Home ਰਾਸ਼ਟਰੀ ਖ਼ਬਰਾਂ ਈਰਾਨੀ ਹਮਲਿਆਂ ਵਿਚਾਲੇ ਸੰਯੁਕਤ ਅਰਬ ਅਮੀਰਾਤ ਵਿੱਚ 19 ਭਾਰਤੀ ਕਿਉਂ ਗ੍ਰਿਫ਼ਤਾਰ ਕੀਤੇ...

ਈਰਾਨੀ ਹਮਲਿਆਂ ਵਿਚਾਲੇ ਸੰਯੁਕਤ ਅਰਬ ਅਮੀਰਾਤ ਵਿੱਚ 19 ਭਾਰਤੀ ਕਿਉਂ ਗ੍ਰਿਫ਼ਤਾਰ ਕੀਤੇ ਗਏ

13
0

Source :- BBC PUNJABI

ਦੁਬਈ ਦੀ ਤਸਵੀਰ

ਤਸਵੀਰ ਸਰੋਤ, AFP via Getty Images

ਸੰਯੁਕਤ ਅਰਬ ਅਮੀਰਾਤ ਵਿੱਚ ਸੋਸ਼ਲ ਮੀਡੀਆ ‘ਤੇ ਹਮਲਿਆਂ ਨਾਲ ਸਬੰਧਤ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਫੈਲਾਉਣ ਦੇ ਇਲਜ਼ਾਮ ਵਿੱਚ 19 ਭਾਰਤੀਆਂ ਸਣੇ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਨ੍ਹਾਂ ਗ੍ਰਿਫ਼ਤਾਰੀਆਂ 14 ਅਤੇ 15 ਮਾਰਚ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਹਾਲਾਂਕਿ, ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਸ਼ੁਰੂ ਹੋਣ ਦੇ ਪਹਿਲੇ ਦਿਨ (28 ਫਰਵਰੀ) ਨੂੰ ਹੀ ਯੂਏਈ ਨੇ ਸੋਸ਼ਲ ਮੀਡੀਆ ਪੋਸਟਾਂ ਬਾਰੇ ਸਖ਼ਤ ਚੇਤਾਵਨੀ ਜਾਰੀ ਕਰ ਦਿੱਤੀ ਸੀ।

ਉਦੋਂ ਤੋਂ, ਈਰਾਨ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਖਾੜੀ ਦੇਸ਼ਾਂ ‘ਤੇ ਹਮਲੇ ਕਰ ਰਿਹਾ ਹੈ। ਹੋਰ ਖਾੜੀ ਦੇਸ਼ਾਂ ਦੇ ਮੁਕਾਬਲੇ ਯੂਏਈ ਵਿੱਚ ਇੰਨੇ ਸਖ਼ਤ ਕਦਮ ਚੁੱਕਣ ਦਾ ਕਾਰਨ ਇਹ ਹੈ ਕਿ ਇਹ ਦੇਸ਼ ਸਿਰਫ਼ ਕੱਚੇ ਤੇਲ ਦੇ ਖੇਤਰ ‘ਤੇ ਨਿਰਭਰ ਨਹੀਂ ਹੈ।

ਦੇਸ਼ ਦੀ ਜੀਡੀਪੀ ਵਿੱਚ ਗੈਰ-ਤੇਲ ਖੇਤਰਾਂ ਦਾ ਯੋਗਦਾਨ 70% ਤੋਂ ਵੱਧ ਹੈ, ਜਿਸ ਵਿੱਚ ਸੈਰ-ਸਪਾਟਾ ਅਤੇ ਰੀਅਲ ਅਸਟੇਟ ਦੀ ਅਹਿਮ ਭੂਮਿਕਾ ਹੈ।

ਖ਼ਾਸ ਕਰਕੇ ਦੁਬਈ ਨੇ ਕਈ ਸਾਲਾਂ ਤੋਂ ਕਾਰੋਬਾਰੀ ਮੌਕਿਆਂ ਅਤੇ ਸੈਰ-ਸਪਾਟੇ ਲਈ ਇੱਕ ‘ਸੁਰੱਖਿਅਤ ਸ਼ਹਿਰ’ ਵਜੋਂ ਆਪਣਾ ਅਕਸ ਬਣਾਇਆ ਹੋਇਆ ਹੈ।

ਯੂਏਈ ਵਿੱਚ ਭਾਰਤੀ ਭਾਈਚਾਰਾ

ਦੁਬਈ ਦੀ ਤਸਵੀਰ

ਤਸਵੀਰ ਸਰੋਤ, Getty Images

2024 ਦੇ ਅੰਕੜਿਆਂ ਅਨੁਸਾਰ, ਯੂਏਈ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ 43 ਲੱਖ ਹੈ। ਭਾਰਤੀ ਇਸ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 35% ਹਿੱਸਾ ਹਨ। ਇਨ੍ਹਾਂ ਵਿੱਚ ਕੇਰਲ ਦੇ ਲੋਕ ਸਭ ਤੋਂ ਵੱਧ ਹਨ, ਜਿਨ੍ਹਾਂ ਤੋਂ ਬਾਅਦ ਤਾਮਿਲਨਾਡੂ ਵਰਗੇ ਸੂਬਿਆਂ ਦੇ ਲੋਕ ਆਉਂਦੇ ਹਨ।

1970 ਅਤੇ 1980 ਦੇ ਦਹਾਕੇ ਵਿੱਚ, ਜਦੋਂ ਯੂਏਈ ਵਿੱਚ ਮਜ਼ਦੂਰਾਂ ਦੀ ਮੰਗ ਜ਼ਿਆਦਾ ਸੀ, ਤਾਂ ਕਈ ਭਾਰਤੀ ਉੱਥੇ ਮਜ਼ਦੂਰ ਵਜੋਂ ਕੰਮ ਕਰਦੇ ਸਨ। ਜਦੋਂ 90 ਦੇ ਦਹਾਕੇ ਵਿੱਚ ਉਦਯੋਗਿਕ ਖੇਤਰ ਵਧਣ ਲੱਗਾ, ਤਾਂ ਪੇਸ਼ੇਵਰਾਂ ਦੀ ਮੰਗ ਵੀ ਵਧ ਗਈ, ਜਿਸ ਨਾਲ ਭਾਰਤੀ ਭਾਈਚਾਰੇ ਦੇ ਸਰੂਪ ਵਿੱਚ ਬਦਲਾਅ ਆਇਆ। ਅੱਜ, ਉੱਥੇ ਮੌਜੂਦ ਭਾਰਤੀ ਪਰਵਾਸੀਆਂ ਵਿੱਚੋਂ ਲਗਭਗ 35% ਪੇਸ਼ੇਵਰ ਜਾਂ ਉੱਦਮੀ ਹਨ।

ਇਸ ਦੌਰਾਨ ਦੁਬਈ ਦਾ ਸੈਰ-ਸਪਾਟਾ ਖੇਤਰ ਲਗਾਤਾਰ ਵਧ ਰਿਹਾ ਹੈ। ਸੈਲਾਨੀਆਂ ਦੀ ਗਿਣਤੀ, ਜੋ 2023 ਵਿੱਚ ਲਗਭਗ 1.7 ਕਰੋੜ ਸੀ, 2024 ਵਿੱਚ ਵਧ ਕੇ ਲਗਭਗ 1.8 ਕਰੋੜ ਹੋ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਵਿੱਚੋਂ ਕਿੰਨੇ ਪਰਵਾਸੀ ਭਾਈਚਾਰੇ ਦੇ ਹਨ ਅਤੇ ਕਿੰਨੇ ਸੈਲਾਨੀ ਹਨ, ਇਸ ਬਾਰੇ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਤੇ ਇਹ ਇਲਜ਼ਾਮ ਲੱਗੇ ਹਨ- “ਹਮਲਿਆਂ ਨਾਲ ਸਬੰਧਤ ਵੀਡੀਓ ਫੁਟੇਜ ਨੂੰ ਦਹਿਸ਼ਤ ਪੈਦਾ ਕਰਨ ਵਾਲੀਆਂ ਟਿੱਪਣੀਆਂ ਅਤੇ ਵੇਰਵਿਆਂ ਨਾਲ ਪ੍ਰਕਾਸ਼ਿਤ ਕਰਨਾ, ਏਆਈ ਤਕਨੀਕਾਂ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਫ਼ਰਜ਼ੀ ਵੀਡੀਓਜ਼ ਪ੍ਰਕਾਸ਼ਿਤ ਕਰਨਾ ਅਤੇ ਜੰਗ ਵਿੱਚ ਸ਼ਾਮਲ ਕਿਸੇ ਦੇਸ਼ ਦੀ ਹਮਾਇਤ ਕਰਨਾ ਅਤੇ ਉਸਦੀ ਲੀਡਰਸ਼ਿਪ ਤੇ ਫੌਜੀ ਕਾਰਵਾਈਆਂ ਦੀ ਵਡਿਆਈ ਕਰਨਾ।”

ਅਧਿਕਾਰੀਆਂ ਵੱਲੋਂ ਜਾਂਚ

ਗ੍ਰਿਫ਼ਤਾਰ ਕੀਤੇ ਗਏ ਭਾਰਤੀ

ਤਸਵੀਰ ਸਰੋਤ, @UAE_PP/X

28 ਫਰਵਰੀ ਨੂੰ ਭਾਰਤੀ ਦੂਤਾਵਾਸ ਨੇ ਕਿਹਾ ਸੀ, “ਯੂਏਈ ਵਿੱਚ ਭਾਰਤੀ ਭਾਈਚਾਰੇ ਨੂੰ ਅਫ਼ਵਾਹਾਂ ਅਤੇ ਫ਼ਰਜ਼ੀ ਖ਼ਬਰਾਂ ‘ਤੇ ਯਕੀਨ ਨਹੀਂ ਕਰਨਾ ਚਾਹੀਦਾ। ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੀ ਫੌਲੋ ਕਰਨਾ ਚਾਹੀਦਾ ਹੈ।”

ਇਸੇ ਤਰ੍ਹਾਂ, ਯੂਏਈ ਦੇ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਕਿਹਾ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਸਥਿਤੀ ਬਾਰੇ ਜਾਣਕਾਰੀ ਪੋਸਟ ਕਰਦੇ ਸਮੇਂ ਸਾਵਧਾਨੀ ਵਰਤੀ ਜਾਵੇ। ਹਾਲਾਂਕਿ, ਦੂਤਾਵਾਸ ਨੇ ਭਾਰਤੀਆਂ ਦੀ ਹਾਲੀਆ ਗ੍ਰਿਫ਼ਤਾਰੀ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਦੁਬਈ ਦੀ ਇੱਕ ਟੂਰਿਜ਼ਮ ਕੰਪਨੀ ਦੇ ਸੀਈਓ ਮੁਹੰਮਦ ਇਸਮਾਈਲ ਕਹਿੰਦੇ ਹਨ, “ਅਸੀਂ ਆਮ ਤੌਰ ‘ਤੇ ਦੁਬਈ ਆਉਣ ਵਾਲੇ ਸੈਲਾਨੀਆਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੰਦੇ ਹਾਂ। ਉਦਾਹਰਣ ਦੇ ਤੌਰ ‘ਤੇ, ਇੱਥੇ ਸਰਕਾਰੀ ਇਮਾਰਤਾਂ ਦੇ ਫੋਟੋ ਖਿੱਚਣਾ ਜਾਂ ਵੀਡੀਓ ਰਿਕਾਰਡ ਕਰਨਾ ਮਨ੍ਹਾ ਹੈ।”

ਮੁਹੰਮਦ ਇਸਮਾਈਲ ਮੂਲ ਰੂਪ ਵਿੱਚ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਦੁਬਈ ਵਿੱਚ ਰਹਿੰਦੇ ਹਨ।

ਉਹ ਕਹਿੰਦੇ ਹਨ, “ਮੌਜੂਦਾ ਸਥਿਤੀ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਸੈਲਾਨੀਆਂ ਨੂੰ ਘੁੰਮਾਉਣ ਲਈ ਲਿਜਾਇਆ ਜਾਂਦਾ ਹੈ ਤਾਂ ਅਧਿਕਾਰੀ ਅਚਾਨਕ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰਦੇ ਹਨ।”

ਇਹ ਦੱਸਦੇ ਹੋਏ ਕਿ ਦੁਬਈ ਦੇ ਸੈਰ-ਸਪਾਟਾ ਅਕਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਉਹ ਅੱਗੇ ਕਹਿੰਦੇ ਹਨ, “ਸਰਕਾਰ ਨੇ ਕੁਝ ਸੈਰ-ਸਪਾਟਾ ਸਥਾਨਾਂ ਲਈ ਮੁਫ਼ਤ ਪਾਸ ਵੀ ਦਿੱਤੇ ਹਨ ਤਾਂ ਜੋ ਇੱਥੇ ਰਹਿਣ ਵਾਲੇ ਲੋਕ ਆਮ ਵਾਂਗ ਬਾਹਰ ਨਿਕਲ ਸਕਣ। ਇਸ ਦੇ ਨਾਲ ਹੀ ਇੱਥੇ ਰੋਜ਼ਾਨਾ ਜੀਵਨ ਪ੍ਰਭਾਵਿਤ ਨਹੀਂ ਹੋਇਆ ਹੈ।”

ਯੂਏਈ ਦੇ ਕਾਨੂੰਨ ਬਹੁਤ ਸਖ਼ਤ ਹਨ। ਉਦਾਹਰਣ ਦੇ ਤੌਰ ‘ਤੇ, ਯੂਏਈ ਵਿੱਚ ਸਰਕਾਰ ਦੀ ਆਲੋਚਨਾ ਕਰਨਾ ਗੈਰ-ਕਾਨੂੰਨੀ ਹੈ।

ਯੂਕੇ ਸਥਿਤ ਮਨੁੱਖੀ ਅਧਿਕਾਰ ਸਮੂਹ ‘ਐਮਨੈਸਟੀ ਇੰਟਰਨੈਸ਼ਨਲ’ ਨੇ ਕਿਹਾ ਹੈ, “ਯੂਏਈ ਵੱਖ-ਵੱਖ ਕਾਨੂੰਨਾਂ ਰਾਹੀਂ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਜੁਰਮ ਮੰਨਣਾ ਜਾਰੀ ਰੱਖ ਰਿਹਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਜੋ ਦੇਸ਼ ਦੀ ਆਲੋਚਨਾ ਕਰਦੇ ਹਨ ਜਾਂ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਆਲੋਚਨਾ ਕਰ ਰਹੇ ਹਨ।”

ਕੀ ਦੁਬਈ ਦੇ ‘ਸੁਰੱਖਿਅਤ ਸ਼ਹਿਰ’ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ?

ਦੁਬਈ ਦੀ ਤਸਵੀਰ

ਤਸਵੀਰ ਸਰੋਤ, Getty Images

ਇੱਕ ਉਸਾਰੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਾਲਕੰਦਨ ਕਹਿੰਦੇ ਹਨ, “ਹਾਂ, ਪਰ ਸਿਰਫ਼ ਅਸਥਾਈ ਤੌਰ ‘ਤੇ। ਦੁਬਈ ਦੀ ਸਭ ਤੋਂ ਵੱਡੀ ਤਾਕਤ ਇਹ ਅਕਸ ਹੈ ਕਿ ਇਹ ਸੁਰੱਖਿਅਤ ਅਤੇ ਸਥਿਰ ਹੈ। ਜੇ ਨਿਵੇਸ਼ਕਾਂ ਜਾਂ ਸੈਲਾਨੀਆਂ ਨੂੰ ਲੱਗਦਾ ਹੈ ਕਿ ਇਸ ਨੂੰ ਨੁਕਸਾਨ ਪਹੁੰਚਿਆ ਹੈ, ਤਾਂ ਉਹ ਤੁਰੰਤ ਆਪਣੀ ਯਾਤਰਾ ਜਾਂ ਨਿਵੇਸ਼ ਰੋਕ ਦਿੰਦੇ ਹਨ।”

ਉਨ੍ਹਾਂ ਦੀ ਕੰਪਨੀ ਦਾ ਮੁੱਖ ਦਫ਼ਤਰ ਯੂਏਈ ਵਿੱਚ ਹੈ ਅਤੇ ਉਹ ਬਿਲਡਿੰਗ ਡਿਜ਼ਾਈਨ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ‘ਤੇ ਕੰਮ ਕਰਦੇ ਹਨ।

ਉਹ ਕਹਿੰਦੇ ਹਨ, “ਵਿਦੇਸ਼ੀ ਨਿਵੇਸ਼ਕਾਂ ਵਿੱਚ ਝਿਜਕ ਦਿਖਾਈ ਦੇ ਰਹੀ ਹੈ। ਮੌਜੂਦਾ ਅਨਿਸ਼ਚਿਤਤਾ ਕਾਰਨ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰੀਅਲ ਅਸਟੇਟ ਖੇਤਰ ਵਿੱਚ ਮੰਦੀ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਪਰ ਬਹੁਤ ਸਾਰੇ ਨਿਵੇਸ਼ਕ ਦੁਬਈ ਨੂੰ ਲੰਬੇ ਸਮੇਂ ਦੇ ਨਿਵੇਸ਼ ਵਜੋਂ ਦੇਖਦੇ ਹਨ। ਇਸ ਲਈ, ਕੁਝ ਲੋਕਾਂ ਵੱਲੋਂ ਨਿਵੇਸ਼ ਦੇ ਤੌਰ ‘ਤੇ ਖਰੀਦੀਆਂ ਜਾਇਦਾਦਾਂ ਵੇਚਣਾ ਅਤੇ ਪੈਸਾ ਬਾਹਰ ਕੱਢਣਾ ਸਿਰਫ਼ ਆਰਜ਼ੀ ਹੈ।”

ਰੀਅਲ ਅਸਟੇਟ ਏਜੰਟ ਰਹਿਮਾਨ (ਬਦਲਿਆ ਹੋਇਆ ਨਾਮ) ਕਹਿੰਦੇ ਹਨ, “ਨਾ ਸਿਰਫ਼ ਅਮੀਰ, ਸਗੋਂ ਮੱਧ ਵਰਗ ਦੇ ਭਾਰਤੀ ਵੀ ਦੁਬਈ ਵਿੱਚ ਘਰ ਖਰੀਦਣਾ ਚਾਹੁੰਦੇ ਹਨ।”

ਰਹਿਮਾਨ ਮੂਲ ਰੂਪ ਵਿੱਚ ਮਦੁਰਾਈ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਦੁਬਈ ਵਿੱਚ ਰੀਅਲ ਅਸਟੇਟ ਖੇਤਰ ਵਿੱਚ ਕੰਮ ਕਰ ਰਹੇ ਹਨ।

ਦੁਬਈ ਦੀ ਤਸਵੀਰ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, “ਕਾਰਨ ਇਹ ਹੈ ਕਿ ਇੱਥੇ ਪ੍ਰਾਪਰਟੀ ਤੋਂ ਆਮਦਨ ਜ਼ਿਆਦਾ ਹੈ। ਘਰ ਦੇ ਕਿਰਾਏ ਰਾਹੀਂ ਚੰਗੀ ਆਮਦਨ ਹੁੰਦੀ ਹੈ ਅਤੇ ਪ੍ਰਾਪਰਟੀ ਦੀ ਕੀਮਤ ਲਗਾਤਾਰ ਵਧਦੀ ਰਹਿੰਦੀ ਹੈ, ਜਿਸ ਕਾਰਨ ਲੋਕ ਇੱਥੇ ਘਰ ਖਰੀਦਣ ਵਿੱਚ ਦਿਲਚਸਪੀ ਰੱਖਦੇ ਹਨ।”

ਇਹ ਦੱਸਦੇ ਹੋਏ ਕਿ ਮੌਜੂਦਾ ਸਥਿਤੀ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 10 ਤੋਂ 15 ਫ਼ੀਸਦੀ ਦੀ ਕਮੀ ਆਈ ਹੈ, ਉਹ ਕਹਿੰਦੇ ਹਨ, “ਪਰ ਇਸ ਨੂੰ ਪ੍ਰਾਪਰਟੀ ਖਰੀਦਣ ਦੇ ਮੌਕੇ ਵਜੋਂ ਹੀ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਡਰ ਕੇ ਘਰ ਵੇਚਣ ਵਰਗੀਆਂ ਘਟਨਾਵਾਂ ਇੱਥੇ ਬਿਲਕੁਲ ਨਹੀਂ ਹੋ ਰਹੀਆਂ।”

2024 ਵਿੱਚ, ਇੰਟਰਨੈਸ਼ਨਲ ਮੋਨੇਟਰੀ ਫ਼ੰਡ (ਆਈਐੱਮਐੱਫ ) ਨੇ ਕਿਹਾ ਸੀ ਕਿ ਯੂਏਈ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਕਿਰਾਏ ਦੀ ਆਮਦਨ ਵਧਣ ਦਾ ਕਾਰਨ ਰੀਅਲ ਅਸਟੇਟ ਦੀ ਵਿਦੇਸ਼ੀ ਮੰਗ, ਵਿਸ਼ਵ ਦੇ ਦੇਸ਼ਾਂ ਨਾਲ ਵਧੇ ਹੋਏ ਦੁਵੱਲੇ ਤੇ ਬਹੁ-ਪੱਖੀ ਸਬੰਧ ਅਤੇ ਇਸਦਾ ‘ਸੁਰੱਖਿਅਤ ਪਨਾਹਗਾਹ’ ਹੋਣਾ ਹੈ।

ਹਾਲਾਂਕਿ, ਯਾਸਰ (ਬਦਲਿਆ ਹੋਇਆ ਨਾਮ) ਕਹਿੰਦੇ ਹਨ ਕਿ ਜੰਗ ਦੇ ਪਹਿਲੇ ਦਿਨ ਹੀ ਦੁਬਈ ‘ਤੇ ਇੱਕ ‘ਸੁਰੱਖਿਅਤ ਸ਼ਹਿਰ’ ਵਜੋਂ ਉਨ੍ਹਾਂ ਦਾ ਭਰੋਸਾ ਟੁੱਟ ਗਿਆ ਸੀ।

ਉਹ ਕਹਿੰਦੇ ਹਨ, “ਜੰਗ ਦੀਆਂ ਖ਼ਬਰਾਂ ਦੇਖਣ ਤੋਂ ਬਾਅਦ, ਮੇਰੇ ਪਰਿਵਾਰ ਨੇ ਮੈਨੂੰ ਤੁਰੰਤ ਨੌਕਰੀ ਛੱਡ ਕੇ ਆਪਣੇ ਜੱਦੀ ਸ਼ਹਿਰ ਤਿਰੂਨੇਲਵੇਲੀ ਵਾਪਸ ਆਉਣ ਲਈ ਕਿਹਾ।”

ਉਹ ਸਵਾਲ ਕਰਦੇ ਹਨ, “ਮੈਂ ਇੱਕ ਸਿਵਲ ਇੰਜੀਨੀਅਰ ਹਾਂ। ਜਿੱਥੇ ਇੱਕ ਪਾਸੇ ਇੱਥੇ ਸਭ ਕੁਝ ਆਮ ਵਾਂਗ ਲੱਗਦਾ ਹੈ, ਉੱਥੇ ਜਦੋਂ ਮੇਰੇ ਕੰਮ ਵਾਲੀ ਥਾਂ ‘ਤੇ ਮੇਰੇ ਸਿਰ ਦੇ ਉੱਪਰ ਧਮਾਕੇ ਹੁੰਦੇ ਹਨ ਤਾਂ ਮੈਂ ਇਸ ਨੂੰ ਆਮ ਵਾਂਗ ਕਿਵੇਂ ਲੈ ਸਕਦਾ ਹਾਂ? ਮੇਰੀ ਕੰਪਨੀ ਨੇ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਮੈਨੂੰ ਸ਼ਾਂਤ ਕੀਤਾ। ਪਰ ਮੇਰਾ ਡਰ ਅਜੇ ਘੱਟ ਨਹੀਂ ਹੋਇਆ। ਮੈਨੂੰ ਦੁਬਈ ਵਿੱਚ ਦੁਬਾਰਾ ਨੌਰਮਲ ਹੋਣ ਲਈ ਘੱਟੋ-ਘੱਟ ਕੁਝ ਦਿਨ ਲੱਗਣਗੇ। ਮੈਨੂੰ ਉਮੀਦ ਹੈ ਕਿ ਇਹ ਜੰਗ ਜਲਦੀ ਖ਼ਤਮ ਹੋ ਜਾਵੇਗੀ।”

‘ਨਿਯਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ’

ਦੁਬਈ ਦੀ ਤਸਵੀਰ

ਤਸਵੀਰ ਸਰੋਤ, Getty Images

ਜਿੱਥੇ ਇਹ ਆਲੋਚਨਾ ਹੋ ਰਹੀ ਹੈ ਕਿ ਯੂਏਈ ਵਿੱਚ ਸੋਸ਼ਲ ਮੀਡੀਆ ਦੇ ਸਖ਼ਤ ਨਿਯਮ ਸਿਰਫ਼ ਇਸ ਲਈ ਲਾਗੂ ਕੀਤੇ ਗਏ ਹਨ ਤਾਂ ਜੋ ਸੈਰ-ਸਪਾਟਾ ਅਤੇ ਰੀਅਲ ਅਸਟੇਟ ਖੇਤਰ ਪ੍ਰਭਾਵਿਤ ਨਾ ਹੋਣ, ਉੱਥੇ ਦੁਬਈ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਪੱਤਰਕਾਰ ਸੁਭਾਸ਼ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਉਹ ਕਹਿੰਦੇ ਹਨ, “ਇੱਥੋਂ ਦੇ ਵਸਨੀਕ ਅਤੇ ਸੈਲਾਨੀ ਯੂਏਈ ਦੇ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਹਾਲਾਂਕਿ, ਸਰਕਾਰੀ ਪ੍ਰਸ਼ਾਸਨ ਮਹਿਸੂਸ ਕਰਦਾ ਹੈ ਕਿ ਬਿਨ੍ਹਾਂ ਸਮਝੇ ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਪੋਸਟ ਕਰਨ ਨਾਲ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਨਵੇਂ ਆਉਣ ਵਾਲਿਆਂ ਨੂੰ ਵੀ ਉਨ੍ਹਾਂ ਨਿਯਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।”

ਉਹ ਕਹਿੰਦੇ ਹਨ, “ਸਰਕਾਰੀ ਪ੍ਰਸ਼ਾਸਨ ਮਹਿਸੂਸ ਕਰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਬੇਲੋੜੇ ਦ੍ਰਿਸ਼ਾਂ ਅਤੇ ਤਸਵੀਰਾਂ ਫੈਲਣ ਨਾਲ ਲੋਕਾਂ ਵਿੱਚ ਦਹਿਸ਼ਤ ਅਤੇ ਸੁਰੱਖਿਆ ਦੀ ਕਮੀ ਹੋਣ ਵਰਗਾ ਅਕਸ ਬਣਦਾ ਹੈ। ਇੱਕ ਹੋਰ ਕਾਰਨ ਇਹ ਹੈ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ।”

ਯੂਏਈ ਦੇ ਅਧਿਕਾਰੀਆਂ ਅਨੁਸਾਰ, ਈਰਾਨ ਦੇ ਹਮਲੇ ਸ਼ੁਰੂ ਹੋਣ ਤੋਂ ਬਾਅਦ, ਯੂਏਈ ਦੇ ਹਵਾਈ ਰੱਖਿਆ ਨੇ 334 ਬੈਲਿਸਟਿਕ ਮਿਜ਼ਾਈਲਾਂ, 15 ਕਰੂਜ਼ ਮਿਜ਼ਾਈਲਾਂ ਅਤੇ 1,714 ਡਰੋਨਾਂ ਦਾ ਸਾਹਮਣਾ ਕੀਤਾ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 90% ਤੋਂ ਵੱਧ ਨੂੰ ਰੋਕ ਕੇ ਨਸ਼ਟ ਕਰ ਦਿੱਤਾ ਗਿਆ ਸੀ।

ਬਾਲਕੰਦਨ ਕਹਿੰਦੇ ਹਨ, “ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਦੁਬਈ ਵਿੱਚ ਰੋਜ਼ਾਨਾ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਨਹੀਂ ਹੋਇਆ ਹੈ। ਕਿਉਂਕਿ ਇਹ ਰੇਗਿਸਤਾਨ ਵਿੱਚੋਂ ਉਭਰਿਆ ਸ਼ਹਿਰ ਹੈ, ਇਸ ਲਈ ਲੋਕਾਂ ਨੂੰ ਵਿਸ਼ਵਾਸ ਹੈ ਕਿ ਇਹ ਦੁਬਾਰਾ ਆਪਣੇ ਤੇਜ਼ ਵਿਕਾਸ ਦੇ ਰਾਹ ‘ਤੇ ਪਰਤ ਆਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI