Home ਰਾਸ਼ਟਰੀ ਖ਼ਬਰਾਂ ਖ਼ੂਨ ਨਾਲ ਲਿਬੜੇ ਬਸਤੇ ਤੇ ਚੀਕਾਂ ਮਾਰਦੇ ਲੋਕ, ਈਰਾਨ ਵਿੱਚ ਸਕੂਲ ‘ਤੇ...

ਖ਼ੂਨ ਨਾਲ ਲਿਬੜੇ ਬਸਤੇ ਤੇ ਚੀਕਾਂ ਮਾਰਦੇ ਲੋਕ, ਈਰਾਨ ਵਿੱਚ ਸਕੂਲ ‘ਤੇ ਹੋਏ ਹਮਲੇ ਬਾਰੇ ਸੈਟੇਲਾਈਟ ਤਸਵੀਰਾਂ ਕੀ ਕੁਝ ਬਿਆਨ ਕਰ ਰਹੀਆਂ

6
0

Source :- BBC PUNJABI

ਈਰਾਨ ਦੇ ਸਕੂਲ ਉੱਤੇ ਹਮਲਾ

ਤਸਵੀਰ ਸਰੋਤ, Getty Images

ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ‘ਚ ਦੱਖਣੀ ਤੇਹਰਾਨ ਦੇ ਇੱਕ ਸਕੂਲ ਦੇ ਨੇੜੇ-ਤੇੜੇ ਕਈ ਹਮਲਿਆਂ ਅਤੇ ਸੜਨ ਦੇ ਨਿਸ਼ਾਨ ਦਿਖੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ‘ਤੇ ਇੱਕ ਤੋਂ ਵੱਧ ਵਾਰ ਹਮਲਾ ਹੋਇਆ ਸੀ।

ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਹੋਏ ਇਸ ਹਮਲੇ ਵਿੱਚ 168 ਲੋਕ ਮਾਰੇ ਗਏ ਹਨ।

ਤਸਦੀਕ ਕੀਤੇ ਵੀਡੀਓ ਅਤੇ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਮੀਨਾਬ ਵਿੱਚ ਸ਼ਾਜਾਰੇਹ ਤੈਯਬੇਹ ਪ੍ਰਾਇਮਰੀ ਸਕੂਲ ਅਤੇ ਨੇੜਲੇ ਈਰਾਨੀ ਰਿਵੋਲਿਊਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਕੰਪਾਊਂਡ ਦੇ ਆਲੇ-ਦੁਆਲੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹਥਿਆਰਾਂ ਦੇ ਮਾਹਿਰ ਐਨ ਆਰ ਜੇਨਜ਼ਨ ਜੋਨਜ਼ ਦਾ ਕਹਿਣਾ ਹੈ ਕਿ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਲਾਕੇ ‘ਤੇ “ਇੱਕੋ ਸਮੇਂ ਜਾਂ ਲਗਭਗ ਇੱਕੋ ਸਮੇਂ ਕਈ ਹਮਲੇ ਹੋਏ”।

ਤਸਵੀਰਾਂ ਵਿੱਚ ਦੋ ਨੁਕਸਾਨੀਆਂ ਗਈਆਂ ਇਮਾਰਤਾਂ ਸਾਫ਼ ਨਜ਼ਰ ਆ ਰਹੀਆਂ ਹਨ: ਇੱਕ ਆਈਆਰਜੀਸੀ ਬੇਸ ਦੇ ਅੰਦਰ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਅਤੇ ਦੂਜੀ ਸਕੂਲ ਦੀ ਇਮਾਰਤ ਹੈ ਜੋ ਕੁਝ ਹੱਦ ਤੱਕ ਢਹਿ ਗਈ ਹੈ।

ਹਮਲੇ ਦੇ ਤੁਰੰਤ ਬਾਅਦ ਦੇ ਤਸਦੀਕ ਕੀਤੇ ਗਏ ਵੀਡੀਓ ਵਿੱਚ ਦਹਿਸ਼ਤ ਦਾ ਮੰਜ਼ਰ ਨਜ਼ਰ ਆਉਂਦਾ ਹੈ, ਪਰਿਵਾਰ ਚੀਖ ਰਹੇ ਹਨ ਅਤੇ ਲੋਕ ਮਲਬੇ ਵਿੱਚ ਪੀੜਤਾਂ ਨੂੰ ਲੱਭ ਰਹੇ ਹਨ। ਕੁਝ ਵੀਡੀਓਜ਼ ਵਿੱਚ ਲੋਕ ਕੈਮਰੇ ਦੇ ਸਾਹਮਣੇ ਬੱਚਿਆਂ ਦੇ ਸਕੂਲ ਬੈਗ ਅਤੇ ਕਿਤਾਬਾਂ ਫੜੀ ਹੋਏ ਦਿੱਸਦੇ ਹਨ।

ਤਿੰਨ ਦਿਨ ਬਾਅਦ, ਅਸਮਾਨ ਤੋਂ ਲਈ ਗਈ ਫੁਟੇਜ ਵਿੱਚ ਘੱਟੋ-ਘੱਟ 100 ਨਿਸ਼ਾਨ ਲੱਗੀਆਂ ਜਾਂ ਤਾਜ਼ਾ ਖੋਦੀਆਂ ਗਈਆਂ ਕਬਰਾਂ ਦੀਆਂ ਸਿੱਧੀਆਂ ਕਤਾਰਾਂ ਦਿੱਸਦੀਆਂ ਹਨ।

ਈਰਾਨੀ ਅਧਿਕਾਰੀਆਂ ਨੇ ਇਸ ਹਮਲੇ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਕਿਸੇ ਵੀ ਦੇਸ਼ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੂੰ ਇਲਾਕੇ ਵਿੱਚ ਕਿਸੇ ਵੀ ਓਪਰੇਸ਼ਨ ਬਾਰੇ ਜਾਣਕਾਰੀ ਨਹੀਂ ਸੀ, ਜਦਕਿ ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੈਥ ਨੇ ਕਿਹਾ ਕਿ ਵਾਸ਼ਿੰਗਟਨ ਹਾਲੇ ਵੀ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਉਹ “ਕਦੇ ਵੀ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਏਗਾ”।

ਈਰਾਨ ਵਿੱਚ ਚੱਲ ਰਹੇ ਇੰਟਰਨੈੱਟ ਬਲੈਕਆਉਟ ਕਰਕੇ ਇਸ ਘਟਨਾ ਦੀਆਂ ਜਾਣਕਾਰੀਆਂ ਨੂੰ ਸਾਡੇ ਵੱਲੋਂ ਤਸਦੀਕ ਕਰਨਾ ਮੁਸ਼ਕਲ ਹੋ ਗਿਆ ਹੈ।

ਅਸੀਂ ਇਸ ਘਟਨਾ ਬਾਰੇ ਕੀ ਜਾਣਦੇ ਹਾਂ?

ਸਕੂਲ ਅਤੇ ਆਈਆਰਜੀਸੀ ਬੇਸ ਦੀ ਥਾਂ ਦਿਖਾਉਣ ਵਾਲੀ ਇੱਕ ਸੈਟੇਲਾਈਟ ਤਸਵੀਰ, ਜਿਸ ਵਿੱਚ ਤਸਦੀਕ ਕੀਤੇ ਵੀਡੀਓਜ਼ ਦੇ ਸਕ੍ਰੀਨਸ਼ਾਟ ਹਨ, ਜਿਨ੍ਹਾਂ ਵਿੱਚ ਧੂੰਏਂ ਦੇ ਗੁੱਛੇ ਦਿੱਸ ਰਹੇ ਹਨ

ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹਮਲੇ ਦਾ ਨਿਸ਼ਾਨਾ ਜਾਂ ਟਾਰਗੇਟ ਕੀ ਸੀ।

ਈਰਾਨੀ ਅਧਿਕਾਰੀਆਂ ਮੁਤਾਬਕ, ਇਹ ਹਮਲਾ ਸਥਾਨਕ ਸਮੇਂ ਮੁਤਾਬਕ ਲਗਭਗ 10 ਵੱਜ ਕੇ 45 ਮਿੰਟ ‘ਤੇ ਹੋਇਆ।

ਬੀਬੀਸੀ ਵੈਰੀਫਾਈ ਨੇ ਸ਼ਨੀਵਾਰ ਸਵੇਰੇ, ਈਰਾਨੀ ਵਰਕਿੰਗ ਵੀਕ ਦੇ ਪਹਿਲੇ ਦਿਨ, ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਫੁਟੇਜ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਤੁਰੰਤ ਬਾਅਦ ਦਾ ਦ੍ਰਿਸ਼ ਨਜ਼ਰ ਆਉਂਦਾ ਹੈ।

ਇੱਕ ਵੀਡੀਓ ਵਿੱਚ ਇੱਕ ਆਦਮੀ ਸਕੂਲ ਦੇ ਵਿਹੜੇ ਵਿੱਚ ਤੇਜ਼ੀ ਨਾਲ ਦਾਖ਼ਲ ਹੁੰਦਾ ਹੋਇਆ ਵੀਡੀਓ ਬਣਾ ਰਿਹਾ ਹੈ, ਜੋ ਆਈਆਰਜੀਸੀ ਬੇਸ ਦੇ ਬਿਲਕੁਲ ਉੱਤਰ-ਪੂਰਬ ਵਿੱਚ ਹੈ। ਦਰਵਾਜ਼ੇ ਦੇ ਉੱਪਰ ਇੱਕ ਬੋਰਡ ਦਾ ਹਿੱਸਾ ਦਿੱਸਦਾ ਹੈ, ਜੋ ਫ਼ਾਰਸੀ ਵਿੱਚ ਪ੍ਰਾਇਮਰੀ ਸਕੂਲ ਸ਼ਬਦ ਦੇ ਪਹਿਲੇ ਤਿੰਨ ਅੱਖਰਾਂ ਨਾਲ ਮਿਲਦਾ ਹੈ।

ਸਕੂਲ ਦੇ ਵਿਹੜੇ ਦੇ ਅੰਦਰੋਂ ਕਾਲੇ ਧੂੰਏਂ ਦੇ ਚਾਰ ਗੁੱਛੇ ਦਿੱਸਦੇ ਹਨ, ਜਿਨ੍ਹਾਂ ਵਿੱਚੋਂ ਦੋ ਛੋਟੇ ਧੂੰਏਂ ਦੇ ਗੁੱਛੇ ਮੁੱਖ ਸਕੂਲ ਦੀ ਇਮਾਰਤ ਦੀ ਉੱਪਰੀ ਮੰਜ਼ਿਲ ਦੀਆਂ ਖਿੜਕੀਆਂ ਤੋਂ ਨਿਕਲ ਰਹੇ ਹਨ।

ਬੱਚਿਆਂ ਦੇ ਮਿਊਰਲ ਅਤੇ ਫ਼ਾਰਸੀ ਅੱਖਰਾਂ ਨਾਲ ਸਜੀਆਂ ਦੀਵਾਰਾਂ ਸਕੂਲ ਦੇ ਵਿਹੜੇ ਨੂੰ ਆਈਆਰਜੀਸੀ ਬੇਸ ਤੋਂ ਵੱਖ ਕਰਦੀਆਂ ਹਨ।

ਆਈਆਰਜੀਸੀ ਕੰਪਾਊਂਡ ਦੇ ਦੱਖਣੀ ਕਿਨਾਰੇ ‘ਤੇ ਚੱਲਦੀ ਇੱਕ ਗੱਡੀ ਤੋਂ ਫਿਲਮਾਈ ਗਈ ਹੋਰ ਕਲਿੱਪ ਵਿੱਚ ਐਂਟਰੀ ਗੇਟ ‘ਤੇ ਇੱਕ ਬੋਰਡ ਦਿੱਸਦਾ ਹੈ। “ਸਈਦ ਅਲ-ਸ਼ੋਹਦਾ ਐਜੂਕੇਸ਼ਨਲ ਐਂਡ ਕਲਚਰਲ ਕੋਰਪਸ” ਅਤੇ ਇੱਕ ਮੈਡੀਕਲ ਕਲੀਨਿਕ ਦੇ ਦਰਵਾਜ਼ੇ ‘ਤੇ ਆਈਆਰਜੀਸੀ ਦੇ ਦੋ ਲੋਗੋ ਦਿੱਸਦੇ ਹਨ, ਜਿਸ ਨੂੰ ਈਰਾਨੀ ਮੀਡੀਆ ਆਈਆਰਜੀਸੀ ਨੇਵੀ ਦਾ ਦੱਸ ਰਿਹਾ ਹੈ।

ਫੁਟੇਜ ਵਿੱਚ ਕਾਲੇ ਧੂੰਏਂ ਦੇ ਘੱਟੋ-ਘੱਟ ਤਿੰਨ ਗੁੱਛੇ ਦਿੱਸਦੇ ਹਨ- ਦੋ ਫੌਜੀ ਟਿਕਾਣੇ ਦੇ ਦਰਵਾਜ਼ੇ ਦੇ ਨੇੜੇ, ਅਤੇ ਤੀਜਾ ਮੈਡੀਕਲ ਕਲੀਨਿਕ ਦੇ ਪਿੱਛੇ।

ਤਸਦੀਕ ਕੀਤੇ ਵੀਡੀਓਜ਼ ਵਿੱਚ ਧੂੰਏਂ ਦੇ ਗੁੱਛਿਆਂ ਦੀ ਥਾਂ ਉਹੀ ਹੈ ਜਿੱਥੇ ਸੈਟੇਲਾਈਟ ਤਸਵੀਰਾਂ ਵਿੱਚ ਨੁਕਸਾਨ ਦਿੱਸਦਾ ਹੈ।

ਦਿਨ ਵਿੱਚ ਬਾਅਦ ਵਿੱਚ ਫਿਲਮਾਏ ਗਏ ਫੁਟੇਜ ਵਿੱਚ ਸਕੂਲ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਦਿੱਸਿਆ। ਐਮਰਜੈਂਸੀ ਸੇਵਾਵਾਂ ਮਲਬੇ ਵਿੱਚ ਖੋਜ ਕਰ ਰਹੀਆਂ ਹਨ, ਜਦਕਿ ਪਰੇਸ਼ਾਨ ਪਰਿਵਾਰ ਹੌਲੀ-ਹੌਲੀ ਵਿਹੜੇ ਵਿੱਚ ਘੁੰਮ ਰਹੇ ਹਨ, ਕੁਝ ਰੋ ਰਹੇ ਹਨ।

ਸਕੂਲ ਲਈ ਜਿਓਲੋਕੇਟ ਕੀਤੀ ਇੱਕ ਬਹੁਤ ਵੱਧ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮੌਕੇ ‘ਤੇ ਮੌਜੂਦ ਬਚਾਅ ਟੀਮ ਨੂੰ ਮਲਬੇ ਹੇਠਾਂ ਇੱਕ ਬੱਚੇ ਦਾ ਕੱਟਿਆ ਹੋਇਆ ਹੱਥ ਮਿਲਿਆ। ਮਲਬੇ ਵਿਚਕਾਰ ਸਕੂਲ ਦੀਆਂ ਕਿਤਾਬਾਂ ਅਤੇ ਖੂਨ ਨਾਲ ਲਿੱਬੜੇ ਬੈਗ ਵੀ ਨਜ਼ਰ ਆਉਂਦੇ ਹਨ।

ਸੈਟੇਲਾਈਟ ਤਸਵੀਰਾਂ ‘ਚ ਕੀ ਨਜ਼ਰ ਆਇਆ?

ਇੱਕ ਐਨੋਟੇਟਿਡ ਗ੍ਰਾਫਿਕ ਜੋ ਸਕੂਲ ਅਤੇ ਆਈਆਰਜੀਸੀ ਬੇਸ ਦੇ ਸੈਟੇਲਾਈਟ ਚਿੱਤਰ ਦੇ ਵਿਸ਼ਲੇਸ਼ਣ ਨੂੰ ਦਰਸਾਉਂਦਾ ਹੈ। ਇਸ ਵਿੱਚ ਕਈ ਸੜਨ ਦੇ ਨਿਸ਼ਾਨ, ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਟੋਏ ਦਿਖਾਏ ਗਏ ਹਨ

ਹੋਰ ਵੀਡੀਓਜ਼ ਜਾਂ ਚਸ਼ਮਦੀਦਾਂ ਦੀ ਗਵਾਹੀ ਦੀ ਘਾਟ ਕਾਰਨ ਸੈਟੇਲਾਈਟ ਤਸਵੀਰਾਂ ਇਹ ਸਮਝਣ ਲਈ ਬਹੁਤ ਜ਼ਰੂਰੀ ਹਨ ਕਿ ਕੀ ਹੋਇਆ ਸੀ।

ਪਲੇਨਟ ਲੈਬਜ਼ ਨੇ 4 ਮਾਰਚ ਨੂੰ – ਘਟਨਾ ਦੇ ਚਾਰ ਦਿਨ ਬਾਅਦ – ਸੈਟੇਲਾਈਟ ਤਸਵੀਰਾਂ ਲਈਆਂ ਹਨ, ਜਿਨ੍ਹਾਂ ਵਿੱਚ (ਤਸਦੀਕ ਕੀਤੇ ਵੀਡੀਓਜ਼ ਵਿੱਚ ਪਹਿਲਾਂ ਪੁਸ਼ਟੀ ਕੀਤੇ ਗਏ ਨੁਕਸਾਨ ਤੋਂ) ਕਾਫ਼ੀ ਵੱਧ ਤਬਾਹੀ ਦਿੱਸ ਰਹੀ ਹੈ।

ਇਲਾਕੇ ਦੀਆਂ ਕਈ ਇਮਾਰਤਾਂ ਅੰਸ਼ਕ ਜਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਬੀਬੀਸੀ ਵੈਰੀਫਾਈ ਨੇ ਘੱਟੋ-ਘੱਟ ਪੰਜ ਇਮਾਰਤਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਟੋਏ ਅਤੇ ਕਾਲੇ ਸੜਨ ਦੇ ਨਿਸ਼ਾਨ ਹਨ – ਜਿਸ ਤੋਂ ਪਤਾ ਲੱਗਦਾ ਹੈ ਕਿ ਕਈ ਹਮਲੇ ਹੋਏ ਸਨ।

ਓਰੇਗਨ ਸਟੇਟ ਯੂਨੀਵਰਸਿਟੀ ਦੇ ਸੈਟੇਲਾਈਟ ਇਮੇਜ ਐਨਾਲਿਸਟ ਜੈਮਨ ਵੈਨ ਡੈਨ ਹੋਕ ਨੇ ਕਿਹਾ, “ਇੰਨੀਆਂ ਸਾਰੀਆਂ [ਇੰਪੈਕਟ ਸਾਈਟਸ] ਇੱਕ-ਦੂਜੇ ਦੇ ਇੰਨੀ ਨੇੜੇ (ਤੁਲਨਾਤਮਕ ਤੌਰ ‘ਤੇ) ਹੋਣ ਨਾਲ ਇਹ ਪਤਾ ਲੱਗਦਾ ਹੈ ਕਿ ਇੱਕ ਜਾਂ ਵੱਧ ਨਿਸ਼ਾਨੇ/ਟਾਰਗੇਟ ਇੱਕ-ਦੂਜੇ ਦੇ ਬਹੁਤ ਨੇੜੇ ਸਨ।”

ਉਨ੍ਹਾਂ ਨੇ ਕਿਹਾ, “[ਇੰਝ] ਲੱਗਦਾ ਹੈ ਕਿ ਇਸ ਇਲਾਕੇ ‘ਤੇ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ,” ਅਤੇ ਅੱਗੇ ਕਿਹਾ, “ਪਰ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਕੀ ਇਰਾਦਾ ਸੀ।”

ਮੈਕੈਂਜ਼ੀ ਇੰਟੈਲੀਜੈਂਸ ਸਰਵਿਸਿਜ਼ ਦੇ ਇੱਕ ਸੀਨੀਅਰ ਐਨਾਲਿਸਟ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਦੋ ਮੰਜ਼ਿਲਾ ਸਕੂਲ ਦੀ ਇਮਾਰਤ ਦੇ ਗਰਾਊਂਡ ਫਲੋਰ ‘ਤੇ ਬਣਿਆ ਟੋਆ ਦੱਸਦਾ ਹੈ ਕਿ “ਹੇਠਲੇ ਲੈਵਲ ਤੱਕ ਵੜਨ” ਲਈ ਕਿਸੇ ਖ਼ਾਸ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੋਵੇਗਾ।

ਕੀ ਸਕੂਲ ਆਈਆਰਜੀਸੀ ਬੇਸ ਤੋਂ ਵੱਖ ਹੈ?

2013, 2016 ਅਤੇ 2022 ਦੀਆਂ ਸੈਟੇਲਾਈਟ ਤਸਵੀਰਾਂ ਦੀ ਇੱਕ ਟਾਈਮਲਾਈਨ

ਸਕੂਲ ਦੀ ਇਮਾਰਤ ਆਈਆਰਜੀਸੀ ਬੇਸ ਦੇ ਨੇੜੇ ਹੈ।

ਸਾਲ 2013 ਦੀ ਸੈਟੇਲਾਈਟ ਤਸਵੀਰ ਤੋਂ ਇਹ ਜਾਪਦਾ ਹੈ ਕਿ ਸਕੂਲ ਦੀ ਇਮਾਰਤ ਉਸੇ ਕੰਪਾਊਂਡ ਦਾ ਹਿੱਸਾ ਸੀ, ਫਿਰ 2016 ਵਿੱਚ ਇਸ ਨੂੰ ਵੱਖ ਕਰਨ ਵਾਲੀ ਇੱਕ ਕੰਧ ਦਿਖਾਈ ਦੇਣ ਲੱਗ ਪਈ।

ਹਮਲੇ ਲਈ ਕੌਣ ਜ਼ਿੰਮੇਵਾਰ ਹੈ?

ਡਿਪਾਰਟਮੈਂਟ ਆਫ਼ ਵਾਰ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਦਾ ਸਕ੍ਰੀਨਸ਼ੌਟ

ਤਸਵੀਰ ਸਰੋਤ, deptofwar

ਈਰਾਨ ਦਾ ਕਹਿਣਾ ਹੈ ਕਿ ਇਹ ਹਮਲਾ ਅਮਰੀਕਾ ਅਤੇ ਇਜ਼ਰਾਈਲ ਨੇ ਕੀਤਾ ਸੀ। ਪਰ ਨਾ ਤਾਂ ਇਜ਼ਰਾਈਲ ਅਤੇ ਨਾ ਹੀ ਅਮਰੀਕਾ ਨੇ ਸਕੂਲ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਲਈ ਹੈ।

ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੂੰ ਇਲਾਕੇ ਵਿੱਚ ਕਿਸੇ ਵੀ ਆਈਡੀਐਫ ਆਪ੍ਰੇਸ਼ਨ ਬਾਰੇ “ਪਤਾ ਨਹੀਂ” ਸੀ, ਅਤੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਹਾਲਾਂਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੈਥ ਨੇ ਬੁੱਧਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਅਜੇ ਵੀ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ, “ਅਸੀਂ ਬੇਸ਼ੱਕ ਕਦੇ ਵੀ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ, ਪਰ ਅਸੀਂ ਇਸਦੀ ਜਾਂਚ ਕਰ ਰਹੇ ਹਾਂ।”

ਨਿਊਜ਼ ਕਾਨਫਰੰਸ ਦੌਰਾਨ, ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਦੇ “ਪਹਿਲੇ 100 ਘੰਟਿਆਂ” ਇਲਸਟ੍ਰੇਟਿਵ ਨਕਸ਼ਾ ਦਿਖਾਇਆ ਗਿਆ, ਜਿਸ ਵਿੱਚ ਈਰਾਨ ਦੇ ਦੱਖਣੀ ਤਟ ‘ਤੇ ਹਮਲਿਆਂ ਦੀਆਂ ਥਾਵਾਂ ਅਤੇ ਈਰਾਨੀ ਏਅਰ ਡਿਫੈਂਸ ਨੂੰ ਦਿਖਾਇਆ ਗਿਆ ਸੀ, ਜਿਸ ਵਿੱਚ ਮੀਨਾਬ ਦਾ ਇਲਾਕਾ ਵੀ ਸ਼ਾਮਲ ਹੈ।

ਬਚੇ ਹੋਏ ਹਥਿਆਰਾਂ ਦੀ ਹੋਰ ਫੁਟੇਜ ਦੇ ਬਿਨਾਂ, ਇਹ ਸਾਫ਼ ਤੌਰ ‘ਤੇ ਪਛਾਣਨਾ ਸੰਭਵ ਨਹੀਂ ਹੈ ਕਿ ਕੌਣ ਜ਼ਿੰਮੇਵਾਰ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਅਤੇ ਇੱਕ ਬਹੁਤ ਜ਼ਿਆਦਾ ਸ਼ੇਅਰ ਕੀਤੀ ਤਸਵੀਰ ਤੋਂ ਇਹ ਦਾਅਵਾ ਕੀਤਾ ਗਿਆ ਕਿ ਧਮਾਕਾ ਆਈਆਰਜੀਸੀ ਵੱਲੋਂ ਦਾਗੀ ਗਈ ਇੱਕ ਫੇਲ ਮਿਸਾਈਲ ਕਾਰਨ ਹੋਇਆ ਸੀ। ਪਰ ਸਾਨੂੰ ਪਤਾ ਲੱਗਿਆ ਕਿ ਇਹ ਤਸਵੀਰ ਮੀਨਾਬ ਤੋਂ ਇੱਕ ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰ ਜ਼ੰਜਾਨ ਵਿੱਚ ਹੋਈ ਇੱਕ ਵੱਖਰੀ ਘਟਨਾ ਦੀ ਹੈ।

ਆਰਮਾਮੈਂਟ ਰਿਸਰਚ ਸਰਵਿਸਿਜ਼ ਦੇ ਡਾਇਰੈਕਟਰ ਜੇਨਜ਼ਨ ਜੋਨਜ਼ ਨੇ ਕਿਹਾ, “ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਇੱਥੇ ਜੋ ਵੱਡਾ ਧਮਾਕੇ ਵਾਲਾ ਨੁਕਸਾਨ ਦਿੱਸ ਰਿਹਾ ਹੈ, ਉਹ ਈਰਾਨੀ ਸਰਫੇਸ-ਟੂ-ਏਅਰ ਮਿਸਾਈਲ ਦੀ ਵਜ੍ਹਾ ਨਾਲ ਹੋਇਆ ਹੋਵੇ, ਜਿਨ੍ਹਾਂ ਵਿੱਚ ਤੁਲਨਾਤਮਕ ਤੌਰ ‘ਤੇ ਛੋਟੇ ਵਿਸਫੋਟਕ ਵਾਰਹੈਡ ਹੁੰਦੇ ਹਨ।”

ਹਮਲੇ ਵਿੱਚ ਕੌਣ ਮਾਰਿਆ ਗਿਆ?

ਜਨਾਜ਼ੇ ਦੇ ਜੁਲੂਸ ਵਿੱਚ ਸੜਕਾਂ 'ਤੇ ਹਜ਼ਾਰਾਂ ਲੋਕਾਂ ਦੀ ਕਤਾਰ ਨਜ਼ਰ ਆਈ

ਤਸਵੀਰ ਸਰੋਤ, Reuters

ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ 168 ਲੋਕਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ।

ਬੀਬੀਸੀ ਵੈਰੀਫਾਈ, ਮੌਜੂਦਾ ਫੁਟੇਜ ਤੋਂ ਉਨ੍ਹਾਂ ਵੇਰਵਿਆਂ ਦੀ ਆਪਣੇ ਪੱਧਰ ‘ਤੇ ਪੁਸ਼ਟੀ ਨਹੀਂ ਕਰ ਸਕਿਆ ਹੈ। ਇਹ ਵੀ ਸਪਸ਼ਟ ਨਹੀਂ ਹੈ ਕਿ ਕੋਈ ਆਈਆਰਜੀਸੀ ਮੈਂਬਰ ਵੀ ਮਾਰਿਆ ਗਿਆ ਸੀ ਜਾਂ ਉੱਥੇ ਕੌਣ ਕੰਮ ਕਰ ਰਿਹਾ ਸੀ।

ਈਰਾਨ ਦੇ ਸਿੱਖਿਆ ਮੰਤਰਾਲੇ ਦੇ ਮੁਤਾਬਕ, ਸਕੂਲ ਵਿੱਚ ਕੁੱਲ 264 ਵਿਦਿਆਰਥੀ ਸਨ।

ਈਰਾਨੀ ਮੀਡੀਆ ਵੱਲੋਂ ਪ੍ਰਕਾਸ਼ਿਤ ਇੱਕ ਹੱਥ ਲਿਖਿਤ ਸੂਚੀ ਵਿੱਚ ਇਸ ਘਟਨਾ ਵਿੱਚ ਮਾਰੇ ਗਏ 56 ਲੋਕਾਂ ਦੇ ਨਾਮ ਅਤੇ ਉਨ੍ਹਾਂ ਦੀ ਜਨਮ ਤਾਰੀਖ ਦਿਖਾਈ ਗਈ ਹੈ। ਇਨ੍ਹਾਂ ਵਿੱਚੋਂ 48 ਨਾਮ ਛੇ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਹਨ।

ਬੀਬੀਸੀ ਵੈਰੀਫਾਈ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ। ਪਰ ਸੂਚੀ ਵਿੱਚ ਘੱਟੋ-ਘੱਟ ਤਿੰਨ ਨਾਮ ਇੱਕ ਹੋਰ ਵੀਡੀਓ ਵਿੱਚ ਵੀ ਦਿੱਸਦੇ ਹਨ, ਜਿਸ ਵਿੱਚ ਇਹ ਨਾਮ ਤਾਬੂਤਾਂ ‘ਤੇ ਲਿਖੇ ਹੋਏ ਹਨ।

ਤਸਵੀਰਾਂ ਵਿੱਚ ਬਾਡੀ ਬੈਗ ਦੇ ਅੰਦਰ ਤਿੰਨ ਬੱਚੇ ਵੀ ਦਿੱਸਦੇ ਹਨ।

ਅਮਰੀਕਾ ਅਧਾਰਿਤ ਮਨੁੱਖੀ ਅਧਿਕਾਰ ਨਿਊਜ਼ ਏਜੰਸੀ (ਹਰਾਨਾ) ਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1,114 ਈਰਾਨੀ ਨਾਗਰਿਕਾਂ ਦੀ ਮੌਤ ਦਾ ਰਿਕਾਰਡ ਬਣਾਇਆ ਹੈ, ਜਿਸ ਵਿੱਚ 183 ਬੱਚੇ ਸ਼ਾਮਲ ਹਨ।

ਕੁਝ ਦਿਨਾਂ ਬਾਅਦ, ਈਰਾਨੀ ਸਰਕਾਰੀ ਮੀਡੀਆ ਨੇ ਜਨਾਜ਼ੇ ਦੇ ਜੁਲੂਸ ਦਾ ਵੀਡੀਓ ਦਿਖਾਇਆ, ਜਿਸ ਵਿੱਚ ਸੜਕਾਂ ‘ਤੇ ਹਜ਼ਾਰਾਂ ਲੋਕਾਂ ਦੀ ਕਤਾਰ ਨਜ਼ਰ ਆਈ। ਮਰਦਾਂ ਨੂੰ ਤਾਬੂਤ ਚੁੱਕੇ ਹੋਏ ਦੇਖਿਆ ਜਾ ਸਕਦਾ ਹੈ – ਜਿਨ੍ਹਾਂ ਵਿੱਚੋਂ ਕੁਝ ਬੱਚਿਆਂ ਦੇ ਆਕਾਰ ਦੇ ਹਨ – ਜਿਨ੍ਹਾਂ ‘ਤੇ ਇਸਲਾਮਿਕ ਰਿਪਬਲਿਕ ਦਾ ਝੰਡਾ ਲਪੇਟਿਆ ਹੋਇਆ ਹੈ। ਮਹਿਲਾਵਾਂ ਦੀ ਭੀੜ ਨੇ ਮੁੰਡਿਆਂ ਅਤੇ ਕੁੜੀਆਂ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ।

ਆਈਆਰ ਜੀਸੀ ਨਾਲ ਜੁੜੀ ਅਰਧ-ਸਰਕਾਰੀ ਨਿਊਜ਼ ਏਜੰਸੀ ਤਸਨੀਮ ਨੇ ਇੱਕ ਤਸਵੀਰ ਪ੍ਰਕਾਸ਼ਿਤ ਕੀਤੀ ਅਤੇ ਕਿਹਾ ਕਿ ਹਮਲੇ ਵਿੱਚ 14 ਸਕੂਲ ਅਧਿਆਪਕ ਮਾਰੇ ਗਏ ਸਨ।

ਐਡੀਸ਼ਨਲ ਰਿਪੋਰਟਿੰਗ – ਪੌਲ ਬ੍ਰਾਊਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI