Home ਰਾਸ਼ਟਰੀ ਖ਼ਬਰਾਂ ਕ੍ਰੈਡਿਟ ਕਾਰਡ ‘ਤੇ ਵਿਆਜ਼ ਦਰਾਂ ਇੰਨੀਆਂ ਜ਼ਿਆਦਾ ਕਿਉਂ ਹੁੰਦੀਆਂ ਹਨ? ਕ੍ਰੈਡਿਟ ਕਾਰਡ...

ਕ੍ਰੈਡਿਟ ਕਾਰਡ ‘ਤੇ ਵਿਆਜ਼ ਦਰਾਂ ਇੰਨੀਆਂ ਜ਼ਿਆਦਾ ਕਿਉਂ ਹੁੰਦੀਆਂ ਹਨ? ਕ੍ਰੈਡਿਟ ਕਾਰਡ ਦਾ ਕਿਵੇਂ ਇਸਤੇਮਾਲ ਕਰਕੇ ਵਿਆਜ ਤੋਂ ਬਚਿਆ ਜਾ ਸਕਦਾ?

7
0

Source :- BBC PUNJABI

ਇੱਕ ਜੋੜਾ ਕ੍ਰੈਡਿਟ ਕਾਰਡ ਤੇ ਫੋਨ ਦੇਖ ਕੇ ਹੈਰਾਨ ਹੁੰਦੇ ਹੋਏ

ਤਸਵੀਰ ਸਰੋਤ, Getty Images

4 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 7 ਮਿੰਟ

ਭਾਜਪਾ ਸਾਂਸਦ ਦੱਗੁਬਤੀ ਪੁਰੰਦੇਸ਼ਵਰੀ ਨੇ ਹਾਲ ਹੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕ੍ਰੈਡਿਟ ਕਾਰਡਾਂ ‘ਤੇ ਵਿਆਜ਼ ਦਰਾਂ ਘਟਾਉਣ ਦੀ ਮੰਗ ਕੀਤੀ।

ਨਿਰਮਲਾ ਸੀਤਾਰਮਨ ਨੂੰ ਸੌਂਪੇ ਗਏ ਇੱਕ ਬਿਆਨ ਵਿੱਚ, ਪੁਰੰਦੇਸ਼ਵਰੀ ਨੇ ਕਿਹਾ, “ਭਾਰਤ ਵਿੱਚ, ਕ੍ਰੈਡਿਟ ਕਾਰਡ ਕਰਜ਼ਿਆਂ ‘ਤੇ ਸਾਲਾਨਾ ਵਿਆਜ ਅਤੇ ਜੁਰਮਾਨੇ 24 ਤੋਂ 48 ਪ੍ਰਤੀਸ਼ਤ ਤੱਕ ਅਤੇ ਕੁਝ ਮਾਮਲਿਆਂ ਵਿੱਚ 55 ਪ੍ਰਤੀਸ਼ਤ ਤੋਂ ਵੀ ਵੱਧ ਹਨ, ਬਕਾਇਆ ਰਕਮ ‘ਤੇ ਲਗਾਇਆ ਜਾ ਰਿਹਾ ਹੈ, ਜੋ ਆਮ ਨਾਗਰਿਕ ‘ਤੇ ਭਾਰੀ ਵਿੱਤੀ ਬੋਝ ਪਾ ਰਿਹਾ ਹੈ।”

ਇਸ ਸੰਦਰਭ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਵੀ ਜ਼ਿਕਰ ਕੀਤਾ ਗਿਆ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਸੰਯੁਕਤ ਰਾਜ ਵਿੱਚ ਕ੍ਰੈਡਿਟ ਕਾਰਡ ਵਿਆਜ ਦਰਾਂ ਨੂੰ 10 ਪ੍ਰਤੀਸ਼ਤ ਤੱਕ ਸੀਮਤ ਕਰਨ ਦਾ ਮਤਾ ਰੱਖਿਆ ਹੈ।

ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਕ੍ਰੈਡਿਟ ਕਾਰਡ ਵਿਆਜ ਦਰਾਂ ਨੂੰ ਸੀਮਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪੁਰੰਦੇਸ਼ਵਰੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਵੀ ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰਾਂ ਅਤੇ ਜੁਰਮਾਨੇ ਨੂੰ ਸੀਮਤ ਕਰਨ ਦੀ ਲੋੜ ਹੈ।

ਹਾਲਾਂਕਿ, ਇਸ ਪ੍ਰਸਤਾਵ ‘ਤੇ ਬੈਂਕਿੰਗ ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ ਹਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਐਕਸਿਸ ਬੈਂਕ ਦੇ ਸਾਬਕਾ ਅਧਿਕਾਰੀ ਅਤੇ ਬੈਂਕਿੰਗ ਮਾਹਿਰ ਸੁਰੇਸ਼ ਬਾਬੂ ਨੇ ਕਿਹਾ, “ਵਿਆਜ ਦਰਾਂ ਨੂੰ ਕੰਟਰੋਲ ਕਰਨ ਨਾਲ ਗਾਹਕਾਂ ਨੂੰ ਜਾਰੀ ਕੀਤੇ ਗਏ ਕ੍ਰੈਡਿਟ ਕਾਰਡਾਂ ਦੀ ਗਿਣਤੀ ‘ਤੇ ਅਸਰ ਪਵੇਗਾ। ਨਾ ਸਿਰਫ਼ ਵਿਆਜ ਦਰ ਨੂੰ, ਸਗੋਂ ਕਾਰਡ ‘ਤੇ ਦਿੱਤੀ ਜਾਣ ਵਾਲੀ ਵੱਧ ਤੋਂ ਵੱਧ ਕਰਜ਼ਾ ਸੀਮਾ ਨੂੰ ਵੀ ਕੰਟਰੋਲ ਕਰਨਾ ਜ਼ਰੂਰੀ ਹੈ।”

ਕ੍ਰੈਡਿਟ ਕਾਰਡ ‘ਤੇ ਵਿਆਜ਼ ਦਰ ਕੀ ਹੈ?

ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਗਾਹਕਾਂ ਨੂੰ ਕ੍ਰੈਡਿਟ ਕਾਰਡ ਪੇਸ਼ ਕਰਦੀਆਂ ਹਨ। ਇਹ ਕਾਰਡ ਨਾਲ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਅਤੇ ਜੇਕਰ ਰਕਮ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਵਾਪਸ ਕਰ ਦਿੱਤੀ ਜਾਂਦੀ ਹੈ, ਤਾਂ ਕੋਈ ਵਿਆਜ ਨਹੀਂ ਲੱਗਦਾ।

ਆਮ ਤੌਰ ‘ਤੇ ਕ੍ਰੈਡਿਟ ਕਾਰਡ ਦੇ ਬਿੱਲਾਂ ਲਈ ਭੁਗਤਾਨ ਦੀ ਮਿਆਦ 15 ਤੋਂ 50 ਦਿਨ ਹੁੰਦੀ ਹੈ। ਜੇਕਰ ਇਸ ਮਿਆਦ ਦੇ ਅੰਦਰ ਪੂਰੀ ਰਕਮ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ, ਤਾਂ ਕੋਈ ਵਿਆਜ ਨਹੀਂ ਲੱਗਦਾ।

ਕ੍ਰੈਡਿਟ ਕਾਰਡਾਂ ਕਈ ਕਿਸਮਾਂ ਦੇ ਹੁੰਦੇ ਹਨ ਅਤੇ ਕਿਸਮ ਦੇ ਆਧਾਰ ‘ਤੇ ਉਨ੍ਹਾਂ ‘ਤੇ ਰਕਮ ਲੱਗਦੀ ਹੈ। ਕੁਝ ਕਾਰਡਾਂ ਦੇ ਮਾਮਲੇ ਵਿੱਚ ਵਰਤੋਂ ਦੀਆਂ ਕੁਝ ਸ਼ਰਤਾਂ ਪੂਰੀਆਂ ਹੋਣ ‘ਤੇ ਇਹ ਫੀਸਾਂ ਮੁਆਫ਼ ਕਰ ਦਿੱਤੀਆਂ ਜਾਂਦੀਆਂ ਹਨ।

ਕੁਝ ਲੋਕਾਂ ਕੋਲ ਜੀਵਨ ਭਰ ਲਈ ਮੁਫ਼ਤ ਕ੍ਰੈਡਿਟ ਕਾਰਡ ਵੀ ਹੁੰਦੇ ਹਨ।

ਜੇਕਰ ਕ੍ਰੈਡਿਟ ਕਾਰਡ ਦਾ ਬਕਾਇਆ ਨਿਰਧਾਰਤ ਸਮੇਂ ਦੇ ਅੰਦਰ ਵਾਪਸ ਨਹੀਂ ਕੀਤਾ ਜਾਂਦਾ ਹੈ, ਤਾਂ ਵਿਆਜ ਵਸੂਲਿਆ ਜਾਂਦਾ ਹੈ।

ਕ੍ਰੈਡਿਟ ਕਾਰਡ

ਤਸਵੀਰ ਸਰੋਤ, Getty Images

ਸਾਲਾਨਾ ਪ੍ਰਤੀਸ਼ਤ ਦਰ (ਏਪੀਆਰ) ਪ੍ਰਤੀ ਸਾਲ ਲਈ ਜਾਣ ਵਾਲੀ ਵਿਆਜ ਦਰ ਹੈ।

ਕੁਝ ਬੈਂਕ ਬਕਾਇਆ ਰਕਮ ‘ਤੇ 24 ਤੋਂ 40 ਪ੍ਰਤੀਸ਼ਤ ਵਿਆਜ (ਏਪੀਆਰ) ਲੈਂਦੇ ਹਨ ਜੇਕਰ ਮਾਸਿਕ ਕਿਸ਼ਤਾਂ ਜਾਂ ਪੂਰੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।

‘ਮਨੀ ਕੰਟਰੋਲ’ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੁਝ ਬੈਂਕ ਅਤੇ ਵਿੱਤੀ ਸੰਸਥਾਵਾਂ 48 ਤੋਂ 50 ਪ੍ਰਤੀਸ਼ਤ ਵਿਆਜ ਦਰਾਂ ਵਸੂਲਦੀਆਂ ਹਨ।

ਹੈਦਰਾਬਾਦ ਦੇ ਐਲਵਿਨ ਕਲੋਨੀ ਵਾਸੀ ਮਧੂਸੂਦਨ ਰੈਡੀ ਨੇ ਕਿਹਾ ਕਿ ਜੇਕਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਨਿਰਧਾਰਤ ਮਿਆਦ ਦੇ ਅੰਦਰ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਇਸ ‘ਤੇ ਉੱਚ ਦਰਾਂ ਵਸੂਲੀਆਂ ਜਾਂਦੀਆਂ ਹਨ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਿਛਲੇ ਸਾਲ, ਮੈਂ ਇੱਕ ਵਾਰ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਅਤੇ ਸਮੇਂ ਸਿਰ ਭੁਗਤਾਨ ਨਹੀਂ ਕਰ ਸਕਿਆ। ਫਿਰ ਉਨ੍ਹਾਂ ਨੇ 36 ਪ੍ਰਤੀਸ਼ਤ ਵਿਆਜ ਲਗਾ ਦਿੱਤਾ। ਇਸ ਲਈ ਮੈਂ ਡਰ ਗਿਆ ਅਤੇ ਇਸ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕਰਨ ਲਈ ਇੱਕ ਹੋਰ ਕਰਜ਼ਾ ਲੈਣਾ ਪਿਆ।”

ਕ੍ਰੈਡਿਟ ਕਾਰਡ ਦੀ ਵਿਆਜ ਦਰ ਕਿਵੇਂ ਤੈਅ ਹੁੰਦੀ ਹੈ?

ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰਾਂ ਸਾਲਾਨਾ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਏਪੀਆਰ ਕਿਹਾ ਜਾਂਦਾ ਹੈ। ਹਾਲਾਂਕਿ, ਬੈਂਕ ਅਸਲ ਵਿੱਚ ਇਸ ਵਿਆਜ ਦਰ ਦੀ ਗਣਨਾ ਰੋਜ਼ਾਨਾ ਦੇ ਆਧਾਰ ‘ਤੇ ਕਰਦੇ ਹਨ।

ਸਾਲਾਨਾ ਵਿਆਜ ਦਰ (ਏਪੀਆਰ) ਨੂੰ 365 ਨਾਲ ਵੰਡਣ ਨਾਲ ਰੋਜ਼ਾਨਾ ਵਿਆਜ ਦਰ ਪ੍ਰਾਪਤ ਹੁੰਦੀ ਹੈ।

ਇਸ ਦਰ ਨੂੰ ਬਕਾਇਆ ਰਾਸ਼ੀ ਅਤੇ ਕ੍ਰੈਡਿਟ ਕਾਰਡ ਉਪਭੋਗਤਾ ਦੁਆਰਾ ਭੁਗਤਾਨ ਨਾ ਕੀਤੇ ਗਏ ਦਿਨਾਂ ਦੀ ਗਿਣਤੀ ਨਾਲ ਗੁਣਾ ਕੀਤਾ ਜਾਂਦਾ ਹੈ।

ਕ੍ਰੈਡਿਟ ਕਾਰਡ

ਤਸਵੀਰ ਸਰੋਤ, Getty Images

ਇਸ ਤੋਂ ਬਾਅਦ ਰੋਜ਼ਾਨਾ ਵਿਆਜ ਦਰ ਦੇ ਆਧਾਰ ‘ਤੇ ਕੁੱਲ ਵਿਆਜ ਦੀ ਰਕਮ ਨਿਰਧਾਰਤ ਕੀਤੀ ਜਾਂਦੀ ਹੈ।

ਉਦਾਹਰਣ ਵਜੋਂ ਜੇਕਰ ਸਾਲਾਨਾ ਵਿਆਜ ਦਰ (ਏਪੀਆਰ) 48 ਪ੍ਰਤੀਸ਼ਤ ਹੈ ਤਾਂ ਮਾਸਿਕ ਵਿਆਜ ਦਰ 4 ਪ੍ਰਤੀਸ਼ਤ ਹੋਵੇਗੀ। ਇਸ ਦੇ ਨਤੀਜੇ ਵਜੋਂ ਰੋਜ਼ਾਨਾ ਵਿਆਜ ਦਰ 0.131 ਪ੍ਰਤੀਸ਼ਤ ਹੋ ਜਾਂਦੀ ਹੈ।

ਬੈਂਕਾਂ ਨੂੰ ਕਿਵੇਂ ਫਾਇਦਾ ਹੁੰਦਾ ਹੈ?

ਕ੍ਰੈਡਿਟ ਕਾਰਡ ਦੇ ਫੈਸਲੇ ਪੂਰੀ ਤਰ੍ਹਾਂ ਬੈਂਕਾਂ ‘ਤੇ ਨਿਰਭਰ ਕਰਦੇ ਹਨ। ਨਤੀਜੇ ਵਜੋਂ ਕੁਝ ਕਾਰਡਾਂ ‘ਤੇ ਘੱਟ ਵਿਆਜ ਦਰਾਂ ਅਤੇ ਉੱਚ ਸਾਲਾਨਾ ਫੀਸਾਂ ਹੁੰਦੀਆਂ ਹਨ, ਜਦੋਂ ਕਿ ਕਈਆਂ ‘ਤੇ ਉੱਚ ਵਿਆਜ ਦਰਾਂ ਅਤੇ ਘੱਟ ਸਾਲਾਨਾ ਫੀਸਾਂ ਹੁੰਦੀਆਂ ਹਨ।

ਬੈਂਕਿੰਗ ਮਾਹਰਾਂ ਦੇ ਅਨੁਸਾਰ ਜੇਕਰ ਕ੍ਰੈਡਿਟ ਕਾਰਡ ਰਾਹੀਂ ਵਰਤੀ ਗਈ ਰਕਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਬੈਂਕ ਨੂੰ ਵਾਪਸ ਨਹੀਂ ਕੀਤੀ ਜਾਂਦੀ ਤਾਂ ਬੈਂਕ ਅਸਲ ਵਿੱਚ ਮੁਨਾਫਾ ਕਮਾਉਂਦੇ ਹਨ।

ਸੁਰੇਸ਼ ਬਾਬੂ ਕਹਿੰਦੇ ਹਨ, “ਨਿਯਮ ਇਹ ਹੈ ਕਿ ਕਾਰਡ ਦੀ ਵਰਤੋਂ ਕਰਨ ਦੇ 20 ਦਿਨਾਂ, 30 ਦਿਨਾਂ, ਜਾਂ 45 ਦਿਨਾਂ ਦੇ ਅੰਦਰ ਭੁਗਤਾਨ ਕੀਤਾ ਜਾਵੇ।”

“ਜੇਕਰ ਇਹ ਸਮੇਂ ਸਿਰ ਕੀਤਾ ਜਾਂਦਾ ਹੈ, ਤਾਂ ਬੈਂਕ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਕ੍ਰੈਡਿਟ ਕਾਰਡ ਉਪਭੋਗਤਾ ਵਰਤੀ ਗਈ ਰਕਮ ਬੈਂਕ ਨੂੰ ਵਾਪਸ ਕਰ ਦਿੰਦਾ ਹੈ। ਵਿਆਜ ਤਾਂ ਹੀ ਲਿਆ ਜਾਂਦਾ ਹੈ ਜੇਕਰ ਰਕਮ ਮਿਆਦ ਦੀ ਸਮਾਪਤੀ ਤੋਂ ਬਾਅਦ ਵਾਪਸ ਕੀਤੀ ਜਾਂਦੀ ਹੈ।”

ਇਹ ਬੈਂਕ ਦਾ ਮੁੱਖ ਫਾਇਦਾ ਹੈ।

ਕ੍ਰੈਡਿਟ ਕਾਰਡ

ਤਸਵੀਰ ਸਰੋਤ, Getty Images

ਕ੍ਰੈਡਿਟ ਕਾਰਡ ਇਸਤੇਮਾਲ ਕਰਨ ਦੇ ਕਈ ਨੁਕਸਾਨ ਹਨ?

ਇਸ ਸਬੰਧ ਵਿੱਚ ਖਪਤਕਾਰਾਂ ਦਾ ਕਹਿਣਾ ਹੈ ਕਿ ਕਰਜ਼ ਲੈਣ, ਜ਼ਰੂਰੀ ਸਾਮਾਨ ਖਰੀਦਣ ਜਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਭੁਗਤਾਨ ਨਾ ਕਰਨ ‘ਤੇ ਕ੍ਰੈਡਿਟ ਕਾਰਡ ‘ਤੇ ਲੱਗਣ ਵਾਲੀ ਵਿਆਜ ਦਰਾਂ ਜ਼ਿਆਦਾ ਹਨ।

ਹੈਦਰਾਬਾਦ ਦੇ ਵਾਸੀ ਐੱਨ. ਮਹੇਸ਼ ਕਹਿੰਦੇ ਹਨ, “ਮੈਂ ਸਾਰੇ ਬੈਂਕਾਂ ਬਾਰੇ ਗੱਲ ਨਹੀਂ ਕਰਾਂਗਾ ਪਰ ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਪੈਸੇ ਕਢਵਾਉਂਦੇ ਹੋ ਜਾਂ ਖਰੀਦਦਾਰੀ ਕਰਦੇ ਹੋ ਅਤੇ ਸਮੇਂ ਸਿਰ ਰਕਮ ਵਾਪਸ ਨਹੀਂ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ।”

ਮਹੇਸ਼ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੇ ਹਨ। ਉਹ ਕਹਿੰਦੇ ਹਨ, “ਮੇਰੇ ਕੋਲ ਤਿੰਨ ਕ੍ਰੈਡਿਟ ਕਾਰਡ ਹਨ। ਕਈ ਵਾਰ ਜਦੋਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਤਾਂ ਮੈਂ ਉਨ੍ਹਾਂ ਦੀ ਵਰਤੋਂ ਕਰਦਾ ਹਾਂ। ਮੈਂ ਇੱਕ ਕਾਰਡ ਤੋਂ ਪੈਸੇ ਕਢਵਾਉਂਦਾ ਹਾਂ ਅਤੇ ਦੂਜੇ ਕਾਰਡ ਨਾਲ ਬਿੱਲ ਦਾ ਭੁਗਤਾਨ ਕਰਦਾ ਹਾਂ। ਜੇਕਰ ਭੁਗਤਾਨ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਮਾਨਸਿਕ ਤਣਾਅ ਦਾ ਕਾਰਨ ਬਣਦਾ ਹੈ। ਇੱਕ ਵਾਰ ਤਾਂ ਮੈਨੂੰ 36 ਪ੍ਰਤੀਸ਼ਤ ਵਿਆਜ ਨਾਲ ਬਿੱਲ ਦਾ ਭੁਗਤਾਨ ਕਰਨਾ ਪਿਆ ਸੀ।”

ਸੁਰੇਸ਼ ਬਾਬੂ ਕਹਿੰਦੇ ਹਨ ਕਿ ਕ੍ਰੈਡਿਟ ਕਾਰਡਾਂ ਲਈ ਇੱਕ ਪ੍ਰਣਾਲੀ ਹੋਣੀ ਚਾਹੀਦੀ ਹੈ।

ਉਨ੍ਹਾਂ ਦੇ ਅਨੁਸਾਰ, ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਗਾਹਕ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਨਾਲ ਬਿੱਲਾਂ ਦਾ ਭੁਗਤਾਨ ਕਰਨਾ ਸ਼ੁਰੂ ਕਰਦੇ ਹਨ।

ਉਨ੍ਹਾਂ ਕਿਹਾ, “ਵੱਖ-ਵੱਖ ਬੈਂਕਾਂ ਤੋਂ ਲਏ ਗਏ ਕ੍ਰੈਡਿਟ ਕਾਰਡਾਂ ਦੀ ਵਰਤੋਂ ਦੀ ਵੱਧ ਤੋਂ ਵੱਧ ਸੀਮਾ ਸਬੰਧੀ ਨਿਯਮ ਹੋਣੇ ਚਾਹੀਦੇ ਹਨ। ਕੁਝ ਖਪਤਕਾਰ ਆਪਣੀ ਆਮਦਨ ਤੋਂ ਵੱਧ ਸੀਮਾ ਵਾਲੇ ਕ੍ਰੈਡਿਟ ਕਾਰਡਾਂ ਲੈ ਲੈਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਭੁਗਤਾਨ ਕਰਨ ਵਿੱਚ ਮੁਸ਼ਕਲ ਹੁੰਦੀ ਹੈ।”

ਬੈਂਕ ਬਾਹਰ ਨੌਜਵਾਨ

ਤਸਵੀਰ ਸਰੋਤ, Getty Images

ਦੂਜਿਆਂ ਦੇਸ਼ਾਂ ਵਿੱਚ ਕ੍ਰੈਡਿਟ ਕਾਰਡ ‘ਤੇ ਵਿਆਦ ਦਰ ਕੀ ਹੈ?

ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਵਿੱਚ ਵੀ, ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰਾਂ ਦੂਜੇ ਕਰਜ਼ਿਆਂ ਨਾਲੋਂ ਵੱਧ ਹਨ।

ਅਮਰੀਕਾ ਵਿੱਚ ਕ੍ਰੈਡਿਟ ਕਾਰਡਾਂ ‘ਤੇ ਔਸਤ ਵਿਆਜ ਦਰ 20 ਪ੍ਰਤੀਸ਼ਤ ਹੈ। ਯੂਕੇ ਵਿੱਚ ਇਹ 24.9 ਪ੍ਰਤੀਸ਼ਤ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਐੱਸਬੀਆਈ ਸਿੰਗਾਪੁਰ ਦੇ ਸੀਐੱਫਓ ਫਾਨੀ ਸ਼੍ਰੀਨਿਵਾਸਨ ਨੇ ਕਿਹਾ ਕਿ ਸਿੰਗਾਪੁਰ ਵਿੱਚ ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰ ਲਗਭਗ 28 ਪ੍ਰਤੀਸ਼ਤ ਹੈ।

ਉਨ੍ਹਾਂ ਕਿਹਾ, “ਬੈਂਕ ਗਾਹਕਾਂ ਦੇ ਵਿਸ਼ਵਾਸ ਦੇ ਆਧਾਰ ‘ਤੇ ਕ੍ਰੈਡਿਟ ਕਾਰਡ ਜਾਰੀ ਕਰਦੇ ਹਨ। ਹਰੇਕ ਬੈਂਕ ਕੋਲ ਕਾਰਡ ਜਾਰੀ ਕਰਨ ਲਈ ਇੱਕ ਵੱਖਰਾ ਵਿਭਾਗ ਹੁੰਦਾ ਹੈ। ਇਸ ਨਾਲ ਬੈਂਕਾਂ ਨੂੰ ਬਹੁਤ ਜ਼ਿਆਦਾ ਮੁਨਾਫ਼ਾ ਨਹੀਂ ਹੁੰਦਾ।”

“ਬੈਂਕ, ਆਪਣੇ ਗਾਹਕਾਂ ‘ਤੇ ਭਰੋਸਾ ਕਰਦੇ ਹੋਏ, ਉਨ੍ਹਾਂ ਨੂੰ ਇਨ੍ਹਾਂ ਕਾਰਡਾਂ ਨੂੰ 15 ਤੋਂ 45 ਦਿਨਾਂ ਲਈ ਬਿਨਾਂ ਵਿਆਜ ਦੇ ਵਰਤਣ ਦੀ ਸਹੂਲਤ ਪ੍ਰਦਾਨ ਕਰਦੇ ਹਨ। ਗਾਹਕਾਂ ਨੂੰ ਵੀ ਬੈਂਕਾਂ ਵਿੱਚ ਇਸ ਵਿਸ਼ਵਾਸ ਨੂੰ ਬਣਾਈ ਰੱਖਣਾ ਚਾਹੀਦਾ ਹੈ। ਜੇਕਰ ਇਹ ਜਾਰੀ ਰਿਹਾ, ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।”

ਫਾਨੀ ਨੇ ਸਮਝਾਇਆ ਕਿ, “ਪਰ ਜੇ ਨਿਰਧਾਰਿਤ ਸਮਾਂ ਸੀਮਾ ਅੰਦਰ ਪੈਸਾ ਨਹੀਂ ਵਾਪਸ ਕੀਤਾ ਜਾਂਦਾ ਤਾਂ ਬੈਂਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਵਿਆਜ ਦਰਾਂ ਨੂੰ ਉਸੇ ਪੱਧਰ ‘ਤੇ ਰੱਖਿਆ ਜਾਂਦਾ ਹੈ।”

ਫਾਨੀ ਸ਼੍ਰੀਨਿਵਾਸਨ ਦਾ ਇਹ ਵੀ ਮੰਨਣਾ ਹੈ ਕਿ ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰਾਂ ਨੂੰ ਸੀਮਿਤ ਕਰਨ ਨਾਲ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ।

ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਲੋਕ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿੰਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਕ੍ਰੈਡਿਟ ਸਕੋਰ ਨਾਲ ਸਬੰਧਤ ਹੁੰਦਾ ਹੈ।”

“ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦਾ ਸਮੇਂ ਸਿਰ ਭੁਗਤਾਨ ਨਹੀਂ ਕਰਦੇ ਹੋ, ਤਾਂ ਇਹ ਤੁਹਾਡੇ ਸੀਆਈਬੀਐੱਲ ਸਕੋਰ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਭਵਿੱਖ ਵਿੱਚ ਕਰਜ਼ਾ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।”

ਕੀ ਵਿਆਜ ਦਰਾਂ ‘ਤੇ ਕੋਈ ਸੀਮਾ ਤੈਅ ਕਰਨਾ ਸੰਭਵ ਹੈ?

ਕ੍ਰੈਡਿਟ ਕਾਰਡ

ਤਸਵੀਰ ਸਰੋਤ, Getty Images

ਬੈਂਕ ਸੰਸਦ ਦੇ ਐਕਟ ਦੁਆਰਾ ਜਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਿਰਦੇਸ਼ਾਂ ਅਨੁਸਾਰ ਵਿਆਜ ਦਰਾਂ ਨੂੰ ਬਦਲ ਸਕਦੇ ਹਨ।

ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 21A ਦੇ ਅਨੁਸਾਰ ਕੋਈ ਵੀ ਅਦਾਲਤ ਵਿਆਜ ਦਰ ਨਿਰਧਾਰਤ ਨਹੀਂ ਕਰ ਸਕਦਾ ਹੈ।

ਇਸ ਤੋਂ ਇਲਾਵਾ ‘ਆਵਾਜ਼ ਸੰਸਥਾ ਬਨਾਮ ਭਾਰਤ ਸੰਘ’ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵਿਆਜ ਦਰਾਂ ਸੰਬੰਧੀ ਮਹੱਤਵਪੂਰਨ ਫੈਸਲੇ ਜਾਰੀ ਕੀਤੇ ਹਨ।

ਮਨੀ ਕੰਟਰੋਲ ਵੈੱਬਸਾਈਟ ਦੇ ਅਨੁਸਾਰ, ਰਿਜ਼ਰਵ ਬੈਂਕ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਸੀ ਕਿ ਕ੍ਰੈਡਿਟ ਕਾਰਡਾਂ ‘ਤੇ ਵਿਆਜ ਦਰਾਂ ਆਮ ਨਾਗਰਿਕ ਲਈ ਕਿਫਾਇਤੀ ਰਹਿਣ।

ਇਹ ਕਿਹਾ ਗਿਆ ਹੈ ਕਿ ਇਸ ਦੇ ਲਈ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 21 ਅਤੇ 35-A ਅਤੇ ਆਰਬੀਆਈ ਐਕਟ ਦੀ ਧਾਰਾ 45-L ਦੇ ਤਹਿਤ ਫੈਸਲਾ ਲਿਆ ਜਾਣਾ ਚਾਹੀਦਾ ਹੈ।

‘ਮਨੀ ਕੰਟਰੋਲ’ ਦੇ ਸਬੰਧ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ “ਬੈਂਕਾਂ ਨੂੰ ਬਾਜ਼ਾਰ ਦੀਆਂ ਸਥਿਤੀਆਂ ਅਨੁਸਾਰ ਵਿਆਜ ਦਰਾਂ ਵਸੂਲਣ ਦਾ ਅਧਿਕਾਰ ਹੈ।”

“ਹਾਲਾਂਕਿ, ਇਹ ਵਿਆਜ ਦਰਾਂ ਬਹੁਤ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਅਦਾਲਤਾਂ ਇਸ ਮਾਮਲੇ ਵਿੱਚ ਮਾਹਰ ਨਹੀਂ ਹਨ, ਇਸ ਲਈ ਰਿਜ਼ਰਵ ਬੈਂਕ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕਰਨੀ ਚਾਹੀਦੀ ਹੈ ਕਿ ਇਹ ਦਰਾਂ ਵਾਜਬ ਪੱਧਰ ‘ਤੇ ਬਣੀਆਂ ਰਹਿਣ।”

ਸੁਰੇਸ਼ ਬਾਬੂ ਕਹਿੰਦੇ ਹਨ ਕਿ ਜੇਕਰ ਬੈਂਕ ਕ੍ਰੈਡਿਟ ਕਾਰਡ ਦੀਆਂ ਵਿਆਜ ਦਰਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ, ਤਾਂ ਉਹ ਕਾਰਡਾਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਸਕਦੇ ਹਨ। ਨਾਲ ਹੀ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾਇਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI