Source :- BBC PUNJABI

ਤਸਵੀਰ ਸਰੋਤ, Getty Images
ਪਿਛਲੇ ਹਫ਼ਤੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ‘ਚ 26 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਗੈਰ-ਫੌਜੀ ਪਾਬੰਦੀਆਂ ਬਾਰੇ ਸਰਕਾਰੀ ਪੱਧਰ ‘ਤੇ ਐਲਾਨ ਕੀਤੇ ਗਏ ਤਾਂ ਕਸ਼ਮੀਰ ਦੇ ਲੋਕਾਂ ਵਿੱਚ ਲਹਿਰ ਦੌੜ ਗਈ ਕਿ ਸ਼ਾਇਦ ਸਥਿਤੀ ਹੋਰ ਖਰਾਬ ਨਹੀਂ ਹੋਵੇਗੀ।
ਪਰ ਪਿਛਲੀਆਂ ਦੋ ਰਾਤਾਂ ਤੋਂ ਕਸ਼ਮੀਰ ਵਿੱਚ ਜਾਰੀ ਭਾਰੀ ਗੋਲੀਬਾਰੀ ਨੇ ਦੋਵੇਂ ਪਾਸੇ ਲੋਕਾਂ ਨੂੰ ਪੂਰੀ ਰਾਤ ਜਾਗਣ ‘ਤੇ ਮਜਬੂਰ ਕਰ ਦਿੱਤਾ ਹੈ।
ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਊਰੀ ਸੈਕਟਰ ਵਿੱਚ ਟੂਟਮਾਰ ਗਲੀ ਚੌਕੀ ਦੇ ਨੇੜੇ ਕੰਟਰੋਲ ਰੇਖਾ ‘ਤੇ ਅਤੇ ਪਾਕਿਸਤਾਨ ਵੱਲ ਲਿਪਾ ਸੈਕਟਰ ਵਿੱਚ ਗੋਲੀਬਾਰੀ ਜਾਰੀ ਰਹੀ ਪਰ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਅਹਿਸਾਨ-ਉਲ-ਹੱਕ ਸ਼ਮੀ ਪਾਕਿਸਤਾਨ ਪ੍ਰਸ਼ਾਸਿਤ ਲਿਪਾ ਘਾਟੀ ਦੇ ਵਾਸੀ ਹਨ, ਜਿਸ ਦੀ ਆਬਾਦੀ ਕਰੀਬ 40 ਹਜ਼ਾਰ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਉਥੇ ਵਕਾਲਤ ਕਰਦੇ ਹਨ। ਉਨ੍ਹਾਂ ਦਾ ਘਰ ਕੰਟਰੋਲ ਰੇਖਾ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ।
2019 ਵਿੱਚ ਪਾਕਿਸਤਾਨੀ ਅਤੇ ਭਾਰਤੀ ਫੌਜਾਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਉਨ੍ਹਾਂ ਦਾ ਘਰ ਨੁਕਸਾਨਿਆ ਗਿਆ ਸੀ। ਇਸ ਤੋਂ ਪਹਿਲਾਂ ਵੀ 2002 ਤੇ 1998 ਵਿੱਚ ਉਨ੍ਹਾਂ ਦਾ ਘਰ ਨੁਕਸਾਨਿਆ ਗਿਆ ਸੀ।
ਵਕੀਲ ਅਹਿਸਾਨ-ਉਲ-ਹੱਕ ਸ਼ਮੀ ਕਹਿੰਦੇ ਹਨ ਕਿ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਪਿਛਲੀਆਂ ਦੋ ਰਾਤਾਂ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਫੌਜਾਂ ਵਿੱਚ ਗੋਲੀਬਾਰੀ ਹੋ ਰਹੀ ਹੈ।
ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਦੋਵੇਂ ਫੌਜਾਂ ਵਿਚਾਲੇ ਸਾਢੇ ਬਾਰ੍ਹਾਂ ਵਜੇ ਗੋਲੀਬਾਰੀ ਸ਼ੁਰੂ ਹੋਈ ਅਤੇ ਸਵੇਰੇ ਪੰਜ ਵਜੇ ਤੱਕ ਜਾਰੀ ਰਹੀ।
ਫਿਰ ਸ਼ਨਿਚਰਵਾਰ ਦੀ ਰਾਤ ਨੂੰ ਗੋਲੀਬਾਰੀ ਫਿਰ ਸ਼ੁਰੂ ਹੋਈ। ਗੋਲੀਬਾਰੀ 10 ਵਜੇ ਸ਼ੁਰੂ ਹੋਈ ਅਤੇ ਸਵੇਰੇ ਪੰਜ ਵਜੇ ਤੱਕ ਜਾਰੀ ਰਹੀ ਪਰ ਇਸ ਦੌਰਾਨ ਆਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਵਾਲੇ ਪਾਸੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਸਭ ਤੋਂ ਸੰਵੇਦਨਸ਼ੀਲ ਇਲਾਕੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੁੱਲ੍ਹਾ ਜ਼ਿਲ੍ਹੇ ਹਨ। ਸ਼ੁੱਕਰਵਾਰ ਨੂੰ ਕੁਪਵਾੜਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਆਦੇਸ਼ ਵਿੱਚ ਕਿਹਾ ਸੀ ਕਿ ਕੁਪਵਾੜਾ ਵਿੱਚ ਕੰਟਰੋਲ ਰੇਖਾ ਦੇ ਨੇੜਲੇ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।
“ਰੱਬ ਨਾ ਕਰੇ ਕੁਝ ਹੋਵੇ ਪਰ ਜੋ ਹਾਲਾਤ ਹਨ, ਕੁਝ ਵੀ ਹੋ ਸਕਦਾ”

ਕੁਪਵਾੜਾ ਵਿੱਚ ਹਾਲੇ ਤੱਕ ਸਰਹੱਦ ਪਾਰ ਤੋਂ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਹੋਈ ਹੈ, ਪਰ ਕੰਟਰੋਲ ਰੇਖਾ ਦੇ ਬੇਹੱਦ ਕਰੀਬ ਰਹਿਣ ਵਾਲੇ ਵਸਨੀਕਾਂ ਵਿੱਚ ਡਰ ਅਤੇ ਦਹਿਸ਼ਤ ਦੀ ਲਹਿਰ ਫੈਲ ਗਈ ਹੈ ਅਤੇ ਕੁਪਵਾੜਾ ਦੇ ਕਰਨਾਹ ਸੈਕਟਰ ਵਿੱਚ ਲੋਕਾਂ ਨੇ ਆਪਣੇ ਖਰਚੇ ‘ਤੇ ਭੂਮੀਗਤ ਬੰਕਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਕਰਨਾਹ ਵਾਸੀ ਪੀਰਜ਼ਾਦਾ ਸਾਈਅਦ ਉਨ੍ਹਾਂ ਦਰਜਨਾਂ ਵਸਨੀਕਾਂ ਵਿੱਚੋਂ ਹਨ, ਜਿਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਵਧਣ ਤੋਂ ਬਾਅਦ ਆਪਣੇ ਘਰ ਵਿੱਚ ਇੱਕ ਮਜ਼ਬੂਤ ਬੰਕਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਕਿਹਾ, “ਅਸੀਂ ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦੇ ਨਤੀਜੇ ਦੇਖੇ ਹਨ, ਜਿਸ ਵਿੱਚ ਜਾਨਾਂ ਗਈਆਂ ਹਨ। ਪਿਛਲੇ ਸਮੇਂ ਵਿੱਚ ਖੇਤੀਬਾੜੀ ਦੀ ਘਾਟ ਕਾਰਨ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਹੈ। ਰੱਬ ਨਾ ਕਰੇ ਕੁਝ ਹੋਵੇ, ਪਰ ਜਿਹੋ ਜਿਹੇ ਹਾਲਾਤ ਹਨ ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ, ਇਸ ਲਈ ਅਸੀਂ ਇਹ ਬੰਕਰ ਬਣਾ ਰਹੇ ਹਾਂ ਤਾਂ ਕਿ ਜੇ ਕੁਝ ਵੀ ਹੋ ਤਾਂ ਲੋਕ ਇਸ ਵਿੱਚ ਸ਼ਰਣ ਲੈ ਸਕਣ।”
ਕੁਪਵਾੜਾ ਦੇ ਕਈ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉੱਚ ਪੱਧਰ ਦੀ ਫੌਜ ਗਤੀਵਿਧੀ ਅਤੇ ਰਾਤ ਵਿੱਚ ਅਸਮਾਨ ‘ਚ ਜੈੱਟ ਬੰਬਾਰਾਂ ਦੀ ਗੂੰਜ ਤੋਂ ਉਹ ਡਰੇ ਹੋਏ ਹਨ।
ਕੁਪਵਾੜਾ ਵਿੱਚ ਐੱਲਓਸੀ ਦੀ ਲਗਭਗ ਜ਼ੀਰੋ ਲਾਈਨ ‘ਤੇ ਸਥਿਤ ਟੋਡ ਪਿੰਡ ਦੇ ਇੱਕ ਵਾਸੀ ਨੇ ਕਿਹਾ, “2017 ਵਿੱਚ ਗੋਲੀਬਾਰੀ ਹੋਈ ਸੀ ਅਤੇ ਇੱਕ ਗੋਲਾ ਸਾਡੇ ਇੱਕ ਰਿਸ਼ਤੇਦਾਰ ਦੇ ਘਰ ਉੱਤੇ ਡਿੱਗਿਆ ਅਤੇ ਉਹ ਮਾਰਿਆ ਗਿਆ। ਪਰ 2021 ਵਿੱਚ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਜੰਗਬੰਦੀ ਸਮਝੌਤੇ ਨੂੰ ਸਖਤੀ ਨਾਲ ਲਾਗੂ ਕਰਨ ‘ਤੇ ਸਹਿਮਤੀ ਪ੍ਰਗਟਾਈ ਤਾਂ ਪਿਛਲੇ ਚਾਰ ਸਾਲਾਂ ਤੋਂ ਜੀਵਨ ਸ਼ਾਂਤੀਪੂਰਨ ਸੀ। ਖੇਤੀ ਹੋ ਰਹੀ ਸੀ, ਬੱਚੇ ਸਕੂਲ ਜਾ ਰਹੇ ਸੀ, ਵਪਾਰ ਚੱਲ ਰਿਹਾ ਸੀ ਪਰ ਹੁਣ ਮੈਨੂੰ ਡਰ ਹੈ ਕਿ ਪਹਿਲਾਂ ਵਰਗੀ ਸਥਿਤੀ ਫਿਰ ਨਾ ਪੈਦਾ ਹੋ ਜਾਵੇ।”
ਪੀਰਜਾਦਾ ਸਾਈਅਦ ਕਹਿੰਦੇ ਹਨ, “ਦੋ ਦਿਨ ਪਹਿਲਾਂ ਨੰਬਰ ਕੀਪਰ ਨੇ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਬੰਕਰਾਂ ਨੂੰ ਸਾਫ਼ ਕਰਨ ਅਤੇ ਉਨ੍ਹਾਂ ਦੇ ਆਸਪਾਸ ਦੇ ਘਾਹ ਅਤੇ ਲੱਕੜ ਦੀਆਂ ਵਸਤੂਆਂ ਨੂੰ ਹਟਾ ਦੇਣ। ਇਸ ਐਲਾਨ ਤੋਂ ਇਥੇ ਹਰ ਕੋਈ ਹੈਰਾਨ ਹੈ ਪਰ ਜਾਨ ਬਚਾਉਣੀ ਹੈ, ਇਸ ਲਈ ਲੋਕ ਬੰਕਰਾਂ ਦੀ ਸਫਾਈ ਅਤੇ ਉਨ੍ਹਾਂ ਨੂੰ ਫਿਰ ਤੋਂ ਬਣਾਉਣ ਵਿੱਚ ਲੱਗ ਗਏ ਹਨ।
ਬੰਕਰਾਂ ਦੀ ਹੋਣ ਲੱਗੀ ਸਫ਼ਾਈ

ਤਸਵੀਰ ਸਰੋਤ, Getty Images
ਅਹਿਸਾਨ-ਉਲ-ਹੱਕ ਸ਼ਮੀ ਕਹਿੰਦੇ ਹਨ, “ਜਦੋਂ ਵੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਪੈਦਾ ਹੁੰਦਾ ਹੈ ਤਾਂ ਕੰਟਰੋਲ ਰੇਖਾ ‘ਤੇ ਰਹਿਣ ਵਾਲੇ ਨਾਗਰਿਕਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਦੋਵੇਂ ਫੌਜਾਂ ਵਿਚਾਲੇ ਗੋਲੀਬਾਰੀ ਨਾ ਹੋ ਜਾਵੇ ਅਤੇ ਇਹ ਗੋਲੀਬਾਰੀ ਆਮ ਤੌਰ ‘ਤੇ ਆਮ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਂਦੀ ਹੈ।”
ਉਨ੍ਹਾਂ ਨੇ ਕਿਹਾ ਕਿ ਹਾਲੀਆ ਤਣਾਅ ਤੋਂ ਬਾਅਦ ਵੀ ਅਸੀਂ ਹਰ ਰਾਤ ਇਹੀ ਸੋਚ ਰਹੇ ਸੀ ਕਿ ਹੁਣ ਗੋਲੀਬਾਰੀ ਸ਼ੁਰੂ ਹੋ ਜਾਵੇਗੀ ਅਤੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਰਾਤ ਅਜਿਹਾ ਹੀ ਹੋਇਆ।
ਅਹਿਸਾਨ-ਉਲ-ਹੱਕ ਨੇ ਕਿਹਾ, “ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਰਾਤ ਨੂੰ ਸ਼ੁਰੂ ਹੋਈ ਗੋਲੀਬਾਰੀ ਨੂੰ ਅਸੀਂ ਅਚਾਨਕ ਹੀ ਕਹਿ ਸਕਦੇ ਹਾਂ। ਰਾਤ ਦੇ ਕਰੀਬ 12 ਵੱਜੇ ਸੀ। ਪਰਿਵਾਰ ਤੇ ਬੱਚੇ ਸੌ ਰਹੇ ਸਨ। ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਬੰਕਰ ਵਿੱਚ ਸ਼ਿਫਟ ਕੀਤਾ, ਜੋ ਬਜ਼ੁਰਗ ਹਨ ਅਤੇ ਤੁਰ ਵੀ ਨਹੀਂ ਸਕਦੇ।”
ਉਨ੍ਹਾਂ ਦੱਸਿਆ ਕਿ ਸਾਡੇ ਇਲਾਕੇ ਵਿੱਚ ਲਗਭਗ ਸਾਰੇ ਲੋਕਾਂ ਦੇ ਘਰਾਂ ਵਿੱਚ ਭੂਮੀਗਤ ਬੰਕਰ ਬਣੇ ਹੋਏ ਹਨ। ਇਹ ਬੰਕਰ ਆਮ ਤੌਰ ‘ਤੇ ਘਰਾਂ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ।
“ਪਰ ਜਦੋਂ ਹਾਲ ਹੀ ਵਿੱਚ ਤਣਾਅ ਪੈਦਾ ਹੋਇਆ ਤਾਂ ਮੈਂ ਬੰਕਰ ਆਦਿ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ। ਜਦੋਂ ਗੋਲੀਬਾਰੀ ਹੋਈ ਤਾਂ ਸਾਡਾ ਬੰਕਰ ਇਸਤੇਮਾਲ ਕਰਨ ਦੇ ਲਾਇਕ ਸੀ।”
‘ਰਾਤ ਨੂੰ ਸੌਣਾ ਸੰਭਵ ਨਹੀਂ ਹੈ’

ਤਸਵੀਰ ਸਰੋਤ, Courtesy Ehsan ul haq
ਅਹਿਸਾਨ-ਉਲ-ਹੱਕ ਕਹਿੰਦੇ ਹਨ, “ਘਰ ਵਿੱਚ ਬਣੇ ਇਹ ਬੰਕਰ ਮਜ਼ਬੂਤ ਹੁੰਦੇ ਹਨ ਪਰ ਤਜਰਬਾ ਕਹਿੰਦਾ ਹੈ ਕਿ ਇਹ ਕਿਸੇ ਵੀ ਗੋਲੀ ਜਾਂ ਭਾਰੀ ਹਥਿਆਰ ਦੇ ਗੋਲੇ ਤੋਂ ਸੁਰੱਖਿਆ ਕਰਦਾ ਹੈ ਪਰ ਜਦੋਂ ਕਿਸੇ ਭਾਰੀ ਹਥਿਆਰ ਤੋਂ ਨਿਕਲੀ ਗੋਲੀ ਸਿੱਧਾ ਬੰਕਰ ‘ਤੇ ਡਿੱਗਦੀ ਹੈ ਤਾਂ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ ਅਤੇ ਇਸ ਨਾਲ ਬੰਕਰ ਨੂੰ ਵੀ ਨੁਕਸਾਨ ਹੋ ਸਕਦਾ ਹੈ।”
ਅਹਿਸਾਨ-ਉਲ-ਹੱਕ ਨੇ ਕਿਹਾ, “ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ, ਉਹ 2002 ਅਤੇ 1999 ਵਿੱਚ ਵੀ ਨੁਕਸਾਨਿਆ ਗਿਆ ਸੀ। ਅਸੀਂ ਕੰਟਰੋਲ ਰੇਖਾ ਦੇ ਬਿਲਕੁਲ ਨਾਲ ਹਾਂ। ਜਿਸ ਕਾਰਨ ਡਰ ਬਣਿਆ ਰਹਿੰਦਾ ਸੀ ਕਿ ਜੇਕਰ ਕਦੇ ਆਬਾਦੀ ਵੱਲ ਕੋਈ ਗੋਲੀਬਾਰੀ ਹੋਈ ਤਾਂ ਅਸੀਂ ਪ੍ਰਭਾਵਿਤ ਹੋ ਸਕਦੇ ਹਾਂ। ਵੈਸੇ ਵੀ, ਜੇਕਰ ਗੋਲੀਬਾਰੀ ਹੁੰਦੀ ਹੈ, ਤਾਂ ਕਿਸੇ ਲਈ ਸੌਣਾ ਸੰਭਵ ਨਹੀਂ ਹੈ।”
ਉਨ੍ਹਾਂ ਕਿਹਾ, “ਲਗਭਗ ਸਾਰਾ ਇਲਾਕਾ ਸਾਰੀ ਰਾਤ ਜਾਗਦਾ ਰਿਹਾ। ਉਹ ਇੱਕ ਦੂਜੇ ਦਾ ਹਾਲ-ਚਾਲ ਪੁੱਛ ਰਹੇ ਸਨ। ਸਾਡੇ ਕੋਲ ਸਿਰਫ਼ ਇਹੀ ਜਾਣਕਾਰੀ ਹੈ ਕਿ ਹੁਣ ਤੱਕ ਇਸ ਗੋਲੀਬਾਰੀ ਵਿੱਚ ਕਿਸੇ ਆਮ ਨਾਗਰਿਕ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।”
‘ਬੰਕਰ ਪੰਜ ਸਾਲ ਪਹਿਲਾਂ ਬਣਾਏ ਗਏ ਸਨ ਪਰ ਹੁਣ ਇਹ ਰਹਿਣ ਲਾਇਕ ਨਹੀਂ ਹਨ’

ਊਰੀ ਸੈਕਟਰ ਵਿੱਚ ਵੀ ਲੋਕ ਖਤਰਿਆਂ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ। ਸੈਕਟਰ ਦੇ ਭਟਗਰਾਨ ਅਤੇ ਚੁਰੰਡਾ ਇਲਾਕਿਆਂ ਵਿੱਚ ਭਾਰਤੀ ਰੱਖਿਆ ਮੰਤਰਾਲਾ ਦੇ ਫੰਡਾਂ ਨਾਲ 16 ਬੰਕਰ ਬਣਾਏ ਗਏ ਹਨ ਪਰ ਸਥਾਨਕ ਵਾਸੀਆਂ ਦੀ ਸ਼ਿਕਾਇਤ ਹੈ ਕਿ ਇਨ੍ਹਾਂ ਬੰਕਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਹੂਲਤ ਨਹੀਂ ਹੈ।
ਭਟਗਰਾਨ ਦੇ ਵਾਸੀ ਮੁਹੰਮਦ ਕੁੱਦੂਸ ਕਹਿੰਦੇ ਹਨ, “ਕੁਝ ਲੋਕਾਂ ਨੇ ਆਪਣੇ ਖਰਚਿਆਂ ਉਪਰ ਬੰਕਰ ਬਣਾਏ ਵੀ ਹਨ ਪਰ ਗਰੀਬ ਕਿਥੇ ਜਾਣ? ਹੁਣ ਅਸੀਂ ਇਨ੍ਹਾਂ ਬੰਕਰਾਂ ਦੀ ਸਫ਼ਾਈ ਕਰਾਂਗੇ, ਪਰਮਾਤਮਾ ਦੀ ਮਰਜ਼ੀ ਨਾਲ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਠੀਕ ਹੋ ਜਾਵੇਗਾ। ਜੰਗਬੰਦੀ ਬਾਅਦ ਜੀਵਨ ਆਸਾਨ ਹੋ ਗਿਆ ਹੈ।”
ਧਿਆਨ ਰਹੇ ਕਿ ਨਵੰਬਰ 2003 ਵਿੱਚ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਚਾਲੇ ਕੰਟਰੋਲ ਰੇਖਾ ‘ਤੇ ਜੰਗਬੰਦੀ ਸਮਝੌਤਾ ਹੋਇਆ ਸੀ ਪਰ ਦੋਵੇਂ ਦੇਸ਼ਾਂ ਦੀਆਂ ਫੌਜਾਂ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੀਆਂ।
ਪਰ 2020 ਵਿੱਚ ਜਦੋਂ ਲੱਦਾਖ ਵਿੱਚ ਚੀਨੀ ਸਰਹੱਦ ‘ਤੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਤਣਾਅ ਪੈਦਾ ਹੋਇਆ ਤਾਂ ਭਾਰਤ ਨੇ ਕਸ਼ਮੀਰ ਘਾਟੀ ਤੋਂ ਵੱਡੀ ਗਿਣਤੀ ਸੈਨਿਕਾਂ ਨੂੰ ਲੱਦਾਖ ਭੇਜਿਆ ਗਿਆ।
ਕੁਝ ਮਹੀਨਿਆਂ ਬਾਅਦ ਫਰਵਰੀ 2021 ਵਿੱਚ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਵਿਚਾਲੇ ਪਹਿਲਾਂ ਤੋਂ ਸਹਿਮਤ ਜੰਗਬੰਦੀ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਲਈ ਇੱਕ ਹੋਰ ਸਮਝੌਤਾ ਹੋਇਆ।
ਪਹਿਲਗਾਮ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਐੱਲਓਸੀ ‘ਤੇ ਸਰਹੱਦ ਪਾਰ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਦਿੰਦੀਆਂ ਹਨ ਕਿ ਜੰਗਬੰਦੀ ਸਮਝੌਤਾ ਪ੍ਰਭਾਵੀ ਰੂਪ ਤੋਂ ਟੁੱਟ ਗਿਆ ਹੈ।
‘ਲਿਪਾ ਸੈਕਟਰ ਦੇ ਲੋਕ ਇਲਾਕਾ ਨਹੀਂ ਛੱਡਦੇ’

ਤਸਵੀਰ ਸਰੋਤ, Courtesy Ehsan
ਜਿਹਲਮ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਸ਼ੀਰ ਆਲਮ ਅਵਾਨ ਨੇ ਕਿਹਾ ਕਿ ਲੀਪਾ ਖੇਤਰ ਵਿੱਚ ਵਿਆਪਕ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਸਭ ਤੋਂ ਮਾੜੀਆਂ ਸਥਿਤੀਆਂ ਵਿੱਚ ਵੀ ਕਦੇ ਵੀ ਅਨਾਜ ਦੀ ਕਮੀ ਨਹੀਂ ਹੋਈ ਕਿਉਂਕਿ ਲੋਕਾਂ ਕੋਲ ਆਪਣਾ ਅਨਾਜ ਹੁੰਦਾ ਹੈ ਅਤੇ ਬਾਕੀ ਜ਼ਰੂਰਤਾਂ ਦੀਆਂ ਚੀਜ਼ਾਂ ਉਥੋਂ ਹੀ ਆਉਂਦੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ “ਪਿਛਲੀ ਗੋਲੀਬਾਰੀ ਕਾਰਨ ਲੀਪਾ ਸੈਕਟਰ ਵਿੱਚ ਬਹੁਤ ਨੁਕਸਾਨ ਹੋਇਆ ਸੀ। ਇੱਥੇ ਆਖਰੀ ਗੋਲੀਬਾਰੀ 2019 ਵਿੱਚ ਹੋਈ ਸੀ। ਉਹ ਬਹੁਤ ਹੀ ਤੇਜ਼ ਗੋਲੀਬਾਰੀ ਸੀ। ਉਸ ਗੋਲੀਬਾਰੀ ਵਿੱਚ ਆਬਾਦੀ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਸੀ, ਜਦੋਂ ਕਿ ਦੋ ਰਾਤਾਂ ਤੋਂ ਚੱਲ ਰਹੀ ਗੋਲੀਬਾਰੀ ਵਿੱਚ ਆਬਾਦੀ ਨੂੰ ਅਜੇ ਤੱਕ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।”
ਬਸ਼ੀਰ ਆਲਮ ਅਵਾਨ ਨੇ ਕਿਹਾ ਕਿ ਜਾਨ-ਮਾਲ ਦਾ ਨੁਕਸਾਨ ਪਹਿਲਾਂ ਵੀ ਹੋਇਆ ਹੈ। ਪਰ ਇਸ ਦੇ ਬਾਵਜੂਦ ਇਸ ਇਲਾਕੇ ਤੋਂ ਕੋਈ ਬਾਹਰ ਨਹੀਂ ਗਿਆ। ਕੁਝ ਲੋਕ ਔਰਤਾਂ ਅਤੇ ਬਿਮਾਰ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਲੈ ਜਾਂਦੇ ਹਨ ਪਰ ਆਦਮੀ ਆਪਣਾ ਇਲਾਕਾ ਨਹੀਂ ਛੱਡਦੇ। ਉਨ੍ਹਾਂ ਨੇ ਕਿਹਾ ਕਿ ਲਿਪਾ ਘਾਟੀ ਵਿੱਚ ਇੱਕ ਸਰਕਾਰੀ ਯੋਜਨਾ ਤਹਿਤ ਲਗਭਗ ਹਰ ਘਰ ਜਾਂ ਦੋ ਜਾਂ ਤਿੰਨ ਘਰਾਂ ਨੂੰ ਮਿਲਾ ਕੇ ਬੰਕਰ ਬਣਾ ਦਿੱਤਾ ਜਾਂਦਾ ਹੈ।
ਬਸ਼ੀਰ ਆਲਮ ਅਵਾਨ ਨੇ ਕਿਹਾ ਕਿ ਲਿਪਾ ਘਾਟੀ ਦੇ ਬਹੁਤ ਸਾਰੇ ਲੋਕਾਂ ਦੇ ਰਿਸ਼ਤੇਦਾਰ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਹਨ। ਜੇਕਰ ਦੋਵਾਂ ਦੇਸ਼ਾਂ ਵਿਚਕਾਰ ਗੋਲੀਬਾਰੀ ਨਹੀਂ ਹੁੰਦੀ ਤਾਂ ਲਿਪਾ ਸੈਕਟਰ ਵਿੱਚ ਸਥਿਤੀ ਸ਼ਾਂਤੀਪੂਰਨ ਰਹਿੰਦੀ ਹੈ।

ਬਸ਼ੀਰ ਆਲਮ ਅਵਾਨ ਨੇ ਕਿਹਾ ਕਿ ਪਹਿਲਾਂ ਲਿਪਾ ਘਾਟੀ ਵਿੱਚ ਸੜਕ ਕੱਚੀ ਸੀ ਪਰ ਜਦੋਂ 2022 ਵਿੱਚ ਸੜਕ ਨੂੰ ਬਣਾਇਆ ਗਿਆ ਤਾਂ ਇਸ ਖੇਤਰ ਵਿੱਚ ਸੈਰ-ਸਪਾਟੇ ਦਾ ਰੁਝਾਨ ਵਧਿਆ। ਸਥਾਨਕ ਲੋਕਾਂ ਨੇ ਸੈਰ-ਸਪਾਟੇ ਵਿੱਚ ਵੀ ਨਿਵੇਸ਼ ਕੀਤਾ ਹੈ। ਇਸ ਇਲਾਕੇ ਵਿੱਚ ਘੱਟੋ-ਘੱਟ ਤੀਹ ਨਵੇਂ ਹੋਟਲ, ਰੈਸਟੋਰੈਂਟ ਅਤੇ ਗੈਸਟ ਹਾਊਸ ਬਣਾਏ ਗਏ ਹਨ। ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਏ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸੈਰ-ਸਪਾਟੇ ਨੂੰ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾਇਆ ਹੈ। ਹੁਣ ਜਦੋਂ ਗੋਲੀਬਾਰੀ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ ਤਾਂ ਇਲਾਕੇ ਵਿੱਚ ਸੈਲਾਨੀਆਂ ਦੇ ਨਾ ਆਉਣ ਦਾ ਡਰ ਹੈ।
ਇਸ ਨਾਲ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਲੋਕਾਂ ਨੂੰ ਡਰ ਹੈ ਕਿ ਇਹ ਗੋਲੀਬਾਰੀ ਇੱਕ ਵੱਡੀ ਜੰਗ ਵਿੱਚ ਬਦਲ ਸਕਦੀ ਹੈ ਅਤੇ ਆਬਾਦੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਐੱਲਓਸੀ: ਦੁਨੀਆਂ ਦੀ ਸਭ ਤੋਂ ਖਤਰਨਾਕ ਸਰਹੱਦ

ਇਹ ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਦੀ ਕੁੱਲ ਦੂਰੀ 3323 ਕਿਲੋਮੀਟਰ ਹੈ, ਜਿਸ ਵਿੱਚੋਂ ਜੰਮੂ-ਕਸ਼ਮੀਰ ਵਿੱਚ 744 ਕਿਲੋਮੀਟਰ ਲੰਬੀ ਅਤੇ 34 ਕਿਲੋਮੀਟਰ ਚੌੜੀ ਸਰਹੱਦ ਦੁਨੀਆ ਦੀ ਸਭ ਤੋਂ ਖਤਰਨਾਕ ਅਸਥਾਈ ਸਰਹੱਦ ਹੈ। ਇਸ ਨੂੰ 1949 ਵਿੱਚ ਸੰਯੁਕਤ ਰਾਸ਼ਟਰ ਨੇ ਜੰਗਬੰਦੀ ਰੇਖਾ ਐਲਾਨ ਦਿੱਤਾ ਸੀ, ਪਰ ਸ਼ਿਮਲਾ ਸਮਝੌਤੇ ਦੇ ਤਹਿਤ ਹੁਣ ਦੋਵੇਂ ਦੇਸ਼ ਇਸ ਨੂੰ ਕੰਟਰੋਲ ਰੇਖਾ ਜਾਂ ਐੱਲਓਸੀ ਕਹਿੰਦੇ ਹਨ।
ਭਾਰਤ ਇਸ ਲਾਈਨ ਨੂੰ ਜੰਮੂ, ਸਾਂਬਾ, ਕਠੂਆ ਅਤੇ ਜੰਮੂ ਜ਼ਿਲ੍ਹਿਆਂ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦ ਕਹਿੰਦਾ ਹੈ, ਜਦੋਂਕਿ ਪਾਕਿਸਤਾਨ ਇਸ ਨੂੰ ਵਰਕਿੰਗ ਬਾਊਂਡਰੀ ਕਹਿੰਦਾ ਹੈ।
ਜੰਮੂ ਦੇ ਸਾਂਬਾ, ਕਠੂਆ, ਜੰਮੂ, ਆਰਐੱਸ ਪੁਰਾ, ਰਾਜੌਰੀ ਅਤੇ ਪੁੰਛ ਵਿੱਚ ਹਾਲ ਹੀ ‘ਚ ਹੋਏ ਜੰਗਬੰਦੀ ਸਮਝੌਤੇ ਤੋਂ ਪਹਿਲਾਂ ਭਾਰਤ ਸਰਕਾਰ ਨੇ ਕੰਟਰੋਲ ਰੇਖਾ ਦੇ ਕੋਲ ਰਹਿਣ ਵਾਲੀਆਂ ਬਸਤੀਆਂ ਵਿੱਚ 19,000 ਤੋਂ ਵੱਧ ਮਜ਼ਬੂਤ ਭੂਮੀਗਤ ਬੰਕਰ ਬਣਾਏ ਸਨ।
ਆਰਐੱਸ ਪੁਰਾ ਦੇ ਵਾਸੀ ਕਿਟੂ ਮਹਾਰਾਜ ਨੇ ਕਿਹਾ, “ਇਥੇ ਇੰਨਾ ਤਣਾਅ ਹੈ ਕਿ ਲੋਕ ਆਪਣਾ ਸਾਰਾ ਕੰਮ ਛੱਡ ਕੇ ਬੰਕਰਾਂ ਦੀ ਸਫਾਈ ਵਿੱਚ ਜੁਟੇ ਹੋਏ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI