Home ਰਾਸ਼ਟਰੀ ਖ਼ਬਰਾਂ ‘ਕੀ ਮੈਨੂੰ ਇੱਕ ਕਾਤਲ ਨਾਲ ਵਿਆਹ ਕਰਨਾ ਚਾਹੀਦਾ ਹੈ’?, ਉਹ ਪ੍ਰੇਮ ਕਹਾਣੀ...

‘ਕੀ ਮੈਨੂੰ ਇੱਕ ਕਾਤਲ ਨਾਲ ਵਿਆਹ ਕਰਨਾ ਚਾਹੀਦਾ ਹੈ’?, ਉਹ ਪ੍ਰੇਮ ਕਹਾਣੀ ਜਿਸ ਨੇ ਇੱਕ ਕਾਤਲ ਦਾ ਪਰਦਾਫ਼ਾਸ਼ ਕੀਤਾ

6
0

Source :- BBC PUNJABI

ਡਾਕਟਰ ਕੈਰੋਲਿਨ ਮੂਇਰਹੈੱਡ ਅਤੇ ਅਲੇਕਜ਼ੈਂਡਰ ਮੈਕਕੇਲਰ

ਤਸਵੀਰ ਸਰੋਤ, Netflix

ਜਿਸ ਇਨਸਾਨ ਨੂੰ ਤੁਸੀਂ ਪਿਆਰ ਕਰਦੇ ਹੋ, ਜੇ ਉਹ ਤੁਹਾਨੂੰ ਦੱਸੇ ਕਿ ਉਸਨੇ ਕਿਸੇ ਆਦਮੀ ਦਾ ਕਤਲ ਕੀਤਾ ਹੈ, ਤਾਂ ਤੁਸੀਂ ਕੀ ਕਰੋਗੇ?

ਇਹ ਸੋਚਣਾ ਅਤੇ ਕਹਿਣਾ ਸੌਖਾ ਹੈ ਕਿ ਤੁਸੀਂ ਸਮਝਦਾਰੀ ਨਾਲ, ਨੈਤਿਕ ਤੌਰ ‘ਤੇ ਅਤੇ ਬਿਨਾਂ ਕਿਸੇ ਝਿਜਕ ਦੇ ਫੈਸਲਾ ਕਰੋਗੇ, ਪਰ ਨੈਟਫਲਿਕਸ ਦੀ ਨਵੀਂ ਟਰੂ ਕ੍ਰਾਈਮ ਡਾਕਯੂਮੈਂਟਰੀ – ‘ਸ਼ੁੱਡ ਆਈ ਮੈਰੀ ਅ ਮਰਡਰਰ?’ ਦਿਖਾਉਂਦੀ ਹੈ ਕਿ ਅਸਲ ਜ਼ਿੰਦਗੀ ਵਿੱਚ ਪਿਆਰ ਹਰ ਚੀਜ਼ ਨੂੰ ਗੁੰਝਲਦਾਰ ਬਣਾ ਦਿੰਦਾ ਹੈ।

ਸਾਲ 2017 ਵਿੱਚ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਅਲੇਕਜ਼ੈਂਡਰ ਮੈਕਕੇਲਰ – ਜਿਸਨੂੰ ‘ਸੈਂਡੀ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ – ਨੇ ਸਕਾਟਲੈਂਡ ਦੇ ਅਰਗਿਲ ਅਤੇ ਬਿਊਟ ਇਲਾਕੇ ਵਿੱਚ ਚੈਰਿਟੀ ਲਈ ਸਾਈਕਲ ਚਲਾ ਰਹੇ ਟੋਨੀ ਪਾਰਸਨਜ਼ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੈਕਕੇਲਰ ਅਤੇ ਉਸਦੇ ਜੁੜਵਾਂ ਭਰਾ ਰਾਬਰਟ ਨੇ ਪਾਰਸਨਜ਼ ਦੀ ਲਾਸ਼ ਨੂੰ ਦੱਬ ਦਿੱਤਾ।

ਤਿੰਨ ਸਾਲ ਤੱਕ ਉਹ ਲਾਸ਼ ਉੱਥੇ ਹੀ ਦੱਬੀ ਰਹੀ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਿਆ। ਫਿਰ ਮੈਕਕੇਲਰ ਦੀ ਨਵੀਂ ਗਰਲਫ੍ਰੈਂਡ, ਡਾਕਟਰ ਕੈਰੋਲਿਨ ਮੂਇਰਹੈੱਡ ਨੂੰ ਇਸ ਸੱਚਾਈ ਦਾ ਪਤਾ ਲੱਗਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਉਸ ਥਾਂ ਤੱਕ ਪਹੁੰਚਾਇਆ ਜਿੱਥੇ ਲਾਸ਼ ਨੂੰ ਜ਼ਮੀਨ ਵਿੱਚ ਦੱਬਿਆ ਗਿਆ ਸੀ। ਇਹ ਕਬਰ ਬਹੁਤ ਡੂੰਘੀ ਨਹੀਂ ਸੀ।

ਜਦੋਂ ਡਾਇਰੈਕਟਰ ਜੋਸ਼ ਐਲੌਟ ਨੇ ਪਹਿਲੀ ਵਾਰ ਇਹ ਕਹਾਣੀ ਸੁਣੀ ਤਾਂ ਉਨ੍ਹਾਂ ਨੂੰ “ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਸੱਚ ਹੈ।”

ਉਹ ਦੱਸਦੇ ਹਨ, “ਮੈਨੂੰ ਲੱਗਿਆ ਕਿ ਇਹ ਕਿਸੇ ਡਰਾਮੇ ਦੀ ਕਹਾਣੀ ਹੈ ਅਤੇ ਅਸਲ ਜ਼ਿੰਦਗੀ ਵਿੱਚ ਕਿਸੇ ਨਾਲ ਅਜਿਹਾ ਨਹੀਂ ਹੋ ਸਕਦਾ।”

ਪਿਆਰ, ਮੰਗਣੀ ਅਤੇ ਇੱਕ ਅਪਰਾਧਿਕ ਖੁਲਾਸਾ

ਡਾਕਟਰ ਕੈਰੋਲਿਨ ਮੂਇਰਹੈੱਡ

ਤਸਵੀਰ ਸਰੋਤ, Netflix

ਸੀਰੀਜ਼ ਦੇ ਪ੍ਰੋਡਿਊਸਰ ਕਲੇਅਰ ਬੀਵਿਸ ਨੂੰ ਇਸ ਮਾਮਲੇ ਬਾਰੇ ਉਸ ਵੇਲੇ ਤੋਂ ਪਤਾ ਸੀ ਜਦੋਂ ਇਹ ਸਾਹਮਣੇ ਆਇਆ ਸੀ, ਕਿਉਂਕਿ “ਇਸਦਾ ਸਕਾਟਲੈਂਡ ਵਿੱਚ ਬਹੁਤ ਡੂੰਘਾ ਅਸਰ ਪਿਆ ਸੀ”। ਬੀਵਿਸ ਕਹਿੰਦੇ ਹਨ ਕਿ “ਇਸ ਕਹਾਣੀ ਦੀ ਰਿਪੋਰਟਿੰਗ ਵਿੱਚ ਜੋ ਹਿੱਸਾ ਰਹਿ ਗਿਆ ਸੀ, ਉਹ ਸੀ ਮੂਇਰਹੈੱਡ ਦੀ ਗਵਾਹੀ ਅਤੇ ਉਨ੍ਹਾਂ ਦੀ ਨਜ਼ਰ ਤੋਂ ਘਟਨਾਵਾਂ ਦਾ ਵੇਰਵਾ।”

ਸੀਰੀਜ਼ ਦੀ ਸ਼ੁਰੂਆਤ ਵਿੱਚ ਮੂਇਰਹੈੱਡ ਇੱਕ ਮੁਸ਼ਕਲ ਰਿਸ਼ਤੇ ਅਤੇ ਬ੍ਰੇਕਅੱਪ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਅਤੇ ਫਿਰ 2020 ਦੀ ਪਤਝੜ ਵਿੱਚ ਟਿੰਡਰ ‘ਤੇ ਉਨ੍ਹਾਂ ਦੀ ਮੁਲਾਕਾਤ ਮੈਕਕੇਲਰ ਨਾਲ ਹੁੰਦੀ ਹੈ। ਦੋਹਾਂ ਵਿੱਚ ਤੇਜ਼ੀ ਨਾਲ ਪਿਆਰ ਵਧਦਾ ਹੈ ਅਤੇ ਕੁਝ ਹੀ ਹਫ਼ਤਿਆਂ ਵਿੱਚ ਉਨ੍ਹਾਂ ਦੀ ਮੰਗਣੀ ਹੋ ਜਾਂਦੀ ਹੈ।

ਮੰਗਣੀ ਤੋਂ ਕੁਝ ਸਮੇਂ ਬਾਅਦ, ਮੂਇਰਹੈੱਡ ਮੈਕਕੇਲਰ ਤੋਂ ਪੁੱਛਦੇ ਹਨ ਕਿ ਕੀ ਉਸਦੇ ਅਤੀਤ ਵਿੱਚ ਕੁਝ ਅਜਿਹਾ ਹੈ ਜਿਸਦਾ ਅਸਰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ‘ਤੇ ਪੈ ਸਕਦਾ ਹੈ।

ਮੈਕਕੇਲਰ ਉਨ੍ਹਾਂ ਨੂੰ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਜਦੋਂ ਉਹ ਆਪਣੇ ਭਰਾ ਨਾਲ ਇੱਕ ਹੋਟਲ ਤੋਂ ਘਰ ਵਾਪਸ ਆ ਰਿਹਾ ਸੀ, ਤਾਂ ਉਨ੍ਹਾਂ ਦੀ ਗੱਡੀ ਨਾਲ ਇੱਕ ਸਾਈਕਲ ਸਵਾਰ ਨੂੰ ਟੱਕਰ ਲੱਗ ਗਈ ਸੀ। ਪਰ ਉਨ੍ਹਾਂ ਨੇ ਉਸਨੂੰ ਕੋਈ ਡਾਕਟਰੀ ਮਦਦ ਨਹੀਂ ਦਿੱਤੀ।

ਬਾਅਦ ਵਿੱਚ ਪਤਾ ਲੱਗਿਆ ਕਿ ਪਾਰਸਨਜ਼ ਨੂੰ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਸਨ ਕਿ ਬਿਨਾਂ ਕਿਸੇ ਮਦਦ ਦੇ ਉਹ ਵੱਧ ਤੋਂ ਵੱਧ 20 ਜਾਂ 30 ਮਿੰਟ ਹੀ ਜ਼ਿੰਦਾ ਰਹਿ ਸਕਦੇ ਸਨ – ਪਰ ਇਹ ਸੰਭਾਵਨਾ ਘੱਟ ਸੀ ਕਿ ਉਨ੍ਹਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਦੋਵੇਂ ਜੁੜਵਾਂ ਭਰਾ ਉੱਥੋਂ ਚਲੇ ਗਏ ਅਤੇ ਫਿਰ ਇੱਕ ਹੋਰ ਗੱਡੀ ‘ਤੇ ਵਾਪਸ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਪਾਰਸਨਜ਼ ਦੀ ਲਾਸ਼ ਨੂੰ ਨੇੜੇ ਹੀ ਮੌਜੂਦ ‘ਆਚ ਐਸਟੇਟ’ ਲਿਆ ਕੇ ਦੱਬ ਦਿੱਤਾ।

ਖੁਦ ਨੂੰ ਖ਼ਤਰੇ ਵਿੱਚ ਪਾਕੇ ਪੁਲਿਸ ਨੂੰ ਦਿੱਤੀ ਜਾਣਕਾਰੀ

ਮੈਕਕੇਲਰ

ਤਸਵੀਰ ਸਰੋਤ, Netflix

ਇਸ ਖੁਲਾਸੇ ਨੇ ਮੂਇਰਹੈੱਡ ਨੂੰ ਇੱਕ ਬਹੁਤ ਹੀ ਮੁਸ਼ਕਲ ਅਤੇ ਉਲਝਣ ਭਰੀ ਸਥਿਤੀ ਵਿੱਚ ਪਾ ਦਿੱਤਾ। ਉਹ ਇੱਕ ਪਾਸੇ ਆਪਣੀ ਵਫ਼ਾਦਾਰੀ ਅਤੇ ਦੂਜੇ ਪਾਸੇ ‘ਸਹੀ ਕੰਮ’ ਕਰਨ ਦੀ ਇੱਛਾ ਵਿਚਕਾਰ ਫਸ ਗਈ।

ਐਲੌਟ ਲਈ, ਇਹ ਅਜਿਹਾ ਭਾਵਨਾਤਮਕ ਅਤੇ ਨੈਤਿਕ ਤਣਾਅ ਸੀ ਜਿਸ ਕਾਰਨ ਇਸ ਕਹਾਣੀ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੋ ਗਿਆ ਸੀ।

“ਇਸ ਕਸ਼ਮਕਸ਼ ਦੀ ਕਲਪਨਾ ਆਪਣੇ ਖੁਦ ਦੇ ਰਿਸ਼ਤਿਆਂ ਵਿੱਚ ਨਾ ਕਰਨਾ ਅਸੰਭਵ ਹੈ। ਇਹ ਤੁਹਾਨੂੰ ਸੋਚਣ ‘ਤੇ ਮਜਬੂਰ ਕਰ ਦਿੰਦਾ ਹੈ ਕਿ ਜੇ ਤੁਸੀਂ ਉਸਦੀ ਜਗ੍ਹਾ ਹੁੰਦੇ ਤਾਂ ਕੀ ਕਰਦੇ, ਕਿਉਂਕਿ ਇਹ ਇੱਕ ਬਹੁਤ ਹੀ ਡਰਾਉਣਾ, ਬੁਰੇ ਸੁਪਨੇ ਵਰਗਾ ਹੈ।”

ਮੂਇਰਹੈੱਡ ਨੇ ਪੁਲਿਸ ਨੂੰ ਇਸ ਅਪਰਾਧ ਦੀ ਜਾਣਕਾਰੀ ਦਿੱਤੀ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜੋ ਕੀਤਾ, ਉਹੀ ਇਸ ਕਹਾਣੀ ਨੂੰ ਅਸਧਾਰਣ ਬਣਾਉਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਸ ਬਾਰੇ ਇਹ ਸੀਰੀਜ਼ ਬਣਾਈ ਗਈ।

ਰਿਸ਼ਤਾ ਖ਼ਤਮ ਕਰਕੇ ਚਲੇ ਜਾਣ ਦੀ ਬਜਾਏ ਮੂਇਰਹੈੱਡ ਨੇ ਉਹ ਰਿਸ਼ਤਾ ਜਾਰੀ ਰੱਖਿਆ। ਇਸਦੇ ਨਾਲ ਹੀ ਉਹ ਲੁਕ-ਛਿਪ ਕੇ ਪੁਲਿਸ ਕੋਲ ਜਾਂਦੇ ਰਹੇ ਅਤੇ ਉਨ੍ਹਾਂ ਦੀ ਜਾਂਚ ਵਿੱਚ ਸਹਿਯੋਗ ਕਰਦੇ ਰਹੇ ਅਤੇ ਮੈਕਕੇਲਰ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਕਿ ਉਸਦੇ ਖ਼ਿਲਾਫ਼ ਸ਼ਿਕਾਇਤ ਉਸਦੀ ਆਪਣੀ ਮੰਗੇਤਰ ਨੇ ਹੀ ਦਰਜ ਕਰਵਾਈ ਸੀ।

ਮੈਕਕੇਲਰ ਵੱਲੋਂ ਮੂਇਰਹੈੱਡ ਦੇ ਸਾਹਮਣੇ ਪਹਿਲੀ ਵਾਰ ਆਪਣਾ ਗੁਨਾਹ ਕਬੂਲ ਕਰਨ ਤੋਂ ਲਗਭਗ ਤਿੰਨ ਸਾਲ ਬਾਅਦ, ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਇਸ ਦੌਰਾਨ, ਮੂਇਰਹੈੱਡ ਨੇ ਆਪਣੇ ਫ਼ੋਨ ‘ਤੇ ਚਲਾਕੀ ਨਾਲ ਉਸ ਵੱਲੋਂ ਗੁਨਾਹ ਕਬੂਲ ਕਰਨ ਦੀਆਂ ਗੱਲਾਂ ਰਿਕਾਰਡ ਕੀਤੀਆਂ ਅਤੇ ਮੈਕਕੇਲਰ ਨਾਲ ਵਾਪਸ ਆਚ ਐਸਟੇਟ ਚਲੇ ਗਏ। ਉੱਥੇ ਉਨ੍ਹਾਂ ਨੇ ਚੁੱਪ-ਚਾਪ ਜ਼ਮੀਨ ‘ਤੇ ਇੱਕ ਰੈੱਡ ਬੁੱਲ ਦਾ ਕੈਨ ਸੁੱਟ ਦਿੱਤਾ, ਤਾਂ ਜੋ ਉਸ ਥਾਂ ਦੀ ਪਛਾਣ ਹੋ ਸਕੇ। ਬਾਅਦ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਸੁੰਨਸਾਨ ਐਸਟੇਟ ਵਿੱਚ ਲਾਸ਼ ਕਿੱਥੇ ਲੱਭਣੀ ਹੈ।

ਹਾਲਾਂਕਿ ਕੁਝ ਲੋਕ ਉਨ੍ਹਾਂ ਦੇ ਇਨ੍ਹਾਂ ਫੈਸਲਿਆਂ ‘ਤੇ ਸਵਾਲ ਉਠਾ ਸਕਦੇ ਹਨ, ਪਰ ਐਲੌਟ ਦਾ ਕਹਿਣਾ ਹੈ ਕਿ ਮੂਇਰਹੈੱਡ ਨੇ ਪੁਲਿਸ ਨੂੰ ਅਪਰਾਧ ਦੀ ਜਾਣਕਾਰੀ ਦੇ ਕੇ ਬਿਲਕੁਲ ਸਹੀ ਕੰਮ ਕੀਤਾ।

ਦੋਵੇਂ ਭਰਾਵਾਂ ਨੂੰ ਦਸੰਬਰ 2020 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਫਿਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਫਿਰ ਉਨ੍ਹਾਂ ‘ਤੇ ਆਧਿਕਾਰਿਕ ਤੌਰ ‘ਤੇ ਦੋਸ਼ ਦਸੰਬਰ 2021 ਵਿੱਚ ਲਗਾਏ ਗਏ।

ਐਲੌਟ ਦੱਸਦੇ ਹਨ, “ਉਸਨੂੰ ਉਮੀਦ ਸੀ ਕਿ ਉਨ੍ਹਾਂ ਭਰਾਵਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਜਾਵੇਗਾ, ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ, ਉਹ ਹਮੇਸ਼ਾਂ ਲਈ ਜੇਲ੍ਹ ਵਿੱਚ ਰਹਿਣਗੇ ਅਤੇ ਉਸਦੀ ਜ਼ਿੰਦਗੀ ਤੋਂ ਹਮੇਸ਼ਾਂ ਲਈ ਦੂਰ ਹੋ ਜਾਣਗੇ; ਪਰ ਇਸਦੀ ਬਜਾਏ, ਉਹ ਮੁੜ ਉਸਦੀ ਜ਼ਿੰਦਗੀ ਵਿੱਚ ਵਾਪਸ ਆ ਗਏ।”

ਉਹ ਕਹਿੰਦੇ ਹਨ ਕਿ ਮੂਇਰਹੈੱਡ ਨੂੰ ਇਸ ਅਨਿਸ਼ਚਿਤ ਸਮੇਂ ਦਾ ਸਾਹਮਣਾ ਇਕੱਲੇ ਕਰਨਾ ਪਿਆ, ਕਿਉਂਕਿ “ਲਗਭਗ ਇੱਕ ਸਾਲ ਤੱਕ ਉਹ ਉਨ੍ਹਾਂ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਸਹਾਰਾ ਅਤੇ ਅਸੁਰੱਖਿਅਤ ਰਹੀ ਅਤੇ ਠੀਕ ਇਸੇ ਮੋੜ ‘ਤੇ ਉਨ੍ਹਾਂ ਨੂੰ ਉਹ ਸਾਰੇ ਮੁਸ਼ਕਲ ਫੈਸਲੇ ਲੈਣੇ ਪਏ।”

ਮੂਇਰਹੈੱਡ ਦੇ ਸ਼ਖ਼ਸੀਅਤ ਦੀ ਇਹੀ ਜਟਿਲਤਾ ਉਸਨੂੰ ਇੱਕ ਇੰਨਾ ਦਿਲਚਸਪ ਅਤੇ ਪ੍ਰਭਾਵਸ਼ਾਲੀ ਕਿਰਦਾਰ ਬਣਾਉਂਦੀ ਹੈ। ਐਲੌਟ ਦੇ ਅਨੁਸਾਰ, ਉਹ “ਆਪਣੀ ਗੱਲ ਨੂੰ ਸਪਸ਼ਟ ਤੌਰ ‘ਤੇ ਕਹਿਣ ਵਾਲੀ ਅਤੇ ਬਹੁਤ ਹੀ ਬੁੱਧੀਮਾਨ ਮਹਿਲਾ ਸੀ—ਇੱਕ ਹੁਨਰਮੰਦ ਨੌਜਵਾਨ ਪੈਥੋਲੋਜਿਸਟ, ਜਿਸਨੇ ਚਿਕਿਤਸਾ ਦੇ ਖੇਤਰ ਵਿੱਚ ਅੱਠ ਸਾਲ ਦੀ ਚੰਗੀ ਟ੍ਰੇਨਿੰਗ ਪ੍ਰਾਪਤ ਕੀਤੀ ਸੀ।”

“ਉਸਦੀ ਪੂਰੀ ਜ਼ਿੰਦਗੀ ਬਿਲਕੁਲ ਸਹੀ ਪੱਟੜੀ ‘ਤੇ ਚੱਲ ਰਹੀ ਸੀ, ਪਰ ਸੈਂਡੀ ਨਾਲ ਮਿਲਣ ਅਤੇ ਉਸਦੇ ਕੀਤੇ ਅਪਰਾਧ ਬਾਰੇ ਜਾਣਨ ਤੋਂ ਬਾਅਦ, ਉਸਦੀ ਪੂਰੀ ਦੁਨੀਆ ਹੀ ਖਿੱਲਰ ਗਈ ਸੀ।”

ਸੁਰਾਗ

ਤਸਵੀਰ ਸਰੋਤ, Netflix

ਇਸ ਸੀਰੀਜ਼ ਵਿੱਚ, ਮੂਇਰਹੈੱਡ ਖੁੱਲ੍ਹ ਕੇ ਦੱਸਦੇ ਹਨ ਕਿ ਜਿਸ ਮੁਸ਼ਕਲ ਹਾਲਾਤ ਵਿੱਚ ਉਹ ਫਸ ਗਏ ਸਨ, ਉਸ ਨਾਲ ਨਜਿੱਠਣ ਲਈ ਕਿਵੇਂ ਉਨ੍ਹਾਂ ਨੇ ਸ਼ਰਾਬ ਅਤੇ ਡਰੱਗਸ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਐਲੌਟ ਅਤੇ ਬੀਵਿਸ ਦਾ ਮਕਸਦ ਸਾਫ਼ ਹੈ ਕਿ ਉਹ ਘਟਨਾਵਾਂ ਦਾ ਇੱਕ ਸੰਤੁਲਿਤ ਵੇਰਵਾ ਪੇਸ਼ ਕਰਨਾ ਚਾਹੁੰਦੇ ਹਨ, ਪਰ ਆਖ਼ਿਰ ਵਿੱਚ ਉਹ ਇਸ ਗੱਲ ‘ਤੇ ਰੌਸ਼ਨੀ ਪਾਉਣਾ ਚਾਹੁੰਦੇ ਹਨ ਕਿ “ਕਿਸੇ ਅਪਰਾਧ ਵਿੱਚ ਸ਼ਾਮਲ ਨਾ ਹੋਣ ਦੇ ਬਾਵਜੂਦ ਵੀ ਉਸ ਅਪਰਾਧ ਦੇ ਦਾਇਰੇ ਵਿੱਚ ਹੋਣ ਦਾ ਕਿਸੇ ਦੀ ਜ਼ਿੰਦਗੀ ‘ਤੇ ਕੀ ਅਸਰ ਪੈ ਸਕਦਾ ਹੈ।”

ਇਸ ਗੱਲ ‘ਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ ਕਿ ਜਦੋਂ ਮੂਇਰਹੈੱਡ ਕਿਸੇ ਅਪਰਾਧ ਦੀ ਰਿਪੋਰਟ ਕਰਨ ਲਈ ਅੱਗੇ ਆਏ, ਤਾਂ ਪੁਲਿਸ ਨੇ ਉਨ੍ਹਾਂ ਨਾਲ ਕਿਹੋ-ਜਿਹਾ ਵਿਵਹਾਰ ਕੀਤਾ।

ਐਲੌਟ ਦਾ ਤਰਕ ਹੈ ਕਿ ਪੁਲਿਸ ਨੂੰ “ਇਹ ਨਹੀਂ ਪਤਾ ਸੀ ਕਿ ਮੂਇਰਹੈੱਡ ਨੂੰ ਕਿਵੇਂ ਸੰਭਾਲਣਾ ਹੈ।”

ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ “ਉਨ੍ਹਾਂ (ਪੁਲਿਸ) ਵੱਲੋਂ ਥੋੜ੍ਹੀ ਸਮਝਦਾਰੀ ਅਤੇ ਨਰਮਦਿਲੀ ਨਾਲ ਕੰਮ ਲਿਆ ਗਿਆ ਹੁੰਦਾ, ਤਾਂ ਮੂਇਰਹੈੱਡ ਨੂੰ ਉਹ ਫੈਸਲੇ ਨਾ ਕਰਨੇ ਪੈਂਦੇ ਜੋ ਉਨ੍ਹਾਂ ਨੇ ਕੀਤੇ।”

ਬੀਵਿਸ ਇਸ ਗੱਲ ਨਾਲ ਸਹਿਮਤ ਹਨ ਅਤੇ ਕਹਿੰਦੇ ਹਨ ਕਿ ਮੂਇਰਹੈੱਡ ਦਾ ਤਜਰਬਾ “ਕ੍ਰਿਮਿਨਲ ਜਸਟਿਸ ਸਿਸਟਮ ਵਿੱਚ ਲੋਕਾਂ ਦੇ ਕਈ ਤਜਰਬਿਆਂ ਨਾਲ ਮਿਲਦਾ-ਜੁਲਦਾ ਹੈ”।

“ਨਿਆਂ ਦੀ ਪ੍ਰਕਿਰਿਆ ਬਹੁਤ ਹੌਲੀ ਚੱਲਦੀ ਹੈ ਅਤੇ ਇਸਦਾ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪੈਂਦਾ ਹੈ ਅਤੇ ਇਹੀ ਅਸੀਂ ਦਿਖਾਉਣਾ ਚਾਹੁੰਦੇ ਸੀ।”

ਸਕੌਟਲੈਂਡ ਪੁਲਿਸ ਅਤੇ ਵਿਕਟਿਮ ਸਪੋਰਟ ਸਕੌਟਲੈਂਡ ਨੇ ਇਸ ਸੀਰੀਜ਼ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।

ਮੂਇਰਹੈੱਡ ਨੇ ਸਕੌਟਲੈਂਡ ਪੁਲਿਸ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਕੀਤੀਆਂ।

ਪੰਜ ਸਾਲ ਦੀ ਜਾਂਚ ਤੋਂ ਬਾਅਦ, ਜ਼ਿਆਦਾਤਰ ਸ਼ਿਕਾਇਤਾਂ ਸਹੀ ਨਹੀਂ ਪਾਈਆਂ ਗਈਆਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਨੇ ਮੂਇਰਹੈੱਡ ਨੂੰ ਠੀਕ ਮਦਦ ਦਿੱਤੀ ਸੀ।

‘ਇੱਕਲੀ ਛੱਡ ਦਿੱਤਾ ਗਿਆ’

ਸਾਈਕਲ ਸਵਾਰ

ਤਸਵੀਰ ਸਰੋਤ, Netflix

ਸ਼ੋਅ ਬਾਰੇ ਇੱਕ ਨੋਟ ਵਿੱਚ ਮੂਇਰਹੈੱਡ ਨੇ ਕਿਹਾ ਕਿ ਉਨ੍ਹਾਂ “ਸਿਸਟਮ ‘ਤੇ ਭਰੋਸਾ ਸੀ ਕਿ ਜਦੋਂ ਮੈਂ ਸਭ ਤੋਂ ਵੱਧ ਕਮਜ਼ੋਰ ਸੀ, ਤਾਂ ਉਹ ਮੇਰੇ ਨਾਲ ਖੜ੍ਹਾ ਰਹੇਗਾ ਅਤੇ ਮੈਨੂੰ ਸੁਰੱਖਿਅਤ ਰੱਖੇਗਾ, ਪਰ ਮੇਰਾ ਤਜਰਬਾ ਅਜਿਹਾ ਨਹੀਂ ਰਿਹਾ।”

“ਮੈਨੂੰ ਉਮੀਦ ਹੈ ਕਿ ਆਪਣੀ ਗੱਲ ਕਹਿ ਕੇ ਅਤੇ ਮੇਰੇ ਨਾਲ ਜੋ ਹੋਇਆ ਉਹ ਸਭ ਨਾਲ ਸਾਂਝਾ ਕਰਕੇ ਅਸੀਂ ਪੀੜਤਾਂ ਅਤੇ ਗਵਾਹਾਂ ਦੀ ਬਿਹਤਰ ਸੁਰੱਖਿਆ ਬਾਰੇ ਵਾਕਈ ਗੱਲਬਾਤ ਸ਼ੁਰੂ ਕਰ ਸਕਾਂਗੇ ਅਤੇ ਇਹ ਸਮਝ ਸਕਾਂਗੇ ਕਿ ਪੁਲਿਸ ਅਤੇ ਅਦਾਲਤੀ ਸਿਸਟਮ ਦੇ ਅੰਦਰ ਮਾਨਸਿਕ ਸਿਹਤ ਦੀ ਡੂੰਘੀ ਸਮਝ ਦੀ ਇੰਨੀ ਜ਼ਿਆਦਾ ਲੋੜ ਕਿਉਂ ਹੈ।”

ਉਨ੍ਹਾਂ ਕਿਹਾ, “ਅਕਸਰ ਸਦਮੇ ਅਤੇ ਦੁਰਵਿਵਹਾਰ ਦੇ ਅਸਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਜਾਂਦਾ ਹੈ, ਅਤੇ ਇਸਦਾ ਮਤਲਬ ਹੈ ਕਿ ਮੇਰੇ ਵਰਗੇ ਲੋਕਾਂ ਨੂੰ ਇੱਕਲਾ ਛੱਡ ਦਿੱਤਾ ਜਾਂਦਾ ਹੈ, ਤਾਂ ਜੋ ਉਹ ਇੱਕਲੇ ਹੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਸੰਭਾਲਣ।”

ਜੁਲਾਈ 2023 ਵਿੱਚ, ਗਲਾਸਗੋ ਦੀ ਹਾਈ ਕੋਰਟ ਵਿੱਚ ਦੋਵੇਂ ਭਰਾਵਾਂ ‘ਤੇ ਮੁਕੱਦਮਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਮੈਕਕੇਲਰ ਨੇ ਘੱਟ ਗੰਭੀਰ ਇਲਜ਼ਾਮ, ਭਾਵ ਗੈਰ-ਇਰਾਦਤਨ ਕਤਲ ਦਾ ਇਲਜ਼ਾਮ ਕਬੂਲ ਕਰ ਲਿਆ।

ਉਸਦੇ ਭਰਾ ਦੀ ਹੱਤਿਆ ਦੇ ਇਲਜ਼ਾਮ ਤੋਂ ਬਰੀ ਹੋਣ ਦੀ ਅਪੀਲ ਮਨਜ਼ੂਰ ਕਰ ਲਈ ਗਈ, ਪਰ ਦੋਹਾਂ ਭਰਾਵਾਂ ਨੇ ਅਪਰਾਧ ਨੂੰ ਲੁਕਾ ਕੇ ਨਿਆਂ ਦੀ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕਰ ਲਿਆ।

ਸੈਂਡੀ ਮੈਕਕੇਲਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਉਸਦੇ ਭਰਾ ਨੂੰ ਪੰਜ ਸਾਲ ਤਿੰਨ ਮਹੀਨੇ ਕੈਦ ਦੀ ਸਜ਼ਾ ਹੋਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI