Home ਰਾਸ਼ਟਰੀ ਖ਼ਬਰਾਂ ਈਰਾਨ ‘ਤੇ ਬੰਬਾਰੀ ਦੀ ਧਮਕੀ ਦੇਣ ਵਾਲੇ ਟਰੰਪ ਨੇ ਕਿਉਂ ਵਧਾਇਆ ਸੀਜ਼ਫ਼ਾਇਰ...

ਈਰਾਨ ‘ਤੇ ਬੰਬਾਰੀ ਦੀ ਧਮਕੀ ਦੇਣ ਵਾਲੇ ਟਰੰਪ ਨੇ ਕਿਉਂ ਵਧਾਇਆ ਸੀਜ਼ਫ਼ਾਇਰ ?

15
0

Source :- BBC PUNJABI

ਚਿੰਤਨ ਮੁਦਰਾ ਵਿੱਚ ਹੇਠਾਂ ਵੱਲ ਦੇਖਦੇ ਹੋਏ ਡੋਨਲਡ ਟਰੰਪ

ਤਸਵੀਰ ਸਰੋਤ, WIN MCNAMEE/GETTY IMAGES

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਈਰਾਨ ਨਾਲ ਅਣਮਿੱਥੇ ਸਮੇਂ ਤੱਕ ਸੀਜ਼ਫ਼ਾਇਰ ਵਧਾਉਣ ਦਾ ਫ਼ੈਸਲਾ, ਉਨ੍ਹਾਂ ਦੇ ਕੁਝ ਹੀ ਘੰਟੇ ਪਹਿਲਾਂ ਦੇ ਰਵੱਈਏ ਤੋਂ ਇਕ ਵੱਡਾ ਯੂ-ਟਰਨ ਹੈ।

ਟਰੰਪ ਨੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਸੀਐਨਬੀਸੀ ਨੂੰ ਕਿਹਾ ਸੀ, “ਮੈਨੂੰ ਉਮੀਦ ਹੈ ਕਿ ਅਸੀਂ ਬੰਬਾਰੀ ਕਰਾਂਗੇ”, ਅਤੇ ਇਹ ਵੀ ਕਿਹਾ ਕਿ “ਫੌਜ ਪੂਰੀ ਤਰ੍ਹਾਂ ਤਿਆਰ ਹੈ”

ਉਨ੍ਹਾਂ ਨੇ ਈਰਾਨ ਵਿੱਚ ਹਰ ਪੁਲ ਅਤੇ ਬਿਜਲੀ ਢਾਂਚੇ ਨੂੰ ਨਸ਼ਟ ਕਰਨ ਦੀ ਧਮਕੀ ਵੀ ਦੁਹਰਾਈ ਸੀ।

ਹੁਣ, ਜਦੋਂ ਮੌਜੂਦਾ ਸੀਜ਼ਫਾਇਰ ਖ਼ਤਮ ਹੋਣ ਵਿੱਚ ਸਿਰਫ਼ ਕੁਝ ਘੰਟੇ ਬਾਕੀ ਸੀ, ਉਨ੍ਹਾਂ ਨੇ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਰੋਕਣ ‘ਤੇ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫ਼ੈਸਲਾ ਪਾਕਿਸਤਾਨ ਸਰਕਾਰ ਦੀ ਅਪੀਲ ‘ਤੇ ਲਿਆ ਹੈ।

ਇਸ ਪੂਰੇ ਸੰਘਰਸ਼ ਦੌਰਾਨ ਟਰੰਪ ਨੇ ਈਰਾਨੀ ਸ਼ਾਸਨ ਨੂੰ ਹਮਲਾਵਰ ਅਤੇ ਧਮਕੀ ਭਰੇ ਬਿਆਨਾਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਅਜਿਹਾ ਲਗਦਾ ਹੈ ਕਿ ਉਹ ਅਸਲ ਵਿੱਚ ਈਰਾਨ ‘ਤੇ ਦੁਬਾਰਾ ਹਮਲੇ ਸ਼ੁਰੂ ਨਹੀਂ ਕਰਨਾ ਚਾਹੁੰਦੇ।

ਅੰਦਰੂਨੀ ਦਬਾਅ ?

ਸਾਬਕਾ ਫ਼ੌਜੀਆਂ ਦੇ ਪਰਿਵਾਰ ਵਾਸ਼ਿੰਗਟਨ ਵਿੱਚ ਪ੍ਰਦਰਸ਼ਨ ਦੌਰਾਨ

ਤਸਵੀਰ ਸਰੋਤ, LEIGH VOGEL/GETTY IMAGES FOR ABOUT FACE: VETERANS AGAINST THE WAR

ਡੌਨਲਡ ਟਰੰਪ ਵੱਲੋਂ ਸੀਜ਼ਫਾਇਰ ਦਾ ਐਲਾਨ ਕਈ ਗੱਲਾਂ ਤੋਂ ਪਰਦਾ ਚੁਕਦਾ ਹੈ ਅਤੇ ਆਉਣ ਵਾਲੇ ਦਿਨਾਂ ਦਾ ਸੰਕੇਤ ਦਿੰਦਾ ਹੈ ਕਿ ਗੱਲਬਾਤ ਦੀ ਕਿੰਨੀ ਸੰਭਾਵਨਾ ਹੈ।

ਟਰੰਪ ਦੀ ਪੋਸਟ ਇਸ਼ਾਰਾ ਕਰਦੀ ਹੈ ਕਿ ਫ਼ਿਲਹਾਲ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਈਰਾਨ ਦਾ ਪ੍ਰਸਤਾਅ ਅਸਲ ਵਿੱਚ ਹੈ ਕੀ ਅਤੇ ਈਰਾਨ ਦੀ ਸਰਕਾਰ ਵਿੱਚ ਆਖ਼ਰੀ ਫ਼ੈਸਲੇ ਕੌਣ ਲੈ ਰਿਹਾ ਹੈ।

ਇਹ ਉਸੇ ਗੱਲ ਦਾ ਵਿਸਥਾਰ ਹੈ, ਜੋ ਟਰੰਪ ਅਕਸਰ ਕਹਿੰਦੇ ਰਹਿੰਦੇ ਹਨ ਕਿ ਈਰਾਨ ਦੀ ਲੀਡਰਸ਼ਿਪ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਅਤੇ ਅੰਦਰੂਨੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਉੱਥੇ ਅਫਰਾ-ਤਫਰੀ ਹੈ।

ਉਨ੍ਹਾਂ ਦਾ ਇਹ ਐਲਾਨ ਇਹ ਵੀ ਦਿਖਾਉਂਦਾ ਹੈ ਕਿ ਹੁਣ ਈਰਾਨ ਦੇ ਨਾਲ ਉਹ ਜੰਗ ਨੂੰ ਦੁਬਾਰਾ ਉਸੇ ਪੈਮਾਨੇ ‘ਤੇ ਸ਼ੁਰੂ ਨਹੀਂ ਕਰਨਾ ਚਾਹੁੰਦੇ।

ਅਮਰੀਕਾ ਵਿਚ ਘਰੇਲੂ ਰਾਜਨੀਤੀ ਅਤੇ ਤੇਲ ਦੀਆਂ ਕੀਮਤਾਂ ‘ਤੇ ਅਸਰ ਦੇ ਨਿਹਾਜ਼ ਤੋਂ ਦੁਬਾਰਾ ਲੜਾਈ ਛੇੜਣਾ ਟਰੰਪ ਲਈ ਮੁਸ਼ਕਿਲ ਹੋ ਸਕਦਾ ਸੀ।

ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ ਸੀਜ਼ਫਾਇਰ ਦੀ ਕੋਈ ਸਮਾਂ-ਸੀਮਾ ਨਹੀਂ ਦਿੱਤੀ ਹੈ, ਯਾਨੀ ਹੱਲ ਕੱਢਣ ਲਈ ਕੋਈ ਡੈਡਲਾਈਨ ਨਹੀਂ ਰੱਖੀ ਗਈ। ਇਸ ਰਣਨੀਤੀ ਨਾਲ ਉਨ੍ਹਾਂ ਨੂੰ ਸਿਧਾਂਤਕ ਤੌਰ ‘ਤੇ ਜ਼ਿਆਦਾ ਲਚਕੀਲਾਪਣ ਮਿਲਦਾ ਹੈ।

ਹਾਲਾਂਕਿ, ਈਰਾਨ ਦੀਆਂ ਬੰਦਰਗਾਹਾਂ ‘ਤੇ ਨਾਕੇਬੰਦੀ ਹਾਲੇ ਵੀ ਜਾਰੀ ਹੈ। ਈਰਾਨ ਇਸ ਨੂੰ ਯੁੱਧ ਦੀ ਕਾਰਵਾਈ ਮੰਨਦਾ ਹੈ ਅਤੇ ਇਹੀ ਅੱਗੇ ਕਿਸੇ ਵੀ ਗੱਲਬਾਤ ਵਿੱਚ ਵੱਡੀ ਰੁਕਾਵਟ ਬਣ ਸਕਦੀ ਹੈ।

ਅਜਿਹੇ ਵਿੱਚ ਈਰਾਨ ਚਾਹੇ ਤਾਂ ਤਣਾਅ ਨੂੰ ਹੋਰ ਵਧਾ ਸਕਦਾ ਹੈ ਜਾਂ ਫਿਰ ਪਰਸ਼ੀਅਨ ਗਲਫ਼ ਅਤੇ ਹਾਰਮੁਜ਼ ਸਟ੍ਰੇਟ ‘ਤੇ ਛੋਟਾ ਮੋਟਾ ਸੰਘਰਸ਼ ਛੇੜ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI