Home ਰਾਸ਼ਟਰੀ ਖ਼ਬਰਾਂ ਨਮਾਜ਼ ਬਾਰੇ ਬਣਾਈ ਵੀਡੀਓ ਕਾਰਨ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ...

ਨਮਾਜ਼ ਬਾਰੇ ਬਣਾਈ ਵੀਡੀਓ ਕਾਰਨ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲਿੰਗ, ਕੀ ਹੈ ਪੂਰਾ ਵਿਵਾਦ

17
0

Source :- BBC PUNJABI

ਨਮਿਤਾ ਥਾਪਰ

ਤਸਵੀਰ ਸਰੋਤ, NAMITATHAPAR

7 ਮਿੰਟ ਪਹਿਲਾਂ

ਪੜ੍ਹਨ ਦਾ ਸਮਾਂ: 4 ਮਿੰਟ

ਫਾਰਮਾਸਿਉਟੀਕਲ ਕੰਪਨੀ ਐਮਕਿਓਰ ਦੀ ਹੋਲ ਟਾਈਮ ਡਾਇਰੈਕਟਰ, ਕਾਰੋਬਾਰੀ ਅਤੇ ਰਿਐਲਟੀ ਟੀਵੀ ਸ਼ੋਅ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਮਾਜ਼ ਨਾਲ ‘ਸਿਹਤ ਨੂੰ ਹੋਣ ਵਾਲੇ ਫ਼ਾਇਦੇ’ ਦੱਸਣ ਵਾਲੀ ਉਨ੍ਹਾਂ ਦੀ ਤਿੰਨ ਹਫ਼ਤੇ ਪੁਰਾਣੀ ਇੱਕ ਰੀਲ ਕਾਰਨ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਅਹਿਸਾਸ ਹੈ ਕਿ ਚੁੱਪ ਰਹਿਣਾ ਕੋਈ ਗੁਣ ਨਹੀਂ ਹੈ ਅਤੇ ਜਦੋਂ ਕਿਸੇ ਦਾ ਅਪਮਾਨ ਹੁੰਦਾ ਹੈ ਤਾਂ ਅਵਾਜ਼ ਚੁੱਕਣੀ ਚਾਹੀਦੀ ਹੈ।

ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।

ਤਿੰਨ ਹਫ਼ਤੇ ਤੋਂ ਪਹਿਲਾਂ 25 ਮਾਰਚ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਰੀਲ ਪੋਸਟ ਕੀਤੀ ਸੀ ਜਿਸ ਵਿੱਚ ਉਹ ਨਮਾਜ਼ ਪੜ੍ਹਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੀ ਹੈ।

ਹੁਣ ਉਸ ਵੀਡੀਓ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਯੋਗਾ ਅਤੇ ਉਸ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਦੀ ਆ ਰਹੀ ਹੈ ਪਰ ਇਸ ਦੀ ਕਦੇ ਵੀ ਚਰਚਾ ਨਹੀਂ ਹੋਈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਜਦਕਿ ਕਈ ਅਲੋਚਨਾ ਵੀ ਕਰ ਰਹੇ ਹਨ।

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਨਮਿਤਾ ਥਾਪਰ ਨੇ ਆਖ਼ਿਰ ਨਮਾਜ਼ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਕੀ ਕਿਹਾ ਸੀ ?

ਨਮਾਜ਼ ਅਤੇ ਯੋਗ ਆਸਨ ਬਾਰੇ ਕੀ ਕਿਹਾ ਸੀ ?

ਨਮਿਤਾ ਥਾਪਰ

ਤਸਵੀਰ ਸਰੋਤ, NAMITATHAPAR

25 ਮਾਰਚ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਰੀਲ ਵਿੱਚ ਨਮਿਤਾ ਕਹਿੰਦੀ ਹੈ, “ਇਸ ਸ਼ਨੀਵਾਰ ਨੂੰ ਮੈਂ ਆਪਣੇ ਕਰੀਬੀ ਦੋਸਤਾਂ ਨਾਲ ਈਦ ਦਾ ਤਿਓਹਾਰ ਮਨਾਇਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਨਮਿਤਾ ਤੁਸੀਂ ਸਿਹਤ ਬਾਰੇ ਇੰਨਾ ਕੁਝ ਦੱਸਦੇ ਹੋ, ਕੀ ਤੁਹਾਨੂੰ ਨਮਾਜ਼ ਦੇ ਸਿਹਤ ‘ਤੇ ਪੈਣ ਵਾਲੇ ਅਸਰ ਬਾਰੇ ਪਤਾ ਹੈ?”

“ਵਾਕਈ ਵਿਸ਼ਵਾਸ ਨਹੀਂ ਹੁੰਦਾ। ਸਭ ਤੋਂ ਪਹਿਲੀ ਗੱਲ ਇਹ ਫੁੱਲ ਬਾਡੀ ਐਕਸਰਸਾਈਜ਼ (ਪੂਰੇ ਸਰੀਰ ਦੀ ਕਸਰਤ) ਹੈ। ਇਹ ਲਚਕੀਲੇਪਣ ਲਈ ਬਹੁਤ ਚੰਗਾ ਹੈ ਜਿਸ ਨਾਲ ਖੂਨ ਦਾ ਵਹਾਅ ਬਿਹਤਰ ਹੁੰਦਾ ਹੈ। ਇਹ ਕੂਹਣੀਆਂ ਅਤੇ ਗੋਡਿਆਂ ਲਈ ਸ਼ਾਨਦਾਰ ਹੈ।”

ਨਮਿਤਾ ਥਾਪਰ ਅੱਗੇ ਕਹਿੰਦੇ ਹਨ, “ਦੂਜੀ ਗੱਲ ਮਾਨਸਿਕ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਇਸ ਵਿੱਚ ਧਿਆਨ ਕੇਂਦਰਿਤ ਕਰਦੇ ਹੋ ਜੋ ਕਿ ਇੱਕ ਮੈਡੀਟੇਸ਼ਨ(ਧਿਆਨ) ਦੀ ਤਰ੍ਹਾਂ ਹੈ। ਤੀਜੀ ਗੱਲ ਇਸ ਵਿਚ ਤੁਸੀਂ ਵਜਰ-ਆਸਨ ਦੀ ਤਰ੍ਹਾਂ ਬੈਠਦੇ ਹੋ ਜੋ ਤੁਹਾਡੇ ਹਾਜ਼ਮੇ ਲਈ ਬਹੁਤ ਚੰਗਾ ਹੈ।”

“ਸਭ ਤੋਂ ਚੰਗੀ ਹੱਲ ਹੈ ਕਿ ਇਸ ਵਿੱਚ ਤੁਹਾਨੂੰ ਦਿਨ ਵਿੱਚ ਪੰਜ ਵਾਰ ਉਥਲ-ਪੁਥਲ ਤੋਂ ਬਰੇਕ ਮਿਲਦਾ ਹੈ। ਇਸ ਨੂੰ ਇਕੱਠੇ ਹੋ ਕੇ ਪੜ੍ਹਿਆ ਜਾਂਦਾ ਹੈ ਜੋ ‘ਸੋਸ਼ਲ ਕਨੈਕਟ’ ਲਈ ਚੰਗਾ ਹੈ। ਹਰ ਧਰਮ ਵਿੱਚ ਪ੍ਰਾਰਥਨਾ ਦੀ ਆਪਣੀ ਖਾਸੀਅਤ ਹੁੰਦੀ ਹੈ ਅਤੇ ਅਧਿਆਤਮ ਨਾਲ ਸਿਹਤ ਦੇ ਫ਼ਾਇਦੇ ਵੀ ਬਹੁਤ ਚੰਗੇ ਹੁੰਦੇ ਹਨ।”

ਇਸ ਰੀਲ ਨੂੰ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਅਤੇ ਵਿਰੋਧ ਵਿੱਚ ਤਕਰੀਬਨ ਸਾਢੇ ਸੱਤ ਹਜ਼ਾਰ ਕੁਮੈਂਟ ਆ ਚੁੱਕੇ ਹਨ।

ਵਿਪੁਲ ਪਟੇਲ ਨਾਮੀ ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਆਰਤੀ ਕਰਨ ਦੇ ਕਈ ਫ਼ਾਇਦੇ ਗਿਣਵਾ ਦਿੱਤੇ। ਇਸ ਕਮੈਂਟ ਨੂੰ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ।

ਕੁਸ਼ਲ ਵਿਆਸ ਨਾਮੀ ਇੱਕ ਯੂਜ਼ਰ ਨੇ ਲਿਖਿਆ, “ਹੁਣ ਆਪਣੇ ਉਨ੍ਹਾਂ ਹੀ ਦੋਸਤਾਂ ਨੂੰ ਹਨੂਮਾਨ ਚਾਲੀਸਾ ਪੜ੍ਹਣ ਦੇ ਫ਼ਾਇਦਿਆਂ ਬਾਰੇ ਦੱਸੋ ਅਤੇ ਸਾਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਦੱਸੋ।”

ਇਸ ਤੋਂ ਇਲਾਵਾ ਕਈ ਲੋਕਾਂ ਨੇ ਉਸ ‘ਤੇ ਕਮੈਂਟ ਕਰਕੇ ਕਿਹਾ ਕਿ ਉਹ ਹੁਣ ਨਮਿਤਾ ਨੂੰ ਅਣਫੌਲੋ ਕਰ ਰਹੇ ਹਨ।

ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਸੀ ਜੋ ਉਨ੍ਹਾਂ ਦੀ ਇਸ ਰੀਲ ਦੀ ਤਾਰੀਫ਼ ਕਰ ਰਹੇ ਸੀ।

ਜਸਕੀਰਤ ਸਿੰਘ ਨੇ ਨਮਿਤਾ ਦੀ ਹੀ ਪੋਸਟ ‘ਤੇ ਕਮੈਂਟ ਕੀਤਾ, “ਲੋਕ ਉਨ੍ਹਾਂ ਤੋਂ ਨਰਾਜ਼ ਹੋ ਰਹੇ ਹਨ ਕਿਉਂਕਿ ਉਹ ਅਧਿਆਤਮਿਕਤਾ ਦੀ ਗੱਲ ਕਰ ਰਹੀ ਹੈ। ਪਰ ਲੋਕ ਕਹਿੰਦੇ ਹਨ, ਸਾਨੂੰ ਸਾਡੀ ਅਧਿਆਤਮਿਕਤਾ ਸਿਖਾਓ, ਉਨ੍ਹਾਂ ਦੀ ਨਹੀਂ।”

“ਪਰ ਉਹ ਇਹ ਵੀ ਨਹੀਂ ਸਮਝਦੇ ਕਿ ਅਧਿਆਤਮਿਕਤਾ ਸਿਰਫ਼ ਭਗਵਾਨ ਨਾਲ ਜੁੜਨ ਦਾ ਇੱਕ ਤਰੀਕਾ ਹੈ ਅਤੇ ਭਗਵਾਨ ਸਿਰਫ਼ ਇੱਕ ਹੈ, ਭਾਵੇਂ ਤੁਸੀਂ ਨਮਾਜ਼ ਪੜ੍ਹੋ, ਆਰਤੀ ਕਰੋ, ਗੁਰਦੁਆਰੇ ਵਿੱਚ ਪਾਠ ਕਰੋ ਜਾਂ ਚਰਚ ਵਿੱਚ ਪ੍ਰਾਰਥਨਾ ਕਰੋ। ਰਾਹ ਵੱਖਰੇ ਹਨ ਪਰ ਪਹੁੰਚ ਸਿਰਫ਼ ਇੱਕ ਤੱਕ ਹੈ, ਸਿਰਫ਼ ਨਫ਼ਰਤ ਫੈਲਾ ਕੇ ਬੇਵਕੂਫ਼ ਨਾ ਬਣੋ।”

ਨਮਿਤਾ ਨੇ ਹੁਣ ਕੀ ਕਿਹਾ ?

ਨਮਿਤਾ ਥਾਪਰ

ਤਸਵੀਰ ਸਰੋਤ, NAMITATHAPAR

ਤਿੰਨ ਹਫਤੇ ਤੋਂ ਜ਼ਿਆਦਾ ਸਮੇਂ ਬਾਅਦ ਨਮਿਤਾ ਥਾਪਰ ਨੇ ਆਪਣੀ ਰੀਲ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਇੰਸਟਾਗ੍ਰਾਮ ਅਤੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਲੋਕ ਪਿਛਲੇ ਤਿੰਨ ਹਫਤੇ ਤੋਂ ਉਨ੍ਹਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ।

ਨਮਿਤਾ ਥਾਪਰ ਨੇ ਵੀਡੀਓ ਵਿੱਚ ਕਿਹਾ, “ਨਾਨ ਸਟਾਪ ਅਤੇ ਮੇਰੀ ਡਾਰਲਿੰਗ ਮਾਂ ਨੂੰ ਵੀ ਗੰਦੇ-ਗੰਦੇ ਨਾਮ ਦਿੱਤੇ ਜਾ ਰਹੇ ਹਨ। ਕਿਸ ਲਈ ? ਸਿਰਫ਼ ਨਮਾਜ਼ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਰੀਲ ਬਣਾਉਣ ਲਈ “

“ਮੈਂ ਇੱਕ ਹੈਲਥ ਕੇਅਰ ਪ੍ਰੋਫ਼ੈਸ਼ਨਲ ਹਾਂ। ਮੈਂ ਹਿੰਦੂ ਧਰਮ ਅਤੇ ਉਸ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਰੀਲ ਬਣਾਈ ਹੈ। ਮੈਂ ਯੋਗ ਆਸਨ ਅਤੇ ਖਾਸ ਕਰਕੇ ਸੂਰਜ ਨਮਸਕਾਰ ਦੀਆਂ ਰੀਲਜ਼ ਬਣਾਉਂਦੀ ਹਾਂ। ਉਦੋਂ ਤਾਂ ਕਿਸੇ ਨੇ ਕੁਝ ਨਹੀਂ ਬੋਲਿਆ।”

ਨਮਿਤਾ ਅੱਗੇ ਕਹਿੰਦੀ ਹੈ, “ਮੈਨੂੰ ਸਿਖਾਇਆ ਗਿਆ ਹੈ ਕਿ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਤੁਸੀਂ ਇਸ ਤਰ੍ਹਾਂ ਸਨਮਾਨ ਕਰਦੇ ਹੋ। ਖਾਸ ਕਰਕੇ ਮਹਿਲਾ ਬਾਰੇ। ਰਾਖਵਾਂਕਰਨ ਬਿੱਲ ਪਾਸ ਨਹੀਂ ਹੋਇਆ ਤਾਂ ਸਭ ਬੋਲ ਰਹੇ ਹਨ ਪਰ ਜਦੋਂ ਦੋ ਮਹਿਲਾਵਾਂ ਦਾ ਅਜਿਹਾ ਅਪਮਾਨ ਹੁੰਦਾ ਹੈ ਤਾਂ ਫਿਰ ਚੁੱਪੀ ਕਿਉਂ ? ਮੈਂ ਬਹੁਤ ਪਹਿਲਾਂ ਹੀ ਸਿੱਖ ਚੁੱਕੀ ਹਾਂ ਕਿ ਤੁਹਾਡੇ ਲਈ ਕੋਈ ਨਹੀਂ ਬੋਲੇਗਾ। ਤੁਹਾਨੂੰ ਆਪਣੇ ਲਈ ਆਪ ਹੀ ਬੋਲਣਾ ਪਵੇਗਾ।”

“ਮੇਰੇ ਸਾਰੇ ਟ੍ਰੋਲਰਜ਼ ਨੂੰ ਕਹਿ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਲੱਗੇ ਰਹੋ ਪਰ ਯਾਦ ਰੱਖਣਾ ਕਿ ਮੈਨੂੰ ਹਿੰਦੂ ਹੋਣ ‘ਤੇ ਮਾਣ ਹੈ ਅਤੇ ਹਿੰਦੂ ਧਰਮ ਵਿਚ ਕਰਮ ਦੀ ਧਾਰਨਾ ਹੈ। ਤੁਸੀਂ ਆਪਣੀ ਅਕਲਮੰਦੀ ਨਾਲ ਲੱਗੇ ਰਹੋ ਕਿਉਂਕਿ ਭਗਵਾਨ ਸਭ ਦੇਖ ਰਿਹਾ ਹੈ। ਉਨ੍ਹਾਂ ਸਾਰੇ ਪੜ੍ਹੇ-ਲਿਖੇ ਮਾਣਮੱਤੇ ਹਿੰਦੂ ਲੋਕਾਂ ਨੂੰ ਕਹਿ ਦੇਣਾ ਚਾਹੁੰਦੀ ਹਾਂ ਜੋ ਮੰਨਦੇ ਹਨ ਕਿ ਸਾਰੇ ਧਰਮਾਂ ਅਤੇ ਮਹਿਲਾਵਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਕਿ ਮੇਰੀਆਂ ਨਾਂ-ਪੱਖੀ ਰੀਲਾਂ ਬਹੁਤ ਵਾਇਰਲ ਹੋ ਗਈਆਂ ਹੁਣ ਇਸ ਨੂੰ ਵਾਇਰਲ ਕਰਕੇ ਦਿਖਾਓ।”

ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਇਸ ਰੀਲ ‘ਤੇ ਹੁਣ ਤੱਕ 22 ਹਜ਼ਾਰ ਤੋਂ ਜ਼ਿਆਦਾ ਕਮੈਂਟ ਆ ਚੁੱਕੇ ਹਨ। ਹਾਲਾਂਕਿ ਇਸ ਰੀਲ ‘ਤੇ ਵੀ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਹਨ। ਕੋਈ ਨਮਿਤਾ ਦੀ ਤਾਰੀਫ਼ ਅਤੇ ਮਜ਼ਬੂਤ ਬਣੇ ਰਹਿਣ ਲਈ ਕਹਿ ਰਿਹਾ ਹੈ ਤਾਂ ਕੋਈ ਉਸ ਨੂੰ ਟ੍ਰੋਲ ਕਰ ਰਿਹਾ ਹੈ।

source : BBC PUNJABI