ ਦੀ ਚੋਣ ਕਰਨ ਲਈ, ਅਤੇ ਦੂਜੀ – ਸੰਵਿਧਾਨ ਵਿੱਚ ਸੋਧ ਲਈ ਹੋ ਰਹੇ ਰੈਫਰੈਂਡਮ ਲਈ।
ਤਸਵੀਰ ਸਰੋਤ, Reuters
ਬੀਬੀਸੀ ਬੰਗਲਾ ਦੀ ਰਿਪੋਰਟ ਮੁਤਾਬਕ, ਹੁਣ ਤੱਕ ਦੇ ਨਤੀਜੇ ਦਿਖਾਉਂਦੇ ਹਨ ਕਿ 70% ਤੋਂ ਵੱਧ ਵੋਟਰਾਂ ਨੇ ਜੁਲਾਈ ਚਾਰਟਰ ਨੂੰ ਅਪਣਾਉਣ ਦੇ ਹੱਕ ਵਿੱਚ ਵੋਟ ਦਿੱਤੀ ਹੈ।
ਜੁਲਾਈ ਚਾਰਟਰ, 84 ਸੁਧਾਰਾਂ ਦਾ ਇੱਕ ਸੈੱਟ ਹੈ ਜੋ ਅੰਤਰਿਮ ਸਰਕਾਰ ਵੱਲੋਂ ਸੁਝਾਇਆ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਬੰਗਲਾਦੇਸ਼ ਦਾ ਸ਼ਾਸਨ ਕਿਵੇਂ ਚਲਾਇਆ ਜਾਵੇਗਾ।
‘ਹਾਂ’ ਪੱਖੀ ਵੋਟ ਦੀ ਜਿੱਤ ਨਾਲ ਨਵੀਂ ਸੰਸਦ ਕਾਨੂੰਨੀ ਤੌਰ ‘ਤੇ ਇਸਨੂੰ (ਜੁਲਾਈ ਚਾਰਟਰ) ਪੂਰੀ ਤਰ੍ਹਾਂ ਲਾਗੂ ਕਰਨ ਲਈ ਪਾਬੰਦ ਹੋਏਗੀ। ਜੇਕਰ ‘ਨਹੀਂ’ ਵੋਟ ਜਿੱਤ ਜਾਂਦੀ ਹੈ, ਤਾਂ ਸੁਧਾਰ ਪੂਰੀ ਤਰ੍ਹਾਂ ਬਹੁਮਤ ਵਾਲੀ ਪਾਰਟੀ ਦੀ ਇੱਛਾ ‘ਤੇ ਨਿਰਭਰ ਕਰਨਗੇ।
ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਦੀ ਅਗਵਾਈ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਕੀਤੀ ਹੈ।
ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਅੱਗੇ ਚੱਲ ਰਹੇ ਤਾਰਿਕ ਰਹਿਮਾਨ ਕੌਣ ਹਨ?
ਤਸਵੀਰ ਸਰੋਤ, LightRocket via Getty Images
ਤਾਰਿਕ ਰਹਿਮਾਨ, ਸਾਲ 2008 ਤੋਂ ਲੰਡਨ ਵਿੱਚ ਰਹਿ ਰਹੇ ਹਨ। ਜੇ ਇਨ੍ਹਾਂ ਚੋਣਾਂ ਵਿੱਚ ਬੀਐਨਪੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਦੀ ਹੈ, ਤਾਂ ਤਾਰਿਕ ਦੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ।
60 ਸਾਲਾ ਰਹਿਮਾਨ ਸਿਆਸਤ ਵਿੱਚ ਜਾਣੇ-ਪਛਾਣੇ ਜ਼ਿਆ ਪਰਿਵਾਰ ਦੇ ਪ੍ਰਮੁੱਖ ਚਿਹਰੇ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (ਜਿਨ੍ਹਾਂ ਦਾ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਦੇਹਾਂਤ ਹੋ ਗਿਆ) ਅਤੇ ਜ਼ਿਆਉਰ ਰਹਿਮਾਨ (ਜਿਨ੍ਹਾਂ ਦੀ 1981 ਵਿੱਚ ਰਾਸ਼ਟਰਪਤੀ ਅਹੁਦੇ ‘ਤੇ ਰਹਿਣ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ) ਦੇ ਪੁੱਤਰ ਹਨ।
ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਦੌਰਾਨ ਰਹਿਮਾਨ ਉੱਤੇ ਕਈ ਅਪਰਾਧੀ ਜਾਂਚਾਂ ਚਲਾਈਆਂ ਗਈਆਂ ਸਨ, ਪਰ ਜਦੋਂ ਸ਼ੇਖ ਹਸੀਨਾ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਗਈ ਤਾਂ ਰਹਿਮਾਨ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ।
ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਉਹ 17 ਸਾਲਾਂ ਦੀ ਜਲਾਵਤਨੀ ਜੀਵਨ ਤੋਂ ਬਾਅਦ ਬੰਗਲਾਦੇਸ਼ ਵਾਪਸ ਆਏ।
ਪਾਰਟੀਆਂ ਨੇ ਲਗਾਏ ਨਤੀਜਿਆਂ ‘ਚ ਗੜਬੜੀ ਦੇ ਇਲਜ਼ਾਮ
ਤਸਵੀਰ ਸਰੋਤ, AFP via Getty Images
ਵੋਟਾਂ ਦੀ ਗਿਣਤੀ ਵਿਚਕਾਰ ਪਾਰਟੀਆਂ ਨੇ ਵੋਟਾਂ ਦੀ ਗਿਣਤੀ ਵਿੱਚ ਹੇਰਾਫੇਰੀ ਦੇ ਵੀ ਇਲਜ਼ਾਮ ਲਗਾਏ ਹਨ।
2024 ਵਿੱਚ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਾਹਰ ਕਰਨ ਵਾਲੇ ਅੰਦੋਲਨ ਦੀ ਅਗਵਾਈ ਕਰਨ ਵਾਲੀ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਨੇ ਇਲਜ਼ਾਮ ਲਗਾਇਆ ਹੈ ਕਿ ਨਤੀਜਿਆਂ ਵਿੱਚ ਹੇਰਾਫੇਰੀ ਕੀਤੀ ਗਈ ਹੈ।
ਐਨਸੀਪੀ ਨੇ ਦੁਬਾਰਾ ਵੋਟਾਂ ਦੀ ਗਿਣਤੀ ਕਰਾਉਣ ਦੀ ਮੰਗ ਕੀਤੀ ਹੈ।
ਘੱਟੋ-ਘੱਟ ਦੋ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਇਸੇ ਤਰ੍ਹਾਂ ਦੇ ਇਲਜ਼ਾਮਾਂ ਨਾਲ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਬੀਐਨਪੀ ਨੇ ਜਮਾਤ-ਏ-ਇਸਲਾਮੀ ‘ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਪਿਛੋਕੜ ਕੀ ਹੈ
ਹੁਣ ਤੱਕ ਸਾਹਮਣੇ ਆ ਰਹੇ ਨਤੀਜਿਆਂ ਅਨੁਸਾਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਜ਼ਿਆਦਾਤਰ ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਇਹ ਪਾਰਟੀ ਸਾਲ 1978 ਵਿੱਚ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੁਆਰਾ ਸਥਾਪਿਤ ਕੀਤੀ ਗਈ ਸੀ,ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਆਗੂਆਂ ਵਿੱਚੋਂ ਇੱਕ ਵੀ ਸਨ।
ਬੀਐਨਪੀ ਕਈ ਵਾਰ ਦੇਸ਼ ‘ਤੇ ਰਾਜ ਕਰ ਚੁੱਕੀ ਹੈ ਅਤੇ ਅਕਸਰ (ਹੁਣ ਪਾਬੰਦੀਸ਼ੁਦਾ) ਆਵਾਮੀ ਲੀਗ ਨਾਲ ਸੱਤਾ ਦਾ ਆਦਾਨ-ਪ੍ਰਦਾਨ ਕੀਤਾ ਹੈ।
ਇਸ ਵਾਰ ਦੀਆਂ ਚੋਣ ਲਈ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ, ਮਰਹੂਮ ਜ਼ਿਆਉਰ ਰਹਿਮਾਨ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਦੇਸ਼ ਦੇ ਅਗਲੇ ਆਗੂ ਬਣ ਸਕਦੇ ਹਨ।
ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਬੀਐਨਪੀ ਨੇ “ਕਲਿਆਣਕਾਰੀ ਅਤੇ ਖੁਸ਼ਹਾਲ” ਦੇਸ਼ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਮੁੱਖ ਵਾਅਦਿਆਂ ਵਿੱਚ ਘੱਟ-ਆਮਦਨ ਵਾਲੇ ਪਰਿਵਾਰਾਂ ਲਈ ਵੱਧ ਵਿੱਤੀ ਸਹਾਇਤਾ, ਸਿਹਤ ਸੰਭਾਲ ਕਾਰਜਬਲ ਦਾ ਵਿਸਥਾਰ, ਸਿੱਖਿਆ ਸੁਧਾਰ ਅਤੇ ਮੌਸਮੀ ਬਦਲਾਅ ਦੇ ਮੁਕਾਬਲੇ ਲਈ ਤਿਆਰੀ ਪੁਖਤਾ ਕਰਨਾ ਸ਼ਾਮਲ ਹਨ।
ਬੀਐਨਪੀ ਨੇ ਪਿਛਲੀਆਂ ਚੋਣਾਂ, ਜਿਸ ਵਿੱਚ 2024 ਦੀ ਸਭ ਤੋਂ ਹਾਲੀਆ ਚੋਣ ਵੀ ਸ਼ਾਮਲ ਹੈ, ਦਾ ਇਹ ਕਹਿੰਦੇ ਹੋਏ ਬਾਈਕਾਟ ਕੀਤਾ ਸੀ ਕਿ ਉਹ ਨਾ ਤਾਂ ਆਜ਼ਾਦ ਸਨ ਅਤੇ ਨਾ ਹੀ ਨਿਰਪੱਖ – ਹਾਲਾਂਕਿ ਇਸ ‘ਤੇ ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ।
ਰੈਫਰੈਂਡਮ ਕੀ ਹੈ?
ਤਸਵੀਰ ਸਰੋਤ, Getty Images
ਰੈਫਰੈਂਡਮ ਆਪਣੇ ਆਪ ਵਿੱਚ ਸਧਾਰਣ ਹੈ, ਪਰ ਇਸ ਦਾ ਦਾਇਰਾ ਬਹੁਤ ਵੱਡਾ ਹੈ।
ਵੋਟਰ ਇੱਕ ਹੀ ਹਾਂ ਜਾਂ ਨਾ ਵਾਲੇ ਪ੍ਰਸ਼ਨ ਦਾ ਜਵਾਬ ਦੇਣਗੇ, ਖਾਲੀ ਬੈਲਟ ਪੇਪਰ ਵੀ ਪ੍ਰਵਾਨ ਹੋਵੇਗਾ।
ਰੈਫਰੈਂਡਮ ਦਾ ਮੁੱਖ ਬਿੰਦੂ, 100 ਮੈਂਬਰੀ ਉੱਪਰੀ ਸਦਨ (ਅਪਰ ਹਾਊਸ) ਦੀ ਸਥਾਪਨਾ ਕਰਨਾ ਹੈ, ਜਿਸ ਨੂੰ ਪ੍ਰਪੋਸ਼ਨਲ ਰਿਪ੍ਰੇਜ਼ੇਂਟੇਸ਼ਨ ਨਾਲ ਚੁਣਿਆ ਜਾਵੇਗਾ।
ਪ੍ਰਸਤਾਵਿਤ ਸਦਨ ਦੀ ਸੰਵਿਧਾਨਕ ਸੋਧਾਂ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਭੂਮਿਕਾ ਹੋਵੇਗੀ, ਜਿਸ ਨਾਲ ਇੱਕ ਨਵਾਂ ਸਿਸਟਮ ਬਣੇਗਾ ਜੋ ਇਹ ਨਿਗਰਾਨੀ ਕਰੇਗਾ ਕਿ ਹੇਠਲੇ ਸਦਨ ਵਿੱਚ ਦੋ-ਤਿਹਾਈ ਬਹੁਮਤ ਰੱਖਣ ਵਾਲੀ ਪਾਰਟੀ ਵੀ ਆਪਣੇ ਆਪ ਸੰਵਿਧਾਨ ਵਿੱਚ ਸੋਧ ਨਾ ਕਰ ਸਕੇ।
ਅਸਲ ਵਿੱਚ, ਇਹ ਰੈਫਰੈਂਡਮ ਸਿਰਫ ਸੰਸਥਾਗਤ ਤਬਦੀਲੀਆਂ ਬਾਰੇ ਨਹੀਂ ਹੈ। ਇਹ ਸ਼ਕਤੀ ਦੇ ਸੰਤੁਲਨ ਨੂੰ ਦੁਬਾਰਾ ਤੈਅ ਕਰਨ ਬਾਰੇ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



