Source :- BBC PUNJABI
ਤਸਵੀਰ ਸਰੋਤ, www.foto-webcam.eu
ਆਸਟਰੀਆ ਦੇ ਸਭ ਤੋਂ ਉੱਚੇ ਪਹਾੜ ‘ਤੇ ਇੱਕ 33 ਸਾਲਾ ਔਰਤ ਦੀ ਠੰਡ ਨਾਲ ਮੌਤ ਹੋਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ, ਉਸਦੇ ਪ੍ਰੇਮੀ ‘ਤੇ ਵੀਰਵਾਰ ਨੂੰ ਗੰਭੀਰ ਲਾਪਰਵਾਹੀ ਨਾਲ ਹੱਤਿਆ ਦੇ ਇਲਜ਼ਾਮ ਵਿੱਚ ਮੁਕੱਦਮਾ ਸ਼ੁਰੂ ਹੋ ਰਿਹਾ ਹੈ।
ਕਰਸਟਿਨ ਜੀ ਦੀ ਗ੍ਰੌਸਗਲੌਕਨਰ ਪਹਾੜੀ ਦੀ ਇੱਕ ਬੁਰੀ ਤਰ੍ਹਾਂ ਅਸਫ਼ਲ ਰਹੀ ਯਾਤਰਾ ਦੌਰਾਨ ਹਾਈਪੋਥਰਮੀਆ (ਸਰੀਰ ਦਾ ਤਾਪਮਾਨ ਬਹੁਤ ਘਟਣ) ਕਾਰਨ ਮੌਤ ਹੋਈ। ਉਸਦੇ ਪ੍ਰੇਮੀ ‘ਤੇ ਇਲਜ਼ਾਮ ਹੈ ਕਿ ਉਸਨੇ 19 ਜਨਵਰੀ 2025 ਦੇ ਤੜਕਸਾਰ, ਤੂਫਾਨੀ ਸਥਿਤੀਆਂ ਦੌਰਾਨ, ਉਸਨੂੰ ਚੋਟੀ ਦੇ ਬਿਲਕੁਲ ਨੇੜੇ ਬਿਨਾਂ ਕਿਸੇ ਸੁਰੱਖਿਆ ਅਤੇ ਬਹੁਤ ਜ਼ਿਆਦਾ ਥੱਕੀ ਹੋਈ ਹਾਲਤ ਵਿੱਚ ਛੱਡ ਦਿੱਤਾ, ਅਤੇ ਉਹ ਖੁਦ ਮਦਦ ਲੈਣ ਚਲਾ ਗਿਆ ਸੀ।
ਇਸ ਮੁਕੱਦਮੇ ਨੇ ਨਾ ਸਿਰਫ਼ ਆਸਟਰੀਆ ਵਿੱਚ, ਸਗੋਂ ਇਸ ਦੀਆਂ ਸਰਹੱਦਾਂ ਤੋਂ ਦੂਰ-ਦੂਰ ਤੱਕ ਪਰਬਤਾਰੋਹੀ ਭਾਈਚਾਰਿਆਂ ਵਿੱਚ ਦਿਲਚਸਪੀ ਅਤੇ ਬਹਿਸ ਛੇੜ ਦਿੱਤੀ ਹੈ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇੱਕ ਵਧੇਰੇ ਤਜ਼ਰਬੇਕਾਰ ਪਰਬਤਾਰੋਹੀ ਹੋਣ ਦੇ ਨਾਤੇ, ਮੁਕੱਦਮੇ ਦਾ ਸਾਹਮਣਾ ਕਰ ਰਿਹਾ ਵਿਅਕਤੀ “ਇਸ ਦੌਰੇ ਦਾ ਜ਼ਿੰਮੇਵਾਰ ਗਾਈਡ” ਸੀ ਅਤੇ ਉਹ ਆਪਣੀ ਪ੍ਰੇਮਿਕਾ ਦੀ ਮਦਦ ਲਈ ਸਮੇਂ ਸਿਰ ਵਾਪਸ ਮੁੜਨ ਜਾਂ ਸਹਾਇਤਾ ਲਈ ਫੋਨ ਕਰਨ ਵਿੱਚ ਅਸਫ਼ਲ ਰਿਹਾ।
ਪਰਬਤਾਰੋਹੀ ਦੇ ਵਕੀਲ ਨੇ ਕੀ ਕਿਹਾ
ਆਸਟ੍ਰੀਅਨ ਮੀਡੀਆ ਦੁਆਰਾ ਥਾਮਸ ਪੀ. ਵਜੋਂ ਪਛਾਣੇ ਗਏ ਇਸ ਵਿਅਕਤੀ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਉਸਦੇ ਵਕੀਲ, ਕਾਰਲ ਜੇਲੀਨੇਕ ਨੇ ਔਰਤ ਦੀ ਮੌਤ ਨੂੰ “ਇੱਕ ਦੁਖਦਾਈ ਹਾਦਸਾ” ਦੱਸਿਆ ਹੈ।
ਇਹ ਦੁਖਾਂਤ ਉਦੋਂ ਵਾਪਰਿਆ ਜਦੋਂ ਇਸ ਜੋੜੇ ਨੇ 3,798 ਮੀਟਰ (12,460 ਫੁੱਟ) ਉੱਚੇ ਗ੍ਰੌਸਗਲੌਕਨਰ ਪਰਬਤ ਦੀ ਚੜ੍ਹਾਈ ਸ਼ੁਰੂ ਕੀਤੀ।
ਵਕੀਲਾਂ ਨੇ ਥਾਮਸ ਪੀ. ‘ਤੇ ਸ਼ੁਰੂ ਤੋਂ ਹੀ ਗਲਤੀਆਂ ਕਰਨ ਦਾ ਇਲਜ਼ਾਮ ਲਾਇਆ ਹੈ ਅਤੇ ਨੌਂ ਗਲਤੀਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ।
ਇੱਥੇ ਅਸਲ ਸਵਾਲ ਇਹ ਹੈ ਕਿ ਕਦੋਂ ਨਿੱਜੀ ਫੈਸਲਾ ਅਤੇ ਜੋਖਮ ਲੈਣਾ ਫੌਜਦਾਰੀ ਦੇਣਦਾਰੀ ਦਾ ਮਾਮਲਾ ਬਣ ਜਾਂਦਾ ਹੈ। ਆਸਟਰੀਆ ਦੇ ਅਖਬਾਰ ‘ਡੇਰ ਸਟੈਂਡਰਡ’ ਦਾ ਕਹਿਣਾ ਹੈ ਕਿ ਜੇਕਰ ਪਰਬਤਾਰੋਹੀ ਮੁਲਜ਼ਮ ਸਾਬਤ ਹੋ ਜਾਂਦਾ ਹੈ, ਤਾਂ ਇਹ “ਪਹਾੜੀ ਖੇਡਾਂ ਲਈ ਇੱਕ ਬਹੁਤ ਵੱਡਾ ਬਦਲਾਅ” ਸਾਬਤ ਹੋ ਸਕਦਾ ਹੈ।
ਇਸ ਕੇਸ ਦਾ ਮੁੱਖ ਪਹਿਲੂ ਇਨਸਬਰੁਕ ਦੇ ਸਰਕਾਰੀ ਵਕੀਲਾਂ ਦਾ ਇਹ ਇਲਜ਼ਾਮ ਹੈ ਕਿ ਉਸਨੂੰ “ਟੂਰ ਦਾ ਜ਼ਿੰਮੇਵਾਰ ਗਾਈਡ” ਮੰਨਿਆ ਜਾਣਾ ਚਾਹੀਦਾ ਸੀ, ਕਿਉਂਕਿ “ਆਪਣੀ ਪ੍ਰੇਮਿਕਾ ਦੇ ਉਲਟ [ਉਹ] ਉੱਚਾਈ ਵਾਲੇ ਐਲਪਾਈਨ ਟੂਰਾਂ ਵਿੱਚ ਪਹਿਲਾਂ ਹੀ ਬਹੁਤ ਤਜ਼ਰਬੇਕਾਰ ਸੀ ਅਤੇ ਉਸਨੇ ਹੀ ਇਸ ਟੂਰ ਦੀ ਯੋਜਨਾ ਬਣਾਈ ਸੀ।”

ਉਨ੍ਹਾਂ ਨੇ ਕਿਹਾ ਕਿ ਉਸਨੇ ਇਹ ਯਾਤਰਾ ਸ਼ੁਰੂ ਕੀਤੀ ਜਦੋਂ ਕਿ ਉਸਦੀ ਪ੍ਰੇਮਿਕਾ ਨੇ “ਕਦੇ ਵੀ ਇੰਨੀ ਲੰਬੀ, ਮੁਸ਼ਕਲ ਅਤੇ ਉਚਾਈ ਵਾਲਾ ਕੋਈ ਐਲਪਾਈਨ ਟੂਰ ਨਹੀਂ ਸੀ ਕੀਤਾ, ਅਤੇ ਸਰਦੀਆਂ ਦੀਆਂ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਉਸਨੇ ਇਹ ਖ਼ਤਰਾ ਲਿਆ।”
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸਨੇ ਯਾਤਰਾ ਦੋ ਘੰਟੇ ਦੇਰੀ ਨਾਲ ਸ਼ੁਰੂ ਕੀਤੀ ਸੀ ਅਤੇ “ਐਮਰਜੈਂਸੀ ਰਿਹਾਇਸ਼ ਦਾ ਲੋੜੀਂਦਾ ਸਾਮਾਨ” ਲੈਣ ਵਿੱਚ ਅਸਫ਼ਲ ਰਿਹਾ ਸੀ।
ਵਕੀਲਾਂ ਦਾ ਕਹਿਣਾ ਹੈ ਕਿ ਉਸਨੇ “ਆਪਣੀ ਪ੍ਰੇਮਿਕਾ ਨੂੰ ਸਨੋਬੋਰਡ ਦੇ ਨਰਮ ਬੂਟ ਵਰਤਣ ਦੀ ਇਜਾਜ਼ਤ ਦਿੱਤੀ, ਅਜਿਹਾ ਸਾਜ਼ੋ-ਸਾਮਾਨ ਜੋ ਮਿਸ਼ਰਤ ਇਲਾਕਿਆਂ ਵਿੱਚ ਉੱਚਾਈ ਵਾਲੇ ਟੂਰ ਲਈ ਢੁਕਵਾਂ ਨਹੀਂ ਹੁੰਦਾ”।
ਮੁਲਜ਼ਮ ਇਸ ਗੱਲ ਦਾ ਖੰਡਨ ਕਰਦਾ ਹੈ। ਇੱਕ ਬਿਆਨ ਵਿੱਚ, ਉਸਦੇ ਵਕੀਲ ਕਾਰਲ ਜੇਲੀਨੇਕ ਨੇ ਕਿਹਾ ਕਿ ਜੋੜੇ ਨੇ ਮਿਲ ਕੇ ਟੂਰ ਦੀ ਯੋਜਨਾ ਬਣਾਈ ਸੀ।
ਉਸ ਨੇ ਕਿਹਾ, “ਦੋਵੇਂ ਆਪਣੇ ਆਪ ਨੂੰ… ਕਾਫ਼ੀ ਤਜਰਬੇਕਾਰ, ਚੰਗੀ ਤਰ੍ਹਾਂ ਤਿਆਰ ਅਤੇ ਸਾਜ਼ੋ-ਸਾਮਾਨ ਨਾਲ ਲੈਸ ਮੰਨਦੇ ਸਨ।” ਦੋਵਾਂ ਕੋਲ “ਸੰਬੰਧਿਤ ਐਲਪਾਈਨ ਅਨੁਭਵ” ਸੀ ਅਤੇ ਉਹ “ਬਹੁਤ ਵਧੀਆ ਸਰੀਰਕ ਸਥਿਤੀ” ਵਿੱਚ ਸਨ।
ਵਕੀਲਾਂ ਦਾ ਕਹਿਣਾ ਹੈ ਕਿ ਪਹਾੜ ‘ਤੇ ਪਹੁੰਚਣ ਤੋਂ ਬਾਅਦ, ਜਦੋਂ ਅਜੇ ਸੰਭਵ ਸੀ, ਤਾਂ ਉਸ ਵਿਅਕਤੀ ਨੂੰ 74 ਕਿਲੋਮੀਟਰ ਪ੍ਰਤੀ ਘੰਟਾ (45 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਅਤੇ ਕੜਾਕੇ ਦੀ ਠੰਡ ਕਾਰਨ ਵਾਪਸ ਮੁੜ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਤਾਪਮਾਨ -8 ਡਿਗਰੀ ਸੈਲਸੀਅਸ ਸੀ, ਜੋ ਹਵਾ ਕਾਰਨ -20 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋ ਰਿਹਾ ਸੀ।
ਜੋੜਾ ਵਾਪਸ ਨਹੀਂ ਮੁੜਿਆ
ਇਹ ਜੋੜਾ ਵਾਪਸ ਨਹੀਂ ਮੁੜਿਆ। ਇਸ ਤੋਂ ਬਾਅਦ ਕੀ ਹੋਇਆ, ਇਸ ਬਾਰੇ ਦੋਵਾਂ ਪੱਖਾਂ ਦੇ ਬਿਆਨ ਵੱਖੋ-ਵੱਖਰੇ ਹਨ।
ਮੁਲਜ਼ਮ ਦੇ ਵਕੀਲ ਅਨੁਸਾਰ, ਉਹ 18 ਜਨਵਰੀ ਨੂੰ ਦੁਪਹਿਰ 1:30 ਵਜੇ ‘ਫਰੂਸਟੁਕਸਪਲਾਟਜ਼’ ਨਾਮਕ ਜਗ੍ਹਾ ‘ਤੇ ਪਹੁੰਚੇ, ਜੋ ਕਿ ਯਾਤਰਾ ਦਾ ਉਹ ਬਿੰਦੂ ਹੈ ਜਿਸ ਤੋਂ ਬਾਅਦ ਚੋਟੀ ‘ਤੇ ਪਹੁੰਚਣ ਤੋਂ ਪਹਿਲਾਂ ਵਾਪਸ ਮੁੜਨ ਦਾ ਕੋਈ ਰਸਤਾ ਨਹੀਂ ਸੀ।
ਕਾਰਲ ਜੇਲੀਨੇਕ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਵਿੱਚੋਂ ਕੋਈ ਵੀ “ਬਹੁਤ ਜ਼ਿਆਦਾ ਥੱਕਿਆ ਹੋਇਆ ਜਾਂ ਘਬਰਾਇਆ ਹੋਇਆ ਨਹੀਂ ਸੀ, ਇਸ ਲਈ ਉਹ ਅੱਗੇ ਵਧਦੇ ਗਏ”।
ਵਕੀਲਾਂ ਦਾ ਕਹਿਣਾ ਹੈ ਕਿ ਜੋੜਾ ਰਾਤ ਕਰੀਬ 8:50 ਵਜੇ ਫਸ ਗਿਆ ਸੀ ਅਤੇ ਜਦੋਂ ਰਾਤ ਕਰੀਬ 10:50 ਵਜੇ ਪੁਲਿਸ ਦਾ ਹੈਲੀਕਾਪਟਰ ਉਨ੍ਹਾਂ ਦੇ ਉੱਪਰੋਂ ਲੰਘਿਆ, ਤਾਂ ਉਹ ਵਿਅਕਤੀ ਪੁਲਿਸ ਨੂੰ ਫੋਨ ਕਰਨ ਜਾਂ ਕੋਈ ਸੰਕਟ ਸੰਕੇਤ ਵੀ ਭੇਜਣ ਵਿੱਚ ਅਸਫਲ ਰਿਹਾ।
ਪ੍ਰੇਮੀ ਦੇ ਵਕੀਲ ਨੇ ਕਿਹਾ ਕਿ ਉਸ ਸਮੇਂ ਉਸਦਾ ਮੁਵੱਕਿਲ ਅਤੇ ਪ੍ਰੇਮਿਕਾ ਅਜੇ ਵੀ ਠੀਕ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੇ ਮਦਦ ਲਈ ਫੋਨ ਨਹੀਂ ਕੀਤਾ ਕਿਉਂਕਿ ਉਹ ਚੋਟੀ ਦੇ ਬਹੁਤ ਨੇੜੇ ਸਨ।
ਵੈਬਕੈਮ ਦੀਆਂ ਤਸਵੀਰਾਂ ਵਿੱਚ ਪਹਾੜ ‘ਤੇ ਚੜ੍ਹਦੇ ਸਮੇਂ ਉਨ੍ਹਾਂ ਦੀਆਂ ਟਾਰਚਾਂ ਦੀ ਰੌਸ਼ਨੀ ਦਿਖਾਈ ਦੇ ਰਹੀ ਹੈ।
ਤਸਵੀਰ ਸਰੋਤ, www.foto-webcam.eu
ਲੇਕਿਨ ਇਸ ਤੋਂ ਕੁਝ ਦੇਰ ਬਾਅਦ, ਜੇਲੀਨੇਕ ਨੇ ਕਿਹਾ ਕਿ ਸਥਿਤੀ ਨਾਟਕੀ ਢੰਗ ਨਾਲ ਬਦਲ ਗਈ। ਉਸ ਵਿਅਕਤੀ ਲਈ “ਪੂਰੀ ਤਰ੍ਹਾਂ ਹੈਰਾਨੀ ਵਾਲੀ ਗੱਲ” ਸੀ ਕਿ ਔਰਤ ਨੇ “ਅਚਾਨਕ ਬਹੁਤ ਜ਼ਿਆਦਾ ਥਕਾਵਟ ਦੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ”, ਹਾਲਾਂਕਿ ਉਦੋਂ ਤੱਕ ਵਾਪਸ ਮੁੜਨ ਲਈ ਬਹੁਤ ਦੇਰ ਹੋ ਚੁੱਕੀ ਸੀ।
19 ਜਨਵਰੀ ਨੂੰ ਰਾਤ 12:35 ਵਜੇ, ਉਸਨੇ ਪਹਾੜੀ ਪੁਲਿਸ ਨੂੰ ਫੋਨ ਕੀਤਾ। ਗੱਲਬਾਤ ਦਾ ਵੇਰਵਾ ਸਪੱਸ਼ਟ ਨਹੀਂ ਹੈ ਪਰ ਵਕੀਲ ਦਾ ਕਹਿਣਾ ਹੈ ਕਿ ਉਸਨੇ ਮਦਦ ਮੰਗੀ ਸੀ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਨੇ ਪੁਲਿਸ ਨੂੰ ਸਭ ਕੁਝ ਠੀਕ ਹੋਣ ਬਾਰੇ ਕਿਹਾ ਸੀ। ਪੁਲਿਸ ਦਾ ਇਲਜ਼ਾਮ ਹੈ ਕਿ ਉਸਨੇ ਫਿਰ ਆਪਣਾ ਫੋਨ ਸਾਈਲੈਂਟ ‘ਤੇ ਕਰ ਦਿੱਤਾ ਅਤੇ ਕੋਈ ਹੋਰ ਫੋਨ ਨਹੀਂ ਚੁੱਕਿਆ।
ਕਾਰਲ ਜੇਲੀਨੇਕ ਦਾ ਕਹਿਣਾ ਹੈ ਕਿ ਜੋੜਾ ਗ੍ਰੌਸਗਲੌਕਨਰ ਦੀ ਚੋਟੀ ਦੇ ਨਿਸ਼ਾਨ (ਕਰੌਸ) ਤੋਂ ਲਗਭਗ 40 ਮੀਟਰ (130 ਫੁੱਟ) ਹੇਠਾਂ ਇੱਕ ਖੇਤਰ ਤੱਕ ਪਹੁੰਚਣ ਵਿੱਚ ਸਫਲ ਰਿਹਾ ਸੀ।
ਉਹ ਕਹਿੰਦਾ ਹੈ ਕਿ ਕਿਉਂਕਿ ਮੁਲਜ਼ਮ ਦੀ ਪ੍ਰੇਮਿਕਾ ਹਿੱਲਣ-ਜੁੱਲਣ ਤੋਂ ਅਸਮਰੱਥ ਸੀ, ਇਸ ਲਈ ਉਹ ਉਸਨੂੰ ਮਦਦ ਲੱਭਣ ਲਈ ਉੱਥੇ ਹੀ ਛੱਡ ਕੇ ਚੋਟੀ ਪਾਰ ਕਰਕੇ ਦੂਜੇ ਪਾਸੇ ਤੋਂ ਹੇਠਾਂ ਉਤਰ ਗਿਆ। ਵਕੀਲਾਂ ਦਾ ਕਹਿਣਾ ਹੈ ਕਿ ਉਸਨੇ ਉਸਨੂੰ ਰਾਤ ਦੇ 2:00 ਵਜੇ ਉੱਥੇ ਛੱਡਿਆ ਸੀ।
ਤਸਵੀਰ ਸਰੋਤ, Bergrettung Kals
ਚੋਟੀ ਤੋਂ ਹੇਠਾਂ ਉਤਰਦੇ ਸਮੇਂ ਉਸਦੀ ਟਾਰਚ ਦੀ ਰੌਸ਼ਨੀ ਵਾਲੀ ਤਸਵੀਰ ਵੈਬਕੈਮ ਵਿੱਚ ਕੈਦ ਹੋ ਗਈ ਹੈ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਉਸਨੇ ਉਸਨੂੰ ਠੰਡ ਤੋਂ ਬਚਾਉਣ ਲਈ ਐਲੂਮੀਨੀਅਮ ਰੈਸਕਿਊ ਕੰਬਲ ਜਾਂ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਨਹੀਂ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਨ ਲਈ ਸਵੇਰੇ 3:30 ਵਜੇ ਤੱਕ ਉਡੀਕ ਕੀਤੀ।
ਉਸ ਸਮੇਂ ਤੱਕ ਸ਼ਾਇਦ ਬਹੁਤ ਦੇਰ ਹੋ ਚੁੱਕੀ ਸੀ। ਤੇਜ਼ ਹਵਾਵਾਂ ਦਾ ਮਤਲਬ ਸੀ ਕਿ ਰਾਤ ਦੇ ਸਮੇਂ ਕੋਈ ਹੈਲੀਕਾਪਟਰ ਬਚਾਅ ਕਾਰਜ ਨਹੀਂ ਹੋ ਸਕਦਾ ਸੀ। ਕਰਸਟਿਨ ਜੀ. ਦੀ ਮੌਤ ਜੰਮੇ ਹੋਏ ਪਹਾੜੀ ਪਾਸੇ ਬਰਫ਼ ਵਿੱਚ ਇਕੱਲਿਆਂ ਹੀ ਹੋ ਗਈ।
ਜੇਕਰ ਥਾਮਸ ਪੀ. ਇਲਜ਼ਾਮ ਸਾਬਤ ਹੋ ਜਾਂਦਾ ਹੈ, ਤਾਂ ਉਸਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਉਸ ਨੂੰ ਮੁਲਜ਼ਮ ਕਰਾਰ ਦਿੱਤੇ ਜਾਣ ਦਾ ਫੈਸਲਾ ਹੋਰ ਪਰਬਤਾਰੋਹੀਆਂ ਲਈ ਵੀ ਪ੍ਰਭਾਵ ਪਾ ਸਕਦਾ ਹੈ, ਅਤੇ ਇਹ ਤੈਅ ਕਰ ਸਕਦਾ ਹੈ ਕਿ ਭਵਿੱਖ ਵਿੱਚ ਉਹ ਆਪਣੇ ਸਾਥੀਆਂ ਲਈ ਕਿੰਨੇ ਜ਼ਿੰਮੇਵਾਰ ਹੋ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



