Source :- BBC PUNJABI

ਤਸਵੀਰ ਸਰੋਤ, Getty Images
ਮੇਰੀ ਸੰਨ 1965 ਦੀ ਪੈਦਾਇਸ਼ ਹੈ। ਘਰ ਵਾਲਿਆਂ ਨੇ ਪੈਦਾਇਸ਼ ਦੀ ਕਦੇ ਤਰੀਕ ਯਾਦ ਨਹੀਂ ਰੱਖੀ ਪਰ ਮਾਂ ਹਮੇਸ਼ਾ ਦੱਸਦੀ ਹੁੰਦੀ ਸੀ ਕਿ ਤੂੰ ਉਦੋਂ ਜੰਮਿਆ ਸੀ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ʼ65 ਵਾਲੀ ਜੰਗ ਹੋਈ ਸੀ।
ਮੁਲਕ ਦਾ ਸਦਰ ਉਦੋਂ ਫੀਲਡ ਮਾਰਸ਼ਲ ਆਯੂਬ ਖ਼ਾਨ ਹੁੰਦਾ ਸੀ। ਧੰਨ ਭਾਗ ਸਾਡੇ ਜਦੋਂ ਅਸੀਂ ਜੰਮੇ ਸੀ ਤਾਂ ਪਾਕਿਸਤਾਨ ਕੋਲ ਇੱਕ ਫੀਲਡ ਮਾਰਸ਼ਲ ਸੀ।
ਹੁਣ ਇਹ ਵੇਲਾ ਆ ਗਿਆ ਹੈ ਕਿ ਚੱਲਣ-ਚਲਾਉਣ ਦਾ ਸਮਾਂ ਹੈ ਅਤੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਫੀਲਡ ਮਾਰਸ਼ਲ ਨਸੀਬ ਹੋਇਆ ਹੈ।
ਫਰਕ ਸਿਰਫ਼ ਇੰਨਾ ਹੈ ਕਿ ਆਯੂਬ ਖ਼ਾਨ ਆਪਣੇ ਮੋਢਿਆ ʼਤੇ ਆਪੇ ਹੀ ਪੰਜਵਾਂ ਸਿਤਾਰਾ ਲਗਾ ਲਿਆ ਸੀ।
ਜਨਰਲ ਆਸਿਫ਼ ਮੁਨੀਰ ਸਾਬ੍ਹ ਨੂੰ ਇਸ ਹਕੂਮਤ ਨੇ ਆਪ ਫੀਲਡ ਮਾਰਸ਼ਲ ਬਣਾਇਆ ਹੈ।
ਜ਼ਿਆਦਾਤਰ ਪਾਕਿਸਤਾਨੀਆਂ ਨੇ ਆਯੂਬ ਖ਼ਾਨ ਨੂੰ ਸਿਰਫ਼ ਫੋਟੋਆਂ ਵਿੱਚ ਵੇਖਿਆ ਹੈ। ਉਹ ਵੀ ਜਿਹੜੀਆਂ ਟਰੱਕਾਂ ਪਿੱਛੇ ਲੱਗੀਆਂ ਹੁੰਦੀਆਂ ਹਨ।
ਜਿਨ੍ਹਾਂ ਦੇ ਥੱਲੇ ਲਿਖਿਆ ਹੁੰਦਾ ਹੈ ਕਿ ʻਤੇਰੀ ਯਾਦ ਆਈ ਤੇਰੇ ਜਾਨੇ ਕੇ ਬਾਅਦʼ।

ਫੀਲਡ ਮਾਰਸ਼ਲ ਦੀ ਇੱਜ਼ਤ
ਇਹ ਮੁਲਕ ਪਤਾ ਨਹੀਂ 60 ਸਾਲ ਫੀਲਡ ਮਾਰਸ਼ਲ ਤੋਂ ਬਗ਼ੈਰ ਕਿਵੇਂ ਚੱਲਦਾ ਰਿਹਾ ਹੈ। ਬੜੇ-ਬੜੇ ਕਰਨੀ ਵਾਲੇ ਜਨਰਲ ਆਏ ਹਨ ਪਰ ਜਾਂ ਤਾਂ ਕੋਈ ਐਡਾ ਕਾਬਿਲ ਨਹੀਂ ਸੀ ਜਾਂ ਫਿਰ ਕੋਈ ਇੰਨਾ ਨਸੀਬਾਂ ਵਾਲਾ ਨਹੀਂ ਸੀ ਕਿ ਇਸ ਅਹੁਦੇ ਤੱਕ ਪਹੁੰਚ ਸਕੇ।
ਜਨਰਲ ਆਸਿਮ ਮੁਨੀਰ ਨੂੰ ਆਰਮੀ ਚੀਫ ਬਣੇ ਅਜੇ ਢਾਈ ਕੁ ਸਾਲ ਹੀ ਹੋਏ ਸਨ ਕਿ ਹਕੂਮਤ ਨੇ ਉਨ੍ਹਾਂ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ।
ਖ਼ਲਕਤ ਨੂੰ ਪਤਾ ਤਾਂ ਸੀ ਕਿ ਇਸ ਤਰ੍ਹਾਂ ਦਾ ਕੋਈ ਅਹੁਦਾ ਹੁੰਦਾ ਹੈ ਪਰ ਜ਼ਾਹਿਰ ਹੈ ਜ਼ਿਆਦਾਤਰ ਨੇ ਕਦੇ ਜ਼ਿੰਦਗੀ ਵਿੱਚ ਫੀਲਡ ਮਾਰਸ਼ਲ ਦੇਖਿਆ ਨਹੀਂ।
ਆਰਮੀ ਚੀਫ ਦਾ ਪਹਿਲਾਂ ਹੀ ਇਸ ਮੁਲਕ ਵਿੱਚ ਬਹੁਤ ਅਹਿਤਰਾਮ ਹੈ। ਹੁਣ ਲੋਕਾਂ ਨੂੰ ਵੀ ਇਹ ਨਹੀਂ ਪਤਾ ਕਿ ਫੀਲਡ ਮਾਰਸ਼ਲ ਦੀ ਹੋਰ ਕਿੰਨੀ ਕੁ ਇੱਜ਼ਤ ਕਰਨੀ ਹੈ।

ਤਸਵੀਰ ਸਰੋਤ, Getty Images
ਪਿਛਲੀ ਸਰਕਾਰ ਦੇ ਵਜ਼ੀਰ ਕਹਿੰਦੇ ਹੁੰਦੇ ਸਨ ਕਿ ʻਆਰਮੀ ਚੀਫ ਕੌਮ ਕਾ ਬਾਪ ਹੋਤਾ ਹੈʼ ਪਰ ਇਸ ਹਕੂਮਤ ਨੇ ਉਨ੍ਹਾਂ ਨੂੰ ਪਿਓ ਦਾ ਵੀ ਪਿਓ ਬਣਾ ਦਿੱਤਾ ਹੈ।
ਹੁਣ ਪਤਾ ਨਹੀਂ ਉਨ੍ਹਾਂ ਨੂੰ ਆਲੀਜਾ ਕਹਿਣਾ ਹੈ ਕਿ ਜਾਂ ਮਾਈ-ਬਾਪ ਕਹਿ ਕੇ ਗੁਜ਼ਾਰਾ ਕਰਨਾ ਹੈ।
ਵੈਸੇ ਸਿਆਣੇ ਤਸੱਲੀਆਂ ਦੇ ਰਹੇ ਹਨ ਕਿ ਇਹ ਰੁਤਬਾ ਖ਼ਿਦਮਾਤ ਕੇ ਏਤਰਾਫ਼ ਮੇ ਦੀਆ ਗਯਾ ਹੈ। ਤਨਖ਼ਾਹ ਉਨ੍ਹਾਂ ਦੀ ਓਹੀ ਰਹੇਗੀ, ਪਲਾਟ-ਮੁਰੱਬੇ ਵੀ ਓਨੇ ਹੀ ਮਿਲਣਗੇ। ਬਸ ਹੁਣ ਉਹ ਪੰਜ ਸਿਤਾਰਿਆਂ ਵਾਲੇ ਜਨਰਲ ਹੋ ਗਏ ਹਨ।
ਟੈਕਨੀਕਲ ਫਰਕ ਸਿਰਫ਼ ਇੰਨਾ ਦੱਸਿਆ ਗਿਆ ਹੈ ਕਿ ਹੁਣ ਜਦੋਂ ਕੋਈ ਉਨ੍ਹਾਂ ਨੂੰ ਸਲੂਟ ਮਾਰੇਗਾ ਤਾਂ ਜਵਾਬ ਵਿੱਚ ਉਨ੍ਹਾਂ ਨੂੰ ਸਲੂਟ ਮਾਰਨ ਦੀ ਲੋੜ ਨਹੀਂ, ਉਹ ਸਿਰਫ਼ ਆਪਣਾ ਡੰਡਾ ਹਿਲਾ ਦੇਣਗੇ।
ਇੱਕ ਵੈਸੇ ਪ੍ਰੋਫੈਸਰ ਸਾਬ੍ਹ ਨੇ ਸਾਨੂੰ ਡਰਾ ਦਿੱਤਾ ਸੀ ਕਿ ਇੱਕ ਜਨਰਲ ਨੂੰ ਜੇਕਰ ਇੰਨੇ ਪਲਾਟ ਤੇ ਮੁਰੱਬੇ ਮਿਲਦੇ ਹਨ ਤਾਂ ਫੀਲਡ ਮਾਰਸ਼ਲ ਨੂੰ ਤਾਂ ਸ਼ਾਇਦ ਡਿਫੈਂਸ ਦਾ ਇੱਕ ਪੂਰਾ ਫੇਜ਼ ਦੇਣਾ ਪਵੇ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ।

ਤਸਵੀਰ ਸਰੋਤ, Pakistani Army / Handout/Anadolu via Getty Images
ਫੀਲਡ ਮਾਰਸ਼ਲ ਵਜੋਂ ਕੀ ਕੰਮ ਕਰਨਾ ਹੈ
ਖ਼ਿਦਮਾਤ ਫੀਲਡ ਮਾਰਸ਼ਲ ਸਾਬ੍ਹ ਆਯੂਬ ਖ਼ਾਨ ਦੀਆਂ ਵੀ ਬਹੁਤ ਸਨ ਪਰ ਕੌਮ ਜਦੋਂ ਉਨ੍ਹਾਂ ਤੋਂ ਥੋੜ੍ਹੀ ਜਿਹੀ ਬੋਰ ਹੋ ਗਈ ਤਾਂ ਉਨ੍ਹਾਂ ਦੇ ਆਪਣੇ ਹੀ ਵਰਦੀ ਵਾਲੇ ਭਰਾਵਾਂ ਨੇ ਜਾ ਕੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਬੜੀ ਹੋ ਗਈ ਕੌਮ ਦੀ ਖ਼ਿਦਮਤ ਹੁਣ ਕਿਸੇ ਹੋਰ ਨੂੰ ਵੀ ਮੌਕਾ ਦਿਓ।
ਫੀਲਡ ਮਾਰਸ਼ਲ ਆਸਿਫ਼ ਮੁਨੀਰ ਵੀ ਸਾਡੇ ਹਾਣ ਦੇ ਹਨ, ਉਨ੍ਹਾਂ ਨੇ ਵੀ ਆਪਣੇ ਤੋਂ ਇਲਾਵਾ ਜ਼ਿੰਦਗੀ ਵਿੱਚ ਕੋਈ ਫੀਲਡ ਮਾਰਸ਼ਲ ਨਹੀਂ ਦੇਖਿਆ ਹੋਣਾ।
ਹਕੂਮਤ ਨੇ ਬਣਾਇਆ ਹੈ ਉਹ ਅੱਲ੍ਹਾ ਦਾ ਹੁਕਮ ਮੰਨ ਕੇ ਬਣ ਗਏ ਹਨ। ਹੁਣ ਉਨ੍ਹਾਂ ਨੂੰ ਅਸੀਂ ਵੀ ਨਹੀਂ ਦੱਸ ਸਕਦੇ, ਹਕੂਮਤ ਵੀ ਨਹੀਂ ਦੱਸ ਸਕਦੀ ਕਿ ਫੀਲਡ ਮਾਰਸ਼ਲ ਦੇ ਤੌਰ ʼਤੇ ਉਨ੍ਹਾਂ ਨੇ ਕਰਨਾ ਕੀ ਹੈ।
ਪਰ ਜਿਸ ਨੂੰ ਇੰਨਾ ਵੱਡਾ ਅਹੁਦਾ ਮਿਲੇ। ਉਸ ਦਾ ਦਿਲ ਵੀ ਥੋੜ੍ਹਾ ਜਿਹਾ ਵੱਡਾ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਅਜਿਹੀ ਇੱਜ਼ਤ ਮਿਲੀ ਹੈ ਜੋ ਇਸ ਮੁਲਕ ਵਿੱਚ ਪਿਛਲੇ 60 ਸਾਲ ਵਿੱਚ ਕਿਸੇ ਨੂੰ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਫਿਰ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ।
ਜਿਹੜੇ ਉਨ੍ਹਾਂ ਦੇ ਵੈਰੀ, ਛੋਟੇ-ਮੋਟੇ ਕੈਦੀ, ਚਲੋ ਇਮਰਾਨ ਖ਼ਾਨ ਦਾ ਨਾਮ ਨਹੀਂ ਲੈਂਦੇ ਪਰ ਜਿਹੜੇ ਮੁੰਡੇ-ਕੁੜੀਆਂ ਜਿਨ੍ਹਾਂ ʼਤੇ ਕੇਸ ਹਨ ਜਾਂ ਜਿਨ੍ਹਾਂ ਨੂੰ ਗਾਇਬ ਕੀਤਾ ਹੈ। ਉਨ੍ਹਾਂ ਨੂੰ ਬਾਹਰ ਆਉਣ ਦੇਣ ਤਾਂ ਜੋ ਦੁਨੀਆਂ ਨੂੰ ਵੀ ਪਤਾ ਲੱਗੇ, ਕੌਮ ਨੂੰ ਵੀ ਪਤਾ ਲੱਗੇ ਕਿ ਇਸ ਮੁਲਕ ਵਿੱਚ ਹੁਣ ਕੋਈ ਫੀਲਡ ਮਾਰਸ਼ਲ ਆ ਗਿਆ।
ਬਾਕੀ ਜੇ ਪੁਰਾਣੀ ਤਨਖ਼ਾਹ ʼਤੇ ਪੁਰਾਣੀ ਨੌਕਰੀ ਕਰਨੀ ਹੈ ਤਾਂ ਇਸ ਪੰਜਵੇਂ ਸਿਤਾਰੇ ਦਾ ਨਾ ਉਨ੍ਹਾਂ ਨੂੰ ਫਾਇਦਾ ਤੇ ਨਾ ਕੌਮ ਨੂੰ। ਕੌਮ ਤਾਂ ਉਨ੍ਹਾਂ ਨੂੰ ਸਲੂਟ ਮਾਰਦੀ ਰਹੇਗੀ ਅੱਗੋਂ ਉਨ੍ਹਾਂ ਦੀ ਮਰਜ਼ੀ ਕਿ ਉਹ ਸਲੂਟ ਦਾ ਜਵਾਬ ਸਲੂਟ ਨਾਲ ਦੇਣ ਜਾਂ ਸਿਰਫ਼ ਡੰਡਾ ਹਿਲਾ ਦੇਣ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI