Source :- BBC PUNJABI

ਤਸਵੀਰ ਸਰੋਤ, Getty Images
ਪੰਜਾਬ ਵਿੱਚ ਕਪਾਹ ਜਾਂ ਨਰਮੇ ਦੀ ਫ਼ਸਲ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਕਪਾਹ ਹੇਠਾਂ ਰਕਬਾ ਬਹੁਤ ਘਟਿਆ ਹੈ।
ਪਰ ਪੰਜਾਬ ਵਿੱਚ ਕਪਾਹ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੀ ਮਾਰ ਕਾਰਨ ਆਏ ਸਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਤੋਂ ਬਚਾਅ ਲਈ ਕੇਂਦਰੀ ਕਪਾਹ ਖੋਜ ਸੰਸਥਾਨ ਦੁਆਰਾ ਵਿਕਸਿਤ ਕੀਤੇ ਗਏ ਏਆਈ-ਅਧਾਰਤ ਫੇਰੋਮੋਨ ਟ੍ਰੈਪ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਇਸ ਬਾਰੇ ਕਿਸਾਨਾਂ ਨੂੰ ਸੀਮਤ ਜਾਣਕਾਰੀ ਹੀ ਹੈ।
ਇਹ ਤਕਨੀਕ ਕੀ ਹੈ? ਇਹ ਕਿਵੇਂ ਕੰਮ ਕਰਦੀ ਹੈ? ਕੀ ਇਸ ਨੂੰ ਕਿਸਾਨ ਵੱਡੇ ਪੱਧਰ ਉੱਤੇ ਅਪਣਾਅ ਸਕਦੇ ਹਨ? ਇਸ ਬਾਰੇ ਅਸੀਂ ਰਿਪੋਰਟ ਵਿੱਚ ਦੱਸਾਂਗੇ।

ਤਸਵੀਰ ਸਰੋਤ, Getty Images
ਪੰਜਾਬ ਵਿੱਚ ਇਸ ਤਕਨੀਕ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਪੰਜਾਬ ਖੇਤੀਬਾੜੀ ਵਿਭਾਗ ਅਤੇ ਕੇਂਦਰੀ ਕਪਾਹ ਖੋਜ ਸੰਸਥਾਨ (ਸੀਆਈਸੀਆਰ) ਦੇ ਸਿਰਸਾ ਵਿੱਚ ਸਥਿਤ ਖੇਤਰੀ ਸੰਸਥਾਨ ਦੀ ਅਗਵਾਈ ਅਤੇ ਨਿਗਰਾਨੀ ਵਿੱਚ ਹੋ ਰਹੀ ਹੈ।
ਸੰਸਥਾਨ ਦੁਆਰਾ ਵਿਕਸਤ ਕੀਤੇ ਗਏ ਏਆਈ-ਅਧਾਰਤ ਫੇਰੋਮੋਨ ਟ੍ਰੈਪ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਵਰਤੇ ਜਾ ਰਹੇ ਹਨ। ਸੰਸਥਾਨਾਂ ਮੁਤਾਬਕ ਇਹ ਤਕਨੀਕ ਗੁਲਾਬੀ ਸੁੰਡੀ ਤੋਂ ਕਪਾਹ ਦੀ ਫਸਲ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ।
ਇਹ ਤਕਨੀਕ ਖੇਤ ਵਿੱਚ ਕਪਾਹ ਦੀ ਗੁਲਾਬੀ ਸੁੰਡੀ ਤੋਂ ਨਿਗਰਾਨੀ ਕਰਦੀ ਹੈ ਅਤੇ ਜਦੋਂ ਇਸ ਸੁੰਡੀ ਦਾ ਕਪਾਹ ਉੱਤੇ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਵਿੱਚ ਤਸਵੀਰਾਂ ਸਮੇਤ ਚਿਤਾਵਨੀ ਭੇਜਦੀ ਹੈ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੰਦੀ ਹੈ।

ਇਹ ਤਕਨੀਕ ਕਿਵੇਂ ਕੰਮ ਕਰਦੀ ਹੈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਇੱਕ ਡਿਵਾਇਸ ਲਗਾਇਆ ਜਾਂਦਾ ਹੈ। ਜਿਸ ਨੂੰ ਏਆਈ ਅਧਾਰਤ ਫੇਰੋਮੋਨ ਟ੍ਰੈਪ ਕਿਹਾ ਜਾਂਦਾ ਹੈ।
ਇਸ ਜਾਲ ਵਿੱਚ ਇੱਕ ਕੈਮਰਾ ਵੀ ਲੱਗਾ ਹੁੰਦਾ ਹੈ। ਇਹ ਕੈਮਰਾ ਫੇਰੋਮੋਨ ਦੀ ਗੰਧ ਦੁਆਰਾ ਆਕਰਸ਼ਿਤ ਹੋਣ ਤੋਂ ਬਾਅਦ ਜਾਲ ਵਿੱਚ ਫਸੇ ਕੀੜਿਆਂ ਦੀਆਂ ਤਸਵੀਰਾਂ ਲੈਂਦਾ ਹੈ।
ਫੋਰੇਮੋਨ ਇੱਕ ਰਸਾਇਣ ਹੈ ਜੋ ਮਾਦਾ ਕੀਟ ਦੁਆਰਾ ਛੱਡਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਨਰ ਕੀਟਾਂ ਨੂੰ ਅਕਰਸ਼ਿਤ ਕਰਨ ਲਈ ਕੀਤੀ ਜਾਂਦੀ ਸੀ। ਅਤੇ ਫਿਰ ਨਰ ਕੀਟਾਂ ਦੀ ਗਤੀਵਿਧੀ ਤੋਂ ਹਮਲੇ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ।
ਖਿੱਚੀਆਂ ਗਈਆਂ ਤਸਵੀਰਾਂ ਕਲਾਉਡ ਸਰਵਰ ਅਤੇ ਕਿਸਾਨਾਂ ਦੇ ਮੋਬਾਈਲ ਫੋਨਾਂ ਉੱਤੇ ਉਸੇ ਸਮੇਂ ਭੇਜੀਆਂ ਜਾਂਦੀਆਂ ਹਨ।

ਇਹ ਡਿਵਾਇਸ ਇਨ੍ਹਾਂ ਤਸਵੀਰਾਂ ਦਾ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਨਾਲ ਵਿਸ਼ਲੇਸ਼ਣ ਕਰਕੇ ਗੁਲਾਬੀ ਸੁੰਡੀ ਦੀ ਪਛਾਣ ਕਰਦਾ ਅਤੇ ਉਸ ਦੀ ਗਿਣਤੀ ਵੀ ਕਰਦਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਹਰ ਘੰਟੇ ਕੀੜਿਆਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਉਹ ਤੁਰੰਤ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹਨ।
ਡਾ. ਵਿਜੇ ਕੁਮਾਰ ਦੱਸਦੇ ਹਨ ਕਿ ਕੀਟਾਂ ਵਿੱਚ ਅਕਸਰ ਮਾਦਾ ਕੀਟਾਂ ਦੀ ਗਿਣਤੀ ਨਰ ਕੀਟਾਂ ਨਾਲੋਂ ਵੱਧ ਹੁੰਦੀ ਹੈ। ਇਸ ਲਈ ਜਾਲ ਵਿੱਚ ਫਸੇ ਨਰ ਕੀਟਾਂ ਦੀ ਗਿਣਤੀ ਤੋਂ ਗੁਲਾਬੀ ਸੁੰਡੀ ਦੇ ਹਮਲੇ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਇਸ ਟ੍ਰੈਪ ਦੀ ਲੋੜ ਕਿਉਂ ਪਈ ?
ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਨਰਮਾ ਅਤੇ ਕਪਾਹ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਮੌਜੂਦਾ ਸਮੇਂ ਪੰਜਾਬ ਵਿੱਚ ਇਸ ਦੀ ਕਾਸ਼ਤ ਮੁੱਖ ਤੌਰ ਉੱਤੇ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਹੁੰਦੀ ਹੈ।
ਹਾਲਾਂਕਿ, ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵਿੱਚ ਵੀ ਕਪਾਹ ਬੀਜੀ ਜਾਂਦੀ ਹੈ ਪਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਇਸਦੀ ਖੇਤੀ ਬਹੁਤ ਛੋਟੇ ਪੱਧਰ ਉੱਤੇ ਹੁੰਦੀ ਹੈ।
ਫਰੀਦਕੋਟ ਜ਼ਿਲ੍ਹੇ ਦੇ ਖਾਰਾ ਪਿੰਡ ਦੇ ਰਹਿਣ ਵਾਲੇ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ, “ਇਹ ਡਿਵਾਇਸ ਹਰ ਇੱਕ ਘੰਟੇ ਬਾਅਦ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਜਾਣਕਾਰੀ ਭੇਜਦਾ ਹੈ। ਇਸ ਜਾਣਕਾਰੀ ਦੇ ਆਧਾਰ ਉੱਤੇ ਅਧਿਕਾਰੀ ਸਾਨੂੰ ਲੋੜੀਂਦੀ ਸਲਾਹ ਦਿੰਦੇ ਹਨ।”
ਵਿਜੇ ਕੁਮਾਰ ਦੱਸਦੇ ਹਨ ਕਿ ਇਸ ਤਜਰਬੇ ਤੋਂ ਮਿਲਣ ਵਾਲੇ ਨਤੀਜਿਆਂ ਦੇ ਅਧਾਰ ਉੱਤੇ ਇਸ ਤਕਨੀਕ ਦੀ ਕਿਸਾਨਾਂ ਲਈ ਵਰਤੋਂ ਬਾਰੇ ਸਿਫ਼ਾਰਿਸ਼ ਕੀਤੀ ਜਾਵੇਗੀ।
ਪੀਏਯੂ ਮੁਤਾਬਕ ਕਿਸਾਨਾਂ ਲਈ ਇਸ ਦਾ ਮੁੱਲ 35000 ਰੁਪਏ ਦੇ ਕਰੀਬ ਹੋ ਸਕਦਾ ਹੈ ਪਰ ਕੁਝ ਮਾਹਰਾਂ ਮੁਤਾਬਕ ਇਸ ਦੀ ਵੱਧ ਕੀਮਤ ਕਰਕੇ ਕਿਸਾਨ ਇਸ ਦੀ ਵਰਤੋਂ ਤੋਂ ਪਿੱਛੇ ਹਟ ਸਕਦੇ ਹਨ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI