Home ਰਾਸ਼ਟਰੀ ਖ਼ਬਰਾਂ ਐੱਸਜੀਪੀਸੀ ਅਤੇ ਸਾਬਕਾ ਜਥੇਦਾਰ ਵਿੱਚ ’72 ਘੰਟੇ ਦੇ ਅਲਟੀਮੇਟਮ’ ਵਾਲੀ ਗੱਲ ‘ਤੇ...

ਐੱਸਜੀਪੀਸੀ ਅਤੇ ਸਾਬਕਾ ਜਥੇਦਾਰ ਵਿੱਚ ’72 ਘੰਟੇ ਦੇ ਅਲਟੀਮੇਟਮ’ ਵਾਲੀ ਗੱਲ ‘ਤੇ ਟਕਰਾਅ, ਜਾਣੋ ਪਹਿਲਾਂ ਕਦੋਂ-ਕਦੋਂ ਚਰਚਾ ‘ਚ ਰਹੇ

7
0

Source :- BBC PUNJABI

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Singh sahib giani raghbir singh ji/FB

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ।

ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 72 ਘੰਟਿਆਂ ਦਾ ਜਵਾਬੀ ਅਲਟੀਮੇਟਮ ਦਿੱਤਾ ਹੈ।

ਇਸ ਤੋਂ ਪਹਿਲਾਂ 19 ਫ਼ਰਵਰੀ ਨੂੰ ਐੱਸਜੀਪੀਸੀ ਨੇ ਉਨ੍ਹਾਂ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ।

ਗਿਆਨੀ ਰਘਬੀਰ ਸਿੰਘ ਨੇ ਐਤਵਾਰ ਨੂੰ ਜਾਰੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ 72 ਘੰਟਿਆਂ ਵਿੱਚ ਜਵਾਬ ਦੇਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਸੰਗਤ ਅੱਗੇ ਖੁਲਾਸਾ ਕਰਨਗੇ।

ਦਰਅਸਲ ਇਸ ਟਕਰਾਅ ਦਾ ਕਾਰਨ ਗਿਆਨੀ ਰਘਬੀਰ ਸਿੰਘ ਵੱਲੋਂ ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਲਗਾਏ ਗਏ ਕਈ ਇਲਜ਼ਾਮ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਦੋਵੇਂ ਧਿਰਾਂ ਵੱਲੋਂ ਦਿੱਤੇ ਗਏ ਅਲਟੀਮੇਟਮ ਇੱਕ ਦੂਜੇ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਹਨ ਅਤੇ ਜਿਨ੍ਹਾਂ ਚਿਰ ਅਕਾਲੀ ਦਲ ਸੱਤਾ ਤੋਂ ਬਾਹਰ ਹੈ, ਅਜਿਹੇ ਟਕਰਾਅ ਸਾਹਮਣੇ ਆਉਂਦੇ ਰਹਿਣਗੇ।

ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਜਿਹੇ ਕਾਰਨਾਂ ਕਰਕੇ ਸਿੱਖ ਪੰਥ ਦੀ ਅਗਵਾਈ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਐੱਸਜੀਪੀਸੀ ਨਾਲ ਟਕਰਾਅ ਬਣਿਆ ਹੋਵੇ।

ਇਸ ਤੋਂ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਐੱਸਜੀਪੀਸੀ ਦਰਮਿਆਨ ਵੀ ਟਕਰਾਅ ਦੀ ਸਥਿਤੀ ਬਣੀ ਰਹੀ ਸੀ।

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Singh sahib giani raghbir singh ji/FB

ਕੀ ਹੈ ਮਾਮਲਾ?

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਉੱਤੇ ਇਲਜ਼ਾਮ ਲਗਾਏ ਸਨ।

ਇਸ ਤੋਂ ਬਾਅਦ 19 ਫ਼ਰਵਰੀ ਨੂੰ ਐੱਸਜੀਪੀਸੀ ਦੀ ਕਾਰਜਕਾਰਨੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਗੁਰਦੁਆਰਾ ਪ੍ਰਬੰਧਕ ਸੰਸਥਾ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਲਗਾਏ ਗਏ “ਭ੍ਰਿਸ਼ਟਾਚਾਰ ਅਤੇ ਗਲਤ ਕਾਰਗੁਜ਼ਾਰੀਆਂ” ਦੇ ਇਲਜ਼ਾਮ ਸਬੰਧੀ 72 ਘੰਟਿਆਂ ਵਿੱਚ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।

ਕਮੇਟੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਲਿਖਤੀ ਸਬੂਤ ਨਾ ਦਿੱਤੇ ਗਏ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਜਵਾਬ ਵਿੱਚ ਗਿਆਨੀ ਰਘਬੀਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ, “ਮੈਂ ਸਿਰਫ਼ ਇਹ ਬੇਨਤੀ ਕੀਤੀ ਸੀ ਕਿ ਘਪਲਿਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇ। ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਮੈਨੂੰ ਨੋਟਿਸ ਭੇਜ ਦਿੱਤਾ ਗਿਆ।”

ਪ੍ਰੈੱਸ ਕਾਨਫਰੰਸ ਵਿੱਚ ਕੀ ਕਿਹਾ?

ਬੁੱਧਵਾਰ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਧਾਰਮਿਕ ਭਾਵਨਾਵਾਂ ਨੂੰ ਰਾਜਨੀਤਕ ਮਕਸਦ ਲਈ ਵਰਤਣ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਐੱਸਜੀਪੀਸੀ ਨੂੰ ਮੁਕਤ ਕਰਨ ਲਈ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਵੀ ਕੀਤੀ।

ਗਿਆਨੀ ਰਘਬੀਰ ਸਿੰਘ ਨੇ ਆਪਣੇ ਫੇਸਬੁੱਕ ਪੰਨੇ ਉੱਤੇ ਇੱਕ ਵੀਡੀਓ ਪਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਦਿੱਤਾ ਸੀ।

ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਤੋਂ ਕੁਝ ਸਵਾਲ ਕਰਕੇ 72 ਘੰਟਿਆਂ ਵਿੱਚ ਉਨ੍ਹਾਂ ਦਾ ਜਵਾਬ ਦੇਣ ਨੂੰ ਕਿਹਾ ਸੀ।

ਗਿਆਨੀ ਰਘਬੀਰ ਸਿੰਘ ਨੇ ਕਿਹਾ, “18 ਤਰੀਕ ਨੂੰ ਜਲੰਧਰ ਵਿੱਚ ਇੱਕ ਪ੍ਰੈੱਸ ਵਾਰਤਾ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਕਰਪੱਸ਼ਨ ਦੇ ਮੁੱਦੇ ਉਠਾਏ ਸਨ। ਔਰ 19 ਤਰੀਕ ਨੂੰ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਮੇਰੇ ਕੋਲੋਂ ਸਵਾਲ ਕਰਨ ਵਾਲੇ ਕੋਲੋਂ ਹੀ 72 ਘੰਟੇ ਦਾ ਨੋਟਿਸ ਦੇ ਕੇ ਜਵਾਬ ਮੰਗੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਬਨੇਤੀ ਕਰਨੀ ਚਾਹੁੰਦਾ ਹਾਂ ਕਿ ਪ੍ਰਧਾਨ ਸਾਹਬ, ਤੁਸੀਂ ਆਪ ਹੀ ਤਾਂ ਸਾਰਿਆਂ ਦੇ ਸਾਹਮਣੇ ਮੰਨੇ ਹੋ ਕਿ 15-20 ਘਪਲੇ ਕਮੇਟੀ ਵਿੱਚ ਹਰ ਰੋਜ਼ ਹੁੰਦੇ ਹਨ।”

“ਅਸੀਂ ਵੀ ਤਾਂ ਇਹ ਜੋ ਕਰੱਪਸ਼ਨ ਹੋ ਰਹੀ ਹੈ। ਇਸ ਬਾਰੇ ਜੋ ਸਾਡੇ ਸਵਾਲ ਹਨ ਉਨ੍ਹਾਂ ਦੇ ਜਵਾਬ ਸੰਗਤ ਦੇ ਸਾਹਮਣੇ ਰੱਖੇ ਜਾਣ। ਲੇਕਿਨ ਸਾਡੇ ਸਵਾਲਾਂ ਦੀ ਤਸੱਲੀ ਕਰਵਾਉਣ ਦੀ ਥਾਂ ਤੁਸੀਂ ਉਲਟਾ ਮੈਨੂੰ ਹੀ 72 ਘੰਟੇ ਦਾ ਨੋਟਿਸ ਦੇ ਦਿੱਤਾ ਹੈ।”

ਉਨ੍ਹਾਂ ਨੇ ਕਿਹਾ, “ਮੈਂ ਕਹਿੰਦਾ ਹਾਂ ਕਿ ਜੋ ਅਸੀਂ ਸਵਾਲ ਰੱਖੇ ਹਨ ਤੁਸੀਂ ਉਨ੍ਹਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਦਿਓ, ਨਹੀਂ ਤਾਂ 72 ਘੰਟਿਆਂ ਦੇ ਬਾਅਦ ਉਨ੍ਹਾਂ ਦੇ ਜਵਾਬ ਅਸੀਂ ਸੰਗਤ ਦੇ ਸਾਹਮਣੇ ਰੱਖਾਂਗਾ। ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸਾਡੇ ਕੋਲ ਹਨ। ਅਸੀਂ ਕੱਲਾ-ਕੱਲਾ ਸਵਾਲ ਸੰਗਤ ਦੇ ਸਾਹਮਣੇ ਰੱਖਾਂਗੇ।”

ਗਿਆਨੀ ਰਘਬੀਰ ਸਿੰਘ

ਕਦੋਂ-ਕਦੋਂ ਚਰਚਾ ਵਿੱਚ ਰਹੇ

ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਰਹਿ ਚੁੱਕੇ ਹਨ। 2 ਦਸੰਬਰ 2024 ਨੂੰ ਉਨ੍ਹਾਂ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ਅਤੇ ਪਾਰਟੀ ਦੀ ਪੁਨਰਗਠਨ ਕਰਨ ਦੀ ਗੱਲ ਕੀਤੀ ਗਈ ਸੀ।

ਇਸ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ‘ਫ਼ਖ਼ਰ-ਏ-ਕੌਮ ਪੰਥ ਰਤਨ’ ਖ਼ਿਤਾਬ ਰੱਦ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

7 ਮਾਰਚ 2025 ਨੂੰ ਐੱਸਜੀਪੀਸੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖ ਕੌਮ ਦੇ ਇਕ ਹਿੱਸੇ ਵਿੱਚ ਰੋਸ ਦੇ ਸੁਰ ਸੁਣਨ ਨੂੰ ਮਿਲੇ। ਹਾਲਾਂਕਿ ਉਹ ਅਜੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ।

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸਾਬਕਾ ਜਥੇਦਾਰ ਹਰਪ੍ਰੀਤ ਨਾਲ ਟਕਰਾਅ

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਐੱਸਜੀਪੀਸੀ ਅਤੇ ਕਿਸੇ ਜਥੇਦਾਰ ਜਾਂ ਸਾਬਕਾ ਜਥੇਦਾਰ ਵਿਚਕਾਰ ਆਹਮੋ-ਸਾਹਮਣੇ ਦੀ ਸਥਿਤੀ ਬਣੀ ਹੋਵੇ।

10 ਫ਼ਰਵਰੀ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਸੀ।

ਗਿਆਨੀ ਹਰਪ੍ਰੀਤ ਸਿੰਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਸਵਾਲ ਖੜ੍ਹੇ ਕਰਨ ਲੱਗ ਪਏ ਸਨ। ਇਸ ਤੋਂ ਇਲਾਵਾ ਉਹ 2 ਦਸੰਬਰ 2024 ਨੂੰ ਅਕਾਲ ਤਖ਼ਤ ਵਿਖੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਸ਼ਾਮਲ ਸਨ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਸੁਣਾਈ ਗਈ ਸੀ।

ਹਾਲਾਂਕਿ ਐੱਸਜੀਪੀਸੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਇਹ ਇਲਜ਼ਾਮ ਸਹੀ ਪਾਏ ਗਏ।

ਜਸਪਾਲ ਸਿੰਘ ਸਿੱਧੂ

ਮਾਹਰਾਂ ਨੇ ਕੀ ਕਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਮਾਜ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, “ਜਿਨ੍ਹਾਂ ਚਿਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿੱਚ ਨਹੀਂ ਆਉਂਦਾ, ਅਜਿਹੇ ਵਿਵਾਦ ਚੱਲਦੇ ਰਹਿਣਗੇ। ਜਦੋਂ ਤੱਕ ਅਕਾਲੀ ਦਲ ਸੱਤਾ ਤੋਂ ਬਾਹਰ ਹੈ, ਇਨ੍ਹਾਂ ਦੇ ਨੇਤਾ ਆਪਸ ਵਿੱਚ ਲੜਦੇ ਰਹਿਣਗੇ।”

ਉਨ੍ਹਾਂ ਕਿਹਾ, “ਇਸ ਤੋਂ ਇਲਾਵਾ ਅਜਿਹੇ ਵਿਵਾਦ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੋ ਸਕਦੇ ਹਨ।”

ਸਿੱਖ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, “ਦੋਵੇਂ ਧਿਰਾਂ ਸਿਆਸਤ ਤੋਂ ਪ੍ਰੇਰਿਤ ਹਨ। ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਦੇ ਪਿੱਛੇ ਵੀ ਸਿਆਸੀ ਉਦੇਸ਼ ਹੈ ਅਤੇ ਐੱਸਜੀਪੀਸੀ ਦੀ ਪ੍ਰਤੀਕਿਰਿਆ ਦੇ ਪਿੱਛੇ ਵੀ ਸਿਆਸੀ ਮਕਸਦ ਹੈ।”

ਉਨ੍ਹਾਂ ਕਿਹਾ, “ਇੱਕ ਦੂਜੇ ਨੂੰ ਅਲਟੀਮੇਟਮ ਦੇ ਕੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI