Home ਰਾਸ਼ਟਰੀ ਖ਼ਬਰਾਂ ਪੁੱਤਰ ਦੀ ਸਰਜਰੀ ਕਰਵਾਉਣ ਹਸਪਤਾਲ ਗਏ ਪਿਤਾ ਦਾ ਡਾਕਟਰਾਂ ਨੇ ਬਿਨ੍ਹਾਂ ਕਿਸੇ...

ਪੁੱਤਰ ਦੀ ਸਰਜਰੀ ਕਰਵਾਉਣ ਹਸਪਤਾਲ ਗਏ ਪਿਤਾ ਦਾ ਡਾਕਟਰਾਂ ਨੇ ਬਿਨ੍ਹਾਂ ਕਿਸੇ ਬਿਮਾਰੀ ਤੋਂ ਕਿਵੇਂ ਕਰ ਦਿੱਤਾ ਆਪ੍ਰੇਸ਼ਨ, ਕੀ ਹੈ ਪੂਰਾ ਮਾਮਲਾ

4
0

Source :- BBC PUNJABI

ਮਨੀਸ਼ ਪਾਂਚਾਲ ਅਤੇ ਜਗਦੀਸ਼ ਪਾਂਚਾਲ

ਤਸਵੀਰ ਸਰੋਤ, Mohar Singh Meena

ਰਾਜਸਥਾਨ ਦੇ ਕੋਟਾ ਮੈਡੀਕਲ ਕਾਲਜ ‘ਤੇ ਗੰਭੀਰ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਹਨ। ਮਾਮਲਾ ਇੱਕ ਬਜ਼ੁਰਗ ਦੀ ਸਰਜਰੀ ਕਰਨ ਦਾ ਹੈ।

ਦਰਅਸਲ, ਇੱਕ ਬਜ਼ੁਰਗ ਵਿਅਕਤੀ ਕੋਟਾ ਦੇ ਸਰਕਾਰੀ ਹਸਪਤਾਲ ‘ਚ ਆਪਣੇ ਜ਼ਖਮੀ ਪੁੱਤਰ ਦੀ ਦੇਖਭਾਲ ਲਈ ਰੁਕੇ ਹੋਏ ਸਨ। ਉਨ੍ਹਾਂ ਦਾ ਪੁੱਤਰ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖਲ ਹੈ।

ਹਸਪਤਾਲ ‘ਤੇ ਇਲਜ਼ਾਮ ਲੱਗ ਰਹੇ ਹਨ ਕਿ ਬਜ਼ੁਰਗ ਨੂੰ ਆਪ੍ਰੇਸ਼ਨ ਥਿਓਟਰ ਵਿੱਚ ਬੁਲਾਇਆ ਗਿਆ ਅਤੇ ਬਿਨ੍ਹਾਂ ਪੁਸ਼ਟੀ ਕੀਤੇ ਉਨ੍ਹਾਂ ਦੇ ਹੱਥ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ।

ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ 12 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਦੀ ਖ਼ਬਰ ਨੂੰ ਪੰਜ ਦਿਨਾਂ ਤੱਕ ਬਾਹਰ ਨਹੀਂ ਆਉਣ ਦਿੱਤਾ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਾ ਤਾਂ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਰੀਰਕ ਸਮੱਸਿਆ ਸੀ।

ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਮਹਾਂਵੀਰ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਗੀਤਾ ਸਕਸੈਨਾ ਨੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?

ਮਨੀਸ਼ ਪਾਂਚਾਲ

ਤਸਵੀਰ ਸਰੋਤ, Mohar Singh Meena

ਕੋਟਾ ਡਿਵੀਜ਼ਨ ਦੇ ਬਾਰਾਂ ਜ਼ਿਲ੍ਹੇ ਦੇ ਅਟਰੂ ਦੇ ਰਹਿਣ ਵਾਲੇ 33 ਸਾਲਾ ਮਨੀਸ਼ ਪਾਂਚਾਲ ਤਿੰਨ ਮਹੀਨੇ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਦੋਂ ਤੋਂ ਉਹ ਕੋਟਾ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹਨ।

ਹਾਲ ਹੀ ਵਿੱਚ ਉਨ੍ਹਾਂ ਨੂੰ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਿਤਾ ਜਗਦੀਸ਼ ਪਾਂਚਾਲ ਉਨ੍ਹਾਂ ਦੀ ਦੇਖਭਾਲ ਲਈ ਹਸਪਤਾਲ ਵਿੱਚ ਹੀ ਰਹਿ ਰਹੇ ਸਨ।

12 ਅਪ੍ਰੈਲ ਦੀ ਸਵੇਰ ਨੂੰ, ਮਨੀਸ਼ ਨੂੰ ਆਪ੍ਰੇਸ਼ਨ ਥਿਏਟਰ ਵਿੱਚ ਲਿਜਾਇਆ ਗਿਆ। ਬਾਹਰ, ਉਨ੍ਹਾਂ ਦੇ ਪਿਤਾ ਜੀ ਆਪ੍ਰੇਸ਼ਨ ਪੂਰਾ ਹੋਣ ਦੀ ਉਡੀਕ ਕਰ ਰਹੇ ਸਨ।

ਮਨੀਸ਼ ਪਾਂਚਾਲ

ਬੀਬੀਸੀ ਨਾਲ ਗੱਲ ਕਰਦੇ ਹੋਏ ਮਨੀਸ਼ ਪਾਂਚਾਲ ਨੇ ਕਿਹਾ, “ਜਦੋਂ ਮੈਂ ਸਰਜਰੀ ਤੋਂ ਬਾਅਦ ਬਾਹਰ ਆਇਆ ਤਾਂ ਮੇਰੇ ਪਿਤਾ ਬਾਹਰ ਨਹੀਂ ਦਿਖਾਈ ਦਿੱਤੇ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਏ ਤਾਂ ਮੈਂ ਦੇਖਿਆ ਕਿ ਉਨ੍ਹਾਂ ਦੇ ਹੱਥ ‘ਤੇ ਪੱਟੀ ਬੰਨ੍ਹੀ ਹੋਈ ਸੀ।”

ਉਨ੍ਹਾਂ ਅੱਗੇ ਕਿਹਾ, “ਫਿਰ ਪਿਤਾ ਨੇ ਦੱਸਿਆ ਕਿ ਆਪ੍ਰੇਸ਼ਨ ਥਿਏਟਰ ਦੇ ਮੈਡੀਕਲ ਸਟਾਫ ਨੇ ‘ਜਗਦੀਸ਼’ ਨਾਮ ਲਿਆ। ਜਦੋਂ ਉਹ ਉੱਥੇ ਗਏ, ਤਾਂ ਉਨ੍ਹਾਂ ਨੂੰ ਬਿਨਾਂ ਪੁੱਛੇ ਹੀ ਐਨੇਸਥੀਸਿਆ ਦਾ ਟੀਕਾ ਲਗਾ ਦਿੱਤਾ ਅਤੇ ਬੇਹੋਸ਼ ਕਰ ਦਿੱਤਾ ਗਿਆ।”

“ਪਿਤਾ ਜਗਦੀਸ਼ ਦੇ ਖੱਬੇ ਹੱਥ ‘ਤੇ ਇੱਕ ਲੰਮਾ ਚੀਰਾ ਲਗਾਇਆ ਗਿਆ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਨੂੰ ਲਗਭਗ ਛੇ ਟਾਂਕੇ ਲਗਾਏ ਗਏ ਸਨ।”

ਇਹ ਵੀ ਪੜ੍ਹੋ-

ਪੀੜਤ ਪਰਿਵਾਰ ਦੀ ਕੀ ਹੈ ਮੰਗ

ਪਰਿਵਾਰ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ 17 ਅਪ੍ਰੈਲ ਨੂੰ ਇੱਕ ਸਥਾਨਕ ਅਖਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਪੜ੍ਹੀ।

ਇਸ ਤੋਂ ਬਾਅਦ, ਮਨੀਸ਼ ਦੇ ਵੱਡੇ ਭਰਾ ਸ਼ਰਵਣ ਪਾਂਚਾਲ ਸਿੱਧਾ ਕੋਟਾ ਹਸਪਤਾਲ ਪਹੁੰਚੇ।

ਉਨ੍ਹਾਂ ਬੀਬੀਸੀ ਨੂੰ ਦੱਸਿਆ, “ਹਸਪਤਾਲ ਪ੍ਰਸ਼ਾਸਨ ਨੇ ਪੰਜ ਦਿਨਾਂ ਤੱਕ ਮਾਮਲੇ ਨੂੰ ਦਬਾ ਕੇ ਰੱਖਿਆ।”

ਉਨ੍ਹਾਂ ਇਲਜ਼ਾਮ ਲਗਾਇਆ ਕਿ “ਮਾਮਲੇ ਨੂੰ ਦਬਾਉਣ ਲਈ, ਹਸਪਤਾਲ ਪ੍ਰਸ਼ਾਸਨ ਨੇ ਮੇਰੇ ਭਰਾ ਅਤੇ ਪਿਤਾ ਨੂੰ ਧਮਕੀਆਂ ਵੀ ਦਿੱਤੀਆਂ ਹਨ। ਇਸੇ ਕਰਕੇ ਹਸਪਤਾਲ ਦੀ ਲਾਪਰਵਾਹੀ ਇੰਨੇ ਲੰਬੇ ਸਮੇਂ ਤੱਕ ਸਾਹਮਣੇ ਨਹੀਂ ਆ ਸਕੀ।”

ਸ਼ਰਵਣ ਕਹਿੰਦੇ ਹਨ, “ਸਾਡੇ ਪਿਤਾ ਨੂੰ ਨਾ ਤਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਨਾ ਹੀ ਉਨ੍ਹਾਂ ਦਾ ਨਾਮ ਹਸਪਤਾਲ ਵਿੱਚ ਮਰੀਜ਼ ਵਜੋਂ ਦਰਜ ਕੀਤਾ ਗਿਆ ਸੀ। ਸਾਡੇ ਪਿਤਾ ਨੂੰ ਕੋਈ ਸੱਟ ਨਹੀਂ ਲੱਗੀ ਸੀ, ਫਿਰ ਇੱਕ ਸਿਹਤਮੰਦ ਵਿਅਕਤੀ ‘ਤੇ ਚੀਰਾ ਲਗਾ ਕੇ ਸਰਜਰੀ ਕੀਤੀ ਗਈ। ਇਹ ਸਾਡੇ ਪਿਤਾ ਨਾਲ ਬੇਇਨਸਾਫ਼ੀ ਹੈ, ਅਸੀਂ ਇਨਸਾਫ਼ ਚਾਹੁੰਦੇ ਹਾਂ।”

ਹਸਪਤਾਲ

ਤਸਵੀਰ ਸਰੋਤ, Mohar Singh Meena

ਪੀੜਤ ਪਰਿਵਾਰ ਵੱਲੋਂ 17 ਅਪ੍ਰੈਲ ਨੂੰ ਮਹਾਂਵੀਰ ਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।

ਸ਼ਿਕਾਇਤ ਵਿੱਚ, ਸਰਜਰੀ ਕਰਨ ਵਾਲੇ ਡਾਕਟਰ ਰਾਜੇਂਦਰ ਮਹਾਵਰ ਅਤੇ ਹੋਰ ਮੈਡੀਕਲ ਸਟਾਫ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸ਼ਰਵਣ ਕਹਿੰਦੇ ਹਨ, “ਆਪ੍ਰੇਸ਼ਨ ਕਰਨ ਵਾਲੇ ਡਾਕਟਰ ਰਾਜੇਂਦਰ ਮਹਾਵਰ ਅਤੇ ਹੋਰ ਮੈਡੀਕਲ ਸਟਾਫ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦੋਂ ਡਾਕਟਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।”

ਉਨ੍ਹਾਂ ਕਿਹਾ, “ਲਾਪਰਵਾਹੀ ਕਰਨ ਵਾਲੇ ਮੈਡੀਕਲ ਸਟਾਫ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੁਲਜ਼ਮ ਡਾਕਟਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਸਾਡੇ ਪਰਿਵਾਰ ਨੂੰ ਵਿੱਤੀ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ।”

ਇਸ ਮਾਮਲੇ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁੰਜ ਬਿਹਾਰੀ ਸਿੰਘਲ ਦੇ ਅਚਨਚੇਤ ਨਿਰੀਖਣ ਦੌਰਾਨ ਸਾਹਮਣੇ ਆਈ।

ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ, ਜ਼ਿਲ੍ਹਾ ਕੁਲੈਕਟਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਡਾਕਟਰਾਂ ਅਤੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਮਾਮਲੇ ਨੂੰ ਦਬਾਉਣ ਅਤੇ ਪੀੜਤਾਂ ਨੂੰ ਧਮਕੀਆਂ ਦੇਣ ਦਾ ਵੀ ਇਲਜ਼ਾਮ ਲਗਾਇਆ ਹੈ।

ਹਸਪਤਾਲ ਪ੍ਰਸ਼ਾਸਨ ਨੇ ਕੀ ਕਿਹਾ?

ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ

ਤਸਵੀਰ ਸਰੋਤ, Mohar Singh Meena

ਮੀਡੀਆ ਰਿਪੋਰਟਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਕੋਟਾ ਮੈਡੀਕਲ ਕਾਲਜ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ।

ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਗੀਤਾ ਸਕਸੈਨਾ ਨੇ ਬੀਬੀਸੀ ਨੂੰ ਦੱਸਿਆ, “ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।”

ਉਨ੍ਹਾਂ ਇਹ ਵੀ ਕਿਹਾ ਕਿ “ਹਸਪਤਾਲ ਦੇ ਸੁਪਰੀਟੇਂਡੈਂਟ ਨੂੰ ਇਸ ਮਾਮਲੇ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਐਡਵੋਕੇਟ ਕੁੰਜ ਬਿਹਾਰੀ ਨੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ। ਮੈਂ ਉਨ੍ਹਾਂ ਨੂੰ ਇੱਕ ਕਮੇਟੀ ਬਣਾਉਣ ਅਤੇ ਇਸ ਮਾਮਲੇ ‘ਤੇ ਤੱਥਾਂ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।”

ਡਾਕਟਰ ਸਕਸੈਨਾ ਨੇ ਮੰਨਿਆ ਕਿ “ਮਰੀਜ਼ ਦੇ ਦਾਖਲ ਹੋਣ ਅਤੇ ਉਨ੍ਹਾਂ ਦੀ ਫਾਈਲ ਤਿਆਰ ਹੋਣ ਤੋਂ ਬਾਅਦ ਹੀ ਆਪ੍ਰੇਸ਼ਨ ਕੀਤਾ ਜਾਂਦਾ ਹੈ। ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੁਝ ਕਿਹਾ ਜਾ ਸਕਦਾ ਹੈ।”

ਦੂਜੇ ਪਾਸੇ, ਮਹਾਵੀਰ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਰਮੇਸ਼ ਕਾਵਿਆ ਨੇ ਬੀਬੀਸੀ ਨੂੰ ਦੱਸਿਆ, “ਸਾਨੂੰ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਲਾਪਰਵਾਹੀ ਦੇ ਸਬੂਤ ਮਿਲਣ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI