Source :- BBC PUNJABI
ਤਸਵੀਰ ਸਰੋਤ, Reuters/Bloomberg via Getty Images
47 ਮਿੰਟ ਪਹਿਲਾਂ
ਪੜ੍ਹਨ ਦਾ ਸਮਾਂ: 8 ਮਿੰਟ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸ਼ੁੱਕਰਵਾਰ ਨੂੰ ਖਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਕਬੂਲ ਕਰ ਲਿਆ ਹੈ।
54 ਸਾਲਾ ਨਿਖਿਲ ਗੁਪਤਾ ਨੇ ਪੈਸੇ ਦੇ ਕੇ ਕਤਲ, ਪੈਸੇ ਦੇ ਕੇ ਕਤਲ ਕਰਨ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮਾਂ ਵਿੱਚ ਇਲਜ਼ਾਮ ਕਬੂਲ ਕੀਤਾ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਮੌਕਿਆਂ ‘ਤੇ ਭਾਰਤ ਸਰਕਾਰ ਨੇ ਪੰਨੂ ਵਿਰੁੱਧ ਕਿਸੇ ਵੀ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਰਕਾਰੀ ਨੀਤੀ ਦੇ ਵਿਰੁੱਧ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਨੂੰ ਦੇ ਕਤਲ ਦੀ ਸਾਜ਼ਿਸ਼ ਸੰਬੰਧੀ ਇਲਜ਼ਾਮਾਂ ਨੂੰ ਸਖ਼ਤੀ ਨਾਲ ਖਾਰਜ ਕੀਤਾ ਹੈ ਅਤੇ ਇਲਜ਼ਾਮਾਂ ਨੂੰ “ਬੇਲੋੜਾ ਅਤੇ ਬੇਬੁਨਿਆਦ” ਕਿਹਾ ਹੈ।
ਬੀਬੀਸੀ ਨੇ ਨਿਖਿਲ ਗੁਪਤਾ ਦੇ ਵਕੀਲ ਨਾਲ ਇਸ ਮਾਮਲੇ ਸਬੰਧੀ ਟਿੱਪਣੀ ਲਈ ਸੰਪਰਕ ਕੀਤਾ ਹੈ।
ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਨਿਖਿਲ ਗੁਪਤਾ ਦਾ ਦੋਸ਼ੀ ਮੰਨਿਆ ਜਾਣਾ ਇਸ ਗੱਲ ਦੀ ਨਿਆਂਇਕ ਪੁਸ਼ਟੀ ਹੈ ਕਿ ਭਾਰਤ ਦੀ ਮੋਦੀ ਸਰਕਾਰ ਨੇ ਅਮਰੀਕੀ ਧਰਤੀ ‘ਤੇ ਪੈਸਿਆਂ ਬਦਲੇ ਕਤਲ ਦੀ ਸਾਜ਼ਿਸ਼ ਰਚੀ ਸੀ।”
ਮਾਮਲਾ ਕੀ ਹੈ ਤੇ ਹੁਣ ਤੱਕ ਕੀ-ਕੀ ਹੋਇਆ?
ਤਸਵੀਰ ਸਰੋਤ, Getty Images
ਇਹ ਮਾਮਲਾ ਸਾਲ 2023 ਵਿੱਚ ਨਿਊਯਾਰਕ ਸ਼ਹਿਰ ਵਿੱਚ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਤੌਰ ‘ਤੇ ਕੀਤੀ ਨਾਕਾਮ ਸਾਜਿਸ਼ ਦੇ ਨਾਲ ਜੁੜਿਆ ਹੋਇਆ ਹੈ।
ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਅਮਰੀਕੀ ਅਦਾਲਤ ‘ਚ ਦਾਇਰ ਇਲਜ਼ਾਮਾਂ ‘ਚ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦੀ ਸੁਪਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇੱਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨ 2023 ਵਿੱਚ ਕਤਲ ਦੀ ਸਾਜਿਸ਼ ਨੂੰ ਅੱਗੇ ਵਧਾਉਣ ਦੇ ਲਈ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਨੂੰ ਪੰਨੂ ਦੇ ਬਾਰੇ ਵਿੱਚ ਨਿੱਜੀ ਜਾਣਕਾਰੀ ਦਿੱਤੀ, ਜਿਸ ਵਿੱਚ ਨਿਊਯਾਰਕ ਸਿਟੀ ਵਿੱਚ ਪੰਨੂ ਦੇ ਘਰ ਦਾ ਪਤਾ, ਉਨ੍ਹਾਂ ਨਾਲ ਜੁੜੇ ਫੋਨ ਨੰਬਰ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸ਼ਾਮਿਲ ਸੀ। ਗੁਪਤਾ ਨੇ ਇਹ ਸਾਰੀ ਜਾਣਕਾਰੀ ਹਿਟਮੈਨ ਨੂੰ ਦੇ ਦਿੱਤੀ।
ਚੈਕ ਰਿਪਬਲਿਕ ਵਿੱਚ ਗ੍ਰਿਫ਼ਤਾਰੀ ਤੋਂ ਇੱਕ ਸਾਲ ਬਾਅਦ ਨਿਖਿਲ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੁਰੂ ਵਿੱਚ ਬੇਕਸੂਰ ਦੱਸਿਆ ਸੀ।
ਹੁਣ ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਕਬੂਲ ਕਰ ਲਏ ਹਨ।
ਖਬਰ ਏਜੰਸੀ ਰਾਇਟਰਜ਼ ਮੁਤਾਬਕ, ਗੁਪਤਾ ਦੀ ਸੁਣਵਾਈ ਦੀ ਟ੍ਰਾਂਸਕ੍ਰਿਪਟ ਮੁਤਾਬਕ, ਗੁਪਤਾ ਨੇ ਅਦਾਲਤ ‘ਚ ਕਿਹਾ ਕਿ “ਮੈਂ ਕਿਸੇ ਹੋਰ ਵਿਅਕਤੀ ਨਾਲ ਸਹਿਮਤ ਹੋਇਆ ਸੀ ਕਿ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਕਤਲ (sic) ਕਰਨ ਲਈ ਕਿਸੇ ਹੋਰ ਨੂੰ ਕਿਹਾ ਜਾਵੇ,” ਅਤੇ ਨਿਊਯਾਰਕ ਵਿੱਚ ਕਿਸੇ ਨੂੰ ਇਹ ਅਪਰਾਧ ਕਰਨ ਲਈ 15,000 ਡਾਲਰ ਅਦਾ ਕੀਤੇ।
ਐਫਬੀਆਈ ਦੇ ਸਹਾਇਕ ਨਿਰਦੇਸ਼ਕ ਰੋਮਨ ਰੋਜ਼ਾਵਸਕੀ ਨੇ ਕਿਹਾ, “ਨਿਖਿਲ ਗੁਪਤਾ, ਇੱਕ ਅਮਰੀਕੀ ਨਾਗਰਿਕ ਦੇ ਖਿਲਾਫ ਪੈਸੇ ਦੇ ਕੇ ਕਤਲ ਦੀ ਸਾਜ਼ਿਸ਼ ਵਿੱਚ ਇੱਕ ਮੁੱਖ ਭਾਗੀਦਾਰ ਸੀ, ਇੱਕ ਅਜਿਹਾ ਕਤਲ ਜਿਸਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲਿਆਂ ਦੀਆਂ ਕਾਰਵਾਈਆਂ ਕਾਰਨ ਹੋਣ ਤੋਂ ਰੋਕ ਦਿੱਤਾ ਗਿਆ ਸੀ।”
ਉਨ੍ਹਾਂ ਕਿਹਾ, “ਉਸਨੇ ਸੋਚਿਆ ਸੀ ਕਿ ਇਸ ਦੇਸ਼ ਦੇ ਬਾਹਰੋਂ ਉਹ ਇਸ ਦੇਸ਼ ਵਿੱਚ ਕਿਸੇ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਮਾਰ ਸਕਦਾ ਹੈ, ਸਿਰਫ਼ ਇਸ ਲਈ ਕਿਉਂਕਿ ਉਹ (ਵਿਅਕਤੀ) ਆਪਣੀ ਬੋਲਣ ਦੀ ਆਜ਼ਾਦੀ ਦੇ ਅਮਰੀਕੀ ਅਧਿਕਾਰ ਦੀ ਵਰਤੋਂ ਕਰ ਰਿਹਾ ਸੀ। ਪਰ ਉਹ ਗਲਤ ਸੀ, ਅਤੇ ਉਸਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।”
ਉਨ੍ਹਾਂ ਨੂੰ ਲਗਭਗ 40 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
13 ਫਰਵਰੀ ਨੂੰ ਨਿਊਯਾਰਕ ਦੇ ਸਾਊਥ ਡਿਸਟ੍ਰਿਕਟ ਦੇ ਅਟਾਰਨੀ ਆਫਿਸ ਵੱਲੋਂ ਜਾਰੀ ਬਿਆਨ ਅਨੁਸਾਰ, ਸਜ਼ਾ 29 ਮਈ ਨੂੰ ਸੁਣਾਈ ਜਾਵੇਗੀ।
ਨਿਖਿਲ ਗੁਪਤਾ ਕੌਣ ਹਨ?
ਤਸਵੀਰ ਸਰੋਤ, federal Bureau of Prisons
ਅਮਰੀਕਾ ਦਾ ਕਹਿਣਾ ਹੈ ਕਿ 53 ਸਾਲਾ ਨਿਖਿਲ ਗੁਪਤਾ ਉਰਫ਼ ਨਿੱਕ ਇੱਕ ਭਾਰਤੀ ਨਾਗਰਿਕ ਹਨ ਜੋ ਕਿ ਭਾਰਤ ਵਿੱਚ ਰਹਿੰਦੇ ਸਨ ਅਤੇ ਵਿਕਾਸ ਯਾਦਵ ਦੇ ਸਹਿਯੋਗੀ ਰਹੇ ਹਨ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਨਿਖਿਲ ਗੁਪਤਾ ਨੇ ਵਿਕਾਸ ਯਾਦਵ ਅਤੇ ਹੋਰ ਲੋਕਾਂ ਨਾਲ ਹੋਈ ਆਪਣੀ ਗੱਲਬਾਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਕੌਮਾਂਤਰੀ ਪੱਧਰ ਉੱਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਹੈ।
ਪਿਛਲੇ ਸਾਲ ਅਮਰੀਕੀ ਨਿਆਂ ਵਿਭਾਗ ਨੇ ਗੁਪਤਾ ਦੇ ਖਿਲਾਫ ਗੁਰਪਤਵੰਤ ਸਿੰਘ ਪੰਨੂ ਕਤਲ ਮਾਮਲੇ ਵਿੱਚ ਭਾੜੇ ‘ਤੇ ਕਤਲ ਦਾ ਇਲਜ਼ਾਮ ਲਾਉਂਦਿਆਂ ਇੱਕ ਕਾਨੂੰਨੀ ਦਾਅਵਾ ਖੋਲ੍ਹਿਆ ਗਿਆ ਸੀ। 30 ਜੂਨ, 2023 ਨੂੰ ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਅਮਰੀਕਾ ਅਤੇ ਚੈੱਕ ਗਣਰਾਜ ਦਰਮਿਆਨ ਦੁਵੱਲੀ ਹਵਾਲਗੀ ਸੰਧੀ ਦੇ ਤਹਿਤ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ।
ਵਿਕਾਸ ਯਾਦਵ ਕੌਣ ਹਨ?
ਤਸਵੀਰ ਸਰੋਤ, www.fbi.gov
ਅਮਰੀਕਾ ਵੱਲੋਂ ਦਾਇਰ ਕੀਤੇ ਗਏ ਇਲਜ਼ਾਮਾਂ ਦੇ ਮੁਤਾਬਕ ਵਿਕਾਸ ਯਾਦਵ ਉਰਫ਼ ਅਮਾਨਤ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਵਿੱਚ ਕੰਮ ਕਰਦੇ ਸਨ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਦਾ ਇੱਕ ਹਿੱਸਾ ਹੈ।
ਅਮਰੀਕਾ ਦੇ ਅਨੁਸਾਰ ਯਾਦਵ ਭਾਰਤ ਦੀ ਸੂਹੀਆ ਏਜੰਸੀ ਰਾਅ ਦੇ ਲਈ ਕੰਮ ਕਰਦੇ ਸਨ ਜੋ ਕਿ ਕੈਬਨਿਟ ਸਕੱਤਰੇਤ ਦਾ ਹਿੱਸਾ ਹੈ।
ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਹੈ ਕਿ ਵਿਕਾਸ ਯਾਦਵ ਨੇ ਆਪਣਾ ਅਹੁਦਾ ‘ਸੀਨੀਅਰ ਫੀਲਡ ਅਫ਼ਸਰ’ ਦਾ ਦੱਸਿਆ ਹੈ, ਜਿਸ ਦੀਆਂ ਜ਼ਿੰਮੇਵਾਰੀਆਂ ਵਿੱਚ ‘ਸੁਰੱਖਿਆ ਬੰਦੋਬਸਤ’ ਅਤੇ ‘ਸੂਹੀਆ ਬੰਦੋਬਸਤ’ ਸ਼ਾਮਿਲ ਹਨ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਯਾਦਵ ਨੇ ਆਪਣੇ ਰੁਜ਼ਗਾਰ ਦਾਤੇ ਦਾ ਪਤਾ ਨਵੀਂ ਦਿੱਲੀ ਵਿੱਚ ਸੀਜੀਓ ਕੰਪਲੈਕਸ ਵਜੋਂ ਲਿਖਿਆ ਹੈ, ਜਿੱਥੇ ਰਾਅ ਦਾ ਮੁੱਖ ਦਫ਼ਤਰ ਹੈ।
ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਦਾ ਕੀ ਸਬੰਧ ਹੈ?
ਤਸਵੀਰ ਸਰੋਤ, US DEPARTMENT OF JUSTICE
ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਮਈ 2023 ਵਿੱਚ ਵਿਕਾਸ ਯਾਦਵ ਨੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜਿਸ਼ ਘੜਨ ਲਈ ਨਿਖਿਲ ਗੁਪਤਾ ਨੂੰ ਭਰਤੀ ਕੀਤਾ ਸੀ।
ਅਮਰੀਕਾ ਦਾ ਕਹਿਣਾ ਹੈ ਕਿ ਵਿਕਾਸ ਯਾਦਵ ਦੇ ਹੁਕਮਾਂ ਉੱਤੇ ਹੀ ਨਿਖਿਲ ਗੁਪਤਾ ਨੇ ਪੰਨੂ ਦਾ ਕਤਲ ਕਰਨ ਲਈ ਕਿਸੇ ਹਿਟਮੈਨ ਨੂੰ ਭਰਤੀ ਕਰਨ ਲਈ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਬਾਰੇ ਗੁਪਤਾ ਨੂੰ ਲੱਗਦਾ ਸੀ ਕਿ ਉਹ ਇੱਕ ਅਪਰਾਧਿਕ ਸਹਿਯੋਗੀ ਹੈ ਪਰ ਅਸਲ ਵਿੱਚ ਉਹ ਅਮਰੀਕਾ ਦੇ ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ) ਨਾਲ ਕੰਮ ਕਰਨ ਵਾਲਾ ਇੱਕ ਖੁਫ਼ੀਆ ਸਰੋਤ ਸੀ। ਇਸ ਖੁਫ਼ੀਆ ਸਰੋਤ ਨੇ ਗੁਪਤਾ ਨੂੰ ਇੱਕ ਕਥਿਤ ਹਿਟਮੈਨ ਨਾਲ ਮਿਲਵਾਇਆ, ਜੋ ਕਿ ਅਸਲ ਵਿੱਚ ਡੀਈਏ ਦਾ ਇੱਕ ਅੰਡਰਕਵਰ ਅਫ਼ਸਰ ਸੀ।
ਨਿਖਿਲ ਗੁਪਤਾ ਨੇ ਜੋ ਡੀਲ ਕੀਤੀ ਸੀ ਉਸ ਦੇ ਅਨੁਸਾਰ ਵਿਕਾਸ ਯਾਦਵ ਨੇ ਪੰਨੂ ਦੇ ਕਤਲ ਲਈ ਹਿਟਮੈਨ ਨੂੰ ਇੱਕ ਲੱਖ ਅਮਰੀਕੀ ਡਾਲਰ ਦੇਣ ਦੀ ਹਾਮੀ ਭਰੀ ਸੀ।
ਨੌਂ ਜੂਨ, 2023 ਨੂੰ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਨੇ ਇੱਕ ਸਹਿਯੋਗੀ ਤੋਂ ਕਤਲ ਦੇ ਲਈ ਪੇਸ਼ਗੀ ਵਜੋਂ ਹਿਟਮੈਨ ਨੂੰ 15,000 ਅਮਰੀਕੀ ਡਾਲਰ ਨਗਦ ਦੇਣ ਦਾ ਪ੍ਰਬੰਧ ਕੀਤਾ ਅਤੇ ਫਿਰ ਯਾਦਵ ਦੇ ਇੱਕ ਸਹਿਯੋਗੀ ਨੇ ਮੈਨਹਟਨ ਵਿਖੇ ਇਹ ਪੈਸਾ ਹਿਟਮੈਨ ਨੂੰ ਸੌਂਪਿਆ।
ਗੁਰਪਤਵੰਤ ਸਿੰਘ ਪੰਨੂ ਕੌਣ ਹਨ?
ਤਸਵੀਰ ਸਰੋਤ, Bloomberg via Getty Images
ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਨੁਸਾਰ ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।
1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।
ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।
ਸੂਤਰਾਂ ਮੁਤਾਬਕ ਗੁਰਪਤਵੰਤ ਪੰਨੂ ਦੇ ਉੱਪਰ ਕਈ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਟਾਡਾ (ਟੈਰਰਿਸਟ ਐਂਡ ਡਿਸਰਪਟਿਵ ਐਕਟਿਵਿਟੀਜ਼) ਵੀ ਸ਼ਾਮਿਲ ਹੈ। ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ।
1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।
ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ ‘ਤੇ ਸਰਗਰਮ ਰਹੇ।
ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।
ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।
ਇਸ ਮਾਮਲੇ ‘ਚ ਭਾਰਤ ਸਰਕਾਰ ਦਾ ਕੀ ਰੁਖ ਰਿਹਾ ਹੈ?
ਤਸਵੀਰ ਸਰੋਤ, MEA
ਇਸ ਮਾਮਲੇ ‘ਚ ਸ਼ੁਰੂ ਹੀ ਕਈ ਮੌਕਿਆਂ ‘ਤੇ ਭਾਰਤ ਸਰਕਾਰ ਨੇ ਪੰਨੂ ਵਿਰੁੱਧ ਕਿਸੇ ਵੀ ਸਾਜ਼ਿਸ਼ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਕਿਹਾ ਹੈ ਕਿ ਇਹ ਸਰਕਾਰੀ ਨੀਤੀ ਦੇ ਵਿਰੁੱਧ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਨੂੰ ਦੇ ਕਤਲ ਦੀ ਸਾਜ਼ਿਸ਼ ਸੰਬੰਧੀ ਇਲਜ਼ਾਮਾਂ ਨੂੰ ਸਖ਼ਤੀ ਨਾਲ ਖਾਰਜ ਕੀਤਾ ਹੈ ਅਤੇ ਇਲਜ਼ਾਮਾਂ ਨੂੰ “ਬੇਲੋੜਾ ਅਤੇ ਬੇਬੁਨਿਆਦ” ਕਿਹਾ ਹੈ।
ਭਾਰਤ ਨੇ ਪਹਿਲਾਂ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਅਮਰੀਕਾ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਅਮਰੀਕਾ ਨੇ ਵੀ ਪਹਿਲਾਂ ਕਿਹਾ ਹੈ ਕਿ ਉਹ ਭਾਰਤ ਵੱਲੋਂ ਹੁਣ ਤੱਕ ਮਿਲੇ ਸਹਿਯੋਗ ਤੋਂ ਸੰਤੁਸ਼ਟ ਹੈ।
17 ਅਕਤੂਬਰ, 2024 ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵਿਕਾਸ ਯਾਦਵ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਅਮਰੀਕੀ ਨਿਆਂ ਵਿਭਾਗ ਵੱਲੋਂ ਲਾਏ ਗਏ ਇਲਜ਼ਾਮਾਂ ਵਿੱਚ ਜਿਸ ਵਿਅਕਤੀ ਦਾ ਨਾਮ ਹੈ ਉਹ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।
ਇੱਕ ਸਵਾਲ ਦੇ ਜਵਾਬ ‘ਚ ਜੈਸਵਾਲ ਨੇ ਕਿਹਾ ਸੀ, “ਮੈਂ ਹੁਣੇ ਪੁਸ਼ਟੀ ਕੀਤੀ ਹੈ ਕਿ ਹਾਂ, ਇਹ ਵਿਸ਼ੇਸ਼ ਸੱਜਣ, ਉਹ ਹੁਣ ਭਾਰਤ ਸਰਕਾਰ ਦੇ ਢਾਂਚੇ ਦਾ ਹਿੱਸਾ ਨਹੀਂ ਹਨ। ਉਹ ਕੋਈ ਕਰਮਚਾਰੀ ਨਹੀਂ ਹਨ। ਇਸ ਤੋਂ ਇਲਾਵਾ ਮੇਰੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਲਈ ਹੋਰ ਕੁਝ ਵੀ ਨਹੀਂ ਹੈ।”
ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਮਾਮਲੇ ਨਾਲ ਜੁੜੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਦੇ ਮੈਂਬਰ ਅਮਰੀਕਾ ਗਏ ਹਨ।
ਉਨ੍ਹਾਂ ਕਿਹਾ ਸੀ ਕਿ ਇਸ ਜਾਂਚ ਕਮੇਟੀ ਦਾ ਗਠਨ ਨਵੰਬਰ 2023 ਵਿੱਚ ਉਨ੍ਹਾਂ ਇਨਪੁਟਸ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ, ਜੋ ਕਿ ਅਮਰੀਕਾ ਨੇ ਭਾਰਤ ਦੇ ਨਾਲ ਸਾਂਝੇ ਕੀਤੇ ਸਨ।
ਜੈਸਵਾਲ ਨੇ ਕਿਹਾ ਸੀ, “ਅਸੀਂ ਇਨ੍ਹਾਂ ਇਨਪੁਟਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਇਸ ਮਾਮਲੇ ਉੱਤੇ ਅਮਰੀਕਾ ਦੇ ਪੱਖ ਨਾਲ ਜੁੜੇ ਹੋਏ ਹਾਂ। ਉੱਚ ਪੱਧਰੀ ਕਮੇਟੀ ਦੇ 2 ਮੈਂਬਰ ਉੱਥੇ ਗਏ ਹਨ ਅਤੇ ਉਨ੍ਹਾਂ ਨੇ ਅਮਰੀਕੀ ਧਿਰ ਦੇ ਨਾਲ ਬੈਠਕਾਂ ਕੀਤੀਆਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



