Source :- BBC PUNJABI
ਤਸਵੀਰ ਸਰੋਤ, Getty Images
ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਦੀ ਪੈਰਵੀ ਕਰਨ ਦੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਸ਼ੁੱਕਰਵਾਰ ਨੂੰ ਭਾਰਤ ਪਹੁੰਚ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮਾਰਕ ਕਾਰਨੀ ਭਾਰਤ ਦਾ ਦੌਰਾ ਕਰ ਰਹੇ ਹਨ, ਜਿਸ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਅਤੀਤ ਨੂੰ ਭੁੱਲ ਕੇ ਵਪਾਰ, ਤਕਨਾਲੋਜੀ, ਊਰਜਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਗੱਲਬਾਤ ਦੇ ਨਵੇਂ ਰਸਤੇ ਪੈਦਾ ਕਰਨਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇਸ ਫੇਰੀ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਅਤੇ ਕੌਮਾਂਤਰੀ ਟਰੇਡ ਮੰਤਰੀ ਮਨਿੰਦਰ ਸਿੱਧੂ ਵੀ ਨਾਲ ਆ ਰਹੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਦੌਰੇ ਦੌਰਾਨ ਮੁੰਬਈ ਅਤੇ ਦਿੱਲੀ ਵਿਖੇ ਹੀ ਵਪਾਰਕ ਅਤੇ ਸਿਆਸੀ ਮੀਟਿੰਗਾਂ ਕਰਨਗੇ। ਕਾਰਨੀ ਦੇ ਦੌਰੇ ਵਿੱਚ ਪੰਜਾਬ ਫੇਰੀ ਸ਼ਾਮਲ ਨਹੀਂ ਹੈ, ਜਿਸ ਨੂੰ ਲੈ ਕੇ ਕੈਨੇਡਾ ਖ਼ਾਸ ਤੌਰ ਉੱਤੇ ਪੰਜਾਬੀ ਭਾਈਚਾਰੇ ਵਿੱਚ ਕੁਝ ਕਨਸੋਆਂ ਸੁਣਨ ਨੂੰ ਮਿਲ ਰਹੀਆਂ ਹਨ।
ਇਸ ਦੌਰੇ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਅਤੀਤ ਵਿਚ ਕਈ ਕੈਨੇਡੀਅਨ ਪ੍ਰਧਾਨ ਮੰਤਰੀ ਜਦੋਂ ਵੀ ਭਾਰਤ ਆਏ ਤਾਂ ਇਸ ਫੇਰੀ ਵਿੱਚ ਪੰਜਾਬ ਵੀ ਇੱਕ ਪੜਾਅ ਰਿਹਾ ਹੈ, ਭਾਵੇਂ ਉਹ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਜਾਂ ਫਿਰ ਜਸਟਿਨ ਟਰੂਡੋ।
ਨਿੱਝਰ ਕਤਲ ਤੋਂ ਬਾਅਦ ਕੈਨੇਡਾ ਦਾ ਭਾਰਤ ਪ੍ਰਤੀ ਰੁਖ਼ ਕਿਉਂ ਪਿਆ ਨਰਮ
ਕੌਮਾਂਤਰੀ ਰਾਜਨੀਤੀ ਅਤੇ ਕੂਟਨੀਤਕ ਸਬੰਧਾਂ ਦੇ ਮਾਹਿਰਾਂ ਮੁਤਾਬਕ ਕੈਨੇਡਾ ਅਤੇ ਭਾਰਤ ਦੇ ਦੁਵੱਲੇ ਸਬੰਧ ਬਹੁਤ ਪੁਰਾਣੇ ਹਨ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਮੌਜੂਦਾ ਸਮੇਂ ਦੀ ਲੋੜ ਬਣ ਗਈ ਹੈ, ਇਸ ਕਰਕੇ ਦੋਵੇਂ ਦੇਸ਼ ਨਵੀਆਂ ਉਮੀਦਾਂ ਨਾਲ ਅੱਗੇ ਵੱਧ ਰਹੇ ਹਨ।
ਕੈਨੇਡਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਜੇ ਬਸਾਰੀਆ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ, “ਕੈਨੇਡਾ ਹੁਣ ਦੇਸ਼ ਦੇ ਅੰਦਰੂਨੀ ਹਿੱਤਾਂ ਦੀ ਬਜਾਏ ਦੇਸ਼ ਦੇ ਹਿਤ ਉੱਤੇ ਕੰਮ ਕਰ ਰਹੇ ਹਨ, ਇਸ ਦੀ ਉਦਾਹਰਣ ਮਾਰਕ ਕਾਰਨੀ ਦਾ ਮੌਜੂਦ ਦੌਰਾ ਹੈ, ਜਿਸ ਦੇ ਕਈ ਨਵੇਂ ਪਹਿਲੂ ਸਾਹਮਣੇ ਆਉਣਗੇ।”
ਅਜੇ ਬਸਾਰੀਆ ਅਨੁਸਾਰ ਮਾਰਕ ਕਾਰਨੀ ਦਾ ਦੌਰਾ ਦੋਵਾਂ ਦੇਸ਼ਾਂ ਦੇ ਅਤੀਤ ਵਿੱਚ ਜੰਮੇ ਹੋਏ ਕੂਟਨੀਤਕ ਸਬੰਧਾਂ ਨੂੰ ਪਿਘਲਾ ਕੇ ਨਵਾਂ ਰੂਪ ਦੇਣ ਦੀ ਕੋਸ਼ਿਸ਼ ਹੈ।
ਉਨ੍ਹਾਂ ਮੁਤਾਬਕ “ਭਾਰਤ -ਕੈਨੇਡਾ 2024 ਦੇ ਅੰਤ ਤੱਕ ਸ਼ੱਕ ਵਿੱਚ ਡੁੱਬੇ ਹੋਏ ਸਨ ਅਤੇ ਇੱਕ ਦੂਜੇ ‘ਤੇ ਇਲਜ਼ਾਮ ਲਗਾ ਕੇ ਆਪੋ ਆਪਣੇ ਦੇਸ਼ ਵਿੱਚੋਂ ਕੂਟਨੀਤਕ ਅਧਿਕਾਰੀਆਂ ਨੂੰ ਬਾਹਰ ਕੱਢ ਰਹੇ ਸਨ, ਪਰ ਹੁਣ ਦੌਰ ਬਦਲ ਗਿਆ ਹੈ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਅੱਗ ਵੱਧ ਰਹੇ ਹਨ।”
ਉਨ੍ਹਾਂ ਆਖਿਆ ਜੂਨ 2025 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦੀ ਕੈਨੇਡਾ ਦੇ ਸੂਬੇ ਅਲਬਰਟਾ ਵਿਖੇ ਮੁਲਾਕਾਤ ਹੋਈ ਤਾਂ ਉਸ ਸਮੇਂ ਪੁਰਾਣੇ ਵਿਵਾਦਾਂ ਨੂੰ ਖ਼ਤਮ ਕਰ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਅਤੇ ਹੁਣ ਮੌਜੂਦਾ ਫੇਰੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੇਂ ਦੌਰ ਵਿੱਚ ਲੈ ਕੇ ਜਾਵੇਗੀ।
ਭਾਰਤ ਦੌਰੇ ਦੌਰਾਨ ਮਾਰਕ ਕਾਰਨੀ ਦੇ ਪੰਜਾਬ ਨਾ ਜਾਣ ਦੇ ਮੁੱਦੇ ਉੱਤੇ ਟਿੱਪਣੀ ਕਰਦਿਆਂ ਅਜੇ ਬਸਾਰੀਆਂ ਨੇ ਆਖਿਆ ਕੈਨੇਡਾ ਨੇ ਹੁਣ ਇਹ ਸੋਚ ਲਿਆ ਹੈ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਰਾਸ਼ਟਰ ਹਿਤ ਉੱਤੇ ਨਿਰਭਰ ਰਹੇਗੀ।
ਜਦਕਿ ਜਸਟਿਨ ਟਰੂਡੋ ਨੇ ਅੰਦਰੂਨੀ ਹਿਤਾਂ ਨੂੰ ਜ਼ਿਆਦਾ ਪਹਿਲ ਦਿੱਤੀ ਹੋਈ ਸੀ ਅਤੇ ਇਸ ਕਰਕੇ ਜਦੋਂ ਉਹ ਭਾਰਤ ਆਏ ਤਾਂ ਉਨ੍ਹਾਂ ਪੰਜਾਬ ਦਾ ਦੌਰਾ ਕੀਤਾ ਅਤੇ ਕੈਨੇਡੀਅਨ ਸਿੱਖਾਂ ਨੂੰ ਖ਼ੁਸ਼ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿੱਚ ਖਟਾਸ ਆਈ।
ਤਸਵੀਰ ਸਰੋਤ, Getty Images
ਕੂਟਨੀਤਕ ਸਬੰਧਾਂ ਦੇ ਮਾਹਿਰ ਇਹ ਵੀ ਮੰਨਦੇ ਹਨ ਕਿ ਕੈਨੇਡਾ ਹੁਣ ਸਿੱਖਾਂ ਅਤੇ ਖਾਲਿਸਤਾਨੀ ਧਿਰਾਂ ਦੀ ਬਜਾਇ ਕੈਨੇਡੀਅਨ ਹਿਤਾਂ ਨੂੰ ਅੱਗੇ ਰੱਖ ਕੇ ਵੱਧ ਰਿਹਾ ਹੈ।
ਚੰਡੀਗੜ੍ਹ ਸਥਿਤ ਇੰਸਟੀਚਿਊਟ ਫ਼ਾਰ ਡਿਪਲੋਮੈਟ ਅਤੇ ਕਾਮਨੀਕੇਸ਼ਨ ਦੇ ਡਾਇਰੈਕਟਰ ਡਾਕਟਰ ਪ੍ਰਮੋਦ ਕੁਮਾਰ ਮੁਤਾਬਕ ਕੈਨੇਡਾ ਸਰਕਾਰ ਨੇ ਹੁਣ ਇਹ ਗੱਲ ਸਵੀਕਾਰ ਕਰ ਲਈ ਹੈ ਦੇਸ਼ ਦੇ ਵਿਆਪਕ ਹਿਤਾਂ ਉੱਤੇ ਧਿਆਨ ਦਿੱਤਾ ਜਾਵੇ।
ਉਨ੍ਹਾਂ ਆਖਿਆ, “ਕੈਨੇਡਾ ਦੀ ਆਰਥਿਕ ਹਾਲਤ ਅਤੇ ਉਸ ਦੇ ਅਮਰੀਕਾ ਨਾਲ ਉਤਰਾਅ ਚੜ੍ਹਾਅ ਵਾਲੇ ਰਿਸ਼ਤਿਆਂ ਤੋਂ ਬਾਅਦ ਕੈਨੇਡਾ ਹੁਣ ਦੂਜੇ ਦੇਸ਼ਾਂ ਨਾਲ ਵਪਾਰਕ ਸਬੰਧਾਂ, ਉਦਯੋਗ, ਖੋਜ ਅਤੇ ਤਕਨੀਕ ਭਰਪੂਰ ਪ੍ਰੋਗਰਾਮ ਉੱਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਕਾਰਨੀ ਦਾ ਮੌਜੂਦਾ ਦੌਰਾ ਵੀ ਇਸ ਉੱਤੇ ਆਧਾਰਿਤ ਹੈ।”
ਕੈਨੇਡਾ ਦੇ ਸੀਨੀਅਰ ਪੱਤਰਕਾਰ ਜਸਵੀਰ ਸ਼ਮੀਲ ਦਾ ਕਹਿਣਾ ਹੈ ਮਾਰਕ ਕਾਰਨੀ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਹਨ, ਇਸ ਕਰਕੇ ਉਨ੍ਹਾਂ ਦੀ ਮੌਜੂਦਾ ਫੇਰੀ ਇਸ ਉੱਤੇ ਹੀ ਕੇਂਦਰਿਤ ਹੈ।
ਉਨ੍ਹਾਂ ਆਖਿਆ, “ਪ੍ਰਧਾਨ ਮੰਤਰੀ ਦਫ਼ਤਰ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਮਾਰਕ ਕਾਰਨੀ ਦੀ ਫੇਰੀ ਦਾ ਮਕਸਦ ਕਲਚਰਲ ਨਹੀਂ ਸਗੋਂ ਵਪਾਰ ਦੀਆਂ ਨਵੀਂ ਸੰਭਾਵਨਾ ਪੈਦਾ ਕਰਨੀਆਂ ਹਨ, ਇਸ ਕਰਕੇ ਅਜੇ ਤੱਕ ਪੰਜਾਬੀ ਭਾਈਚਾਰੇ ਵਿੱਚ ਇਸ ਫੇਰੀ ਨੂੰ ਲੈ ਕੇ ਕੋਈ ਖ਼ਾਸ ਰਿਐਕਸ਼ਨ ਸਾਹਮਣੇ ਨਹੀਂ ਆਇਆ।”
ਉਨ੍ਹਾਂ ਆਖਿਆ ਕਿ ਜਿੱਥੋਂ ਤੱਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਸਲਾ ਹੈ, ਤਾਂ ਉਹ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਕੰਮ ਲਈ ਸੁਰੱਖਿਆ ਏਜੰਸੀਆਂ ਹੁੰਦੀਆਂ ਹਨ ਅਤੇ ਦੋਵੇਂ ਦੇਸ਼ ਆਪਸੀ ਸਹਿਯੋਗ ਨਾਲ ਇਸ ਮੁੱਦੇ ਨਾਲ ਡੀਲ ਕਰ ਰਹੇ ਹਨ।
ਉਨ੍ਹਾਂ ਆਖਿਆ, “ਕੈਨੇਡਾ ਆਪਣੇ ਕਈ ਮਾਮਲਿਆਂ ਵਿੱਚ ਅਮਰੀਕਾ ਉੱਤੇ ਨਿਰਭਰ ਹੈ ਪਰ ਜਿਸ ਤਰੀਕੇ ਦਾ ਡੌਨਲਡ ਟਰੰਪ ਦਾ ਵਿਵਹਾਰ ਹੈ, ਇਸ ਨੂੰ ਦੇਖਦੇ ਹੋਏ ਕੈਨੇਡਾ ਦੂਜੇ ਦੇਸ਼ਾਂ ਨਾਲ ਵਪਾਰ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਇਸੇ ਧਾਰਨਾ ਤਹਿਤ ਮਾਰਕ ਕਾਰਨੀ ਪਹਿਲਾਂ ਚੀਨ, ਫਿਰ ਯੂਰਪ ਅਤੇ ਹੁਣ ਭਾਰਤ ਆ ਰਹੇ ਹਨ।”
ਤਸਵੀਰ ਸਰੋਤ, Getty Images
ਕਾਰਨੀ ਦੀ ਫੇਰੀ ਜਸਟਿਨ ਟਰੂਡੋ ਤੋਂ ਕਿਵੇਂ ਹੋਵੇਗੀ ਵੱਖ
ਭਾਰਤੀ ਵਿਦੇਸ਼ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫਰਵਰੀ ਤੋਂ 2 ਮਾਰਚ ਤੱਕ ਭਾਰਤ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫਰਵਰੀ ਨੂੰ ਮੁੰਬਈ ਪਹੁੰਚਣਗੇ, ਜਿੱਥੇ ਉਹ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਵਪਾਰਕ ਸੰਗਠਨ ਭਾਰਤੀ ਅਤੇ ਕੈਨੇਡੀਅਨ ਸੀਈਓਜ਼, ਉਦਯੋਗ ਅਤੇ ਵਿੱਤੀ ਮਾਹਰਾਂ, ਸਿੱਖਿਆ ਸੰਸਥਾਵਾਂ ਅਤੇ ਭਾਰਤ ਵਿੱਚ ਮੌਜੂਦ ਕੈਨੇਡੀਅਨ ਪੈਨਸ਼ਨ ਫ਼ੰਡਾਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਕਾਰਨੀ 1 ਮਾਰਚ ਨੂੰ ਨਵੀਂ ਦਿੱਲੀ ਪਹੁੰਚਣਗੇ, 2 ਮਾਰਚ ਨੂੰ,ਦੋਵੇਂ ਪ੍ਰਧਾਨ ਮੰਤਰੀਆਂ ਵਿਚਾਲੇ ਹੈਦਰਾਬਾਦ ਹਾਊਸ ਵਿੱਚ ਵਫ਼ਦ ਪੱਧਰੀ ਗੱਲਬਾਤ ਹੋਵੇਗੀ। ਦੋਵੇਂ ਨੇਤਾ ਭਾਰਤ-ਕੈਨੇਡਾ ਰਣਨੀਤਕ ਸਾਂਝੇਦਾਰੀ ਦੇ ਵੱਖ-ਵੱਖ ਖੇਤਰਾਂ ਵਿੱਚ ਹੁਣ ਤੱਕ ਹਾਸਲ ਪ੍ਰਗਤੀ ਦੀ ਸਮੀਖਿਆ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਕਾਰਨੀ ਦਿਨ ਵੇਲੇ ਭਾਰਤ-ਕੈਨੇਡਾ ਸੀਈਓਜ਼ ਫੋਰਮ ਵਿੱਚ ਵੀ ਸ਼ਾਮਲ ਹੋਣਗੇ। ਪਿਛਲੇ ਇੱਕ ਸਾਲ ਵਿੱਚ ਮਾਰਕ ਕਾਰਨੀ ਅਤੇ ਨਰਿੰਦਰ ਮੋਦੀ ਦੀ ਇਹ ਤੀਜੀ ਮੁਲਾਕਾਤ ਹੈ।
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁਕਾਬਲੇ ਮਾਰਕ ਕਾਰਨੀ ਦਾ ਦੌਰਾ ਬਿਲਕੁਲ ਵੱਖਰਾ ਰੱਖਿਆ ਗਿਆ ਹੈ।
ਟਰੂਡੋ ਨੇ ਭਾਰਤੀ ਪਹਿਰਾਵੇ ਤੋਂ ਇਲਾਵਾ ਤਾਜ ਮਹਿਲ ਦੇ ਦੀਦਾਰ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਆਪਣੇ ਦੌਰੇ ਦੌਰਾਨ ਕੀਤੇ ਸਨ ਪਰ ਮਾਰਕ ਕਾਰਨੀ ਨੇ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਬਣਾਈ ਹੈ।
ਕੈਨੇਡਾ ਸਰਕਾਰ ਮੁਤਾਬਕ ਪ੍ਰਧਾਨ ਮੰਤਰੀ ਫੋਕਸ ਲਗਭਗ ਪੂਰੀ ਤਰ੍ਹਾਂ ਵਪਾਰਕ ਸੌਦਿਆਂ ਅਤੇ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨਾਲ ਆਰਥਿਕ ਸਬੰਧ ਵਧਾਉਣ ‘ਤੇ ਹੈ, ਜੋ ਕੈਨੇਡਾ ਦੀ ਵਪਾਰ ਵਿਭਿੰਨਤਾ ਵਾਲੀ ਪਹਿਲਕਦਮੀ ਦਾ ਹਿੱਸਾ ਹੈ।

ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕਿਵੇਂ ਆਈ ਸੀ ਖਟਾਸ
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਖਟਾਸ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨਾਂ ਕਾਰਨ ਵਧੀ ਸੀ।
ਅਸਲ ਵਿੱਚ ਜੂਨ 2023 ਵਿੱਚ ਸਰੀ ਵਿਖੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ
ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਕਾਇਦਾ ਸੰਸਦ ਵਿੱਚ ਸਤੰਬਰ 2023 ਵਿੱਚ ਕਿਹਾ ਸੀ ਕਿ ਕੈਨੇਡੀਅਨ ਅਥਾਰਟੀਆਂ ਕੋਲ “ਭਰੋਸੇਯੋਗ ਸਬੂਤ” ਹਨ ਜੋ ਭਾਰਤੀ ਏਜੰਟਾਂ ਨੂੰ ਕੈਨੇਡੀਅਨ ਧਰਤੀ ‘ਤੇ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੋੜਦੇ ਹਨ।
ਕੈਨੇਡਾ ਦੀ ਟਰੇਡ ਮੰਤਰੀ ਨੇ ਕਿਹਾ ਸੀ ਕਿ ਜਦੋਂ ਤੱਕ ਭਾਰਤ, ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕਰਦਾ ਅਸੀਂ ਉਸ ਨਾਲ ਕਾਰੋਬਾਰੀ ਗੱਲਬਾਤ ਅੱਗੇ ਨਹੀਂ ਵਧਾਵਾਂਗੇ।
ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ “ਬਿਨ੍ਹਾਂ ਕਿਸੇ ਸਬੂਤ ਦੇ ਬੇਬੁਨਿਆਦ” ਅਤੇ “ਰਾਜਨੀਤਿਕ ਤੌਰ ‘ਤੇ ਪ੍ਰੇਰਿਤ” ਕਿਹਾ ਸੀ।
ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਕਾਂ ਦੀ ਡਿਪਲੋਮੈਟਿਕ ਕਮਿਊਨਿਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਆਖਿਆ ਸੀ। ਇਸ ਕਾਰਨ ਕੈਨੇਡੀਅਨ ਸਫ਼ਾਰਤਖ਼ਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।
ਇਸ ਗੱਲ ਦਾ ਅਸਰ ਦੋਵਾਂ ਦੇਸ਼ਾਂ ਦੀਆਂ ਵੀਜ਼ਾ ਸੇਵਾਵਾਂ ਉੱਤੇ ਵੀ ਕੁਝ ਸਮੇਂ ਲਈ ਪਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



