Home ਰਾਸ਼ਟਰੀ ਖ਼ਬਰਾਂ ਕੀ ਜਲਵਾਯੂ ਪਰਿਵਰਤਨ ਕਰਕੇ ਬੱਚਿਆਂ ਦੇ ਕੱਦ ਛੋਟੇ ਰਹਿ ਸਕਦੇ ਹਨ, ਖੋਜ...

ਕੀ ਜਲਵਾਯੂ ਪਰਿਵਰਤਨ ਕਰਕੇ ਬੱਚਿਆਂ ਦੇ ਕੱਦ ਛੋਟੇ ਰਹਿ ਸਕਦੇ ਹਨ, ਖੋਜ ਵਿੱਚ ਕੀ ਸਾਹਮਣੇ ਆਇਆ?

5
0

Source :- BBC PUNJABI

ਤਸਵੀਰ ਅਪ੍ਰੈਲ 2016 ਦੀ ਹੈ ਜਦੋਂ ਬੋਲੀਵੀਆ ਦੇ ਪਿੰਡ ਤਾਵਾਰਚਾਪੀ ਦੇ ਇੱਕ ਸਿਹਤ ਕੇਂਦਰ ਵਿੱਚ ਛੋਟੇ ਬੱਚੇ ਦਾ ਕੱਦ ਮਾਪਿਆ ਜਾ ਰਿਹਾ ਹੈ। ਬੱਚੇ ਨੇ ਲਾਲ, ਨੀਲੇ, ਪੀਲ਼ੇ ਅਤੇ ਚਿੱਟੇ ਰੰਗ ਦੀ ਨਮੂਨੇਦਾਰ ਟੋਪੀ ਪਹਿਨੀ ਹੈ ਅਤੇ ਕੈਮਰੇ ਵੱਲ ਦੇਖ ਰਿਹਾ ਹੈ। ਉਸ ਦੇ ਸਿਰ ਦੇ ਸੱਜੇ ਪਾਸਿਓਂ ਇੱਕ ਮਾਪਣ ਵਾਲਾ ਫੀਤਾ ਵੀ ਦਿਸ ਰਿਹਾ ਹੈ।

ਤਸਵੀਰ ਸਰੋਤ, Getty Images

ਪਿਛਲੇ ਤਕਰੀਬਨ 150 ਸਾਲਾਂ ਵਿੱਚ, ਇਨਸਾਨਾਂ ਨੇ ਕੱਦ ਕਾਠ ਵਿੱਚ ਬਹੁਤ ਤੇਜ਼ੀ ਨਾਲ ਵਾਧੇ ਦਾ ਅਨੁਭਵ ਕੀਤਾ ਹੈ। ਪਰ ਸੰਕੇਤ ਮਿਲ ਰਹੇ ਹਨ ਕਿ ਇਹ ਵਾਧਾ ਹੁਣ ਖਤਮ ਹੋ ਸਕਦਾ ਹੈ ਅਤੇ ਇਸਦਾ ਇੱਕ ਸੰਭਵ ਕਾਰਨ ਜਲਵਾਯੂ ਪਰਿਵਰਤਨ ਪ੍ਰਤੀਤ ਹੁੰਦਾ ਹੈ।

ਇਹ ਗੱਲ ਚੰਗੀ ਤਰ੍ਹਾਂ ਸਿੱਧ ਹੋ ਚੁੱਕੀ ਹੈ ਕਿ ਆਲਮੀ ਤਪਸ਼ ਕਾਰਨ ਮੌਸਮ ਬਹੁਤ ਖ਼ਰਾਬ ਹੋ ਰਿਹਾ ਹੈ ਜਿਸ ਵਿੱਚ ਭਿਆਨਕ ਗਰਮੀ ਅਤੇ ਵਧਦੀ ਨਮੀਂ ਸ਼ਾਮਲ ਹਨ।

ਹੁਣ ਅਮਰੀਕਾ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੂੰ ਪਤਾ ਲੱਗਿਆ ਹੈ ਕਿ ਅਜਿਹੇ ਹਾਲਾਤ ਬੱਚਿਆਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਿਕਾਸ ਨੂੰ ਰੋਕ ਰਹੇ ਹੋ ਸਕਦੇ ਹਨ।

ਟੀਮ ਨੇ ਦੱਖਣੀ ਏਸ਼ੀਆ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਦੋ ਲੱਖ ਬੱਚਿਆਂ ਬਾਰੇ ਵਿਸ਼ਲੇਸ਼ਣ ਕੀਤਾ ਜੋ ਕਿ ਜਲਵਾਯੂ ਪਰਿਵਰਤਨ ਦੇ ਲਿਹਾਜ਼ ਨਾਲ ਇੱਕ ਬੇਹਦ ਸੰਵੀਦਨਸ਼ੀਲ ਖੇਤਰ ਹੈ।

ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ ਜਿਹੜੇ ਬੱਚਿਆਂ ਨੇ ਆਪਣੀ ਮਾਂ ਦੇ ਗਰਭ ਵਿੱਚ ਹੁੰਦਿਆਂ, ਗਰਭ ਅਵਸਥਾ ਦੀ ਹਰ ਤਿਮਾਹੀ ਦੌਰਾਨ ਉੱਚ ਨਮੀ ਦੇ ਨਾਲ 35 ਡਿਗਰੀ ਸੈਲਸੀਅਸ ਤੋਂ ਵੱਧ ਦੇ ਤਾਪਮਾਨ ਦਾ ਸਾਹਮਣਾ ਕੀਤਾ, ਉਨ੍ਹਾਂ ਦਾ ਕੱਦ ਆਪਣੀ ਉਮਰ ਦੇ ਹਿਸਾਬ ਨਾਲ ਉਮੀਦ ਤੋਂ 13 ਫ਼ੀਸਦੀ ਘੱਟ ਹੋਵੇਗਾ।

ਜਨਮ ਤੋਂ ਲੈ ਕੇ ਪੰਜ ਸਾਲ ਤੱਕ ਦੀ ਉਮਰ ਵਿਚਕਾਰ ਹੋਣ ਵਾਲਾ ਕੱਦ ਵਾਧਾ ਬੱਚੇ ਦੀ ਸਮੁੱਚੀ ਸਿਹਤ ਅਤੇ ਵਿਕਾਸ ਦਾ ਇੱਕ ਮੁਖ ਸੰਕੇਤ ਮੰਨਿਆ ਜਾਂਦਾ ਹੈ।

ਮੁੱਖ ਲੇਖਕ ਕੇਟੀ ਮੈਕਮੈਹਨ ਨੇ ਸਮਝਾਇਆ, “ਹਾਲਾਂਕਿ ਸਾਡਾ ਕੱਦ ਕਿੰਨਾ ਹੋਵੇਗਾ, ਇਹ ਕਾਫ਼ੀ ਹੱਦ ਤੱਕ ਜੈਨੇਟਿਕਸ ਅਤੇ ਹੋਰ ਕਾਰਕਾਂ ਜਿਵੇਂ ਕਿ ਖੁਰਾਕ ਅਤੇ ਸਿਹਤ ‘ਤੇ ਨਿਰਭਰ ਕਰਦਾ ਹੈ ਪਰ ਅਧਿਐਨ ਮੁਤਾਬਕ ਜਲਵਾਯੂ ਪਰਿਵਰਤਨ ਕਾਰਨ ਵਧਦੀ ਗਰਮੀ ਅਤੇ ਨਮੀ ਦੱਖਣੀ ਏਸ਼ੀਆ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਔਸਤ ਕੱਦ ਘਟਾਉਣ ਦਾ ਖ਼ਤਰਾ ਪੈਦਾ ਕਰਦੀ ਹੈ।”

ਉਨ੍ਹਾਂ ਅੱਗੇ ਕਿਹਾ, “ਵਿਸ਼ਵ ਪੱਧਰ ‘ਤੇ ਤਸਵੀਰ ਹਾਲੇ ਵੀ ਅਨਿਸ਼ਚਿਤ ਹੈ, ਪਰ ਬਹੁਤ ਕੁਝ ਆਉਣ ਵਾਲੇ ਦਹਾਕਿਆਂ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਇਨ੍ਹਾਂ ਦੇ ਅਨੁਕੂਲ ਹੋਣ ‘ਤੇ ਨਿਰਭਰ ਕਰੇਗਾ। ਅਸੀਂ ਹੋਰਨਾਂ ਹੇਠਲੀਆਂ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਜੋ ਪਹਿਲਾਂ ਹੀ ਉੱਚ ਤਾਪਮਾਨ ਅਤੇ ਵੱਧ ਨਮੀ ਦਾ ਸਾਹਮਣਾ ਕਰ ਰਹੇ ਹਨ, ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕਰ ਸਕਦੇ ਹਾਂ।

ਵਿਸ਼ਵ ਬੈਂਕ ਦੇ ਵਰਗੀਕਰਨ ਮੁਤਾਬਕ, ਲਗਭਗ 120 ਦੇਸ਼ ਹੇਠਲੀ ਅਤੇ ਮੱਧ-ਆਮਦਨ ਸ਼੍ਰੇਣੀ ਵਿੱਚ ਆਉਂਦੇ ਹਨ। “

ਮਨੁੱਖੀ ਕੱਦ ਵਿੱਚ ‘ਕੌਨਸਰਟੀਨਾ ਪ੍ਰਭਾਵ’

ਲਿਓਨਲ ਮੈਸੀ ਨੀਲੀ ਅਤੇ ਚਿੱਟੀ ਜਰਸੀ ਪਾ ਕੇ ਫੁੱਟਬਾਲ ਦੇ ਮੈਦਾਨ ਵਿੱਚ ਨੀਦਰਲੈਂਡ ਦੇ ਗੋਲਕੀਪਰ ਐਂਡਰੀਜ਼ ਨੌਪਰਟ ਦੇ ਸਾਹਮਣੇ ਖੜ੍ਹਾ ਹੈ। ਹਰੇ ਰੰਗ ਦੀ ਜਰਸੀ ਪਹਿਨ ਕੇ ਡੱਚ ਖਿਡਾਰੀ ਆਪਣੇ ਵਿਰੋਧੀ ਸਾਹਮਣੇ ਬਹੁਤ ਲੰਬਾ ਦਿਖਾਈ ਦੇ ਰਿਹਾ ਹੈ। ਬੈਕਗਰਾਊਂਡ ਵਿੱਚ ਭੀੜ ਧੁੰਦਲੀ ਨਜ਼ਰ ਆ ਰਹੀ ਹੈ।

ਤਸਵੀਰ ਸਰੋਤ, Getty Images

ਵਿਗਿਆਨੀ ਇਹ ਜਾਣਦੇ ਹਨ ਕਿ ਇਨਸਾਨਾਂ ਨੇ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਕੱਦ ‘ਚ ਉਤਰਾਅ-ਚੜ੍ਹਾਅ ਦੇਖੇ ਹਨ, ਖਾਸ ਕਰਕੇ ਵੱਡੇ ਬਦਲਾਅ ਦੇ ਸਮਿਆਂ ਦੌਰਾਨ। ਉਦਾਹਰਨ ਲਈ, ਦਸ ਹਜ਼ਾਰ ਸਾਲ ਪਹਿਲਾਂ ਜਦੋਂ ਇਨਸਾਨ ਸ਼ਿਕਾਰ ਅਤੇ ਭੋਜਨ ਇਕੱਠਾ ਕਰਨ ਦੀ ਬਜਾਏ ਖੇਤੀਬਾੜੀ ਵੱਲ ਵਧਿਆ ਸੀ, ਕਈ ਅਧਿਐਨ ਦੱਸਦੇ ਹਨ ਕਿ ਸ਼ੁਰੂਆਤੀ ਦੌਰ ਵਿੱਚ ਇਸ ਦਾ ਔਸਤ ਕੱਦ ‘ਤੇ ਨਕਰਾਤਮਕ ਪ੍ਰਭਾਵ ਪਿਆ ਸੀ।

ਹਾਲ ਹੀ ਵਿੱਚ, 2004 ‘ਚ ਅਮਰੀਕਾ ਦੀ ਓਹੀਓ ਸਟੇਟ ਯੁਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਲੈਕਚਰਾਰ ਪ੍ਰੋਫੈਸਰ ਰਿਚਰਡ ਸਟੈਕਲ ਨੇ ਇੱਕ ਇਤਿਹਾਸਕ ਅਧਿਐਨ ਪ੍ਰਕਾਸ਼ਿਤ ਕੀਤਾ।

ਉਨ੍ਹਾਂ ਨੇ ਉੱਤਰੀ ਯੂਰਪ ਵਿੱਚ ਨੌਵੀਂ ਤੋਂ ਉੱਨੀਵੀਂ ਸਦੀ ਦੀਆਂ ਕਬਰਾਂ ਤੋਂ ਕੱਢੇ ਗਏ ਹਜ਼ਾਰਾਂ ਪਿੰਜਰਾਂ ਦੇ ਕੱਦ ਦੇ ਅੰਕੜਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਉਸ ਸਮੇਂ ਦੌਰਾਨ ਔਸਤ ਕੱਦ ਉੱਤੇ-ਥੱਲੇ ਹੁੰਦਾ ਰਿਹਾ, ਜੋ ਕਿ ਸਤਰਾਵੀਂ ਸਦੀ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ।

ਉਸ ਦੌਰ ਵਿੱਚ ਯੂਰਪ ‘ਚ ਕਈ ਤਬਦੀਲੀਆਂ ਆਈਆਂ, ਜਿਵੇਂ ਕਿ ਸ਼ਹਿਰਾਂ ਦਾ ਵਧਣਾ ਜਿਸ ਨਾਲ ਛੂਤ ਦੀਆਂ ਬਿਮਾਰੀਆਂ ਦਾ ਫੈਲਣਾ ਵਧਿਆ, ਖੇਤੀਬਾੜੀ ਉਤਪਾਦਨ ਵਿੱਚ ਬਦਲਾਅ ਆਇਆ ਅਤੇ ਇੱਥੋਂ ਤੱਕ ਕਿ ਛੋਟਾ ਬਰਫ਼ ਯੁੱਗ ਵੀ ਆਇਆ ਜੋ ਕਿ 16ਵੀ ਤੋਂ19ਵੀਂ ਦੇ ਵਿਚਕਾਰ ਬਹੁਤ ਜ਼ਿਆਦਾ ਠੰਡ ਦਾ ਦੌਰ ਸੀ।

ਪ੍ਰੋਫੈਸਰ ਸਟੈਕਲ ਨੇ ਅਧਿਐਨ ਵਿੱਚ ਲਿਖਿਆ, “1700 ਦੇ ਦਹਾਕੇ ਤੱਕ ਉੱਤਰ ਯੂਰਪੀ ਮਰਦਾਂ ਦੇ ਔਸਤ ਕੱਦ ਵਿੱਚ 2.5 ਇੰਚ ਦੀ ਕਮੀ ਆ ਚੁੱਕੀ ਸੀ ਅਤੇ ਇਸ ਘਾਟ ਦੀ ਪੂਰਤੀ ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਪੂਰੀ ਨਹੀਂ ਹੋ ਸਕਦੀ ਸੀ।”

ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਅਬਾਦੀ ਸਿਹਤ ਦੀ ਖੋਜਕਰਤਾ ਡਾ. ਐਂਡਰੀਆ ਰੌਡਰਿਗਜ਼ ਮਾਰਟੀਨੇਜ਼ ਜਿਨ੍ਹਾਂ ਨੇ ਮਨੁੱਖੀ ਕੱਦ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਕਈ ਖੋਜ ਪੱਤਰ ਲਿਖੇ ਹਨ, ਨੂੰ ਡਰ ਹੈ ਕਿ ਜਲਵਾਯੂ ਪਰਿਵਰਤਨ ਮੌਜੂਦਾ ਅਬਾਦੀ ‘ਤੇ ਵੀ ਅਜਿਹਾ ਹੀ ਦਬਾਅ ਪਾ ਸਕਦਾ ਹੈ।

ਉਹ ਕਹਿੰਦੇ ਹਨ, “ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਹੈ ਕਿ ਦੁਨੀਆਂ ਭਰ ਦੇ ਲਗਭਗ ਇੱਕ ਅਰਬ ਬੱਚੇ ਜਲਵਾਯੂ ਪਰਿਵਰਤਨ ਦੇ ਨਤੀਜਿਆਂ ਦੇ ਬਹੁਤ ਜ਼ਿਆਦਾ ਖ਼ਤਰੇ ਵਿੱਚ ਹਨ। ਇਹ ਕਹਿਣਾ ਸਹੀ ਹੋਵੇਗਾ ਕਿ ਜਲਵਾਯੂ ਪਰਿਵਰਤਨ ਵੱਖ-ਵੱਖ ਤਰੀਕਿਆਂ ਨਾਲ ਬੱਚਿਆਂ ਦੇ ਵਿਕਾਸ ਅਤੇ ਸਿਹਤ ਲਈ ਇੱਕ ਵੱਡਾ ਖ਼ਤਰਾ ਪੈਦਾ ਕਰਦਾ ਹੈ।”

ਸੁੰਗੜ ਰਹੇ ਡੱਚ ਦਿੱਗਜ

ਇੱਕ ਕਲਾਤਮਕ ਤਸਵੀਰ ਵਿੱਚ ਵੱਖ ਵੱਖ ਅਕਾਰਾਂ ਦੇ ਪੰਜ ਫਿੱਕੇ ਲੱਕੜ-ਰੰਗੇ ਜੋੜਾਂ ਵਾਲੇ ਪੁਤਲੇ ਦਿਖਾਏ ਗਏ ਹਨ ਜੋ ਇੱਕ ਪੁਲਿਸ ਸ਼ਨਾਖਤੀ ਪਰੇਡ ਦੀ ਸ਼ੈਲੀ ਵਿੱਚ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਦੇ ਪਿੱਛੇ ਕਾਲੇ ਅਤੇ ਚਿੱਟੇ ਰੰਗ ਦਾ ਇੱਕ ਬੋਰਡ ਹੈ ਜਿਸ 'ਤੇ ਕੱਦ ਮਾਪਣ ਲਈ ਨਿਸ਼ਾਨ ਲੱਗੇ ਹੋਏ ਹਨ।

ਤਸਵੀਰ ਸਰੋਤ, Getty Images

ਜੇਕਰ ਵੀਹਵੀਂ ਸਦੀ ਦੌਰਾਨ ਸਾਰੇ ਪਾਸੇ ਨਿਗ੍ਹਾ ਮਾਰੀਏ ਤਾਂ ਅਜਿਹਾ ਜਾਪਦਾ ਹੈ ਕਿ ਰਹਿਣ ਸਹਿਣ ਦੀਆਂ ਸਥਿਤੀਆਂ ਨੇ ਕੱਦ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

2017 ਵਿੱਚ, ਦੁਨੀਆਂ ਭਰ ਦੇ ਸਿਹਤ ਵਿਗਿਆਨੀਆਂ ਦੇ ਇੱਕ ਨੈਟਵਰਕ NCD-RisC ਨੇ 200 ਦੇਸ਼ਾਂ ਵਿੱਚ 1896 ਤੋਂ 1996 ਵਿਚਕਾਰ ਪੈਦਾ ਹੋਏ ਮਰਦਾਂ ਅਤੇ ਔਰਤਾਂ ਦੇ ਬਾਇਓਮੀਟ੍ਰਿਕ ਅੰਕੜਿਆਂ ਦਾ ਇੱਕ ਵਿਸ਼ਲੇਸ਼ਣ ਪ੍ਰਕਾਸ਼ਿਤ ਕੀਤਾ।

ਇਸ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਸ ਸਮੇਂ ਦੌਰਾਨ ਮਰਦਾਂ ਲਈ ਗਲੋਬਲ ਔਸਤ ਕੱਦ 162 ਸੈਂਟੀਮੀਟਰ ਤੋਂ ਵਧ ਕੇ 171 ਸੈਂਟੀਮੀਟਰ ਹੋ ਗਿਆ। ਔਰਤਾਂ ਵਿੱਚ ਇਹ 151 ਸੈਂਟੀਮੀਟਰ ਤੋਂ ਵਧ ਕੇ 159 ਸੈਂਟੀਮੀਟਰ ਹੋ ਗਿਆ।

ਹਾਲਾਂਕਿ ਕੁਝ ਦੇਸ਼ਾਂ ਦੇ ਲੋਕਾਂ ਦਾ ਕੱਦ ਦੂਜੇ ਦੇਸ਼ਾਂ ਦੇ ਲੋਕਾਂ ਮੁਕਾਬਲੇ ਜ਼ਿਆਦਾ ਵਧਿਆ। ਉਦਾਹਰਨ ਵਜੋਂ, ਈਰਾਨੀ ਮਰਦਾਂ ਦਾ ਕੱਦ 16.5 ਸੈਂਟੀਮੀਟਰ ਵਧਿਆ ਅਤੇ ਦੱਖਣੀ ਕੋਰੀਆਈ ਔਰਤਾਂ ਦੇ ਕੱਦ ਵਿੱਚ 20.2 ਸੈਂਟੀਮੀਟਰ ਦਾ ਵਾਧਾ ਦਰਜ ਕੀਤਾ ਗਿਆ।

ਦੂਜੇ ਪਾਸੇ ਮੈਡਾਗਾਸਕਰ ਦੀਆਂ ਔਰਤਾਂ ਦਾ ਕੱਦ ਪੂਰੀ ਸਦੀ ਦੌਰਾਨ ਸਿਰਫ਼ 1.5 ਸੈਂਟੀਮੀਟਰ ਵਧਿਆ ਅਤੇ ਪਾਕਿਸਤਾਨੀ ਮਰਦਾਂ ਵਿੱਚ ਇਹ ਵਾਧਾ ਸਿਰਫ਼ 1.27 ਸੈਂਟੀਮੀਟਰ ਰਿਹਾ।

ਖੋਜਕਰਤਾ ਕੇਟੀ ਮੈਕਨੈਹਨ ਕਹਿੰਦੇ ਹਨ ਕਿ ਹਾਲਾਂਕਿ ਸਾਡਾ ਕੱਦ ਕਿੰਨਾ ਹੋਵੇਗਾ, ਇਹ ਕਾਫ਼ੀ ਹੱਦ ਤੱਕ ਜੈਨੇਟਿਕਸ ਅਤੇ ਹੋਰ ਕਾਰਕਾਂ ਜਿਵੇਂ ਕਿ ਖੁਰਾਕ ਅਤੇ ਸਿਹਤ 'ਤੇ ਨਿਰਭਰ ਕਰਦਾ ਹੈ ਪਰ ਅਧਿਐਨ ਮੁਤਾਬਕ ਜਲਵਾਯੂ ਪਰਿਵਰਤਨ ਕਾਰਨ ਵਧਦੀ ਗਰਮੀ ਅਤੇ ਨਮੀ ਦੱਖਣੀ ਏਸ਼ੀਆ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਔਸਤ ਕੱਦ ਘਟਾਉਣ ਦਾ ਖ਼ਤਰਾ ਪੈਦਾ ਕਰਦੀ ਹੈ।

ਇੰਨਾ ਵੱਡਾ ਫਰਕ ਕਿਉਂ?

ਡਾ.ਮਾਰਟੀਨੇਜ਼ ਸਮਝਾਉਂਦੇ ਹਨ, “ਕੱਦ ਵਿੱਚ ਹੋਣ ਵਾਲਾ ਫਰਕ ਕਾਫ਼ੀ ਹੱਦ ਤੱਕ ਜੈਨੇਟਿਕਸ ਵੱਲੋਂ ਨਿਰਧਾਰਿਤ ਹੁੰਦਾ ਹੈ ਪਰ ਇਹ ਪੌਸ਼ਟਿਕ ਖੁਰਾਕ, ਵਾਤਾਵਰਣ ਅਤੇ ਸਮਾਜਿਕ-ਆਰਥਿਕ ਕਾਰਕਾਂ ਦੇ ਸੁਮੇਲ ਨਾਲ ਵੀ ਜੁੜਿਆ ਹੋਇਆ ਹੈ ਇਨ੍ਹਾਂ ਵਿੱਚ ਪੌਸ਼ਟਿਕ ਭੋਜਨ ਅਤੇ ਸਾਫ਼ ਪਾਣੀ ਤੱਕ ਪਹੁੰਚ ਦੇ ਨਾਲ ਨਾਲ ਮੈਡੀਕਲ ਪ੍ਰਗਤੀ ਵੀ ਸ਼ਾਮਲ ਹੈ ਜਿਸ ਨੇ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰਥਾ ਨੂੰ ਵਧਾਇਆ ਹੈ।”

ਅਜਿਹੇ ਅੰਕੜੇ ਵੀ ਮਿਲ ਰਹੇ ਹਨ ਜੋ ਦੱਸਦੇ ਹਨ ਕਿ ਇਨਸਾਨਾਂ ਦਾ ਔਸਤ ਵਿਕਾਸ ਹੁਣ ਇੱਕ ਸਥਿਰ ਪੱਧਰ ‘ਤੇ ਆ ਰਿਹਾ ਹੋ ਸਕਦਾ ਹੈ ਖਾਸ ਕਰਕੇ ਦੁਨੀਆਂ ਦੇ ਕੁਝ ਲੰਬੇ ਕੱਦ ਵਾਲੇ ਦੇਸ਼ਾਂ ਵਿੱਚ। ਦੁਨੀਆਂ ਦੇ ਸਭ ਤੋਂ ਲੰਬੇ ਲੋਕ ਡੱਚ ਹਨ ਜਿਸ ਦਾ ਕਾਰਨ ਰਹਿਣ ਸਹਿਣ ਦੇ ਮਿਆਰ ਵਿੱਚ ਇਤਿਹਾਸਕ ਸੁਧਾਰ, ਉੱਚ ਗੁਣਵੱਤਾ ਵਾਲੇ ਭੋਜਨ ਤੱਕ ਪਹੁੰਚ ਅਤੇ ਮੈਡੀਕਲ ਤਰੱਕੀ ਨੂੰ ਮੰਨਿਆ ਜਾਂਦਾ ਹੈ।

ਨੀਦਰਲੈਂਡ ਦੀ ਵੈਗਨਿੰਗਨ ਯੁਨੀਵਰਸਿਟੀ ਵਿੱਚ ਸਿਹਤ ਅਤੇ ਸਮਾਜ ਦੀ ਪ੍ਰੋਫੈਸਰ ਕ੍ਰਿਸਟੀਨਾ ਥੌਮਸਨ ਕਹਿੰਦੀ ਹੈ, “ਉਨ੍ਹਾਂ ਦੀ ਕਹਾਾਣੀ ਰਹਿਣ ਸਹਿਣ ਦੇ ਵਾਤਾਵਰਣ ਅਤੇ ਸਿਹਤਮੰਦ ਲੰਬੇ ਕੱਦ ਵਾਲੀ ਅਬਾਦੀ ਦੇ ਵਿਚਕਾਰ ਸਪਸ਼ਟ ਸਬੰਧ ਦਰਸਾਉਂਦੀ ਹੈ।”

ਪਰ ਨੀਦਰਲੈਂਡ ਦੇ ਅੰਕੜਾ ਵਿਭਾਗ ਸੀ.ਬੀ.ਐਸ ਮੁਤਾਬਕ, ਉਨ੍ਹਾਂ ਦੇ ਔਸਤ ਕੱਦ ਵਿੱਚ ਕਮੀ ਆਈ ਹੈ। 1980 ਵਿੱਚ ਪੈਦਾ ਹੋਏ ਮਰਦਾਂ ਦਾ ਕੱਦ 19 ਸਾਲ ਦੀ ਉਮਰ ਤੱਕ ਪਹੁੰਚਣ ‘ਤੇ ਔਸਤਨ 183.9 ਸੈਂਟੀਮੀਟਰ ਸੀ ਪਰ 2001 ਵਿੱਚ ਪੈਦਾ ਹੋਏ ਮਰਦਾਂ ਦ ਕੱਦ ਘਟ ਕੇ 182.9 ਸੈਂਟੀਮੀਟਰ ਰਹਿ ਗਿਆ। ਡੱਚ ਔਰਤਾਂ ਲਈ ਔਸਤ ਕੱਦ 170.7 ਸੈਂਟੀਮੀਟਰ ਤੋਂ ਘਟ ਕੇ 169.3 ਸੈਂਟੀਮੀਟਰ ਹੋ ਗਿਆ ਹੈ।

ਸੀ.ਬੀ.ਐਸ ਮੁਤਾਬਕ ਇਸ ਦਾ ਇੱਕ ਕਾਰਨ ਘੱਟ ਕੱਦ ਵਾਲੀ ਨਵੀਂ ਅਬਾਦੀ ਦਾ ਇੱਥੇ ਪਰਵਾਸ ਕਰਕੇ ਆਉਣਾ ਅਤੇ ਉਨ੍ਹਾਂ ਦੇ ਇੱਥੇ ਪੈਦਾ ਹੋਏ ਬੱਚੇ ਹਨ। ਪਰ ਇਹ ਵੀ ਨੋਟ ਕੀਤਾ ਗਿਆ ਹੈ ਕਿ ਡੱਚ ਮੂਲ ਦੇ ਮਾਪਿਆਂ ਦੇ ਬੱਚਿਆਂ ਦੇ ਕੱਦ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਥੌਮਸਨ ਕਹਿੰਦੇ ਹਨ, “ਹਾਲੇ ਇਹ ਸਪਸ਼ਟ ਨਹੀਂ ਹੈ ਕਿ ਇਸ ਗਿਰਾਵਟ ਦਾ ਕਾਰਨ ਕੀ ਹੈ। ਕੀ ਖੁਰਾਕ ਦੀ ਗੁਣਵੱਤਾ ਵਿੱਚ ਕਮੀ ਆਈ ਹੈ? ਕੀ ਬਚਪਨ ਦਾ ਮੋਟਾਪਾ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ?”

ਭਿੰਨਤਾ ਤੋਂ ਹੈਰਾਨ

ਇੱਕ ਛੋਟਾ ਬੱਚਾ ਕੰਧ 'ਤੇ ਲੱਗੇ ਇੱਕ ਕੱਦ ਮਾਪਣ ਵਾਲੇ ਵਰਟੀਕਲ ਸਕੇਲ ਕੋਲ ਸਿੱਧਾ ਖੜ੍ਹਾ ਹੈ। ਚਿੱਟੇ ਕੋਟ ਵਿੱਚ ਇੱਕ ਬਾਲਗ, ਬੱਚੇ ਦੇ ਕੋਲ ਖੜ੍ਹਾ ਹੈ ਅਤੇ ਉਸ ਨੇ ਬੱਚੇ ਦੇ ਸਿਰ ਉੱਤੇ ਇੱਕ ਮਾਪਣ ਵਾਲੀ ਲੇਟਵੀਂ ਪੇਟੀ ਰੱਖੀ ਹੋਈ ਹੈ, ਜੋ ਕੱਦ ਚੈੱਕ ਕਰਨ ਲਈ ਸਕੇਲ ਦੇ ਨਾਲ ਮਿਲਾਈ ਗਈ ਹੈ।

ਤਸਵੀਰ ਸਰੋਤ, Getty Images

ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਦੁਨੀਆਂ ਦੇ ਵਧੇਰੇ ਵਿਕਸਤ ਦੇਸ਼ ਗਲੋਬਲ ਕੱਦ ਦੀ ਦਰਜਾਬੰਦੀ ਵਿੱਚ ਚੋਟੀ ਦੇ ਸਥਾਨਾਂ ‘ਤੇ ਹਨ। ਪਰ ਇਹ ਦਰਜਾਬੰਦੀ ਬਦਲ ਸਕਦੀ ਹੈ। ਐਨਸੀਡੀ ਦੇ ਅੰਕੜੇ ਦੱਸਦੇ ਹਨ ਕਿ ਉੱਨੀਵੀਂ ਸਦੀ ਦੇ ਅਖੀਰ ਵਿੱਚ ਅਮਰੀਕਾ, ਦੁਨੀਆਂ ਦਾ ਤੀਜਾ ਸਭ ਤੋਂ ਉੱਚੇ ਕੱਦ ਵਾਲਾ ਦੇਸ਼ ਸੀ। ਅੱਜਕੱਲ੍ਹ ਉਹ ਚੋਟੀ ਦੇ ਵੀਹ ਦੇਸ਼ਾਂ ਵਿੱਚ ਵੀ ਸ਼ਾਮਲ ਨਹੀਂ ਹੈ।

ਅਜਿਹਾ ਨਹੀਂ ਕਿ ਉਹ ਸੁੰਗੜ ਗਏ ਹਨ। 1966 ਵਿੱਚ ਪੈਦਾ ਹੋਏ ਅਮਰੀਕੀ ਮਰਦ ਆਪਣੇ ਸੌ ਸਾਲ ਪਹਿਲਾਂ ਪੈਦਾ ਹੋਏ ਪੂਰਵਜਾਂ ਦੇ ਮੁਕਾਬਲੇ ਔਸਤ ਛੇ ਸੈਂਟੀਮੀਟਰ ਵੱਧ ਲੰਬੇ ਹਨ। ਅਸਲ ਵਿੱਚ ਬਾਕੀ ਦੁਨੀਆਂ ਨੇ ਜ਼ਿਆਦਾ ਤੇਜ਼ੀ ਨਾਲ ਵਾਧਾ ਕੀਤਾ ਹੈ। ਅਮਰੀਕੀ ਅਰਥ ਸ਼ਾਸਤਰੀ ਅਤੇ ਮਾਨਵ ਵਿਗਿਆਨਕ ਇਤਿਹਾਸ(ਸਦੀਆਂ ਦੌਰਾਨ ਮਨੁੱਖੀ ਕੱਦ-ਕਾਠ ਦਾ ਅਧਿਐਨ) ਦੇ ਮਾਹਿਰ ਜੌਹਨ ਕੋਮਲੋਸ ਦੇਸ਼ ਵਿੱਚ ਸਮੇਂ ਦੇ ਨਾਲ ਪੈਦਾ ਹੋਏ ਸਮਾਜਿਕ-ਆਰਥਿਕ ਪਾੜੇ ਅਤੇ ਖਾਸ ਕਰਕੇ ਪਿਛਲੇ ਦਹਾਕਿਆਂ ਵਿੱਚ ਡਾਕਟਰੀ ਸਹੂਲਤਾਂ ਤੱਕ ਪਹੁੰਚ ਦੀ ਘਾਟ ਵੱਲ ਇਸ਼ਾਰਾ ਕਰਦੇ ਹਨ।

ਉਹ ਸਮਝਾਉਂਦੇ ਹਨ, “ਅਮਰੀਕਾ ਉਨ੍ਹਾਂ ਦੇਸ਼ਾਂ ਤੋਂ ਪਿੱਛੇ ਰਹਿ ਗਿਆ ਜਿਨ੍ਹਾਂ ਨੇ ਜਨ-ਕਲਿਆਣਕਾਰੀ ਰਾਜ ਦੀ ਨੀਤੀ ਅਪਣਾਈ ਸੀ ਜਿੱਥੇ ਗਰੀਬ ਲੋਕ ਵੀ ਆਪਣੇ ਬੱਚਿਆਂ ਨੂੰ ਡਾਕਟਰ ਕੋਲ ਲਿਜਾ ਸਕਦੇ ਹਨ।”

ਪ੍ਰੋਫੈਸਰ ਕੋਮਲੋਸ ਵੀਹਵੀਂ ਸਦੀ ਦੇ ਅੱਧ ਤੋਂ ਅਮਰੀਕਾ ਵਿੱਚ ਵਧ ਰਹੇ ਮੋਟਾਪੇ ਦੀ ਦਰ ਨੂੰ ਵੀ ਜ਼ਿੰਮੇਵਾਰ ਠਹਿਰਾਉਂਦੇ ਹਨ, ਖਾਸ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ। ਹਾਲਾਂਕਿ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਦੋ ਦਹਾਕਿਆਂ ਵਿਚ ਅਮਰੀਕੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਹੋਇਆ ਹੈ, ਪਰ ਫਿਰ ਵੀ ਇਹ ਸੰਕੇਤ ਮਿਲਦੇ ਹਨ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਅੱਧੇ ਤੋਂ ਵੱਧ ਅਮਰੀਕੀ ਹਾਲੇ ਵੀ ਪੌਸ਼ਟਿਕਤਾ ਦੇ ਲਿਹਾਜ਼ ਨਾਲ ਮਾੜੀ ਖੁਰਾਕ ਖਾਂਦੇ ਹਨ।

ਉਨ੍ਹਾਂ ਅੱਗੇ ਕਿਹਾ, “ਬੀਤੇ ਸਮੇਂ ਨੇ ਸਾਨੂੰ ਦਿਖਾਇਆ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਅਬਾਦੀ ਦਾ ਕੱਦ ਕਾਠ ਵਧੇ ਜਾਂ ਵਧਦਾ ਰਹੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਹੀ ਖੁਰਾਕ ਦੇਣੀ ਪਵੇਗੀ।”

ਦੋ ਕੋਰੀਆ ਅਤੇ ਦੋ ਜਰਮਨੀ ਦੇਸ਼ਾਂ ਦੀ ਕਹਾਣੀ

1950 ਦੇ ਸਮੇਂ ਦੀ ਬਲੈਕ ਐਂਡ ਵਾਈਟ ਤਸਵੀਰ ਵਿੱਚ ਇੱਕ ਮਾਂ ਦਰਵਾਜ਼ੇ 'ਤੇ ਪੈਨਸਿਲ ਨਾਲ ਆਪਣੇ ਪੁੱਤ ਦੇ ਦੇ ਕੱਦ ਦਾ ਨਿਸ਼ਾਨ ਲਗਾ ਰਹੀ ਹੈ। ਮਾਂ ਅਤੇ ਬੱਚਾ ਦੋਹੇਂ ਮੁਸਕਰਾ ਰਹੇ ਹਨ। ਮਾਂ ਨੇ ਫੁੱਲਾਂ ਵਾਲੀ ਡਰੈੱਸ ਪਹਿਨੀ ਹੋਈ ਹੈ ਅਤੇ ਬੱਚਾ ਬਨੈਣ ਤੇ ਨਿੱਕਰ ਵਿੱਚ ਹੈ।

ਤਸਵੀਰ ਸਰੋਤ, Hulton Archive via Getty Images

ਵਿਕਾਸ ਵਿੱਚ ਰਹਿਣ ਸਹਿਣ ਦੀਆਂ ਸਥਿਤੀਆਂ ਦੀ ਭੂਮਿਕਾ ਬਾਰੇ ਇੱਕ ਹੋਰ ਹੈਰਾਨੀਜਨਕ ਉਦਾਹਰਨ ਕੋਰੀਆਈ ਲੋਕਾਂ ਤੋਂ ਮਿਲਦੀ ਹੈ ਜੋ 1950 ਦੇ ਦਹਾਕੇ ਵਿੱਚ ਜੰਗ ਕਾਰਨ ਉੱਤਰੀ ਅਤੇ ਦੱਖਣੀ ਕੋਰੀਆ ਵਿੱਚ ਵੰਡੇ ਗਏ ਸਨ।

ਸਿਓਲ ਦੀ ਸੁੰਗਕਯੁੰਕਵਾਨ ਯੁਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ 2011 ਦੇ ਇੱਕ ਅਧਿਐਨ ਨੇ ਦਿਖਾਇਆ ਕਿ ਉੱਤਰ ਵਿੱਚ ਪੈਦਾ ਹੋਏ ਲੋਕ ਆਪਣੇ ਜ਼ਿਆਦਾ ਖੁਸ਼ਹਾਲ ਦੱਖਣੀ ਹਿੱਸੇ ਦੇ ਮੁਕਾਬਲੇ ਔਸਤ ਅੱਠ ਸੈਂਟੀਮੀਟਰ ਤੱਕ ਛੋਟੇ ਸਨ।

ਇਸੇ ਤਰ੍ਹਾਂ ਪਰ ਘੱਟ ਸਪਸ਼ਟ ਫਰਕ ਜਰਮਨੀ ਦੇ 41 ਸਾਲਾਂ ਦੇ(1949-1990) ਦੋ ਹਿੱਸਿਆਂ ਵਿੱਚ ਵੰਡੇ ਰਹਿਣ ਦੌਰਾਨ ਪੈਦਾ ਹੋਏ ਲੋਕਾਂ ਵਿੱਚ ਦੇਖਿਆ ਗਿਆ। ਪੱਛਮੀ ਜਰਮਨ, ਪੂਰਬੀ ਜਰਮਨ ਲੋਕਾਂ ਤੋਂ ਔਸਤ ਇੱਕ ਸੈਂਟੀਮੀਟਰ ਵਧ ਲੰਬੇ ਸਨ।

ਤਾਂ ਕੀ ਅਸੀਂ ਵਧਣੋਂ ਰੁਕ ਗਏ ਹਾਂ ?

6 ਜੂਨ 2024 ਨੂੰ ਲਈ ਗਈ ਇਸ ਤਸਵੀਰ ਵਿੱਚ, ਪਾਕਿਸਤਾਨ ਦੇ ਕਰਾਚੀ ਵਿਚ ਇੱਕ ਜੱਚਾ ਬੱਚਾ ਕਲੀਨਿਕ ਵਿੱਚ ਨਵਜਨਮੇ ਬੱਚੇ ਦਾ ਭਾਰ ਇੱਕ ਮਸ਼ੀਨ 'ਤੇ ਤੋਲਿਆ ਜਾ ਰਿਹਾ ਹੈ। ਬੱਚਾ, ਜਿਸ ਨੇ ਜਾਨਵਰਾਂ ਵਾਲੀ ਗੁਲਾਬੀ ਕਮੀਜ਼ ਅਤੇ ਕਾਲੀਆਂ ਬਿੰਦੀਆਂ ਵਾਲੀ ਗੁਲਾਬੀ ਪੈਂਟ ਪਹਿਨੀ ਹੋਈ ਹੈ, ਲੇਟਿਆ ਹੋਇਆ ਪਾਸੇ ਵੱਲ ਦੇਖ ਰਿਹਾ ਹੈ।

ਤਸਵੀਰ ਸਰੋਤ, AFP via Getty Images

ਅਜਿਹੇ ਸਬੂਤ ਮਿਲੇ ਹਨ ਕਿ ਕੁਝ ਵਿਕਸਤ ਦੇਸ਼ਾਂ ਵਿੱਚ ਕੱਦ ਦਾ ਵਾਧਾ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ ਜਾਂ ਸਥਿਰ ਹੋ ਗਿਆ ਹੈ, ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਣ ਵਾਲੀ ਤਰੱਕੀ ਇਸ ਘਾਟ ਨੂੰ ਪੂਰਾ ਕਰ ਸਕਦੀ ਹੈ।

ਇਹ ਕਹਿਣ ਦੇ ਬਾਵਜੂਦ, ਜਿੱਥੇ ਦੁਨੀਆਂ ਦੇ ਪਛੜੇ ਹੋਏ ਹਿੱਸਿਆਂ ਵਿੱਚ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਦੀ ਗੁੰਜਾਇਸ਼ ਹੈ, ਉੱਥੇ ਹੀ ਇਹ ਸ਼ੱਕ ਵਧ ਰਿਹਾ ਹੈ ਕਿ ਜਲਵਾਯੂ ਵਿੱਚ ਮਨੁੱਖ ਵੱਲੋਂ ਕੀਤੇ ਗਏ ਬਦਲਾਅ ਇੱਕ ਵੱਡੀ ਰੁਕਾਵਟ ਬਣ ਸਕਦੇ ਹਨ।

ਕੇਟੀ ਮੈਕਮੈਹਨ ਕਹਿੰਦੇ ਹਨ, “ਸਭ ਤੋਂ ਵੱਧ ਅਤੇ ਤੇਜ਼ੀ ਨਾਲ ਵਧ ਰਹੀ ਗਰਮੀ ਅਤੇ ਨਮੀ ਵਿੱਚ ਰਹਿਣ ਵਾਲੇ ਲੋਕ ਅਕਸਰ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋਣ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ।”

ਉਨ੍ਹਾਂ ਅੱਗੇ ਕਿਹਾ, “ਬਾਹਰ ਕੰਮ ਕਰਨ ਵਾਲੇ ਲੋਕਾਂ ਲਈ ਜਿਵੇਂ ਕਿ ਖੇਤੀਬਾੜੀ ਵਿੱਚ ਅਤੇ ਜਿਨ੍ਹਾਂ ਕੋਲ ਏਅਰ ਕੰਡੀਸ਼ਨਿੰਗ ਦੀ ਸਹੂਲਤ ਘੱਟ ਹੈ ਜਾਂ ਬਿਲਕੁਲ ਨਹੀਂ ਹੈ, ਉਨ੍ਹਾਂ ਲਈ ਜਲਵਾਯੂ ਪਰਿਵਰਤਨ ਸਾਡੇ ਵੱਲੋਂ ਦੇਖੇ ਗਏ ਨਕਰਾਤਮਕ ਪ੍ਰਭਾਵਾਂ ਨੂੰ ਹੋਰ ਵਧਾ ਸਕਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI