Home ਰਾਸ਼ਟਰੀ ਖ਼ਬਰਾਂ ਡੱਡੂ ਦਾ ਉਹ ਕਿਹੜਾ ਖ਼ਤਰਨਾਕ ਜ਼ਹਿਰ ਹੈ ਜਿਸ ਰਾਹੀਂ ਰੂਸ ਦੇ ਵਿਰੋਧੀ...

ਡੱਡੂ ਦਾ ਉਹ ਕਿਹੜਾ ਖ਼ਤਰਨਾਕ ਜ਼ਹਿਰ ਹੈ ਜਿਸ ਰਾਹੀਂ ਰੂਸ ਦੇ ਵਿਰੋਧੀ ਧਿਰ ਦੇ ਆਗੂ ਦਾ ਕਥਿਤ ਤੌਰ ਉੱਤੇ ਕਤਲ ਕੀਤਾ ਗਿਆ

7
0

Source :- BBC PUNJABI

ਡਾਰਟ ਫਰੌਗ

ਤਸਵੀਰ ਸਰੋਤ, Getty Images

ਬ੍ਰਿਟੇਨ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਵਿਰੋਧੀ ਆਗੂ ਅਲੈਕਸੀ ਨਵਾਲਨੀ ਦੀ ਹੱਤਿਆ ਡਾਰਟ ਫਰੌਗ (ਇੱਕ ਕਿਸਮ ਦਾ ਡੱਡੂ) ਦੇ ਜ਼ਹਿਰ ਤੋਂ ਵਿਕਸਿਤ ਕੀਤੇ ਗਏ ਇੱਕ ਟੌਕਸਿਨ ਨਾਲ ਕੀਤੀ ਗਈ ਸੀ।

ਨਵਾਲਨੀ ਦੀ ਮੌਤ ਸਾਇਬੇਰੀਆ ਦੀ ਇੱਕ ਦੰਡ ਕਾਲੋਨੀ ਵਿੱਚ ਹੋਈ ਸੀ ਅਤੇ ਉਸ ਤੋਂ ਦੋ ਸਾਲ ਬਾਅਦ ਹੁਣ ਬ੍ਰਿਟੇਨ ਅਤੇ ਉਸ ਦੇ ਸਹਿਯੋਗੀਆਂ ਨੇ ਉਨ੍ਹਾਂ ਦੇ ਸ਼ਰੀਰ ਤੋਂ ਮਿਲੇ ਨਮੂਨਿਆਂ ਦੀ ਜਾਂਚ ਦੇ ਆਧਾਰ ‘ਤੇ ਕ੍ਰੇਮਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਬੋਲਦੇ ਹੋਏ ਬ੍ਰਿਟੇਨ ਦੀ ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਨਵਾਲਨੀ ਖ਼ਿਲਾਫ਼ ਇਸ ਜ਼ਹਿਰ ਦਾ ਇਸਤੇਮਾਲ ਕਰਨ ਦਾ “ਸਾਧਨ, ਇਰਾਦਾ ਅਤੇ ਮੌਕਾ ਕੇਵਲ ਰੂਸੀ ਸਰਕਾਰ ਕੋਲ” ਸੀ।

ਤਾਸ ਸਮਾਚਾਰ ਏਜੰਸੀ ਦੇ ਅਨੁਸਾਰ, ਮਾਸਕੋ ਨੇ ਇਨ੍ਹਾਂ ਨਤੀਜਿਆਂ ਨੂੰ “ਮਾੜੇ ਪ੍ਰਚਾਰ ਅਭਿਆਨ” ਵਜੋਂ ਖ਼ਾਰਜ ਕੀਤਾ ਹੈ।

ਹਾਲਾਂਕਿ ਕੂਪਰ ਨੇ ਕਿਹਾ ਕਿ ਨਵਾਲਨੀ ਦੇ ਸਰੀਰ ਵਿੱਚ ਐਪੀਬੈਟਿਡਿਨ ਨਾਮਕ ਟੌਕਸਿਨ ਦੇ ਪਾਏ ਜਾਣ ਦਾ ਕੋਈ ਸਪਸ਼ਟ ਕਾਰਣ ਪਤਾ ਨਹੀਂ ਲੱਗਿਆ ਹੈ।

ਕੂਪਰ ਦੀ ਘੋਸ਼ਣਾ ਦੇ ਨਾਲ ਹੀ ਬ੍ਰਿਟੇਨ, ਸਵੀਡਨ, ਫ੍ਰਾਂਸ, ਜਰਮਨੀ ਅਤੇ ਨੀਦਰਲੈਂਡਸ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ।

ਕੂਪਰ ਨੇ ਇਸ ਹਫ਼ਤੇ ਦੇ ਅੰਤ ਵਿੱਚ ਹੋਏ ਇਸ ਸੰਮੇਲਨ ਵਿੱਚ ਨਵਾਲਨੀ ਦੀ ਪਤਨੀ ਯੂਲੀਆ ਨਵਾਲਨਾਇਆ ਨਾਲ ਵੀ ਮੁਲਾਕਾਤ ਕੀਤੀ।

ਕੂਪਰ ਨੇ ਕਿਹਾ, “ਰੂਸ ਨਵਾਲਨੀ ਨੂੰ ਇੱਕ ਖ਼ਤਰੇ ਵਜੋਂ ਵੇਖਦਾ ਸੀ। ਇਸ ਤਰ੍ਹਾਂ ਦੇ ਜ਼ਹਿਰ ਦਾ ਇਸਤੇਮਾਲ ਕਰਕੇ ਰੂਸੀ ਸਰਕਾਰ ਨੇ ਦਿਖਾਇਆ ਕਿ ਉਸ ਕੋਲ ਕਿੰਨੇ ਘਿਨੌਣੇ ਸਾਧਨ ਹਨ ਅਤੇ ਉਹ ਸਿਆਸੀ ਵਿਰੋਧ ਤੋਂ ਕਿੰਨਾ ਖੌਫਜ਼ਦਾ ਹੈ।”

ਅਲੈਕਸੀ ਨਵਾਲਨੀ ਸਾਇਬੇਰੀਆ ਵਿੱਚ ਕੈਦ ਸਨ

ਅਲੈਕਸੀ ਨਵਾਲਨੀ

ਤਸਵੀਰ ਸਰੋਤ, Getty Images

ਸਾਂਝੇ ਬਿਆਨ ਵਿੱਚ ਸਹਿਯੋਗੀ ਦੇਸ਼ਾਂ ਨੇ ਕਿਹਾ, “ਰੂਸ ਦੇ ਸਾਇਬੇਰੀਆ ਸਥਿਤ ਜੇਲ੍ਹ ਵਿੱਚ ਕੈਦ ਦੌਰਾਨ ਨਵਾਲਨੀ ਨੂੰ ਨਿਸ਼ਾਨਾ ਬਣਾਉਣ ਲਈ ਇਸ ਘਾਤਕ ਟੌਕਸਿਨ ਦੇ ਇਸਤੇਮਾਲ ਦੇ ਸਾਧਨ, ਇਰਾਦਾ ਅਤੇ ਮੌਕਾ ਕੇਵਲ ਰੂਸੀ ਰਾਜ ਕੋਲ ਸੀ ਅਤੇ ਅਸੀਂ ਉਨ੍ਹਾਂ ਦੀ ਮੌਤ ਲਈ ਉਸ ਨੂੰ ਹੀ ਜ਼ਿੰਮੇਵਾਰ ਮੰਨਦੇ ਹਾਂ।”

ਇਸ ਬਿਆਨ ਅਨੁਸਾਰ, “ਐਪੀਬੈਟਿਡਿਨ ਕੁਦਰਤੀ ਤੌਰ ‘ਤੇ ਦੱਖਣੀ ਅਮਰੀਕਾ ਦੇ ਜੰਗਲੀ ਡਾਰਟ ਫਰੌਗ (ਇੱਕ ਕਿਸਮ ਦਾ ਡੱਡੂ) ਵਿੱਚ ਪਾਇਆ ਜਾਂਦਾ ਹੈ। ਕੈਦ ਵਿੱਚ ਪਾਲੇ ਗਏ ਡਾਰਟ ਫਰੌਗ ਇਹ ਟੌਕਸਿਨ ਨਹੀਂ ਬਣਾਉਂਦੇ ਅਤੇ ਇਹ ਰੂਸ ਵਿੱਚ ਕੁਦਰਤੀ ਤੌਰ ‘ਤੇ ਨਹੀਂ ਪਾਇਆ ਜਾਂਦਾ ਹੈ।”

ਨਵਾਲਨੀ ਦੀ “ਅਸਾਧਾਰਨ ਹਿੰਮਤ” ਦੀ ਸਰਾਹਨਾ ਕਰਦਿਆਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਕਿਹਾ, “ਸੱਚ ਨੂੰ ਸਾਹਮਣੇ ਲਿਆਉਣ ਦਾ ਉਨ੍ਹਾਂ ਦਾ ਸੰਕਲਪ ਇੱਕ ਸਥਾਈ ਵਿਰਾਸਤ ਛੱਡ ਗਿਆ ਹੈ।”

ਫ੍ਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬੈਰੋ ਨੇ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਨਵਾਲਨੀ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ “ਇੱਕ ਸੁਤੰਤਰ ਅਤੇ ਲੋਕਤੰਤਰੀ ਰੂਸ ਦੇ ਹੱਕ ਵਿੱਚ ਸੰਘਰਸ਼ ਕਰਨ ਕਰਕੇ ਮਾਰਿਆ ਗਿਆ” ਦੱਸਿਆ।

ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਚਲਾਉਣ ਵਾਲੇ ਅਤੇ ਰੂਸ ਦੇ ਪ੍ਰਮੁੱਖ ਵਿਰੋਧੀ ਆਗੂ ਨਵਾਲਨੀ ਦੀ 16 ਫ਼ਰਵਰੀ 2024 ਨੂੰ 47 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚ ਅਚਾਨਕ ਮੌਤ ਹੋ ਗਈ ਸੀ।

ਸਾਲ 2020 ਵਿੱਚ ਉਨ੍ਹਾਂ ਨੂੰ ਨੋਵਿਚੋਕ ਨਰਵ ਏਜੈਂਟ ਨਾਲ ਜ਼ਹਿਰ ਦਿੱਤਾ ਗਿਆ ਸੀ। ਉਨ੍ਹਾਂ ਦਾ ਇਲਾਜ ਜਰਮਨੀ ਵਿੱਚ ਹੋਇਆ ਅਤੇ ਰੂਸ ਪਰਤਣ ‘ਤੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

‘ਬਹੁਤ ਦੁਰਲੱਭ ਜ਼ਹਿਰ’

ਡਾਰਟ ਫਰੌਗ

ਤਸਵੀਰ ਸਰੋਤ, AFP via Getty Images

ਐਪੀਬੈਟਿਡਿਨ, ਜਿਸ ਦੇ ਇਸਤੇਮਾਲ ਦਾ ਦਾਅਵਾ ਬ੍ਰਿਟੇਨ ਅਤੇ ਉਸ ਦੇ ਯੂਰਪੀ ਸਹਿਯੋਗੀ ਦੇਸ਼ਾਂ ਨੇ ਕੀਤਾ ਹੈ, ਸਭ ਤੋਂ ਪਹਿਲਾਂ ਉੱਤਰੀ ਦੱਖਣੀ ਅਮਰੀਕਾ ਦੇ ਜ਼ਹਿਰੀਲੇ ਡਾਰਟ ਫਰੌਗ (ਡੱਡੂ) ਦੇ ਇੱਕ ਸਮੂਹ ਤੋਂ ਪ੍ਰਾਪਤ ਕੀਤਾ ਗਿਆ ਸੀ।

ਹਾਲਾਂਕਿ ਐਪੀਬੈਟਿਡਿਨ ‘ਤੇ ਪਹਿਲਾਂ ਦਰਦ ਨਿਵਾਰਕ ਅਤੇ ਫੇਫੜਿਆਂ ਦੀ ਸੋਜ ਸੰਬੰਧੀ ਦਿੱਕਤਾਂ ਵਿੱਚ ਰਾਹਤ ਲਈ ਖੋਜ ਕੀਤੀ ਗਈ ਸੀ, ਪਰ ਇਸ ਨੂੰ ਇਲਾਜ ਵਾਸਤੇ ਇਸਤੇਮਾਲ ਲਈ ਬਹੁਤ ਹੀ ਜ਼ਹਿਰੀਲਾ ਮੰਨਿਆ ਗਿਆ।

ਬੀਬੀਸੀ ਰੂਸੀ ਸੇਵਾ ਨਾਲ ਗੱਲ ਕਰਦਿਆਂ ਟੌਕਸਿਨ ਵਿਗਿਆਨ ਮਾਹਿਰ ਜਿਲ ਜਾਨਸਨ ਨੇ ਕਿਹਾ ਕਿ ਇਹ “ਮਾਰਫ਼ਿਨ ਨਾਲੋਂ 200 ਗੁਣਾ ਵੱਧ ਸ਼ਕਤੀਸ਼ਾਲੀ” ਹੈ।

ਉਨ੍ਹਾਂ ਕਿਹਾ ਕਿ ਸੈਂਟਰਲ ਨਰਵਸ ਸਿਸਟਮ ਦੇ ਰਿਸੈਪਟਰਜ਼ ‘ਤੇ ਅਸਰ ਪਾਉਂਦੇ ਹੋਏ ਇਹ “ਮਾਸਪੇਸ਼ੀਆਂ ਵਿੱਚ ਝਟਕੇ ਅਤੇ ਅਧਰੰਗ, ਦੌਰੇ, ਦਿਲ ਦੀ ਧੜਕਨ ਹੌਲੀ ਹੋਣਾ, ਸਾਹ ਨਾ ਲੈ ਸਕਣਾ ਅਤੇ ਅੰਤ ਵਿੱਚ ਮੌਤ” ਦਾ ਕਾਰਣ ਬਣ ਸਕਦਾ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਇਹ ਅਤਿ ਦੁਰਲੱਭ ਨਿਊਰੋਟੌਕਸਿਨ ਕੇਵਲ ਇੱਕ ਜੰਗਲੀ ਡੱਡੂ ਦੀ ਪ੍ਰਜਾਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਉਦੋਂ ਹੀ ਬਣਦਾ ਹੈ ਜਦੋਂ ਡੱਡੂ ਇੱਕ ਖ਼ਾਸ ਆਹਾਰ ਲੈਂਦਾ ਹੈ।

ਖੋਜਕਰਤਿਆਂ ਦਾ ਮੰਨਣਾ ਹੈ ਕਿ ਡੱਡੂ ਇਸ ਨੂੰ ਆਪਣੇ ਆਹਾਰ ਤੋਂ ਪ੍ਰਾਪਤ ਕਰਦੇ ਹਨ ਕਿਉਂਕਿ ਵੱਖ-ਵੱਖ ਨਿਵਾਸ ਸਥਾਨਾਂ ਦੇ ਜਾਨਵਰਾਂ ਵਿੱਚ ਟੌਕਸਿਨ/ਜ਼ਹਿਰੀਲੇ ਪਦਾਰਥਾਂ ਦੇ ਪੱਧਰ ਵੱਖੋ-ਵੱਖਰੇ ਮਿਲੇ ਹਨ ਅਤੇ ਕੈਦ ਵਿੱਚ ਪਾਲੇ ਗਏ ਡੱਡੂਆਂ ਵਿੱਚ ਇਹ ਨਹੀਂ ਹੁੰਦਾ।

ਜਾਨਸਨ ਨੇ ਇਸ ਨੂੰ “ਕਿਸੇ ਵਿਅਕਤੀ ਨੂੰ ਜ਼ਹਿਰ ਦੇਣ ਦਾ ਬੇਹੱਦ ਦੁਰਲੱਭ ਤਰੀਕਾ” ਦੱਸਿਆ।

ਉਨ੍ਹਾਂ ਕਿਹਾ, “ਸਹੀ ਸਥਾਨ ‘ਤੇ ਅਜਿਹੇ ਜੰਗਲੀ ਡੱਡੂ ਨੂੰ ਲੱਭਣਾ, ਜੋ ਸਹੀ ਆਹਾਰ ਖਾ ਰਿਹਾ ਹੋਵੇ ਤਾਂ ਜੋ ਸਹੀ ਐਲਕਲੋਇਡ ਬਣਾ ਸਕੇ, ਲਗਭਗ ਅਸੰਭਵ ਹੈ।”

ਪਤਨੀ ਯੂਲੀਆ ਦਾ ਦਾਅਵਾ

ਨਵਾਲਨੀ ਦੇ ਪਤਨੀ ਯੂਲੀਆ ਨਵਾਲਨਾਇਆ

ਤਸਵੀਰ ਸਰੋਤ, German Federal Foreign Office via Getty Images

ਸ਼ਨੀਵਾਰ ਦੀ ਘੋਸ਼ਣਾ ਤੋਂ ਪਹਿਲਾਂ ਨਵਾਲਨੀ ਦੇ ਪਤਨੀ ਯੂਲੀਆ ਨਵਾਲਨਾਇਆ ਲਗਾਤਾਰ ਇਹ ਕਹਿੰਦੇ ਰਹੇ ਸਨ ਕਿ 2024 ਵਿੱਚ ਆਰਕਟਿਕ ਦੰਡ ਕਾਲੋਨੀ ਵਿੱਚ ਸਜ਼ਾ ਭੁਗਤਦੇ ਸਮੇਂ ਉਨ੍ਹਾਂ ਦੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ।

ਪਿਛਲੇ ਸਾਲ ਸਤੰਬਰ ਵਿੱਚ ਨਵਾਲਨਾਇਆ ਨੇ ਕਿਹਾ ਸੀ ਕਿ ਦੋ ਦੇਸ਼ਾਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਤਸਕਰੀ ਕਰਕੇ ਲਿਜਾਏ ਗਏ ਜੈਵਿਕ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਦੀ “ਹੱਤਿਆ ਕੀਤੀ ਗਈ”।

ਉਨ੍ਹਾਂ ਨੇ ਕਥਿਤ ਜ਼ਹਿਰ, ਨਮੂਨਿਆਂ ਜਾਂ ਵਿਸ਼ਲੇਸ਼ਣ ਬਾਰੇ ਵੇਰਵਾ ਨਹੀਂ ਦਿੱਤਾ, ਪਰ ਦੋਵੇਂ ਪ੍ਰਯੋਗਸ਼ਾਲਾਵਾਂ ਨੂੰ ਆਪਣੇ ਨਤੀਜੇ ਜਨਤਕ ਕਰਨ ਦੀ ਚੁਣੌਤੀ ਦਿੱਤੀ।

ਘੋਸ਼ਣਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨਵਾਲਨਾਇਆ ਨੇ ਕਿਹਾ, “ਮੈਨੂੰ ਪਹਿਲੇ ਦਿਨੋਂ ਯਕੀਨ ਸੀ ਕਿ ਮੇਰੇ ਪਤੀ ਨੂੰ ਜ਼ਹਿਰ ਦਿੱਤਾ ਗਿਆ, ਪਰ ਹੁਣ ਸਬੂਤ ਹੈ।”

“ਮੈਂ ਦੋ ਸਾਲ ਤੱਕ ਕੀਤੇ ਗਏ ਸਾਵਧਾਨੀਪੂਰਵਕ ਕੰਮ ਅਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਯੂਰਪੀ ਦੇਸ਼ਾਂ ਦੀ ਧੰਨਵਾਦੀ ਹਾਂ।”

ਜਿਲ ਜਾਨਸਨ

ਰਾਜ ਸੰਚਾਲਿਤ ਸਮਾਚਾਰ ਏਜੰਸੀ ਤਾਸ ਦੇ ਅਨੁਸਾਰ, ਕ੍ਰੇਮਲਿਨ ਦੇ ਬੁਲਾਰੇ ਮਾਰੀਆ ਜ਼ਖ਼ਾਰੋਵਾ ਨੇ ਕਿਹਾ, “ਇਹ ਸਾਰੇ ਬਿਆਨ ਪੱਛਮ ਦੀਆਂ ਗੰਭੀਰ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਚਲਾਇਆ ਗਿਆ ਸੂਚਨਾ ਅਭਿਆਨ ਹਨ।”

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਜਿਨ੍ਹਾਂ ਨੇ ਨਵਾਲਨੀ ਦੇ ਜੀਵਿਤ ਰਹਿੰਦੀਆਂ ਉਨ੍ਹਾਂ ਦਾ ਨਾਮ ਲੈਣ ਤੋਂ ਪਰਹੇਜ਼ ਕੀਤਾ, ਨੇ ਉਨ੍ਹਾਂ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਸੰਖੇਪ ਵਿੱਚ ਕਿਹਾ ਸੀ ਕਿ ਕਿਸੇ ਵਿਅਕਤੀ ਦਾ ਦੇਹਾਂਤ “ਹਮੇਸ਼ਾ ਦੁਖਦਾਈ ਘਟਨਾ” ਹੁੰਦਾ ਹੈ।

ਮੌਤ ਦੇ ਸਮੇਂ ਨਵਾਲਨੀ ਤਿੰਨ ਸਾਲ ਤੋਂ ਜੇਲ੍ਹ ਵਿੱਚ ਸਨ। ਉਨ੍ਹਾਂ ਨੂੰ ਕਥਿਤ ਤੌਰ ‘ਤੇ ਮਨਘੜਤ ਇਲਜ਼ਾਮਾਂ ਤਹਿਤ ਸਜ਼ਾ ਦਿੱਤੀ ਗਈ ਸੀ ਅਤੇ ਫਿਰ ਉਨ੍ਹਾਂ ਨੂੰ ਦੰਡ ਕਾਲੋਨੀ ਵਿੱਚ ਭੇਜ ਦਿੱਤਾ ਗਿਆ ਸੀ।

ਰੂਸੀ ਪੱਖ ਦੇ ਅਨੁਸਾਰ 47 ਸਾਲਾ ਨਵਾਲਨੀ ਨੇ ਸਾਇਬੇਰੀਆ ਦੀ ਦੰਡ ਕਾਲੋਨੀ ਵਿੱਚ ਕੁਝ ਦੇਰ ਟਹਿਲਣ ਤੋਂ ਬਾਅਦ ਅਸਹਿਜ ਮਹਿਸੂਸ ਕੀਤਾ, ਫਿਰ ਡਿੱਗ ਪਏ ਅਤੇ ਦੁਬਾਰਾ ਹੋਸ਼ ਵਿੱਚ ਨਹੀਂ ਆਏ।

source : BBC PUNJABI