Source :- BBC PUNJABI
ਤਸਵੀਰ ਸਰੋਤ, Getty Images
ਅੱਜ ਕਹਾਣੀ ਉਸ ਸਫ਼ਰ ਦੀ ਜਿੱਥੇ ਕ੍ਰਿਕਟ ਦੀ ਪਿਚ ‘ਤੇ ਗੇਂਦ ਭਾਵੇਂ ਸਪਿਨ ਨਾ ਲੈ ਸਕੀ ਹੋਵੇ, ਪਰ ਅਸਲੀ ਘਟਨਾਵਾਂ ਦੇ ‘ਫ਼ਿਲਮੀ ਸਪਿਨ’ ਨੇ ਪਰਦੇ ‘ਤੇ ਇਤਿਹਾਸ ਰਚ ਦਿੱਤਾ।
ਗੱਲ ਹੋ ਰਹੀ ਹੈ ਆਦਿਤਿਆ ਧਰ ਦੀ, ਜਿਨ੍ਹਾਂ ਦੀ ‘ਧੁਰੰਧਰ ਦਿ ਰਿਵੇਂਜ’ ਬਾਕਸ ਆਫ਼ਿਸ ‘ਤੇ ਨਵੇਂ ਰਿਕਾਰਡ ਬਣਾ ਰਹੀ ਹੈ।
ਮੈਂ ਇਹ ਹਿੰਦੀ ਫ਼ਿਲਮ ਲੰਡਨ ਦੇ ਇੱਕ ਸਿਨੇਮਾਘਰ ਵਿੱਚ ਵੇਖੀ ਜੋ ਹਾਊਸਫੁਲ ਸੀ। ਹਿੰਦੀ ਫ਼ਿਲਮਾਂ ਲਈ ਇਸ ਤਰ੍ਹਾਂ ਦਾ ਕਰੇਜ਼ ਜਾਂ ਹਾਊਸਫੁਲ ਹੋਣਾ ਉੱਥੇ ਅੱਜ ਵੀ ਆਮ ਗੱਲ ਨਹੀਂ ਹੈ।
ਪਰ ਇਸ ਤੋਂ ਵੀ ਵੱਖ ਇੱਕ ਹੋਰ ਗੱਲ ਸੀ, ਜੋ ਆਮ ਨਹੀਂ ਹੈ, ਜਦੋਂ ਫ਼ਿਲਮ ਦੇ ਕ੍ਰੇਡਿਟ ਰੋਲ ਵਿੱਚ ਲੇਖਕ-ਨਿਰਦੇਸ਼ਕ ਆਦਿਤਿਆ ਧਰ ਦਾ ਨਾਮ ਪਰਦੇ ‘ਤੇ ਆਇਆ, ਤਾਂ ਪੂਰੇ ਹਾਲ ਵਿੱਚ ਤਾਲੀਆਂ ਗੂੰਜ ਉਠੀਆਂ।
ਇਹ ਪਲ ਇਸ ਲਈ ਵੀ ਖ਼ਾਸ ਸੀ, ਕਿਉਂਕਿ ਆਮ ਤੌਰ ‘ਤੇ ਭਾਰਤੀ ਵਪਾਰਕ ਸਿਨੇਮਾ ਵਿੱਚ ਤਾਲੀਆਂ ਸਿਰਫ਼ ਸਟਾਰਾਂ ਲਈ ਵੱਜਦੀਆਂ ਹਨ, ਨਿਰਦੇਸ਼ਕ ਜਾਂ ਲੇਖਕ ਲਈ ਨਹੀਂ।
ਇਸ ਬਦਲਾਅ ਦੇ ਕੇਂਦਰ ਵਿੱਚ ਹਨ ਆਦਿਤਿਆ ਧਰ, ਉਹ ਸ਼ਖ਼ਸ ਜਿਨ੍ਹਾਂ ਨੇ ਧੁਰੰਧਰ ਦੀ ਦੁਨੀਆ ਸਕ੍ਰੀਨ ‘ਤੇ ਜ਼ਿੰਦਾ ਕੀਤੀ।
‘ਧੁਰੰਧਰ’ ਦੀ ਕਹਾਣੀ ਤੁਸੀਂ ਜਾਣਦੇ ਹੋ, ਪਰ ਇਸਨੂੰ ਰਚਣ ਵਾਲੇ ਆਦਿਤਿਆ ਧਰ ਦੀ ਕਹਾਣੀ ਕੀ ਹੈ?
ਇਹ ਕਹਾਣੀ ਉਸ ਮੁੰਡੇ ਦੀ ਹੈ, ਜਿਸਦਾ ਸੁਪਨਾ ਕ੍ਰਿਕਟ ਦੀ ਪਿਚ ‘ਤੇ ਆਪਣੀ ਸਪਿਨ ਨਾਲ ਬੱਲੇਬਾਜ਼ਾਂ ਨੂੰ ਚਕਮਾ ਦੇਣ ਦਾ ਸੀ।
1983 ਵਿੱਚ ਦਿੱਲੀ ਵਿੱਚ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਜਨਮੇ ਆਦਿਤਿਆ ਧਰ ਦੀ ਮਾਂ ਦਿੱਲੀ ਯੂਨੀਵਰਸਿਟੀ ਵਿੱਚ ਕੰਮ ਕਰਦੀ ਸੀ।
ਇਸੇ ਸ਼ਹਿਰ ਵਿੱਚ ਆਦਿਤਿਆ ਦੀ ਪੜ੍ਹਾਈ ਹੋਈ ਅਤੇ ਇੱਥੇ ਹੀ ਉਨ੍ਹਾਂ ਨੂੰ ਕ੍ਰਿਕਟ ਦਾ ਜਨੂਨ ਹੋਇਆ। ਇੱਕ ਸਪਿਨਰ ਵਜੋਂ ਉਨ੍ਹਾਂ ਦਾ ਸੁਪਨਾ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਪਹਿਨਣ ਦਾ ਸੀ। ਸਾਲਾਂ ਤੱਕ ਉਸੇ ਸੁਪਨੇ ਨੂੰ ਜੀਉਂਦੇ ਰਹੇ। ਪਰ ਜਦੋਂ ਅੰਡਰ-19 ਵਰਲਡ ਕੱਪ ਦੀ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇ, ਤਾਂ ਕ੍ਰਿਕਟ ਦੇ ਇਸ ਸੁਪਨੇ ਨੂੰ ਅਲਵਿਦਾ ਕਹਿਣਾ ਪਿਆ।
ਚੁਣੌਤੀਆਂ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਸਨ। ਡਿਸਲੇਕਸੀਆ ਕਾਰਨ ਪੜ੍ਹਾਈ ਹਮੇਸ਼ਾ ਬਹੁਤ ਮੁਸ਼ਕਲ ਰਹੀ। ਡੇਢ ਸੌ ਪੰਨਿਆਂ ਦੀ ਸਕ੍ਰਿਪਟ ਪੜ੍ਹਨਾ ਮੁਸ਼ਕਲ ਸੀ, ਲਿਖਣ ਦੀ ਤਾਂ ਗੱਲ ਹੀ ਛੱਡੋ।
ਪਰ ਸਕ੍ਰੀਨ ‘ਤੇ ਕਹਾਣੀ ਬੁਣਨ ਦਾ ਸੁਪਨਾ ਲੈ ਕੇ, ਠੀਕ 20 ਸਾਲ ਪਹਿਲਾਂ, ਭਾਵ 2006 ਵਿੱਚ ਆਦਿਤਿਆ ਧਰ ਮੁੰਬਈ ਪਹੁੰਚੇ। ਸ਼ੁਰੂਆਤੀ 10-12 ਸਾਲ ਸੰਘਰਸ਼ ਅਤੇ ਗੁਮਨਾਮੀ ਵਿੱਚ ਬੀਤੇ।
ਗੀਤਕਾਰ ਵਜੋਂ ਪਹਿਲੀ ਸਫ਼ਲਤਾ
ਤਸਵੀਰ ਸਰੋਤ, Prodip Guha/Getty Images
ਆਦਿਤਿਆ ਧਰ ਦਾ ਪਹਿਲਾ ਕੰਮ ਇੱਕ ਗੀਤਕਾਰ ਵਜੋਂ ਸਾਹਮਣੇ ਆਇਆ। ਬਾਲੀਵੁੱਡ ਦੇ ਪ੍ਰਸਿੱਧ ਯਸ਼ ਰਾਜ ਫਿਲਮਜ਼ ਬੈਨਰ ਦੀ ਫ਼ਿਲਮ ‘ਕਾਬੁਲ ਐਕਸਪ੍ਰੈੱਸ’ ਲਈ ਲਿਖਿਆ ਉਨ੍ਹਾਂ ਦਾ ਗੀਤ ‘ਕਾਬੁਲ ਫਿਜ਼ਾ’ ਉਸ ਸਮੇਂ ਕਾਫ਼ੀ ਹਿੱਟ ਰਿਹਾ।
ਇਸੇ ਦੌਰ ਵਿੱਚ ਆਦਿਤਿਆ ਨੇ ਸ਼ੌਰਟ ਫ਼ਿਲਮ ‘ਬੂੰਦ’ ਦੀ ਸਕ੍ਰਿਪਟ ਅਤੇ ਡਾਇਲਾਗ ਲਿਖੇ। ਫ਼ਿਲਮ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੀ ਆਦਿਤਿਆ ਨੇ ਕਈ ਸਕ੍ਰਿਪਟ ਅਤੇ ਸਟੋਰੀ ਆਈਡੀਆਜ਼ ‘ਤੇ ਕੰਮ ਕੀਤਾ, ਜਿਨ੍ਹਾਂ ‘ਤੇ ਸਫਲ ਫ਼ਿਲਮਾਂ ਵੀ ਬਣੀਆਂ, ਪਰ ਉਨ੍ਹਾਂ ਨੂੰ ਕ੍ਰੇਡਿਟ ਨਹੀਂ ਮਿਲਿਆ। ਇਨ੍ਹਾਂ ਤਜਰਬਿਆਂ ਨੇ ਉਨ੍ਹਾਂ ਨੂੰ ਕਾਫ਼ੀ ਨਿਰਾਸ਼ ਕੀਤਾ।
2010 ਵਿੱਚ ਆਦਿਤਿਆ ਨੇ ਸਹਾਇਕ ਨਿਰਦੇਸ਼ਕ ਵਜੋਂ ਪ੍ਰਿਯਦਰਸ਼ਨ ਨਾਲ ਕੰਮ ਸ਼ੁਰੂ ਕੀਤਾ ਅਤੇ ਕਮਰਸ਼ੀਅਲ ਫ਼ਿਲਮ ਮੇਕਿੰਗ ਅਤੇ ਸਕ੍ਰੀਨ ਰਾਈਟਿੰਗ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਨੇ ਪ੍ਰਿਯਦਰਸ਼ਨ ਨਿਰਦੇਸ਼ਿਤ ਅਜੈ ਦੇਵਗਨ-ਅਕਸ਼ੈ ਖੰਨਾ ਦੀ ਫ਼ਿਲਮ ‘ਆਕ੍ਰੋਸ਼’ (2010) ਦੇ ਡਾਇਲਾਗ ਵੀ ਲਿਖੇ, ਜਿਸ ਲਈ ਉਨ੍ਹਾਂ ਨੂੰ ਕ੍ਰੇਡਿਟ ਮਿਲਿਆ।
ਪ੍ਰਿਯਦਰਸ਼ਨ ਕਹਿੰਦੇ ਹਨ, “ਭਾਸ਼ਾ ‘ਤੇ ਆਦਿਤਿਆ ਦੀ ਪਕੜ ਸ਼ਾਨਦਾਰ ਸੀ ਅਤੇ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਸੀ।”
ਤਸਵੀਰ ਸਰੋਤ, Sonu Mehta/Hindustan Times via Getty Images
ਕਰੀਬ ਤਿੰਨ ਸਾਲ ਪ੍ਰਿਯਦਰਸ਼ਨ ਨਾਲ ਕੰਮ ਕਰਨ ਤੋਂ ਬਾਅਦ, ਆਦਿਤਿਆ ਹੁਣ ਖ਼ੁਦ ਫ਼ਿਲਮ ਨਿਰਦੇਸ਼ਿਤ ਕਰਨਾ ਚਾਹੁੰਦੇ ਸਨ। ਫਿਰ ਤੋਂ ਕਈ ਸਾਲਾਂ ਦਾ ਸੰਘਰਸ਼। ਕਈ ਪ੍ਰੋਜੈਕਟ ਸ਼ੁਰੂ ਹੋਏ, ਪਰ ਕੋਈ ਫ਼ਿਲਮ ਬਣੀ ਨਹੀਂ।
ਫਿਰ 2016 ਵਿੱਚ ਚੰਗੀ ਖ਼ਬਰ ਆਈ। ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਵਿੱਚ ਆਦਿਤਿਆ ਨੂੰ ਇੱਕ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਮਿਲਿਆ। ਫ਼ਿਲਮ ਦਾ ਨਾਮ ਸੀ ‘ਰਾਤ ਬਾਕੀ’।
ਇਸ ਵਿੱਚ ਕਟਰੀਨਾ ਕੈਫ਼ ਅਤੇ ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਦੀ ਜੋੜੀ ਸੀ। ਸ਼ੂਟਿੰਗ ਪਲਾਨ ਹੋ ਚੁੱਕੀ ਸੀ। ਆਦਿਤਿਆ ਤਿਆਰੀ ਵਿੱਚ ਲੱਗੇ ਹੋਏ ਸਨ। ਪਰ ਉਦੋਂ ਹੀ ਕਿਸਮਤ ਨੇ ਫਿਰ ਪਾਸਾ ਪਲਟਿਆ।
18 ਸਤੰਬਰ 2016 ਨੂੰ ਜੰਮੂ-ਕਸ਼ਮੀਰ ਦੇ ਉਰੀ ਵਿੱਚ ਕੱਟੜਪੰਥੀ ਹਮਲਾ ਹੋਇਆ, ਜਿਸ ਵਿੱਚ 17 ਭਾਰਤੀ ਸੈਨਿਕਾਂ ਦੀ ਮੌਤ ਹੋ ਗਈ।
ਰਾਜਨੀਤਿਕ ਮਾਹੌਲ ਗਰਮਾਇਆ ਅਤੇ ਬਾਲੀਵੁੱਡ ਵਿੱਚ ਵੀ ਇਸਦਾ ਅਸਰ ਦਿਖਿਆ। ਫ਼ੈਸਲਾ ਕੀਤਾ ਗਿਆ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫ਼ਿਲਮਾਂ ਲਈ ਸਾਇਨ ਨਹੀਂ ਕੀਤਾ ਜਾਵੇਗਾ।
ਆਦਿਤਿਆ ਧਰ ਅਤੇ ਕਰਨ ਜੌਹਰ ਦੀ ਫ਼ਿਲਮ ‘ਰਾਤ ਬਾਕੀ’ ਵਿੱਚ ਫਵਾਦ ਖ਼ਾਨ ਨੂੰ ਹਟਾ ਦਿੱਤਾ ਗਿਆ। ਖ਼ਬਰਾਂ ਆਈਆਂ ਕਿ ਉਨ੍ਹਾਂ ਦੀ ਥਾਂ ਕੋਈ ਹੋਰ ਹੀਰੋ ਲਿਆ ਜਾਵੇਗਾ। ਪਰ ਕੁਝ ਮਹੀਨਿਆਂ ਬਾਅਦ ਫ਼ਿਲਮ ਆਖ਼ਿਰਕਾਰ ਬੰਦ ਹੋ ਗਈ।
ਆਦਿਤਿਆ ਦੀ ਕਈ ਸਾਲਾਂ ਦੀ ਮਿਹਨਤ ਅਧੂਰੀ ਰਹਿ ਗਈ।
ਫ਼ਿਲਮ ਬੰਦ ਹੋਣ ਦੀ ਵਜ੍ਹਾ ਹੀ ਬਣੀ ਅਗਲੀ ਕਹਾਣੀ ਦੀ ਪ੍ਰੇਰਣਾ
ਤਸਵੀਰ ਸਰੋਤ, @AdityaDharFilms
ਪਰ ਅਜੀਬ ਗੱਲ ਇਹ ਹੋਈ ਕਿ ਜਿਸ ਉਰੀ ਹਮਲੇ ਕਾਰਨ ਉਨ੍ਹਾਂ ਦੀ ਪਹਿਲੀ ਫ਼ਿਲਮ ਰੁਕ ਗਈ ਸੀ, ਉਸੇ ਘਟਨਾ ਅਤੇ ਭਾਰਤ ਦੀ ਸਰਜੀਕਲ ਸਟ੍ਰਾਈਕ ਨੇ ਆਦਿਤਿਆ ਧਰ ਨੂੰ ਨਵੀਂ ਕਹਾਣੀ ਬਣਾਉਣ ਦੀ ਪ੍ਰੇਰਣਾ ਦਿੱਤੀ।
ਆਦਿਤਿਆ ਧਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, “ਰਾਤ ਬਾਕੀ ਦੇ ਠੰਢੇ ਬਸਤੇ ਵਿੱਚ ਚਲੇ ਜਾਣ ਤੋਂ ਬਾਅਦ, ਉਰੀ ਹਮਲੇ ਅਤੇ ਉਸ ਤੋਂ ਬਾਅਦ ਹੋਈ ਸਰਜੀਕਲ ਸਟ੍ਰਾਈਕ ਨੇ ਮੇਰੇ ਅੰਦਰ ਇੱਕ ਨਵੀਂ ਕਹਾਣੀ ਨੂੰ ਜਨਮ ਦਿੱਤਾ। ਮੈਨੂੰ ਲੱਗਾ ਕਿ ਇਸ ‘ਤੇ ਫ਼ਿਲਮ ਬਣਾਉਣਾ ਜ਼ਰੂਰੀ ਹੈ।”
“ਮੈਂ ਆਪਣੀ ਜਮਾ ਪੂੰਜੀ ਲਗਾ ਕੇ ਰਿਸਰਚ ਸ਼ੁਰੂ ਕੀਤੀ। ਪੱਤਰਕਾਰਾਂ, ਸੈਨਿਕ ਅਧਿਕਾਰੀਆਂ ਅਤੇ ਰੱਖਿਆ ਮਾਹਰਾਂ ਨਾਲ ਮੁਲਾਕਾਤ ਕੀਤੀ। ਅਸਫ਼ਲਤਾ ਦਾ ਡਰ ਸੀ ਪਰ ਆਪਣੇ ਆਪ ਨੂੰ ਸਾਬਤ ਕਰਨ ਦਾ ਜਨੂਨ ਉਸ ਤੋਂ ਕਾਫ਼ੀ ਵੱਡਾ ਸੀ।”
ਕਰੀਬ ਛੇ ਮਹੀਨਿਆਂ ਦੀ ਤਿਆਰੀ ਤੋਂ ਬਾਅਦ, ਆਦਿਤਿਆ ਧਰ ਨੇ ਸਿਰਫ਼ 12 ਦਿਨਾਂ ਵਿੱਚ ਫ਼ਿਲਮ ‘ਉਰੀ ਦਿ ਸਰਜਿਕਲ ਸਟ੍ਰਾਈਕ’ ਦੀ ਪੂਰੀ ਸਕ੍ਰਿਪਟ ਲਿਖ ਦਿੱਤੀ।
2019 ਵਿੱਚ ਰਿਲੀਜ਼ ਹੋਈ ਇਹ ਫ਼ਿਲਮ ਸਾਲ ਦੀ ਸਰਪ੍ਰਾਈਜ਼ ਬਲਾਕਬਸਟਰ ਬਣੀ ਅਤੇ ਆਦਿਤਿਆ ਵੱਡੇ ਨਿਰਦੇਸ਼ਕਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ। ਫ਼ਿਲਮ ਦਾ ਡਾਇਲਾਗ ‘ਹਾਉਜ਼ ਦਿ ਜੋਸ਼?’ ਦੀ ਗੂੰਜ ਸਿਰਫ਼ ਦਰਸ਼ਕਾਂ ਤੱਕ ਹੀ ਨਹੀਂ, ਬਲਕਿ ਚੋਣੀ ਸਭਾਵਾਂ ਤੱਕ ਵੀ ਸੁਣਾਈ ਦਿੱਤੀ।
ਫ਼ਿਲਮ ਦੇ ਨਿਰਦੇਸ਼ਨ ਦੀ ਤਾਰੀਫ਼ ਹੋਈ, ਪਰ ਕੁਝ ਸਮੀਖਿਅਕਾਂ ਨੇ ਇਸਨੂੰ ਸਰਕਾਰ ਦੇ ਹੱਕ ਵਿੱਚ ਪ੍ਰੋਪੇਗੈਂਡਾ ਵੀ ਕਿਹਾ। ਫ਼ਿਲਮ ਨੂੰ ਚਾਰ ਰਾਸ਼ਟਰੀ ਪੁਰਸਕਾਰ ਮਿਲੇ, ਜਿਨ੍ਹਾਂ ਵਿੱਚ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਵੀ ਸ਼ਾਮਲ ਸੀ।
ਫ਼ਿਲਮ ਟ੍ਰੇਡ ਵਿਸ਼ਲੇਸ਼ਕ ਤਰਣ ਆਦਰਸ਼ ਕਹਿੰਦੇ ਹਨ, “ਆਦਿਤਿਆ ਧਰ ਨੇ ਅਸਲੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਅਤੇ ਇੱਕ ਪੂਰੀ ਤਰ੍ਹਾਂ ਮਨੋਰੰਜਕ ਫ਼ਿਲਮ ਬਣਾਉਣ ਦੇ ਵਿਚਕਾਰ ਸ਼ਾਨਦਾਰ ਸੰਤੁਲਨ ਬਣਾਇਆ ਹੈ।”
“ਇਹ ਸੰਤੁਲਨ ਹਾਸਲ ਕਰਨਾ ਵੱਡੀ ਉਪਲਬਧੀ ਹੈ, ਕਿਉਂਕਿ ਮੁੱਖਧਾਰਾ ਦੇ ਸਿਨੇਮਾ ਵਿੱਚ ਜੇ ਸਭ ਕੁਝ ਬਿਲਕੁਲ ਹਕੀਕਤੀ ਜਾਂ ਡਾਰਕ ਹੋਵੇ, ਤਾਂ ਬਾਕਸ ਆਫ਼ਿਸ ‘ਤੇ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ।”
“ਜੇ ਤੁਸੀਂ ਉਰੀ ਅਤੇ ਖ਼ਾਸ ਕਰਕੇ ਧੁਰੰਧਰ 1 ਅਤੇ 2 ਦੇ ਪ੍ਰਦਰਸ਼ਨ ਨੂੰ ਵੇਖੋ, ਤਾਂ ਇਹ ਨਾ ਸਿਰਫ਼ ਭਾਰਤ ਵਿੱਚ ਬਲਕਿ ਅਮਰੀਕਾ, ਕੈਨੇਡਾ ਅਤੇ ਯੂਕੇ ਵਿੱਚ ਵੀ ਦਰਸ਼ਕਾਂ ਨਾਲ ਜੁੜ ਰਹੀਆਂ ਹਨ ਅਤੇ ਬਾਕਸ ਆਫ਼ਿਸ ‘ਤੇ ਇਤਿਹਾਸ ਬਣਾ ਰਹੀਆਂ ਹਨ।”
ਇਸੇ ਫ਼ਿਲਮ ਨਾਲ ਆਦਿਤਿਆ ਧਰ ਨੂੰ ਆਪਣੇ ਵੱਖਰੇ ਕਿਸਮ ਦੇ ਸਿਨੇਮਾ ਬਣਾਉਣ ਦਾ ਕਾਮਯਾਬ ਫਾਰਮੂਲਾ ਮਿਲ ਗਿਆ, ਅਸਲ ਘਟਨਾਵਾਂ ਤੋਂ ਪ੍ਰੇਰਿਤ ਪੋਲੀਟਿਕਲ ਥ੍ਰਿਲਰ। ਉਨ੍ਹਾਂ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਬੀ-62 ਸਟੂਡੀਓਜ਼ ਦੀ ਸ਼ੁਰੂਆਤ ਕੀਤੀ।
ਤਸਵੀਰ ਸਰੋਤ, @AdityaDharFilms
ਲੇਖਕ ਵਜੋਂ ਉਨ੍ਹਾਂ ਦੀਆਂ ਅਗਲੀਆਂ ਦੋ ਫ਼ਿਲਮਾਂ ‘ਆਰਟੀਕਲ 370’ ਅਤੇ ‘ਬਾਰਾਮੂਲਾ’ ਵਿੱਚ ਵੀ ਭਾਰਤ ਦੀਆਂ ਦੋ ਅਹਿਮ ਅਸਲ ਘਟਨਾਵਾਂ ਦੀ ਝਲਕ ਸੀ। ਇਨ੍ਹਾਂ ਦੋਵਾਂ ਫ਼ਿਲਮਾਂ ‘ਤੇ ਵੀ ਪ੍ਰੋਪੇਗੈਂਡਾ ਹੋਣ ਦੇ ਇਲਜ਼ਾਮ ਲੱਗੇ, ਪਰ ਭਾਵਨਾਤਮਕ ਪੱਖ ਅਤੇ ਫ਼ਿਲਮਮੇਕਿੰਗ ਦੇ ਕ੍ਰਾਫਟ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ।
ਪਰ ਨਿਰਦੇਸ਼ਕ ਵਜੋਂ ਆਪਣੀ ਵਾਪਸੀ ਲਈ ਆਦਿਤਿਆ ਧਰ ਨੇ ਜੋ ਵਿਸ਼ਾ ਚੁਣਿਆ, ਉਸ ਲਈ ਬੁਲੰਦ ਹੌਸਲਾ ਚਾਹੀਦਾ ਸੀ। ਪਾਕਿਸਤਾਨ ਦੇ ਗੈਂਗਵਾਰ, ਸਿਆਸਤ, ਅੱਤਵਾਦ ਅਤੇ ਉਸਦੇ ਵਿਚਕਾਰ ਭਾਰਤ ਦਾ ਇੱਕ ਜਾਸੂਸ।
‘ਧੁਰੰਧਰ’ ਦੇ ਹੀਰੋ ਵਜੋਂ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਸਾਇਨ ਕੀਤਾ, ਜੋ ਉਸ ਸਮੇਂ ਕਰੀਅਰ ਦੇ ਕਾਫ਼ੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਸਨ। 83, ਜਯੇਸ਼ ਭਾਈ ਜ਼ੋਰਦਾਰ ਅਤੇ ਸਰਕਸ ਵਰਗੀਆਂ ਉਨ੍ਹਾਂ ਦੀਆਂ ਫ਼ਿਲਮਾਂ ਫਲਾਪ ਰਹੀਆਂ ਸਨ।
ਫ਼ਿਲਮ ਦੇ ਬਜਟ ਅਤੇ ਕਈ ਚੁਣੌਤੀਆਂ ਦੇ ਬਾਵਜੂਦ, ਆਦਿਤਿਆ ਅਤੇ ਰਣਵੀਰ ਸਿੰਘ ਇੱਕ ਜਨੂਨ ਨਾਲ ਧੁਰੰਧਰ ਨੂੰ ਰਚਦੇ ਰਹੇ।
‘ਧੁਰੰਧਰ’ ਇੱਕ ਹੀ ਫ਼ਿਲਮ ਵਾਂਗ ਸ਼ੂਟ ਹੋਈ, ਪਰ ਰਿਸਰਚ ਅਤੇ ਕਹਾਣੀ ਇੰਨੀ ਵੱਡੀ ਸੀ ਕਿ ਇਹ ਦੋ ਫ਼ਿਲਮਾਂ ਵਰਗੀ ਲੱਗੀ। ਇਸ ਲਈ ਫੈਸਲਾ ਕੀਤਾ ਗਿਆ ਕਿ ਦੋਵੇਂ ਭਾਗ ਅਲੱਗ-ਅਲੱਗ ਰਿਲੀਜ਼ ਕੀਤੇ ਜਾਣਗੇ।
ਇਹ ਵੱਡਾ ਖ਼ਤਰਾ ਸੀ, ਪਰ ਆਦਿਤਿਆ ਧਰ ਦਾ ਯਕੀਨ ਸਫ਼ਲ ਹੋਇਆ ਅਤੇ ਨਵਾਂ ਇਤਿਹਾਸ ਲਿਖਿਆ ਗਿਆ। ਧੁਰੰਧਰ-2 ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣਨ ਦੇ ਰਸਤੇ ‘ਤੇ ਹੈ।
ਫ਼ਿਲਮ ਸਮੀਖਿਅਕ ਮਯੰਕ ਸ਼ੇਖਰ ਕਹਿੰਦੇ ਹਨ, “ਇਹ ਅਹਿਸਾਸ ਹੁੰਦਾ ਹੈ ਕਿ ਜਿਵੇਂ ਆਦਿਤਿਆ ਧਰ ਕੋਲ ਸਰਕਾਰੀ ਏਜੰਸੀਆਂ ਤੱਕ ਕੋਈ ਖ਼ਾਸ ਪਹੁੰਚ ਹੈ, ਜਿਨ੍ਹਾਂ ਬਾਰੇ ਅਕਸਰ ਨੇਤਾ, ਅਧਿਕਾਰੀ ਜਾਂ ਪੱਤਰਕਾਰ ਵੀ ਪੂਰੀ ਜਾਣਕਾਰੀ ਨਹੀਂ ਰੱਖਦੇ।”
“ਇਨ੍ਹਾਂ ਹੀ ਪਰਤਾਂ ਤੋਂ ਉਹ ਭਾਰਤ ਦੇ ਵੱਡੇ ਗੁਪਤ ਅਭਿਆਨਾਂ ਦੇ ਪਿੱਛੇ ਦੀਆਂ ਕਹਾਣੀਆਂ ਬਣਾਉਂਦੇ ਹਨ। ਉਰੀ ਹੋਵੇ, ਆਰਟੀਕਲ 370 ਜਾਂ ਹੁਣ ਧੁਰੰਧਰ ਦੇ ਦੋਵੇਂ ਭਾਗ, ਹਰ ਵਾਰ ਇਹੀ ਪੈਟਰਨ ਨਜ਼ਰ ਆਉਂਦਾ ਹੈ। ਪਰ ਫਿਕਸ਼ਨ ਦੀ ਅਸਲੀ ਤਾਕਤ ਵੀ ਇਹੀ ਹੁੰਦੀ ਹੈ ਕਿ ਉਹ ਪਹਿਲਾਂ ਭਰੋਸੇਯੋਗ ਲੱਗਣਾ ਚਾਹੀਦਾ ਹੈ। ਅਤੇ ਇਸ ਮਾਮਲੇ ਵਿੱਚ ਧਰ ਸ਼ੁਰੂਆਤ ਹੀ ਮਜ਼ਬੂਤ ਕਰਦੇ ਹਨ।”
“ਕਰਾਚੀ ਦੇ ਲਿਆਰੀ ਵਰਗੇ ਅੰਡਰਵਰਲਡ ਇਲਾਕਿਆਂ ਤੋਂ ਲੈ ਕੇ ਦਾਉਦ ਇਬ੍ਰਾਹਿਮ, ਨਵਾਜ਼ ਸ਼ਰੀਫ਼ ਜਾਂ ‘ਮਿਸਟਰ 10 ਪਰਸੈਂਟ’ ਵਰਗੇ ਸੰਦਰਭਾਂ ਤੱਕ। ਇਹ ਪਛਾਣੇ ਜਾਣ ਵਾਲੇ ਨਾਮ ਅਤੇ ਥਾਵਾਂ ਕਹਾਣੀ ਨੂੰ ਹਕੀਕਤ ਦੇ ਨੇੜੇ ਲੈ ਆਉਂਦੀਆਂ ਹਨ। ਇਹੀ ਮਿਲਾਪ, ਜਿੱਥੇ ਕਲਪਨਾ ਅਤੇ ਹਕੀਕਤ ਦੀਆਂ ਹੱਦਾਂ ਧੁੰਦਲੀਆਂ ਹੋ ਜਾਂਦੀਆਂ ਹਨ, ਫ਼ਿਲਮ ਨੂੰ ਵਜ਼ਨ ਦਿੰਦਾ ਹੈ।”

ਕੀ ਆਦਿਤਿਆ ਧਰ ਦੀਆਂ ਫ਼ਿਲਮਾਂ ਪ੍ਰੋਪੇਗੈਂਡਾ ਹੁੰਦੀਆਂ ਹਨ?
ਵੱਡੀ ਕਾਮਯਾਬੀ ਦੇ ਬਾਵਜੂਦ ਧੁਰੰਧਰ-2 ਵੀ ਪ੍ਰੋਪੇਗੈਂਡਾ ਫ਼ਿਲਮ ਹੋਣ ਦੇ ਇਲਜ਼ਾਮਾਂ ਨਾਲ ਘਿਰੀ ਹੋਈ ਹੈ। ਦੇਸ਼ ਭਰ ਦੇ ਫ਼ਿਲਮ ਆਲੋਚਕ, ਸੰਸਕ੍ਰਿਤੀ ਅਤੇ ਰਾਜਨੀਤੀ ‘ਤੇ ਨਜ਼ਰ ਰੱਖਣ ਵਾਲੇ ਲੋਕ ਵੱਖ-ਵੱਖ ਰਾਇ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ।
ਦਹਾਕਿਆਂ ਤੋਂ ਜੇਮਸ ਬਾਂਡ ਜਾਂ ਮਿਸ਼ਨ ਇੰਪੌਸਿਬਲ ਵਰਗੀਆਂ ਫ਼ਿਲਮਾਂ ਰਾਹੀਂ ਅਮਰੀਕੀ ਜਾਂ ਬ੍ਰਿਟਿਸ਼ ਜਾਸੂਸ ਧੁਰੰਧਰ ਵਾਂਗ ਹੀ ਐਕਸ਼ਨ ਵਾਲੀ ਜਾਸੂਸੀ ਕਰਦੇ ਆਏ ਹਨ, ਪਰ ਉਨ੍ਹਾਂ ਨੂੰ ਲੈ ਕੇ ਅਜਿਹੀਆਂ ਚਰਚਾਵਾਂ ਨਹੀਂ ਹੋਈਆਂ।
ਦਰਅਸਲ ਵਿੱਚ ਮੁੱਖਧਾਰਾ ਦੀਆਂ ਸਪਾਈ ਥ੍ਰਿਲਰ ਫ਼ਿਲਮਾਂ ਹਮੇਸ਼ਾ ਆਪਣੇ ਸਮੇਂ ਦੇ ਵੱਡੇ ਮੁੱਦਿਆਂ ਜਿਵੇਂ ਰਾਸ਼ਟਰਵਾਦ, ਸੁਰੱਖਿਆ ਅਤੇ ਸਰਹੱਦ ਪਾਰ ਤਣਾਅ ਨੂੰ ਆਪਣੇ ਅੰਦਰ ਸ਼ਾਮਲ ਕਰਦੀਆਂ ਹਨ।
ਫ਼ਿਲਮਾਂ ਸਿਰਫ਼ ਮਨੋਰੰਜਨ ਨਹੀਂ, ਬਲਕਿ ਆਪਣੇ ਸਮੇਂ ਦੀ ਕਹਾਣੀ ਅਤੇ ਲੋਕਾਂ ਦੀ ਸੋਚ ਦਾ ਸ਼ੀਸ਼ਾ ਵੀ ਹੁੰਦੀਆਂ ਹਨ। ਇਸ ਲਈ ‘ਭਾਰਤੀ ਦਰਸ਼ਕ ਕੀ ਚਾਹੁੰਦਾ ਹੈ’ ਬਨਾਮ ‘ਪ੍ਰੋਪੇਗੈਂਡਾ’ ਦੀ ਬਹਿਸ ਵੀ ਲਗਾਤਾਰ ਜਾਰੀ ਹੈ।
ਇਹ ਚਰਚਾਵਾਂ ਅਤੇ ਡਿਬੇਟਾਂ ਜ਼ਰੂਰੀ ਹਨ, ਇਹ ਦੱਸਦੀਆਂ ਹਨ ਕਿ ਦੇਸ਼ ਦੇ ਲੋਕਾਂ ਨੇ ਸੋਚਣਾ, ਸਵਾਲ ਕਰਨਾ ਅਤੇ ਆਪਣੀ ਰਾਇ ਬਣਾਉਣਾ ਛੱਡਿਆ ਨਹੀਂ ਹੈ।
ਫਿਲਮ ਸਮੀਖਿਅਕ ਮਯੰਕ ਸ਼ੇਖ਼ਰ ਕਹਿੰਦੇ ਹਨ, “ਸੱਚ ਕਹਾਂ ਤਾਂ, ਫ਼ਿਲਮਾਂ ਦੇ ਸੰਦਰਭ ਵਿੱਚ ਮੈਂ ‘ਪ੍ਰੋਪੇਗੈਂਡਾ’ ਨੂੰ ਆਪਣੇ ਆਪ ਵਿੱਚ ਕੋਈ ਨਕਾਰਾਤਮਕ ਜਾਂ ਅਪਮਾਨਜਨਕ ਸ਼ਬਦ ਨਹੀਂ ਮੰਨਦਾ, ਜਦ ਤੱਕ ਕਿ ਉਹ ਖੁੱਲ੍ਹ ਕੇ ਇਤਰਾਜ਼ਯੋਗ ਨਾ ਹੋਵੇ, ਜਿਵੇਂ ਕਿ ‘ਦਿ ਕੇਰਲਾ ਸਟੋਰੀ’ ਦੇ ਮਾਮਲੇ ਵਿੱਚ ਵੇਖਣ ਨੂੰ ਮਿਲਿਆ।”
“ਇਸ ਫ਼ਿਲਮ ਵਿੱਚ 2016 ਦੀ ਨੋਟਬੰਦੀ ਤੋਂ ਬਾਅਦ ਦੀ ਰਾਜਨੀਤੀ ਨਾਲ ਜੁੜੇ ਕੁਝ ਅਜਿਹੇ ਸੰਦਰਭ ਜ਼ਰੂਰ ਹਨ, ਜੋ ਮੌਜੂਦਾ ਸੱਤਾ ਦੇ ਨਜ਼ਰੀਏ ਦੇ ਨੇੜੇ ਲੱਗਦੇ ਹਨ। ਦਿਲਚਸਪ ਇਹ ਵੀ ਹੈ ਕਿ ਫ਼ਿਲਮ ਵਿੱਚ ਆਈਐੱਸਆਈ ਦੇ ਪ੍ਰਭਾਵ ਨੂੰ ਭਾਰਤ ਦੇ ਅੰਦਰ ਕਾਫ਼ੀ ਵਿਆਪਕ ਤੌਰ ‘ਤੇ ਦਿਖਾਇਆ ਗਿਆ ਹੈ।”
“ਪਰ ਅੰਤ ਵਿੱਚ ਕਹਾਣੀ ਪੂਰੀ ਤਰ੍ਹਾਂ ਨਫ਼ਰਤ ‘ਤੇ ਨਹੀਂ ਟਿਕੀ। ਹਮਜ਼ਾ ਆਪਣੇ ਨਿੱਜੀ ਜੀਵਨ ਵਿੱਚ ਸਾਫ਼ ਕਹਿੰਦਾ ਹੈ ਕਿ ਉਸਨੂੰ ਪਾਕਿਸਤਾਨੀਆਂ ਨਾਲ ਨਹੀਂ, ਬਲਕਿ ਅੱਤਵਾਦੀਆਂ ਨਾਲ ਸਮੱਸਿਆ ਹੈ ਅਤੇ ਸ਼ਾਇਦ ਇਹੀ ਲਾਈਨ ਇਸ ਪੂਰੀ ਕਹਾਣੀ ਨੂੰ ਇੱਕ ਮਨੁੱਖੀ ਸੰਤੁਲਨ ਵੀ ਦਿੰਦੀ ਹੈ।”
ਤਸਵੀਰ ਸਰੋਤ, @AdityaDharFilms
ਖੁਦ ਆਦਿਤਿਆ ਧਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਇਸ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਕਿਹਾ ਸੀ, “ਜੋ ਲੋਕ ਇਸਨੂੰ ਪ੍ਰੋਪੇਗੈਂਡਾ ਕਹਿੰਦੇ ਹਨ, ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। ਸੱਚ ਕਹਾਂ ਤਾਂ ਮੈਨੂੰ ਅਸਲ ਵਿੱਚ ਉਨ੍ਹਾਂ ਦੀ ਚਿੰਤਾ ਨਹੀਂ ਹੈ। ਕਿਉਂਕਿ ਅਸਲ ਗੱਲ ਇਹ ਹੈ ਕਿ ਮੈਂ ਜਾਣਦਾ ਹਾਂ ਇਹ ਕਿੱਥੋਂ ਆ ਰਿਹਾ ਹੈ ਅਤੇ ਭਾਰਤੀ ਦਰਸ਼ਕ ਬਹੁਤ ਸਮਝਦਾਰ ਹਨ।”
“ਜਦੋਂ ਉਹ ਫ਼ਿਲਮ ਵੇਖਦੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਸਮਝ ਆ ਜਾਂਦਾ ਹੈ ਕਿ ਕਿਹੜੀ ਫ਼ਿਲਮ ਪ੍ਰੋਪੇਗੈਂਡਾ ਹੈ ਅਤੇ ਕਿਹੜੀ ਫ਼ਿਲਮ ਦੀ ਨੀਤ ਠੀਕ ਹੈ। ਅਤੇ ਮੇਰੀ ਫ਼ਿਲਮ ਦੇ ਨਾਲ, ਜਦੋਂ ਤੱਕ ਮੈਂ ਨਿਰਮਾਤਾ ਜਾਂ ਨਿਰਦੇਸ਼ਕ ਰਹਾਂਗਾ, ਉਸਦੀ ਨੀਤ ਹਮੇਸ਼ਾ ਠੀਕ ਰਹੇਗੀ। ਜਿਸ ਦਿਨ ਮੇਰੀ ਨੀਤ ਠੀਕ ਨਹੀਂ ਹੋਵੇਗੀ, ਮੈਂ ਫ਼ਿਲਮਾਂ ਬਣਾਉਣਾ ਬੰਦ ਕਰ ਦਿਆਂਗਾ।”
ਆਦਿਤਿਆ ਧਰ ਨੇ ਦੇਸ਼ ਦੇ ਮਾਹੌਲ ਦੇ ਮੁਤਾਬਕ ਇੱਕ ਸਫ਼ਲ ਫਾਰਮੂਲਾ ਤਿਆਰ ਕਰਕੇ, ਤਕਨੀਕੀ ਸ਼ਾਨ ਨਾਲ ਆਪਣੇ ਹੁਨਰ ਦੀ ਚਮਕ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ।
ਪਰ ਇਹ ਵੀ ਸੱਚ ਹੈ ਕਿ ਧੁਰੰਧਰ ਵਿੱਚ ਉਨ੍ਹਾਂ ਨੇ ਕਈ ਸੀਨਾਂ ਵਿੱਚ ਤੱਥਾਂ ਵਿੱਚ ਬਦਲਾਅ ਕੀਤਾ ਅਤੇ ਸਿਨੇਮਾਈ ਲਿਬਰਟੀ ਦੇ ਨਾਮ ‘ਤੇ ਇੱਕ ਨਵਾਂ ਸੱਚ ਘੜਨ ਦੀ ਕੋਸ਼ਿਸ਼ ਕੀਤੀ।
ਕਾਮਯਾਬੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ ਅਤੇ ਉਨ੍ਹਾਂ ‘ਤੇ ਇਹ ਜ਼ਿੰਮੇਵਾਰੀ ਰਹੇਗੀ ਕਿ ਉਨ੍ਹਾਂ ਦਾ ਕੈਮਰਾ ਤੱਥਾਂ ਅਤੇ ਕਲਪਨਾ ਦੇ ਵਿਚਕਾਰ ਉਸ ਨਾਜ਼ੁਕ ਲਕੀਰ ਦਾ ਵੀ ਆਦਰ ਕਰੇ, ਜਿਸਨੂੰ ਪਾਰ ਕਰਨਾ ਅਕਸਰ ਇੱਕ ਫ਼ਿਲਮਕਾਰ ਨੂੰ ਇਤਿਹਾਸ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


