Source :- BBC PUNJABI
ਤਸਵੀਰ ਸਰੋਤ, Getty Images/BBC
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜਦੋਂ ਇਹ ਕਿਹਾ ਕਿ ਈਰਾਨ ਨੇ ਜੰਗ ਖਤਮ ਕਰਨ ਲਈ ਹੋਏ ਇੱਕ ਸਮਝੌਤੇ ਦੇ ਤਹਿਤ ਆਪਣੇ ਸੋਧੇ ਹੋਏ (ਐਨਰਿਚਡ) ਯੂਰੇਨੀਅਮ ਭੰਡਾਰ ਨੂੰ ਸੌਂਪਣ ‘ਤੇ ਸਹਿਮਤੀ ਜਤਾਈ ਹੈ, ਤਾਂ ਇੱਕ ਵਾਰ ਫਿਰ ਦੁਨੀਆ ਦਾ ਧਿਆਨ ਇਸ ਵੱਲ ਗਿਆ।
ਹਾਲਾਂਕਿ, ਸੋਮਵਾਰ ਨੂੰ ਈਰਾਨ ਦੇ ਉਪ ਵਿਦੇਸ਼ ਮੰਤਰੀ ਸਈਦ ਖ਼ਤੀਬਜ਼ਾਦੇਹ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਸਮਾਚਾਰ ਏਜੰਸੀ ਏਪੀ ਨੂੰ ਕਿਹਾ ਕਿ ਅਜਿਹੇ ਵਿਚਾਰ ਨਾਲ ‘ਸ਼ੁਰੂਆਤ ਹੀ ਨਾਮੁਮਕਿਨ’ ਹੈ।
ਦੋਵੇਂ ਪੱਖਾਂ ਵੱਲੋਂ ਅੱਗੇ ਦੀ ਸ਼ਾਂਤੀ ਸਬੰਧੀ ਗੱਲਬਾਤ ਦਾ ਰਸਤਾ ਲੱਭਣ ਦੇ ਨਾਲ ਹੀ ਇਹ ਤੈਅ ਲੱਗਦਾ ਹੈ ਕਿ ਇਸ ਸਮੱਗਰੀ ਦਾ ਭਵਿੱਖ ਚਰਚਾ ਦਾ ਇੱਕ ਅਹਿਮ ਵਿਸ਼ਾ ਹੋਵੇਗਾ।
ਪਰ ਆਖ਼ਿਰ ਸੋਧਿਆ ਹੋਇਆ ਯੂਰੇਨੀਅਮ ਹੁੰਦਾ ਕੀ ਹੈ ਅਤੇ ਇਹ ਇੰਨਾ ਅਹਿਮ ਕਿਉਂ ਹੈ?
ਸੋਧਿਆ ਹੋਇਆ ਯੂਰੇਨੀਅਮ ਹੁੰਦਾ ਕੀ ਹੈ?
ਤਸਵੀਰ ਸਰੋਤ, Getty Images
ਯੂਰੇਨੀਅਮ ਇੱਕ ਕੁਦਰਤੀ ਤੱਤ ਹੈ, ਜੋ ਧਰਤੀ ਦੀ ਸਤ੍ਹਾ ਵਿੱਚ ਪਾਇਆ ਜਾਂਦਾ ਹੈ।
ਇਹ ਜ਼ਿਆਦਾਤਰ ਦੋ ਆਇਸੋਟੋਪ ਨਾਲ ਮਿਲ ਕੇ ਬਣਿਆ ਹੁੰਦਾ ਹੈ: ਯੂ-238 ਅਤੇ ਯੂ-235.
ਕੁਦਰਤੀ ਯੂਰੇਨੀਅਮ ਦਾ 99% ਤੋਂ ਵੀ ਵੱਧ ਹਿੱਸਾ ਯੂ-238 ਹੁੰਦਾ ਹੈ, ਜੋ ਆਸਾਨੀ ਨਾਲ ਨਿਊਕਲੀਅਰ ਚੇਨ ਪ੍ਰਤੀਕ੍ਰਿਆ ਨੂੰ ਬਰਕਰਾਰ ਨਹੀਂ ਰੱਖ ਪਾਉਂਦਾ। ਜਦਕਿ ਸਿਰਫ਼ ਲਗਭਗ 0.7% ਹਿੱਸਾ ਯੂ-235 ਹੁੰਦਾ ਹੈ, ਜੋ ਅਜਿਹਾ ਆਇਸੋਟੋਪ ਹੈ ਜੋ ਆਸਾਨੀ ਨਾਲ ਟੁੱਟ ਜਾਂਦਾ ਹੈ ਅਤੇ ਊਰਜਾ ਛੱਡਦਾ ਹੈ। ਇਸ ਪ੍ਰਕਿਰਿਆ ਨੂੰ ਨਿਊਕਲੀਅਰ ਫਿਸ਼ਨ ਕਿਹਾ ਜਾਂਦਾ ਹੈ।
ਯੂਰੇਨੀਅਮ ਨੂੰ ਉਪਯੋਗੀ ਬਣਾਉਣ ਲਈ ਇਸ ਵਿੱਚ ਯੂ-235 ਦਾ ਅਨੁਪਾਤ ਵਧਾਉਣਾ ਲਾਜ਼ਮੀ ਹੁੰਦਾ ਹੈ। ਇਸ ਨੂੰ ਕਰਨ ਦੀ ਪ੍ਰਕਿਰਿਆ ਨੂੰ ਐਨਰਿਚਮੈਂਟ (ਸੋਧ ਕਰਨਾ) ਕਿਹਾ ਜਾਂਦਾ ਹੈ।
ਸਭ ਤੋਂ ਪਹਿਲਾਂ ਯੂਰੇਨੀਅਮ ਨੂੰ ਗੈਸ ਵਿੱਚ ਬਦਲਿਆ ਜਾਂਦਾ ਹੈ। ਫਿਰ ਇਸ ਗੈਸ ਨੂੰ ਸੈਂਟ੍ਰੀਫਿਊਜ਼ ਵਿੱਚ ਪਾਇਆ ਜਾਂਦਾ ਹੈ – ਇਹ ਅਜਿਹੀਆਂ ਮਸ਼ੀਨਾਂ ਹੁੰਦੀਆਂ ਹਨ ਜੋ ਬਹੁਤ ਤੇਜ਼ ਗਤੀ ਨਾਲ ਘੁੰਮਦੀਆਂ ਹਨ।
ਘੁੰਮਣ ਦੇ ਦੌਰਾਨ ਭਾਰੀ ਯੂ-238 ਥੋੜ੍ਹਾ ਬਾਹਰ ਵੱਲ ਖਿਸਕ ਜਾਂਦਾ ਹੈ, ਜਦਕਿ ਹਲਕਾ ਯੂ-235 ਕੇਂਦਰ ਦੇ ਨੇੜੇ ਰਹਿੰਦਾ ਹੈ।
ਇਸ ਤਰ੍ਹਾਂ ਹੌਲੀ-ਹੌਲੀ ਕੰਮ ਦੇ ਯੂਰੇਨੀਅਮ ਯਾਨੀ ਯੂ-235 ਨੂੰ ਵਧੇਰੇ ਆਮ ਯੂ-238 ਤੋਂ ਵੱਖ ਕੀਤਾ ਜਾਂਦਾ ਹੈ।
ਜ਼ਿਆਦਾ ਕਾਨਸਨਟ੍ਰੇਟਡ ਹੋ ਚੁੱਕੇ ਇਸ ਯੂਰੇਨੀਅਮ ਨੂੰ ਸੈਂਟ੍ਰੀਫਿਊਜ਼ ਦੇ ਇੱਕ ਸਿਰੇ ਤੋਂ ਬਾਹਰ ਕੱਢ ਲਿਆ ਜਾਂਦਾ ਹੈ।
ਪਰਮਾਣੂ ਰਿਐਕਟਰਾਂ ਅਤੇ ਹਥਿਆਰਾਂ ਵਿੱਚ ਵਰਤੇ ਜਾਣ ਵਾਲੇ ਯੂਰੇਨੀਅਮ ਵਿੱਚ ਕੀ ਅੰਤਰ ਹੈ?
ਤਸਵੀਰ ਸਰੋਤ, Getty Images
ਯੂਰੇਨੀਅਮ ਵਿੱਚ ਗੁਣਵੱਤਾ ਵਧਾਉਣ ਲਈ ਸੋਧ ਦੇ ਵੱਖ-ਵੱਖ ਪੱਧਰ ਇਸ ਨੂੰ ਵੱਖ-ਵੱਖ ਕੰਮਾਂ ਲਈ ਉਪਯੋਗੀ ਬਣਾਉਂਦੇ ਹਨ।
ਘੱਟ ਸੋਧਿਆ ਯੂਰੇਨੀਅਮ, ਜਿਸ ਵਿੱਚ ਆਮ ਤੌਰ ‘ਤੇ 3-5% ਤੱਕ ਯੂ-235 ਹੁੰਦਾ ਹੈ, ਵਪਾਰਕ ਪਰਮਾਣੂ ਬਿਜਲੀ ਘਰਾਂ ਵਿੱਚ ਈਂਧਨ ਵਜੋਂ ਵਰਤਿਆ ਜਾਂਦਾ ਹੈ। ਇਹ ਇੱਕ ਨਿਯੰਤਰਿਤ ਪ੍ਰਮਾਣੂ ਚੇਨ ਪ੍ਰਤੀਕ੍ਰਿਆ ਨੂੰ ਕਾਇਮ ਰੱਖਣ ਲਈ ਕਾਫ਼ੀ ਹੈ, ਪਰ ਇਹ ਹਥਿਆਰਾਂ ਦੇ ਨਿਰਮਾਣ ਲਈ ਲੋੜੀਂਦੇ ਪੱਧਰ ਤੋਂ ਕਾਫ਼ੀ ਘੱਟ ਹੈ।
ਬਹੁਤ ਜ਼ਿਆਦਾ ਸੋਧੇ ਗਏ ਯੂਰੇਨੀਅਮ, ਜਿਸ ਵਿੱਚ 20% ਜਾਂ ਇਸ ਤੋਂ ਵੱਧ ਯੂ-235 ਹੁੰਦਾ ਹੈ, ਰਿਸਰਚ ਰਿਐਕਟਰਾਂ ਵਿੱਚ ਵਰਤਿਆ ਜਾ ਸਕਦਾ ਹੈ। ਜਦਕਿ ਹਥਿਆਰ-ਗ੍ਰੇਡ ਯੂਰੇਨੀਅਮ ਨੂੰ ਆਮ ਤੌਰ ‘ਤੇ ਲਗਭਗ 90% ਤੱਕ ਸੋਧਿਆ ਜਾਂਦਾ ਹੈ।
ਇਸ ਪੱਧਰ ‘ਤੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਪਰਮਾਣੂ ਪ੍ਰਤੀਕਿਰਿਆ ਕਿਸੇ ਸਮੇਂ ਵੀ ਬੇਕਾਬੂ ਹੋ ਸਕਦੀ ਹੈ। ਜਦੋਂ ਇਸ ਤਰ੍ਹਾਂ ਦਾ ਪਦਾਰਥ ਕਾਫ਼ੀ ਮਾਤਰਾ ਵਿੱਚ ਇਕੱਠਾ ਕੀਤਾ ਜਾਂਦਾ ਹੈ, ਤਾਂ ਪਰਮਾਣੂ ਬਹੁਤ ਤੇਜ਼ੀ ਨਾਲ ਟੁੱਟਣ ਲੱਗਦੇ ਹਨ ਅਤੇ ਪਲਕ ਝਪਕਦੇ ਹੀ ਬਹੁਤ ਵੱਡੀ ਮਾਤਰਾ ਵਿੱਚ ਊਰਜਾ ਨਿਕਲਦੀ ਹੈ।
ਇਹੀ ਗੱਲ ਯੂਰੇਨੀਅਮ ਦੀ ਨਾਗਰਿਕ ਅਤੇ ਫੌਜੀ ਵਰਤੋਂ ਵਿਚਕਾਰ ਫਰਕ ਪੈਦਾ ਕਰਦੀ ਹੈ। ਕਿਸੇ ਰਿਐਕਟਰ ਵਿੱਚ ਈਂਧਨ ਨੂੰ ਸਿਰਫ਼ ਥੋੜ੍ਹਾ ਜਿਹਾ ਸੋਧਿਆ ਜਾਂਦਾ ਹੈ ਅਤੇ ਪ੍ਰਤੀਕਿਰਿਆ ਨੂੰ ਜਾਣਬੁਝ ਕੇ ਹੌਲੀ ਰੱਖਿਆ ਜਾਂਦਾ ਹੈ।
ਇਸਨੂੰ ਸਾਵਧਾਨੀ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ, ਤਾਂ ਜੋ ਮਹੀਨਿਆਂ ਜਾਂ ਸਾਲਾਂ ਵਿੱਚ ਹੌਲੀ-ਹੌਲੀ ਊਰਜਾ ਨਿਕਲਦੀ ਰਹੇ। ਜਦਕਿ ਬੰਬ ਬਣਾਉਣ ਦਾ ਉਦੇਸ਼ ਬਿਲਕੁਲ ਉਲਟ ਹੁੰਦਾ ਹੈ – ਮਤਲਬ ਪ੍ਰਤੀਕਿਰਿਆ ਨੂੰ ਇਕੱਠੇ ਪੂਰੀ ਰਫ਼ਤਾਰ ਨਾਲ ਅੱਗੇ ਵਧਣ ਦੇਣਾ।
ਤਸਵੀਰ ਸਰੋਤ, Getty Images
ਸਾਲ 2015 ਵਿੱਚ ਛੇ ਵਿਸ਼ਵ ਸ਼ਕਤੀਆਂ – ਚੀਨ, ਫਰਾਂਸ, ਜਰਮਨੀ, ਰੂਸ, ਅਮਰੀਕਾ ਅਤੇ ਬ੍ਰਿਟੇਨ – ਨਾਲ ਹੋਏ ਇੱਕ ਸਮਝੌਤੇ ਦੇ ਤਹਿਤ ਈਰਾਨ ਨੂੰ ਯੂਰੇਨੀਅਮ ਨੂੰ 3.67% ਤੋਂ ਵੱਧ ਸੋਧਣ ਦੀ ਆਗਿਆ ਨਹੀਂ ਸੀ।
ਇਸ ਸਮਝੌਤੇ ਵਿੱਚ ਉਸਦੇ ਯੂਰੇਨੀਅਮ ਭੰਡਾਰ ਦੀ ਸਮਰੱਥਾ ਵੀ 300 ਕਿਲੋ ਤੈਅ ਕੀਤੀ ਗਈ ਸੀ, ਚਲਾਏ ਜਾ ਸਕਣ ਵਾਲੇ ਸੈਂਟ੍ਰੀਫਿਊਜ਼ ਦੀ ਗਿਣਤੀ ‘ਤੇ ਵੀ ਪਾਬੰਦੀ ਸੀ, ਅਤੇ ਉਸਦੀ ਧਰਤੀ ਹੇਠਲੇ ਫੋਰਡੋ ਸਹੂਲਤ ਵਿੱਚ ਸੋਧ ‘ਤੇ ਰੋਕ ਲਾ ਦਿੱਤੀ ਗਈ ਸੀ।
ਹਾਲਾਂਕਿ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਮਈ 2018 ਵਿੱਚ ਅਮਰੀਕਾ ਇਸ ਸਮਝੌਤੇ ਤੋਂ ਬਾਹਰ ਨਿਕਲ ਗਿਆ ਸੀ।
ਸੋਧ ਦਾ ਪੱਧਰ ਇੰਨਾ ਅਹਿਮ ਕਿਉਂ ਹੁੰਦਾ ਹੈ?
ਸੋਚ ਦਾ ਪੱਧਰ ਜਿੰਨਾ ਵੱਧ ਹੁੰਦਾ ਹੈ, ਯੂਰੇਨੀਅਮ ਓਨਾ ਹੀ ਪਰਮਾਣੂ ਹਥਿਆਰ ਵਿੱਚ ਵਰਤੋਂ ਕੀਤੇ ਜਾਣ ਦੇ ਨੇੜੇ ਪਹੁੰਚ ਜਾਂਦਾ ਹੈ।
20% ਸੋਧ ਤੱਕ ਪਹੁੰਚਣਾ ਇੱਕ ਵੱਡਾ ਮੀਲ ਪੱਥਰ ਮੰਨਿਆ ਜਾਂਦਾ ਹੈ, ਕਿਉਂਕਿ ਹਥਿਆਰ-ਗ੍ਰੇਡ ਸਮੱਗਰੀ ਬਣਾਉਣ ਲਈ ਜਿੰਨੇ ਤਕਨੀਕੀ ਯਤਨ ਲੋੜੀਂਦੇ ਹੁੰਦੇ ਹਨ, ਉਨ੍ਹਾਂ ਦਾ ਵੱਡਾ ਹਿੱਸਾ ਉਸ ਵੇਲੇ ਤੱਕ ਪੂਰਾ ਹੋ ਚੁੱਕਿਆ ਹੁੰਦਾ ਹੈ।
ਕੁਦਰਤੀ ਯੂਰੇਨੀਅਮ ਨੂੰ 20% ਤੱਕ ਸੋਧਣ ਵਿੱਚ ਹਜ਼ਾਰਾਂ ਵਾਰ ਵੱਖ ਕਰਨ ਦੀ ਪ੍ਰਕਿਰਿਆ ਦੁਹਰਾਉਣੀ ਪੈਂਦੀ ਹੈ ਅਤੇ ਇਸ ਵਿੱਚ ਕਾਫ਼ੀ ਸਮਾਂ ਅਤੇ ਊਰਜਾ ਲੱਗਦੀ ਹੈ।
ਇਸਦੇ ਮੁਕਾਬਲੇ, 20% ਤੋਂ ਵਧਾ ਕੇ ਲਗਭਗ 90% ਤੱਕ ਲੈ ਜਾਣ ਵਿੱਚ ਕਾਫ਼ੀ ਘੱਟ ਪੜਾਅ ਲੱਗਦੇ ਹਨ।
ਇਸਦਾ ਮਤਲਬ ਇਹ ਹੈ ਕਿ ਵੱਧ ਪੱਧਰ ਤੱਕ ਸੋਧੇ ਗਏ ਯੂਰੇਨੀਅਮ ਨੂੰ ਤੁਲਨਾਤਮਕ ਤੌਰ ‘ਤੇ ਤੇਜ਼ੀ ਨਾਲ ਹਥਿਆਰ-ਗ੍ਰੇਡ ਪੱਧਰ ਵਿੱਚ ਬਦਲਿਆ ਜਾ ਸਕਦਾ ਹੈ।
ਈਰਾਨ ਕੋਲ ਕਿੰਨਾ ਯੂਰੇਨੀਅਮ ਹੈ?
ਤਸਵੀਰ ਸਰੋਤ, Getty Images
ਮੌਜੂਦਾ ਗੱਲਬਾਤ ਦੇ ਕੇਂਦਰ ਵਿੱਚ ਸਵਾਲ ਇਹ ਹੈ ਕਿ ਈਰਾਨ ਕੋਲ ਪਹਿਲਾਂ ਤੋਂ ਮੌਜੂਦ ਸੋਧੇ ਹੋਏ ਯੂਰੇਨੀਅਮ ਦੇ ਭੰਡਾਰ ਦਾ ਆਖ਼ਿਰ ਕੀ ਕੀਤਾ ਜਾਣਾ ਚਾਹੀਦਾ ਹੈ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਜੰਗ ਦੀ ਸ਼ੁਰੂਆਤ ਵਿੱਚ ਈਰਾਨ ਕੋਲ ਲਗਭਗ 440 ਕਿਲੋ ਯੂਰੇਨੀਅਮ ਸੀ, ਜਿਸਨੂੰ 60% ਤੱਕ ਸੋਧਿਆ ਜਾ ਚੁੱਕਿਆ ਸੀ। ਇਸ ਸਮੱਗਰੀ ਨੂੰ ਹਥਿਆਰ-ਗ੍ਰੇਡ ਯੂਰੇਨੀਯਮ ਲਈ ਲੋੜੀਂਦੇ 90% ਪੱਧਰ ਤੱਕ ਤੁਲਨਾਤਮਕ ਤੌਰ ‘ਤੇ ਤੇਜ਼ੀ ਨਾਲ ਸੋਧਿਆ ਜਾ ਸਕਦਾ ਹੈ।
ਈਰਾਨ ਕੋਲ ਲਗਭਗ 1,000 ਕਿਲੋ ਯੂਰੇਨੀਅਮ 20% ਤੱਕ ਸੋਧੇ ਹੋਏ ਰੂਪ ਵਿੱਚ ਵੀ ਹੈ ਅਤੇ ਲਗਭਗ 8,500 ਕਿਲੋ ਯੂਰੇਨੀਅਮ ਕਰੀਬ 3.6% ਤੱਕ ਸੋਧਿਆ ਹੋਇਆ ਹੈ, ਜਿਸਦਾ ਇਸਤੇਮਾਲ ਆਮ ਤੌਰ ‘ਤੇ ਨਾਗਰਿਕ ਜ਼ਰੂਰਤਾਂ ਲਈ ਕੀਤਾ ਜਾਂਦਾ ਹੈ – ਜਿਵੇਂ ਊਰਜਾ ਉਤਪਾਦਨ ਜਾਂ ਮੈਡੀਕਲ ਰਿਸਰਚ।
ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਸੋਧਿਆ ਹੋਇਆ ਯੂਰੇਨਿਯਮ, ਜਿਸਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਲਈ ਕੀਤਾ ਜਾ ਸਕਦੀ ਹੈ, ਉਸਦਾ ਵੱਡਾ ਹਿੱਸਾ ਇਸਫਹਾਨ ਵਿੱਚ ਰੱਖਿਆ ਗਿਆ ਹੈ।
ਇਹ ਸਹੂਲਤ ਈਰਾਨ ਦੇ ਤਿੰਨ ਧਰਤੀ ਹੇਠਲੇ ਪਰਮਾਣੂ ਠਿਕਾਣਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸੋਧੇ ਗਏ ਯੂਰੇਨੀਅਮ ਦਾ ਕਿੰਨਾ ਹਿੱਸਾ ਹੋਰ ਥਾਵਾਂ ‘ਤੇ ਰੱਖਿਆ ਗਿਆ ਹੈ।
ਸਰੋਤਾਂ ਦਾ ਕਹਿਣਾ ਹੈ ਕਿ ਤੇਹਰਾਨ ਨੇ ਪਰਮਾਣੂ ਸੋਧ ‘ਤੇ 20 ਸਾਲ ਦੀ ਰੋਕ ਲਗਾਉਣ ਦੀ ਮੰਗ ਨੂੰ ਕਾਹਰਿਜ ਕਰ ਦਿੱਤਾ ਹੈ। ਇਸ ਦੀ ਬਜਾਏ ਉਸਨੇ ਪੰਜ ਸਾਲ ਦੇ ਵਿਰਾਮ ਦੀ ਪੇਸ਼ਕਸ਼ ਦਿੱਤੀ ਹੈ, ਜੋ ਉਸਨੇ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੱਖਿਆ ਸੀ।
ਈਰਾਨ ਨੇ ਆਪਣੇ 440 ਕਿਲੋ ਬਹੁਤ ਜ਼ਿਆਦਾ ਸੋਧੇ ਗਏ ਯੂਰੇਨੀਅਮ ਦੇ ਭੰਡਾਰ ਨੂੰ ਸੌਂਪਣ ਦੀ ਮੰਗ ਨੂੰ ਵੀ ਖਾਰਜ ਕਰ ਦਿੱਤਾ ਹੈ ਅਤੇ ਆਪਣੀ ਪਹਿਲਾਂ ਦਿੱਤੀ ਪੇਸ਼ਕਸ਼ ‘ਤੇ ਕਾਇਮ ਹੈ – ਭਾਵ 60% ਤੱਕ ਸੋਧੇ ਹੋਏ ਯੂਰੇਨੀਅਮ ਨੂੰ ਪਤਲਾ (ਡਾਇਲਿਊਟ) ਕਰਨ ਦੀ ਪੇਸ਼ਕਸ਼।
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਮੁਖੀ ਰਾਫਾਏਲ ਗ੍ਰਾਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਖਬਰ ਏਜੰਸੀ ਏਪੀ ਨੂੰ ਕਿਹਾ ਸੀ ਕਿ ਜੇ ਇਸ ਮਾਤਰਾ ਨੂੰ ਹੋਰ ਸੋਧਿਆ ਜਾਵੇ, ਤਾਂ ਇਹ 10 ਪਰਮਾਣੂ ਬੰਬਾਂ ਲਈ ਕਾਫ਼ੀ ਹੋ ਸਕਦੀ ਹੈ।
ਕੀ ਈਰਾਨ ਪਰਮਾਣੂ ਹਥਿਆਰ ਬਣਾ ਰਿਹਾ ਹੈ?
ਤਸਵੀਰ ਸਰੋਤ, Getty Images
ਈਰਾਨ ਦਾ ਕਹਿਣਾ ਹੈ ਕਿ ਉਸ ਦੀਆਂ ਸਾਰੀਆਂ ਪਰਮਾਣੂ ਸਹੂਲਤਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ ਅਤੇ ਆਈਏਈਏ ਦਾ ਵੀ ਕਹਿਣਾ ਹੈ ਕਿ ਉਸਨੂੰ ਕਿਸੇ ਸਰਗਰਮ ਪਰਮਾਣੂ ਹਥਿਆਰ ਪ੍ਰੋਗਰਾਮ ਦੇ ਸਬੂਤ ਨਹੀਂ ਮਿਲੇ ਹਨ।
ਹਥਿਆਰ-ਗ੍ਰੇਡ ਯੂਰੇਨੀਅਮ ਤਿਆਰ ਕਰਨਾ ਪਰਮਾਣੂ ਹਥਿਆਰ ਬਣਾਉਣ ਦੀ ਸਿਰਫ਼ ਇੱਕ ਕੜੀ ਹੈ। ਇੱਕ ਕਾਰਗਰ ਬੰਬ ਬਣਾਉਣ ਲਈ ਹੋਰ ਵੀ ਕਾਫ਼ੀ ਜਟਿਲ ਕੰਮ ਕਰਨੇ ਪੈਂਦੇ ਹਨ, ਜਿਵੇਂ ਵਾਰਹੈੱਡ ਦਾ ਡਿਜ਼ਾਇਨ ਅਤੇ ਅਸੈਂਬਲੀ, ਅਤੇ ਉਸਨੂੰ ਪਹੁੰਚਾਉਣ ਲਈ ਡਿਲਿਵਰੀ ਸਿਸਟਮ ਵਿਕਸਿਤ ਕਰਨਾ।
ਸੁਤੰਤਰ ਹਥਿਆਰ ਨਿਯੰਤਰਣ ਮਾਹਿਰ ਪੈਟ੍ਰਿਸ਼ਿਆ ਲੂਈਸ ਕਹਿੰਦੇ ਹਨ, “ਈਰਾਨ ਨੇ 2003 ਤੱਕ ਵਾਰਹੈੱਡ ਡਿਜ਼ਾਇਨ ਕਰਨ ਦੀ ਕੁਝ ਸਮਰੱਥਾ ਵਿਕਸਿਤ ਕਰ ਲਈ ਸੀ, ਪਰ ਉਸ ਤੋਂ ਬਾਅਦ ਇੰਝ ਲੱਗਿਆ ਕਿ ਉਸਨੇ ਇਹ ਪ੍ਰੋਗਰਾਮ ਰੋਕ ਦਿੱਤਾ।”
ਹਾਲਾਂਕਿ ਉਹ ਨਾਲ ਹੀ ਇਹ ਵੀ ਕਹਿੰਦੇ ਹਨ, “2015 ਦੇ ਪਰਮਾਣੂ ਸਮਝੌਤੇ ਦੇ ਟੁੱਟਣ ਅਤੇ ਨਵੇਂ ਸਮਝੌਤੇ ਲਈ ਗੱਲਬਾਤ ਲਗਾਤਾਰ ਨਾਕਾਮ ਰਹਿਣ ਤੋਂ ਬਾਅਦ, ਇਹ ਸੰਭਵ ਹੈ ਕਿ ਈਰਾਨ ਨੇ ਫਿਰ ਤੋਂ ਵਾਰਹੈੱਡ ਬਣਾਉਣ ਦੀ ਸਮਰੱਥਾ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੋਵੇ।”
ਅਮਰੀਕੀ ਰੱਖਿਆ ਖੁਫੀਆ ਏਜੰਸੀ (ਯੂਐਸ ਡਿਫੈਂਸ ਇੰਟੈਲੀਜੈਂਸ ਏਜੰਸੀ) ਦੇ ਮਈ 2025 ਦੇ ਮੁਲਾਂਕਣ ਵਿੱਚ ਕਿਹਾ ਗਿਆ ਸੀ ਕਿ ਈਰਾਨ “ਸੰਭਵ ਹੈ, ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ” ਇੱਕ ਪਰਮਾਣੂ ਉਪਕਰਣ ਲਈ ਕਾਫ਼ੀ ਹਥਿਆਰ-ਗ੍ਰੇਡ ਯੂਰੇਨੀਅਮ ਤਿਆਰ ਕਰ ਸਕਦਾ ਹੈ।
ਹਾਲਾਂਕਿ ਉਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਈਰਾਨ “ਲਗਭਗ ਨਿਸ਼ਚਿਤ ਤੌਰ ‘ਤੇ ਇਸ ਵੇਲੇ ਪਰਮਾਣੂ ਹਥਿਆਰ ਨਹੀਂ ਬਣਾ ਰਿਹਾ ਹੈ”, ਭਾਵੇਂ ਉਸਨੇ ਅਜਿਹੇ ਕਦਮ ਚੁੱਕੇ ਹਨ, ਜੋ ਜੇ ਉਹ ਅਜਿਹਾ ਕਰਨਾ ਚਾਹੇ ਤਾਂ ਕਰ ਸਕਦਾ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਸਦੇ ਕੋਲ ਅਜਿਹੀ ਖੁਫੀਆ ਜਾਣਕਾਰੀ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਈਰਾਨ ਨੇ ਪਰਮਾਣੂ ਹਥਿਆਰ ਦੇ ਕੁਝ ਹਿੱਸਿਆਂ ਨੂੰ ਵਿਕਸਿਤ ਕਰਨ ਵਿੱਚ “ਠੋਸ ਤਰੱਕੀ” ਕੀਤੀ ਹੈ।
ਐਡੀਸ਼ਨਲ ਰਿਪੋਰਟਿੰਗ: ਨਾਦਿਆ ਸੁਲੇਮਾਨ ਅਤੇ ਮਾਰਕ ਸ਼ੇ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



